ਨੌਜਵਾਨਾਂ ਨੂੰ ਜੇਲ੍ਹ ਜਾਣਾ ਬੇਇਜ਼ਤੀ ਪੂਰਨ ਨਹੀਂ ਬਲਕਿ 'ਸੁਰੱਖਿਅਤ' ਕਿਉਂ ਲੱਗਦਾ ਹੈ, ਖੋਜ ’ਚ ਕੀ ਸਾਹਮਣੇ ਆਇਆ

ਤਸਵੀਰ ਸਰੋਤ, Getty Images
- ਲੇਖਕ, ਸ਼ਾਰਧਾ ਵੀ
- ਰੋਲ, ਬੀਬੀਸੀ ਤਮਿਲ
ਚੇਨੱਈ ਸੈਂਟਰਲ ਰੇਲਵੇ ਸਟੇਸ਼ਨ ਉੱਤੇ ਕੋਈ ਬੰਦਾ ਮੋਬਾਈਲ ਵਿੱਚ ਅੱਖਾਂ ਗੱਡੀ, ਗੂਗਲ ਮੈਪ ਦੇਖਦਾ ਹੋਇਆ ਤੁਰਿਆ ਜਾ ਰਿਹਾ ਸੀ।
ਉਹ ਇਸ ਵਿੱਚ ਇੰਨਾ ਖੁੱਭਿਆ ਹੋਇਆ ਸੀ ਕਿ ਉਸ ਨੂੰ ਆਪਣੇ ਆਲੇ-ਦੁਆਲੇ ਦੀ ਕੋਈ ਸੁੱਧ ਨਾ ਰਹੀ। ਅਚਾਨਕ ਇੱਕ ਨੌਜਵਾਨ ਉਸ ਵੱਲ ਭੱਜ ਕੇ ਆਇਆ ਅਤੇ ਮੋਬਾਈਲ ਖੋਹ ਕੇ ਭੱਜ ਗਿਆ। ਆਪਣੇ ਨਾਲ ਅਚਾਨਕ ਵਾਪਰੀ ਇਸ ਘਟਨਾ ਤੋਂ ਉਹ ਬੰਦਾ ਹੱਕਾ-ਬੱਕਾ ਰਹਿ ਗਿਆ।
ਪੈਰੀਆਮਿਟ (22) ਚੇਨੱਈ ਤੋਂ ਹੀ ਹਨ, ਉਹ ਦੱਸਦੇ ਹਨ, “ਗੂਗਲ ਮੈਪ ਦੇਖਦੇ ਜਾ ਰਹੇ ਲੋਕਾਂ ਤੋਂ ਕੁਝ ਚੋਰੀ ਕਰਨਾ ਸੌਖਾ ਹੈ। ਤੁਸੀਂ ਕਮੀਜ਼ ਦੀ ਜੇਬ੍ਹ ਵਿੱਚੋਂ ਵੀ ਅਸਾਨੀ ਨਾਲ ਕੱਢ ਸਕਦੇ ਹੋ।”
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਦੌਰਾਨ 600 ਮੋਬਾਈਲ ਚੋਰੀ ਕੀਤੇ ਹਨ। ਕਈ ਵਾਰ ਉਹ ਅਜਿਹਾ ਜਾਣ-ਬੁੱਝ ਕੇ ਕੀਤਾ ਅਤੇ ਕਈ ਵਾਰ ਗੈਰ-ਇਰਾਦਤਨ। ਉਹ ਉਹੀ ਮੋਬਾਈਲ ਚੋਰੀ ਕਰਦੇ ਹਨ ਜੋ ਚੁੱਕਣੇ ਸੌਖੇ ਹੋਣ। ਪੈਰੀਆਮਿਟ ਦਾ ਕਹਿਣਾ ਹੈ ਕਿ ਤੇਜ਼ ਭੱਜਣਾ ਚੋਰੀ ਕਰਨ ਲਈ ਜ਼ਰੂਰੀ ਯੋਗਤਾ ਹੈ।
ਬਦਲਾ ਲੈਣ ਲਈ ਕੀਤੀ ਪਹਿਲੀ ਚੋਰੀ...
ਇੱਕ ਹੋਰ ਵਿਅਕਤੀ ਸਕੂਟਰ ਉੱਤੇ ਜਾ ਰਿਹਾ ਸੀ, ਰਸਤੇ ਵਿੱਚ ਕਿਸੇ ਨੂੰ ਦੇਖ ਕੇ ਕੁਝ ਦੂਰ ਤੱਕ ਛੱਡਣ ਲਈ ਸਕੂਟਰ ਉੱਤੇ ਬਿਠਾ ਲਿਆ। ਇੰਨੇ ਵਿੱਚ ਪਹਿਲੇ ਵਿਅਕਤੀ ਨੂੰ ਫੋਨ ਆਇਆ, ਜਿਵੇਂ ਹੀ ਉਹ ਫੋਨ ਸੁਣਨ ਲਈ ਉੱਤਰਿਆ ਅਤੇ ਥੋੜ੍ਹਾ ਦੂਰ ਗਿਆ, ਉਹ ਦੂਜਾ ਵਿਅਕਤੀ ਉਸਦਾ ਸਕੂਟਰ ਲੈ ਕੇ ਰਫੂਚੱਕਰ ਹੋ ਗਿਆ।
ਬੰਦੇ ਨੂੰ ਬੜਾ ਗੁੱਸਾ ਚੜ੍ਹਿਆ, ਬਦਲਾ ਲੈਣ ਲਈ ਉਸ ਨੇ ਉਸੇ ਸ਼ਾਮ ਕਿਸੇ ਹੋਰ ਦਾ ਸਕੂਟਰ ਚੋਰੀ ਕਰ ਲਿਆ। ਹੁਣ ਉਸਦਾ ਕਹਿਣਾ ਹੈ ਕਿ ਉਹ 100 ਤੋਂ ਜ਼ਿਆਦਾ ਦੋ ਪਹੀਆ ਵਾਹਨ ਚੋਰੀ ਕਰ ਚੁੱਕਿਆ ਹੈ।
ਉਸ ਨੇ ਦੱਸਿਆ ਪਹਿਲੀ ਵਾਰ ਜਦੋਂ ਮੈਂ ਜੇਲ੍ਹ ਗਿਆ ਤਾਂ ਬੜਾ ਮੁਸ਼ਕਿਲ ਸੀ ਫਿਰ ਮੈਨੂੰ ਆਦਤ ਪੈ ਗਈ।

“ਸਕੂਟੀ ਚਾਲੂ ਕਰਕੇ ਕੌਣ ਛੱਡਦਾ ਹੈ, ਇਹ ਦੌੜਨ ਵਾਲਾ ਵਾਹਨ ਹੈ?”
“ਮੇਰੀ ਆਂਟੀ ਨੇ ਕੁਝ ਦੇਰ ਪਹਿਲਾਂ ਹੀ ਮੈਨੂੰ ਅਜਿਹਾ ਕਰਦੇ ਨੂੰ ਦੇਖਿਆ ਹੈ, ਮੈਂ ਵਾਅਦਾ ਕੀਤਾ ਹੈ ਕਿ ਮੁੜ ਅਜਿਹਾ ਨਹੀਂ ਕਰਾਂਗਾ।“
“ਮੈਂ ਦਰਮਿਆਨੇ ਘਰਾਂ ਵਿੱਚੋਂ ਚੋਰੀ ਨਹੀਂ ਕਰਦਾ, ਮੈਂ ਕੁੜੀਆਂ ਤੋਂ ਚੋਰੀ ਨਹੀਂ ਕਰਦਾ।”
ਇਹ ਕੁਝ ਸੁਣਵਾਈ ਅਧੀਨ ਮੁਲਜ਼ਮਾਂ ਦੇ ਕਿੱਸੇ ਅਤੇ ਬਿਆਨ ਹਨ। ਇਹ ਸਾਰੇ ਲੜੀਵਾਰ ਅਪਰਾਧੀ ਹਨ। ਮਦਰਾਸ ਯੂਨੀਵਰਸਿਟੀ ਨੇ ਇਨ੍ਹਾਂ ਉੱਤੇ ਅਧਿਐਨ ਕੀਤਾ ਸੀ। ਅਧਿਐਨ ਮੁਤਾਬਕ ਸਜ਼ਾ ਦਾ ਡਰ ਇਨ੍ਹਾਂ ਨੂੰ ਅਪਰਾਧ ਕਰਨ ਤੋਂ ਕਿਸੇ ਵੀ ਤਰ੍ਹਾਂ ਰੋਕਦਾ ਨਹੀਂ ਹੈ।
ਪਜ਼ਹਲ ਕੇਂਦਰੀ ਜੇਲ੍ਹ ਦੇ ਕੈਦੀਆਂ ਨਾਲ ਅਪ੍ਰੈਲ ਅਤੇ ਮਈ ਵਿੱਚ ਗੱਲਬਾਤ ਕੀਤੀ ਗਈ। ਅਧਿਐਨ ਦੱਸਦਾ ਹੈ ਕਿ ਨਾ ਤਾਂ ਤਾਮਿਲਨਾਡੂ ਦੀ ਨਿਆਂ ਪ੍ਰਣਾਲੀ ਅਤੇ ਨਾ ਹੀ ਉੱਥੋਂ ਦੀਆਂ ਸੁਧਾਰ ਸੰਸਥਾਵਾਂ ਨੇ ਅਪਰਾਧੀਆਂ ਦੇ ਵਿਹਾਰ ਵਿੱਚ ਕਿਸੇ ਤਰ੍ਹਾਂ ਦਾ ਸੁਧਾਰ ਕੀਤਾ ਹੈ।

ਤਸਵੀਰ ਸਰੋਤ, Jesuraja
ਸਭ ਤੋਂ ਜ਼ਿਆਦਾ ਕੀਤਾ ਜਾਣ ਵਾਲਾ ਅਪਰਾਧ
ਮਦਰਾਸ ਯੂਨੀਵਰਸਿਟੀ ਦੇ ਅਪਰਾਧ ਵਿਗਿਆਨ ਵਿਭਾਗ ਵੱਲੋਂ ਕੀਤੇ ਗਏ ਇਸ ਅਧਿਐਨ ਵਿੱਚ ਆਦਤਨ ਅਪਰਾਧ ਕਰਨ ਵਾਲੇ ਲੋਕ ਆਪਣੇ ਅਲੱੜ੍ਹਪੁਣੇ ਤੋਂ ਹੀ ਇਸ ਵਿੱਚ ਲੱਗੇ ਹੋਏ ਹਨ।
ਇਸ ਸਾਲ ਵਿਭਾਗ ਦੇ ਇੱਕ ਪੋਸਟ ਗਰੈਜੂਏਟ ਵਿਦਿਆਰਥੀ ਪੀ ਸ਼ੇਰੋਨ ਨੇ ਜੇਲ੍ਹ ਦੇ 100 ਕੈਦੀਆਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਵਿੱਚੋਂ 81% ਉੱਤੇ ਚੋਰੀ ਦੇ ਇਲਜ਼ਾਮ ਸਨ।
ਭਾਵੇਂ ਕਿ ਦੋਸ਼ ਸੂਚੀਆਂ ਦਾਇਰ ਹੋ ਚੁੱਕੀਆਂ ਸਨ ਅਤੇ ਸੁਣਵਾਈ ਚੱਲ ਰਹੀ ਸੀ ਲੇਕਿਨ ਫਿਰ ਵੀ ਕਈ ਕੈਦੀਆਂ ਨੂੰ ਜੇਲ੍ਹ ਵਿੱਚ ਰਹਿੰਦਿਆਂ ਲੰਬਾ ਸਮਾਂ ਹੋ ਚੁੱਕਿਆ ਸੀ।
ਦੇਖਿਆ ਗਿਆ ਕਿ ਅਧਿਐਨ ਵਿੱਚ ਸ਼ਾਮਲ 100 ਵਿੱਚੋਂ 37% ਕੈਦੀ 90 ਤੋਂ ਜ਼ਿਆਦਾ ਦਿਨਾਂ ਤੋਂ ਜੇਲ੍ਹ ਵਿੱਚ ਬੰਦ ਸਨ, ਜਦਕਿ 37% ਹੋਰ 31-90 ਦਿਨਾਂ ਤੋਂ ਜੇਲ੍ਹ ਵਿੱਚ ਰਹਿ ਰਹੇ ਸਨ।
ਪਿਛਲੇ ਸਾਲ ਸੂਬੇ ਦੀਆਂ ਜੇਲ੍ਹਾਂ ਦੇ 173 ਲੋਕਾਂ ਉੱਤੇ ਸਰਵੇਖਣ ਕੀਤਾ ਗਿਆ, ਜੋ ਕਿ ਜਾਇਦਾਦ ਨਾਲ ਜੁੜੇ ਮੁਕੱਦਮਿਆਂ ਦੇ ਤਹਿਤ ਬੰਦ ਸਨ।
ਨਾਲਾਪੂ ਨਿਹਾਰਿਕਾ ਇੱਕ ਪੋਸਟ ਗਰੈਜੂਏਟ ਵਿਦਿਆਰਥੀ ਹਨ। ਉਨ੍ਹਾਂ ਨੇ ਦੇਖਿਆ ਕਿ ਜਿਹੜੇ 71 ਜਣਿਆਂ ਨੂੰ ਸਜ਼ਾ ਸੁਣਾਈ ਗਈ ਸੀ ਉਨ੍ਹਾਂ ਵਿੱਚੋਂ 51 ਜਾਇਦਾਦ ਨਾਲ ਜੁੜੇ ਅਪਰਾਧਾਂ ਵਿੱਚ ਮੁਲਜ਼ਮ ਸਨ।
ਆਮ ਅਪਰਾਧਾਂ ਲਈ ਜ਼ੇਰੇ-ਸੁਣਵਾਈ ਕੈਦੀਆਂ ਦੀ ਵੀ ਚੋਖੀ ਗਿਣਤੀ ਸੀ। ਉਹ 157 ਜਣੇ ਜਿਨ੍ਹਾਂ ਨੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਵੀ ਅਪਰਾਧ ਕੀਤੇ ਸਨ, ਉਨ੍ਹਾਂ ਵਿੱਚੋਂ 46% ਨੇ 10 ਤੋਂ ਜ਼ਿਆਦਾ ਵਾਰ ਅਪਰਾਧ ਕੀਤੇ ਸਨ। ਜਦਕਿ 38% ਨੇ 2-4 ਵਾਰ ਅਜਿਹਾ ਕੀਤਾ ਸੀ।

ਤਸਵੀਰ ਸਰੋਤ, Getty Images
ਕੀ ਉਹ ਆਪਣੀ ਮਰਜ਼ੀ ਨਾਲ ਜੇਲ੍ਹ ਜਾਂਦੇ ਹਨ?
ਜੇਲ੍ਹ ਜਾਣਾ ਬੇਇਜ਼ਤੀ ਪੂਰਨ ਅਤੇ ਪ੍ਰੇਸ਼ਾਨ ਕਰਨ ਵਾਲਾ ਅਨੁਭਵ ਸਮਝਿਆ ਜਾਂਦਾ ਹੈ। ਲੇਕਿਨ ਕਈ ਲੋਕ ਇਸ ਨੂੰ ਇੱਕ ਸੁਰੱਖਿਅਤ ਥਾਂ ਸਮਝਦੇ ਹਨ।
ਤਾਮਿਲਨਾਡੂ ਦੇ ਜੇਲ੍ਹ ਮੰਤਰਾਲੇ ਦੇ ਸਕੱਤਰ ਏ ਜੇਸੂਰਾਜਾ ਜੋ ਕਿ ਕੈਦੀਆਂ ਦੇ ਮੁੜ ਵਸੇਬੇ ਲਈ ਇੱਕ ਆਰਜੀ ਰੀਹੈਬਲੀਟੇਸ਼ਨ ਸੈਂਟਰ ਚਲਾਉਂਦੇ ਹਨ। ਉਹ ਦੱਸਦੇ ਹਨ ਇਸ ਦਾ ਇੱਕ ਕਾਰਨ ਮੁੜ-ਵਸੇਬੇ ਵਿੱਚ ਭਰੋਸੇ ਅਤੇ ਸਿਖਲਾਈ ਦੀ ਕਮੀ ਹੈ।
ਜੇਸੂਰਾਜਾ ਦੱਸਦੇ ਹਨ, “ਪੋਨੇਰੀ ਦੀ ਉਪ-ਜੇਲ੍ਹ ਵਿੱਚ ਇੱਕ 28 ਸਾਲਾ ਨੌਜਵਾਨ ਕੈਦ ਕੱਟ ਰਿਹਾ ਸੀ। ਜਦੋਂ ਅਸੀਂ ਪੁੱਛਿਆ ਕਿ ਉਸ ਨੇ ਜੁਰਮ ਕਿਉਂ ਕੀਤਾ ਤਾਂ ਪਤਾ ਲੱਗਿਆ ਕਿ ਉਸ ਦਾ ਨਾ ਕੋਈ ਪਰਿਵਾਰ ਹੈ ਅਤੇ ਨਾ ਹੀ ਘਰ। ਉਹ ਭਾਵੇਂ ਕਿੰਨੇ ਵਾਰੀ ਵੀ ਬਾਹਰ ਜਾਵੇ, ਉਹ ਵਾਪਸ ਆਉਣ ਦਾ ਰਾਹ ਲੱਭ ਹੀ ਲੈਂਦਾ ਸੀ। ਜੇਲ੍ਹ ਵਿੱਚ ਉਸ ਨੂੰ ਤਿੰਨ ਟਾਈਮ ਦਾ ਖਾਣਾ ਮਿਲਦਾ ਸੀ ਅਤੇ ਉਹ ਸੁਰੱਖਿਅਤ ਸੀ। ਕਈ ਵਾਰ ਪੁਲਿਸ ਵੀ ਉਸ ਉੱਤੇ ਕੇਸ ਦਰਜ ਕਰ ਦਿੰਦੀ ਸੀ।”
ਜੇਸੂਰਾਜਾ ਦੱਸਦੇ ਹਨ ਕਿ ਅਕਸਰ ਇਕੱਲੇ ਰਹਿ ਰਹੇ ਬੱਚੇ ਅਤੇ ਜਿਨ੍ਹਾਂ ਦੇ ਮਾਪਿਆਂ ਦੇ ਰਿਸ਼ਤੇ ਠੀਕ ਨਹੀਂ ਹੁੰਦੇ ਇਹ ਵਾਰ-ਵਾਰ ਅਪਰਾਧ ਕਰਦੇ ਹਨ।
ਉਹ ਦੱਸਦੇ ਹਨ, “ਅਜਿਹੇ ਬੱਚੇ ਅਪਰਾਧੀਆਂ ਦੇ ਵੱਸ ਪੈ ਜਾਂਦੇ ਹਨ, ਜੋ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਦੇ ਹਨ ਅਤੇ ਬਦਲੇ ਵਿੱਚ ਅਪਰਾਧ ਵਿੱਚ ਸ਼ਾਮਲ ਕਰ ਲੈਂਦੇ ਹਨ। ਸਮੇਂ ਦੇ ਨਾਲ ਬੱਚਿਆਂ ਨੂੰ ਅਪਰਾਧ ਦੀ ਆਦਤ ਪੈ ਜਾਂਦੀ ਹੈ। ਜੇ ਉਨ੍ਹਾਂ ਨੂੰ 15,000 ਪ੍ਰਤੀ ਮਹੀਨੇ ਦੀ ਨੌਕਰੀ ਵੀ ਮਿਲੇ ਤਾਂ ਵੀ ਉਹ ਕੰਮ ਉੱਤੇ ਨਹੀਂ ਜਾਣਗੇ, ਕਿ ਇੰਨਾ ਤਾਂ ਅਸੀਂ ਇੱਕ ਰਾਤ ਵਿੱਚ ਕਮਾ ਲੈਂਦੇ ਹਾਂ।”
ਮੁੜ ਵਸੇਬੇ ਦੀ ਕੋਈ ਯੋਜਨਾ ਨਹੀਂ ਹੈ

ਤਸਵੀਰ ਸਰੋਤ, Ravi Paul
ਪੀ ਸ਼ੇਰੋਨ ਦੱਸਦੇ ਹਨ, “ਵਰਕਸ਼ਾਪ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਨੇ ਕਿਹਾ ਕਿ ਉਸ ਨੇ ਟਰੱਕ ਵਰਗੀਆਂ ਵੱਡੀਆਂ ਗੱਡੀਆਂ ਦੇ ਪੁਰਜ਼ੇ ਲਏ ਅਤੇ ਬਿਨਾਂ ਕਿਸੇ ਨੂੰ ਪਤਾ ਲੱਗਣ ਦਿੱਤੇ ਉਨ੍ਹਾਂ ਤੋਂ ਛੁਰੀਆਂ ਬਣਾਈਆਂ।”
ਸ਼ੈਰੋਨ ਦੱਸਦੇ ਹਨ, “ਜ਼ੇਰੇ ਸੁਣਵਾਈ ਜਿਹੜੇ ਕੈਦੀਆਂ ਨੂੰ ਮੈਂ ਮਿਲਿਆ, ਉਨ੍ਹਾਂ ਕੋਲ ਕਰਨ ਲਈ ਕੁਝ ਨਹੀਂ ਹੈ। ਇਸ ਲਈ ਉਹ ਸਾਰਾ ਦਿਨ ਆਪਣੇ ਆਸ-ਪਾਸ ਦੇ ਲੋਕਾਂ ਨਾਲ ਗੱਪਾਂ ਮਾਰਦੇ ਰਹਿੰਦੇ ਹਨ। ਇੱਕ ਬਾਈਕ ਚੋਰ ਅਤੇ ਮੋਬਾਈਲ ਫੋਨ ਜੇਲ੍ਹ ਵਿੱਚ ਮਿਲਦੇ ਹਨ, ਦੋਸਤ ਬਣ ਜਾਂਦੇ ਹਨ ਅਤੇ ਫਿਰ ਬਾਹਰ ਆ ਕੇ ਇਕੱਠੇ ਚੋਰੀਆਂ ਕਰਦੇ ਹਨ।”
ਜੇਸੂਰਾਜਾ ਦੱਸਦੇ ਹਨ,“ਕੈਦੀਆਂ ਦੇ ਪੁਨਰਵਾਸ ਦੀਆਂ ਯੋਜਨਾਵਾਂ ਲਿਖੀਆਂ ਤਾਂ ਬਹੁਤ ਤਫ਼ਸੀਲ ਵਿੱਚ ਗਈਆਂ ਹਨ ਪਰ ਅਮਲ ਨਹੀਂ ਕੀਤਾ ਜਾਂਦਾ। ਜੇਲ੍ਹ ਵਿਭਾਗ ਦਾ ਇੱਕੋ ਫਿਕਰ ਇਹ ਹੈ ਕਿ ਜਿਹੜੇ ਕੈਦੀ ਸਵੇਰ ਦੀ ਹਾਜਰੀ ਵਿੱਚ ਮੌਜੂਦ ਸਨ ਸ਼ਾਮ ਦੀ ਹਾਜਰੀ ਸਮੇਂ ਘਟ ਨਾ ਜਾਣ।”
ਪਹਿਲੀ ਵਾਰ ਦੇ ਕਿਸ਼ੋਰ ਅਪਰਾਧੀਆਂ ਉੱਤੇ ਖਾਸ ਧਿਆਨ
ਤਾਮਿਲਨਾਡੂ ਦੇ ਜੇਲ੍ਹ ਵਿਭਾਗ ਅਤੇ ਪਰਿਜ਼ਮ ਨਾਲ ਦੇ ਇੱਕ ਗੈਰ-ਸਰਕਾਰੀ ਸੰਗਠਨ ਨੇ 'ਪੱਤਮ' ਨਾਮ ਦੀ ਇੱਕ ਸਕੀਮ ਸਾਂਝੇ ਤੌਰ ਉੱਤੇ ਸ਼ੁਰੂ ਕੀਤੀ ਹੈ। ਇਸ ਦਾ ਮਕਸਦ ਪਹਿਲੀ ਵਾਰ ਦੇ ਕਿਸ਼ੋਰ ਅਪਰਾਧੀਆਂ ਨੂੰ ਲੜੀਵਾਰ ਅਪਰਾਧੀ ਬਣਨ ਤੋਂ ਬਚਾਉਣਾ ਹੈ। ਉਹ ਮਾਮਲੇ ਜਿਨ੍ਹਾਂ ਵਿੱਚ ਸੱਤ ਸਾਲ ਤੋਂ ਥੋੜ੍ਹੀ ਸਜ਼ਾ ਹੁੰਦੀ ਹੈ ਇਸ ਸਕੀਮ ਵਿੱਚ ਸ਼ਾਮਲ ਕੀਤੇ ਜਾਂਦੇ ਹਨ।
ਤਾਮਿਲਨਾਡੂ ਦੀਆਂ ਸੱਤ ਜੇਲ੍ਹਾਂ ਵਿੱਚ ਇਹ ਸਕੀਮ ਚਲਾਈ ਜਾ ਰਹੀ ਹੈ।
ਪਰਿਜ਼ਮ ਦੇ ਫਾਊਂਡਰ ਐਡਵੋਕੇਟ ਰਵੀ ਪੌਲ ਨੇ ਕਿਹਾ, “ਚੇਨੱਈ ਦੀ ਸੈਡੀਪੇਟ ਜੇਲ੍ਹ ਵਿੱਚ, ਜਿੱਥੇ ਇਹ ਸਕੀਮ 2018 ਵਿੱਚ ਸ਼ੁਰੂ ਕੀਤੀ ਗਈ ਸੀ। ਉੱਥੇ ਸਾਰੇ ਪਹਿਲੀ ਵਾਰ ਦੇ ਅਪਰਾਧੀਆਂ ਨੂੰ ਦੂਜਿਆਂ ਨਾਲੋਂ ਵੱਖ ਕਰ ਦਿੱਤਾ ਗਿਆ। ਇਹ ਬਹੁਤ ਜ਼ਰੂਰੀ ਹੈ।”
ਉਹ ਅੱਗੇ ਦੱਸਦੇ ਹਨ ਕਿ ਹੁਣ ਨਾਬਾਲਗ ਜੋ ਪਹਿਲੀ ਵਾਰ ਕੋਈ ਸਧਾਰਨ ਅਪਰਾਧ ਕਰਕੇ ਜੇਲ੍ਹ ਪਹੁੰਚਦੇ ਹੈ ਉਨ੍ਹਾਂ ਨੂੰ ਵੱਖ ਕਰਨ ਦੀ ਪ੍ਰਕਿਰਿਆ ਦੂਜੀਆਂ ਕੇਂਦਰੀ ਜੇਲ੍ਹਾਂ ਵਿੱਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
“ਉਨ੍ਹਾਂ ਦੇ ਪਿਛੋਕੜ ਬਾਰੇ ਜਾਨਣ ਤੋਂ ਬਾਅਦ ਸੋਸ਼ਲ ਵਰਕਰ ਅਤੇ ਮਾਨਸਿਕ ਸਿਹਤ ਸਲਾਹਕਾਰ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੇ ਹਨ। ਉਨ੍ਹਾਂ ਨੂੰ ਉਹ ਹੁਨਰ ਸਿਖਾਏ ਜਾਂਦੇ ਹਨ, ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਪਵੇਗੀ। ਇੱਥੇ ਉਨ੍ਹਾਂ ਨੂੰ ਦੋ ਹਫ਼ਤੇ ਲਈ ਰੱਖਿਆ ਜਾਂਦਾ ਹੈ। ਰਿਹਾਈ ਤੋਂ ਬਾਅਦ ਅਸੀਂ ਛੇ ਮਹੀਨਿਆਂ ਤੱਕ ਉਨ੍ਹਾਂ ਉੱਤੇ ਨਜ਼ਰ ਰੱਖਦੇ ਹਨ।”
“ਸਾਲ 2018 ਤੋਂ ਇਸ ਸਕੀਮ ਤਹਿਤ ਪਹਿਲੀ ਵਾਰ ਅਪਰਾਧ ਕਰਨ ਵਾਲੇ 2018 ਤੋਂ 9,000 ਅਜਿਹੇ ਕੈਦੀ ਹਨ।”
ਅਪਰਾਧ ਨਾਲੋਂ ਨਾਤਾ ਤੋੜਨ ਦੀ ਕੋਸ਼ਿਸ਼
ਪੀਆਰਆਈਐੱਸਐੱਮ ਦੇ ਬਾਨੀ ਐਡਵੋਕੇਟ ਰਵੀ ਪੌਲ ਨੇ ਕਿਹਾ, ਚੇਨੱਈ ਦੀ ਸਾਇਦਾਪਤ ਜੇਲ੍ਹ, ਜਿੱਥੇ 2018 ਵਿੱਚ ਇਹ ਸਕੀਮ ਲਾਂਚ ਕੀਤੀ ਗਈ ਹੈ, ਉੱਥੇ ਪਹਿਲੀ ਵਾਰ ਦੇ ਕੈਦੀਆਂ ਨੂੰ ਦੂਜੇ ਦੋਸ਼ੀਆਂ ਨਾਲੋਂ ਅਲੱਗ ਰੱਖਿਆ ਗਿਆ ਹੈ। ਇਹ ਬਹੁਤ ਹੀ ਜਰੂਰੀ ਵੀ ਹੈ। ਜਿਹੜਾ ਵਿਅਕਤੀ ਪਹਿਲੀ ਵਾਰ ਛੋਟੇ-ਮੋਟੇ ਅਪਰਾਧ ਲ਼ਈ ਜੇਲ੍ਹ ਵਿੱਚ ਆਉਂਦਾ ਹੈ , ਉਸ ਦੇ ਦਿਮਾਗ ਵਿੱਚ ਇਹ ਭਰ ਦਿੱਤਾ ਜਾਂਦਾ ਹੈ ਕਿ ਉਸ ਕੋਲ ਅਗਲਾ ਅਪਰਾਧ ਕਰਨ ਤੋਂ ਇਲਾਵਾ ਹੋ ਕੋਈ ਰਸਤਾ ਨਹੀ ਹੈ। ਇਸ ਨੂੰ ਅੱਗੇ ਹੋਰ ਅਪਰਾਧ ਕਰਨਾ ਪਵੇਗਾ ਇਸ ਦੀ ਭਰਤੀ ਜੇਲ੍ਹ ਵਿੱਚ ਹੀ ਹੋ ਜਾਂਦੀ ਹੈ।
ਇਸ ਲਈ ਕੇਂਦਰੀ ਜੇਲ੍ਹ ਵਿੱਚ ਵੀ ਕੈਦੀਆਂ ਨੂੰ ਵੱਖ-ਵੱਖ ਰੱਖਣ ਦਾ ਕੰਮ ਵੀ ਹੁਣ ਸ਼ੁਰੂ ਹੋ ਗਿਆ ਹੈ। ਇਸ ਸਕੀਮ ਤਹਿਤ ਕੁਝ ਜੇਲ੍ਹਾਂ ਵਿੱਚ ਵੱਖਰੇ ਬਲਾਕ ਬਣਾਏ ਜਾ ਰਹੇ ਹਨ।
ਬੈਕਰਾਊਂਡ ਜਾਣਨ ਤੋਂ ਬਾਅਦ ਸਮਾਜ ਸੇਵੀ ਅਤੇ ਮੈਂਟਲ ਹੈਲਥ ਕੌਸਲਰ ਇਨ੍ਹਾਂ ਨੂੰ ਮਿਲ ਕੇ ਕੌਸਲਿੰਗ ਕਰਦੇ ਹਨ। ਉਨ੍ਹਾਂ ਨੂੰ ਲੋੜੀਂਦੇ ਹੁਨਰ ਸਿਖਾਏ ਜਾਂਦੇ ਹਨ, ਇਹ ਦੋ ਹਫ਼ਤਿਆਂ ਦਾ ਪ੍ਰੋਗਰਾਮ ਹੁੰਦਾ ਹੈ। ਜਦੋਂ ਉਹ ਜੇਲ੍ਹ ਤੋਂ ਬਾਹਰ ਆਉਂਦੇ ਹਨ ਤਾਂ ਉਨ੍ਹਾਂ ਦੀ 6 ਮਹੀਨੇ ਤੱਕ ਨਿਗਰਾਨੀ ਕੀਤੀ ਜਾਂਦੀ ਹੈ।
‘‘2018 ਤੋਂ ਸ਼ੁਰੂ ਹੋਈ ਇਸ ਸਕੀਮ ਵਿੱਚ ਹੁਣ ਤੱਕ 9000 ਕੈਦੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਜੇਲ੍ਹ ਦਾ ਡਾਟ ਦਰਸਾਉਂਦਾ ਹੈ ਕਿ ਅਪਰਾਧ ਦੁਹਰਾਉਣ ਵਾਲੇ ਵਿਅਕਤੀਆਂ ਦੀ ਗਿਣਤੀ ਸਿਰਫ਼ 1 ਫੀਸਦ ਹੈ।’’
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ












