ਮਾਨਸਿਕ ਸਿਹਤ: ਚਿੰਤਾ ਤੇ ਨਿਰਾਸ਼ਾ ਤੋਂ ਬਚਣ ਲਈ ਇਹ 6 ਤਰੀਕੇ ਲਾਹੇਵੰਦ ਹੋ ਸਕਦੇ

ਤਸਵੀਰ ਸਰੋਤ, Getty Images
- ਲੇਖਕ, ਰਿਪੋਰਟ
- ਰੋਲ, ਬੀਬੀਸੀ ਵਰਲਡ ਸਰਵਿਸ
ਬੇਚੈਨੀ ਦੀ ਸਕਾਰਾਤਮਕ ਚੀਜ਼ ਵਜੋਂ ਕਲਪਨਾ ਕਰਨਾ ਦੁਰਲੱਭ ਹੈ। ਬੇਚੈਨ ਅਤੇ ਚਿੰਤਤ ਮਹਿਸੂਸ ਕਰਨ ਵਿੱਚ ਕਿਸੇ ਨੂੰ ਕੀ ਵਧੀਆ ਲੱਗ ਸਕਦਾ ਹੈ?
ਨਿਯੂ ਯਾਰਕ ਯੂਨੀਵਰਸਿਟੀ ਸੈਂਟਰ ਫਾਰ ਨਿਊਰਲ ਸਾਇੰਸਿਜ਼ ਦੀ ਦਿਮਾਗ-ਵਿਗਿਆਨੀ ਤੇ ਪ੍ਰੋਫੈਸਰ ਵੈਂਡੀ ਸੁਜੂਕੀ ਅਨੁਸਾਰ ਚਿੰਤਾ ਇੱਕ ਚੰਗੀ ਅਤੇ ਲਾਭਕਾਰੀ ਭਾਵਨਾ ਹੋ ਸਕਦੀ ਹੈ।
ਚਿੰਤਾ ਨਾਲ ਲੜਨ ਨਾਲੋਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਇਸ ਭਾਵਨਾ ਦੀ ਵਰਤੋਂ ਵਧੇਰੇ ਸਿਰਜਨਾਤਮਿਕ, ਵਧੇਰੇ ਆਸ਼ਾਵਾਦੀ ਅਤੇ ਅੰਤ ਵਿੱਚ ਮਾਨਸਿਕ ਤੌਰ ’ਤੇ ਜ਼ਿਆਦਾ ਲਚੀਲਾ ਬਣਨ ਲਈ ਕੀਤੀ ਹੈ।
ਵੈਂਡੀ ਸੁਜੂਕੀ ਨੇ "ਗੁੱਡ ਐਂਗਜ਼ਾਇਟੀ: ਹਾਰਨੈਸਿੰਗ ਦਿ ਪਾਵਰ ਆਫ ਦਿ ਮੋਸਟ ਮਿਸਅੰਡਰਸਟੁੱਡ ਇਮੋਸ਼ਨ" ਕਿਤਾਬ ਲਿਖੀ ਹੈ ਅਤੇ ਦਿਮਾਗੀ ਲਚੀਲੇਪਣ ਦੇ ਅਧਿਐਨ ਅਤੇ ਮਾਨਸਿਕ ਸਿਹਤ ਅਤੇ ਬੌਧਿਕ ਸਿਹਤ 'ਤੇ ਸਰੀਰਕ ਕਸਰਤ ਦੇ ਪੈਣ ਵਾਲੇ ਅਸਰਾਂ ਦੇ ਮਾਹਰ ਹਨ।
ਸੁਜ਼ੂਕੀ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਵਿਕਾਸਵਾਦੀ ਨਜ਼ਰੀਏ ਤੋਂ ਦੇਖੀਏ ਤਾਂ 'ਚੰਗੀ ਚਿੰਤਾ' ਸਾਨੂੰ ਇਸ ਦੁਨੀਆਂ ਦੇ ਖਤਰਿਆਂ ਤੋਂ ਬਚਾਉਣ ਲਈ ਸੀ।"
ਇਹ ਵੀ ਪੜ੍ਹੋ:
ਸੁਜ਼ੂਕੀ ਮੁਤਾਬਕ ਸਮੱਸਿਆ ਇਹ ਹੈ ਕਿ ਸਾਡੇ ਆਸਪਾਸ ਚਿੰਤਾ ਦੀ ਬਹੁਲਤਾ ਹੋਣ ਕਾਰਨ ਇਹ ਆਪਣੀ ਕਦਰ ਗੁਆ ਦਿੰਦੀ ਹੈ।
ਮਾਹਰ ਕਹਿੰਦੇ ਹਨ ਕਿ "ਸਾਡੀ ਬੇਚੈਨੀ ਦੇ ਲਾਭ ਲੈਣ ਲਈ, ਸਾਨੂੰ ਆਪਣੀ ਬੇਚੈਨੀ ਨੂੰ ਘਟਾਉਣਾ ਸਿੱਖਣਾ ਪਵੇਗਾ।"
"ਇਹ ਪੜਚੋਲ ਕਰੋ ਕਿ ਸਾਡੀ ਬੇਚੈਨੀ ਨਾਲ ਜੁੜੀਆਂ ਉਹ ਅਸਹਿਜ ਭਾਵਨਾਵਾਂ ਸਾਨੂੰ ਆਪਣੇ ਬਾਰੇ ਕੀ ਦੱਸਦੀਆਂ ਹਨ ਅਤੇ ਅਜਿਹਾ ਕਰਦੇ ਸਮੇਂ ਤੁਸੀਂ ਆਪਣੇ ਬਾਰੇ, ਆਪਣੀਆਂ ਭਾਵਨਾਵਾਂ ਅਤੇ ਆਪਣੇ ਭਾਵਨਾਤਮਕ ਜੀਵਨ ਬਾਰੇ ਹੋਰ ਜਾਣ ਸਕਦੇ ਹੋ।"

ਤਸਵੀਰ ਸਰੋਤ, MATT SIMPKINS
ਸੀਐੱਨਬੀਸੀ ਦੇ 'ਮੇਕ ਇਟ' ਪੋਰਟਲ 'ਤੇ ਇੱਕ ਤਾਜ਼ਾ ਲੇਖ ਵਿੱਚ ਸੁਜੂਕੀ ਕਹਿੰਦੇ ਹਨ, "ਚਿੰਤਾ ਨਾਲ ਲੜਨ ਦਾ ਸਭ ਤੋਂ ਸ਼ਕਤੀਸ਼ਾਲੀ ਤਰੀਕਾ ਹੈ, ਲਚੀਲਾਪਣ ਅਤੇ ਮਾਨਸਿਕ ਸ਼ਕਤੀ ਵਿਕਸਤ ਕਰਨ ਵਿੱਚ ਨਿਰੰਤਰ ਲੱਗੇ ਰਹੋ।"
ਸੁਜੂਕੀ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਰੋਜ਼ਾਨਾਂ ਇਹ ਛੇ ਕਸਰਤਾਂ ਕਰਦੇ ਹਨ-
1. ਹਾਂਮੁੱਖੀ ਸਿੱਟਿਆਂ ਦੀ ਕਲਪਨਾ ਕਰੋ
ਦਿਨ ਦੀ ਸ਼ੁਰੂਆਤ ਜਾਂ ਅੰਤ ਵਿੱਚ ਆਪਣੇ ਜੀਵਨ ਦੀਆਂ ਸਾਰੀਆਂ ਅਨਿਸ਼ਚਿਤ ਸਥਿਤੀਆਂ। ਇਸ ਵਿੱਚ ਵੱਡੀਆਂ- ਛੋਟੀਆਂ ਦੋਵੇਂ ਅਨਿਸ਼ਚਤਿਤਾਵਾਂ ਸ਼ਾਮਲ ਹਨ।
ਕੀ ਮੇਰੀ ਕੰਮ ਦੀ ਕਦਰ ਪਵੇਗੀ? ਮੇਰੇ ਬੱਚੇ ਦਾ ਨਵੇਂ ਸਕੂਲ ਵਿੱਚ ਮਨ ਲੱਗ ਜਾਵੇਗਾ? ਨੌਕਰੀ ਦੀ ਇੰਟਰਵਿਊ ਤੋਂ ਬਾਅਦ ਕੋਈ ਜਵਾਬ ਆਏਗਾ?
ਹੁਣ ਹਰ ਸਥਿਤੀ ਬਾਰੇ ਹਾਂਮੁੱਖੀ ਸਿੱਟਿਆਂ ਬਾਰੇ ਸੋਚੋ।

ਤਸਵੀਰ ਸਰੋਤ, Getty Images
ਸਿਰਫ਼ ਵਧੀਆ ਨਤੀਜਾ ਹੀ ਨਹੀਂ, ਸਗੋਂ "ਸਭ ਤੋਂ ਵਧੀਆ" ਸੰਭਾਵੀ ਨਤੀਜਾ ਜੋ ਤੁਸੀਂ ਸੋਚ ਸਕਦੇ ਹੋ, ਉਸ ਬਾਰੇ ਸੋਚੋ।
ਇਹ ਕਸਰਤ ਤੁਹਾਡੀ ਮਦਦ ਕਰੇਗਾ ਕਿ ਤੁਸੀਂ ਹਰ ਸਥਿਤੀ ਵਿੱਚ ਹਾਂਮੁਖੀ ਨਤੀਜਿਆਂ ਦੀ ਉਮੀਦ ਰੱਖ ਸਕੋਗੇ।
2. ਚਿੰਤਾ ਨੂੰ ਪ੍ਰਗਤੀ ਵਿੱਚ ਬਦਲੋ
ਸਾਡਾ ਦਿਮਾਗੀ ਲਚੀਲਾਪਣ ਸਾਨੂੰ ਮੁਸ਼ਕਲਾਂ ਵਿੱਚ ਵੀ ਡਟੇ ਰਹਿਣ ਦਾ ਹੌਂਸਲਾ ਦਿੰਦਾ ਹੈ। ਸਾਨੂੰ ਸ਼ਾਂਤ ਹੋਣਾ ਸਿੱਖਣਾ, ਸਥਿਤੀਆਂ ਦਾ ਮੁੜ ਮੁਲਾਂਕਣ ਕਰਨਾ, ਆਪਣੇ ਪੈਂਤੜੇ ’ਤੇ ਮੁੜ ਵਿਚਾਰ ਕਰਨਾ ਅਤੇ ਚੁਸਤ ਫੈਸਲੇ ਲੈਣਾ, ਆਉਂਦਾ ਹੈ।
ਇਹ ਸੌਖਾ ਹੋ ਜਾਂਦਾ ਹੈ ਜੇ ਅਸੀਂ ਸੋਚੀਏ ਕਿ ਚਿੰਤਾ ਦਾ ਹਰ ਵਾਰ ਬੁਰੀ ਹੋਣਾ ਜ਼ਰੂਰੀ ਨਹੀਂ।
ਇਨ੍ਹਾਂ ਪ੍ਰਸਤਾਵਾਂ 'ਤੇ ਵਿਚਾਰ ਕਰੋ:
ਗੁੱਸਾ ਤੁਹਾਡੀ ਇਕਾਗਰਤਾ ਤੇ ਕਾਰਗੁਜ਼ਾਰੀ ਵਿੱਚ ਰੁਕਾਵਟ ਵੀ ਪਾ ਸਕਦਾ ਹੈ ਜਾਂ ਉਸ ਨੂੰ ਵਧਾ ਵੀ ਸਕਦਾ ਹੈ।
ਗੁੱਸਾ ਤੁਹਾਡੀ ਇਕਾਗਰਤਾ ਵਧਾਉਂਦਾ ਹੈ ਅਤੇ ਯਾਦ ਦਿਵਾਉਂਦਾ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਕੀ ਸਭ ਤੋਂ ਮਹੱਤਵਪੂਰਣ ਹੈ।
ਡਰ ਪਿਛਲੀਆਂ ਅਸਫਲਤਾਵਾਂ ਦੀਆਂ ਯਾਦਾਂ ਤਾਜ਼ਾ ਕਰ ਸਕਦਾ ਹੈ। ਜਦੋਂ ਅਜਿਹਾ ਹੁੰਦਾ ਹੈ, ਤਾਂ ਇਹ ਤੁਹਾਡਾ ਧਿਆਨ ਹਟਾਉਂਦਾ ਹੈ ਅਤੇ ਤੁਹਾਡੀ ਕਾਰਗੁਜ਼ਾਰੀ ਨੂੰ ਘਟਾਉਂਦਾ ਹੈ। ਪਰ ਇਹ ਤੁਹਾਨੂੰ ਆਪਣੇ ਫੈਸਲਿਆਂ ਪ੍ਰਤੀ ਵਧੇਰੇ ਸੁਚੇਤ ਵੀ ਬਣਾ ਸਕਦਾ ਹੈ।

ਤਸਵੀਰ ਸਰੋਤ, Getty Images
ਤੁਹਾਡੇ ਸੋਚ-ਵਿਚਾਰ ਨੂੰ ਡੁੰਘਾਈ ਦਿੰਦਾ ਹੈ ਤੇ ਦਿਸ਼ਾ ਬਦਲਣ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਕਰਦਾ ਹੈ।
ਉਦਾਸੀ ਤੁਹਾਨੂੰ ਢਹਿੰਦੀ ਕਲਾ ਵਿੱਚ ਲਿਜਾ ਕੇ ਤੁਹਾਨੂੰ ਨਿਰਾਸ਼ ਵੀ ਕਰ ਸਕਦੀ ਹੈ ਅਤੇ ਆਪਣੀਆਂ ਤਰਜੀਹਾਂ ਮੁੜ ਉਲੀਕਣ ਵਿੱਚ ਮਦਦ ਕਰਕੇ ਤੁਹਾਨੂੰ ਮੁੜ ਪ੍ਰਰੇਰਿਤ ਵੀ ਕਰ ਸਕਦੀ ਹੈ।
ਇਹ ਤੁਹਾਨੂੰ ਆਪਣਾ ਚੌਗਿਰਦਾ, ਹਾਲਾਤ ਅਤੇ ਵਿਹਾਰ ਬਦਲ ਦੇਣ ਲਈ ਪ੍ਰੇਰਿਤ ਕਰ ਸਕਦੀ ਹੈ।
ਚਿੰਤਾ ਜਾਂ ਬੇਚੈਨੀ ਕਾਰਨ ਤੁਸੀਂ ਸੁਸਤ ਪੈ ਸਕਦੇ ਹੋ, ਜਿਸ ਕਾਰਨ ਟੀਚਿਆਂ ਨੂੰ ਹਾਸਲ ਕਰਨ ਵਿੱਚ ਦੇਰੀ ਹੋ ਸਕਦੀ ਹੈ ਜਾਂ ਰੁਕਾਵਟ ਖੜ੍ਹੀ ਹੋ ਸਕਦੀ ਹੈ।
ਦੂਜੇ ਪਾਸੇ ਇਹ ਤੁਹਾਡੀਆਂ ਯੋਜਨਾਵਾਂ ਨੂੰ ਵਧੀਆ ਬਣਾਉਣ, ਤੁਹਾਡੀਆਂ ਉਮੀਦਾਂ ਨੂੰ ਯਥਾਰਥ ਮੁਤਾਬਕ ਢਾਲਣ ਵਿੱਚ ਮਦਦਗਾਰ ਵੀ ਹੋ ਸਕਦੀ ਹੈ ਤਾਂ ਜੋ ਤੁਸੀਂ ਟੀਚਿਆਂ 'ਤੇ ਇਕਾਗਰ ਰਹਿ ਸਕੋਂ।
ਨਿਰਾਸ਼ਾ ਤੁਹਾਡੀ ਤਰੱਕੀ ਵਿੱਚ ਰੁਕਾਵਟ ਪਾ ਸਕਦੀ ਹੈ ਅਤੇ ਤੁਹਾਡੀ ਪ੍ਰੇਰਣਾ ਨੂੰ ਦੂਰ ਕਰ ਸਕਦੀ ਹੈ, ਜਾਂ ਇਹ ਤੁਹਾਨੂੰ ਸੁਧਾਰ ਕਰਨ ਦੀ ਚੁਣੌਤੀ ਦੇ ਸਕਦੀ ਹੈ।
3. ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੋ

ਤਸਵੀਰ ਸਰੋਤ, Getty Images
ਅੱਜ ਕੱਲ੍ਹ ਨਵੀਂ ਔਨਲਾਈਨ ਕਲਾਸ ਲੈਣਾ, ਕੋਈ ਖੇਡ ਖੇਡਣਾ ਜਾਂ ਵਰਚੁਅਲ ਈਵੈਂਟ ਵਿੱਚ ਹਿੱਸਾ ਲੈਣਾ ਪਹਿਲਾਂ ਨਾਲੋਂ ਕਿਤੇ ਸੌਖਾ ਹੈ।
ਕੁਝ ਸਮਾਂ ਪਹਿਲਾਂ, ਮੈਂ ਵਿੰਬਲਡਨ ਚੈਂਪੀਅਨ ਵੀਨਸ ਵਿਲੀਅਮਜ਼ ਨਾਲ ਇੰਸਟਾਗ੍ਰਾਮ ਉੱਪਰ ਇੱਕ ਲਾਈਵ ਕਸਰਤ ਕੀਤੀ, ਜਿੱਥੇ ਉਨ੍ਹਾਂ ਨੇ ਭਾਰ ਦੇ ਰੂਪ ਵਿੱਚ ਬੋਤਲਾਂ ਦੀ ਵਰਤੋਂ ਕੀਤੀ।
ਮੈਂ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਕੀਤਾ। ਇਹ ਇੱਕ ਸ਼ਾਨਦਾਰ ਅਤੇ ਯਾਦਗਾਰੀ ਅਨੁਭਵ ਸਾਬਤ ਹੋਇਆ।
ਕਸਰਤ ਦਾ ਮੁਸ਼ਕਲ ਹੋਣਾ ਜ਼ਰੂਰੀ ਨਹੀਂ ਹੈ ਸਗੋਂ ਇਹ ਤੁਹਾਡੇ ਮੌਜੂਦਾ ਪੱਧਰ ਤੋਂ ਉੱਚਾ ਜਾਂ ਤੁਹਾਡੇ ਆਰਾਮਦਾਇਕ ਦਾਇਰੇ ਤੋਂ ਬਾਹਰ ਦੀ ਕੋਈ ਵੀ ਗਤੀਵਿਧੀ ਜਾਂ ਚੀਜ਼ ਹੋ ਸਕਦੀ ਹੈ।
4. ਦੂਜਿਆਂ ਨਾਲ ਗੱਲਬਾਤ ਕਰੋ
ਮਦਦ ਮੰਗ ਸਕਣਾ, ਦੋਸਤਾਂ ਅਤੇ ਪਰਿਵਾਰ ਨਾਲ ਜੁੜੇ ਰਹਿਣਾ, ਅਤੇ ਸਰਗਰਮੀ ਨਾਲ ਉਤਸ਼ਾਹਜਨਕ ਅਤੇ ਮਦਦਗਾਰ ਰਿਸ਼ਤਿਆਂ ਨੂੰ ਉਤਸ਼ਾਹਤ ਕਰਨ ਨਾਲ ਨਾ ਸਿਰਫ਼ ਤੁਹਾਨੂੰ ਚਿੰਤਾ ਨੂੰ ਦੂਰ ਰੱਖਣ ਵਿੱਚ ਮਦਦ ਮਿਲਦੀ ਹੈ, ਬਲਕਿ ਇਹ ਭਾਵਨਾ ਵੀ ਮਜ਼ਬੂਤ ਹੁੰਦੀ ਹੈ ਕਿ ਤੁਸੀਂ ਇਕੱਲੇ ਨਹੀਂ ਹੋ।
ਇਸ ਨੂੰ ਸਮਝਾਉਣਾ ਸੌਖਾ ਨਹੀਂ ਹੈ, ਪਰ ਇਹ ਵਿਸ਼ਵਾਸ ਅਤੇ ਭਾਵਨਾ ਕਿ ਤੁਸੀਂ ਅਜਿਹੇ ਲੋਕਾਂ ਨਾਲ ਘਿਰੇ ਹੋਏ ਹੋ ਜੋ ਤੁਹਾਡੀ ਪਰਵਾਹ ਕਰਦੇ ਹਨ, ਬਹੁਤ ਮਦਦਗਾਰ ਹੁੰਦੀ ਹੈ।
ਖ਼ਾਸ ਕਰਕੇ ਬਹੁਤ ਜ਼ਿਆਦਾ ਤਣਾਅਪੂਰਨ ਸਮੇਂ ਦੌਰਾਨ ਜਦੋਂ ਤੁਹਾਨੂੰ ਆਪਣੀ ਮਾਨਸਿਕ ਸਿਹਤ ਕਾਇਮ ਰੱਖਣ ਲਈ ਖ਼ੁਦ ਹੀ ਮਿਹਨਤ ਕਰਨੀ ਪੈਂਦੀ ਹੈ।

ਤਸਵੀਰ ਸਰੋਤ, Getty Images
ਜਦੋਂ ਅਸੀਂ ਨੁਕਸਾਨ ਜਾਂ ਕਿਸੇ ਹੋਰ ਕਿਸਮ ਦੀ ਪ੍ਰੇਸ਼ਾਨੀ ਦਾ ਸ਼ਿਕਾਰ ਹੁੰਦੇ ਹਾਂ, ਤਾਂ ਪਿੱਛੇ ਹਟਣਾ ਸੁਭਾਵਿਕ ਹੈ।
ਇਹ ਪ੍ਰਵਿਰਤੀ ਜਾਨਵਰਾਂ ਵਿੱਚ ਵੀ ਦੇਖਣ ਨੂੰ ਮਿਲਦੀ ਹੈ।
ਹਾਲਾਂਕਿ ਜੇ ਤੁਸੀਂ ਕਿਸੇ ਨਾਲ ਆਪਣਾ ਦਿਲ ਫਰੋਲ ਸਕਦੇ ਹੋ ਤਾਂ ਇਸ ਮਾਨਸਿਕ ਦੁਚਿੱਤੀ ਵਿੱਚੋਂ ਨਿਕਲ ਸਕਦੇ ਹੋ।
5. ਸਕਾਰਾਤਮਕ ਸਵੈ-ਟਵੀਟ ਕਰੋ
ਆਰਟਿਸਟ ਲਿਨ-ਮੈਨੁਅਲ ਮਿਰਾਂਡਾ ਨੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ, ਜਿਸ ਵਿੱਚ ਉਹ ਦਿਨ ਦੀ ਸ਼ੁਰੂਆਤ ਅਤੇ ਅੰਤ ਵਿੱਚ ਭੇਜੇ ਜਾਣ ਵਾਲੇ ਆਪਣੇ ਟਵੀਟਾਂ ਬਾਰੇ ਗੱਲ ਕਰਦੇ ਹਨ।
ਇਸ ਵਿੱਚ, ਉਹ ਉਤਸ਼ਾਹਜਨਕ, ਛੋਟੇ ਸੰਦੇਸ਼ ਲਿਖਦੇ ਹਨ ਜੋ ਮਜ਼ੇਦਾਰ, ਵਿਲੱਖਣ ਅਤੇ ਸਮੁੱਚੇ ਤੌਰ 'ਤੇ ਦਿਲਕਸ਼ ਹਨ।
ਜੇ ਤੁਸੀਂ ਮਿਰਾਂਡਾ ਦੀਆਂ ਇੰਟਰਵਿਊ ਦੇਖੋਂ ਤਾਂ ਤੁਸੀਂ ਦੇਖੋਗੇ ਕਿ ਉਹ ਅੰਦਰੂਨੀ ਤੌਰ 'ਤੇ ਇੱਕ ਮਜ਼ਬੂਤ ਅਤੇ ਆਸ਼ਾਵਾਦੀ ਵਿਅਕਤੀ ਹਨ।
ਤੁਸੀਂ ਇੰਨੇ ਲਚੀਲੇ, ਉਤਪਾਦਕ ਅਤੇ ਰਚਨਾਤਮਕ ਕਿਵੇਂ ਬਣ ਸਕਦੇ ਹੋ?

ਤਸਵੀਰ ਸਰੋਤ, Getty Images
ਜਰੂਰੀ ਨਹੀਂ ਕਿ ਤੁਸੀਂ ਲੋਕਾਂ ਨੂੰ ਦੱਸਦੇ ਫਿਰੋਂ ਕਿ ਤੁਹਾਨੂੰ ਕੀ ਸਕਾਰਮਤਮਿਕ ਰੱਖਦਾ ਹੈ। ਬਸ ਦਿਨ ਦੀ ਸ਼ੁਰੂਆਤ ਵਿੱਚ ਜਾਂ ਅੰਤ ਵਿੱਚ ਆਪਣੇ ਆਪ ਨੂੰ ਇਨ੍ਹਾਂ ਬਾਰੇ ਦੱਸੋ/ਯਾਦ ਕਰਵਾਓ।
ਜੇ ਤੁਹਾਨੂੰ ਮੁਸ਼ਕਿਲ ਆਉਂਦੀ ਹੈ, ਤਾਂ ਇਹ ਸੋਚਣ ਦੀ ਕੋਸ਼ਿਸ਼ ਕਰੋ ਕਿ ਕੋਈ ਵਿਅਕਤੀ ਜੋ ਤੁਹਾਡੀ ਜ਼ਿੰਦਗੀ ਵਿੱਚ ਮਹੱਤਵਪੂਰਣ ਰਿਹਾ ਹੈ (ਭਰਾ, ਦੋਸਤ, ਸਲਾਹਕਾਰ, ਪਿਤਾ) ਤੁਹਾਨੂੰ ਕੀ ਕਹੇਗਾ ਅਤੇ ਫਿਰ ਟਵੀਟ ਲਿਖੋ ਜਾਂ ਆਪਣੇ ਆਪ ਨੂੰ ਕਹੋ।
6. ਆਪਣੇ ਆਪ ਨੂੰ ਕੁਦਰਤ ਵਿੱਚ ਲੀਨ ਕਰੋ

ਤਸਵੀਰ ਸਰੋਤ, Getty Images
ਵਿਗਿਆਨ ਨੇ ਸਿੱਧ ਹੈ ਕਿ ਕੁਦਰਤ ਵਿੱਚ ਸਮਾਂ ਬਿਤਾਉਣਾ ਸਾਡੀ ਮਾਨਸਿਕ ਸਿਹਤ ਲਈ ਵਧੀਆ ਹੈ।
ਕੁਝ ਅਧਿਐਨਾਂ ਮੁਤਾਬਕ ਇਹ ਤੁਹਾਡੀ ਭਾਵਨਾਤਮਕ ਤੰਦਰੁਸਤੀ ਅਤੇ ਲਚਕ ਵਾਧਾ ਕਰ ਸਕਦਾ ਹੈ।
ਕੁਦਰਤ ਵਿੱਚ ਲੀਨ ਹੋਣ ਲਈ ਤੁਹਾਨੂੰ ਜੰਗਲ ਦੇ ਕੋਲ ਰਹਿਣ ਦੀ ਜ਼ਰੂਰਤ ਨਹੀਂ ਹੈ। ਨੇੜਲਾ ਪਾਰਕ ਜਾਂ ਕੋਈ ਸ਼ਾਂਤ ਹਰਾ ਮਹੌਲ ਜਿੱਥੇ ਬਹੁਤੇ ਲੋਕ ਨਾ ਹੋਣ ਵੀ ਕੰਮ ਸਾਰ ਸਕਦਾ ਹੈ।
ਆਵਾਜ਼ਾਂ, ਸੁਗੰਧਾਂ ਅਤੇ ਦ੍ਰਿਸ਼ਾਂ ਪ੍ਰਤੀ ਸੁਚੇਤ ਹੋਵੋ। ਕੁਦਰਤੀ ਸੰਸਾਰ ਬਾਰੇ ਵਧੇਰੇ ਜਾਗਰੂਕਤਾ ਪੈਦਾ ਕਰਨ ਲਈ ਆਪਣੀਆਂ ਸਾਰੀਆਂ ਇੰਦਰੀਆਂ ਦੀ ਵਰਤੋਂ ਕਰੋ।
ਇਹ ਕਸਰਤ ਤੁਹਾਡੀ ਸਮੁੱਚੀ ਬੁਰੇ ਹਾਲਾਤ/ਭਾਵਨਾਵਾਂ ਵਿੱਚੋਂ ਉਭਰਨ ਦੀ ਸਮਰੱਥਾ ਨੂੰ ਵਧਾਉਂਦੀ ਹੈ, ਕਿਉਂਕਿ ਇਹ ਇੱਕ ਕਿਸਮ ਦੀ ਊਰਜਾ ਬਹਾਲੀ ਵਜੋਂ ਕੰਮ ਕਰਦੀ ਹੈ ਅਤੇ ਤੁਹਾਡੇ ਸੰਤੁਲਨ ਕਾਇਮ ਰੱਖਦੀ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












