ਸਾਰਾਗੜ੍ਹੀ ਦੀ ਲੜਾਈ ’ਚ 21 ਸਿੱਖਾਂ ਦੀ ਅਗਵਾਈ ਕਰਨ ਵਾਲੇ ਈਸ਼ਰ ਸਿੰਘ ਦਾ ਬੁੱਤ ਲਗਾਉਣ ਦਾ 40 ਸਾਲ ਪਹਿਲਾਂ ਵੇਖਿਆ ਸੁਪਨਾ ਇੰਝ ਪੂਰਾ ਹੋਇਆ

ਈਸ਼ਰ ਸਿੰਘ ਦਾ ਬੁੱਤ
    • ਲੇਖਕ, ਗਗਨ ਸਭਰਵਾਲ
    • ਰੋਲ, ਵੁਲਵਰੈਂਪਟਨ, ਤੋਂ ਦੱਖਣ-ਏਸ਼ੀਆ ਡਾਇਸਪੋਰਾ ਪੱਤਰਕਾਰ

ਸਾਲ 1897 ਵਿੱਚ 20 ਸਿੱਖ ਫੌਜੀਆਂ ਦੀ ਅਗਵਾਈ ਕਰਨ ਵਾਲੇ ਹਵਲਦਾਰ ਈਸ਼ਰ ਸਿੰਘ ਦਾ ਤਾਂਬੇ ਦਾ ਬੁੱਤ ਦੀ ਘੁੰਡ ਚੁਕਾਈ ਬ੍ਰਿਟੇਨ ਵਿੱਚ ਐਤਵਾਰ ਨੂੰ ਕੀਤੀ ਗਈ।

ਈਸ਼ਰ ਸਿੰਘ ਨੇ ਅਫ਼ਗਾਨ ਹਮਲਾਵਰਾਂ ਦੇ ਖਿਲਾਫ਼ ਆਪਣੀ ਪੋਸਟ ਦੀ ਰਾਖੀ ਕਰਦਿਆਂ ਆਪਣੇ ਜਵਾਨਾਂ ਨਾਲ ਜਾਨ ਦੇ ਦਿੱਤੀ ਸੀ। ਇਹ ਸਾਰ੍ਹਾਗੜ੍ਹੀ ਵਿੱਚ ਜਾਨ ਗਵਾਉਣ ਵਾਲੇ ਸਿੱਖ ਬ੍ਰਿਟਿਸ਼ ਫੌਜੀਆਂ ਦੀ ਯਾਦ ਵਿੱਚ ਕਾਇਮ ਕੀਤੀ ਜਾ ਰਹੀ ਪਹਿਲੀ ਯਾਦਗਾਰ ਹੈ।

ਵੁਲਵਹੈਂਪਟਨ ਵਿੱਚ ਹੌਲਦਾਰ ਈਸ਼ਰ ਸਿੰਘ ਦਾ ਇਹ ਬੁੱਤ ਦਸ ਫੁੱਟ ਉੱਚਾ ਹੈ ਜੋ ਕਿ ਛੇ ਫੁੱਟ ਉੱਚੇ ਥੜ੍ਹੇ ਉੱਪਰ ਲਗਾਇਆ ਗਿਆ ਹੈ।

ਬੁੱਤ ਦੀ ਘੁੰਡ ਚੁਕਾਈ ਮੌਕੇ ਸੰਸਦ ਮੈਂਬਰਾਂ, ਸਥਾਨਕ ਕੌਂਸਲਰਾਂ ਅਤੇ ਫੌਜੀ ਅਫ਼ਸਰਾਂ ਸਮੇਤ ਸਥਾਨਕ ਇਲਾਕਾ ਵਾਸੀ ਵੀ ਮੌਜੂਦ ਸਨ।

ਇਸ ਪੂਰੀ ਯਾਦਗਾਰ ਵਿੱਚ ਇੱਕ ਅੱਠ ਮੀਟਰ ਦੀ ਸਟੀਲ ਦੀ ਪਲੇਟ ਵੀ ਸ਼ਾਮਲ ਹੈ। ਇਸ ਪਲੇਟ ਉੱਪਰ ਸਾਰਾਗੜ੍ਹੀ ਦੀ ਪਹਾੜੀ ਉੱਪਰ ਫੌਜੀ ਪੈਂਤੜੇ ਦੇ ਪੱਖ ਤੋਂ ਅਹਿਮ ਚੌਂਕੀ ਨੂੰ ਦਰਸਾਇਆ ਗਿਆ ਹੈ ਅਤੇ ਯਾਦਗਾਰੀ ਸ਼ਬਦ ਖੁਣੇ ਗਏ ਹਨ।

ਇਹ ਵੀ ਪੜ੍ਹੋ:

ਈਸ਼ਰ ਸਿੰਘ ਦਾ ਬੁੱਤ
ਤਸਵੀਰ ਕੈਪਸ਼ਨ, ਬੁੱਤ ਦੀ ਘੁੰਡ ਚੁਕਾ੍ਈ ਮੌਕੇ ਪੰਜ ਪਿਆਰਿਆਂ ਨੇ ਅਰਦਾਸ ਕੀਤੀ
ਹਵਲਦਾਰ ਈਸ਼ਰ ਸਿੰਘ
ਤਸਵੀਰ ਕੈਪਸ਼ਨ, ਬੁੱਤਕਾਰ ਦਾ ਕਹਿਣਾ ਹੈ ਕਿ ਬੁੱਤ ਈਸ਼ਰ ਸਿੰਘ ਦਾ ਹੂਬਹੂ ਮੁਜੱਸਮਾ ਨਹੀਂ ਹੈ, ਕਿਉਂਕਿ ਉਨ੍ਹਾਂ ਦੀਆਂ ਜ਼ਿਆਦਾ ਤਸਵੀਰਾਂ ਨਹੀਂ ਮਿਲਦੀਆਂ

ਸਾਰਾਗੜ੍ਹੀ ਦੀ ਲੜਾਈ ਕਿਉਂ ਹੋਈ?

ਬੈਟਲ ਆਫ ਸਾਰਗੜ੍ਹੀ, ਕੇਸਰੀ, ਸਿੱਖ

ਤਸਵੀਰ ਸਰੋਤ, Iconic Battle of Saragarhi/Brig Kanwaljit Singh

ਤਸਵੀਰ ਕੈਪਸ਼ਨ, ਸਾਰਾਗੜ੍ਹੀ ਦੀ ਜੰਗ ਕਰੀਬ 7 ਘੰਟੇ ਚੱਲੀ

12 ਸਤੰਬਰ 1897 ਨੂੰ ਸਵੇਰੇ 8 ਵਜੇ ਸਾਰਾਗੜ੍ਹੀ ਕਿਲ੍ਹੇ ਦੇ ਸੰਤਰੀ ਨੇ ਦੌੜ ਕੇ ਅੰਦਰ ਖ਼ਬਰ ਦਿੱਤੀ ਕਿ ਹਜ਼ਾਰਾਂ ਪਠਾਣਾਂ ਦਾ ਇੱਕ ਲਸ਼ਕਰ ਝੰਡਿਆਂ ਅਤੇ ਨੇਜ਼ਿਆਂ (ਨਿਸ਼ਾਨ) ਦੇ ਨਾਲ ਉੱਤਰ ਵੱਲੋਂ ਸਾਰਾਗੜ੍ਹੀ ਕਿਲ੍ਹੇ ਵੱਲ ਵਧ ਰਿਹਾ ਹੈ।

ਕਿਲੇ ਦੀ ਸੁਰੱਖਿਆ ਲਈ ਬੰਗਾਲ ਇਨਫ਼ੈਂਟਰੀ ਦੀ ਛੱਤੀਵੀਂ (ਸਿੱਖ) ਰੈਜੀਮੈਂਟ ਦੇ 21 ਜਵਾਨ ਤਾਇਅਤ ਸਨ।

ਲੜਾਈ ਅਜੋਕੇ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਵਿੱਚ ਲੜੀ ਗਈ।

ਬ੍ਰਿਟਿਸ਼ ਸਰਕਾਰ ਵੱਲੋਂ ਲੜ ਰਹੇ 21 ਸਿੱਖ ਫ਼ੌਜੀਆਂ ਨੇ ਗੜ੍ਹੀ ਦੀ ਰਾਖੀ ਲਈ ਬਹਾਦਰੀ ਨਾਲ ਲਗਭਗ ਛੇ ਘੰਟਿਆਂ ਤੱਕ ਲੋਹਾ ਲਿਆ ਅਤੇ ਹਮਲੇ 'ਤੇ ਆਏ 10,000 ਵਿੱਚੋਂ 180 ਤੋਂ 200 ਅਫ਼ਗਾਨ ਹਮਲਾਵਰਾਂ ਨੂੰ ਮਾਰਿਆ।

ਵੀਡੀਓ ਕੈਪਸ਼ਨ, ਸਾਰਾਗੜ੍ਹੀ ਦੀ ਕਹਾਣੀ ਫ਼ੌਜੀ ਜਰਨੈਲ ਦੀ ਜ਼ੁਬਾਨੀ

ਸਾਰਾਗੜ੍ਹੀ ਦੀ ਲੜਾਈ ਨੂੰ ਦੁਨੀਆਂ ਦੀਆਂ ਚੁਨਿੰਦਾ ਲੜਾਈਆਂ ਵਿੱਚ ਗਿਣਿਆਂ ਜਾਂਦਾ ਹੈ। ਸਾਰੇ 21 ਸਿੱਖ ਫੌਜੀਆਂ ਨੂੰ ਮੌਤ ਤੋਂ ਮਗਰੋਂ ਉਸ ਸਮੇਂ ਦੇ ਬ੍ਰਿਟਿਸ਼ ਭਾਰਤ ਦਾ ਸਰਬਉੱਚ ਬਹਾਦਰੀ ਪੁਰਸਕਾਰ

"ਇੰਡੀਅਨ ਆਰਡਰ ਆਫ਼ ਮੈਰਿਟ" ਨਾਲ ਸਨਮਾਨਿਤ ਕੀਤਾ ਗਿਆ।

ਉਸ ਸਮੇਂ ਤੋਂ ਹਾਰ ਸਾਲ 12 ਸਿਤੰਬਰ ਨੂੰ ਭਾਰਤੀ ਫ਼ੌਜ ਦੀ ਚੌਥੀ ਸਿੱਖ ਰੈਜੀਮੈਂਟ ਵੱਲੋਂ ਸਾਰਾਗੜ੍ਹੀ ਦੀ ਲੜਾਈ ਦੀ ਬਰਸੀ ਮਨਾਈ ਜਾਂਦੀ ਹੈ।

ਸਾਰਾਗੜ੍ਹੀ ਦੀ ਲੜਾਈ ਦੀ ਯਾਦ ਵਿੱਚ ਇਕੱਲੋਤੀ ਯਾਦਗਾਰ ਉਪਿੰਘਮ ਸਕੂਲ ਦੇ ਚੈਪਲ 'ਤੇ ਲੱਗੀ ਇੱਕ ਪਲੇਕ ਹੈ। ਇਹ ਪਲੇਕ ਕਰਨਲ ਜੌਹਨ ਹਾਊਟਨ ਦੀ ਯਾਦ ਵਿੱਚ ਹੈ ਜੋ ਕਿ 36ਵੀਂ ਬਟਾਲੀਅਨ ਦੇ ਕਮਾਂਡੈਂਟ ਸਨ।

ਬੈਟਲ ਆਫ ਸਾਰਗੜ੍ਹੀ, ਕੇਸਰੀ, ਸਿੱਖ

ਤਸਵੀਰ ਸਰੋਤ, Iconic Battle of Saragarhi/Brig Kanwaljit Singh

ਤਸਵੀਰ ਕੈਪਸ਼ਨ, ਸਾਰਾਗੜ੍ਹੀ ਦੀ ਜੰਗ ਵਿੱਚ ਬ੍ਰਿਟੇਨ ਸਿਪਾਹੀਆੰ ਨੇ .303 ਲੀ ਮੈਟਫੋਰਡ ਰਾਇਫਲਾਂ ਦਾ ਇਸਤੇਮਾਲ ਕੀਤਾ ਸੀ

ਬੁੱਤ ਦੀ ਘੁੰਡ ਚੁਕਾਈ ਤੇ ਪਹੁੰਚੇ ਲੋਕਾਂ ਨੇ ਕੀ ਕਿਹਾ?

21 ਸਾਲ ਤਰਾਇਨ ਸਿੰਘ ਬਰਮਿੰਘਮ ਤੋਂ ਹਨ ਅਤੇ ਵੈਨੈਸਫ਼ੀਲਡ ਵਿੱਚ ਗੱਤਕਾ ਸਿੱਖਣ ਆਉਂਦੇ ਹਨ।

ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਬੁੱਤ ਤੋਂ ਲੋਕਾਂ ਨਾ ਸਿਰਫ਼ ਸਿੱਖਾਂ ਲਈ ਸਗੋਂ ਬ੍ਰਿਟਿਸ਼ਰਾਂ ਲਈ ਅਤੇ ਭਾਰਤੀਆਂ ਲਈ ਇੱਕ ਸਭ ਤੋਂ ਅਹਿਮ ਲੜਾਈ ਬਾਰੇ ਜਾਣ ਸਕਣਗੇ।

ਉਨ੍ਹਾਂ ਨੇ ਕਿਹਾ ਕਿ ਬੁੱਤ ਬਹੁਤ ਖ਼ੂਬਸੂਰਤ ਹੈ। 26 ਸਾਲਾ ਸਨਮੁੱਖ ਕੌਰ ਨੇ ਕਿਹਾ ਕਿ ਉਹ ਵੈਨੈਸਫ਼ੀਲਡ ਤੋਂ 20 ਮਿੰਟ ਦੀ ਦੂਰੀ ਤੇ ਰਹਿੰਦੇ ਹਨ ਅਤੇ ਬੁੱਤ ਦੀ ਘੁੰਡ ਚੁਕਾਈ ਦੇਖਣ ਇੱਥੇ ਪਹੁੰਚੇ ਹਨ।

ਹਵਲਦਾਰ ਈਸ਼ਰ ਸਿੰਘ
ਤਸਵੀਰ ਕੈਪਸ਼ਨ, ਬੁੱਤ ਦੇ ਥੜ੍ਹੇ ਉੱਪਰ ਸਾਰਾਗੜ੍ਹੀ ਦੀ ਲੜਾਈ ਵਿੱਚ ਮਾਰੇ ਗਏ, ਬ੍ਰਿਟਿਸ਼ ਫ਼ੌਜ ਵੱਲੋਂ ਲੜੇ 21 ਜਵਾਨਾਂ ਦੇ ਨਾਮ ਉਕੇਰੇ ਗਏ ਹਨ

ਉਨ੍ਹਾਂ ਨੇ ਕਿਹਾ ਕਿ ਇਸ ਨਾਲ ਲਕਾਂ ਨੂੰ ਜੰਗਾਂ ਵਿੱਚ ਬ੍ਰਿਟੇਨ ਲਈ ਸਿੱਖਾਂ ਦੀ ਭੂਮਿਕਾ ਬਾਰੇ ਸਿੱਖਿਅਤ ਕਰਨ ਵਿੱਚ ਮਦਦ ਮਿਲੇਗੀ।

ਉਨ੍ਹਾਂ ਨੇ ਕਿਹਾ ਕਿ ਮੁਜੱਸਮਾ ਸੌ ਫ਼ੀਸਦੀ ਇੱਕ ਸਿੱਖ ਸਿਪਾਹੀ ਨੂੰ ਰੂਪਮਾਨ ਕਰਦਾ ਹੈ।

ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਬੁੱਤ ਗੈਰ ਸਿੱਖਾਂ ਅਤੇ ਹੋਰ ਲੋਕਾਂ ਨੂੰ ਇਸ ਮਸ਼ਹੂਰ ਲੜਾਈ ਅਤੇ 21 ਸਿੱਖ ਸਿਪਾਹੀਆਂ ਦੀ ਬਹਦਾਰੀ ਬਾਰੇ ਸਿੱਖਿਅਤ ਕਰਨ ਵਿੱਚ ਮਦਦ ਕਰੇਗੀ।

ਹਵਲਦਾਰ ਈਸ਼ਰ ਸਿੰਘ

ਤਸਵੀਰ ਸਰੋਤ, WOLVERHAMPTON COUNCI

ਤਸਵੀਰ ਕੈਪਸ਼ਨ, ਬੁੱਤ ਉੱਪਰ ਲਗਭਗ ਇੱਕ ਲੱਖ ਬ੍ਰਿਟਿਸ਼ ਪੌਂਡ ਦਾ ਖ਼ਰਚਾ ਆਇਆ ਹੈ।

ਗੁਰਨਾਮ ਸਿੰਘ ਉੱਪਲ ਵੈਨਸਫ਼ੀਲਡ ਵਿੱਚ 40 ਸਾਲਾਂ ਤੋਂ ਰਹਿ ਰਹੇ ਹਨ। ਉਨ੍ਹਾਂ ਮੁਤਾਬਕ ਇਹ ਉਨ੍ਹਾਂ ਲਈ ਬਹੁਤ ਮਾਣ ਵਾਲੇ ਪਲ ਹਨ।

ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਵੱਲੋਂ ਹੁਣ ਤੱਕ ਦੇਖੇ ਗਏ ਸਾਰੇ ਬੁੱਤਾਂ ਵਿੱਚੋਂ ਸ਼ਾਹਕਾਰ ਬੁੱਤ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਵੈਨੈਸਫ਼ੀਲਡ ਦੇ ਹੋਰ ਨਾਗਰਿਕ ਵੀ ਇਸ ਪਲ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਹੁਣ ਜਦੋਂ ਇਹ ਆਖ਼ਰਕਾਰ ਹੁਣ ਹੋ ਗਿਆ ਹੈ ਤਾਂ ਉਨ੍ਹਾਂ ਕੋਲ ਆਪਣੀਆਂ ਭਾਵਨਾਵਾਂ ਤੇ ਖ਼ੁਸ਼ੀ ਦੱਸਣ ਲਈ ਸ਼ਬਦ ਨਹੀਂ ਹਨ।

70 ਸਾਲਾ ਜਰਨੈਲ ਕੌਰ ਨੇਕਿਹਾ ਕਿ ਕੁਝ ਦਹਾਕਿਆਂ ਤੋਂ ਵੈਨਸਫ਼ੀਲਡ ਵਿੱਚ ਰਹਿ ਰਹੇ ਹਨ ਅਤੇ ਇਸ ਇਤਿਹਾਸਕ ਪਲ ਵਿੱਚ ਸ਼ਰੀਰ ਹੋ ਕੇ ਖ਼ੁਸ਼ ਮਹਿਸੂਸ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਇੰਨੀਆਂ ਅਹਿਮ ਇਤਿਹਾਸਕ ਘਟਨਾਵਾਂ ਬਾਰੇ ਦੱਸਣ ਲਈ ਅਜਿਹੇ ਬੁੱਤਾਂ ਦਾ ਲੱਗਣਾ ਅਹਿਮ ਹੈ।

ਹਵਲਦਾਰ ਈਸ਼ਰ ਸਿੰਘ

ਬੁੱਤ ਲਈ ਚਾਲੀ ਸਾਲਾਂ ਦਾ ਸੰਘਰਸ਼

ਵੈਨਸਫ਼ੀਲਡ ਦੇ ਕਾਊਂਸਲਰ ਭੁਪਿੰਦਰ ਗਾਖਲ ਦਾ ਬਹੁਤ ਪੁਰਾਣਾ ਸੁਪਨਾ ਸੀ ਕਿ ਸਾਰਾਗੜ੍ਹੀ ਦੇ 21 ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਕਹਾਣੀ ਲੋਕਾਂ ਤੱਕ ਪਹੁੰਚੇ।

ਕਾਊਂਸਲਰ ਗਾਖਲ ਨੇ ਕਿਹਾ ਕਿ ਉਹ ਇਹ ਸੁਪਨਾ 14 ਸਾਲ ਦੀ ਉਮਰ ਤੋਂ ਸੰਜੋਅ ਰਹੇ ਸਨ।

ਭਾਰਤੀ ਸਟੇਟ ਬੈਂਕ ਦੀ ਇੱਕ ਸ਼ਾਖ਼ਾ ਵਿੱਚ ਉਨ੍ਹਾਂ ਨੇ ਇੱਕ ਕਲੰਡਰ ਦੇਖਿਆ ਸੀ ਜਿਸ ਵਿੱਚ ਇੱਕ ਸਿੱਖ ਖੰਡਰਾਂ ਵਿੱਚ ਖੜ੍ਹਾ ਸੀ। ਉਨ੍ਹਾਂ ਨੇ ਬੈਂਕ ਦੇ ਮੈਨੇਜਰ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ "ਪੁੱਤਰ ਇਹ ਸਾਡਾ ਇਤਿਹਾਸ ਹੈ, ਇਸ ਦੀ ਖੋਜ ਕਰੋ।

ਉਸ ਸਮੇਂ ਤੋਂ ਹੀ ਉਨ੍ਹਾਂ ਦੇ ਮਨ ਵਿੱਚ ਸਾਰਾਗੜ੍ਹੀ ਦੀ ਯਾਦਗਾਰ ਉਸਾਰੀ ਕਰਵਾਉਣਾ ਚਾਹੁੰਦੇ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਬੁੱਤ ਕਿਸ ਨੇ ਬਣਵਾਇਆ ਤੇ ਕਿੰਨਾ ਖ਼ਰਚਾ ਇਆ?

ਦਸ ਫੁੱਟ ਉੱਚਾ ਇਹ ਬੁੱਤ ਵੈਨਸਫੀਲਡ ਦੇ ਗੁਰੂ ਨਾਨਕ ਗੁਰਦੁਆਰੇ ਨੇ ਬਣਵਾਇਆ ਹੈ। ਇਸ ਨੂੰ 38 ਸਾਲਾ ਕਲਾਕਾਰ ਲੂਕ ਪੈਰੀ ਨੇ ਬਣਾਇਆ ਹੈ।

ਬੁੱਤ ਉੱਪਰ ਲਗਭਗ ਇੱਕ ਲੱਖ ਬ੍ਰਿਟਿਸ਼ ਪੌਂਡ ਦਾ ਖ਼ਰਚਾ ਆਇਆ ਹੈ। ਇਸ ਤੋਂ ਇਲਾਵਾ 36 ਹਜ਼ਾਰ ਬ੍ਰਿਟਿਸ਼ ਪੌਂਡ ਆਲੇ-ਦੁਆਲੇ ਦੀ ਸੁੰਦਰਤਾ ਉੱਪਰ ਖ਼ਰਚ ਆਏ ਹਨ।

ਲੂਕ ਪੈਰੀ ਇਸ ਤੋਂ ਪਹਿਲਾਂ ਲਾਇਨਸ ਆਫ਼ ਦਿ ਗਰੇਟ ਵਾਰ ਦਾ ਡਿਜ਼ਾਈਨ ਵੀ ਬਣਾ ਚੁੱਕੇ ਹਨ।

ਇਹ ਪਹਿਲੇ ਵਿਸ਼ਵ ਯੁੱਧ ਵਿੱਚ ਬ੍ਰਿਟੇਨ ਵੱਲੋਂ ਲੜਨ ਵਾਲੇ ਸਿੱਖ ਫ਼ੌਜੀਆਂ ਦੀ ਯਾਦਗਾਰ ਹੈ, ਜੋ ਕਿ ਸਾਊਥਵਿਕ ਦੇ ਗੁਰੂ ਨਾਨਕ ਗੁਰਦੁਆਰਾ ਅਤੇ ਸਥਾਨਕ ਸਿੱਖ ਸੰਗਤ ਵੱਲੋਂ ਫੰਡ ਕੀਤੀ ਗਈ ਸੀ।

ਹਵਲਦਾਰ ਈਸ਼ਰ ਸਿੰਘ
ਤਸਵੀਰ ਕੈਪਸ਼ਨ, ਦਸ ਫੁੱਟ ਉੱਚਾ ਇਹ ਬੁੱਤ ਵੈਨਸਫੀਲਡ ਦੇ ਗੁਰੂ ਨਾਨਕ ਗੁਰਦੁਆਰੇ ਵੱਲੋਂ ਬਣਵਾਏ ਇਸ ਬੁੱਤ ਨੂੰ ਕਲਾਕਾਰ ਲੂਕ ਪੈਰੀ ਨੇ ਤਿਆਰ ਕੀਤਾ ਹੈ।

ਨਵੀਂ ਯਾਦਗਾਰ ਲਈ ਫੰਡ ਵੈਨੈਸਫ਼ੀਲਡ ਦੀ ਸੰਗਤ ਤੋਂ ਇਕੱਠਾ ਕੀਤਾ ਗਿਆ ਅਤੇ ਵੁਲਵਰੈਂਪਟਨ ਕਾਊਂਸਲ ਨੇ ਵੀ 35,000 ਪੌਂਡ ਦਾ ਸਹਿਯੋਗ ਦਿੱਤਾ ਹੈ।

ਇਹ ਬੁੱਤ ਹਵਲਦਾਰ ਈਸ਼ਰ ਸਿੰਘ ਜਾਂ ਲੜਾਈ ਵਿੱਚ ਸ਼ਾਮਲ ਕਿਸੇ ਹੋਰ ਫ਼ੌਜੀ ਦਾ ਹੂਬਹੂ ਮੁਜੱਸਮਾ ਨਹੀਂ ਹੈ ਕਿਉਂਕਿ ਉਨ੍ਹਾਂ ਦੀਆਂ ਬਹੁਤੀਆਂ ਤਸਵੀਰਾਂ ਨਹੀਂ ਮਿਲਦੀਆਂ ਹਨ।

ਇਸ ਲਈ ਇਹ ਬੁੱਤ ਕਲਾਕਾਰ ਦੀ ਕਲਪਨਾ 'ਤੇ ਅਧਾਰਿਤ ਹੈ।

ਪੈਰੀ ਨੇ ਕਿਹਾ,"ਇਹ ਬੁੱਤ ਤੁਰੰਤ ਪਛਾਣੀ ਨਹੀਂ ਜਾਂਦੀ ਇਸ ਲਈ ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਇਹ ਮੇਰੇ ਦਾਦੇ-ਨਾਨੇ ਵਰਗੀ ਹੈ। ਇਸ ਬੁੱਤ ਨਾਲ ਅਪਣਤ ਪਾਉਣੀ ਸੁਖਾਲੀ ਹੈ। ਸਾਰਾਗੜ੍ਹੀ ਵਰਗੀਆਂ ਕਲਾਕ੍ਰਤੀਆਂ ਨਾਲ ਮੈਂ ਸਾਡੇ ਭਾਈਚਾਰਿਆਂ ਦੇ ਉਨ੍ਹਾਂ ਬੇਨੁਮਾਇੰਦਾ ਪਰ ਜ਼ਰੂਰੀ ਤੇ ਅਸਲੀ ਲੋਕਾਂ ਦੀ ਯਾਦਗਾਰ ਬਣਾਉਣਾ ਚਾਹੁੰਦਾ ਹਾਂ। (ਕਿਉਂਕਿ) ਜਦੋਂ ਤੁਸੀਂ ਲੋਕਾਂ ਨੂੰ ਨੁਮਾਇੰਦਗੀ ਦਿੰਦੇ ਹੋ ਤਾਂ ਤੁਸੀਂ ਉਨ੍ਹਾਂ ਨੂੰ ਸਸ਼ਕਤ ਬਣਾਉਂਦੇ ਹੋ।"

ਬ੍ਰਿਟੇਨ ਵਿੱਚ ਭਾਰਤੀਆਂ ਦੇ ਬੁੱਤ

ਮਹਾਤਮਾ ਗਾਂਧੀ

ਮਹਾਤਮਾ ਗਾਂਧੀ

ਤਸਵੀਰ ਸਰੋਤ, SKV COMMUNICATIONS

ਤਸਵੀਰ ਕੈਪਸ਼ਨ, ਮੈਨਚੈਸਟਰ ਵਿੱਚ ਗਾਂਧੀ ਦਾ ਬੁੱਤ

ਮਹਾਤਮਾ ਗਾਂਧੀ ਦੀ ਸੌਵੀਂ ਜਨਮ ਸਾਲਗਿਰ੍ਹਾ ਮੌਕੇ 1968 ਵਿੱਚ ਲੰਡਨ ਦੇ ਤਾਵਿਸਟੌਕ ਵਿੱਚ ਉਨ੍ਹਾਂ ਦਾ ਬੁੱਤ ਲਗਾਇਆ ਗਿਆ।

ਉਨ੍ਹਾਂ ਦਾ ਇੱਕ ਹੋਰ ਬੁੱਤ ਵੈਸਟਮਿਨਸਟਰ, ਲੰਡਨ ਦੇ ਪਾਰਲੀਮੈਂਟ ਸੁਕੁਏਰ ਵਿੱਚ ਲੱਗਿਆ ਹੋਇਆ ਹੈ, ਜਿਸ ਦਾ ਉਦਘਾਟਨ ਭਾਰਤ ਦੇ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ 14 ਮਾਰਚ 2015 ਨੂੰ ਕੀਤਾ ਸੀ। ਇਸ ਲਈ ਪੁਰਸਕਾਰ ਜੇਤੂ ਸਕੌਟਿਸ਼ ਬੁੱਤਕਾਰ ਫਿਲਿਪ ਜੈਕਸਨ ਨੇ ਬਣਾਇਆ ਸੀ।

ਮਹਾਤਮਾ ਗਾਂਧੀ ਦੀ 150ਵੀਂ ਜਨਮ ਸਾਲਗਿਰ੍ਹਾ ਮੌਕੇ ਉਨ੍ਹਾਂ ਦਾ ਇੱਕ ਹੋਰ ਬੁੱਤ ਮੈਨਚੈਸਟਰ ਵਿੱਚ ਲਾਇਆ ਗਿਆ। ਗਾਂਧੀ 1931 ਵਿੱਚ ਮੈਨਚੈਸਟਰ ਗਏ ਸਨ।

ਬ੍ਰਿਟੇਨ ਦੇ ਲਿਚੈਸਟਰ ਵਿੱਚ ਗਾਂਧੀ ਦਾ ਇੱਕ ਹੋਰ ਬੁੱਤ ਸਥਾਨਕ ਲੋਕਾਂ ਵੱਲੋਂ ਸਾਲ 2009 ਵਿੱਚ ਲਗਾਇਆ ਗਿਆ।

ਰਾਜਾ ਰਾਮ ਮੋਹਨ ਰਾਏ

ਰਾਜਾ ਰਾਮ ਮੋਹਨ ਰਾਏ
ਤਸਵੀਰ ਕੈਪਸ਼ਨ, ਰਾਜਾ ਰਾਮ ਮੋਹਨ ਰਾਏ

ਰਾਜਾ ਰਾਮ ਮੋਹਨ ਰਾਏ ਦੀ ਸਮਾਧ ਬ੍ਰਿਸਟਲ ਵਿੱਚ ਹੈ, ਜਿੱਥੇ ਸਾਲ 1833 ਵਿੱਚ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ ਸੀ।

ਇਹ ਬੁੱਤ 1997 ਵਿੱਚ ਬ੍ਰਿਸਟਲ ਕੈਥੇਡਰਲ ਦੇ ਨਜ਼ਦੀਕ ਕਾਲਜ ਗਰੀਨ ਵਿੱਚ ਲਾਇਆ ਗਿਆ ਹੈ।

ਨੂਰ ਇਨਾਇਤ ਖ਼ਾਨ

ਨੂਰ ਇਨਾਇਤ ਖ਼ਾਨ ਦਾ ਬਸਟ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਨੂਰ ਇਨਾਇਤ ਖ਼ਾਨ ਦਾ ਬਸਟ

ਦੂਜੇ ਵਿਸ਼ਵ ਯੁੱਧ ਵਿੱਚ ਭਾਰਤੀ ਮੂਲ ਦੀ ਬ੍ਰਟਿਸ਼ ਜਸੂਸ ਨੂਰ ਇਨਾਇਤ ਖ਼ਾਨ ਨੂੰ ਫਰਾਂਸ ਵਿੱਚ ਫੜ ਲਿਆ ਗਿਆ ਅਤੇ ਤਸੀਹੇ ਦੇਣ ਮਗਰੋਂ ਜਰਮਨਾਂ ਨੇ ਗੋਲੀ ਮਾਰ ਦਿੱਤੀ।

ਉਨ੍ਹਾਂ ਦਾ ਬੁੱਤ 8 ਅਗਸਤ 2012 ਨੂੰ ਉਨ੍ਹਾਂ ਦਾ ਇੱਕ ਬਸਟ ਲੰਡਨ ਵਿੱਚ ਲਗਾਇਆ ਗਿਆ।

ਨੂਰ ਇਨਾਇਤ ਨੂੰ 10 ਮਹੀਨਿਆਂ ਤੱਕ ਤਸੀਹੇ ਦਿੱਤੇ ਗਏ ਪਰ ਉਨ੍ਹਾਂ ਨੇ ਇੱਕ ਵੀ ਭੇਤ ਦੁਸ਼ਮਣ ਨੂੰ ਨਹੀਂ ਦਿੱਤਾ।

ਉਨ੍ਹਾਂ ਨੂੰ ਮੌਤ ਮਗਰੋਂ ਬ੍ਰਿਟੇਨ ਦੇ ਸਰਬਉੱਚ ਬਹਾਦਰੀ ਪੁਰਸਕਾਰ "ਜੌਰਜ ਕਰੌਸ" ਨਾਲ ਸਨਮਾਨਿਤ ਕੀਤਾ ਗਿਆ।

ਲੜਾਕੂ ਜਹਾਜ਼ ਪਾਇਲਟ ਮਹਿੰਦਰ ਸਿੰਘ ਪੁੱਜੀ

ਲੜਾਕੂ ਜਹਾਜ਼ ਪਾਇਲਟ ਮਹਿੰਦਰ ਸਿੰਘ ਪੁੱਜੀ
ਤਸਵੀਰ ਕੈਪਸ਼ਨ, ਲੜਾਕੂ ਜਹਾਜ਼ ਪਾਇਲਟ ਮਹਿੰਦਰ ਸਿੰਘ ਪੁੱਜੀ ਦਾ ਬੁੱਤ

ਸਕੁਐਡਰਨ ਲੀਡਰ ਮਹਿੰਦਰ ਸਿੰਘ ਪੁੱਜੀ ਦਾ ਬੁੱਤ 28 ਨਵੰਬਰ 2014 ਨੂੰ ਲਗਾਇਆ ਗਿਆ।

ਮਹਿੰਦਰ ਸਿੰਘ 1940 ਵਿੱਚ ਬ੍ਰਿਟੇਨ ਪਹੁੰਚਣ ਵਾਲੇ 24 ਭਾਰਤੀ ਪਾਇਲਟਾਂ ਵਿੱਚੋਂ ਸਭ ਤੋਂ ਲੰਬੀ ਉਮਰ ਭੋਗਣ ਵਾਲੇ ਪਾਇਲਟ ਸਨ।

ਉਨ੍ਹਾਂ ਦੀ 92 ਸਾਲ ਦੀ ਉਮਰ ਵਿੱਚ ਸੰਨ 2014 ਵਿੱਚ ਗਰੇਵਸੈਂਡ ਵਿੱਚ ਮੌਤ ਹੋਈ।

ਉਨ੍ਹਾਂ ਦਾ ਬੁੱਤ 1914 ਦੇ ਸੰਘਰਸ਼ ਵਿੱਚ ਬ੍ਰਿਟੇਨ ਲਈ ਲੜਨ ਵਾਲੇ ਸਮੂਹ ਫ਼ੌਜੀਆਂ ਦੀ ਯਾਦ ਵਿੱਚ ਲਗਾਇਆ ਗਿਆ।

ਭਾਵੇਸ਼ਵਰ ਦਾ ਬੁੱਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12ਵੀਂ ਸਦੀ ਦੇ ਵਿਚਾਰਕ ਅਤੇ ਸਿਆਸਤਦਾਨ ਭਾਵੇਸ਼ਵਰਾ ਦੇ ਬੁੱਤ ਦੀ ਘੁੰਡ ਚੁਕਾਈ ਲੰਡਨ ਵਿੱਚ ਟੇਮਜ਼ ਦਰਿਆ ਦੇ ਦੱਖਣੀ ਕੰਢੇ ਉੱਪਰ 14 ਨਵੰਬਰ 2015 ਨੂੰ ਕੀਤੀ।

ਭਾਵੇਸ਼ਵਰ ਨੇ ਆਪਣੇ ਸਮੇਂ ਵਿੱਚ ਜਾਤ ਅਤੇ ਧਰਮ ਦੇ ਵਿਤਕਰੇ ਤੋਂ ਮੁਕਤ ਸਮਾਜ ਦੀ ਸਿਰਜਣਾ ਕਰਨ ਦੀ ਕੋਸ਼ਿਸ਼ ਕੀਤੀ ਸੀ।

ਵੀਡੀਓ ਕੈਪਸ਼ਨ, ਪਹਿਲੀ ਸੰਸਾਰ ਜੰਗ 'ਚ ਕਿੰਨੀ ਅਹਿਮ ਸੀ ਭਾਰਤੀ ਫ਼ੌਜੀਆਂ ਦੀ ਭੁਮਿਕਾ

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)