ਸਾਰਾਗੜ੍ਹੀ ਦਿਵਸ : ਜਦੋਂ 21 ਸਿੱਖ ਜਵਾਨ ਹਜ਼ਾਰਾਂ ਲੜਾਕਿਆਂ ਦੇ ਸਾਹਮਣੇ ਡਟੇ ਸੀ

ਤਸਵੀਰ ਸਰੋਤ, WOLVERHAMPTON COUNCIL
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਪੱਤਰਕਾਰ
12 ਸਤੰਬਰ 1897 ਨੂੰ ਸਵੇਰੇ 8 ਵਜੇ ਸਾਰਾਗੜ੍ਹੀ ਕਿਲ੍ਹੇ ਦੇ ਸੰਤਰੀ ਨੇ ਦੌੜ ਕੇ ਅੰਦਰ ਖ਼ਬਰ ਦਿੱਤੀ ਕਿ ਹਜ਼ਾਰਾਂ ਪਠਾਣਾਂ ਦਾ ਇੱਕ ਲਸ਼ਕਰ ਝੰਡਿਆਂ ਅਤੇ ਨੇਜ਼ਿਆਂ (ਨਿਸ਼ਾਨ) ਦੇ ਨਾਲ ਉੱਤਰ ਵੱਲੋਂ ਸਾਰਾਗੜ੍ਹੀ ਕਿਲ੍ਹੇ ਵੱਲ ਵਧ ਰਿਹਾ ਹੈ।
ਉਨ੍ਹਾਂ ਦੀ ਗਿਣਤੀ 8 ਹਜ਼ਾਰ ਤੋਂ 14 ਹਜ਼ਾਰ ਵਿਚਾਲੇ ਸੀ।
ਸੰਤਰੀ ਨੂੰ ਫੌਰਨ ਅੰਦਰ ਲਿਆ ਗਿਆ ਅਤੇ ਸੈਨਿਕਾਂ ਦੀ ਅਗਵਾਈ ਕਰ ਰਹੇ ਹਵਲਦਾਰ ਈਸ਼ਰ ਸਿੰਘ ਨੇ ਸਿਗਨਲ ਮੈਨ ਗੁਰਮੁਖ ਸਿੰਘ ਨੂੰ ਆਦੇਸ਼ ਦਿੱਤਾ ਕਿ ਨੇੜੇ ਦੇ ਕਿਲ੍ਹੇ ਲੋਕਹਾਰਟ 'ਚ ਤਾਇਨਾਤ ਅੰਗਰੇਜ਼ ਅਧਿਕਾਰੀਆਂ ਨੂੰ ਤੁਰੰਤ ਹਾਲਾਤ ਤੋਂ ਜਾਣੂ ਕਰਵਾਇਆ ਜਾਵੇ ਅਤੇ ਉਨ੍ਹਾਂ ਕੋਲੋਂ ਪੁੱਛਿਆ ਜਾਵੇ ਕਿ ਉਨ੍ਹਾਂ ਲਈ ਕੀ ਹੁਕਮ ਹੈ?
ਕਰਨਲ ਹਾਟਨ ਨੇ ਹੁਕਮ ਦਿੱਤਾ, "ਹੋਲਡ ਯੋਰ ਪੋਜ਼ੀਸ਼ਨ", ਯਾਨਿ ਆਪਣੀ ਥਾਂ 'ਤੇ ਡਟੇ ਰਹੋ। ਇੱਕ ਘੰਟੇ ਅੰਦਰ ਕਿਲ੍ਹੇ ਨੂੰ ਤਿੰਨਾਂ ਪਾਸਿਓਂ ਘੇਰ ਲਿਆ ਗਿਆ ਅਤੇ ਓਰਕਜ਼ਈਆਂ ਦਾ ਇੱਕ ਸੈਨਿਕ ਹੱਥ 'ਚ ਚਿੱਟਾ ਝੰਡਾ ਲਈ ਕਿਲ੍ਹੇ ਵੱਲ ਵਧਿਆ।
ਉਸ ਨੇ ਚੀਕ ਕੇ ਕਿਹਾ, "ਸਾਡੀ ਤੁਹਾਡੇ ਨਾਲ ਕੋਈ ਜੰਗ ਨਹੀਂ ਹੈ। ਸਾਡੀ ਜੰਗ ਅੰਗਰੇਜ਼ਾਂ ਨਾਲ ਹੈ। ਤੁਸੀਂ ਗਿਣਤੀ ਵਿੱਚ ਬਹੁਤ ਘੱਟ ਹੋ, ਮਾਰੇ ਜਾਓਗੇ। ਸਾਡੇ ਸਾਹਮਣੇ ਹਥਿਆਰ ਸੁੱਟ ਦਿਓ। ਅਸੀਂ ਤੁਹਾਡਾ ਖ਼ਿਆਲ ਰੱਖਾਂਗੇ ਅਤੇ ਤੁਹਾਨੂੰ ਇੱਥੋਂ ਸੁਰੱਖਿਅਤ ਨਿਕਲਣ ਦਾ ਰਸਤਾ ਦੇਵਾਂਗੇ।"
ਬਾਅਦ 'ਚ ਬ੍ਰਿਟਿਸ਼ ਫੌਜ਼ ਦੇ ਮੇਜਰ ਜਨਰਲ ਜੈਮਸ ਲੰਟ ਨੇ ਇਸ ਜੰਗ ਬਾਰੇ ਦੱਸਦੇ ਹੋਏ ਲਿਖਿਆ, "ਈਸ਼ਰ ਸਿੰਘ ਨੇ ਇਸ ਪੇਸ਼ਕਸ਼ ਦਾ ਜਵਾਬ ਓਰਕਜ਼ਈਆਂ ਦੀ ਹੀ ਭਾਸ਼ਾ ਪਸ਼ਤੋ ਵਿੱਚ ਦਿੱਤਾ।”
“ਉਨ੍ਹਾਂ ਦੀ ਭਾਸ਼ਾ ਨਾ ਸਿਰਫ਼ ਸਖ਼ਤ ਸੀ ਬਲਕਿ ਗਾਲ੍ਹਾਂ ਨਾਲ ਭਰੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਇਹ ਅੰਗਰੇਜ਼ਾਂ ਦੀ ਨਹੀਂ ਮਹਾਰਾਜਾ ਰਣਜੀਤ ਸਿੰਘ ਦੀ ਜ਼ਮੀਨ ਹੈ ਅਤੇ ਅਸੀਂ ਇਸ ਦੀ ਆਖ਼ਰੀ ਸਾਹ ਤੱਕ ਰੱਖਿਆ ਕਰਾਂਗੇ।"

ਕਿਉਂ ਹੋਈ ਸੀ ਸਾਰਾਗੜ੍ਹੀ ਦੀ ਜੰਗ
ਸਾਰਾਗੜ੍ਹੀ ਦਾ ਕਿਲ੍ਹਾ ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਖੇਤਰ ਕੋਹਾਟ ਜਿਲ੍ਹੇ 'ਚ ਕਰੀਬ 6 ਹਜ਼ਾਰ ਫੁੱਟ ਦੀ ਉਚਾਈ 'ਤੇ ਹੈ।
ਇਹ ਉਹ ਇਲਾਕਾ ਹੈ ਜਿੱਥੇ ਰਹਿਣ ਵਾਲੇ ਲੋਕਾਂ 'ਤੇ ਅੱਜ ਤੱਕ ਕਿਸੇ ਸਰਕਾਰ ਦਾ ਰਾਜ਼ ਨਹੀਂ ਹੋ ਸਕਿਆ।
1880 ਦੇ ਦਹਾਕੇ ਵਿੱਚ ਅੰਗਰੇਜ਼ਾਂ ਨੇ ਇੱਥੇ ਤਿੰਨ ਚੌਂਕੀਆਂ ਬਣਾਈਆਂ, ਜਿਸ ਦਾ ਸਥਾਨਕ ਓਰਕਜ਼ਈ ਲੋਕਾਂ ਨੇ ਵਿਰੋਧ ਕੀਤਾ ਜਿਸ ਕਾਰਨ ਅੰਗਰੇਜ਼ਾਂ ਨੂੰ ਉਹ ਚੌਂਕੀਆਂ ਖਾਲੀ ਕਰਨੀਆਂ ਪਈਆਂ ਸਨ।
1891 ਵਿੱਚ ਅੰਗਰੇਜ਼ਾਂ ਨੇ ਉੱਥੇ ਮੁੜ ਤੋਂ ਮੁਹਿੰਮ ਚਲਾਈ, ਰਬੀਆ ਖੇਡ ਨਾਲ ਉਨ੍ਹਾਂ ਦਾ ਸਮਝੌਤਾ ਹੋਇਆ ਤੇ ਉਨ੍ਹਾਂ ਨੂੰ ਗੁਲਿਸਤਾਂ, ਲੌਕਹਾਰਟ ਅਤੇ ਸਾਰਾਗੜ੍ਹੀ 'ਚ ਤਿੰਨ ਛੋਟੇ ਕਿਲ੍ਹੇ ਬਣਾਉਣ ਦੀ ਮਨਜ਼ੂਰੀ ਮਿਲ ਗਈ।
ਪਰ ਸਥਾਨਕ ਓਰਕਜ਼ਈ ਲੋਕਾਂ ਨੇ ਇਸ ਨੂੰ ਕਦੇ ਪਸੰਦ ਨਹੀਂ ਕੀਤਾ। ਉਹ ਇਨ੍ਹਾਂ ਟਿਕਾਣਿਆਂ 'ਤੇ ਲਗਾਤਾਰ ਹਮਲੇ ਕਰਦੇ ਰਹੇ ਤਾਂ ਜੋ ਅੰਗਰੇਜ਼ ਉਥੋਂ ਭੱਜ ਜਾਣ।
3 ਸਤੰਬਰ 1897 ਨੂੰ ਪਠਾਣਾਂ ਦੇ ਵੱਡੇ ਲਸ਼ਕਰ ਨੇ ਇਨ੍ਹਾਂ ਤਿੰਨਾਂ ਕਿਲ੍ਹਿਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਕਰਨਲ ਹਾਟਨ ਨੇ ਕਿਸੇ ਤਰ੍ਹਾਂ ਹਾਲਾਤ ਨੂੰ ਸੰਭਾਲ ਲਿਆ।
ਪਰ 12 ਸਤੰਬਰ ਨੂੰ ਓਰਕਜ਼ਈਆਂ ਨੇ ਗੁਲਿਸਤਾਂ, ਲੌਕਹਾਰਟ ਅਤੇ ਸਾਰਾਗੜ੍ਹੀ ਤਿੰਨ੍ਹਾਂ ਕਿਲ੍ਹਿਆਂ ਨੂੰ ਘੇਰ ਲਿਆ ਅਤੇ ਲੌਕਹਾਰਟ ਤੇ ਗੁਲਿਸਤਾਂ ਨੂੰ ਸਾਰਾਗੜ੍ਹੀ ਤੋਂ ਵੱਖ ਕਰ ਦਿੱਤਾ।

ਤਸਵੀਰ ਸਰੋਤ, Iconic Battle of Saragarhi/Brig Kanwaljit Singh
'ਫਾਇਰਿੰਗ ਰੇਂਜ'
ਓਰਕਜ਼ਈਆਂ ਦਾ ਪਹਿਲਾਂ ਫਾਇਰ ਠੀਕ 9 ਵਜੇ ਆਇਆ।
ਸਾਰਾਗੜ੍ਹੀ ਜੰਗ 'ਤੇ ਪ੍ਰਸਿੱਧ ਕਿਤਾਬ 'ਦਿ ਆਈਕਨ ਬੈਟਲ ਆਫ ਸਾਰਾਗੜ੍ਹੀ' ਲਿਖਣ ਵਾਲੇ ਬ੍ਰਿਗੇਡੀਅਰ ਕੰਵਲਜੀਤ ਸਿੰਘ ਦੱਸਦੇ ਹਨ, "ਹਵਲਦਾਰ ਈਸ਼ਰ ਸਿੰਘ ਨੇ ਆਪਣੇ ਜਵਾਨਾਂ ਨੂੰ ਆਦੇਸ਼ ਦਿੱਤਾ ਕਿ ਗੋਲੀ ਨਾ ਚਲਾਈ ਜਾਵੇ ਅਤੇ ਪਠਾਨਾਂ ਨੂੰ ਅੱਗੇ ਆਉਣ ਦਿੱਤਾ ਜਾਵੇ।”
“ਉਨ੍ਹਾਂ 'ਤੇ ਉਦੋਂ ਗੋਲੀਬਾਰੀ ਕੀਤੀ ਜਦੋਂ ਉਹ 1000 ਗਜ਼ ਯਾਨਿ ਉਨ੍ਹਾਂ ਦੀ 'ਫਾਇਰਿੰਗ ਰੇਂਜ' 'ਚ ਆ ਜਾਣ।"
"ਸਿੱਖ ਜਵਾਨਾਂ ਕੋਲ ਸਿੰਗਲ ਸ਼ੌਟ 'ਮਾਰਟਿਨੀ ਹੇਨਰੀ .303' ਰਾਈਫਲਾਂ ਸਨ, ਜੋ ਇੱਕ ਮਿੰਟ ਵਿੱਚ 10 ਰਾਊਂਡ ਫਾਇਰ ਕਰ ਸਕਦੀ ਸੀ। ਹਰੇਕ ਸੈਨਿਕ ਕੋਲ 400 ਗੋਲੀਆਂ ਸਨ, 100 ਉਨ੍ਹਾਂ ਦੀਆਂ ਜੇਬਾਂ ਵਿੱਚ ਅਤੇ 300 ਰਿਜ਼ਰਵ ਵਿੱਚ।”
“ਉਨ੍ਹਾਂ ਨੇ ਪਠਾਣਾਂ ਨੂੰ ਆਪਣੀਆਂ ਰਾਈਫਲਾਂ ਦੀ ਰੇਂਜ 'ਚ ਆਉਣ ਦਿੱਤਾ ਅਤੇ ਫਿਰ ਉਨ੍ਹਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।"

ਤਸਵੀਰ ਸਰੋਤ, Iconic Battle of Saragarhi/Brig Kanwaljit Singh
ਪਠਾਣਾਂ ਦਾ ਪਹਿਲਾ ਹਮਲਾ ਅਸਫ਼ਲ ਰਿਹਾ
ਪਹਿਲੇ ਇੱਕ ਘੰਟੇ 'ਚ ਹੀ ਪਠਾਨਾਂ ਦੇ 60 ਸੈਨਿਕ ਮਾਰੇ ਗਏ ਸਨ ਅਤੇ ਸਿੱਖਾਂ ਵੱਲੋਂ ਸਿਪਾਹੀ ਭਗਵਾਨ ਸਿੰਘ ਦੀ ਮੌਤ ਹੋ ਗਈ ਸੀ ਅਤੇ ਨਾਇਕ ਲਾਲ ਸਿੰਘ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਸਨ।
ਪਠਾਣਾਂ ਦਾ ਪਹਿਲਾ ਹਮਲਾ ਅਸਫ਼ਲ ਹੋ ਗਿਆ, ਉਹ ਬਿਨਾਂ ਕਿਸੇ ਮਕਸਦ ਦੇ ਇਧਰ-ਉਧਰ ਦੌੜਣ ਲੱਗੇ ਪਰ ਉਨ੍ਹਾਂ ਨੇ ਸਿੱਖਾਂ 'ਤੇ ਗੋਲੀ ਚਲਾਉਣੀ ਬੰਦ ਨਹੀਂ ਕੀਤੀ।
ਸਿੱਖ ਵੀ ਉਨ੍ਹਾਂ ਦਾ ਮੂੰਹ ਤੋੜ ਜਵਾਬ ਦੇ ਰਹੇ ਸਨ ਪਰ ਹਜ਼ਾਰਾਂ ਫਾਇਰ ਕਰਦਿਆਂ ਹੋਇਆ ਪਠਾਨਾਂ ਦੇ ਸਾਹਮਣੇ 21 ਰਾਇਫਲਾਂ ਦੀ ਕੀ ਪੇਸ਼ ਸੀ? ਅਤੇ ਫਿਰ ਕਿੰਨੇ ਸਮੇਂ ਤੱਕ?

ਤਸਵੀਰ ਸਰੋਤ, Iconic Battle of Saragarhi/Brig Kanwaljit Singh
ਪਠਾਣਾਂ ਨੇ ਘਾਹ 'ਚ ਲਗਾਈ ਅੱਗ
ਉਦੋਂ ਉੱਤਰ ਵੱਲੋਂ ਚੱਲਣ ਵਾਲੀਆਂ ਤੇਜ਼ ਹਵਾਵਾਂ ਨਾਲ ਪਠਾਣਾਂ ਨੂੰ ਬਹੁਤ ਮਦਦ ਮਿਲ ਗਈ। ਉਨ੍ਹਾਂ ਨੇ ਘਾਹ 'ਚ ਅੱਗ ਲਗਾ ਦਿੱਤੀ ਅਤੇ ਉਨ੍ਹਾਂ ਦੀਆਂ ਲਪਟਾਂ ਕਿਲ੍ਹੇ ਦੀਆਂ ਕੰਧਾਂ ਵੱਲ ਵਧਣ ਲਗੀਆਂ।
ਧੂੰਏ ਦਾ ਸਹਾਰਾ ਲੈਂਦਿਆਂ ਹੋਇਆਂ ਪਠਾਣ ਕਿਲ੍ਹੇ ਦੀਆਂ ਕੰਧਾਂ ਕੋਲ ਆ ਗਏ ਪਰ ਸਿੱਖਾਂ ਵੱਲੋਂ ਨਿਸ਼ਾਨਾ ਲਾ ਕੇ ਕੀਤੀ ਜਾ ਰਹੀ ਸਟੀਕ ਫਾਇਰਿੰਗ ਕਾਰਨ ਉਨ੍ਹਾਂ ਨੂੰ ਪਿੱਛੇ ਹਟਨਾ ਪਿਆ।
ਉਸ ਵਿਚਾਲੇ ਸਿੱਖ ਖੇਮੇ ਵਿੱਚ ਵੀ ਜਖ਼ਮੀਆਂ ਦੀ ਗਿਣਤੀ ਵਧਦੀ ਜਾ ਰਹੀ ਸੀ। ਸਿਪਾਹੀ ਬੂਟਾ ਸਿੰਘ ਅਤੇ ਸੁੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ।

ਤਸਵੀਰ ਸਰੋਤ, Iconic Battle of Saragarhi/Brig Kanwaljit Singh
ਗੋਲੀਆਂ ਬਚਾ ਕੇ ਰੱਖਣ ਦਾ ਆਦੇਸ਼
ਸਿਗਨਲ ਮੈਨ ਗੁਰਮੁਖ ਸਿੰਘ ਲਗਾਤਾਰ ਕਰਨਲ ਹਾਟਨ ਨੂੰ ਸੰਕੇਤਕ ਭਾਸ਼ਾ ਵਿੱਚ ਦੱਸ ਰਹੇ ਸਨ ਕਿ ਪਠਾਣ ਇੱਕ ਹੋਰ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ ਅਤੇ ਸਾਡੀ ਗੋਲੀਆਂ ਖ਼ਤਮ ਹੋ ਰਹੀਆਂ ਹਨ।
ਕਰਨਲ ਨੇ ਜਵਾਬ ਦਿੱਤਾ, “ਅੰਨ੍ਹੇਵਾਹ ਗੋਲੀਆਂ ਨਾ ਚਲਾਈਆਂ ਜਾਣ। ਜਦੋਂ ਤੁਸੀਂ ਬਿਲਕੁਲ ਨਿਸ਼ਚਿਤ ਹੋਵੋ ਕਿ ਗੋਲੀ ਦੁਸ਼ਮਣ ਨੂੰ ਲੱਗੇਗੀ, ਤਾਂ ਹੀ ਗੋਲੀਆਂ ਚਲਾਈਆਂ ਜਾਣ। ਅਸੀਂ ਕੋਸ਼ਿਸ਼ ਕਰ ਰਹੇ ਹਨ ਕਿ ਕਿਸੇ ਤਰ੍ਹਾਂ ਕੁਝ ਮਦਦ ਤੁਹਾਡੇ ਤੱਕ ਪਹੁੰਚਾਈ ਜਾਵੇ।”
ਅਮਰਿੰਦਰ ਸਿੰਘ ਆਪਣੀ ਕਿਤਾਬ 'ਸਾਰਾਗੜ੍ਹੀ ਐਂਡ ਦਿ ਡਿਫੈਂਸ ਆਫ ਦਿ ਸਾਮਨਾ ਫੋਰਟ' ਵਿੱਚ ਲਿਖਦੇ ਹਨ, "ਲੌਕਹਾਰਟ ਕਿਲ੍ਹੇ ਨਾਲ ਰਾਇਲ ਆਇਰਿਸ਼ ਰਾਇਫਲ ਦੇ 13 ਜਵਾਨਾਂ ਨੇ ਅੱਗੇ ਵੱਧ ਕੇ ਸਾਰਾਗੜ੍ਹੀ 'ਤੇ ਮੌਜੂਦ ਜਵਾਨਾਂ ਦੀ ਮਦਦ ਕਰਨ ਬਾਰੇ ਸੋਚਿਆ।"
"ਪਰ ਉਨ੍ਹਾਂ ਨੂੰ ਤੁਰੰਤ ਅਹਿਸਾਸ ਹੋ ਗਿਆ ਕਿ ਉਨ੍ਹਾਂ ਦੀ ਗਿਣਤੀ ਇੰਨੀ ਘੱਟ ਹੈ ਕਿ ਜੇਕਰ ਉਹ 1000 ਗਜ਼ ਦੀ ਦੂਰੀ ਤੋਂ ਵੀ ਫਾਇਰ ਕਰਣਗੇ ਤਾਂ ਪਠਾਨਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ।"
"ਜੇਕਰ ਉਹ ਅਤੇ ਨੇੜੇ ਜਾਣਗੇ ਤਾਂ ਪਠਾਣਾਂ ਦੀ ਲੰਬੀਆਂ ਨਾਲਾਂ ਵਾਲੀਆਂ 'ਜਿਜ਼ੇਲ' ਅਤੇ ਚੋਰੀ ਕੀਤੀਆਂ ਗਈਆਂ ਲੀ ਮੈਟਫੋਰਡ ਰਾਇਫਲਾਂ ਉਨ੍ਹਾਂ ਨੂੰ ਆਸਾਨੀ ਨਾਲ ਆਪਣਾ ਨਿਸ਼ਾਨਾ ਬਣਾ ਲੈਣਗੀਆਂ। ਉਹ ਵਾਪਸ ਆਪਣੇ ਕਿਲ੍ਹੇ ਵਿੱਚ ਪਰਤ ਆਏ।"

ਤਸਵੀਰ ਸਰੋਤ, Iconic Battle of Saragarhi/Brig Kanwaljit Singh
ਪਠਾਨਾਂ ਨੇ ਕਿਲ੍ਹੇ ਦੀ ਕੰਧ 'ਚ ਕੀਤੀ ਮੋਰੀ
ਇਹ ਸਭ ਹੋ ਰਿਹਾ ਸੀ ਕਿ ਦੋ ਪਠਾਣ ਮੁੱਖ ਕਿਲ੍ਹੇ ਦੇ ਸੱਜੇ ਹਿੱਸੇ ਦੀ ਕੰਧ ਦੇ ਠੀਕ ਹੇਠਾਂ ਪਹੁੰਚਣ ਵਿੱਚ ਸਫ਼ਲ ਹੋ ਗਏ।
ਆਪਣੀਆਂ ਤੇਜ਼ ਛੁਰੀਆਂ ਨਾਲ ਉਨ੍ਹਾਂ ਨੇ ਕੰਧ ਦੀ ਨੀਂਹ ਅਤੇ ਹੇਠਾਂ ਦੇ ਪੱਥਰਾਂ ਦੇ ਪਲਾਸਟਰ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਹੈ।
ਇਸ ਵਿਚਾਲੇ ਈਸ਼ਰ ਸਿੰਘ ਆਪਣੇ ਚਾਰ ਲੋਕਾਂ ਨੂੰ ਕਿਲ੍ਹੇ ਦੇ ਮੁੱਖ ਹਾਲ ਵਿੱਚ ਲੈ ਆਏ ਜਦਕਿ ਉਹ ਖ਼ੁਦ ਉਪਰੋਂ ਫਾਇਰਿੰਗ ਕਰਦੇ ਰਹੇ।
ਪਰ ਪਠਾਨ ਕਿਲ੍ਹੇ ਦੀਆਂ ਕੰਧਾਂ ਦੇ ਹੇਠਲੇ ਹਿੱਸੇ 'ਚ 7 ਫੁੱਟ ਵੱਡੀ ਮੋਰੀ ਕਰਨ ਵਿੱਚ ਸਫ਼ਲ ਰਹੇ।
ਬ੍ਰਿਗੇਡੀਅਰ ਕੰਵਲਜੀਤ ਸਿੰਘ ਦੱਸਦੇ ਹਨ, "ਪਠਾਣਾਂ ਨੇ ਇੱਕ ਹੋਰ ਤਰਕੀਬ ਕੱਢੀ। ਉਨ੍ਹਾਂ ਨੇ ਮੰਜੀਆਂ ਨੂੰ ਆਪਣੇ ਸਿਰ 'ਤੇ ਚੁੱਕਿਆ ਅਤੇ ਉਨ੍ਹਾਂ ਦੀ ਆੜ ਲੈ ਕੇ ਅੱਗੇ ਵਧੇ ਤਾਂ ਜੋ ਸਿੱਖ ਉਨ੍ਹਾਂ ਨੂੰ ਦੇਖ ਕੇ ਨਿਸ਼ਾਨਾ ਨਾ ਲਗਾ ਸਕਣ।"
"ਉਹ ਇੱਕ ਅਜਿਹੇ ਕੋਣ 'ਤੇ ਪਹੁੰਚ ਗਏ ਜਿੱਥੇ ਕਿਲ੍ਹੇ ਉਪਰੋਂ ਉਨ੍ਹਾਂ ਨੂੰ ਮੋਰੀ ਕਰਦਿਆਂ ਕੋਈ ਦੇਖ ਨਹੀਂ ਸਕਦਾ ਸੀ, ਫੋਰਟ ਗੁਲਿਸਤਾਂ ਦੇ ਕਮਾਂਡਰ ਮੇਜਰ ਦੇ ਵੋਏ ਆਪਣੇ ਟਿਕਾਣੇ ਤੋਂ ਇਹ ਸਭ ਹੁੰਦਿਆਂ ਦੇਖ ਰਹੇ ਸਨ।"
"ਸਾਰਾਗੜ੍ਹੀ ਦੇ ਜਵਾਨਾਂ ਨੂੰ ਇਸ ਬਾਰੇ ਸਿਗਨਲ ਵੀ ਭੇਜੇ ਪਰ ਸਿਗਨਲ ਮੈਨ ਗੁਰਮੁਖ ਸਿੰਘ ਲੌਕਹਾਰਟ ਤੋਂ ਆ ਰਹੇ ਸਿਗਨਲਾਂ ਨੂੰ ਪੜ੍ਹਣ 'ਚ ਮਸ਼ਰੂਫ ਸਨ, ਇਸ ਲਈ ਇਨ੍ਹਾਂ ਸਿਗਨਲਾਂ ਵੱਲ ਉਨ੍ਹਾਂ ਦਾ ਧਿਆਨ ਨਹੀਂ ਗਿਆ।"

ਤਸਵੀਰ ਸਰੋਤ, Iconic Battle of Saragarhi/Brig Kanwaljit Singh
ਮਦਦ ਦੀਆਂ ਕੋਸ਼ਿਸ਼ਾਂ ਹੋਈਆਂ ਬੇਕਾਰ
ਲਾਂਸ ਨਾਇਕ ਚਾਂਦ ਸਿੰਘ ਦੇ ਨਾਲ ਮੁੱਖ ਬਲਾਕ 'ਚ ਤਾਇਨਾਤ ਤਿੰਨ ਜਵਾਨ ਸਾਹਿਬ ਸਿੰਘ, ਜੀਵਨ ਸਿੰਘ ਅਤੇ ਦਯਾ ਸਿੰਘ ਮਾਰੇ ਗਏ।
ਜਦੋਂ ਚਾਂਦ ਸਿੰਘ ਇਕੱਲੇ ਰਹਿ ਗਏ ਤਾਂ ਈਸ਼ਰ ਸਿੰਘ ਅਤੇ ਉਨ੍ਹਾਂ ਦੇ ਬਾਕੀ ਸਾਥੀ ਆਪਣੀ ਰੱਖਿਆ 'ਪੋਜੀਸ਼ਨ' ਨੂੰ ਛੱਡ ਕੇ ਉਨ੍ਹਾਂ ਦੇ ਕੋਲ ਮੁੱਖ ਬਲਾਕ ਵਿੱਚ ਆ ਗਏ।
ਈਸ਼ਰ ਸਿੰਘ ਨੇ ਹੁਕਮ ਦਿੱਤਾ ਕਿ ਉਹ ਆਪਣੀ ਰਾਇਫਲਾਂ 'ਚ ਸੰਗੀਨ ਲਗਾ ਲੈਣ। ਜੋ ਵੀ ਪਠਾਨ ਉਸ ਮੋਰੀ ਵਿਚੋਂ ਅੰਦਰ ਆਇਆ, ਉਸ 'ਤੇ ਰਾਇਫਲਾਂ ਨਾਲ ਜਾਂ ਤਾਂ ਸਟੀਕ ਨਿਸ਼ਾਨਾ ਲਗਾਇਆ ਗਿਆ ਜਾਂ ਉਨ੍ਹਾਂ ਨੂੰ ਸੰਗੀਨ ਮਾਰ ਦਿੱਤੀ ਗਈ।
ਪਰ ਬਾਹਰ ਕੌਨਿਆਂ 'ਤੇ ਕੋਈ ਸਿੱਖ ਤਾਇਨਾਤ ਨਾ ਹੋਣ ਕਾਰਨ ਪਠਾਣ ਬਾਂਸ ਦੀਆਂ ਬਣੀਆਂ ਪੌੜੀਆਂ ਤੋਂ ਉਪਰ ਚੜ੍ਹ ਆਏ।
ਅਮਰਿੰਦਰ ਸਿੰਘ ਲਿਖਦੇ ਹਨ, "ਉਸ ਇਲਾਕੇ 'ਚ ਹਜ਼ਾਰਾਂ ਪਠਾਣਾਂ ਦੇ ਵਧਣ ਦੇ ਬਾਵਜੂਦ ਲੈਫਟੀਨੈਂਟ ਮਨ ਅਤੇ ਕਰਨਲ ਹਾਟਨ ਨੇ ਇੱਕ ਵਾਰ ਫਿਰ 78 ਸੈਨਿਕਾਂ ਦੇ ਨਾਲ ਸਾਰਾਗੜ੍ਹੀ 'ਚ ਘਿਰ ਚੁੱਕੇ ਆਪਣੇ ਸਾਥੀਆਂ ਦੀ ਮਦਦ ਲਈ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਤਾਂ ਜੋ ਪਠਾਣਾਂ ਦਾ ਧਿਆਨ ਭੰਗ ਹੋ ਜਾਵੇ।"
"ਜਦੋਂ ਉਹ ਕਿਲ੍ਹੇ ਤੋਂ ਸਿਰਫ਼ 500 ਮੀਟਰ ਦੂਰ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਪਠਾਣ ਕਿਲ੍ਹੇ ਦੀ ਕੰਧ ਲੰਘ ਚੁੱਕੇ ਸਨ ਅਤੇ ਕਿਲ੍ਹੇ ਦੇ ਮੁੱਖ ਦਰਵਾਜ਼ੇ ਵਿੱਚ ਅੱਗ ਲੱਗੀ ਹੋਈ ਹੈ। ਹਾਟਨ ਨੂੰ ਅੰਦਾਜ਼ਾ ਹੋ ਗਿਆ ਹੁਣ ਸਾਰਾਗੜ੍ਹੀ ਘਿਰ ਗਿਆ ਹੈ।"

ਤਸਵੀਰ ਸਰੋਤ, Iconic Battle of Saragarhi/Brig Kanwaljit Singh
ਗੁਰਮੁਖ ਸਿੰਘ ਦਾ ਆਖ਼ਰੀ ਸੰਦੇਸ਼
ਇਸ ਵਿਚਾਲੇ ਸਿਗਨਲ ਦੀ ਵਿਵਸਥਾ ਦੇਖ ਰਹੇ ਗੁਰਮੁਖ ਸਿੰਘ ਨੇ ਆਪਣਾ ਆਖ਼ਰੀ ਸੰਦੇਸ਼ ਭੇਜਿਆ ਕਿ ਪਠਾਣ ਮੁੱਖ ਬਲਾਕ ਤੱਕ ਆ ਗਏ ਹਨ।
ਉਨ੍ਹਾਂ ਨੇ ਕਰਨਲ ਹਾਟਨ ਤੋਂ ਸਿਗਨਲ ਰੋਕਣ ਅਤੇ ਆਪਣੀ ਰਾਈਫਲ ਸੰਭਾਲਣ ਦੀ ਇਜ਼ਾਜਤ ਮੰਗੀ। ਕਰਨਲ ਨੇ ਆਪਣੇ ਆਖ਼ਰੀ ਸੰਦੇਸ਼ ਵਿੱਚ ਅਜਿਹਾ ਕਰਨ ਦੀ ਇਜਾਜ਼ਤ ਦੇ ਦਿੱਤੀ।
ਗੁਰਮੁਖ ਸਿੰਘ ਨੇ ਆਪਣੇ ਹੇਲਿਓ ਨੂੰ ਇੱਕ ਪਾਸੇ ਰੱਖਿਆ, ਆਪਣੀ ਰਾਇਫਲ ਚੁੱਕੀ ਅਤੇ ਮੁੱਖ ਬਲਾਕ ਵਿੱਚ ਲੜਾਈ ਲੜ ਰਹੇ ਆਪਣੇ ਬਚੇ ਖੁਚੇ ਸਾਥੀਆਂ ਕੋਲ ਆ ਗਏ।
ਉਦੋਂ ਤੱਕ ਈਸ਼ੇਰ ਸਿੰਘ ਸਮੇਤ ਸਿੱਖ ਟੁਕੜੀ ਦੇ ਵਧੇਰੇ ਜਵਾਨ ਮਾਰੇ ਗਏ ਸਨ। ਪਠਾਣਾਂ ਦੀਆਂ ਲਾਸ਼ਾਂ ਵੀ ਚਾਰੇ ਪਾਸੇ ਖਿੱਲਰੀਆਂ ਪਈਆਂ ਸਨ।
ਉਨ੍ਹਾਂ ਵੱਲੋਂ ਬਣਾਈ ਗਈ ਮੋਰੀ ਅਤੇ ਸੜ੍ਹ ਚੁੱਕਿਆ ਮੁੱਖ ਗੇਟ ਪਠਾਣਾਂ ਦੀਆਂ ਲਾਸ਼ਾਂ ਨਾਲ ਭਰਿਆ ਪਿਆ ਸੀ। ਆਖ਼ਿਰ ਵਿੱਚ ਨਾਇਕ ਲਾਲ ਸਿੰਘ, ਗੁਰਮੁਖ ਸਿੰਘ ਅਤੇ ਇੱਕ ਅਸੈਨਿਕ ਦਾਦ ਬਚ ਗਏ।
ਬੁਰੀ ਤਰ੍ਹਾਂ ਜਖ਼ਮੀ ਹੋਣ ਕਾਰਨ ਲਾਲ ਸਿੰਘ ਕੋਲੋਂ ਤੁਰਿਆ ਨਹੀਂ ਜਾ ਰਿਹਾ ਸੀ ਪਰ ਉਹ ਬੇਹੋਸ਼ ਨਹੀਂ ਹੋਏ ਸਨ ਅਤੇ ਇੱਕ ਥਾਂ ਉੱਤੇ ਡਿੱਗੇ ਹੋਏ ਹੀ ਪਠਾਨਾਂ ਉੱਤੇ ਗੋਲੀਆਂ ਚਲਾ ਰਹੇ ਸਨ।

ਤਸਵੀਰ ਸਰੋਤ, Iconic Battle of Saragarhi/Brig Kanwaljit Singh
ਦਾਦ ਨੇ ਵੀ ਚੁੱਕੀ ਰਾਇਫਲ
ਬ੍ਰਿਟਿਸ਼ ਫੌਜ ਵਿੱਚ ਉਦੋਂ ਇੱਕ ਅਜੀਬ ਜਿਹਾ ਕਾਨੂੰਨ ਸੀ ਕਿ ਫੌਜ ਦੇ ਨਾਲ ਕੰਮ ਕਰ ਰਹੇ ਅਸੈਨਿਕ ਬੰਦੂਕ ਨਹੀਂ ਚੁੱਕਣਗੇ।
ਦਾਦ ਦਾ ਕੰਮ ਸੀ ਜਖ਼ਮੀ ਹੋਏ ਲੋਕਾਂ ਦੀ ਦੇਖਭਾਲ ਕਰਨਾ, ਸਿਗਨਲ ਦੇ ਸੰਦੇਸ਼ ਲੈ ਕੇ ਆਉਣਾ, ਹਥਿਆਰਾਂ ਦੇ ਡੱਬੇ ਖੋਲ੍ਹਣਾ ਅਤੇ ਉਨ੍ਹਾਂ ਨੂੰ ਸੈਨਿਕਾਂ ਤੱਕ ਲੈ ਕੇ ਜਾਣਾ।
ਜਦੋਂ ਅੰਤ ਕਰੀਬ ਆਉਣ ਲੱਗਾ ਤਾਂ ਦਾਦ ਨੇ ਵੀ ਰਾਇਫਲ ਚੁੱਕ ਲਈ ਅਤੇ ਮਰਨ ਤੋਂ ਪਹਿਲਾਂ ਉਨ੍ਹਾਂ ਨੇ 5 ਪਠਾਣਾਂ ਨੂੰ ਜਾਂ ਤਾਂ ਗੋਲੀ ਨਾਲ ਉਡਾਇਆ ਜਾਂ ਉਨ੍ਹਾਂ ਦੇ ਢਿੱਡ 'ਚ ਸੰਗੀਨ ਮਾਰੀ।
ਅਮਰਿੰਦਰ ਸਿੰਘ ਲਿਖਦੇ ਹਨ, "ਆਖ਼ਿਰ 'ਚ ਗੁਰਮੁਖ ਸਿੰਘ ਬਚੇ। ਉਨ੍ਹਾਂ ਨੇ ਉਸ ਥਾਂ ਜਾ ਕੇ 'ਪੋਜੀਸ਼ਨ' ਲਈ, ਜਿੱਥੇ ਜਵਾਨਾਂ ਦੇ ਸੋਣ ਲਈ ਕਮਰੇ ਸਨ।"
"ਗੁਰਮੁਖ ਨੇ ਇਕੱਲੇ ਗੋਲੀ ਚਲਾਉਂਦਿਆਂ ਹੋਇਆ ਘੱਟੋ-ਘੱਟ 20 ਪਠਾਨਾਂ ਨੂੰ ਮਾਰਿਆ। ਪਠਾਣਾਂ ਨੇ ਲੜਾਈ ਖ਼ਤਮ ਕਰਨ ਲਈ ਪੂਰੇ ਕਿਲ੍ਹੇ ਨੂੰ ਅੱਗ ਲਗਾ ਦਿੱਤੀ।"
"36 ਸਿੱਖ ਦੇ ਆਖ਼ਰੀ ਜਵਾਨ ਨੇ ਹਥਿਆਰ ਸੁੱਟਣ ਨਾਲੋਂ ਬਿਹਤਰ ਆਪਣੀ ਜਾਨ ਗੁਆਉਣਾ ਸਹੀ ਸਮਝਿਆ।"
ਗ਼ੈਰ-ਬਰਾਬਰੀ ਦੀ ਇਹ ਜੰਗ 7 ਘੰਟੇ ਤੱਕ ਚੱਲੀ, ਜਿਸ ਵਿੱਚ ਸਿੱਖਾਂ ਵੱਲੋਂ 22 ਲੋਕ ਅਤੇ ਪਠਾਨਾਂ ਵੱਲੋਂ 180 ਤੋਂ 200 ਵਿਚਾਲੇ ਲੋਕ ਮਾਰੇ ਗਏ। ਉਨ੍ਹਾਂ ਦੇ ਕਰੀਬ 600 ਲੋਕ ਜਖ਼ਮੀ ਹੋਏ ਸਨ।

ਤਸਵੀਰ ਸਰੋਤ, Iconic Battle of Saragarhi/Brig Kanwaljit Singh
ਲੱਕੜ ਦੇ ਦਰਵਾਜ਼ੇ ਕਰਕੇ ਕਿਲ੍ਹਾ ਫਤਹਿ ਹੋਇਆ
ਬ੍ਰਿਗੇਡੀਅਰ ਕੰਵਲਜੀਤ ਸਿੰਘ ਦੱਸਦੇ ਹਨ, "ਜੰਗ ਤੋਂ ਬਾਅਦ ਸਾਰਾਗੜ੍ਹੀ ਕਿਲ੍ਹੇ ਦੇ 'ਡਿਜ਼ਾਇਨ' 'ਚ ਇੱਕ ਹੋਰ ਖਾਮੀ ਮਿਲੀ।"
"ਕਿਲ੍ਹੇ ਦਾ ਮੁੱਖ ਦਰਵਾਜ਼ਾ ਲੱਕੜ ਦਾ ਬਣਿਆ ਹੋਇਆ ਸੀ ਅਤੇ ਮਜ਼ਬੂਤ ਕਰਨ ਲਈ ਕਿੱਲਾਂ ਵੀ ਨਹੀਂ ਲਗਾਈਆਂ ਗਈਆਂ ਸਨ।"
"ਉਹ ਪਠਾਣਾਂ ਦੀ 'ਜਿਜ਼ੇਲ' ਰਾਇਫਲਾਂ ਤੋਂ ਆ ਰਹੇ ਲਗਾਤਾਰ ਫਾਇਰ ਨੂੰ ਨਹੀਂ ਝੱਲ ਨਹੀਂ ਸਕਿਆ ਅਤੇ ਟੁੱਟ ਗਿਆ।"
"ਤਿੰਨ ਵਜੇ ਤੱਕ ਸਿੱਖਾਂ ਦੀਆਂ ਸਾਰੀਆਂ ਗੋਲੀਆਂ ਖ਼ਤਮ ਹੋ ਗਈਆਂ ਸਨ ਅਤੇ ਉਹ ਅੱਗੇ ਵਧਦੇ ਪਠਾਣਾਂ ਨਾਲ ਸਿਰਫ਼ ਸੰਗੀਨਾਂ ਨਾਲ ਲੜ ਰਹੇ ਸਨ।"
"ਪਠਾਣਾਂ ਨੇ ਕਿਲ੍ਹੇ ਦੀ ਕੰਧ ਵਿੱਚ ਜੋ ਮੋਰੀ ਕੀਤੀ ਸੀ, ਉਹ ਉਦੋਂ ਤੱਕ ਵੱਧ ਕੇ 7 ਫੁੱਟ ਗੁਣਾ 12 ਫੁੱਟ ਹੋ ਗਈ ਸੀ।"

ਤਸਵੀਰ ਸਰੋਤ, Iconic Battle of Saragarhi/Brig Kanwaljit Singh
ਇੱਕ ਦਿਨ ਬਾਅਦ ਹੀ ਓਰਕਜ਼ਈ ਸਾਰਾਗੜ੍ਹੀ ਤੋਂ ਭੱਜ ਗਏ
14 ਸਤੰਬਰ ਨੂੰ ਕੋਹਾਟ ਤੋਂ 9 ਮਾਊਂਟੇਨ ਬੈਟਰੀ ਉੱਥੇ ਅੰਗਰੇਜ਼ਾਂ ਦੀ ਮਦਦ ਲਈ ਪਹੁੰਚ ਗਈ। ਪਠਾਣ ਅਜੇ ਵੀ ਸਾਰਾਗੜ੍ਹੀ ਦੇ ਕਿਲ੍ਹੇ 'ਚ ਮੌਜੂਦ ਸਨ।
ਉਨ੍ਹਾਂ ਨੇ ਤੋਪ ਨਾਲ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਰਿਜ 'ਤੇ ਅੰਗਰੇਜ਼ ਸੈਨਿਕਾਂ ਨੇ ਜ਼ਬਰਦਸਤ ਹਮਲਾ ਕੀਤਾ ਅਤੇ ਸਾਰਾਗੜ੍ਹੀ ਨੂੰ ਪਠਾਣਾਂ ਕੋਲੋਂ ਛੁਡਾ ਲਿਆ।
ਜਦੋਂ ਇਹ ਸੈਨਿਕ ਅੰਦਰ ਗਏ ਤਾਂ ਉੱਥੇ ਉਨ੍ਹਾਂ ਨਾਇਕ ਲਾਲ ਸਿੰਘ ਦੀ ਬੁਰੀ ਹਾਲਤ ਵਿੱਚ ਪਈ ਹੋਈ ਲਾਸ਼ ਮਿਲੀ। ਉਥੇ ਬਾਕੀ ਸਿੱਖ ਸੈਨਿਕਾਂ ਅਤੇ ਦਾਦ ਦੀਆਂ ਲਾਸ਼ਾਂ ਵੀ ਪਈਆਂ ਹੋਈਆਂ ਸਨ।
ਇਸ ਪੂਰੀ ਲੜਾਈ ਨੂੰ ਨੇੜੇ ਦੇ ਲੌਕਹਾਰਟ ਅਤੇ ਗੁਲਿਸਤਾਂ ਕਿਲ੍ਹਿਆਂ ਤੋਂ ਅੰਗਰੇਜ਼ ਅਫ਼ਸਰਾਂ ਨੇ ਦੇਖਿਆ।
ਪਰ ਪਠਾਨ ਇੰਨੀ ਵੱਡੀ ਗਿਣਤੀ ਵਿੱਚ ਸਨ ਕਿ ਉਹ ਬਹੁਤ ਚਾਹੁੰਦਿਆਂ ਹੋਇਆਂ ਵੀ ਉਨ੍ਹਾਂ ਦੀ ਮਦਦ ਲਈ ਨਹੀਂ ਆ ਸਕੇ।
ਲੈਫਟੀਨੈਂਟ ਕਰਨਲ ਜੌਨ ਹਾਟਨ ਪਹਿਲੇ ਸ਼ਖ਼ਸ ਸਨ, ਜਿਨ੍ਹਾਂ ਉਨ੍ਹਾਂ ਫੌਜੀਆਂ ਦੀ ਬਹਾਦੁਰੀ ਨੂੰ ਪਛਾਣਿਆ। ਉਨ੍ਹਾਂ ਨੇ ਸਾਰਾਗੜ੍ਹੀ ਪੋਸਟ ਦੇ ਸਾਹਮਣੇ ਮਾਰੇ ਗਏ ਆਪਣੇ ਸਾਥੀਆਂ ਨੂੰ ਸਲੂਟ ਕੀਤਾ।

ਤਸਵੀਰ ਸਰੋਤ, Iconic Battle of Saragarhi/Brig Kanwaljit Singh
ਬ੍ਰਿਟਿਸ਼ ਸੰਸਦ ਨੇ ਖੜ੍ਹੇ ਹੋ ਕੇ ਕੀਤਾ 21 ਸੈਨਿਕਾਂ ਦਾ ਸਨਮਾਨ
ਇਸ ਜੰਗ ਨੂੰ ਦੁਨੀਆਂ ਦੇ ਸਭ ਤੋਂ ਵੱਡੇ 'ਲਾਸਟ ਸਟੈਂਡਸ' 'ਚ ਥਾਂ ਦਿੱਤੀ ਗਈ। ਜਦੋਂ ਇਨ੍ਹਾਂ ਸਿੱਖਾਂ ਦੇ ਬਲੀਦਾਨ ਦੀ ਖ਼ਬਰ ਲੰਡਨ ਪਹੁੰਚੀ ਤਾਂ ਉਸ ਵੇਲੇ ਬ੍ਰਿਟਿਸ਼ ਸੰਸਦ ਦਾ ਸੈਸ਼ਨ ਚੱਲ ਰਿਹਾ ਸੀ।
ਸਾਰੇ ਮੈਂਬਰਾਂ ਨੇ ਖੜ੍ਹੇ ਹੋ ਕੇ ਇਨ੍ਹਾਂ 21 ਸੈਨਿਕਾਂ ਨੂੰ 'ਸਟੈਂਡਿੰਗ ਓਵੇਸ਼ਨ' ਦਿੱਤਾ।
'ਲੰਡਨ ਗਜ਼ਟ' ਦੇ 11 ਫਰਵਰੀ 1898 ਦੇ ਅੰਕ 26937 ਦੇ ਪੰਨਾ 863 'ਤੇ ਸੰਸਦ ਦੀ ਟਿੱਪਣੀ ਛਪੀ, "ਸਾਰੇ ਬ੍ਰਿਟੇਨ ਅਤੇ ਭਾਰਤ ਨੂੰ 36 ਸਿੱਖ ਰੈਜੀਮੈਂਟ ਦੇ ਇਨ੍ਹਾਂ ਸੈਨਿਕਾਂ 'ਤੇ ਮਾਣ ਹੈ। ਇਹ ਕਹਿਣ 'ਚ ਕੋਈ ਅਤਿਕਥਨੀ ਨਹੀਂ ਹੈ ਕਿ ਜਿਸ ਸੈਨਾ 'ਚ ਸਿੱਖ ਸਿਪਾਹੀ ਲੜ ਰਹੇ ਹੋਣ, ਉਨ੍ਹਾਂ ਨੂੰ ਨਹੀਂ ਹਰਾਇਆ ਜਾ ਸਕਦਾ।"

ਤਸਵੀਰ ਸਰੋਤ, Iconic Battle of Saragarhi/Brig Kanwaljit Singh
21 ਸਿੱਖਾਂ ਨੂੰ ਸੈਨਿਕਾਂ ਨੂੰ ਸਭ ਤੋਂ ਵੱਡਾ ਵੀਰਤਾ ਪੁਰਸਕਾਰ
ਜਦੋਂ ਮਹਾਰਾਣੀ ਵਿਕਟੋਰੀਆ ਨੂੰ ਇਸ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਸਾਰੇ 21 ਸੈਨਿਕਾਂ ਨੂੰ ਇੰਡੀਅਨ ਆਰਡਰ ਆਫ ਮੈਰਿਟ ਦੇਣ ਦਾ ਐਲਾਨ ਕੀਤਾ।
ਇਹ ਉਸ ਵੇਲੇ ਤੱਕ ਭਾਰਤੀਆਂ ਨੂੰ ਮਿਲਣ ਵਾਲਾ ਸਭ ਤੋਂ ਵੱਡਾ ਵੀਰਤਾ ਪੁਰਸਕਾਰ ਸੀ, ਜੋ ਉਦੋਂ ਦੇ ਵਿਕਟੋਰੀਆ ਕਰਾਸ ਅਤੇ ਅੱਜ ਦੇ ਪਰਮਵੀਰ ਚੱਕਰ ਦੇ ਬਰਾਬਰ ਸੀ।
ਉਦੋਂ ਤੱਕ ਵਿਕਟੋਰੀਆ ਕਰਾਸ ਸਿਰਫ਼ ਅੰਗਰੇਜ਼ ਸੈਨਿਕਾਂ ਨੂੰ ਮਿਲ ਸਕਦਾ ਸੀ ਅਤੇ ਉਹ ਵੀ ਸਿਰਫ਼ ਜ਼ਿੰਦਾ ਸੈਨਿਕਾਂ ਨੂੰ।
1911 ਵਿੱਚ ਜਾ ਕੇ ਜਾਰਜ ਫਿਫਥ ਨੇ ਪਹਿਲੀ ਵਾਰ ਐਲਾਨ ਕੀਤਾ ਕਿ ਭਾਰਤ ਸੈਨਿਕ ਵੀ ਵਿਕਟੋਰੀਆ ਕਰਾਸ ਜਿੱਤਣ ਦੇ ਹੱਕਦਾਰ ਹੋਣਗੇ।
ਇਨ੍ਹਾਂ ਸੈਨਿਕਾਂ ਦੇ ਪਰਿਵਾਰ ਵਾਲਿਆਂ ਨੂੰ 500-500 ਰੁਪਏ ਅਤੇ ਦੋ ਮੁਰੱਬਾ ਜ਼ਮੀਨ ਜੋ ਅੱਜ 50 ਏਕੜ ਦੇ ਬਰਾਬਰ ਹੈ, ਸਰਕਾਰ ਵੱਲੋਂ ਦਿੱਤੀ ਗਈ।
ਸਿਰਫ਼ ਇੱਕ ਅਸੈਨਿਕ ਦਾਦ ਨੂੰ ਕੁਝ ਨਹੀਂ ਦਿੱਤਾ ਕਿਉਂਕਿ ਉਹ 'ਐਨਸੀਈ' (ਨਾਨ ਕੰਬਾਟੈਂਟ ਇਨਰੋਲਡ) ਸੀ ਅਤੇ ਉਸ ਨੂੰ ਹਥਿਆਰ ਚੁੱਕਣ ਦੀ ਇਜਾਜ਼ਤ ਨਹੀਂ ਸੀ।
ਬ੍ਰਿਟਿਸ਼ ਸਰਕਾਰ ਦੀ ਇਹ ਬਹੁਤ ਵੱਡੀ ਨਾ-ਇਨਸਾਫ਼ੀ ਸੀ ਕਿਉਂਕਿ ਅਸੈਨਿਕ ਹੁੰਦਿਆਂ ਹੋਇਆ ਵੀ ਦਾਦ ਨੇ ਆਪਣੀ ਰਾਇਫਲ ਜਾਂ ਸੰਗੀਨ ਨਾਲ ਘੱਟੋ-ਘੱਟ 5 ਪਠਾਨਾਂ ਨੂੰ ਮਾਰਿਆ ਸੀ।
ਜੰਗ ਤੋਂ ਬਾਅਦ ਮੇਜਰ ਜਨਰਲ ਯੀਟਮੈਨ ਬਿਗਸ ਨੇ ਕਿਹਾ, "21 ਸਿੱਖ ਸੈਨਿਕਾਂ ਦੀ ਬਹਾਦਰੀ ਅਤੇ ਸ਼ਹਾਦਤ ਨੂੰ ਬ੍ਰਿਟਿਸ਼ ਸੈਨਿਕ ਇਤਿਹਾਸ 'ਚ ਹਮੇਸ਼ਾ ਸੁਨਹਿਰੇ ਅੱਖਰਾਂ ਨਾਲ ਲਿਖਿਆ ਜਾਵੇਗਾ।"
( ਇਹ ਰਿਪੋਰਟ ਪਹਿਲੀ ਵਾਰ ਮਾਰਚ 2019 ਵਿੱਚ ਛਾਪੀ ਗਈ ਸੀ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












