ਅਜੀਨੋਮੋਟੋ ਕੀ ਹੈ: ਬਿਸਕੁਟ ਤੇ ਹੋਟਲ ਦੇ ਖਾਣੇ ਵਿਚਲਾ ਇਹ ਪਦਾਰਥ ਤੁਹਾਨੂੰ 'ਨਸ਼ੇੜੀ' ਤਾਂ ਨਹੀਂ ਬਣਾ ਦੇਵੇਗਾ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
    • ਲੇਖਕ, ਰਾਜਵੀਰ ਕੌਰ ਗਿੱਲ
    • ਰੋਲ, ਬੀਬੀਸੀ ਪੱਤਰਕਾਰ

ਮੇਰੇ ਵਾਂਗ ਬਹੁਤੇ ਲੋਕਾਂ ਨੂੰ ਬਿਸਕੁਟਾਂ ਤੋਂ ਬਿਨ੍ਹਾਂ ਚਾਹ ਪੀਣ ਦਾ ਸਵਾਦ ਨਹੀਂ ਆਉਂਦਾ। ਪਰ ਕੁਝ ਬਿਸਕੁਟ ਚਾਹੇ ਘਰੋਂ ਆਟਾ, ਘਿਓ ਦੇ ਕੇ ਹੀ ਕਿਉਂ ਨਾ ਬਣਵਾਏ ਹੋਣ ਸਾਡੇ ਲਈ ਨੁਕਸਾਨਦੇਹ ਹੋ ਸਕਦੇ ਹਨ।

ਇਸ ਦਾ ਕਾਰਨ ਬਿਸਕੁਟਾਂ ਵਿੱਚ ਪਾਇਆ ਜਾਣ ਵਾਲਾ ਇੱਕ ਪਦਾਰਥ ਹੈ, ਜੋ ਅਕਸਰ ਚਾਈਨੀਜ਼ ਫ਼ੂਡ ਵਿੱਚ ਵੀ ਪਾਇਆ ਜਾਂਦਾ ਹੈ।

ਇਹ ਪਦਾਰਥ ਹੈ, ਅਜੀਨੋਮੋਟੋ ਜੋ ਖਾਣੇ ਦੇ ਸੁਆਦ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ।

ਮਾਹਰਾਂ ਮੁਤਾਬਕ ਜੇ ਭੋਜਨ ਵਿੱਚ ਅਜੀਨੋਮੋਟੋ ਨਿਰਧਾਰਿਤ ਮਾਪਦੰਡਾਂ ਤੋਂ ਵੱਧ ਵਰਤਿਆ ਜਾਵੇ ਜਾਂ ਫ਼ਿਰ ਅਸੀਂ ਅਜੀਨੋਮੋਟੋ ਵਾਲੇ ਪਦਾਰਥਾਂ ਦਾ ਲਗਾਤਾਰ ਸੇਵਨ ਕਰੀਏ ਤਾਂ ਇਹ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।

60ਵਿਆਂ ਤੋਂ ਹੀ ਆਲਮੀ ਸਿਹਤ ਮਾਹਰ ਅਜੀਨੋਮੋਟੋ ਦੇ ਸੇਵਨ ਨੂੰ ਲੈ ਕੇ ਸਵਾਲ ਖੜੇ ਕਰਦੇ ਰਹੇ ਹਨ।

ਮਾਹਰਾਂ ਮੁਤਾਬਕ ਇਹ ਦਿਮਾਗ ਉੱਤੇ ਅਸਰ ਪਾ ਸਕਦਾ ਹੈ ਅਤੇ ਤੁਹਾਨੂੰ 'ਫੂਡ ਅਡਿਕਟ' ( ਨਸ਼ੇੜੀ) ਵੀ ਕਰ ਸਕਦਾ ਹੈ। ਬੱਚਿਆਂ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਦੀ ਸਿਹਤ ਨੂੰ ਇਹ ਖ਼ਾਸ ਕਰਕੇ ਪ੍ਰਭਾਵਿਤ ਕਰ ਸਕਦਾ ਹੈ।

ਅਸੀਂ ਇਸ ਦੇ ਪ੍ਰਭਾਵ ਬਾਰੇ ਮਾਹਰਾਂ ਨਾਲ ਗੱਲਬਾਤ ਕੀਤੀ ਅਤੇ ਬੀਤੇ ਸਮੇਂ ਵਿੱਚ ਇਸ ਵਿਸ਼ੇ ਉੱਤੇ ਹੋਏ ਅਧਿਐਨਾਂ ਨੂੰ ਵੀ ਘੋਖਿਆ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅਜੀਨੋਮੋਟੋ ਕੀ ਹੈ

ਮੋਨੋਸੋਡੀਅਮ ਗਲੋਟਮੇਟ (ਐੱਮਐੱਸਜੀ) ਜਿਸ ਨੂੰ ਅਜੀਨੋਮੋਟੋ ਵਜੋਂ ਜਾਣਿਆ ਜਾਂਦਾ ਹੈ, ਇੱਕ ਅਜਿਹਾ ਪਦਾਰਥ ਹੈ, ਜਿਸ ਨੂੰ ਰੈਸਟੋਰੈਂਟ ਅਕਸਰ ਖਾਣੇ ਦਾ ਸੁਆਦ ਵਧਾਉਣ ਲਈ ਵਰਤਦੇ ਹਨ, ਖ਼ਾਸਕਰ ਤਰੀ ਵਾਲੀਆਂ ਸਬਜ਼ੀਆਂ, ਸੂਪ, ਦਾਲਾਂ ਜਾਂ ਡੱਬਾ ਬੰਦ ਭੋਜਨਾਂ ਵਿੱਚ।

ਅਜੀਨੋਮੋਟੋ ਬਣਦਾ ਕਿਵੇਂ ਹੈ, ਇਸ ਬਾਰੇ ਜਾਣਨ ਤੋਂ ਪਹਿਲਾਂ ਇਸ ਦੇ ਨਾਮ ਨਾਲ ਜੁੜੀ ਦਿਲਚਸਪ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ।

ਅਜੀਨੋਮੋਟੋ ਇੱਕ ਜਪਾਨੀ ਸ਼ਬਦ ਹੈ, ਜਿਸ ਦਾ ਅਰਥ ਹੈ ‘ਸੁਆਦ ਵਾਲਾ ਤੱਤ’। ਸਾਲ 1909 ਵਿੱਚ ਜਪਾਨ ਦੇ ਹੀ ਡਾਕਟਰ ਕੀਕੂਨੇ ਅਕੇਦਾ ਨੇ ਇੱਕ ਕੰਪਨੀ ਬਣਾਈ, ਜਿਸ ਦਾ ਨਾਮ ‘ਅਜੀਨੋਮੋਟੋ ਕਾਰਪੋਰੇਸ਼ਨ’ ਰੱਖਿਆ ਗਿਆ।

ਇਸ ਕੰਪਨੀ ਨੇ ਜਿਹੜੀ ਪਹਿਲੀ ਚੀਜ਼ ਬਣਾਈ ਉਹ ਸੀ, ਐੱਮਐੱਸਜੀ। ਸਮੇਂ ਦੇ ਨਾਲ-ਨਾਲ ਐੱਮਐੱਸਜੀ ਨੂੰ ਅਜੀਨੋਮੋਟੋ ਵਜੋਂ ਹੀ ਜਾਣਿਆ ਜਾਣ ਲੱਗਾ।

ਅਜੀਨੋਮੋਟੋ ਕੰਪਨੀ ਦੀ ਵੈੱਬਸਾਈਟ ਮੁਤਾਬਕ ਇਸ ਨੂੰ ਸਭ ਤੋਂ ਪਹਿਲਾਂ ਕਣਕ ਦੇ ਗਲੂਟਨ ਤੋਂ ਤਿਆਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਇਸ ਲਈ ਸੋਇਆਬੀਨ ਦੀ ਵਰਤੋਂ ਹੋਣ ਲੱਗੀ।

ਹੁਣ ਇਹ ਮੱਕੀ ਅਤੇ ਉਸ ਵਰਗੀਆਂ ਬੀਜਦਾਰ ਫ਼ਸਲਾਂ ਦੀ ਬੈਕਟੀਰੀਆ ਫ਼ਰਮੇਸ਼ਨ ਨਾਲ ਤਿਆਰ ਹੋਣ ਲੱਗਾ ਹੈ।

ਐੱਮਐੱਸਜੀ ਗਲੂਟਾਮਿਕ ਐਸਿਡ ਦਾ ਸੋਡੀਅਮ ਲੂਣ ਹੈ, ਜੋ ਕਿ ਕੁਦਰਤੀ ਤੌਰ 'ਤੇ ਪੈਦਾ ਹੋਣ ਵਾਲੇ ਅਮੀਨੋ ਐਸਿਡਾਂ ਵਿੱਚੋਂ ਇੱਕ ਹੈ।

ਗਲੂਟਾਮਿਕ ਐਸਿਡ ਬਹੁਤ ਸਾਰੇ ਭੋਜਨਾਂ ਵਿੱਚ ਪਾਇਆ ਜਾਂਦਾ ਹੈ, ਜੋ ਅਸੀਂ ਹਰ ਰੋਜ਼ ਖਾਂਦੇ ਹਾਂ, ਜਿਸ ਵਿੱਚ ਮੀਟ, ਮੱਛੀ, ਅੰਡੇ ਅਤੇ ਡੇਅਰੀ ਉਤਪਾਦਾਂ ਦੇ ਨਾਲ-ਨਾਲ ਟਮਾਟਰ, ਮੱਕੀ ਅਤੇ ਅਨਾਜ ਸ਼ਾਮਲ ਹਨ।

ਚਾਈਨੀਜ਼ ਭੋਜਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੀ ਚਾਈਨੀਜ਼ ਖਾਣਿਆਂ ਵਿੱਚ ਵੀ ਅਜੀਨੋਮੋਟੋ ਦੀ ਵਰਤੋਂ ਸੁਆਦ ਲਈ ਕੀਤੀ ਜਾਂਦੀ ਹੈ

ਅਜੀਨੋਮੋਟੋ ਕਿਨ੍ਹਾਂ ਖਾਣਿਆਂ ਵਿੱਚ ਵਰਤਿਆ ਜਾਂਦਾ

ਅਸੀਂ ਘਰਾਂ ਵਿੱਚ ਖਾਣਾ ਬਣਾਉਂਦਿਆਂ ਅਜੀਨੋਮੋਟੋ ਕਿਸੇ ਦਾਲ- ਸਬਜ਼ੀ ਵਿੱਚ ਪਾਇਆ ਹੋਵੇ ਅਜਿਹਾ ਤਾਂ ਬਹੁਤ ਘੱਟ ਦੇਖਿਆ ਗਿਆ। ਹਾਂ, ਜਪਾਨ ਤੇ ਚੀਨ ਵਿੱਚ ਕਈ ਵਾਰ ਇਸ ਦੀ ਵਰਤੋਂ ਤਰੀ ਵਾਲੇ ਪਦਾਰਥਾਂ ਵਿੱਚ ਕੀਤੀ ਜਾਂਦੀ ਹੈ।

ਸਵਾਲ ਖੜ੍ਹਾ ਹੁੰਦਾ ਹੈ ਕਿ ਫ਼ਿਰ ਭਾਰਤ ਵਿੱਚ ਅਜੀਨੋਮੋਟੋ ਕਿਹੜੇ ਖਾਣਿਆ ਵਿੱਚ ਪਾਇਆ ਜਾਂਦਾ ਹੈ।

ਅਜੀਨੋਮੋਟੋ ਕੰਪਨੀ ਮੁਤਾਬਕ ਇਸ ਨੂੰ ਉਮਾਮੀ ਲਈ ਵਰਤਿਆਂ ਜਾਂਦਾ ਹੈ, ਜਿਸ ਜਪਾਨੀ ਸ਼ਬਦ ਦਾ ਅਰਥ ਹੈ ‘ਸਵਾਦਿਸ਼ਟ ਸਵਾਦ’ ਯਾਨੀ ਬੇਹੱਦ ਸਵਾਦ।

ਫ਼ੂਡ ਸੇਫ਼ਟੀ ਵਿਭਾਗ ਤੋਂ ਜੁਆਇੰਟ ਡਾਇਰੈਕਟਰ ਦੇ ਅਹੁਦੇ ’ਤੇ ਸੇਵਾਵਾਂ ਨਿਭਾ ਚੁੱਕੇ ਮਨੋਕ ਖੋਸਲਾ ਕਹਿੰਦੇ ਹਨ, “ਇਹ ਆਮ ਦੇਖਿਆ ਗਿਆ ਹੈ ਕਿ ਭਾਰਤ ਵਿੱਚ ਜਿਹੜੇ ਰੈਸਟੋਰੈਂਟ ਰਵਾਇਤੀ ਤਰੀਕਿਆਂ ਦੀ ਬਜਾਇ ਸੌਖੇ ਤਰੀਕੇ ਨਾਲ ਚਾਈਨੀਜ਼ ਖਾਣੇ ਵਿੱਚ ਸੁਆਦ ਲਿਆਉਣਾ ਚਾਹੁੰਦੇ ਉਹ ਅਕਸਰ ਹੀ ਸੁਆਦ ਲਈ ਅਜੀਨੋਮੋਟੋ ਦੀ ਵਰਤੋਂ ਕਰਦੇ ਹਨ।”

“ਇੰਨਾ ਹੀ ਨਹੀਂ ਬੇਕਰੀ ਦੇ ਕਈ ਪਦਾਰਥਾਂ ਜਿਵੇਂ ਕਿ ਬਿਸਕੁਟ, ਬਰੈੱਡ ਵਗੈਰਾ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।”

ਵਿਸ਼ਵ ਸਿਹਤ ਸੰਗਠਨ ਦਾ ਵੀ ਕਹਿਣਾ ਹੈ ਕਿ ਇਸ ਦੀ ਵਰਤੋਂ ਦੁਨੀਆਂ ਭਰ ਵਿੱਚ ਕੀਤੀ ਜਾਂਦੀ ਹੈ।

ਮਨੋਜ ਖੋਸਲਾ ਦੱਸਦੇ ਹਨ ਕਿ ਅੱਜ-ਕੱਲ੍ਹ ਸਲਾਦ ਜਾਂ ਸੈਂਡਵਿੱਚ ਬਣਾਉਣ ਲੱਗਿਆਂ ਵੱਖ-ਵੱਖ ਤਰ੍ਹਾਂ ਦੇ ਸਪਰੈਡ ਇਸਤੇਮਾਲ ਕਰਨ ਦਾ ਚਲਣ ਹੈ। ਜਿਨ੍ਹਾਂ ਵਿੱਚੋਂ ਬਹੁਤਿਆਂ ਵਿੱਚ ਅਜੀਨੋਮੋਟੋ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਮੋਈਨੀਜ਼, ਕੈੱਚਅਪ, ਬਾਰਬੀਕਿਊ ਸਾਸ, ਫ਼ਰੋਜ਼ਨ ਨੂਡਲਜ਼ ਅਤੇ ਪੀਜ਼ਾ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਇਸ ਤੋਂ ਇਲਾਵਾ ਸੂਪ, ਮਨਚੂਰੀਅਨ ਜਾਂ ਚੀਜ਼ ਚਿੱਲੀ ਵਰਗੇ ਪਕਵਾਨਾਂ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਇਸ ਦੀ ਵਰਤੋਂ ਕਈ ਰੈਸਟੋਰੈਂਟ ਭੋਜਨ ਵਿੱਚ ਲੂਣ ਦੀ ਥਾਂ ਵੀ ਕਰਦੇ ਹਨ, ਜਦੋਂ ਕਿ ਇਸ ਵਿੱਚ ਲੂਣ ਦੇ ਮੁਕਾਬਲੇ ਤੀਜਾ ਹਿੱਸਾ ਸੋਡੀਅਮ ਹੁੰਦਾ ਹੈ। ਯਾਨੀ ਇਹ ਸਰੀਰ ਵਿੱਚ ਸੋਡੀਅਮ ਦੀ ਘਾਟ ਪੈਦਾ ਕਰ ਸਕਦਾ ਹੈ।

ਅਜੀਨੋਮੋਟੋ ਦੀ ਵੈੱਬਸਾਈਟ ਮੁਤਾਬਕ ਉਨ੍ਹਾਂ ਨੇ 100 ਸਾਲ ਪਹਿਲਾਂ ਇਹ ਗੰਧ ਰਹਿਤ ਸਫ਼ੇਦ ਕ੍ਰਿਸਟੇਲਾਈਨ ਪਾਊਡਰ ਬਣਾਇਆ ਸੀ, ਜੋ ਅੱਜ ਦੁਨੀਆਂ ਭਰ ਦੀਆਂ ਰਸੋਈਆਂ ਦਾ ਹਿੱਸਾ ਹੈ।

ਇਹ ਵੀ ਪੜ੍ਹੋ-
ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਿਸਕੁਟਾਂ ਵਿੱਚ ਕਈ ਵਾਰ ਬੇਕਿੰਗ ਪਾਊਡਰ ਦੀ ਬਜਾਇ ਅਜੀਨੋਮੋੋਟੋ ਪਾਇਆ ਜਾਂਦਾ ਹੈ (ਸੰਕੇਤਕ ਤਸਵੀਰ)

ਅਜੀਨੋਮੋਟੋ ਦੀ ਵਰਤੋਂ ਬਾਰੇ ਸਵਾਲ

ਸੱਠਵਿਆਂ ਦੇ ਦੌਰ ਵਿੱਚ ਅਜੀਨੋਮੋਟੋ ਦੀ ਵਰਤੋਂ ਨੂੰ ਲੈ ਕੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਸਨ।

ਕਈ ਲੋਕਾਂ ਦਾ ਦਾਅਵਾ ਸੀ ਇਸ ਦੇ ਸੇਵਨ ਨਾਲ ਉਨ੍ਹਾਂ ਨੂੰ ਸਿਰ ਦਰਦ, ਦਿਲ ਮਚਲਣ ਅਤੇ ਅਜੀਬ ਜਿਹੀ ਸੁਸਤੀ ਦਾ ਸਾਹਮਣਾ ਕਰਨਾ ਪਿਆ ਸੀ। ਇਨ੍ਹਾਂ ਸਭ ਮਾਮਲਿਆਂ ਵਿੱਚ ਇੱਕ ਤੱਥ ਸਾਂਝਾ ਸੀ ਕਿ ਇਨ੍ਹਾਂ ਨੇ ਚਾਈਨੀਜ਼ ਪਕਵਾਨ ਖਾਧੇ ਸਨ।

ਉਦੋਂ ਤੋਂ ਲੈ ਕੇ ਅੱਜ ਤੱਕ ਕਈ ਸਿਹਤ ਮਾਹਰ ਇਸ ਦੀ ਵਰਤੋਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੰਦੇ ਆ ਰਹੇ ਹਨ।

ਪਰ ਸ਼ਾਇਦ ਅਸੀਂ ਹਰ ਰੋਜ਼ ਹੀ ਇਸ ਦੀ ਕਿਸੇ ਨਾ ਕਿਸੇ ਰੂਪ ਵਿੱਚ ਵਰਤਦੇ ਹਾਂ।

ਬੀਬੀਸੀ ਪੱਤਰਕਾਰ ਬੀਆਂਕਾ ਨੋਗਰੈਡੀ ਦੀ ਇੱਕ ਰਿਪੋਰਟ ਮੁਤਾਬਕ ਅਸਲ ਵਿੱਚ ਤਾਂ ਅਜੀਨੋਮੋਟੋ ਦੀ ਵਰਤੋਂ ਬਾਰੇ ਬਹਿਸ 1968 ਵਿੱਚ ਉਦੋਂ ਜ਼ੋਰ ਫ਼ੜ੍ਹ ਗਈ ਸੀ, ਜਦੋਂ ਇੱਕ ਡਾਕਟਰ ਰਾਬਰਟ ਹੋ ਮੈਨ ਕਵੋਕ ਨੇ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਨੂੰ ਇੱਕ ਚਿੱਠੀ ਲਿਖੀ ਸੀ।

ਇਸ ਚਿੱਠੀ ਵਿੱਚ ਉਨ੍ਹਾਂ ਨੇ ਅਮਰੀਕਾ ਦੇ ਕਿਸੇ ਚੀਨੀ ਰੈਸਟੋਰੈਂਟ ਵਿੱਚ ਖਾਣਾ ਖਾਣ ਤੋਂ ਬਾਅਦ ਪੈਦਾ ਹੋਣ ਵਾਲੇ ਇੱਕ ਸਿੰਡਰੋਮ ਦੇ ਸੰਭਾਵਿਤ ਕਾਰਨਾਂ ਬਾਰੇ ਲਿਖਿਆ ਸੀ।

ਖ਼ਾਸ ਤੌਰ 'ਤੇ, ਉਨ੍ਹਾਂ ਨੇ ਗਰਦਨ ਦੇ ਪਿਛਲਾ ਹਿੱਸਾ ਸੁੰਨਾ ਹੋਣ ਸ਼ਿਕਾਇਤ ਦਰਜ ਕਰਵਾਈ ਸੀ।

ਉਨ੍ਹਾਂ ਦੀ ਸ਼ਿਕਾਇਤ ਸੀ ਕਿ ਸੁੰਨਾਪਣ ਗਰਦਨ ਤੋਂ ਹੁੰਦਾ ਹੋਇਆ ਉਨ੍ਹਾਂ ਦੀਆਂ ਬਾਹਾਂ ਅਤੇ ਪਿੱਠ ਤੱਕ ਫ਼ੈਲ ਜਾਂਦਾ ਹੈ, ਨਾਲ ਹੀ ਉਨ੍ਹਾਂ ਨੇ ਆਮ ਕਮਜ਼ੋਰੀ ਅਤੇ ਦਿਲ ਦੀ ਵਧੀ ਹੋਈ ਧੜਕਣ ਮਹਿਸੂਸ ਕਰਨ ਦੀ ਗੱਲ ਆਖੀ।

ਕਵੋਕ ਦਾ ਅੰਦਾਜ਼ਾ ਸੀ ਕਿ ਇਸ ਸਭ ਦਾ ਕਾਰਨ ਸੋਇਆ ਸਾਸ ਹੋ ਸਕਦੀ ਹੈ।

ਪਰ ਇਸ ਦਾਅਵੇ ਨੂੰ ਬਾਅਦ ਵਿੱਚ ਖ਼ਾਰਜ ਕਰ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਘਰ ਵਿੱਚ ਵੀ ਉਸੇ ਸਾਸ ਨਾਲ ਖਾਣਾ ਪਕਾਇਆ ਪਰ ਇਸ ਨਾਲ ਉਨ੍ਹਾਂ ਦੇ ਸਰੀਰ ਉੱਤੇ ਪ੍ਰਭਾਵ ਨਜ਼ਰ ਨਹੀਂ ਸਨ ਆਏ।

ਕੰਪਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਜੀਨੋਮੋਟੋ ਦੀ ਵਰਤੋਂ ਦੁਨੀਆਂ ਭਰ ਵਿੱਚ ਕੀਤੀ ਜਾਂਦੀ ਹੈ। ਅਜੀਨੋਮੋਟੋ ਕੰਪਨੀ ਦੇ ਲੋਗੋ ਦੀ ਇੱਕ ਤਸਵੀਰ

ਨੋਗਰੈਡੀ ਕਹਿੰਦੇ ਹਨ ਕਿ ਇਸ ਨੂੰ ਉਸ ਦੌਰ ਵਿੱਚ ‘ਚਾਈਨੀਜ਼ ਰੈਂਸਟੋਰੈਂਟ ਸਿੰਡਰੋਮ’ ਕਿਹਾ ਗਿਆ ਸੀ।

ਪਰ ਇਸ ਤੋਂ ਕਵੋਕ ਵੱਲੋਂ ਛੇੜੀ ਬਹਿਸ ਦਾ ਅਸਰ ਇਹ ਹੋਇਆ ਕਿ ਇੱਕ ਦੌਰ ਆਇਆ ਜਦੋਂ ਚੀਨੀ ਰੈਸਟੋਰੈਂਟਾਂ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਆਮ ਸੀਜ਼ਨਿੰਗ ਐੱਮਐੱਸਜੀ ਦੀ ਵਰਤੋਂ ਉੱਤੇ ਸਵਾਲ ਖੜੇ ਹੋਣ ਲੱਗੇ।

ਐੱਮਐੱਸਜੀ ਨਾਲ ਜੁੜੇ ਕਈ ਸਿਹਤ ਸਿਧਾਂਤ ਸਾਹਮਣੇ ਆਏ। ਕਈਆਂ ਵਿੱਚ ਐੱਮਐੱਸਜੀ ਰਹਿਤ ਭੋਜਨਾਂ ਦੀ ਜਾਣਕਾਰੀ ਸੀ। ਕਈਆਂ ਨੇ ‘ਐੱਮਐੱਸਜੀ ਦਾ ਸੱਚ’ ਸਿਰਲੇਖ ਨਾਲ ਮੇਲ ਖਾਂਦੀਆਂ ਕਿਤਾਬਾਂ ਲਿਖੀਆਂ।

ਇੱਥੋਂ ਤੱਕ ਕਿ ਅਮਰੀਕਾ ਵਿੱਚ ਕਈ ਚੀਨੀ ਰੈਸਟੋਰੈਂਟਾਂ ਨੂੰ ਇਹ ਇਸ਼ਤਿਹਾਰ ਦੇਣ ਲਈ ਵੀ ਪ੍ਰੇਰਿਤ ਕੀਤਾ ਗਿਆ ਕਿ ਉਨ੍ਹਾਂ ਨੇ ਆਪਣੇ ਖਾਣਾ ਬਣਾਉਣ ਵਿੱਚ ਐੱਮਐੱਸਜੀ ਵਰਤੋਂ ਨਹੀਂ ਕੀਤੀ।

ਇਸ ਵਰਤਾਰੇ ਬਾਰੇ ਪੀਜੀਆਈ ਚੰਡੀਗੜ੍ਹ ਦੇ ਡਾਈਟੇਟਿਕਸ ਵਿਭਾਗ ਦੇ ਮੁਖੀ ਡਾਕਟਰ ਨੈਨਸੀ ਸਾਹਨੀ ਦਾ ਇਸ ਬਾਰੇ ਕਹਿਣਾ ਹੈ ਕਿ, “ਇਹ ਸੱਚ ਹੈ ਕਿ ਅਜੀਨੋਮੋਟੋ ਦੀ ਵਰਤੋਂ ਬਾਰੇ ਹੁਣ ਤੱਕ ਕਈ ਸਟੱਡੀਜ਼ ਸਾਹਮਣੇ ਆ ਚੁੱਕੀਆਂ ਹਨ। ਇਸ ਦੇ ਸਿਹਤ ਉੱਤੇ ਮਾੜੇ ਅਸਰ ਪਾਰੇ ਕਈ ਪੁਖ਼ਤਾ ਨਤੀਜੇ ਵੀ ਮੌਜੂਦ ਹਨ।”

ਪ੍ਰਦਰਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2018 ਵਿੱਚ ਜਾਨਵਰ ਪ੍ਰੇਮੀਆਂ ਨੇ ਅਜੀਨੋਮੋਟੋ ਕੰਪਨੀ ਖ਼ਿਲਾਫ਼ ਜਾਨਵਰਾਂ ਉੱਤੇ ਤਜ਼ਰਬੇ ਬਦਲੇ ਪ੍ਰਦਰਸ਼ਨ ਵੀ ਕੀਤਾ ਸੀ

ਅਜੀਨੋਮੋਟੋ ਦੀ ਵਰਤੋਂ ਅਤੇ ਸਿਹਤ

ਅਜੀਨੋਮੋਟੋ ਸਮੂਹ ਆਪਣੀ ਵੈੱਬਸਾਈਟ ਉੱਤੇ ਐੱਮਐੱਸਜੀ ਦੀ ਵਰਤੋਂ ਬਾਰੇ ਕਹਿੰਦਾ ਹੈ ਕਿ, “ਬੀਤੇ 100 ਸਾਲਾਂ ਤੋਂ ਇਸ ਦੀ ਵਰਤੋਂ ਭੋਜਨ ਵਿੱਚ ਕੀਤੀ ਜਾ ਰਹੀ ਹੈ। ਇਹ ਖਾਣ ਲਈ ਇੱਕ ਸੁਰੱਖਿਅਤ ਭੋਜਨ ਪਦਾਰਥ ਹੈ।”

ਅਮਰੀਕਾ ਦੀ ਫ਼ੂ਼ਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਅਤੇ ਵਿਸ਼ਵ ਸਿਹਤ ਸੰਗਠਨ ਨੇ ਵੀ ਐੱਮਐੱਸਜੀ ਨੂੰ ਇੱਕ ਸੁਰੱਖਿਅਤ ਭੋਜਨ ਤੱਤ ਵਜੋਂ ਅੰਕਿਤ ਕੀਤਾ ਹੈ। ਪਰ ਇਸ ਤੱਥ ਨਾਲ ਕਈ ਸਿਹਤ ਮਾਹਰ ਸਹਿਮਤ ਨਹੀਂ ਹਨ।

ਦੂਜੇ ਪਾਸੇ ਕਈ ਦੇਸ਼ਾਂ ਦੇ ਭੋਜਨ ਸੁਰੱਖਿਆ ਨਾਲ ਸਬੰਧਿਤ ਕਾਨੂੰਨ ਕਹਿੰਦੇ ਹਨ ਕਿ ਜੇ ਕਿਸੇ ਡੱਬਾਬੰਦ ਭੋਜਨ ਵਿੱਚ ਅਜੀਨੋਮੋਟੋ ਪਾਇਆ ਜਾਂਦਾ ਹੈ ਤਾਂ ਭੋਜਨ ਕੰਪਨੀ ਲਈ ਇਹ ਲਾਜ਼ਮੀ ਹੈ ਕਿ ਉਹ ਇਸ ਦੀ ਮਾਤਰਾ ਬਾਰੇ ਡੱਬੇ ਦੇ ਲੇਬਲ ਉੱਤੇ ਜ਼ਿਕਰ ਕਰੇ।

ਡਾਕਟਰ ਨੈਨਸੀ ਸਾਹਨੀ ਕਹਿੰਦੇ ਹਨ, “ਸਾਡੇ ਕੋਲ ਕਈ ਬੱਚੇ ਆਉਂਦੇ ਹਨ ਜਿਨ੍ਹਾਂ ਨੂੰ ਇਸ ਕਦਰ ਐਲਰਜੀ ਹੁੰਦੀ ਹੈ ਕਿ ਕਈ ਮਾਮਲਿਆਂ ਵਿੱਚ ਇਸ ਕਾਰਨ ਉਨ੍ਹਾਂ ਨੂੰ ਲਗਾਤਾਰ 100 ਤੋਂ ਵੀ ਵੱਧ ਛਿੱਕਾ ਆਉਂਦੀਆਂ ਹਨ।”

ਉਨ੍ਹਾਂ ਦਾ ਕਹਿਣਾ ਹੈ, “ਕਈ ਮਾਮਲਿਆਂ ਵਿੱਚ ਮਰੀਜ਼ ਦੱਸਦੇ ਹਨ ਕਿ ਬਾਹਰੋਂ ਖਾਣਾ ਖਾਣ ਤੋਂ ਬਾਅਦ ਅਜਿਹਾ ਹੋਇਆ।”

“ਅਸਲ ਵਿੱਚ ਐੱਮਐੱਸਜੀ ਖਾਣ ਦੀ ਇੱਕ ਸੀਮਤ ਮਾਤਰਾ ਹੈ। ਯੂਰਪੀਅਨ ਫ਼ੂਡ ਸੇਫ਼ਟੀ ਅਥਾਰਿਟੀ ਮਤਾਬਕ ਕੋਈ ਵਿਅਕਤੀ ਪ੍ਰਤੀ ਦਿਨ 30 ਮਿਲੀਗ੍ਰਾਮ ਐੱਮਐੱਸਜੀ ਪ੍ਰਤੀ ਕਿੱਲੋ ਲੈ ਸਕਦਾ ਹੈ। ਪਰ ਇਸ ਤੋਂ ਵਧੇਰੇ ਸੇਵਨ ਐਲਰਜੀ ਦਾ ਕਾਰਨ ਹੋ ਸਕਦਾ ਹੈ।”

ਡਾਕਟਰ ਨੈਨਸੀ ਕਹਿੰਦੇ ਹਨ,“ਜੇ ਇਹ ਮਾਤਰਾ 100 ਮਿਲੀਗ੍ਰਾਮ ਪ੍ਰਤੀ ਕਿੱਲੋ ਤੋਂ ਵੱਧਦੀ ਹੈ ਤਾਂ ਇਹ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਹੋ ਸਕਦੀ ਹੈ।”

ਡਾਕਟਰ ਨੈਨਸੀ ਦਾ ਕਹਿੰਦੇ ਹਨ ਕਿ, “ਅਜੀਨੋਮੋਟੋ ਭੋਜਨ ਵਿੱਚ ਪਾਇਆ ਜਾਣਾ ਵਾਲਾ ਇੱਕ ਅਜਿਹਾ ਤੱਥ ਹੈ ਜੋ ਦਿਮਾਗ ਨੂੰ ਪ੍ਰਭਾਵਿਤ ਕਰਕੇ ਆਪਣਾ (ਭੋਜਨ ਦਾ) ਆਦੀ ਬਣਾਉਂਦਾ ਹੈ।”

“ਕਈ ਵਾਰ ਸਾਡੀ ਭੁੱਖ ਮਿਟ ਚੁੱਕੀ ਹੁੰਦੀ ਹੈ ਪਰ ਫ਼ਿਰ ਵੀ ਆਦੀ ਹੋ ਜਾਣ ਕਾਰਨ ਅਸੀਂ ਹੋਰ ਖਾਣ ਦੀ ਇੱਛਾ ਰੱਖਦੇ ਹਾਂ। ਇਸ ਨੂੰ ਫ਼ੂਡ ਅਡਿਕਸ਼ਨ ਕਿਹਾ ਜਾਂਦਾ ਹੈ। ਇਹ ਵੀ ਨਸ਼ੇ ਜਾਂ ਡਰੱਗਜ਼ ਦੀ ਅਡਿਕਸ਼ਨ ਵਰਗੀ ਹੈ।”

ਉਹ ਦੱਸਦੇ ਹਨ ਕਿ, “ਅਸੀਂ ਅਕਸਰ ਬੱਚਿਆਂ ਬਾਰੇ ਸੁਣਦੇ ਹਾਂ ਕਿ ਉਹ ਹਾਈਪਰਐਕਟਿਵ ਹਨ ਜਾਂ ਘਰ ਦਾ ਖਾਣਾ ਖਾਣ ਦੀ ਬਜਾਇ ਬਾਹਰ ਤੋਂ ਖਾਣਾ ਪਸੰਦ ਕਰਦੇ ਹਨ। ਇਹ ਅਜਿਹਾ ਹੀ ਵਰਤਾਰਾ ਹੈ ਜਿਸ ਵਿੱਚ ਦਿਮਾਗ ਕਿਸੇ ਖ਼ਾਸ ਸਵਾਦ ਦਾ ਆਦੀ ਹੋ ਜਾਂਦਾ ਹੈ।”

“ਅਸਲ ਵਿੱਚ ਆਦੀ ਬਣਾਉਣ ਦੇ ਮਕਸਦ ਨਾਲ ਹੀ ਅਕਸਰ ਬਜ਼ਾਰੀ ਭੋਜਨਾਂ ਵਿੱਚ ਅਜੀਨੋਮੋਟੋ ਵਰਗੇ ਤੱਥ ਪਾਏ ਜਾਂਦੇ ਹਨ।”

ਡਾਕਟਰ ਨੈਨਸੀ ਇਸ ਦੇ ਹੋਰ ਪ੍ਰਭਾਵਾਂ ਬਾਰੇ ਕਹਿੰਦੇ ਹਨ, “ਆਪਣੀ ਲੋੜ ਨਾਲੋਂ ਵੱਧ ਖਾਣ ਦੀ ਆਦਤ ਪੈ ਜਾਣਾ ਆਪਣੇ-ਆਪ ਵਿੱਚ ਇੱਕ ਗੰਭੀਰ ਬਿਮਾਰੀ ਹੈ।”

“ਐੱਮਐੱਸਜੀ ਸਰੀਰ ਨੂੰ ਸੁਸਤ ਕਰਦਾ ਹੈ। ਨਤੀਜਾ ਹੁੰਦਾ ਹੈ ਮੋਟਾਪਾ, ਹਾਈ ਬਲੱਡ-ਪ੍ਰੈਸ਼ਰ ਅਤੇ ਹਾਈਪਰਟੈਨਸ਼ਨ।”

ਡਾਕਟਰ ਨੈਨਸੀ ਕਹਿੰਦੇ ਹਨ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਬੱਚਿਆਂ, ਗਰਭਵਤੀ ਔਰਤਾਂ ਦੇ ਬਜ਼ੁਰਗਾਂ ਨੂੰ ਘਰ ਦਾ ਖਾਣਾ ਹੀ ਖੁਆਇਆ ਜਾਵੇ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)