ਬਜ਼ਾਰ 'ਚ ਵਿਕਦੇ ਭਾਰਤੀ ਮਸਾਲਿਆਂ ਵਿੱਚ ਕੀ ਜ਼ਹਿਰੀ ਰਸਾਇਣ ਹਨ, ਜਾਣੋ ਕੀ ਕਹਿੰਦੀਆਂ ਨੇ ਜਾਂਚ ਏਜੰਸੀਆਂ

ਮਸਾਲੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਨ੍ਹਾਂ ਰਸਾਇਣਾਂ ਕਾਰਨ ਭਾਰਤੀ ਮਸਾਲਿਆਂ ਉੱਤੇ ਕੁਝ ਦੇਸ਼ਾਂ ਨੇ ਪਾਬੰਦੀ ਲਾਈ ਹੈ, ਐੱਫਐੱਸਐੱਸਏਆਈ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਬਾਜ਼ਾਰ ਵਿੱਚ ਮਿਲਣ ਵਾਲੇ ਮਸਾਲਿਆਂ ਵਿੱਚ ਉਹ ਰਸਾਇਣ ਨਹੀਂ ਹਨ
    • ਲੇਖਕ, ਸ਼ਾਰਧਾ ਵੀ
    • ਰੋਲ, ਬੀਬੀਸੀ ਸਹਿਯੋਗੀ

ਜਦੋਂ ਭਾਰਤ ਵਿੱਚ ਤਿਆਰ ਮਸਾਲੇ ਜ਼ਹਿਰੀਲੇ ਰਸਾਇਣਾਂ ਦੀ ਮੌਜੂਦਗੀ ਕਾਰਨ ਕਈ ਦੇਸਾਂ ਵਿੱਚ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਹਨ ਤਾਂ ਐੱਫਐੱਸਐੱਸਏਆਈ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਭਾਰਤ ਵਿੱਚ ਵੇਚੇ ਜਾ ਰਹੇ ਮਸਾਲਿਆਂ ਵਿੱਚ ਇਹ ਰਸਾਇਣ ਮੌਜੂਦ ਨਹੀਂ ਹਨ।

ਭਾਰਤ ਵਿੱਚ ਤਿਆਰ ਮਸਾਲਿਆਂ ਦੇ ਕਈ ਵੱਡੇ ਬਰਾਂਡ, ਸਿੰਗਾਪੁਰ ਅਤੇ ਹਾਂਗਕਾਂਗ ਵਿੱਚ, ਫਿਊਮੀਗੰਟ ਐਥਲੀਨ ਆਕਸਾਈਡ (ਈਟੀਓ) ਦੀ ਮੌਜੂਦਗੀ ਕਾਰਨ ਪਾਬੰਦੀ ਝੱਲ ਰਹੇ ਹਨ।

ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਿਕਟੀ ਜਿਸ ਨੂੰ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਿਟੀ ਆਫ਼ ਇੰਡੀਆ ਵੀ ਕਿਹਾ ਜਾਂਦਾ ਹੈ।

ਐੱਫਐੱਸਐੱਸਏਆਈ ਨੇ ਕਿਹਾ ਹੈ ਕਿ ਜਦੋਂ ਹਾਂਗਕਾਂਕ, ਸਿੰਗਾਪੁਰ, ਮਾਲਦੀਵਸ, ਆਸਟਰੇਲੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਐੱਮਡੀਐੱਚ ਅਤੇ ਐਵਰੈਸਟ ਦੇ ਮਸਾਲਿਆਂ ਵਿੱਚ ਕੈਂਸਰ ਜਨਕ (ਈਟੀਓ) ਰਸਾਇਣਾਂ ਦੇ ਨਾਸਹਿਣਯੋਗ ਪੱਧਰ ਮਿਲੇ ਹਨ, ਤਾਂ ਉਹ ਹਰਕਤ ਵਿੱਚ ਆ ਗਏ ਸਨ।

ਐੱਫਐੱਸਐੱਸਏਆਈ ਨੇ ਬੀਬੀਸੀ ਨੂੰ ਇੱਕ ਈਮੇਲ ਵਿੱਚ ਦਾਅਵਾ ਕੀਤਾ, “ਐਥਲੀਨ ਆਕਸਾਈਡ (ਈਟੀਓ) ਭਾਰਤ ਵਿੱਚ ਵੇਚੇ ਜਾ ਰਹੇ ਮਸਾਲਿਆਂ ਵਿੱਚ ਵਰਤਿਆ ਨਹੀਂ ਜਾ ਰਿਹਾ।”

ਇਹ ਸ਼ਾਇਦ ਪਹਿਲੀ ਵਾਰ ਹੈ ਕਿ ਜਾਰੀ ਵਿਵਾਦ ਦੌਰਾਨ ਐੱਫਐੱਸਐੱਸਏਆਈ ਨੇ ਦਾਅਵਾ ਕੀਤਾ ਹੋਵੇ ਕਿ ਭਾਰਤ ਵਿੱਚ ਵਿਕ ਰਹੇ ਮਸਾਲਿਆਂ ਵਿੱਚ ਇਹ ਰਸਾਇਣ ਮੌਜੂਦ ਨਹੀਂ ਹੈ।

ਐੱਫਐੱਸਐੱਸਏਆਈ ਨੇ ਇਹ ਵੀ ਦੱਸਿਆ ਹੈ ਕਿ ਉਸ ਨੇ ਜਿਹੜੇ ਮਸਾਲਿਆਂ ਬਾਰੇ ਕੁਝ ਦੇਸਾਂ ਵੱਲੋਂ ਲਾਲ ਝੰਡੀ ਦਿਖਾਈ ਗਈ ਸੀ, ਉਨ੍ਹਾਂ ਦੀ ਜਾਂਚ ਕਿਵੇਂ ਕੀਤੀ ਹੈ।

ਐੱਫਐੱਸਐੱਸਏਆਈ ਨੇ ਬੀਬੀਸੀ ਤਾਮਿਲ ਦੀ ਈਮੇਲ ਦੇ ਜਵਾਬ ਵਿੱਚ ਕਿਹਾ,“ਮਸਾਲਿਆਂ ਦੀ 232 ਕੀਟਨਾਸ਼ਕਾਂ ਦੀ ਮੌਜੂਦਗੀ ਲਈ ਜਾਂਚ ਕੀਤੀ ਜਾਂਦੀ ਹੈ। ਮਸਾਲਿਆਂ ਵਿੱਚ ਐਥਲੀਨ ਆਕਸਾਈਡ ਦੀ ਮੌਜੂਦਗੀ ਬਾਰੇ ਤਾਜ਼ਾ ਮੀਡੀਆ ਰਿਪੋਰਟਾਂ ਤੋਂ ਬਾਅਦ ਦੋਵਾਂ ਬਰਾਂਡਾਂ ਐੱਮਡੀਐੱਚ ਅਤੇ ਐਵਰਿਸਟ ਲਈ ਉਤਪਾਦਕਾਂ ਦੀ ਪਛਾਣ ਕੀਤੀ ਗਈ।”

“ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ ਗਈ, ਭਾਵ— ਜਾਂਚ, ਨਮੂਨੇ ਲੈਣਾ ਅਤੇ ਭੇਜੀਆਂ ਗਈਆਂ ਵਸਤੂਆਂ ਦਾ ਖੁਰਾਖੋਜ ਲਾਉਣ ਲਈ ਐੱਫਐੱਸਐੱਸਏਆਈ ਦੇ ਖੇਤਰੀ ਦਫ਼ਤਰਾਂ ਨੇ ਜਾਂਚ ਕੀਤੀ।”

ਮਸਾਲੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਦੀ ਫੂਡ ਐਂਡ ਡਰੱਗਜ਼ ਅਥਾਰਟੀ ਨੇ ਐਵਰੈਸਟ ਦੇ ਸਾਂਬਰ ਮਸਾਲਾ ਅਤੇ ਗਰਮ ਮਸਾਲਾ ਨੂੰ ਮਾਰਕੀਟ ਤੋਂ ਵਾਪਸ ਲੈਣ ਦਾ ਹੁਕਮ ਦਿੱਤਾ ਸੀ

ਕਿਸੇ ਵੀ ਖੁਰਾਕੀ ਵਸਤੂ ਨੂੰ ਜਦੋਂ ਇੰਪੋਰਟ ਕਲੀਅਰੈਂਸ ਲਈ ਐੱਫ਼ਐੱਸਐੱਸਏਆਈ ਦੇ ਸਨਮੁਖ ਪੇਸ਼ ਕੀਤਾ ਜਾਂਦਾ ਹੈ ਤਾਂ ਉਸਦੀ ਜਾਂਚ ਤਿੰਨ ਪੱਧਰਾਂ ਉੱਤੇ ਕੀਤੀ ਜਾਂਦੀ ਹੈ।

ਇਹ ਦੇਖਣ ਲਈ ਕਿ ਵਸਤਾਂ ਖੁਰਾਕ ਸੁਰੱਖਿਆ ਅਤੇ ਮਿਆਰ ਐਕਟ 2006 ਅਤੇ ਦਿਸ਼ਾ ਨਿਰਦੇਸ਼ਾਂ ਵਿੱਚ ਨਿਰਧਾਰਿਤ ਸੁਰੱਖਿਆ ਅਤੇ ਗੁਣਵੱਤਾ ਮਿਆਰਾਂ ਉੱਤੇ ਖਰੀਆਂ ਉੱਤਰਦੀਆਂ ਹਨ ਜਾਂ ਨਹੀਂ, ਇਹ ਪੁਸ਼ਟੀ ਕਰਨ ਲਈ ਦਸਤਾਵੇਜ਼ਾਂ ਦੀ ਜਾਂਚ, ਅੱਖੀਂ ਦੇਖ ਕੇ ਜਾਂਚ, ਨਮੂਨੇ ਲੈਣਾ ਅਤੇ ਟੈਸਟਿੰਗ ਕੀਤੀ ਜਾਂਦੀ ਹੈ।

ਆਇਆਤ ਕੀਤੇ ਉਤਪਾਦਾਂ ਦੀ ਟੈਸਟਿੰਗ ਦੇ ਸੰਬੰਧ ਵਿੱਚ “ਜੇ ਮਿਲੇ ਕਿ ਨਮੂਨਾ ਮਿਆਰਾਂ ਮੁਤਾਬਕ ਹੈ ਤਾਂ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (ਐੱਨਓਸੀ) ਜਾਰੀ ਕੀਤਾ ਜਾਂਦਾ ਹੈ। ਅਤੇ ਜੇ ਪੁਸ਼ਟੀ ਨਹੀਂ ਕਰਦਾ ਤਾਂ ਗੈਰ-ਪੁਸ਼ਟੀ ਰਿਪੋਰਟ (ਐੱਨਸੀਆਰ) ਜਾਰੀ ਕੀਤੀ ਜਾਂਦੀ ਹੈ। ਐੱਨਸੀਆਰ ਦੀ ਸੂਰਤ ਵਿੱਚ ਖੇਪ ਨੂੰ ਬੰਦਰਗਾਹ ਤੋਂ ਪ੍ਰਵਾਨਗੀ ਨਹੀਂ ਮਿਲਦੀ ਹੈ।”

ਐੱਫਐੱਸਐੱਸਏਆਈ ਭਾਰਤ ਤੋਂ ਵਿਦੇਸ਼ਾਂ ਨੂੰ ਜਾਣ ਵਾਲੇ ਉਤਪਾਦਾਂ ਦੀ ਨਿਗਰਾਨੀ ਨਹੀਂ ਕਰਦਾ ਹੈ। ਇਹ ਭਾਰਤ ਦੇ ਮਸਾਲਾ ਬੋਰਡ ਦੇ ਕਾਰਜਖੇਤਰ ਦਾ ਵਿਸ਼ਾ ਹੈ।

ਮਸਾਲੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਂਗਕਾਂਗ ਅਤੇ ਸਿੰਗਾਪੁਰ ਨੇ ਅਪ੍ਰੈਲ ਵਿੱਚ ਕੁਝ ਭਾਰਤੀ ਕੰਪਨੀਆਂ ਵੱਲੋਂ ਪੈਕ ਕੀਤੇ ਕੁਝ ਮਸਾਲਿਆਂ ਵਿੱਚ ਰਸਾਇਣਿਕ ਮਿਲਾਵਟ ਬਾਰੇ ਧਿਆਨ ਖਿੱਚਿਆ ਸੀ

ਭਾਰਤ ਤੋਂ ਐਕਸਪੋਰਟ ਕੀਤੇ ਜਾਣ ਵਾਲੇ ਮਸਾਲੇ ਵਿਵਾਦਾਂ ਵਿੱਚ ਕਿਉਂ ਹਨ?

ਹਾਂਗਕਾਂਗ ਅਤੇ ਸਿੰਗਾਪੁਰ ਨੇ ਅਪ੍ਰੈਲ ਵਿੱਚ ਕੁਝ ਭਾਰਤੀ ਕੰਪਨੀਆਂ ਵੱਲੋਂ ਪੈਕ ਕੀਤੇ ਕੁਝ ਮਸਾਲਿਆਂ ਵਿੱਚ ਰਸਾਇਣਿਕ ਮਿਲਾਵਟ ਬਾਰੇ ਸ਼ੰਕੇ ਖੜ੍ਹੇ ਕੀਤੇ।

ਵਿਵਾਦ ਸ਼ੁਰੂ ਹੋਇਆ ਜਦੋਂ 5 ਅਪ੍ਰੈਲ ਨੂੰ ਹਾਂਗਕਾਂਗ ਦੇ ਫੂਡ ਸੇਫ਼ਟੀ ਸੈਂਟਰ ਨੇ ਐੱਮਡੀਐੱਚ ਦੇ ਤਿੰਨ ਮਸਾਲਿਆਂ (ਮਦਰਾਸ ਕਰੀ ਪਾਊਡਰ, ਸਾਂਭਰ ਮਸਾਲਾ ਅਤੇ ਕਰੀ ਮਸਾਲਾ) ਵਿੱਚ ਅਤੇ ਐਵਰਿਸਟ ਦੇ ਫਿਸ਼ ਕਰੀ ਮਸਾਲੇ ਉੱਤੇ ਰੋਕ ਲਗਾ ਦਿੱਤੀ।

ਸਿੰਗਾਪੁਰ ਤੋਂ ਬਾਅਦ ਜਲਦੀ ਹੀ ਹਾਂਗਕਾਂਗ ਨੇ ਵੀ ਐਵਰੈਸਟ ਦੇ ਮਸਾਲੇ ਬਜ਼ਾਰ ਵਿੱਚ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ।

ਦੇਵਾਂ ਦੇਸ਼ਾਂ ਨੇ ਇਨ੍ਹਾਂ ਮਸਾਲਿਆਂ ਵਿੱਚ ਕੀਟਨਾਸ਼ਕ ਐਥਲੀਨ ਆਕਸਾਈਡ ਦੇ ਉੱਚੇ ਪੱਧਰ ਹੋਣ ਦਾ ਦਾਅਵਾ ਕੀਤਾ।

ਐਥਲੀਨ ਆਕਸਾਈਡ ਆਮ ਤਾਪਮਾਨ ਉੱਤੇ ਇੱਕ ਰੰਗਹੀਣ ਗੈਸ ਹੈ।

ਇਹ ਕਈ ਵਾਰ ਅਨਾਜ, ਸੁੱਕੇ ਮੇਵੇ, ਮਸਾਲਿਆਂ ਅਤੇ ਕੁਝ ਜੜੀਆਂ ਬੂਟੀਆਂ, ਜਿਨ੍ਹਾਂ ਵਿੱਚ ਢੋਆ-ਢੁਆਈ ਅਤੇ ਸਟੋਰੇਜ ਦੌਰਾਨ ਕੀੜਾ ਪੈਣ ਅਤੇ ਪੈਥੋਜਨ ਪੈਦਾ ਹੋਣ ਦਾ ਡਰ ਹੁੰਦਾ ਹੈ ਤੋਂ ਬਚਾਉਣ ਲਈ ਵਰਤਿਆ ਜਾਂਦਾ ਹੈ।

ਈਟੀਓ ਗੈਸ ਪੈਕਜਿੰਗ ਦੇ ਅੰਦਰ ਚਲੀ ਜਾਂਦੀ ਹੈ ਅਤੇ ਖੁਰਾਕੀ ਵਸਤਾਂ ਤੱਕ ਪਹੁੰਚ ਕਰਕੇ ਕੀੜੇ-ਮਕੌੜੇ, ਲਾਰਵਾ ਅਤੇ ਬੈਕਟੀਰੀਆ ਆਦਿ ਨੂੰ ਮਾਰ ਦਿੰਦੀ ਹੈ।

ਜੇ ਮਨੁੱਖ ਇਸ ਗੈਸ ਦਾ ਸੇਵਨ ਕਰ ਲਵੇ ਤਾਂ ਇਹ ਕੈਂਸਰ ਕਰ ਸਕਦੀ ਹੈ ਇਸ ਲਈ ਕਈ ਸਿਹਤ ਸੰਗਠਨਾਂ ਵੱਲੋਂ ਈਟੀਓ ਨੂੰ ਕਾਰਸੀਨੋਜਨ ਯਾਨੀ ਕੈਂਸਰ ਦੇ ਕਾਰਨ ਬਣਨ ਵਾਲੇ ਪਦਾਰਥਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

ਵੱਡੀ ਮਾਤਰਾ ਵਿੱਚ ਐਥਲੀਨ ਆਕਸਾਈਡ ਦੇ ਸੰਪਰਕ ਵਿੱਚ ਜ਼ਿਆਦਾ ਦੇਰ ਤੱਕ ਰਹਿਣਾ ਨੁਕਸਾਨਦੇਹ ਹੋ ਸਕਦਾ ਹੈ। ਇਸ ਕਾਰਨ ਸਾਹ ਵਿੱਚ ਪ੍ਰੇਸ਼ਾਨੀ, ਕੇਂਦਰੀ ਨਰਵਸ ਪ੍ਰਣਾਲੀ ਉੱਤੇ ਅਸਰ ਅਤੇ ਪ੍ਰਜਨਣ ਸਮਰੱਥਾ ਉੱਤੇ ਵੀ ਅਸਰ ਪੈ ਸਕਦਾ ਹੈ।

ਅਮਰੀਕਾ ਦੀ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਨੇ ਵੀ ਮੰਨਿਆ ਹੈ ਕਿ ਉਹ ਆ ਰਹੀਆਂ ਰਿਪੋਰਟਾਂ ਦੇ ਸੰਬੰਧ ਵਿੱਚ ਹੋਰ ਜਾਣਕਾਰੀ ਇਕੱਠੀ ਕਰ ਰਹੀ ਹੈ।

ਹੋਰ ਦੇਸ਼ ਜਿਵੇਂ, ਬੰਗਲਾਦੇਸ਼,ਆਸਟ੍ਰੇਲੀਆ ਅਤੇ ਮਾਲਦੀਵਸ ਵੀ ਇਸ ਵਿੱਚ ਕੁੱਦ ਰਹੇ ਹਨ।

ਐੱਮਡੀਐੱਚ ਨੇ ਇਲਜ਼ਾਮਾਂ ਨੂੰ ਰੱਦ ਕਰਦੇ ਹੋਏ ਕਿਹਾ ਹੈ, “ਅਸੀਂ ਆਪਣੇ ਗਾਹਕਾਂ ਨੂੰ ਯਕੀਨ ਦਵਾਉਂਦੇ ਹਾਂ ਕਿ ਅਸੀਂ ਆਪਣੇ ਮਸਾਲਿਆਂ ਵਿੱਚ ਸਟੋਰੇਜ, ਪ੍ਰੋਸੈਸਿੰਗ ਜਾਂ ਪੈਕਜਿੰਗ ਕਿਸੇ ਵੀ ਪੜਾਅ ਉੱਤੇ ਐਥੀਲੀਨ ਆਕਸਾਈਡ ਦੀ ਵਰਤੋਂ ਨਹੀਂ ਕਰਦੇ। ਇਹ ਦਾਅਵੇ ਝੂਠੇ ਅਤੇ ਬੇਬੁਨਿਆਦ ਹਨ।”

ਲੈਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੈਬ ਵਿੱਚ ਮਸਾਲਿਆਂ ਦੀ ਜਾਂਚ ਕੀਤੇ ਜਾਣ ਦੀ ਇੱਕ ਤਸਵੀਰ

ਭਾਰਤ ਦੇ ਮਸਾਲਾ ਕਾਰੋਬਾਰ ਲਈ ਖ਼ਤਰੇ ਦੀ ਘੰਟੀ

ਮਸਾਲੇ ਸਦੀਆਂ ਤੋਂ ਭਾਰਤੀ ਸੱਭਿਆਚਾਰ ਅਤੇ ਆਰਥਿਕਤਾ ਦੇ ਕੇਂਦਰ ਵਿੱਚ ਰਹੇ ਹਨ। ਇਨ੍ਹਾਂ ਦੀ ਮਹਿਕ ਸਿਲਕ ਰੂਟ ਰਾਹੀਂ ਵਿਦੇਸ਼ਾਂ ਵਿੱਚ ਪਹੁੰਚਦੇ ਹੋਏ ਇਹ ਵੱਡੀਆਂ ਵਿਦੇਸ਼ੀ ਸ਼ਕਤੀਆਂ, ਜਿਵੇਂ— ਪੁਰਤਗਾਲੀ, ਡੱਚ ਅਤੇ ਫਿਰ ਅੰਗਰੇਜ਼ਾਂ ਨੂੰ ਖਿੱਚ ਕੇ ਲਿਆਈ ਹੈ।

ਮੁੱਖ ਮਸਾਲੇ ਜਿਵੇਂ— ਕਾਲੀ ਮਿਰਚ,ਇਲਾਇਚੀ, ਦਾਲ-ਚੀਨੀ, ਅਤੇ ਲੌਂਗ ਨੇ ਭਾਰਤ ਨੂੰ ਯੂਰਪ, ਅਫ਼ਰੀਕਾ ਅਤੇ ਪੂਰਬੀ ਏਸ਼ੀਆ ਨਾਲ ਜੋੜਿਆ ਹੈ। ਇਨ੍ਹਾਂ ਕਾਰਨ ਭਾਰਤ ਦੁਨੀਆਂ ਦਾ ਮਸਾਲਾ ਕੇਂਦਰ ਅਤੇ ਸਭਿਆਚਾਰਕ ਵਟਾਂਦਰੇ ਦਾ ਜ਼ਰੀਆ ਬਣਿਆ।

ਭਾਰਤ ਦੇ ਭੂਗੋਲ ਵਿੱਚ ਮਿਲਦੇ ਵੱਖ-ਵੱਖ ਕਿਸਮ ਦੇ ਜਲਵਾਯੂ ਅਤੇ ਪੌਣ ਪਾਣੀ ਕਾਰਨ ਇੱਥੇ ਕਈ ਕਿਸਮ ਦੇ ਮਸਾਲੇ ਪੈਦਾ ਹੁੰਦੇ ਹਨ ਜੋ ਇਸ ਨੂੰ ਦੁਨੀਆਂ ਵਿੱਚ ਮਸਾਲਿਆਂ ਦਾ ਪਾਵਰ ਹਾਊਸ ਬਣਾਉਂਦੇ ਹਨ।

ਭਾਰਤ ਦੇ ਮਸਾਲਾ ਬੋਰਡ ਮੁਤਾਬਕ ਵਿੱਤੀ ਸਾਲ 2022-23 ਦੌਰਾਨ ਭਾਰਤ ਨੇ ਮਸਾਲੇ ਅਤੇ ਸੰਬੰਧਿਤ ਉਤਪਾਦਾਂ ਦਾ 14,04,357 ਟਨ ਨਿਰਿਆਤ ਕੀਤਾ, ਜਿਨ੍ਹਾਂ ਦੀ ਕੀਮਤ 31,761 ਕਰੋੜ ਰੁਪਏ ਬਣਦੀ ਹੈ।

ਲਾਲ ਮਿਰਚ ਦਾ ਪਾਊਡਰ (1.3 ਬਿਲੀਅਨ ਅਮਰੀਕੀ ਡਾਲਰ) ਇਨ੍ਹਾਂ ਵਿੱਚ ਮੋਹਰੀ ਰਿਹਾ ਹੈ। ਉਸ ਤੋਂ ਬਾਅਦ ਜੀਰਾ (550 ਮਿਲੀਅਨ ਅਮਰੀਕੀ ਡਾਲਰ), ਹਲਦੀ (220 ਮਿਲੀਅਨ ਅਮਰੀਕੀ ਡਾਲਰ), ਇਲਾਇਚੀ (130 ਮਿਲੀਅਨ ਅਮਰੀਕੀ ਡਾਲਰ), ਮਸਾਲਾ ਮਿਕਸਚਰ (110 ਮਿਲੀਅਨ ਅਮਰੀਕੀ ਡਾਲਰ) ਮਸਾਲਾ ਤੇਲ ਅਤੇ ਓਲੀਓਰੈਜ਼ਿਨ ਇੱਕ ਬਿਲੀਅਨ ਅਮਰੀਕੀ ਡਾਲਰ ਰਹੇ।

ਮਸਾਲੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਐੱਮਡੀਐੱਚ ਮਸਾਲੇ ਲੰਬੇ ਸਮੇਂ ਤੋਂ ਭੋਜਨ ਵਿੱਚ ਵਰਤੇ ਜਾਂਦੇ ਹਨ

ਭਾਰਤੀ ਮਸਾਲਿਆਂ ਦੀ ਇਹ ਕੌਮਾਂਤਰੀ ਜਾਂਚ-ਪੜਤਾਲ ਇਸ ਕਾਰੋਬਾਰ ਲਈ ਖ਼ਤਰਾ ਖੜ੍ਹਾ ਕਰ ਸਕਦੀ ਹੈ।

ਇੱਕ ਆਰਥਿਕ ਥਿੰਕ ਟੈਂਕ ਗਲੋਬਲ ਟਰੇਡ ਰਿਸਰਚ ਇਨੀਸ਼ਿਏਟਿਵਸ ਮੁਤਾਬਕ, ਭਾਰਤ ਮਸਾਲਿਆਂ ਖਿਲਾਫ਼ ਤਾਜ਼ਾ ਕੌਮਾਂਤਰੀ ਕਾਰਵਾਈਆਂ ਨੇ ਕਰੀਬ 692.5 ਮਿਲੀਅਨ ਅਮਰੀਕੀ ਡਾਲਰ ਦੇ ਮਸਾਲਿਆਂ ਦੇ ਨਿਰਿਆਤ... ਲਈ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਜੇ ਚੀਨ ਵੀ ਇਸ ਵਿੱਚ ਸ਼ਾਮਲ ਹੋ ਗਿਆ 2.17 ਬਿਲੀਅਨ ਡਾਲਰ ਦੇ ਨਰਿਆਤ ਨੂੰ ਭੁੱਲ ਜਾਓ ਜੋ ਕਿ ਭਾਰਤ ਦੇ ਕੁੱਲ ਮਸਾਲਾ ਨਿਰਿਆਤ ਦਾ 51.1% ਹੈ।”

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਭਾਰਤੀ ਰੈਗੂਲੇਟਰਾਂ ਵੱਲੋਂ ਕੁਝ ਕਦਮ ਚੁੱਕੇ ਗਏ ਹਨ ਪਰ ਮਸਾਲਿਆਂ ਦੇ ਮਿਆਰ ਬਾਰੇ ਕਿਸੇ ਸਰਕਾਰੀ ਅਦਾਰੇ ਵੱਲੋਂ ਅਜੇ ਤੱਕ ਕੋਈ ਠੋਸ ਬਿਆਨ ਨਹੀਂ ਆਇਆ ਹੈ।

ਗਲੋਬਲ ਟਰੇਡ ਰਿਸਰਚ ਇਨੀਸ਼ੇਇਟਿਵ ਦੇ ਮੋਢੀ ਅਤੇ ਭਾਰਤੀ ਟਰੇਡ ਸੇਵਾ ਦੇ ਸਾਬਕਾ ਅਧਿਕਾਰੀ, ਅਜੇ ਸ਼੍ਰੀਵਾਸਤਾ ਮੁਤਾਬਕ ਇਹ ਜਾਗਣ ਅਤੇ ਘਰ ਠੀਕ ਕਰਨ ਦੀ ਚੇਤਾਵਨੀ ਹੈ। ਉਹ “ਟਰੈਕ ਐਂਡ ਟਰੇਸ” ਪ੍ਰਣਾਲੀ ਦੀ ਵਕਾਲਤ ਕਰਦੇ ਹਨ।

ਉਹ ਕਹਿੰਦੇ ਹਨ, “ਜਦੋਂ ਤੱਕ ਕੋਈ ਉਤਪਾਦ ਗਾਹਕ ਤੱਕ ਨਹੀਂ ਪਹੁੰਚ ਜਾਂਦਾ ਉਦੋਂ ਤੱਕ ਖੇਤ ਤੋਂ ਲੈ ਕੇ ਇਸਦਾ ਪਿੱਛਾ ਕੀਤਾ ਜਾਣਾ ਚਾਹੀਦਾ ਹੈ। ਜੇ ਕਿਤੇ ਵੀ ਕੋਈ ਕਮੀ ਹੋਵੇ ਤਾਂ ਉਸ ਬਾਰੇ ਸਾਰਿਆਂ ਨੂੰ ਪਤਾ ਲੱਗੇ। ਗਾਹਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਉਤਪਾਦ ਉਹ ਵਰਤ ਰਹੇ ਹਨ ਕਿੱਥੋਂ ਆ ਰਿਹਾ ਹੈ। ਦੁਨੀਆਂ ਹੌਲੀ-ਹੌਲੀ ਇਹ ਪ੍ਰਣਾਲੀ ਅਪਣਾ ਰਹੀ ਹੈ, ਭਾਰਤ ਨੂੰ ਵੀ ਅਪਣਾਉਣੀ ਚਾਹੀਦੀ ਹੈ।”

ਭਾਰਤੀ ਮਸਾਲੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤੀ ਮਸਾਲੇ ਦੁਨੀਆਂ ਭਰ ਵਿੱਚ ਵਿਕਦੇ ਹਨ

ਭਾਰਤ ਤੋਂ ਮਾਲ ਮੰਗਵਾਉਣ ਵਾਲੇ ਕੁਝ ਲੋਕ ਹੁਣ ਇਸ ਦਾ ਰਾਹ ਤਲਾਸ਼ ਰਹੇ ਹਨ।

ਦੱਖਣੀ ਏਸ਼ੀਆ ਦੇ ਇੱਕ ਇਮਪੋਟਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ, “ਸਾਡੀ ਫਰਮ ਨੇ ਭਾਰਤ ਤੋਂ ਕੰਮ ਸ਼ੁਰੂ ਕੀਤਾ ਅਤੇ ਹੁਣ ਦੁਨੀਆਂ ਭਰ ਵਿੱਚ ਕੰਮ ਕਰ ਰਹੀ ਹੈ ਅਤੇ ਕਈ ਦਹਾਕਿਆਂ ਤੋਂ ਮਸਾਲਿਆਂ ਦੇ ਕਾਰੋਬਾਰ ਵਿੱਚ ਹੈ।”

“ਅਸੀਂ ਈਟੀਓ ਮਸਾਲਿਆਂ ਦੋ ਪਰਹੇਜ਼ ਕਰਦੇ ਹਾਂ, ਅਤੇ ਆਪਣੇ ਮਸਾਲਿਆਂ ਦੀ ਪ੍ਰਯੋਗਸ਼ਾਲਾ ਵਿੱਚ ਜਾਂਚ ਕਰਵਾਉਂਦੇ ਹਾਂ ਕਿ ਉਹ ਈਟੀਓ ਰਹਿਤ ਹੋਣ। ਬਦਲਵੀਆਂ ਵਿਧੀਆਂ ਜਿਵੇਂ ਸਟੀਮ ਟਰੀਟਮੈਂਟ ਉੱਤੇ ਨਿਰਭਰਤਾ ਕਾਰਨ ਲਾਗਤ ਵਧ ਜਾਂਦੀ ਹੈ।”

ਉਨ੍ਹਾਂ ਕਿਹਾ, “ਇਸਦੀ ਭਾਰਤ ਵਿੱਚ ਵਰਤੋਂ ਘੱਟ ਕੀਤੀ ਜਾਂਦੀ ਹੈ ਪਰ ਉਤਾਪਾਦ ਦੀ ਸੁਰੱਖਿਆ ਅਤੇ ਸ਼ੈਲਫ਼ ਹੰਢਣਸਾਰਤਾ ਲਈ ਜ਼ਰੂਰੀ ਹੈ।”

ਰੀਜੈਂਸੀ ਮਸਾਲਿਆਂ ਦੇ ਸੁਨੀਲ ਦੱਤਾਨੀ ਹਾਂਗਕਾਂਗ ਵਿੱਚ ਇੱਕ ਮਸਾਲਿਆਂ ਦੇ ਇੰਪੋਰਟਰ ਹਨ। ਉਨ੍ਹਾਂ ਨੇ ਦੱਸਿਆ ਕਿ ਚੀਨੀ ਇਲਾਕੇ ਵਿੱਚ ਈਟੀਓ ਉੱਤੇ ਪਾਬੰਦੀ ਕੁਝ ਮਹੀਨੇ ਪਹਿਲਾਂ ਹੀ ਲਾਈ ਗਈ ਸੀ ਅਤੇ ਇਸੇ ਕਾਰਨ ਇਹ ਨਿਗਰਾਨੀ ਰੱਖੀ ਜਾ ਰਹੀ ਹੈ।

ਉਹ ਦੱਸਦੇ ਹਨ, “ਹਾਂਗਕਾਂਗ ਦੇ ਫੂਡ ਐਂਡ ਹਾਈਜੀਨ ਡਿਪਾਰਟਮੈਂਟ ਅਤੇ ਕਨਜ਼ਿਊਮਰ ਕਾਊਂਸਲ ਵੱਲੋਂ ਦੁਕਾਨਾਂ ਵਿੱਚ ਜਾ ਕੇ ਖੁਰਾਕੀ ਵਸਤਾਂ ਦੀ ਜਾਂਚ ਕਰਦੀ ਹੈ।”

“ਉਹ ਸਾਦੇ ਕੱਪੜਿਆਂ ਵਿੱਚ ਖ਼ਰੀਦਾਰੀ ਕਰਦੇ ਹਨ ਅਤੇ ਕਿਸੇ ਵੀ ਚੀਜ਼ ਦੀ ਕਿਤੋਂ ਵੀ ਜਾਂਚ ਕਰ ਲੈਂਦੇ ਹਨ। ਦੋਵਾਂ ਬਰੈਂਡਾਂ ਦੀਆਂ ਵਸਤਾਂ ਰਾਹ ਵਿੱਚ ਹਨ ਪਰ ਹੁਣ ਲਗਦਾ ਹੈ ਕਿ ਨਵੇਂ ਇੰਪੋਰਟ ਰੋਕ ਦਿੱਤੇ ਗਏ ਹਨ। ਭਾਰਤ ਅਤੇ ਹੋਰ ਦੇਸਾਂ ਦੇ ਮਸਾਲਾ ਬਰੈਂਡਾਂ ਦੇ ਵੀ ਟੈਸਟ ਕੀਤੇ ਜਾ ਰਹੇ ਹਨ।”

ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤੀ ਮਸਾਲਿਆਂ ਉੱਪਰ ਆਰਜੀ ਪਾਬੰਦੀ ਲਾਈ ਜਾਵੇਗੀ ਅਤੇ ਫਿਰ ਕੁਝ ਦਸਤਾਵੇਜ਼ੀ ਸ਼ਰਤਾਂ ਲਾਗੂ ਕਰ ਦਿੱਤੀਆਂ ਜਾਣਗੀਆਂ।

ਉਹ ਅੱਗੇ ਦੱਸਦੇ ਹਨ, “ਇਹੀ ਸਥਿਤੀ ਜਦੋਂ ਵਿਕਰਣ ਯੁਕਤ ਕੂੜਾ ਜਪਾਨ ਦੇ ਨੇੜਲੇ ਪਾਣੀਆਂ ਵਿੱਚ ਸੁੱਟਿਆ ਜਾਣ ਲੱਗਿਆ ਤਾਂ ਅਸੀਂ ਕੁਝ ਮਹੀਨੇ ਪਹਿਲਾਂ ਜਪਾਨ ਤੋਂ ਆਉਣ ਵਾਲੇ ਸੀ-ਫੂਡ ਅਤੇ ਵਿਕਿਰਣ ਖਤਰੇ ਬਾਰੇ ਦੇਖੀ ਸੀ।

ਮਸਾਲੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਵਾਦ ਕਾਰਨ ਭਾਰਤ ਦੇ ਮਸਾਲਾ ਬੋਰਡ ਨੇ ਐਕਸਪੋਰਟਰਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਭਾਰਤ ਦੀਆਂ ਰੈਗੂਲੇਟਰੀ ਏਜੰਸੀਆਂ ਹੁਣ ਕੀ ਕਰ ਰਹੀਆਂ ਹਨ?

ਵਿਵਾਦ ਦੇ ਕਾਰਨ ਭਾਰਤ ਦੇ ਮਸਾਲਾ ਬੋਰਡ ਨੇ ਐਕਸਪੋਰਟਰਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਇਨ੍ਹਾਂ ਹਦਾਇਤਾਂ ਦਾ ਮਕਸਦ ਕੌਮਾਂਤਰੀ ਬਜ਼ਾਰ ਵਿੱਚ ਭਾਰਤੀ ਉਤਪਾਦਾਂ ਦੀ ਭਰੋਸੇਯੋਗਤਾ ਬਹਾਲ ਕਰਨਾ ਹੈ।

ਭਾਰਤ ਦੀ ਸੰਸਦ ਦੁਆਰਾ ਬਣਾਏ ਕਾਨੂੰਨ ਤਹਿਤ 52 ਮਸਾਲੇ ਭਾਰਤੀ ਮਸਾਲਾ ਬੋਰਡ ਦੀ ਨਿਗਰਾਨੀ ਹੇਠ ਰੱਖੇ ਗਏ ਹਨ।

ਹੁਣ ਐਕਸਪੋਰਟਰਾਂ ਨੂੰ ਐਥਲੀਨ ਆਕਸਾਈਡ ਲਈ ਕੱਚੇ ਮਾਲ ਤੋਂ ਲੈ ਕੇ ਤਿਆਰ ਉਤਪਾਦ ਤੱਕ ਸਪਲਾਈ ਚੇਨ ਦੇ ਹਰੇਕ ਪੜਾਅ ਉੱਤੇ ਜਾਂਚ ਕਰਨੀ ਪਵੇਗੀ।

ਭਾਰਤੀ ਮਸਾਲਾ ਬੋਰਡ ਨੇ ਇਸ ਲਈ ਕੀਟਨਾਸ਼ਕਾਂ ਦੀ ਗੈਸ ਦੀ ਥਾਂ ਸਟੀਮ ਟਰੀਟਮੈਂਟ ਸਮੇਤ ਐੱਫ਼ਐੱਸਐੱਸਆਈ ਵੱਲੋਂ ਮਾਨਤਾ ਪ੍ਰਾਪਤ ਕੋਈ ਹੋਰ ਵਿਧੀ ਵਰਤਣ ਦੀ ਸਿਫਾਰਿਸ਼ ਕੀਤੀ ਹੈ।

ਹਾਲਾਂਕਿ ਸਵਾਲ ਇਹ ਹੈ ਕਿ ਜੇ ਇਹ ਉਤਪਾਦ ਵਿਦੇਸ਼ਾਂ ਵਿੱਚ ਪ੍ਰਵਾਨ ਨਹੀਂ ਹਨ ਤਾਂ ਭਾਰਤ ਵਿੱਚ ਕਿਵੇਂ ਵਿਕ ਰਹੇ ਹਨ।

ਅਨਬੂ ਵਹਾਨੀ, ਐੱਮਐੱਸ ਸਵਾਮੀਨਾਥਨ ਰਿਸਰਚ ਫਾਊਂਡੇਸ਼ਨ ਨਾਲ ਜੁੜੇ ਹੋਏ ਹਨ ਉਨ੍ਹਾਂ ਨੇ ਕਿਹਾ ਕਿ ਯੂਰਪੀ ਯੂਨੀਅਨ, ਅਮਰੀਕਾ ਅਤੇ ਭਾਰਤ ਵਿੱਚ ਮਿਆਰ ਵੱਖੋ-ਵੱਖਰੇ ਹਨ।

ਮਤਲਬ ਕਿ ਭੋਜਣ ਸੰਭਾਲਣ ਲਈ ਪਾਏ ਜਾਣ ਵਾਲੇ ਕੁਝ ਪਦਾਰਥ ਦੂਜੇ ਦੇਸਾਂ ਵਿੱਚ ਬੈਨ ਹਨ ਪਰ ਭਾਰਤ ਵਿੱਚ ਉਹ ਵਰਤੇ ਜਾ ਸਕਦੇ ਹਨ।

ਉਹ ਕਹਿੰਦੇ ਹਨ, “ਵਿਕਸਿਤ ਦੇਸਾਂ ਦੇ ਗਾਹਕ ਜ਼ਿਆਦਾ ਜਾਣਕਾਰ ਅਤੇ ਸੁਚੇਤ ਹਨ। ਉਨ੍ਹਾਂ ਕੋਲ ਹੱਕ ਅਧਾਰਿਤ ਪਹੁੰਚ ਹੈ, ਉਹ ਕੰਪਨੀਆਂ ਉੱਪਰ ਛੋਟੀ-ਮੋਟੀ ਉਲੰਘਣਾ ਲਈ ਵੀ ਮੁਕਦੱਮਾ ਕਰ ਦਿੰਦੇ ਹਨ। ਭਾਰਤ ਵਿੱਚ ਅਜਿਹਾ ਨਹੀਂ ਹੈ।”

ਦੇਸਾਂ ਦੀ ਪਹੁੰਚ ਵਿੱਚ ਫ਼ਰਕ ਹੋਣ ਕਾਰਨ ਹੀ ਇਹ ਫਰਕ ਪੈਂਦਾ ਹੈ ਕਿ ਕਿਤੇ ਮਾਂਹ ਬਾਦੀ ਅਤੇ ਕਿਤੇ ਸੁਆਦੀ।

ਖੁਰਾਕ ਅਤੇ ਖੇਤੀਬਾੜੀ ਸੰਗਠਨ, ਚੰਗੇ ਖੇਤੀਬਾੜੀ ਅਮਲਾਂ ਦੀ ਰੌਸ਼ਨੀ ਵਿੱਚ ਖੁਰਾਕੀ ਵਸਤਾਂ ਵਿੱਚ ਕੀਟਨਾਸ਼ਕਾਂ ਦਾ ਵੱਧੋ-ਵੱਧ ਕਾਨੂੰਨੀ ਪੱਧਰ (ਐੱਮਆਰਐੱਲ) ਤੈਅ ਕਰਦਾ ਹੈ।

ਮਸਾਲੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐੱਫਐੱਸਐੱਸਆਈ ਨੇ ਵੱਖ-ਵੱਖ ਮਸਾਲਿਆਂ ਵਿੱਚ 139 ਕਿਸਮ ਦੇ ਕੀਟਨਾਸ਼ਕਾਂ ਦੇ ਐੱਮਆਰਐੱਲ ਪਰਿਭਸ਼ਿਤ ਕੀਤੇ ਹੋਏ ਹਨ।

ਐੱਫਐੱਸਐੱਸਆਈ ਨੇ ਵੱਖ-ਵੱਖ ਮਸਾਲਿਆਂ ਵਿੱਚ 139 ਕਿਸਮ ਦੇ ਕੀਟਨਾਸ਼ਕਾਂ ਦੇ ਐੱਮਆਰਐੱਲ ਪਰਿਭਸ਼ਿਤ ਕੀਤੇ ਹੋਏ ਹਨ।

ਐੱਫਐੱਸਐੱਸਆਈ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਤੱਕ ਕਿ ਇਸਦਾ ਐੱਮਆਰਐਲ ਢੁਕਵੇਂ ਖ਼ਤਰਾ ਆਂਕਲਣ ਤੋਂ ਬਾਅਦ ਤੈਅ ਨਹੀਂ ਕਰ ਦਿੱਤਾ ਜਾਂਦਾ ਕੋਈ ਵੀ ਕੀਟਨਾਸ਼ਕ ਕਿਸੇ ਮਸਾਲੇ ਉੱਤੇ ਲਾਗੂ ਨਹੀਂ ਹੋਵੇਗਾ।

ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮਸਾਲਿਆਂ ਲਈ ਨਿਰਧਾਰਿਤ ਐੱਮਆਰਐਲ ਨੂੰ ਵਧਾ ਦਿੱਤਾ ਗਿਆ ਸੀ ਅਤੇ ਇਹ ਦੂਜੇ ਦੇਸਾਂ ਦੇ ਮਿਆਰਾਂ ਨਾਲ ਮੇਲ ਨਹੀਂ ਖਾਂਦੇ।

ਡਾ਼ ਡੀ ਨਰਸਿੰਮ੍ਹਾ ਰੈਡੀ, ਜਨਤਕ ਨੀਤੀ ਦੇ ਮਾਹਰ ਹਨ ਅਥੇ ਪੈਸਟੀਸਾਈਡ ਐਕਸ਼ਨ ਨੈਟਵਰਕ ਦੇ ਸਲਾਹਕਾਰ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਐੱਮਆਰਐੱਲ ਦੇ ਪੱਧਰ ਉੱਚੇ ਚੁੱਕਣ ਨਾਲ ਭਾਰਤੀ ਐਕਸਪੋਰਟਰਾਂ ਲਈ ਮੁਸ਼ਕਿਲਾਂ ਹੋਰ ਵਧਣਗੀਆਂ।

ਉਹ ਕਹਿੰਦੇ ਹਨ,“ਇਸ ਨਾਲ ਕੌਮਾਂਤਰੀ ਮੰਡੀ ਵੱਲੋਂ ਭਾਰਤੀ ਉਤਪਾਦਾਂ ਦੇ ਰੱਦ ਕੀਤੇ ਜਾਣ ਦੀ ਸੰਭਾਵਨਾ ਵਧੇਗੀ। ਪਿਛਲੇ ਕੁਝ ਸਾਲਾਂ ਦੌਰਾਨ ਸਾਊਦੀ ਅਰਬ ਇਲਾਇਚੀ ਦੇ ਐਕਸਪੋਰਟ ਨੂੰ ਕੀਟਨਾਸ਼ਕਾਂ ਦੇ ਉੱਚੇ ਪੱਧਰ ਕਾਰਨ ਰੱਦ ਕਰਦਾ ਰਿਹਾ ਹੈ।”

ਇਸ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਵੱਖ-ਵੱਖ ਖਾਧ ਵਸਤਾਂ ਵਿੱਚ ਕੀਟਨਾਸ਼ਕਾਂ ਦੇ ਪੱਧਰ ਦੀ ਹੱਦ ਉਨ੍ਹਾਂ ਵੱਲੋਂ ਖ਼ਤਰੇ ਦੇ ਢੁਕਵੇਂ ਆਂਕਲਣ ਦੀ ਲੋਅ ਵਿੱਚ ਹੈ।

ਮੰਤਰਾਲੇ ਨੇ ਕਿਹਾ,“ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਿਟੀ ਮਸਾਲਿਆਂ ਅਤੇ ਜੜ੍ਹੀਆਂ ਬੂਟੀਆਂ ਵਿੱਚ 10 ਗੁਣਾਂ ਜ਼ਿਆਦਾ ਮਾਤਰਾ ਦੀ ਅਨੁਮਤੀ ਦਿੰਦੀ ਹੈ, ਝੂਠ ਅਤੇ ਮੰਦ ਭਾਵਨਾ ਵਾਲਾ ਹੈ।”

ਮੰਤਰਾਲੇ ਨੇ ਕਿਹਾ ਕਿ ਐੱਮਆਰਐਲ ਦੇ ਪੱਧਰਾਂ ਬਾਰੇ ਭਾਰਤ ਦੇ ਪੈਮਾਨੇ ਸਭ ਤੋਂ ਸਖ਼ਤ ਹਨ।

ਮੰਤਰਾਲੇ ਨੇ ਅੱਗੇ ਕਿਹਾ ਕਿ, “ਵੱਖ-ਵੱਖ ਖੁਰਕੀ ਵਸਤਾਂ ਲਈ ਵੱਖ-ਵੱਖ ਐੱਮਆਰਐੱਲ ਪੱਧਰ ਖ਼ਤਰੇ ਦੇ ਆਂਕਲਣ ਮੁਤਾਬਕ ਤੈਅ ਕੀਤੇ ਜਾਂਦੇ ਹਨ।”

ਐੱਫਐੱਸਐੱਸਏਆਈ ਨੇ ਬੀਬੀਸੀ ਵੱਲੋਂ ਐੱਮਆਰਐਲ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, “ਹੱਦਾਂ ਵਿਗਿਆਨਕ ਸਬੂਤਾਂ, ਤਕਨੀਕੀ ਸਹੂਲਤ ਅਤੇ ਕੌਮਾਂਤਰੀ ਨਿਯਮਾਂ ਮੁਤਾਬਕ ਤੈਅ ਕੀਤੀਆਂ ਗਈਆਂ ਸਨ। ਐੱਫਐੱਸਐੱਸਏਆਈ ਦਾ ਫੈਸਲਾ ਕੀਟਨਾਸ਼ਕਾਂ ਦੀ ਰਹਿੰਦ ਖੂਹੰਦ ਦੇ ਖ਼ਤਰੇ ਦੇ ਵਿਗਿਆਨਕਾਂ ਦੇ ਪੈਨਲ ਦੇ ਵਿਸਤ੍ਰਿਤ ਆਂਕਲਣ ਮੁਤਾਬਕ ਹੈ।”

ਮਸਾਲੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਂਗਕਾਂਗ ਦੇ ਸੈਂਟਰ ਫਾਰ ਫੂਡ ਸੇਫਟੀ ਨੇ ਤਿੰਨ ਪ੍ਰਚੂਨ ਦੀਆਂ ਦੁਕਾਨਾਂ ਤੋਂ ਮਸਾਲਿਆਂ ਦੇ ਨਮੂਨੇ ਲਏ ਸਨ

ਭਾਰਤ ਵਿੱਚ ਭੋਜਨ ਗੁਣਵੱਤਾ ਨਿਯਮ ਲਈ ਕਿਹੜੀਆਂ ਚੁਣੌਤੀਆਂ ਹਨ?

ਅਨਬੂ ਵਾਹਿਨੀ ਨੇ ਨਿਗਰਾਨੀ ਦੀਆਂ ਕਮੀਆਂ ਦੇ ਮੱਦੇਨਜ਼ਰ ਘਰੇਲੂ ਤੌਰ 'ਤੇ ਖ਼ਪਤ ਕੀਤੇ ਜਾਣ ਵਾਲੇ ਉਤਪਾਦਾਂ ਦੀ ਗੁਣਵੱਤਾ ਬਾਰੇ ਚਿੰਤਾ ਪ੍ਰਗਟ ਕੀਤੀ। ਨਾਲ ਹੀ ਉਨ੍ਹਾਂ ਨੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਟੈਸਟਿੰਗ ਕੇਂਦਰਾਂ ਦੇ ਵਿਸਥਾਰ ਦੀ ਵਕਾਲਤ ਕੀਤੀ।

ਐੱਫਐੱਸਐੱਸਏਆਈ ਆਪਣੇ 239 ਪ੍ਰਾਇਮਰੀ ਫੂਡ ਟੈਸਟਿੰਗ ਪ੍ਰਯੋਗਸ਼ਾਲਾਵਾਂ, 22 ਰੈਫ਼ਰਲ ਪ੍ਰਯੋਗਸ਼ਾਲਾਵਾਂ ਅਤੇ 12 ਰੈਫ਼ਰੈਂਸ ਪ੍ਰਯੋਗਸ਼ਾਲਾਵਾਂ ਉੱਤੇ ਮਾਣ ਕਰਦਾ ਹੈ।

ਜਿਨ੍ਹਾਂ ਨਮੂਨਿਆਂ ਉੱਤੇ ਅਧਿਐਨ ਕੀਤਾ ਗਿਆ, ਉਨ੍ਹਾਂ ਦੀ ਗਿਣਤੀ 2020-21 ਵਿੱਚ 107,829 ਤੋਂ ਵੱਧ ਕੇ 2023-24 ਵਿੱਚ 451,000 ਤੋਂ ਵੱਧ ਹੋ ਗਈ ਹੈ। ਇਹ ਗਿਣਤੀ ਤਕਰੀਬਨ ਤਿੰਨ ਗੁਣਾ ਵੱਧ ਹੈ।

ਵਾਹਿਨੀ ਨੇ ਛੋਟੇ ਅਤੇ ਮੱਧਮ ਕਾਰੋਬਾਰਾਂ ਲਈ ਸੀਮਤ ਕਾਰਕ ਵਜੋਂ ਟੈਸਟਿੰਗ ਦੇ ਵਿੱਤੀ ਬੋਝ ਦਾ ਹਵਾਲਾ ਦਿੱਤਾ ਹੈ।

“ਇੱਕ ਵਸਤੂ ਵਿੱਚ ਕਿਸੇ ਇੱਕ ਤੱਤ ਦੀ ਜਾਂਚ ਕਰਨ ਦੀ ਕੀਮਤ ਤਕਰੀਬਨ 6000 ਤੋਂ 8000 ਰੁਪਏ ਤੱਕ ਹੈ।

ਜੇਕਰ ਕਈ ਉਤਪਾਦਾਂ ਵਿੱਚ ਮੌਜੂਦ ਇੱਕ ਤੋਂ ਵੱਧ ਤੱਤ ਟੈਸਟ ਕੀਤੇ ਜਾਣੇ ਹਨ, ਤਾਂ ਲੱਖਾਂ ਰੁਪਏ ਟੈਸਟਿੰਗ 'ਤੇ ਖਰਚ ਕਰਨੇ ਪੈਂਦੇ ਹਨ, ਜੋ ਕਿ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ਲਈ ਸਪੱਸ਼ਟ ਤੌਰ 'ਤੇ ਸੰਭਵ ਨਹੀਂ ਹੈ।

ਉਹ ਕਹਿੰਦੇ ਹਨ ਕਿ ਐੱਫਐੱਸਐੱਸਏਆਈ ਨੂੰ ਸਖ਼ਤ ਉਪਾਅ ਅਤੇ ਸਖ਼ਤ ਨਿਗਰਾਨੀ ਨਿਯਮ ਬਣਾਉਂਣੇ ਚਾਹੀਦੇ ਹਨ ਅਤੇ ਇਨ੍ਹਾਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਚਾਹੀਦਾ ਹੈ।”

ਐੱਫਐੱਸਐੱਸਏਆਈ ਵਰਤਮਾਨ ਵਿੱਚ ਘਰੇਲੂ ਬਾਜ਼ਾਰ ਤੋਂ ਐੱਮਡੀਐੱਛ ਅਤੇ ਐਵਰੈਸਟ ਸਣੇ ਕਈ ਮਸਾਲਿਆਂ ਦੇ ਬ੍ਰਾਂਡ ਹਨ ਜਿਨ੍ਹਾਂ ਦੇ ਨਮੂਨੇ ਲੈ ਰਿਹਾ ਹੈ।

ਇਸ ਨੇ ਸੂਬਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਮਾਰਕੀਟ ਵਿੱਚ ਮਸਾਲਿਆਂ ਦੇ ਮਿਸ਼ਰਣ ਬਾਰੇ ਗੰਭੀਰਤਾ ਨਾਲ ਛਾਪੇਮਾਰੀ ਕਰਨ।

ਐੱਫਐੱਸਐੱਸਏਆਈ ਨੇ ਹੁਣ ਖਾਣ ਵਾਲੀਆਂ ਵਸਤੂਆਂ ਜਿਵੇਂ ਕਿ ਫਲ ਅਤੇ ਸਬਜ਼ੀਆਂ, ਸਾਲਮੋਨੇਲਾ ਮੱਛੀ ਉਤਪਾਦ, ਮਸਾਲੇ ਅਤੇ ਖਾਣ ਵਾਲੀਆਂ ਜੜੀ-ਬੂਟੀਆਂ, ਮਜ਼ਬੂਤ ਚਾਵਲ ਅਤੇ ਦੁੱਧ ਅਤੇ ਦੁੱਧ ਦੇ ਉਤਪਾਦਾਂ ਦੀ ਗੰਭੀਰਤਾ ਨਾਲ ਜਾਂਚ ਕਰੇ।

ਸਿਟੀਜ਼ਨ ਕੰਜ਼ਿਊਮਰ ਸਿਵਿਕ ਐਕਸ਼ਨ ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਐੱਸ ਸਰੋਜਾ ਜ਼ੋਰ ਦਿੰਦੇ ਹਨ ਕਿ ਐੱਫਐੱਸਐੱਸਏਆਈ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਟੈਸਟਾਂ ਦੇ ਨਤੀਜੇ ਜਨਤਕ ਤੌਰ ਉੱਤੇ ਪ੍ਰਕਾਸ਼ਿਤ ਕਰਨੇ ਚਾਹੀਦੇ ਹਨ।

"ਉਪਭੋਗਤਾ ਨੂੰ ਇਹ ਜਾਣਨ ਦੀ ਲੋੜ ਹੁੰਦੀ ਹੈ ਕਿ ਕਿਹੜਾ ਉਤਪਾਦ ਗੁਣਵੱਤਾ ਦੇ ਮਿਆਰਾਂ ਵਿੱਚ ਅਸਫਲ ਰਿਹਾ ਹੈ। ਬ੍ਰਾਂਡ ਦਾ ਨਾਮ ਦੱਸਣ ਵਿੱਚ ਕੁਝ ਵੀ ਗ਼ਲਤ ਨਹੀਂ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)