ਨੈਸਲੇ ਦੇ ਬੇਬੀ ਫੂਡ ਉੱਤੇ ਕੌਮਾਂਤਰੀ ਏਜੰਸੀਆਂ ਖੜ੍ਹੇ ਕੀਤੇ ਸਵਾਲ, ਜਾਣੋ ਕੀ ਹੈ ਮਾਮਲਾ

ਬੱਚਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨੈਸਲੇ ਭਾਰਤ ਵਿੱਚ ਸਾਰੇ ਬੇਬੀ ਫੂਡ ਵਿੱਚ ਪ੍ਰਤੀ ਸਰਵਿੰਗ ਵਿੱਚ 2.7 ਗ੍ਰਾਮ ਖੰਡ ਸ਼ਾਮਿਲ ਕਰਦਾ ਹੈ (ਸੰਕੇਤਕ ਤਸਵੀਰ)
    • ਲੇਖਕ, ਅਨਘਾ ਪਾਠਕ
    • ਰੋਲ, ਬੀਬੀਸੀ ਪੱਤਰਕਾਰ

ਨੈਸਲੇ ਇੰਡੀਆ ਦੇ ਐਕਸ (ਟਵਿੱਟਰ) ਬਾਇਓ ਵਿੱਚ ਲਿਖਿਆ ਹੈ, ''ਜੀਵਨ ਦੀ ਗੁਣਵੱਤਾ ਨੂੰ ਵਧਾਉਣਾ ਅਤੇ ਸਿਹਤਮੰਦ ਭਵਿੱਖ ਲਈ ਯੋਗਦਾਨ ਪਾਉਣਾ।''

ਪਰ 18 ਅਪ੍ਰੈਲ ਨੂੰ ਨੈਸਲੇ ਦੇ ਇਸ ਦਾਅਵੇ 'ਤੇ ਸਵਾਲ ਉੱਠਣ ਲੱਗੇ, ਜਦੋਂ ਸਵਿਸ ਜਾਂਚ ਏਜੰਸੀ 'ਪਬਲਿਕ ਆਈ' ਅਤੇ ਇੰਟਰਨੈਸ਼ਨਲ ਬੇਬੀ ਫੂਡ ਐਕਸ਼ਨ ਨੈੱਟਵਰਕ ਯਾਨਿ ਆਈਬੀਐੱਫਏਐੱਨ ਨੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ।

ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗਰੀਬ ਦੇਸ਼ਾਂ ਵਿੱਚ ਵੇਚੇ ਜਾ ਰਹੇ ਜ਼ਿਆਦਾਤਰ ਸੇਰੇਲੈਕ ਅਤੇ ਨਿਡੋ (ਦੁੱਧ ਪਾਊਡਰ) ਵਿੱਚ ਵਾਧੂ ਖੰਡ ਮਿਲਾਈ ਜਾਂਦੀ ਹੈ ਅਤੇ ਕਈ ਵਾਰ ਇਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨੈਸਲੇ ਭਾਰਤ ਵਿੱਚ ਸਾਰੇ ਬੇਬੀ ਫੂਡ ਵਿੱਚ ਪ੍ਰਤੀ ਸਰਵਿੰਗ ਵਿੱਚ 2.7 ਗ੍ਰਾਮ ਖੰਡ ਸ਼ਾਮਿਲ ਕਰਦਾ ਹੈ।

ਨੈਸਲੇ ਦੇ ਮੁੱਖ ਯੂਰਪੀ ਬਾਜ਼ਾਰਾਂ ਵਿੱਚ 12-36 ਮਹੀਨਿਆਂ ਦੀ ਉਮਰ ਦੇ ਬੱਚਿਆਂ ਲਈ ਵੇਚੇ ਜਾ ਰਹੇ ਬੇਬੀ ਫੂਡ ਵਿੱਚ ਵਧੇਰੇ ਖੰਡ ਦੀ ਕੋਈ ਮਾਤਰਾ ਨਹੀਂ ਹੈ। ਜਦਕਿ ਇੱਕ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੇ ਕੁਝ ਬੇਬੀ ਫੂਡ ਵਿੱਚ ਵਾਧੂ ਖੰਡ ਹੁੰਦੀ ਹੈ ਅਤੇ ਛੇ ਮਹੀਨਿਆਂ ਤੱਕ ਦੀ ਉਮਰ ਦੇ ਬੱਚਿਆਂ ਲਈ ਭੋਜਨ ਵਿੱਚ ਖੰਡ ਨਹੀਂ ਪਾਈ ਜਾਂਦੀ ਹੈ।

ਇਸ ਰਿਪੋਰਟ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ।

ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ 'ਚ ਫੂਡ ਰੈਗੂਲੇਟਰ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਯਾਨਿ ਐੱਫਐੱਸਐੱਸਏਆਈ ਨੇ ਕਿਹਾ ਹੈ ਕਿ ਉਹ ਇਸ ਮਾਮਲੇ 'ਤੇ ਗੌਰ ਕਰੇਗੀ।

ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਯਾਨਿ ਐੱਨਸੀਪੀਸੀਆਰ ਨੇ ਐੱਫਐੱਸਐੱਸਏਆਈ ਨੂੰ ਨੈਸਲੇ ਦੇ ਬੇਬੀ ਫੂਡ ਉਤਪਾਦਾਂ ਵਿੱਚ ਖੰਡ ਦੀ ਮੌਜੂਦਗੀ ਨਾਲ ਪੈਦਾ ਹੋਈਆਂ ਚਿੰਤਾਵਾਂ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ ਹੈ।

ਇਸ ਦੌਰਾਨ, ਨੈਸਲੇ ਇੰਡੀਆ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਪਿਛਲੇ ਪੰਜ ਸਾਲਾਂ ਵਿੱਚ, ਅਸੀਂ ਪਹਿਲਾਂ ਹੀ ਵੇਰੀਐਂਟ ਦੇ ਆਧਾਰ 'ਤੇ ਖੰਡ ਮਿਲਾਉਣ ਵਿੱਚ 30 ਫੀਸਦ ਤੱਕ ਘਟਾ ਦਿੱਤੀ ਹੈ। ਅਸੀਂ ਨਿਯਮਿਤ ਤੌਰ 'ਤੇ ਆਪਣੇ ਪੋਰਟਫੋਲੀਓ ਦੀ ਸਮੀਖਿਆ ਕਰਦੇ ਹਾਂ।"

"ਪੋਸ਼ਣ, ਗੁਣਵੱਤਾ, ਸੁਰੱਖਿਆ ਅਤੇ ਸਵਾਦ ਨਾਲ ਸਮਝੌਤਾ ਕੀਤੇ ਬਿਨਾਂ ਮਿਲਾਈ ਗਈ ਖੰਡ ਦੇ ਪੱਧਰ ਨੂੰ ਘਟਾਉਣ ਲਈ ਆਪਣੇ ਉਤਪਾਦਾਂ ਵਿੱਚ ਨਵੀਨਤਾ ਅਤੇ ਸੁਧਾਰ ਕਰਦੇ ਰਹਿੰਦੇ ਹਾਂ।"

ਕੰਪਨੀ ਨੇ ਬਿਆਨ ਵਿੱਚ ਕਿਹਾ, "ਅਸੀਂ ਇਹ ਵੀ ਯਕੀਨੀ ਬਣਾਉਂਦੇ ਹਾਂ ਕਿ ਭਾਰਤ ਵਿੱਚ ਬਣੇ ਸਾਡੇ ਉਤਪਾਦ ਕੋਡੈਕਸ ਮਿਆਰਾਂ (ਡਬਲਿਊਐੱਚਓ ਅਤੇ ਐੱਫਏਓ ਦੇ ਸਥਾਪਿਤ ਕਮਿਸ਼ਨਾਂ) ਅਤੇ ਲੋੜੀਂਦੀਆਂ ਸਥਾਨਕ ਵਿਸ਼ੇਸ਼ਤਾਵਾਂ ਦੀ ਪੂਰੀ ਤਰ੍ਹਾਂ ਅਤੇ ਸਖ਼ਤੀ ਨਾਲ ਪਾਲਣਾ ਕਰਦੇ ਹਨ।"

ਰਿਪੋਰਟ 'ਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ 'ਚ ਦੁਨੀਆ ਭਰ ਦੇ ਬੇਬੀ ਫੂਡ ਦੇ ਬਾਜ਼ਾਰ 'ਚ ਨੈਸਲੇ ਦੀ ਹਿੱਸਾ ਲਗਭਗ 20 ਫੀਸਦੀ ਹੈ।

ਇਹ ਕਰੀਬ 70 ਅਰਬ ਡਾਲਰ ਹੈ। ਉੱਥੇ ਹੀ ਭਾਰਤ ਵਿੱਚ, ਨੇਸਲੇ ਦੇ ਬੇਬੀ ਫੂਡ ਸੇਰੇਲੈਕ ਦੀ ਵਿਕਰੀ 2022 ਵਿੱਚ 25 ਕਰੋੜ ਰੁਪਏ ਤੋਂ ਵੱਧ ਰਹੀ।

ਫੂਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੂਦਾ ਸਮੇਂ 'ਚ ਦੁਨੀਆ ਭਰ ਦੇ ਬੇਬੀ ਫੂਡ ਦੇ ਬਾਜ਼ਾਰ 'ਚ ਨੈਸਲੇ ਦੀ ਹਿੱਸਾ ਲਗਭਗ 20 ਫੀਸਦੀ ਹੈ

ਰਿਪੋਰਟ 'ਚ ਕੀ ਕਿਹਾ ਗਿਆ ਹੈ?

ਆਪਣੀ ਜਾਂਚ ਰਿਪੋਰਟ ਵਿੱਚ, ਪਬਲਿਕ ਆਈ ਅਤੇ ਆਈਬੀਐੱਫਏਐੱਨ ਨੇ ਨੈਸਲੇ ਅਫਰੀਕਾ, ਏਸ਼ੀਆ ਅਤੇ ਲਾਤੀਨੀ ਅਮਰੀਕਾ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਵੇਚੇ ਗਏ 115 ਉਤਪਾਦਾਂ ਦੀ ਜਾਂਚ ਕੀਤੀ। ਉਨ੍ਹਾਂ ਵਿੱਚੋਂ ਘੱਟੋ-ਘੱਟ 108 (94 ਫੀਸਦ) ਵਿੱਚ ਖੰਡ ਪਾਈ ਗਈ।

ਵਾਧੂ ਖੰਡ ਦੀ ਔਸਤ ਮਾਤਰਾ ਪ੍ਰਤੀ ਸਰਵਿੰਗ 4 ਗ੍ਰਾਮ ਹੈ, ਫਿਲੀਪੀਨਜ਼ ਵਿੱਚ ਵੇਚੇ ਜਾਣ ਵਾਲੇ ਉਤਪਾਦਾਂ ਵਿੱਚ ਪਾਈ ਜਾਣ ਵਾਲੀ ਸਭ ਤੋਂ ਵੱਧ ਖੰਡ 7.3 ਗ੍ਰਾਮ ਪ੍ਰਤੀ ਸਰਵਿੰਗ ਮਿਲੀ ਹੈ। ਇਹ ਉਤਪਾਦ ਛੇ ਮਹੀਨਿਆਂ ਤੋਂ ਬੱਚਿਆਂ ਲਈ ਸੀ।

ਦੂਜੇ ਦੇਸ਼ ਜਿੱਥੇ ਖੰਡ ਦੀ ਮਾਤਰਾ ਜ਼ਿਆਦਾ ਪਾਈ ਗਈ ਸੀ, ਉਹ ਸਨ-

  • ਨਾਈਜੀਰੀਆ - 6.8 ਗ੍ਰਾਮ ਪ੍ਰਤੀ ਸਰਵਿੰਗ
  • ਸੇਨੇਗਲ - 5.9 ਗ੍ਰਾਮ ਪ੍ਰਤੀ ਸਰਵਿੰਗ
  • ਵੀਅਤਨਾਮ - 5.5 ਗ੍ਰਾਮ ਪ੍ਰਤੀ ਸਰਵਿੰਗ
  • ਇਥੋਪੀਆ - 5.2 ਗ੍ਰਾਮ ਪ੍ਰਤੀ ਸਰਵਿੰਗ
  • ਦੱਖਣੀ ਅਫ਼ਰੀਕਾ - 4.2 ਗ੍ਰਾਮ ਪ੍ਰਤੀ ਸਰਵਿੰਗ

ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਵਿੱਚ ਵਾਧੂ ਖੰਡ ਦੀ ਮਾਤਰਾ ਪੈਕਿੰਗ 'ਤੇ ਦੱਸੀ ਜਾਂਦੀ ਹੈ, ਪਰ ਕਈ ਅਫਰੀਕੀ ਅਤੇ ਲਾਤੀਨੀ ਅਮਰੀਕੀ ਦੇਸ਼ਾਂ ਵਿਚ ਇਹ ਜਾਣਕਾਰੀ ਨਹੀਂ ਦਿੱਤੀ ਜਾਂਦੀ ਹੈ। ਵਿਡੰਬਨਾ ਇਹ ਹੈ ਕਿ ਕੰਪਨੀ ਆਪਣੀ ਵੈੱਬਸਾਈਟ 'ਤੇ ਕਹਿੰਦੀ ਹੈ, 'ਖੰਡ ਤੋਂ ਬਚੋ'।

ਨੈਸਲੇ ਬੇਬੀ ਐਂਡ ਮੀ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ 'ਤੁਹਾਡੀ (ਬੱਚੇ ਦੀ) ਖੁਰਾਕ ਵਿੱਚ ਨਵੇਂ ਸੁਆਦਾਂ ਅਤੇ ਬਣਤਰਾਂ ਨੂੰ ਸ਼ਾਮਲ ਕਰਨ ਦੇ 10 ਤਰੀਕੇ' ਸਿਰਲੇਖ ਵਾਲੇ ਲੇਖ ਵਿੱਚ ਕਿਹਾ ਗਿਆ ਹੈ, "ਤੁਹਾਡੇ ਬੱਚੇ ਲਈ ਭੋਜਨ ਬਣਾਉਂਦੇ ਸਮੇਂ ਖੰਡ ਨੂੰ ਸ਼ਾਮਲ ਕਰਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਮਿੱਠੇ ਪੀਣ ਵਾਲੇ ਪਦਾਰਥ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ।"

ਨੇਸਲੇ ਦਾ ਇੱਕ ਉਤਪਾਦਨ ਪਲਾਂਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੇਸਲੇ ਦਾ ਇੱਕ ਉਤਪਾਦਨ ਪਲਾਂਟ

ਕੰਪਨੀ ਦੇ ਦੋਹਰੇ ਮਾਪਦੰਡ

ਰਿਪੋਰਟ ਤੋਂ ਪਤਾ ਲੱਗਾ ਹੈ ਕਿ ਨੈਸਲੇ ਦੁਨੀਆ ਭਰ ਵਿੱਚ ਆਪਣੇ ਸਾਰੇ ਉਤਪਾਦਾਂ ਵਿੱਚ ਖੰਡ ਨਹੀਂ ਮਿਲਾ ਰਿਹਾ ਹੈ।

ਸਵਿਟਜ਼ਰਲੈਂਡ, ਜਰਮਨੀ, ਫਰਾਂਸ ਜਾਂ ਬ੍ਰਿਟੇਨ ਵਰਗੇ ਯੂਰਪੀਅਨ ਦੇਸ਼ਾਂ ਵਿੱਚ ਵੇਚੇ ਜਾਣ ਵਾਲੇ ਖਾਦ ਪਦਾਰਥਾਂ ਵਿੱਚ ਕੋਈ ਵਾਧੂ ਖੰਡ ਨਹੀਂ ਹੁੰਦੀ ਹੈ, ਪਰ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਗਰੀਬ ਦੇਸ਼ਾਂ ਵਿੱਚ ਅਜਿਹੇ ਉਤਪਾਦ ਹੁੰਦੇ ਹਨ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਖੰਡ ਹੁੰਦੀ ਹੈ।

ਇਸ ਗੱਲ 'ਤੇ ਬਹਿਸ ਹੋ ਰਹੀ ਹੈ ਕਿ ਨੈਸਲੇ ਦੋਹਰੇ ਮਾਪਦੰਡ ਕਿਉਂ ਅਪਣਾ ਰਿਹਾ ਹੈ ਅਤੇ ਇਹ ਗਰੀਬ ਦੇਸ਼ਾਂ ਨਾਲ ਵੱਖਰਾ ਸਲੂਕ ਕਿਉਂ ਕਰ ਰਿਹਾ ਹੈ।

ਬੇਜੋਨ ਮਿਸ਼ਰਾ ਐੱਫਐੱਸਐੱਸਆਈ ਦੇ ਸਾਬਕਾ ਮੈਂਬਰ ਅਤੇ ਭੋਜਨ ਨੀਤੀ ਦੇ ਮਾਮਲਿਆਂ ਦੇ ਮਾਹਰ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਭੋਜਨ ਸੁਰੱਖਿਆ ਦੇ ਮਾਮਲੇ ਵਿੱਚ ਭਾਰਤ ਵਿੱਚ ਸਖ਼ਤ ਨਿਯਮਾਂ ਦੀ ਘਾਟ ਹੈ।

ਉਹ ਕਹਿੰਦੇ ਹਨ ਕਿ ਇਹ ਸੱਚ ਹੈ ਕਿ ਨੈਸਲੇ ਅਮੀਰ ਅਤੇ ਗਰੀਬ ਦੇਸ਼ਾਂ ਨਾਲ ਵੱਖਰਾ ਵਿਹਾਰ ਕਰ ਰਿਹਾ ਹੈ, ਪਰ ਅਸੀਂ ਹੀ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇ ਰਹੇ ਹਾਂ।

ਉਹ ਕਹਿੰਦੇ ਹਨ, “ਸਰਕਾਰੀ ਰੈਗੂਲੇਟਰੀ ਪ੍ਰਣਾਲੀਆਂ ਬਹੁਤ ਬੇਤਰਤੀਬ ਹਨ। ਉਹ ਜਾਂਚ ਲਈ ਭੋਜਨ ਦੇ ਨਮੂਨੇ ਬੇਤਰਤੀਬੇ ਢੰਗ ਨਾਲ ਚੁਣਦੇ ਹਨ। ਉਹ ਨਤੀਜਿਆਂ ਬਾਰੇ ਪਾਰਦਰਸ਼ੀ ਨਹੀਂ ਹੁੰਦੇ ਹਨ।"

"ਸਮੱਸਿਆ ਇਹ ਹੈ ਕਿ ਸਾਡੇ ਕੋਲ ਭੋਜਨ ਉਤਪਾਦਾਂ ਵਿੱਚ ਕਿੰਨੀ ਖੰਡ ਮਿਲਾਈ ਜਾ ਸਕਦੀ ਹੈ, ਇਸ ਦੇ ਨਿਯਮ ਹਨ ਪਰ ਨਿਰਧਾਰਤ ਮਾਤਰਾ ਬਹੁਤ ਜ਼ਿਆਦਾ ਹੈ। ਇਹ ਇਨ੍ਹਾਂ ਕੰਪਨੀਆਂ ਨੂੰ ਉਸ ਪੱਧਰ ਤੱਕ ਖੰਡ ਮਿਲਾਉਣ ਦੀ ਇਜਾਜ਼ਤ ਦਿੰਦਾ ਹੈ। ਇਹ ਮਨੁੱਖੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।"

ਉਹ ਪੁੱਛਦਾ ਹੈ ਕਿ ਫੂਡ ਅਥਾਰਟੀ ਆਫ਼ ਇੰਡੀਆ ਥਰਡ ਪਾਰਟੀ ਰਿਸਰਚ 'ਤੇ ਕਿਉਂ ਨਿਰਭਰ ਹੈ।

ਉਹ ਕਹਿੰਦੇ ਹਨ, "ਇਸ ਤਰ੍ਹਾਂ ਦਾ ਅਧਿਐਨ ਸਰਕਾਰ ਨੂੰ ਕਰਵਾਉਣੇ ਚਾਹੀਦੇ ਹਨ। ਐੱਫਐੱਸਐੱਸਏਆਈ ਦਾ ਕੰਮ ਨਾਗਰਿਕਾਂ ਦੀ ਸੁਰੱਖਿਆ ਅਤੇ ਸਿਹਤ ਲਈ ਮਾਪਦੰਡ ਤੈਅ ਕਰਨਾ ਹੈ।"

"ਸਭ ਤੋਂ ਵੱਡੀ ਸਮੱਸਿਆ ਨਿਯਮਾਂ ਨੂੰ ਲਾਗੂ ਕਰਨ ਦੀ ਹੈ। ਉਹ ਉਤਪਾਦ ਬਾਜ਼ਾਰ ਵਿੱਚ ਕਿਉਂ ਸੀ? ਇੱਕ ਆਮ ਮਾਪੇ ਸੋਚਦੇ ਹਨ ਕਿ ਜੇਕਰ ਕੋਈ ਉਤਪਾਦ ਭਾਰਤੀ ਬਾਜ਼ਾਰ ਵਿੱਚ ਉਪਲਬਧ ਹੈ ਅਤੇ ਉਸ 'ਤੇ ਪਾਬੰਦੀ ਨਹੀਂ ਹੈ, ਤਾਂ ਸਰਕਾਰ ਨੇ ਜਾਂਚ ਤੋਂ ਬਾਅਦ ਉਸ ਨੂੰ ਮਨਜ਼ੂਰੀ ਦਿੱਤੀ ਹੋਣੀ।"

ਅਜਿਹੀਆਂ ਖ਼ਬਰਾਂ ਹਨ ਕਿ ਐੱਫਐੱਸਐੱਸਏਆਈ ‘ਪਬਲਿਕ ਆਈ’ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਦਾਅਵਿਆਂ ਦੀ ਜਾਂਚ ਕਰ ਰਿਹਾ ਹੈ।

ਬੀਬੀਸੀ ਨੇ ਐੱਫਐੱਸਐੱਸਏਆਈ ਨਾਲ ਉਸ ਦਾ ਪੱਖ ਜਾਣਨ ਲਈ ਨਾਲ ਸੰਪਰਕ ਕੀਤਾ, ਪਰ ਕੋਈ ਜਵਾਬ ਨਹੀਂ ਮਿਲਿਆ। ਇੱਕ ਵਾਰ ਜਦੋਂ ਉਹ ਸਾਨੂੰ ਆਪਣਾ ਜਵਾਬ ਦੇਣਗੇ ਤਾਂ ਉਸ ਨੂੰ ਕਹਾਣੀ ਵਿੱਚ ਜੋੜ ਦਿੱਤਾ ਜਾਵੇਗਾ।

ਖੰਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਿਆਦਾ ਖੰਡ ਦਾ ਸੇਵਨ ਛੋਟੇ ਬੱਚਿਆਂ ਨੂੰ ਹਮਲਾਵਰ ਅਤੇ ਚਿੜਚਿੜਾ ਬਣਾ ਸਕਦਾ ਹੈ

ਖੰਡ ਦਾ ਬੱਚੇ ਦੀ ਸਿਹਤ 'ਤੇ ਅਸਰ

ਡਾ. ਰਾਜੀਵ ਕੋਵਿਲ ਮੁੰਬਈ ਵਿੱਚ ਇੱਕ ਸ਼ੂਗਰ ਕੇਂਦਰ ਚਲਾਉਂਦੇ ਹਨ।

ਉਹ ਕਹਿੰਦੇ ਹਨ, “ਬੱਚੇ ਨੂੰ ਕੁਦਰਤੀ ਤੌਰ 'ਤੇ ਸੁਆਦ ਦੀ ਕੋਈ ਭਾਵਨਾ ਨਹੀਂ ਹੁੰਦੀ। ਜੇਕਰ ਉਨ੍ਹਾਂ ਨੂੰ ਪਹਿਲਾਂ ਹੀ ਖੰਡ ਨਾਲ ਜਾਣੂ ਕਰਾਇਆ ਜਾਂਦਾ ਹੈ, ਤਾਂ ਉਨ੍ਹਾਂ ਦੇ ਵੱਡੇ ਹੋਣ 'ਤੇ ਖੰਡ ਦੀ ਇੱਛਾ ਵਧ ਜਾਂਦੀ ਹੈ।"

"ਇਸ ਨਾਲ ਬੱਚਾ ਖੰਡ ਦਾ ਆਦੀ ਹੋ ਜਾਵੇਗਾ। ਇਸ ਕਾਰਨ ਉਸ ਨੂੰ ਚੌਲ ਜਾਂ ਸਬਜ਼ੀਆਂ ਖਾਣ 'ਚ ਦਿੱਕਤ ਹੋਵੇਗੀ। ਕਈ ਵਾਰ ਉਹ ਅਜਿਹੀਆਂ ਖਾਣ ਵਾਲੀਆਂ ਚੀਜ਼ਾਂ ਖਾਣ ਤੋਂ ਇਨਕਾਰ ਕਰ ਦਿੰਦੇ ਹਨ।"

"ਤੁਸੀਂ ਕਈ ਮਾਪਿਆਂ ਨੂੰ ਅਜਿਹੀ ਸ਼ਿਕਾਇਤ ਕਰਦੇ ਵੇਖ ਸਕਦੇ ਹੋ ਕਿ ਮੇਰਾ ਬੱਚਾ ਆਮ ਭੋਜਨ ਨਹੀਂ ਖਾਂਦਾ, ਉਹ ਸਿਰਫ ਮਿਲਕਸ਼ੇਕ, ਚਾਕਲੇਟ ਜਾਂ ਜੂਸ ਮੰਗਦਾ ਹੈ।"

ਡਾਕਟਰ ਕੋਵਿਲ ਦਾ ਇਹ ਵੀ ਮੰਨਣਾ ਹੈ ਕਿ ਜ਼ਿਆਦਾ ਖੰਡ ਦਾ ਸੇਵਨ ਛੋਟੇ ਬੱਚਿਆਂ ਨੂੰ ਹਮਲਾਵਰ ਅਤੇ ਚਿੜਚਿੜਾ ਬਣਾ ਸਕਦਾ ਹੈ।

ਉਹ ਕਹਿੰਦੇ ਹਨ, "ਇਸੇ ਕਰਕੇ ਅਸੀਂ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਧੂ ਖੰਡ ਨਾ ਦੇਣ ਦੀ ਸਲਾਹ ਦਿੰਦੇ ਹਾਂ।"

ਭੋਜਨ ਵਿੱਚ ਜ਼ਿਆਦਾ ਖੰਡ ਬੱਚਿਆਂ ਨੂੰ ਆਦੀ ਬਣਾ ਸਕਦੀ ਹੈ। ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਭਵਿੱਖ ਵਿੱਚ ਉਨ੍ਹਾਂ ਦੀ ਸਿਹਤ 'ਤੇ ਗੰਭੀਰ ਅਸਰ ਪਵੇਗਾ।

ਡਾ. ਅਭਿਸ਼ੇਕ ਪਿੰਪਰਾਲੇਕਰ ਅਪੋਲੋ ਹਸਪਤਾਲ ਵਿੱਚ ਸ਼ੂਗਰ ਦੇ ਮਾਹਿਰ ਹਨ।

ਉਹ ਕਹਿੰਦੇ ਹਨ, “ਭਾਰਤ ਹਾਈਪਰਟੈਨਸ਼ਨ ਅਤੇ ਸ਼ੂਗਰ ਦੀ ਵਿਸ਼ਵ ਰਾਜਧਾਨੀ ਬਣ ਰਿਹਾ ਹੈ। ਮੈਂ ਸ਼ੂਗਰ ਤੋਂ ਪੀੜਤ ਬਹੁਤ ਸਾਰੇ ਬਾਲਗ਼ਾਂ ਦਾ ਇਲਾਜ ਕਰਦਾ ਹਾਂ। ਉਨ੍ਹਾਂ ਦੀ ਬਿਮਾਰੀ ਦੀ ਜੜ੍ਹ ਉਨ੍ਹਾਂ ਦੇ ਛੋਟੀ ਉਮਰ ਵਿੱਚ ਖਾਣ-ਪੀਣ ਦੀਆਂ ਆਦਤਾਂ ਵਿੱਚ ਪਾਈ ਜਾ ਸਕਦੀ ਹੈ।"

ਖੰਡ

ਡਾ. ਕੋਵਿਲ ਨੇ ਇਹ ਵੀ ਦੱਸਿਆ ਕਿ ਜ਼ਿਆਦਾ ਖੰਡ ਦਾ ਸੇਵਨ ਬਚਪਨ ਦੇ ਮੋਟਾਪੇ ਨਾਲ ਜੁੜਿਆ ਹੋਇਆ ਹੈ। ਉਹ ਕਹਿੰਦੇ ਹਨ, "ਬੱਚਿਆਂ ਵਿੱਚ ਮੋਟਾਪੇ ਦੇ ਮਾਮਲੇ ਵਿੱਚ ਭਾਰਤ ਦੁਨੀਆ ਦੇ ਮੋਹਰੀ ਪੰਜ ਦੇਸ਼ਾਂ ਵਿੱਚੋਂ ਇੱਕ ਹੈ।"

ਉਹ ਕਹਿੰਦੇ ਹਨ, “ਕੁਦਰਤੀ ਤੌਰ ‘ਤੇ ਸ਼ੂਗਰ ਚੌਲ, ਕਣਕ ਅਤੇ ਫ਼ਲਾਂ ਵਿੱਚ ਕੁਝ ਮਾਤਰਾ ਵਿੱਚ ਪਾਈ ਜਾਂਦੀ ਹੈ। ਤੁਹਾਨੂੰ ਹੋਰ ਖੰਡ ਦੀ ਲੋੜ ਨਹੀਂ ਹੈ।"

ਉਹ ਸਲਾਹ ਦਿੰਦੇ ਹਨ ਕਿ ਮਾਪਿਆਂ ਨੂੰ ਖਾਣੇ ਦੇ ਲੇਬਲ ਪੜ੍ਹਨ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਪੈਕ ਕੀਤਾ ਹੋਇਆ ਫੂਡ ਜਾਂ ਬੇਬੀ ਫੂਡ ਉਤਪਾਦ ਜਿਸ ਦੇ ਲੇਬਲ 'ਤੇ ਵਾਧੂ ਖੰਡ ਦਾ ਜ਼ਿਕਰ ਹੋਵੇ, ਉਸ ਨੂੰ ਵਰਤਣ ਤੋਂ ਬਚਣਾ ਚਾਹੀਦਾ ਹੈ।"

ਉਹ ਕਹਿੰਦੇ ਹਨ, “ਹੋਰ ਕਿਸਮ ਦੀਆਂ ਸ਼ੱਕਰ ਵੀ ਹਨ, ਜਿਵੇਂ ਕਿ ਫਰੂਕਟੋਜ਼, ਮੱਕੀ, ਹਾਈ ਸਟਾਰਚ, ਜਿਨ੍ਹਾਂ ਦਾ ਜ਼ਿਕਰ ਵਾਧੂ ਖੰਡ ਵਜੋਂ ਨਹੀਂ ਕੀਤਾ ਗਿਆ ਹੈ, ਉਨ੍ਹਾਂ ਦਾ ਜ਼ਿਕਰ ਵੱਖ-ਵੱਖ ਤਰੀਕਿਆਂ ਨਾਲ ਕੀਤਾ ਗਿਆ ਹੈ।"

"ਜਦਕਿ ਸੱਚਾਈ ਇਹ ਹੈ ਕਿ ਇਹ ਸਭ ਵੱਖਰੇ ਤੌਰ 'ਤੇ ਮਿਲਾਈ ਗਈ ਖੰਡ ਹਨ। ਇਸ ਲਈ ਫੂਡ ਲੇਬਲ ਸਬੰਧੀ ਨਿਯਮ ਹੋਣੇ ਚਾਹੀਦੇ ਹਨ ਅਤੇ ਸਰਕਾਰ ਨੂੰ ਰੰਗਾਂ 'ਤੇ ਆਧਾਰਿਤ ਪ੍ਰਣਾਲੀ ਲਿਆਉਣੀ ਚਾਹੀਦੀ ਹੈ ਤਾਂ ਜੋ ਹਰ ਮਾਤਾ-ਪਿਤਾ ਨੂੰ ਸਮਝ ਆ ਸਕਣ ਕਿ ਉਹ ਆਪਣੇ ਬੱਚਿਆਂ ਨੂੰ ਕੀ ਦੇ ਰਹੇ ਹਨ।"

ਦੂਜੇ ਪਾਸੇ ਡਾਕਟਰ ਪਿੰਪਰਾਲੇਕਰ ਦਾ ਸੁਝਾਅ ਹੈ ਕਿ ਬੱਚਿਆਂ ਨੂੰ ਪ੍ਰੀਮਿਕਸ, ਪੈਕਡ ਫੂਡ ਜਾਂ ਰੈਡੀ-ਟੂ-ਈਟ ਫੂਡ ਉਤਪਾਦ ਬਿਲਕੁਲ ਵੀ ਨਹੀਂ ਦੇਣੇ ਚਾਹੀਦੇ।

ਉਹ ਕਹਿੰਦੇ ਹਨ, "ਕਦੇ-ਕਦੇ, ਖੰਡ ਬਾਰੇ ਜਾਣਕਾਰੀ ਸਾਫ਼-ਸਾਫ਼ ਲੁਕਾ ਦਿੱਤੀ ਜਾਂਦੀ ਹੈ। ਜਿਵੇਂ ਉਨ੍ਹਾਂ ਬਿਲਕੁਟਾਂ ਦਾ ਉਦਾਹਰਣ ਲੈ ਲਓ, ਜਿਨ੍ਹਾਂ ਦਾ ਪ੍ਰਚਾਰ ਡਾਇਬਿਟੀਜ਼ ਫ੍ਰੈਂਡਲੀ ਬਿਸਕੁਟ ਵਜੋਂ ਕੀਤਾ ਜਾਂਦਾ ਹੈ।"

"ਉਸ ਵਿੱਚ ਖੰਡ ਵੀ ਮਿਲਾਈ ਗਈ ਹੈ ਅਤੇ ਉਸ ਦੀ ਜਾਣਕਾਰੀ ਪੈਕੇਟ ਦੇਲ ਕੋਨੇ 'ਤੇ ਦਿੱਤੀ ਜਾਂਦੀ ਹੈ। ਤੁਸੀਂ ਉਸ ਨੂੰ ਉਦੋਂ ਤੱਕ ਨਹੀਂ ਦੇਖ ਸਕੋਗੇ, ਜਦੋਂ ਤੱਕ ਕਿ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕੀ ਲੱਭ ਰਹੇ ਹੋ।"

ਸੈਰ ਕਰਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਖੰਡ ਖਾਣ 'ਤੇ ਡਬਲਿਊਐੱਚਓ ਦੇ ਦਿਸ਼ਾ-ਨਿਰਦੇਸ਼

ਵਿਸ਼ਵ ਸਿਹਤ ਸੰਗਠਨ ਬਾਲਗਾਂ ਅਤੇ ਬੱਚਿਆਂ ਵਿੱਚ ਰੋਜ਼ਾਨਾ ਖੰਡ ਦੀ ਮਾਤਰਾ ਨੂੰ ਕੁੱਲ ਊਰਜਾ ਦੇ ਸੇਵਨ ਦੇ 10 ਫੀਸਦ ਤੋਂ ਘੱਟ ਤੱਕ ਸੀਮਤ ਕਰਨ ਦੀ ਸਿਫ਼ਾਰਸ਼ ਕਰਦਾ ਹੈ।

ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਖੰਡ ਦਾ ਸੇਵਨ 5 ਫੀਸਦੀ ਯਾਨਿ ਲਗਭਗ 6 ਚਮਚ ਪ੍ਰਤੀ ਦਿਨ ਘੱਟ ਕੀਤਾ ਜਾਵੇ ਤਾਂ ਇਹ ਜ਼ਿਆਦਾ ਫਾਇਦੇਮੰਦ ਹੋਵੇਗਾ।

ਇਸ ਤਰ੍ਹਾਂ ਸਮਝੋ, ਕੈਚੱਪ ਦੇ 1 ਚਮਚ ਵਿਚ ਲਗਭਗ 4 ਗ੍ਰਾਮ (ਲਗਭਗ 1 ਚਮਚ) ਖੰਡ ਹੁੰਦੀ ਹੈ। ਮਿੱਠੇ ਸੋਡੇ ਦੇ ਇੱਕ ਡੱਬੇ ਵਿੱਚ ਕਰੀਬ 40 ਗ੍ਰਾਮ (ਲਗਭਗ 10 ਚਮਚੇ) ਖੰਡ ਹੁੰਦੀ ਹੈ।

ਡਬਲਿਊਐੱਚਓ ਦੀ ਖੋਜ ਦਰਸਾਉਂਦੀ ਹੈ ਕਿ ਖੰਡ-ਮਿੱਠੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਬੱਚਿਆਂ ਵਿੱਚ ਘੱਟ ਸੇਵਨ ਕਰਨ ਵਾਲੇ ਬੱਚਿਆਂ ਦੀ ਤੁਲਨਾ ਵਿੱਚ ਮੋਟਾਪੇ ਦੀ ਸੰਭਾਵਨਾ ਵਧੇਰੇ ਹੁੰਦੀ ਹੈ।

ਲੈਂਸੇਟ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਭਾਰਤ ਵਿੱਚ 10 ਕਰੋੜ ਤੋਂ ਵੱਧ ਲੋਕ, ਦੇਸ਼ ਦੀ ਆਬਾਦੀ ਦੇ ਕਰੀਬ 11.4 ਫੀਸਦ ਲੋਕ ਸ਼ੂਗਰ ਤੋਂ ਪੀੜਤ ਹਨ।

ਭਾਰਤੀ ਸਿਹਤ ਮੰਤਰਾਲੇ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 13 ਕਰੋੜ 60 ਲੱਖ ਲੋਕ ਪ੍ਰੀ-ਡਾਇਬੀਟੀਜ਼ ਨਾਲ ਜੀ ਰਹੇ ਹਨ।

ਬੱਚਿਆਂ ਵਿੱਚ ਮੋਟਾਪਾ ਵੀ ਇੱਕ ਅਜਿਹੀ ਸਮੱਸਿਆ ਹੈ ਜਿਸ ਦਾ ਭਾਰਤ ਵੀ ਸਾਹਮਣਾ ਕਰ ਰਿਹਾ ਹੈ।

ਤਾਜ਼ਾ ਰਾਸ਼ਟਰੀ ਪਰਿਵਾਰ ਸਿਹਤ ਸਰਵੇ (NFHS-5) ਦੇ ਅਨੁਸਾਰ, ਲਗਭਗ 23 ਫੀਸਦ ਪੁਰਸ਼ਾਂ ਅਤੇ 24 ਫੀਸਦ ਔਰਤਾਂ ਦਾ ਬਾਡੀ ਮਾਸ ਇੰਡੈਕਸ (ਬੀਐੱਮਆਈ) 25 ਜਾਂ ਇਸ ਤੋਂ ਵੱਧ ਪਾਇਆ ਗਿਆ।

ਸਾਲ 2015-16 ਦੀ ਤੁਲਨਾ 'ਚ ਦੋਵਾਂ 'ਚ ਇਹ ਚਾਰ ਫੀਸਦੀ ਜ਼ਿਆਦਾ ਹੈ। ਇਹ ਅੰਕੜੇ ਇਹ ਵੀ ਦੱਸਦੇ ਹਨ ਕਿ ਪੰਜ ਸਾਲ ਤੋਂ ਘੱਟ ਉਮਰ ਦੇ 3.4 ਫੀਸਦੀ ਬੱਚੇ ਹੁਣ ਜ਼ਿਆਦਾ ਭਾਰ ਵਾਲੇ ਹਨ, ਜਦੋਂ ਕਿ 2015-16 ਵਿੱਚ ਇਹ ਅੰਕੜਾ 2.1 ਫੀਸਦੀ ਸੀ।

ਡਾ. ਪਿੰਪਰਾਲੇਕਰ ਕਹਿੰਦੇ ਹਨ, "ਬੱਚੇ ਦਾ ਮੋਟਾਪਾ ਸ਼ੂਗਰ ਤੋਂ ਲੈ ਕੇ ਡਿਪਰੈਸ਼ਨ ਤੱਕ ਕਈ ਸਿਹਤ ਚਿੰਤਾਵਾਂ ਦਾ ਕਾਰਨ ਬਣ ਸਕਦਾ ਹੈ।"

"ਬਾਲਗ਼ ਕੁੜੀਆਂ ਵਿੱਚ ਪੀਸੀਓਡੀ ਵਿਕਸਿਤ ਹੋਣ ਦਾ ਖ਼ਤਰਾ ਹੁੰਦਾ ਹੈ ਜਾਂ ਉਨ੍ਹਾਂ ਨੂੰ ਮਾਹਵਾਰੀ ਵਿੱਚ ਦੇਰੀ ਹੋ ਸਕਦੀ ਹੈ। ਅਸੀਂ ਮੋਟਾਪੇ ਦੀ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਹਾਂ ਅਤੇ ਪੈਕ ਕੀਤੇ ਭੋਜਨਾਂ ਵਿੱਚ ਸ਼ਾਮਲ ਕੀਤੀ ਗਈ ਸ਼ੂਗਰ ਮਦਦ ਨਹੀਂ ਕਰ ਰਹੀ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)