ਪੰਜਾਬੀ ਸੰਗੀਤ ’ਚ ‘ਮਿਰਜ਼ੇ ਤੇ ਬੋਲੀਆਂ’ ਰਾਹੀਂ ਇਸਾਈ ਹੋਣ ਦੇ ‘ਮਾਣ’ ਦੀ ਕਿਵੇਂ ਹੋ ਰਹੀ ਹੈ ਪੇਸ਼ਕਾਰੀ

ਤਸਵੀਰ ਸਰੋਤ, CBN India/YT
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
‘ਹੀਰ-ਰਾਂਝੇ’ ਵਾਂਗ ਹੀ ‘ਮਿਰਜ਼ਾ-ਸਾਹਿਬਾਂ’ ਪੰਜਾਬ ਦਾ ਇੱਕ ਮਕਬੂਲ ਕਿੱਸਾ ਹੈ।
ਇਹ ਸਾਹਿਬਾਂ ਨਾਲ ਮਿਰਜ਼ੇ ‘ਜੱਟ’ ਦੇ ਪਿਆਰ ਅਤੇ ਇਸ ਦੇ ਉਦਾਸ ਅੰਤ ਦੀ ਕਹਾਣੀ ਹੈ।
ਇਹ ਕਿੱਸਾ ਪੰਜਾਬੀ ਗਾਇਕਾਂ ਵੱਲੋਂ ਜਿਸ ਤਰਜ਼ ਉੱਤੇ ਗਾਇਆ ਜਾਂਦਾ ਹੈ, ਉਸ ਨੂੰ ‘ਮਿਰਜ਼ਾ’ ਕਿਹਾ ਜਾਂਦਾ ਹੈ।
ਇਸੇ ਤਰਜ਼ ਉੱਤੇ ਕੁਲਦੀਪ ਮਾਣਕ ਅਤੇ ਸੁਰਿੰਦਰ ਛਿੰਦਾ ਵਰਗੇ ਮਰਹੂਮ ਗਾਇਕ ਮਿਰਜ਼ਾ ਗਾ ਚੁੱਕੇ ਹਨ।
ਹਾਲ ਹੀ ਵਿੱਚ ਰਾਗਿਨੀ ਨਾਮ ਦੀ ਗਾਇਕਾ ਨੇ ‘ਚਮਕਦਾ ਤਾਰਾ’ ਨਾਂਅ ਦਾ ਗੀਤ ਮਿਰਜ਼ੇ ਦੀ ਤਰਜ਼ ਉੱਤੇ ਗਾਇਆ ਹੈ।
ਪਰ ਇਸ ਗੀਤ ਦੇ ਬੋਲ ਰਵਾਇਤੀ ਨਾ ਹੋ ਕੇ ਵੱਖਰੇ ਹਨ।
ਇਹ ਗੀਤ ਇਸਾਈ ਧਰਮ ਬਾਰੇ ਹੈ, ਇਸ ਵਿੱਚ ਇਸਾਈ ਧਰਮ ਦੇ ਪੈਗ਼ੰਬਰ ਈਸਾ ਮਸੀਹ ਦੀ ਪ੍ਰਸ਼ੰਸਾ ਕੀਤੀ ਗਈ ਹੈ।
ਰਾਗਿਨੀ ਦੇ ਇਸ ਗੀਤ ਵਿੱਚ ਸੱਭਿਆਚਾਰਕ ਪੌਸ਼ਾਕਾਂ ਪਾਈ ਗੱਭਰੂ ਅਤੇ ਮੁਟਿਆਰਾਂ ਨੂੰ ਵੀ ਨੱਚਦੇ ਦੇਖਿਆ ਜਾ ਸਕਦਾ ਹੈ।

ਤਸਵੀਰ ਸਰੋਤ, YT/CBN INDIA
ਇੱਕ ਹੋਰ ਗੀਤ ਵਿੱਚ ਰਾਗਿਨੀ ਵਿਆਹਾਂ ਮੌਕੇ ਗਾਈਆਂ ਜਾਂਦੀਆਂ ਪੰਜਾਬੀ ਬੋਲੀਆਂ ਦੇ ਅੰਦਾਜ਼ ਵਿੱਚ ਗਾਉਂਦੇ ਨਜ਼ਰ ਆਉਂਦੇ ਹਨ।
ਇਸ ਗੀਤ ਨਾਂ ਹੈ ‘ਕ੍ਰਿਸਮਸ ਸਪੈਸ਼ਲ ਪੰਜਾਬੀ ਬੋਲੀਆਂ’, ਇਸ ਨੂੰ ਯੂਟਿਊਬ ਉੱਤੇ ਕਰੀਬ 19 ਲੱਖ ਲੋਕ ਦੇਖ ਚੁੱਕੇ ਹਨ।
ਪੰਜਾਬੀ ਸੱਭਿਆਚਾਰਕ ਚਿੰਨ੍ਹਾਂ ਅਤੇ ਤਰਜ਼ਾਂ ਦੀ ਧਾਰਮਿਕ ਸੰਗੀਤ ਵਿੱਚ ਵਰਤੋਂ ਨਵੀਂ ਨਹੀਂ ਹੈ, ਹਿੰਦੂ ਭਜਨਾਂ ਦੇ ਨਾਲ-ਨਾਲ, ਸਿੱਖ ਧਰਮ ਨਾਲ ਜੁੜੇ ਗੀਤਾਂ ਵਿੱਚ ਵੀ ਇਨ੍ਹਾਂ ਦੀ ਵਰਤੋਂ ਹੁੰਦੀ ਹੈ।
ਪੰਜਾਬ ਦੇ ਦਲਿਤ ਭਾਈਚਾਰੇ ਵੱਲੋਂ ਵੀ ਜਾਤ ਅਧਾਰਤ ਵਿਤਕਰੇ ਨੂੰ ਭੰਡਣ ਅਤੇ ਆਪਣੀ 'ਦਲਿਤ' ਪਛਾਣ ਦੇ ਮਾਣ ਨੂੰ ਜ਼ਾਹਰ ਕਰਨ ਲਈ ਸੰਗੀਤ ਦੀ ਵਰਤੋਂ ਸਫ਼ਲ ਤੌਰ 'ਤੇ ਕੀਤੀ ਜਾ ਚੁੱਕੀ ਹੈ।
ਇਸਾਈ ਭਾਈਚਾਰੇ ਵਲੋਂ ਵੀ ਸਥਾਨਕ ਚਰਚਾਂ ਵਿੱਚ ਪੰਜਾਬੀ ਭਜਨ ਰਵਾਇਤੀ ਤੌਰ 'ਤੇ ਗਾਏ ਜਾਂਦੇ ਰਹੇ ਹਨ, ਪਰ ਇਸਾਈ ਗਾਇਕਾਂ ਵੱਲੋਂ ਯੂਟਿਊਬ ਉੱਤੇ ਰਿਲੀਜ਼ ਕੀਤੇ ਗਏ ਸੱਭਿਆਚਾਰਕ ਦਿੱਖ ਵਾਲੇ ਧਾਰਮਿਕ ਗੀਤਾਂ ਦਾ ਦਾਇਰਾ ਕਿਤੇ ਵੱਡਾ ਹੈ।
ਪਿਛਲੇ ਸਮੇਂ ਦੌਰਾਨ ਰਿਲੀਜ਼ ਹੋਏ ਇਸਾਈ ਧਰਮ ਨਾਲ ਸਬੰਧਤ ਪੰਜਾਬੀ ਗੀਤਾਂ ਵਿੱਚ ਪੰਜਾਬੀ ਸੱਭਿਆਚਾਰਕ ਚਿੰਨ੍ਹਾਂ ਨੂੰ ਅਪਣਾਉਣ ਦਾ ਰੁਝਾਨ ਚੱਲ ਰਿਹਾ ਹੈ ਪਰ ਇਹ ਨਵਾਂ ਟਰੈਂਡ ਕੀ ਹੈ ਅਤੇ ਇਸ ਨੂੰ ਵਰਤਣ ਵਾਲੇ ਗਾਇਕਾਂ ਦਾ ਕੀ ਕਹਿਣਾ ਹੈ ?
ਇਸ ਬਾਰੇ ਅਸੀਂ ਇਸ ਰਿਪੋਰਟ ਵਿੱਚ ਗੱਲ ਕਰਾਂਗੇ।

2011 ਦੀ ਮਰਦਮਸ਼ੁਮਾਰੀ ਮੁਤਾਬਕ ਪੰਜਾਬ ਵਿੱਚ ਇਸਾਈ ਭਾਈਚਾਰੇ ਦੀ ਆਬਾਦੀ ਕਰੀਬ 3,50,000 ਹਜ਼ਾਰ (1.5 ਫ਼ੀਸਦ) ਹੈ।ਪੰਜਾਬ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਇਸਾਈ ਪ੍ਰਚਾਰਕਾਂ ਵੱਲੋਂ ਕਰਵਾਈਆਂ ਜਾਂਦੀਆਂ ‘ਸਭਾਵਾਂ’ ਦੇ ਬੈਨਰ ਵੀ ਵੱਡੀ ਗਿਣਤੀ ਵਿੱਚ ਦੇਖੇ ਜਾ ਸਕਦੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਕਈ ਸਿਆਸੀ ਆਗੂਆਂ ਵੱਲੋਂ ਇਨ੍ਹਾਂ ਡੇਰੇਨੁਮਾ ‘ਮਿਨਿਸਟਰੀਜ਼’ ਵਿੱਚ ਹੁੰਦੇ ਕਥਿਤ ‘ਧਰਮ ਪਰਿਵਰਤਨ’ ਦਾ ਮੁੱਦਾ ਚੁੱਕਿਆ ਜਾ ਚੁੱਕਾ ਹੈI
ਜਦਕਿ ਮਿਨਿਸਟਰੀਜ਼ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਵੀ ਕੀਤਾ ਜਾ ਚੁੱਕਾ ਹੈ।
30 ਅਗਸਤ 2022 ਵਿੱਚ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਤਰਨਤਾਰਨ ਵਿੱਚ ਇੱਕ ਚਰਚ ਵਿੱਚ ਭੰਨਤੋੜ ਦੀ ਘਟਨਾ ਵਾਪਰੀ ਸੀ।
ਸਾਰੰਗੀ ਵਾਲਾ ਗੀਤ
ਇਸਾਈ ਧਰਮ ਨਾਲ ਜੁੜੇ ਗੀਤਾਂ ਵਿੱਚ ਪੰਜਾਬੀ ਸੱਭਿਆਚਾਰਕ ਰੰਗ ਸਿਰਫ਼ ਭਗਤੀ ਅਧਾਰਤ ਗੀਤਾਂ ਵਿੱਚ ਹੀ ਦੇਖਣ ਨੂੰ ਨਹੀਂ ਮਿਲ ਰਿਹਾ।
ਕਈ ਗੀਤਾਂ ਦੇ ਬੋਲ ਅਜਿਹੇ ਵੀ ਹਨ, ਜੋ ਇਸਾਈ ਹੋਣ ਦੇ ਮਾਣ ਨੂੰ ਦਰਸਾਉਂਦੇ ਹਨ। ਇਨ੍ਹਾਂ ਗੀਤਾਂ ਦੀ ਸੁਰ ਜੋਸ਼ੀਲੀ ਹੈ।
ਅਜਿਹਾ ਹੀ ਇੱਕ ਗੀਤ, ਇਸੇ ਸਾਲ ਅਗਸਤ ਮਹੀਨੇ ਦੀ ਸ਼ੁਰੂਆਤ ਵਿੱਚ ਆਇਆ – ‘ਰੂਹਾਨੀ ਹਥਿਆਰ’।
ਮਿਰਜ਼ੇ ਦੀ ਤਰਜ਼ ਉੱਤੇ ਹੀ ਗਾਏ ਗਏ ਇਸ ਗੀਤ ਵਿੱਚ ਗਾਇਕ ਨੇ ਆਪਣੇ ਹੱਥ ਵਿੱਚ ‘ਸਾਰੰਗੀ’ ਵੀ ਫੜੀ ਹੋਈ ਹੈ।
ਇਹ ਗੀਤ ਆਸਟ੍ਰੇਲੀਆ ਰਹਿੰਦੇ ਗਾਇਕ ਪਤਰਸ ਪਰਦੇਸੀ ਨੇ ਗਾਇਆ ਹੈ।
ਰਵਾਇਤੀ ਤੌਰ ਉੱਤੇ ਸਾਰੰਗੀ ਦੀ ਵਰਤੋਂ ਸਿੱਖ ਇਤਿਹਾਸ ਨਾਲ ਸਬੰਧਤ ਵਾਰਾਂ ਸੁਣਾਉਣ ਵਾਲੇ ਢਾਡੀ ਜਥਿਆਂ ਵੱਲੋਂ ਕੀਤੀ ਜਾਂਦੀ ਹੈ, ਇਸ ਤੋਂ ਇਲਾਵਾ ਲੋਕ ਗਾਇਕ ਵੀ ਕਿੱਸਾ ਕਾਵਿ ਗਾਉਂਦਿਆਂ ਇਸਦੀ ਵਰਤੋਂ ਕਰਦੇ ਹਨ।
ਇਸ ਗੀਤ ਦੀ ਮੁੱਖ ਲਾਈਨ ਹੈ – ‘ਅਸੀਂ ਯਿਸੂ ਨੂੰ ਮੰਨਣ ਵਾਲੇ ਹਾਂ, ਸਾਡੀ ਕਦੇ ਨਾ ਹੋਈ ਹਾਰ।’
ਬੀਬੀਸੀ ਨੇ ਪਤਰਸ ਪਰਦੇਸੀ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਆਪਣੀਆਂ ਪੇਸ਼ੇਵਰ ਬੰਦਿਸ਼ਾਂ ਦਾ ਹਵਾਲਾ ਦਿੰਦਿਆਂ ਸਾਡੇ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਤਸਵੀਰ ਸਰੋਤ, Alpha Omega Records
‘ਅਸੀਂ ਆਜ਼ਾਦ ਪਰਿੰਦੇ ਹਾਂ’

ਤਸਵੀਰ ਸਰੋਤ, YT/ JBJP Presents
ਪੰਜਾਬ ਦੇ ਖੇਮਕਰਨ ਕਸਬੇ ਨਾਲ ਸਬੰਧ ਰੱਖਦੇ ਦੀਪਕ ਜੋਹਨਸਨ ਵੀ ਆਪਣੇ ਕਈ ਧਾਰਮਿਕ ਗੀਤ ਰਿਲੀਜ਼ ਕਰ ਚੁੱਕੇ ਹਨ।
ਦੀਪਕ ਵਲੋਂ ਗਾਏ ਦੋ ਗੀਤਾਂ ਦੇ ਨਾਮ ਹਨ – ‘ਆਜ਼ਾਦ ਪਰਿੰਦੇ -1’, ‘ਆਜ਼ਾਦ ਪਰਿੰਦੇ – 2’।
ਇਸ ਗੀਤ ਦੇ ਮੁੱਖ ਬੋਲ ਹਨ। ‘ਅਸੀਂ ਆਜ਼ਾਦ ਪਰਿੰਦੇ ਹਾਂ, ਅਸੀਂ ਯਿਸੂ ਦੇ ਬੰਦੇ ਹਾਂ।’
ਇਨ੍ਹਾਂ ਦੋਵਾਂ ਗੀਤਾਂ ਵਿੱਚ ਰਵਾਇਤੀ ਪੰਜਾਬੀ ਪੌਸ਼ਾਕ ਪਾਈ ਕਲਾਕਾਰ ਭੰਗੜਾ ਪਾਉਂਦੇ ਦੇਖੇ ਜਾ ਸਕਦੇ ਹਨ।
ਦੀਪਕ ਸਾਲ 2013 ਤੋਂ ਗਾਇਕੀ ਦੇ ਖੇਤਰ ਵਿੱਚ ਹਨ।
ਉਹ ਦੱਸਦੇ ਹਨ ਕਿ ਉਹ ਇੰਗਲੈਂਡ, ਸਾਊਥ ਕੋਰੀਆ, ਦੋਹਾ, ਸਿੰਘਾਪੁਰ, ਮਲੇਸ਼ੀਆ ਇਜ਼ਰਾਇਲ ਆਦਿ ਦੇਸਾਂ ਵਿੱਚ ਜਾ ਕੇ ਗਾਇਕੀ ਦੀ ਪੇਸ਼ਕਾਰੀ ਦੇ ਚੁੱਕੇ ਹਨ।
ਉਹ ਪੰਜਾਬ ਦੀਆਂ ਵੱਡੀਆਂ ਚਰਚਾਂ ਵਿੱਚ ਸ਼ਾਮਲ ਤਾਜਪੁਰ ਚਰਚ ਤੇ ਖੋਜੇਵਾਲਾ ਚਰਚ ਵਿੱਚ ਵੀ ਗਾ ਚੁੱਕੇ ਹਨ।
ਦੀਪਕ ਦੱਸਦੇ ਹਨ, “ਪਿਛਲੇ ਦਿਨਾਂ ਵਿੱਚ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਡਰ ਨੂੰ ਜਨਮ ਦਿੱਤਾ ਸੀ, ਇਸ ਲਈ ਲੋਕਾਂ ਨੂੰ ‘ਬੂਸਟ’ (ਉਤਸ਼ਾਹ ਭਰੇ ਹੁਲਾਰੇ) ਦੀ ਲੋੜ ਸੀ, ਤੇ ਇਹ ਗੀਤ ਇਹ ਕੰਮ ਕਰਦੇ ਹਨ।”
ਦੀਪਕ ਨੇ ਦੱਸਿਆ ਕਿ ਪ੍ਰੇਸ਼ਾਨੀ ਤੋਂ ਉਨ੍ਹਾਂ ਦੀ ਮੁਰਾਦ ਇਸਾਈ ਧਰਮ ਦੇ ਪ੍ਰਚਾਰ ਬਾਰੇ ਦਿੱਤੇ ਗਏ ਕੁਝ ਆਗੂਆਂ ਦੇ 'ਭੜਕਾਊ' ਬਿਆਨਾਂ ਅਤੇ ਇਸਾਈ ਭਾਈਚਾਰੇ ਬਾਰੇ ਬਣਾਈਆਂ ਗਈਆਂ ਧਾਰਨਾਵਾਂ ਤੋਂ ਹੈ, ਜਿਨ੍ਹਾਂ ਨੂੰ ਉਹ ਗਲਤ ਮੰਨਦੇ ਹਨ।
ਉਹ ਦੱਸਦੇ ਹਨ ਕਿ ਉਨ੍ਹਾਂ ਵੱਲੋਂ ਗਾਏ ਇਨ੍ਹਾਂ ਗੀਤਾਂ ਨੇ ਕਈ ਲੋਕਾਂ ਨੂੰ ਹੌਂਸਲਾ ਦਿੱਤਾ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਅਜਿਹੇ ਗੀਤ ਲਿਖਣ ਦੀ ਪ੍ਰੇਰਣਾ ਇਸਾਈ ਧਰਮ ਦੇ ਇਤਿਹਾਸ ਤੋਂ ਲਈ ਹੈ।

ਤਸਵੀਰ ਸਰੋਤ, YT/ JBJP Presents
ਪੰਜਾਬ ਦੇ ਪ੍ਰਸੰਗ ਵਿੱਚ ਇਨ੍ਹਾਂ ਗੀਤਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹ ਦੱਸਦੇ ਹਨ, “ਕਈ ਲੋਕ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਸਤਿਕਾਰ ਦੀ ਨਜ਼ਰ ਨਾਲ ਨਹੀਂ ਦੇਖਦੇ ਤੇ ਘੱਟ ਪੜ੍ਹਿਆ ਲਿਖਿਆ ਸਮਝਦੇ ਹਨ, ਇਹ ਗੀਤ ਇਸ ਦੇ ਜਵਾਬ ਵਿੱਚ ਹਨ।”
ਆਪਣੇ ਗੀਤਾਂ ਵਿੱਚ ਭੰਗੜਾ ਅਤੇ ਪੰਜਾਬੀ ਲੋਕ ਗੀਤਾਂ ਦੇ ਚਿੰਨ੍ਹ ਹੋਣ ਬਾਰੇ ਉਹ ਦੱਸਦੇ ਹਨ, “ਹਰੇਕ ਥਾਂ ਦਾ ਆਪਣਾ ਸੱਭਿਆਚਾਰ ਹੈ, ਪੰਜਾਬ ਦਾ ਸਟਾਈਲ ਹੀ ਭੰਗੜਾ ਹੈ, ਸਾਡੇ ਗੀਤ ਸਾਡੀ ਆਸਥਾ ਪ੍ਰਤੀ ਸਮਰਪਿਤ ਹਨ।”
ਉਹ ਦੱਸਦੇ ਹਨ ਕਿ ਉਨ੍ਹਾਂ ਵੱਲੋਂ ਗਾਏ ਸਾਰੇ ਗੀਤਾਂ ਵਿੱਚੋਂ ਕੁਝ ਹੀ ਗੀਤ ਇਸ ਅੰਦਾਜ਼ ਵਿੱਚ ਹਨ, ਬਾਕੀ ਗੀਤਾਂ ਦੀ ਸ਼ਬਦਾਵਲੀ ਤੇ ਪੇਸ਼ਕਾਰੀ ਸਧਾਰਨ ਹੈ।
ਦੀਪਕ ਮੁਤਾਬਕ ਉਨ੍ਹਾਂ ਨੂੰ ਆਪਣੇ ਇਸ ਨਵੇਂ ਤਜਰਬੇ ਕਰਕੇ ਕੁਝ ਲੋਕਾਂ ਦੇ ਇਤਰਾਜ਼ ਦਾ ਵੀ ਸਾਹਮਣਾ ਕਰਨਾ ਪਿਆ।
ਉਹ ਦੱਸਦੇ ਹਨ ਕਿ ਉਹ ‘ਪੈਂਟੇਕੋਸਟਲ ਚਰਚ’ ਨਾਲ ਜੁੜੇ ਹੋਏ ਤੇ ਉਨ੍ਹਾਂ ਦੀ ਕਾਰਗੁਜ਼ਾਰੀ ਇਸ ਚਰਚ ਦੀਆਂ ਹਦਾਇਤਾਂ ਦੇ ਮੁਤਾਬਕ ਹੀ ਹੈ।
ਪੈਂਟੇਕੋਸਟਲ ਚਰਚ ਪਵਿੱਤਰ ਆਤਮਾ (ਹੋਲੀ ਸਪਿਰਿਟ) ਦੇ ਕੰਮ ਤੇ ਰੱਬ ਦੇ ਸਿੱਧੇ ਅਨੁਭਵ ’ਤੇ ਵੱਧ ਜ਼ੋਰ ਦਿੰਦੀ ਹੈ।
ਇਹ ਚਰਚ ਪਰਿਵਰਤਨ ਉੱਤੇ ਜ਼ੋਰ ਦਿੰਦੀ ਹੈ, ਜਿਸ ਦਾ ਅਰਥ ਹੈ ‘ਬੈਪਟਿਜ਼ਮ ਆਫ਼ ਦਿ ਸਪਿਰਿਟ’।
ਇਹ ਰੀਤੀ ਰਿਵਾਜ਼ਾਂ ’ਤੇ ਵਧੇਰੇ ਜ਼ੋਰ ਨਹੀਂ ਦਿੰਦੀ।
ਕੈਥੋਲਿਕ ਚਰਚ ਦਾ ਕੇਂਦਰ ਰੋਮ ਵਿੱਚ ਹੈ, ਇਸ ਦੀ ਅਗਵਾਈ ਪੋਪ ਵੱਲੋਂ ਕੀਤੀ ਜਾਂਦੀ ਹੈ।
ਦੀਪਕ ਦੱਸਦੇ ਹਨ, “ਨਵੀਂ ਪੀੜ੍ਹੀ ਵਿਆਹਾਂ ਵਿੱਚ ਹੋਰ ਕਿਸਮ ਦੇ ਗੀਤ ਸੁਣਦੀ ਸੀ ਪਰ ਹੁਣ ਲੋਕ ਅਜਿਹੇ ਖੁਸ਼ੀ ਵਾਲੇ ਗੀਤਾਂ ਉੱਤੇ ਨੱਚਦੇ ਹਨ, ਮੇਰੇ ਦਿਮਾਗ਼ ਵਿੱਚ ਸੀ ਕਿ ਨੌਜਵਾਨ ਹੋਰ ਗੀਤਾਂ ’ਤੇ ਨੱਚਣ ਦੀ ਬਜਾਇ ਅਜਿਹੇ ਧਾਰਮਿਕ ਸ਼ਬਦਾਵਲੀ ਵਾਲੇ ਗੀਤਾਂ ਉੱਤੇ ਨੱਚਣ।”

‘ਅਸੀਂ ਸਾਂਝ ਦਾ ਸੁਨੇਹਾ ਦੇਣਾ ਚਾਹੁੰਦੇ ਹਾਂ’
ਮਿਰਜ਼ੇ ਦੀ ਤਰਜ਼ ’ਤੇ ਇਸਾਈ ਧਾਰਮਿਕ ਗੀਤ ‘ਚਮਕਦਾ ਤਾਰਾ’ ਤੇ ‘ਕ੍ਰਿਸ਼ਚਨ ਸਪੈਸ਼ਲ ਪੰਜਾਬੀ ਬੋਲੀਆਂ’ ਗਾਉਣ ਵਾਲੇ ਰਾਗਿਨੀ ਦੇ ਪਤੀ ਜੋਸੈੱਫ਼ ਮਸੀਹ ਨੇ ਬੀਬੀਸੀ ਨਾਲ ਇਸ ਨਵੇਂ ਟਰੈਂਡ ਬਾਰੇ ਗੱਲ ਕੀਤੀ।
ਇਸ ਪਿਛਲੀ ਪ੍ਰੇਰਣਾ ਬਾਰੇ ਉਹ ਸਮਝਾਉਂਦੇ ਹਨ, “ਹਰੇਕ ਚੀਜ਼ ਦਾ ਕਲਚਰ ਅਤੇ ਕੌਂਟੈਕਸਟ (ਪ੍ਰਸੰਗ) ਬਹੁਤ ਜ਼ਰੂਰੀ ਹੁੰਦਾ ਹੈ, ਅਸੀਂ ਆਪਣੇ ਕਲਚਰ ਦੇ ਵਿੱਚ ਰਹਿ ਕੇ ਆਪਣਾ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਪਿਆਰ ਅਤੇ ਸਾਂਝ ਵਿੱਚ ਯਕੀਨ ਰੱਖਦੇ ਹਾਂ।”
“ਅਸੀਂ ਇੱਕ ਪੰਜਾਬੀ ਹੋਣ ਦੇ ਨਾਤੇ ਆਪਣੇ ਸਭਿਆਚਾਰ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਹਾਂ।”
ਜੋਸੈਫ਼ ਦੱਸਦੇ ਹਨ ਕਿ ਉਹ ਇੱਕ ਚਰਚ ਦੇ ਪ੍ਰਬੰਧਕ ਵੀ ਹਨ।
ਉਹ ਦੱਸਦੇ ਹਨ, “ਪੰਜਾਬ ਵਿੱਚ ਕਈ ਥਾਵਾਂ ਵਿੱਚ ਜਾਤ ਪਾਤ ਦਾ ਪ੍ਰਚਲਣ ਆਮ ਹੈ, ਪਰ ਅਸੀਂ ਸਾਰੇ ਇੱਕ ਹਾਂ, ਜੇਕਰ ਅਸੀਂ ਪੰਜਾਬ ਵਿੱਚ ਜੰਮੇ ਪਲ਼ੇ ਹਾਂ, ਇਸ ਲਈ ਜੇਕਰ ਆਪਣੀਆਂ ਚੀਜ਼ਾਂ ਆਪਣੇ ਲੋਕਾਂ ਵਿੱਚ ਆਪਣੀ ਭਾਸ਼ਾ ਵਿੱਚ ਦੱਸਾਂਗੇ ਤਾਂ ਇਸ ਵਿੱਚ ਕੋਈ ਬੁਰਾਈ ਨਹੀਂ ਹੈ।”
ਉਹ ਕਹਿੰਦੇ ਹਨ ਕਿ ਇਸ ਨਾਲ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ, ਇਹ ਦੇਖਣ ਦੇ ਨਜ਼ਰੀਏ ਉੱਤੇ ਨਿਰਭਰ ਕਰਦਾ ਹੈ।

‘ਮੇਨਲੈਂਡ ਚਰਚਾਂ ਵਿੱਚ ਅਜਿਹੇ ਗੀਤਾਂ ਦੀ ਮਨਾਹੀ’
ਮਜੀਠਾ ਵਿੱਚ ਰਹਿੰਦੇ ਕੈਥੋਲਿਕ ਚਰਚ ਦੇ ਪਾਦਰੀ(ਫ਼ਾਦਰ) ਫੈਲਿਕਸ ਸ਼ੇਰਗਿੱਲ ਨੇ ਵੀ ਬੀਬੀਸੀ ਨਾਲ ਇਸ ਟਰੈਂਡ ਬਾਰੇ ਗੱਲ ਕੀਤੀ।
ਉਹ ਕਹਿੰਦੇ ਹਨ ਕਿ ਹਾਲਾਂਕਿ ਕੈਥੋਲਿਕ ਚਰਚ ਸਣੇ ਮੁੱਖ ਧਾਰਾ ਦੀਆਂ ਚਰਚਾਂ ਵਿੱਚ ਅਜਿਹੇ ਗੀਤਾਂ ਦੀ ਮਨਾਹੀ ਹੈ।
ਉਨ੍ਹਾਂ ਮੁਤਾਬਕ ਅਜਿਹੇ ਗੀਤਾਂ ਦਾ ਮੁੱਖ ਮਕਸਦ ਲੋਕਾਂ ਨੂੰ ਆਕਰਸ਼ਿਤ ਕਰਨਾ ਹੁੰਦਾ ਹੈ।
ਉਹ ਦੱਸਦੇ ਹਨ ਕਿ ਇਸਾਈਅਤ ਵਿੱਚ ‘ਇਨਕਲਚਰੇਸ਼ਨ’ ਦਾ ਸਿਧਾਂਤ ਹੈ, ਜਿਸ ਦਾ ਅਰਥ ਹੈ ਧਾਰਮਿਕ ਸਿੱਖਿਆਵਾਂ ਨੂੰ ਸਥਾਨਕ ਸੱਭਿਆਚਾਰ ਦੇ ਮੁਤਾਬਕ ਢਾਲਣਾ।
ਫੈਲਿਕਸ ਦੱਸਦੇ ਹਨ ਕਿ ਪਿਛਲੇ ਸਮਿਆਂ ਵਿੱਚ ਪ੍ਰਭਾਤ ਫੇਰੀਆਂ ਵਿੱਚ ਵੀ ਪੰਜਾਬੀ ਭਜਨ ਗਾਏ ਜਾਂਦੇ ਸਨ, ਜੋ ਸਰਲ ਭਾਸ਼ਾ ਵਿੱਚ ਹੁੰਦੇ ਸਨ।
ਫੈਲਿਕਸ ਦੱਸਦੇ ਹਨ ਕਿ ‘ਮੇਨਲੈਂਡ ਚਰਚਾਂ’ ਵੱਲੋਂ ਅਜਿਹੇ ਇਸਾਈ ਧਰਮ ਨਾਲ ਜੁੜੇ ਗੀਤਾਂ ਦੀ ਅਜਿਹੀ ਪੇਸ਼ਕਾਰੀ ਦੀ ਸ਼ਲਾਘਾ ਨਹੀਂ ਕੀਤੀ ਜਾਂਦੀ।
ਉਹ ਦੱਸਦੇ ਹਨ ਕਿ ‘ਕ੍ਰਿਸ਼ਚਨ ਮਿਸ਼ਨਰੀਆਂ’ ਨੇ 19ਵੀਂ ਸਦੀ ਵਿੱਚ ਪੰਜਾਬੀ ਲੋਕ ਗੀਤਾਂ ਨੂੰ ਇਕੱਠੇ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਸੀ।
ਫੈਲਿਕਸ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਕਿਸੇ ਨੂੰ ‘ਕ੍ਰਿਸ਼ਚਨ ਪੰਜਾਬੀ ਗੀਤਾਂ’ ਵਿੱਚ ਪੰਜਾਬੀ ਸੱਭਿਆਚਾਰਕ ਚਿੰਨ੍ਹਾਂ ਦੀ ਵਰਤੋਂ ਨਾਲ ਕੋਈ ਇਤਰਾਜ਼ ਵੀ ਹੋਵੇ ਪਰ ਸੱਭਿਆਚਾਰ ਸਾਰਿਆਂ ਦਾ ਸਾਂਝਾ ਹੁੰਦਾ ਹੈ ਅਤੇ ਇਸ ਗੱਲ ਨਾਲ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।
‘ਪੰਜਾਬ ’ਚ ਇਸਾਈ ਭਾਈਚਾਰਾ ਆਪਣੀ ਵੱਖਰੀ ਪਛਾਣ ਨਹੀਂ ਬਣਾ ਸਕਿਆ’
ਇਮੈਨੂਅਲ ਨਾਹਰ ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਹਨ ਤੇ ਪੰਜਾਬ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਹਨ।
ਉਹ ਕਹਿੰਦੇ ਹਨ ਕਿ ਇਸਾਈ ਪੰਜਾਬ ਵਿੱਚ ਘੱਟਗਿਣਤੀ ਹਨ ਅਤੇ ਘੱਟਗਿਣਤੀ ਅਕਸਰ ਬਹੁਗਿਣਤੀ ਦੇ ਸੱਭਿਆਚਾਰ ਨੂੰ ਅਪਣਾਉਂਦੀ ਹੈ।
“ਇਸਾਈ ਗਾਇਕਾਂ ਵੱਲੋਂ ਗਾਏ ਜਾਂਦੇ ਕਈ ਗੀਤ ਪ੍ਰਚਲਿਤ ਪੰਜਾਬੀ ਗਾਇਕਾਂ ਦੀਆਂ ਤਰਜ਼ਾਂ ਉੱਤੇ ਹੁੰਦੇ ਹਨ ਜੋ ਲੋਕਾਂ ਨੂੰ ਪਸੰਦ ਵੀ ਆਉਂਦੇ ਹਨ।”
ਉਹ ਦੱਸਦੇ ਹਨ, “ਇਸ ਦਾ ਮਨੋਰਥ ਲੋਕਾਂ ਨੂੰ ਪ੍ਰਭਾਵਿਤ ਕਰਨਾ ਜਾਂ ਲੋਕਾਂ ਦੇ ਹੋਰ ਨੇੜੇ ਜਾਣਾ ਵੀ ਹੋ ਸਕਦਾ ਹੈ।”
ਉਹ ਦੱਸਦੇ ਹਨ ਕਿ ਅਜਿਹੇ ਗੀਤਾਂ ਵਿੱਚ ਪੰਜਾਬੀ ਸੱਭਿਆਚਾਰਕ ਚਿੰਨ੍ਹਾਂ ਦੀ ਵਰਤੋਂ ਹੋਣਾ ਸਕਾਰਾਤਮਕ ਵੀ ਹੈ।
ਉਹ ਕਹਿੰਦੇ ਹਨ, "ਇਹ ਚੰਗੀ ਗੱਲ ਹੈ ਕਿ ਕ੍ਰਿਸ਼ਚਨ ਗਾਇਕ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਗੀਤ ਰਵਾਇਤੀ ਤਰਜ਼ਾਂ ਉੱਤੇ ਗਾ ਰਹੇ ਹਨ।"
ਕੀ ਇਨ੍ਹਾਂ ਗੀਤਾਂ ਰਾਹੀਂ ਪੰਜਾਬੀ ਇਸਾਈ ਭਾਈਚਾਰਾ ਆਪਣੀ ਪੰਜਾਬੀ ਪਛਾਣ ਨੂੰ ਉਜਾਗਰ ਕਰ ਰਿਹਾ ਹੈ?
ਇਸ ਸਵਾਲ ਦੇ ਜਵਾਬ ਵਿੱਚ ਇਮੈਨੂਅਲ ਦੱਸਦੇ ਹਨ, “ਇਹ ਚੰਗੀ ਗੱਲ ਹੈ ਕਿ ਉਹ ਪੰਜਾਬੀ ਚਿਨ੍ਹਾਂ ਨੂੰ ਅਪਣਾ ਰਹੇ ਹਨ ਪਰ ਪੰਜਾਬੀ ਇਸਾਈਆਂ ਦੀ ਆਪਣੀ ਕੋਈ ਪਛਾਣ ਨਹੀਂ ਬਣ ਰਹੀ ਜਿਹੋ ਜਿਹੀ ਕਿ ਪੰਜਾਬ ਵਿੱਚ ਬਾਕੀ ਧਰਮਾਂ ਦੀ ਹੈ।”
ਉਹ ਦੱਸਦੇ ਹਨ ਕਿ ਪੰਜਾਬ ਵਿੱਚ ਇਸਾਈਆਂ ਦੀ ‘ਫ੍ਰੈਕਚਰਡ’ ਕਿਸਮ ਦੀ ਪਛਾਣ ਰਹੀ ਹੈ।
ਉਹ ਕਹਿੰਦੇ ਹਨ ਇਸਾਈ ਭਾਈਚਾਰੇ ਵਿੱਚ ਬਹੁਤੇ ਸਖ਼ਤ ਨਿਯਮ ਨਹੀਂ ਹਨ ਅਤੇ ਦੂਜੀਆਂ ਚੀਜ਼ਾਂ ਨੂੰ ਅਪਣਾਉਣ ਦੀ ਖੁੱਲ੍ਹ ਹੈ।
ਇਸਾਈ ਧਰਮ ਦੇ ਕਿੰਨੇ ਵਰਗ ਹਨ

ਇਸ ਵਿੱਚ ਇੱਕ ਚਰਚ ਆਫ਼ ਨਾਰਥ ਇੰਡੀਆ (ਸੀਐਨਆਈ) ਜਿਸ ਅਧੀਨ ਉੱਤਰੀ ਭਾਰਤ ਵਿੱਚ ਜ਼ਿਆਦਾਤਰ ਪ੍ਰੋਟੈਸਟੈਂਟ ਚਰਚ ਹਨ ਅਤੇ ਦੂਜਾ ਹੈ ਜਲੰਧਰ ਡਾਇਓਸਿਸ, ਜਿਸ ਦੇ ਅਧਿਕਾਰ ਖੇਤਰ ਵਿੱਚ ਰੋਮਨ ਕੈਥੋਲਿਕ ਚਰਚ ਆਉਂਦੇ ਹਨ। ਇਸ ਦੇ ਚਰਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਜੂਦ ਹਨ।
ਡਾਇਓਸਿਸ ਆਫ਼ ਅੰਮ੍ਰਿਤਸਰ ਅਤੇ ਡਾਇਓਸਿਸ ਆਫ਼ ਜਲੰਧਰ ਪੂਰੀ ਤਰਾਂ ਸੰਗਠਿਤ ਹਨ ਅਤੇ ਇਨ੍ਹਾਂ ਦੀ ਅਗਵਾਈ ਬਿਸ਼ਪ ਵੱਲੋਂ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਸਾਲਵੇਸ਼ਨ ਆਰਮੀ, ਮੈਥੋਡਿਸਟ ਚਰਚ (ਪ੍ਰਮੁੱਖ ਚਰਚ ਬਟਾਲਾ ਅਤੇ ਪਟਿਆਲਾ ) ਅਤੇ ਸੈਵਨਥ ਡੇਅ ਐਡਵੈਂਟਸਟ ਚਰਚ (ਐਸ.ਡੀ.ਏ.ਸੀ) ਵੀ ਪੰਜਾਬ ਵਿੱਚ ਮੌਜੂਦ ਹਨ।
ਇਹ ਸਾਰੇ ਚਰਚ ਸੰਗਠਿਤ ਹਨ ਅਤੇ ਨਿਯਮ ਵਿੱਚ ਰਹਿ ਕੇ ਪ੍ਰਚਾਰ ਕਰਦੇ ਹਨ ਅਤੇ ਇਹਨਾਂ ਦੀ ਜਵਾਬਦੇਹੀ ਵੀ ਹੈ।
ਇਸ ਤੋਂ ਇਲਾਵਾ ਡਾਇਸਸ ਆਫ਼ ਚੰਡੀਗੜ੍ਹ ਦੇ ਅਧੀਨ ਵੀ ਬਹੁਤ ਸਾਰੇ ਚਰਚ ਆਉਂਦੇ ਹਨ।
ਇਨ੍ਹਾਂ ਤੋਂ ਇਲਾਵਾ ਕੁਝ ਪਾਦਰੀਆਂ ਵੱਲੋਂ ਨਿੱਜੀ ਤੌਰ ਉੱਤੇ ਪੰਜਾਬ ਵਿੱਚ ਇਸਾਈ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਇਹ ਸੰਗਠਿਤ ਨਹੀਂ ਹਨ ਅਤੇ ਨਾ ਹੀ ਕਿਸੇ ਪ੍ਰਤੀ ਜਵਾਬਦੇਹ ਹਨ।
ਮੁੱਖ ਧਾਰਾ ਦੇ ਚਰਚਾਂ ਤੋਂ ਇਲਾਵਾ ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਪਾਸਟਰ ਹਨ, ਜੋ ਨਿੱਜੀ ਤੌਰ ਉੱਤੇ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਹਨ।
ਇਨ੍ਹਾਂ ਨੇ ਆਪਣੇ ਵੱਡੇ ਵੱਡੇ ਡੇਰੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਬਣਾ ਲਏ ਹਨ।
ਇਨ੍ਹਾਂ ਡੇਰਿਆਂ ਨੂੰ ਮੰਨਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਹੈ।
ਇਨ੍ਹਾਂ ਵਿੱਚੋਂ ਪ੍ਰਮੁੱਖ ਹਨ ਡੇਰੇ ਹਨ ਪਾਸਟਰ ਬਲਜਿੰਦਰ ਸਿੰਘ, ਅੰਕੁਰ ਯੂਸਫ਼ ਨਰੂਲਾ, ਪਾਸਟਰ ਹਰਪ੍ਰੀਤ ਦਿਓਲ ਖੋਜੇਵਾਲਾ, ਪਾਸਟਰ ਅੰਮ੍ਰਿਤ ਸੰਧੂ, ਪਾਸਟਰ ਹਰਜੀਤ, ਪਾਸਟਰ ਮਨੀਸ਼ ਗਿੱਲ, ਪਾਸਟਰ ਕੰਚਨ ਮਿੱਤਲ, ਪਾਸਟਰ ਦਵਿੰਦਰ ਸਿੰਘ, ਪਾਸਟਰ ਰਮਨ ਆਦਿ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ












