ਟੂਰਿਨ ਸ਼ਰਾਊਡ: ਉਹ ਕਫ਼ਨ ਜਿਸ ਵਿੱਚ ਸ਼ਾਇਦ ਈਸਾ ਮਸੀਹ ਨੂੰ ਦਫ਼ਨਾਇਆ ਗਿਆ ਸੀ

ਤਸਵੀਰ ਸਰੋਤ, Getty Images
- ਲੇਖਕ, ਜੈਰੇਮੀ ਹੌਵੈਲ
- ਰੋਲ, ਬੀਬੀਸੀ ਪੱਤਰਕਾਰ
ਇਟਲੀ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਟੂਰਿਨ ਸ਼ਰਾਊਡ ਦੇ ਅਸਲ ਸਮੇਂ ਬਾਰੇ ਖੋਜ ਕੀਤੀ ਹੈ ਅਤੇ ਇਹ ਉਸੇ ਦੌਰਾਨ ਹੀ ਬਣਿਆ ਸੀ ਜਿਸ ਯੁੱਗ ਵਿੱਚ ਈਸਾ ਮਸੀਹ ਸਨ।
ਅਸਲ ਵਿੱਚ ਬਹੁਤ ਸਾਰੇ ਇਸਾਈਆਂ ਦਾ ਮੱਤ ਹੈ ਕਿ ਟੂਰਿਨ ਸ਼ਰਾਊਡ ਇੱਕ ‘ਪਵਿੱਤਰ ਕਫ਼ਨ’ ਹੈ, ਜਿਸ ਵਿੱਚ ਯਿਸੂ ਮਸੀਹ ਨੂੰ ਦਫ਼ਨਾਇਆ ਗਿਆ ਸੀ।
ਇਟਲੀ ਦੇ ਮਾਹਰਾਂ ਦਾ ਇਹ ਅਧਿਐਨ ਜੋ ਕਿ ਪਹਿਲੀ ਵਾਰ 2022 ਵਿੱਚ ਪ੍ਰਕਾਸ਼ਤ ਹੋਇਆ ਸੀ, ਇਸ ਵਿਚਾਰ ਨੂੰ ਚੁਣੌਤੀ ਦਿੰਦਾ ਹੈ ਕਿ ਮੱਧ ਯੁੱਗ ਵਿੱਚ ਬਣਾਈ ਗਈ ਇਹ ਕਲਾਕ੍ਰਿਤੀ ਨਕਲੀ ਹੈ।
ਜ਼ਿਕਰਯੋਗ ਹੈ ਕਿ ਇਸ ਕਫ਼ਨ ਬਾਰੇ ਮਿੱਥ ਹੈ ਕਿ ਈਸਾ ਮਸੀਹ ਦੇ ਅਕਸ ਨੂੰ ਇਸ ਉੱਤੇ ਦੇਖਿਆ ਜਾ ਸਕਦਾ ਹੈ। ਇੰਨਾ ਹੀ ਨਹੀਂ ਇਹ ਵੀ ਧਾਰਨਾ ਹੈ ਕਿ ਉਨ੍ਹਾਂ ਨੇ ਇਸ ਕਫ਼ਨ ਨੂੰ ਆਪਣੇ ਇਨਸਾਨ ਹੋਣ ਦੇ ਅਤੇ ਇਸ ਧਰਤੀ ਉੱਤੇ ਰਹਿਣ ਦੇ ਸਬੂਤ ਵਜੋਂ ਛੱਡਿਆ ਸੀ।
ਹੁਣ ਸਾਹਮਣੇ ਆਏ ਤੱਥ ਯੂਕੇ, ਯੂਐੱਸ ਅਤੇ ਆਇਰਿਸ਼ ਮੀਡੀਆ ਦੀਆਂ ਸੁਰਖ਼ੀਆਂ ਵਿੱਚ ਹਨ।
ਇਹ ਕਫ਼ਨ ਅਜਿਹੀ ਕਲਾਕ੍ਰਿਤੀ ਹੈ ਜਿਸ ਬਾਰੇ ਲੰਬੇ ਸਮੇਂ ਤੋਂ ਅਧਿਐਨ ਕੀਤਾ ਜਾ ਰਿਹਾ ਹੈ।

ਟੂਰਿਨ ਸ਼ਰਾਊਡ ਕੀ ਹੈ ਅਤੇ ਇਸਦਾ ਇਤਿਹਾਸ ਕੀ ਹੈ?
ਟੂਰਿਨ ਕਫ਼ਨ ਲਿਲਨ ਕੱਪੜੇ ਦਾ ਇੱਕ ਟੁਕੜਾ ਹੈ ਜਿਸਦੀ ਲੰਬਾਈ 14.5 ਫੁੱਟ (4.42 ਮੀਟਰ) ਅਤੇ ਚੌੜਾਈ ਚਾਰ ਫੁੱਟ (1.21 ਮੀਟਰ) ਹੈ।
ਇਹ ਖ਼ੂਨ ਨਾਲ ਰੰਗਿਆ ਹੋਇਆ ਹੈ ਅਤੇ ਇਸ ਉੱਤੇ ਇੱਕ ਦਾੜੀ ਵਾਲੇ ਵਿਅਕਤੀ ਜਿਸਦੀਆਂ ਅੱਖਾਂ ਗਹਿਰੀਆਂ ਹਨ, ਦਾ ਸਰੀਰ ਉੱਕਰਿਆ ਹੋਇਆ ਹੈ।
ਤਸਵੀਰ ਸਰੀਰ ਦੇ ਦੋਵਾਂ ਪਾਸਿਆਂ ਸਾਹਮਣੇ ਅਤੇ ਪਿਛਲੇ ਪਾਸੇ ਨੂੰ ਦਰਸਾਉਂਦੀ ਹੈ।
ਕਈਆਂ ਦਾ ਮੰਨਣਾ ਹੈ ਕਿ ਇਹ ਯਿਸੂ ਦਾ ਸਰੀਰ ਹੈ, ਜੋ ਕਿ ਚਮਤਕਾਰੀ ਤਰੀਕੇ ਨਾਲ ਕੱਪੜੇ ਉੱਤੇ ਛਾਪਿਆ ਗਿਆ ਹੈ।
ਕਫ਼ਨ 'ਤੇ ਅਜਿਹੇ ਨਿਸ਼ਾਨ ਵੀ ਹਨ ਜਿਨ੍ਹਾਂ ਬਾਰੇ ਕੁਝ ਚਰਚ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਜ਼ਖ਼ਮਾਂ ਨਾਲ ਮੇਲ ਖਾਂਦਾ ਹੈ ਜੋ ਯਿਸੂ ਨੂੰ ਸਲੀਬ 'ਤੇ ਚੜ੍ਹਾਏ ਜਾਣ 'ਤੇ ਉਨ੍ਹਾਂ ਦੇ ਸਰੀਰ ਨੇ ਸਹੇ ਸਨ।
ਉਦਾਹਰਨ ਲਈ, ਰੋਮ ਦੀ ਫੌਜ ਵੱਲੋਂ ਕੁੱਟਣ ਕਾਰਨ ਪਿੱਠ 'ਤੇ ਸੱਟ, ਸਲੀਬ ਚੁੱਕਣ ਨਾਲ ਮੋਢਿਆਂ 'ਤੇ ਲੱਗੀਆਂ ਸੱਟਾਂ ਅਤੇ ਕੰਡਿਆਂ ਦਾ ਤਾਜ ਪਹਿਨਣ ਤੋਂ ਸਿਰ 'ਤੇ ਲੱਗੇ ਫੱਟ਼।
ਬਾਈਬਲ ਮੁਤਾਬਕ ਕਿ ਅਰੀਮਾਥੀਆ ਦੇ ਰਹਿਣ ਵਾਲੇ ਜੋਸਫ਼ ਨੇ ਯਿਸੂ ਦੀ ਮੌਤ ਹੋਣ ਤੋਂ ਬਾਅਦ ਉਨ੍ਹਾਂ ਦੇ ਸਰੀਰ ਨੂੰ ਕਬਰ ਵਿੱਚ ਦਫ਼ਨਾਉਣ ਤੋਂ ਪਹਿਲਾਂ ਇੱਕ ਲਿਲਨ ਦੇ ਕਫ਼ਨ ਵਿੱਚ ਲਪੇਟਿਆ ਸੀ।

ਤਸਵੀਰ ਸਰੋਤ, Getty Images
ਇਹ ਕਲਾਕ੍ਰਿਤੀ ਪਹਿਲੀ ਵਾਰ 1350 ਦੇ ਦਹਾਕੇ ਵਿੱਚ ਸਾਹਮਣੇ ਆਈ ਸੀ। ਉਸ ਸਮੇਂ ਇਸ ਨੂੰ ਫਰਾਂਸ ਦੇ ਪੂਰਬ ਵਿੱਚ ਚਰਚ ਦੇ ਡੀਨ ਨੂੰ ਭੇਟ ਕੀਤਾ ਗਿਆ ਸੀ। ਇਹ ਭੇਟਾ ਕਰਨਾ ਵਾਲਾ ਇੱਕ ਫ਼ੌਜੀ ਸੀ ਜਿਸ ਨੂੰ ਉੱਥੇ ਜਿਓਫਰੋਏ ਡੀ ਸ਼ਰਨੇ ਕਿਹਾ ਜਾਂਦਾ ਸੀ।
ਉਸੇ ਨੇ ਇਸ ਨੂੰ ਯਿਸੂ ਦਾ ਦਫ਼ਨਾਉਣ ਵਾਲਾ ਕਫ਼ਨ ਕਰਾਰ ਦਿੱਤਾ ਸੀ।
1389 ਵਿੱਚ, ਇਸ ਨੂੰ ਪਹਿਲੀ ਵਾਰ ਟਰੌਇਸ ਦੇ ਬਿਸ਼ਪ, ਪੇਰੇ ਡੀ ਆਰਸਿਸ ਨੇ ਇੱਕ ਜਾਅਲਸਾਜ਼ੀ ਵਜੋਂ ਨਿੰਦਿਆ ਸੀ।
1578 ਵਿੱਚ, ਕਫ਼ਨ ਨੂੰ ਇਟਲੀ ਦੇ ਟੂਰਿਨ ਵਿੱਚ ਸੈਨ ਜਿਓਵਨੀ ਬੈਟਿਸਟਾ ਦੇ ਗਿਰਜਾਘਰ ਵਿੱਚ ਭੇਜਿਆ ਗਿਆ ਸੀ।
ਇਹ ਸਿਰਫ਼ ਖਾਸ ਮੌਕਿਆਂ 'ਤੇ ਹੀ ਲੋਕਾਂ ਲਈ ਪ੍ਰਦਰਸ਼ਿਤ ਹੁੰਦਾ ਹੈ।
1988 ਵਿੱਚ, ਸਵਿਟਜ਼ਰਲੈਂਡ, ਯੂਕੇ ਅਤੇ ਅਮਰੀਕਾ ਦੇ ਵਿਗਿਆਨੀਆਂ ਨੇ ਕਫ਼ਨ ਦੇ ਇੱਕ ਛੋਟੇ ਜਿਹੇ ਹਿੱਸੇ 'ਤੇ ਰੇਡੀਓਕਾਰਬਨ ਟੈਸਟ ਕੀਤੇ ਸਨ।
ਇਨ੍ਹਾਂ ਟੈਸਟਾਂ ਤੋਂ ਬਾਅਦ ਸਿੱਟਾ ਕੱਢਿਆ ਗਿਆ ਕਿ ਇਹ 1260 ਅਤੇ 1390 ਈਸਵੀ ਦੇ ਵਿਚਕਾਰ ਕਿਸੇ ਸਮੇਂ ਬਣਾਇਆ ਗਿਆ ਕੱਪੜਾ ਹੈ।

ਤਸਵੀਰ ਸਰੋਤ, Fotografia Haltadefinizione.com - Proprieta Arcidiocesi di Torino
ਹਾਲ ਵਿੱਚ ਹੋਈਆਂ ਖੋਜਾਂ ਕੀ ਹਨ?
ਇਟਲੀ ਦੇ ਨੈਸ਼ਨਲ ਰਿਸਰਚ ਕਾਉਂਸਿਲ ਦਾ ਹਿੱਸਾ ਕ੍ਰਿਸਟਾਲੋਗ੍ਰਾਫੀ ਇੰਸਟੀਚਿਊਟ ਦੇ ਵਿਗਿਆਨੀਆਂ ਨੇ ਫਲੈਕਸ ਦੇ ਅੱਠ ਛੋਟੇ ਧਾਗਿਆਂ 'ਤੇ ਇੱਕ ਅਧਿਐਨ ਕੀਤਾ ਜਿਸ ਤੋਂ ਟੂਰਿਨ ਸ਼ਰਾਉਡ ਬਣਾਇਆ ਗਿਆ ਹੈ, ਅਤੇ ਐਕਸ-ਰੇ ਤਕਨਾਲੋਜੀ ਦੀ ਵਰਤੋਂ ਕਰਕੇ ਉਸ ਦੇ ਹੋਂਦ ਵਿੱਚ ਆਉਣ ਦੀ ਤਾਰੀਖ ਬਾਰੇ ਪਤਾ ਲੱਗ ਸਕੇ।
ਉਨ੍ਹਾਂ ਨੇ ਅਪ੍ਰੈਲ 2022 ਵਿੱਚ ਹੈਰੀਟੇਜ ਜਰਨਲ ਵਿੱਚ ਨਤੀਜੇ ਪ੍ਰਕਾਸ਼ਿਤ ਕੀਤੇ।
ਵਿਗਿਆਨੀਆਂ ਨੇ ਪਤਾ ਲਾਇਆ ਕਿ ਬਣਾਏ ਜਾਣ ਦੇ ਸਮੇਂ ਤੋਂ ਬਾਅਦ ਉਸ ਦੇ ਤਾਣੇ-ਬਾਣੇ ਵਿੱਚਲੇ ਕੁਝ ਮਹੀਨ ਕਣ ਟੁੱਟ ਗਏ ਸਨ।
ਟੀਮ ਨੇ ਹੋਰ ਮਾਪਦੰਡਾਂ ਦੀ ਵਰਤੋਂ ਕੀਤੀ, ਜਿਵੇਂ ਕਿ ਕੱਪੜੇ ਨੂੰ ਕਿਸ ਤਾਪਮਾਨ 'ਤੇ ਰੱਖਿਆ ਗਿਆ ਸੀ।
ਇਹ ਮੰਨਿਆ ਜਾਂਦਾ ਹੈ ਕਿ ਇਸਨੂੰ ਇਸਦੇ ਪੂਰੇ ਇਤਿਹਾਸ ਵਿੱਚ 20 ਅਤੇ 22.5 ਡਿਗਰੀ ਸੈਲਸੀਅਤ ਤਾਪਮਾਨ ਵਿੱਚ ਹੀ ਰੱਖਿਆ ਗਿਆ ਸੀ।
ਮਾਹਰਾਂ ਨੇ ਸਿੱਟਾ ਕੱਢਿਆ ਕਿ ਕਫ਼ਨ ਲਗਭਗ 2,000 ਸਾਲ ਪਹਿਲਾਂ, ਯਿਸੂ ਦੇ ਸਮੇਂ ਦੇ ਨੇੜੇ ਬਣਾਇਆ ਗਿਆ ਸੀ।
ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਤਰੀਕੇ ਰੇਡੀਓਕਾਰਬਨ ਡੇਟਿੰਗ ਨਾਲੋਂ ਵਧੇਰੇ ਭਰੋਸੇਮੰਦ ਹਨ ਕਿਉਂਕਿ ਲਿਲਨ ਵਰਗੇ ਕੱਪੜੇ ਖ਼ਰਾਬ ਹੋ ਜਾਂਦੇ ਹਨ ਅਤੇ ਇਸ ਨਾਲ ਰੇਡੀਓਕਾਰਬਨ ਡੇਟਿੰਗ ਗ਼ਲਤ ਹੋ ਸਕਦੀ ਹੈ।
ਉਹ ਇਹ ਵੀ ਕਹਿੰਦੇ ਹਨ ਕਿ ਟੂਰਿਨ ਕਫ਼ਨ ਇੱਕ ਕਿਸਮ ਦੀ ਲਿਲਨ ਦੀ ਬੁਣਾਈ ਤੋਂ ਬਣਾਇਆ ਗਿਆ ਹੈ ਜੋ ਅਤੀਤ ਵਿੱਚ ਵਰਤਿਆ ਜਾਂਦਾ ਸੀ ਪਰ ਮੱਧ ਯੁੱਗ ਵਿੱਚ ਨਹੀਂ।

ਤਸਵੀਰ ਸਰੋਤ, Getty Images
ਟੂਰਿਨ ਸ਼ਰਾਊਡ 'ਤੇ ਬਹਿਸ
ਇਟਲੀ ਦੇ ਖੋਜਕਰਤਾ ਇਹ ਸੁਝਾਅ ਨਹੀਂ ਦੇ ਰਹੇ ਹਨ ਕਿ ਟੂਰਿਨ ਕਫ਼ਨ ਅਸਲ ਵਿੱਚ ਉਹ ਕੱਪੜਾ ਹੈ ਜਿਸ ਵਿੱਚ ਯਿਸੂ ਨੂੰ ਦਫ਼ਨਾਇਆ ਗਿਆ ਸੀ।
ਉਹ ਸਿਰਫ ਇਹ ਕਹਿ ਰਹੇ ਹਨ ਕਿ ਇਹ ਉਸ ਸਮੇਂ ਬਣਾਇਆ ਗਿਆ ਸੀ ਜਦੋਂ ਯਿਸੂ ਜਿਉਂਦੇ ਸਨ।
ਉਨ੍ਹਾਂ ਦੇ ਮੌਜੂਦਾ ਅੰਕੜੇ ਉਨ੍ਹਾਂ ਤੱਥਾਂ ਨਾਲ ਮੇਲ ਖਾਂਦੇ ਹਨ ਜੋ ਸਦੀਆਂ ਦੀ ਖੋਜ ਤੋਂ ਬਾਅਦ ਸਾਹਮਣੇ ਆਏ ਸਨ।
1980 ਦੇ ਦਹਾਕੇ ਤੋਂ, ਕਫ਼ਨ ਬਾਰੇ 170 ਤੋਂ ਵੱਧ ਅਕਾਦਮਿਕ ਪੇਪਰ ਪ੍ਰਕਾਸ਼ਿਤ ਕੀਤੇ ਗਏ ਹਨ। ਜਿਨ੍ਹਾਂ ਵਿੱਚ ਕਈਆਂ ਨੇ ਇਹ ਸਿੱਟਾ ਕੱਢਿਆ ਹੈ ਕਿ ਇਹ ਅਸਲੀ ਹੈ ਦੂਜੇ ਪਾਸੇ ਕਈਆਂ ਦਾ ਮੱਤ ਹੈ ਕਿ ਇਹ ਨਕਲੀ ਹੈ।
ਵੈਟੀਕਨ ਨੇ ਖ਼ੁਦ ਇਸ ਬਾਰੇ ਕਈ ਵਾਰ ਆਪਣਾ ਮਨ ਬਦਲਲਿਆ ਹੈ ਕਿ ਕੀ ਕੱਪੜੇ ਨੂੰ ਯਿਸੂ ਦਾ ਅਸਲ ਦਫ਼ਨਾਉਣ ਵਾਲਾ ਕਫ਼ਨ ਮੰਨਿਆ ਜਾਣਾ ਚਾਹੀਦਾ ਹੈ ਜਾਂ ਨਹੀਂ।












