ਇਸਲਾਮ, ਇਸਾਈ ਤੇ ਹਿੰਦੂ ਧਰਮ ਵਿੱਚ ਪਸ਼ੂ ਬਲੀ ਕਿਉਂ ਦਿੱਤੀ ਜਾਂਦਾ ਹੈ, ਸਿੱਖ ਧਰਮ ਕੀ ਕਹਿੰਦਾ ਹੈ

ਤਸਵੀਰ ਸਰੋਤ, GETTY IMAGES
- ਲੇਖਕ, ਓਰਚੀ ਓਤੋਨਦ੍ਰਿਲਾ
- ਰੋਲ, ਬੀਬੀਸੀ ਨਿਊਜ਼ ਪੱਤਰਕਾਰ
ਇਸਲਾਮ ਦੇ ਪੈਰੋਕਾਰਾਂ ਲਈ ਸ਼ਨੀਵਾਰ ਜਾਣੀ ਈਦ-ਉਲ-ਅਜ਼ਹਾ ਜਾਣੀ ਬਕਰੀਦ ਜਾਂ ਕੁਰਬਾਨੀ ਦਾ ਤਿਉਹਾਰ ਸ਼ੁਰੂ ਹੋ ਰਿਹਾ ਹੈ।
ਇਸ ਦਿਨ ਮੁਸਲਮਾਨ ਯਾਦ ਕਰਦੇ ਹਨ ਕਿ ਪੈਗੰਬਰ ਇਬਰਾਹਿਮ ਆਪਣਾ ਪੁੱਤਰ ਅੱਲ੍ਹਾ ਨੂੰ ਕੁਰਬਾਨੀ ਵਿੱਚ ਦੇਣਾ ਚਾਹੁੰਦੇ ਸਨ ਪਰ ਅੱਲ੍ਹਾ ਨੇ ਉਨ੍ਹਾਂ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਪੁੱਤਰ ਦੀ ਥਾਂ ਭੇਡੂ ਦੀ ਕੁਰਬਾਨੀ ਦੇ ਦੇਣ।
ਇਬਰਾਹੀਮ ਨੂੰ ਇਸਾਈ ਅਤੇ ਯਹੂਦੀ ਧਰਮਾਂ ਵਿੱਚ ਅਬਰਾਹਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਮੰਨਿਆ ਜਾਂਦਾ ਹੈ ਕਿ ਪੈਗੰਬਰ ਇਬਰਾਹਿਮ ਨੇ ਇਸ ਸੁਫ਼ਨੇ ਨੂੰ ਅੱਲ੍ਹਾ ਦਾ ਸੁਨੇਹਾ ਮੰਨਿਆ ਅਤੇ ਆਪਣੇ ਪੁੱਤਰ ਨਾਲ ਇਸ ਬਾਰੇ ਗੱਲ ਕੀਤੀ। ਉਨ੍ਹਾਂ ਦੇ ਪੁੱਤਰ ਨੇ ਕਿਹਾ ਕਿ ਰੱਬ ਦੇ ਹੁਕਮ ਦਾ ਪਾਲਣ ਕਰਨਾ ਚਾਹੀਦਾ ਹੈ।
ਜਦੋਂ ਇਬਰਾਹਿਮ ਆਪਣੇ ਅੱਲ੍ਹਾ ਲਈ ਆਪਣੇ ਪੁੱਤਰ ਦੀ ਬਲੀ ਚੜ੍ਹਾਉਣ ਜਾ ਰਹੇ ਸਨ ਤਾਂ ਅੱਲ੍ਹਾ ਨੇ ਉਨ੍ਹਾਂ ਨੂੰ ਰੋਕ ਦਿੱਤਾ।
ਅੱਲ੍ਹਾ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਇਮਤਿਹਾਨ ਲੈਣ ਦਾ ਸੀ ਅਤੇ ਪੁੱਤਰ ਦੀ ਕੁਰਬਾਨੀ ਦੇਣ ਦੀ ਕੋਈ ਲੋੜ ਨਹੀਂ ਹੈ। ਅੱਲ੍ਹਾ ਨੇ ਉਨ੍ਹਾਂ ਨੂੰ ਭੇਡੂ ਦਿੱਤਾ ਅਤੇ ਕਿਹਾ ਕਿ ਉਹ ਪੁੱਤਰ ਦੀ ਥਾਂ ਇਸ ਪਸ਼ੂ ਦੀ ਕੁਰਬਾਨੀ ਦੇਣ।
ਕੁਰਬਾਨੀ ਦੀ ਰਵਾਇਤ ਇਸਲਾਮ ਦੇ ਜਨਮ ਤੋਂ ਪਹਿਲਾਂ ਦੀ ਚੱਲੀ ਆ ਰਹੀ ਹੈ।
ਦੁਨੀਆਂ ਭਰ ਵਿੱਚ ਮੁਸਲਮਾਨ ਧਾਰਮਿਕ ਭਾਵਨਾਵਾਂ ਕਾਰਨ ਵੱਖ-ਵੱਖ ਤਰ੍ਹਾਂ ਦੇ ਪਸ਼ੂਆਂ ਦੀ ਬਲੀ ਦਿੰਦੇ ਰਹੇ ਹਨ। ਰਵਾਇਤੀ ਤੌਰ ਉੱਤੇ ਜੇ ਕਿਸੇ ਕੋਲ ਉਸਦੀ ਲੋੜ ਤੋਂ ਜ਼ਿਆਦਾ ਜਾਇਦਾਦ ਹੋਵੇ ਤਾਂ ਬਲੀ ਦੇਣੀ ਲਾਜ਼ਮੀ ਹੁੰਦੀ ਹੈ।
ਲੇਕਿਨ ਦੂਜੇ ਧਰਮ ਪਸ਼ੂ ਬਲੀ ਬਾਰੇ ਕੀ ਸੋਚਦੇ ਹਨ? ਯਹੂਦੀ, ਇਸਾਈ ਅਤੇ ਹਿੰਦੂ ਧਰਮ ਵਿੱਚ ਪਸ਼ੂ ਬਲੀ ਨੂੰ ਕਿਵੇਂ ਦੇਖਿਆ ਜਾਂਦਾ ਹੈ?
ਯਹੂਦੀ ਧਰਮ ਵਿੱਚ ਕੁਰਬਾਨੀ
ਇਸਲਾਮ ਦੇ ਇਤਿਹਾਸ ਅਤੇ ਯਹੂਦੀਆਂ ਅਤੇ ਇਸਾਈਆਂ ਦੇ ਇਤਿਹਾਸ ਵਿੱਚ ਬਹੁ ਕੁਝ ਮਿਲਦਾ-ਜੁਲਦਾ ਹੈ।
ਬ੍ਰਿਟੇਨ ਦੇ ਲੀਓ ਬੇਕ ਕਾਲਜ ਵਿੱਚ ਅਕਾਦਮਿਕ ਸੇਵਾਵਾਂ ਦੇ ਮੁਖੀ ਰੱਬੀ ਗੈਲੀ ਸੋਮਸਰ ਕਹਿੰਦੇ ਹਨ, ''ਯਹੂਦੀਆਂ ਦੇ ਧਰਮ ਗ੍ਰੰਥ ਵਿੱਚ ਕਈ ਤਰ੍ਹਾਂ ਦੀਆਂ ਬਲੀਆਂ ਦਾ ਜ਼ਿਕਰ ਹੈ। ਇਸ ਲਈ ਖਾਸ ਸਮੇਂ ਅਤੇ ਖਾਸ ਥਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਉਹ ਦੱਸਦੇ ਹਨ, “ਅੱਜ-ਕੱਲ੍ਹ ਅਸੀਂ ਬਲੀ ਦੇਣ ਦੀਆਂ ਇਨ੍ਹਾਂ ਰਵਾਇਤਾਂ ਦੀ ਪਾਲਣਾ ਨਹੀਂ ਕਰਦੇ ਕਿਉਂਕਿ ਜਿਨ੍ਹਾਂ ਥਾਵਾਂ ਉੱਤੇ ਬਲੀ ਦਿੱਤੀ ਜਾਂਦੀ ਸੀ ਉਹ ਹੁਣ ਮੌਜੂਦ ਨਹੀਂ ਹਨ। ਬਲੀ ਦੇਣ ਦੀ ਥਾਂ ਅਸੀਂ ਆਪਣੀ ਦੁਆ ਵਿੱਚ ਬਲੀ ਦੀ ਗੱਲ ਕਰਦੇ ਹਾਂ।”
ਰੱਬੀ ਡਾ਼ ਬ੍ਰੈਡਲੀ ਸ਼ੇਵਿਟ ਆਰਟਸਨ ਅਮਰੀਕਨ ਜਿਊਇਸ਼ ਯੂਨੀਵਰਸਿਟੀ ਦੇ ਉਪ ਪ੍ਰਧਾਨ ਹਨ। ਉਹ ਜ਼ਿਗਲ ਸਕੂਲ ਆਫ ਰੱਬਿਨਕ ਸਟੱਡੀਜ਼ ਦੇ ਨਾਲ ਵੀ ਜੁੜੇ ਹੋਏ ਹਨ।
ਉਹ ਕਹਿੰਦੇ ਹਨ, “ਰੋਮਨ ਲੜਾਕਿਆਂ ਦੇ ਦੂਜੇ ਮੰਦਰਾਂ ਨੂੰ ਨਸ਼ਟ ਕਰਨ ਦੇ ਸਮੇਂ ਤੋਂ ਲੈ ਕੇ ਯਹੂਦੀ ਧਰਮ ਵਿੱਚ ਪਸ਼ੂ ਬਲੀ ਦੀ ਇਜਾਜ਼ਤ ਨਹੀਂ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ਉੱਤੇ ਹਮੇਸ਼ਾ ਲਈ ਰੋਕ ਲਾਈ ਗਈ ਹੈ। ਜਦਕਿ ਕਈ ਲੋਕ ਮੰਨਦੇ ਹਨ ਕਿ ਮਸੀਹਾ ਦਾ ਅਵਤਾਰ ਹੋਣ ਤੋਂ ਬਾਅਦ ਇਸ ਪ੍ਰੰਪਰਾ ਨੂੰ ਫਿਰ ਤੋਂ ਮਨਾਉਣ ਦਾ ਚਲਨ ਸ਼ੁਰੂ ਹੋਵੇਗਾ।”
ਜੀਵਨ ਦੀ ਸ਼ੁਰੂਆਤ ਦੇ ਰਹੱਸ ਦਾ ਸਿਧਾਂਤ, ਜਿਸ ਦੀਆਂ ਜੜ੍ਹਾਂ ਯੂਨਾਨੀ ਤੇ ਹਿੰਦੂ ਧਰਮ ਨਾਲ ਜੁੜਦੀਆਂ ਹਨ, ਪੜ੍ਹੋ ਇਹ ਰਿਪੋਰਟ।

ਤਸਵੀਰ ਸਰੋਤ, Getty Images
ਯਹੂਦੀਆਂ ਦਾ ਟੈਂਪਲ ਮਾਊਂਟ ਹੁੰਦਾ ਸੀ, ਜੋ ਯਰੂਸ਼ਲਮ ਦੇ ਪੁਰਾਣੇ ਸ਼ਹਿਰ ਵਿੱਚ ਹੋਇਆ ਕਰਦਾ ਸੀ ਅਤੇ ਜਿੱਥੇ ਅੱਜ-ਕੱਲ੍ਹ ਦੇ ਦੌਰ ਵਿੱਚ ਅਲ-ਅਕਸਾ ਨਾਮ ਦੀ ਮਸਜਿਦ ਖੜ੍ਹੀ ਹੈ।
ਯਹੂਦੀ ਲੋਕ ਅਪਣੀ ਦੁਆ ਵਿੱਚ ਇਕ ਵਾਰ ਫਿਰ ਟੈਂਪਲ ਬਣਾਉਣ ਦੀ ਕਾਮਨਾ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਟੈਂਪਲ ਇੱਕ ਵਾਰ ਫਿਰ ਬਣ ਗਿਆ ਤਾਂ ਉਹ ਉੱਥੇ ਪਸ਼ੂ ਬਲੀ ਦੇ ਸਕਣਗੇ।
ਟੈਂਪਲ ਨਾ ਹੋਣ ਕਾਰਨ ਜ਼ਿਆਦਾਤਰ ਯਹੂਦੀ ਪਸ਼ੂ ਬਲੀ ਦੀ ਰਵਾਇਤ ਦੀ ਪਾਲਣਾ ਨਹੀਂ ਕਰਦੇ ਪਰ ਸਮਰਿਆਈ ਵਰਗੇ ਯਰੂਸ਼ੇਲਮ ਦੇ ਕੁਝ ਸਮੂਹ ਅਜੇ ਵੀ ਪਾਸਓਵਰ ਤਿਉਹਾਰ ਇਸ ਦੀ ਪਾਲਣਾ ਕਰਦੇ ਹਨ। ਉੱਥੇ ਹੀ ਕੁਝ ਸਮੂਹ ਪਸ਼ੂ ਦੀ ਕੀਮਤ ਜਿੰਨੀ ਰਕਮ ਦਾਨ ਕਰ ਦਿੰਦੇ ਹਨ।
ਬਲੀ ਚਾਹੇ ਭੇੜ ਦੀ ਹੋਵੇ, ਮੱਝ ਜਾਂ ਫਿਰ ਬੱਕਰੇ ਦੀ, ਉਹ ਜਾਨਵਰ ਬਲੀ ਲਈ ਧਾਰਮਿਕ ਤੌਰ ਉੱਤੇ ਠੀਕ (ਤੰਦਰੁਸਤ, ਕੋਸ਼ਰ) ਹੋਣਾ ਚਾਹੀਦਾ ਹੈ।

ਹਿਬਰੂ ਭਾਸ਼ਾ ਵਿੱਚ ਕੋਸ਼ਰ ਦਾ ਅਰਥ ਹੁੰਦਾ ਹੈ, ਤਿਆਰ ਜਾਂ ਖਾਣ ਵਿੱਚ ਸਹੀ। ਉਹ ਪਦਾਰਥ ਯਹੂਦੀਆਂ ਦੇ ਖਾਣ-ਪਾਣ ਦੇ ਨਿਯਮਾਂ ਮੁਤਾਬਕ ਖਾਣ ਯੋਗ ਹੁੰਦੇ ਹਨ, ਉਨ੍ਹਾਂ ਨੂੰ ਕੋਸ਼ਰ ਕਿਹਾ ਜਾਂਦਾ ਹੈ।
ਬਲੀ ਦੇ ਇਤਿਹਾਸ ਬਾਰੇ ਡਾ਼ ਆਰਟਸਨ ਕਹਿੰਦੇ ਹਨ, “ਸਿਰਫ਼ ਉਨ੍ਹਾਂ ਪਸ਼ੂਆਂ ਦੀ ਬਲੀ ਦਿੱਤੀ ਜਾ ਸਕਦੀ ਸੀ ਜੋ ਕੋਸ਼ਰ ਹੋਣ। ਕੁਝ ਨੂੰ ਬਲੀ ਦੇ ਵੇਦੀ ਉੱਤੇ ਸਾੜ ਦਿੱਤਾ ਜਾਂਦਾ ਸੀ। ਕੁਝ ਨੂੰ ਪੁਜਾਰੀ ਦੇ ਪਰਿਵਾਰਾਂ ਨੂੰ ਦੇ ਦਿੱਤਾ ਜਾਂਦਾ ਸੀ ਅਤੇ ਕੁਝ ਨੂੰ ਬਲੀ ਦੇਣ ਵਾਲੇ ਲੋਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪ ਖਾਇਆ ਕਰਦੇ ਸਨ।”
ਸਮੇਂ ਦੇ ਨਾਲ ਬਲੀ ਦੇਣ ਦੀ ਪ੍ਰਥਾ ਵੀ ਘਟਦੀ ਗਈ ਹੈ ਪਰ ਮਾਸ ਖਾਣਾ ਅਜੇ ਵੀ ਕਈ ਤਿਉਹਾਰਾਂ ਦਾ ਅਹਿਮ ਹਿੱਸਾ ਬਣਿਆ ਹੋਇਆ ਹੈ।
ਪਸ਼ੂ ਬਲੀ ਲਈ ਯਹੂਦੀਆਂ ਦੇ ਵੱਖ-ਵੱਖ ਧਾਰਮਿਕ ਕਰਮਕਾਂਡ ਹਨ ਅਤੇ ਇਹ ਬਲੀ ਦੇ ਮਕਸਦ ਦੇ ਹਿਸਾਬ ਨਾਲ ਵੱਖ-ਵੱਖ ਹੁੰਦੇ ਹਨ।

ਤਸਵੀਰ ਸਰੋਤ, Getty Images
ਪਹਿਲਾਂ ਯਹੂਦੀ ਧਰਮ ਵਿੱਚ ਤਿੰਨ ਧਾਰਮਿਕ ਤਿਉਹਾਰ ਹੁੰਦੇ ਸਨ, ਜੋ ਪਸ਼ੂ ਬਲੀ ਦੇ ਲਿਹਾਜ਼ ਨਾਲ ਅਹਿਮ ਸਨ। ਇਹ ਤਿਉਹਾਰ ਸਨ—ਪੇਰਸਾਹ (ਪਾਸਓਵਰ), ਸ਼ਾਵੋਤ (ਹਫ਼ਤਿਆਂ ਦਾ ਤਿਉਹਾਰ) ਅਤੇ ਸੁਕਕੋਟ (ਝੋਂਪੜੀਆਂ ਦਾ ਤਿਉਹਾਰ)।
ਰੱਬੀ ਗੈਲੀ ਸੋਮਸਰ ਦੱਸਦੇ ਹਨ ਕਿ ਰੋਸ਼ ਹਸ਼ਨਾਹ (ਯਹੂਦੀ ਨਵਾਂ ਸਾਲ) ਅਤੇ ਯੋਮ ਕਿਪੁਰ ( ਪਛਤਾਵੇ ਦਾ ਦਿਨ) ਵਰਗੇ ਹੋਰ ਤਿਉਹਾਰਾਂ ਮੌਕੇ ਵੀ ਬਲੀ ਦਿੱਤੀ ਜਾਂਦੀ ਸੀ।
ਯਹੂਦੀ ਧਰਮ ਗ੍ਰੰਥਾਂ ਵਿੱਚ ਪੈਗੰਬਰ ਅਬਰਾਹਮ ਦੀ ਕੁਰਬਾਨੀ ਦੀ ਕਹਾਣੀ ਵੀ ਮਿਲਦੀ ਹੈ। ਹਾਲਾਂਕਿ ਇਸ ਵਿੱਚ ਪਸ਼ੂਆਂ ਦੀ ਬਲੀ ਦੇਣ ਦਾ ਹੁਕਮ ਬਾਅਦ ਵਿੱਚ ਆਇਆ ਅਤੇ ਇਹ ਯਹੂਦੀਆਂ ਲਈ ਥੋੜ੍ਹਾ ਵੱਖਰਾ ਸੀ।
ਇਸਾਈ ਧਰਮ
ਇਸਾਈ ਧਰਮ ਦੀਆਂ ਜੜ੍ਹਾਂ ਯਹੂਦੀ ਧਰਮ ਵਿੱਚ ਹਨ ਅਤੇ ਯਹੂਦੀ ਧਰਮ ਗ੍ਰੰਥਾਂ ਵਿੱਚ ਬਹੁਤ ਕੁਝ ਅਜਿਹਾ ਹੈ, ਜਿਸ ਦਾ ਜ਼ਿਕਰ ਅੰਜੀਲ ਦੇ ਪੁਰਾਣੇ ਅਹਿਦਨਾਮੇ ਵਿੱਚ ਮਿਲਦਾ ਹੈ।
ਬੰਗਲਾਦੇਸ਼ ਦੇ ਢਾਕਾ ਵਿੱਚ ਮੌਜੂਦ ਕਫਰੁਲ ਕੈਥੋਲਿਕ ਚਰਚ ਦੇ ਪਾਦਰੀ ਡਾ਼ ਪ੍ਰਸ਼ਾਂਤੋ ਟੀ ਰੋਬੇਰੋ ਕਹਿੰਦੇ ਹਨ, “ਪੁਰਾਣੇ ਅਹਿਦਨਾਮੇ ਦੀਆਂ ਕਿਤਾਬਾਂ ਵਿੱਚ ਖਾਸ ਕਰਕੇ ਲੇਵਿਟਿਕਸ 17 ਅਤੇ ਡਿਊਟਰੋਨਾਮੀ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਪਸ਼ੂ ਬਲੀ ਕਿਵੇਂ ਦਿੱਤੀ ਜਾਂਦੀ ਸੀ। ਵੱਖ-ਵੱਖ ਤਿਉਹਾਰਾਂ ਵਿੱਚ ਅਕਸਰ ਸਵੇਰੇ ਜਾਂ ਸ਼ਾਮ ਨੁੰ ਪਸ਼ੂ ਬਲੀ ਦਿੱਤੀ ਜਾਂਦੀ ਸੀ।”
ਈਸਾਈਆਂ ਦੇ ਜੀਸਸ, ਮੁਸਲਮਾਨਾਂ ਦੇ ਈਸਾ — ‘ਹਜ਼ਰਤ’ ਤੇ ‘ਮਸੀਹ’ ਕਿਤੇ ਇੱਕੋ ਤਾਂ ਨਹੀਂ- ਜਾਨਣ ਲਈ ਪੜ੍ਹੋ ਇਹ ਰਿਪੋਰਟ ।

ਤਸਵੀਰ ਸਰੋਤ, Getty Images
ਉਸ ਸਮੇਂ ਨਕਾਰਤਮਿਕ ਪ੍ਰਵਿਰਤੀਆਂ ਦੇ ਲਈ ਮਾਫੀ ਅਤੇ ਪਛਤਾਵੇ ਦੇ ਰੂਪ ਵਿੱਚ ਬਲੀ ਦਿੱਤੀ ਜਾਂਦੀ ਸੀ।
ਲੇਕਿਨ ਧਾਰਮਿਕ ਤੌਰ ਉੱਤੇ ਇਸ ਰਵਾਇਤ ਦੀ ਪਾਲਣਾ ਖ਼ਤਮ ਹੋ ਗਈ ਕਿਉਂਕਿ ਈਸਾ ਮਸੀਹ ਦੀ ਮੌਤ ਨੂੰ ਸਭ ਤੋਂ ਵੱਡੀ ਬਲੀ ਵਜੋਂ ਦੇਖਿਆ ਜਾਂਦਾ ਹੈ। ਈਸਾ ਮਸੀਹ ਨੂੰ ‘ਰੱਬ ਦੇ ਲੇਲੇ’ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ।
ਡਾ਼ ਰੀਬੇਰੋ ਕਹਿੰਦੇ ਹਨ, “ਹਾਲਾਂਕਿ ਬਲੀ ਲਈ ਕੋਈ ਧਾਰਮਿਕ ਵਿਧਾਨ ਨਹੀਂ ਹੈ, ਲੇਕਿਨ ਕਈ ਮਾਮਲਿਆਂ ਵਿੱਚ ਜੇ ਕੋਈ ਰੱਬ ਨੂੰ ਵਾਅਦਾ ਕਰਦਾ ਹੈ ਜਾਂ ਫਿਰ ਉਨ੍ਹਾਂ ਤੋਂ ਕੋਈ ਮੰਨਤ ਮੰਗਦਾ ਹੈ ਤਾਂ ਬਲੀ ਦਿੰਦਾ ਹੈ। ਇਸ ਤਰ੍ਹਾਂ ਵੱਖਰੇ ਤਰੀਕੇ ਦੀ ਬਲੀ ਦਿੱਤੀ ਜਾਂਦੀ ਹੈ।”
ਉਹ ਕਹਿੰਦੇ ਹਨ ਕਿ ਯਹੂਦੀਆਂ ਦੇ ਨਾਲ ਸੰਬੰਧ ਤੋਂ ਇਲਾਵਾ ਇਸਾਈ ਧਰਮ ਵਿੱਚ ਰੱਬ ਦੇ ਨਾਮ ਉੱਤੇ ਜਾਨਵਰਾਂ ਦੀ ਬਲੀ ਦੀ ਕੋਈ ਖਾਸ ਰਵਾਇਤ ਨਹੀਂ ਹੈ।
ਹਾਲਾਂਕਿ ਇਸਾਈ ਧਰਮ ਵਿੱਚ ਮਾਸ ਖਾਣ ਬਾਰੇ ਕੋਈ ਰੋਕਟੋਕ ਨਹੀਂ ਹੈ।
ਕਈ ਦੇਸਾਂ ਵਿੱਚ ਯਹੂਦੀਆਂ ਦੇ ਪਾਸਓਵਰ ਤਿਉਹਾਰ ਦੇ ਦੌਰਾਨ ਰਵਾਇਤੀ ਰੂਪ ਵਿੱਚ ਮੀਟ ਖਾਧਾ ਜਾਂਦਾ ਹੈ।
ਯਿਸ਼ੂ ਮਸੀਹ ਕਿਸ ਤਰ੍ਹਾਂ ਦੇ ਦਿਖਦੇ ਸਨ ਅਤੇ ਉਨ੍ਹਾਂ ਦੀ ਅਸਲ ਤਸਵੀਰ ਕਿਹੜੀ ਹੈ, ਜਾਨਣ ਲਈ ਪੜ੍ਹੋ ਇਹ ਰਿਪੋਰਟ।

ਤਸਵੀਰ ਸਰੋਤ, Getty Images
ਰੀਬੇਰੋ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੀ ਇਟਲੀ ਯਾਤਰਾ ਦੌਰਾਨ ਦੇਖਿਆ ਕਿ ਈਸਟਰ ਦੇ ਤਿਉਹਾਰ ਤੋਂ ਪਹਿਲਾਂ ਮੇਮਣੇ ਦਾ ਮੀਟ ਖਾਣਾ ਲਾਜ਼ਮੀ ਸੀ।
ਹਾਲਾਂਕਿ ਧਾਰਮਿਕ ਮੰਤਵਾਂ ਲਈ ਜਿਸ ਤਰ੍ਹਾਂ ਯਹੂਦੀ ਧਰਮ ਵਿੱਚ ਪਸ਼ੂ ਬਲੀ ਹੈ, ਉਸੇ ਤਰ੍ਹਾਂ ਇਸਾਈ ਧਰਮ ਵਿੱਚ ਕੁਰਬਾਨੀ ਦੀ ਕੋਈ ਰਵਾਇਤ ਨਹੀਂ ਹੈ।
ਹਿੰਦੂ ਧਰਮ
ਹਿੰਦੂ ਧਰਮ ਵਿੱਚ ਪਸ਼ੂ ਬਲੀ ਬਾਰੇ ਵਿਵਾਦ ਹੈ। ਲੇਕਿਨ ਹਿੰਦੂਆਂ ਦੇ ਕੁਝ ਵਰਗ ਪਸ਼ੂ ਬਲੀ ਦੀ ਰਵਾਇਤ ਦੀ ਪਾਲਣਾ ਕਰਦੇ ਹਨ।
ਮਿਸਾਲ ਵਜੋਂ ਭਾਰਤ ਅਤੇ ਬੰਗਲਾਦੇਸ਼ ਦੇ ਕਈ ਹਿੱਸਿਆਂ ਵਿੱਚ ਦੁਰਗਾ ਪੂਜਾ ਅਤੇ ਕਾਲੀ ਪੂਜਾ ਵਰਗੇ ਧਾਰਮਿਕ ਸਮਾਗਮਾਂ ਦੌਰਾਨ ਪਸ਼ੂ ਬਲੀ ਦਿੱਤੀ ਜਾਂਦੀ ਹੈ।
ਬੰਗਲਾਦੇਸ਼ ਦੇ ਚਿਟਗਾਂਵ ਯੂਨੀਵਰਸਿਟੀ ਦੇ ਸੰਸਕ੍ਰਿਤ ਵਿਭਾਗ ਵਿੱਚ ਅਸਿਸਟੈਂਟ ਪ੍ਰੋਫ਼ੈਸਰ ਡਾ਼ ਕੁਸ਼ਲ ਵਰਨ ਚੱਕਰਵਰਤੀ ਦੱਸਦੇ ਹਨ, “ਹਿੰਦੂਆਂ ਦੀਆਂ ਕਈ ਧਾਰਮਿਕ ਕਿਤਾਬਾਂ ਜਿਵੇਂ ਰਮਾਇਣ ਅਤੇ ਮਹਾਭਾਰਤ ਅਤੇ ਪੁਰਾਣਾਂ ਵਰਗੇ ਪਵਿੱਤਰ ਗ੍ਰੰਥਾਂ ਵਿੱਚ ਪਸ਼ੂ ਬਲੀ ਦਾ ਜ਼ਿਕਰ ਹੈ।”
ਸਨਾਤਨ ਧਰਮ ਕੀ ਹੈ ਅਤੇ ਇਸ ਦਾ ਹਿੰਦੂਵਾਦ ਨਾਲ ਕੀ ਸਬੰਧ ਹੈ, ਕੀ ਕਹਿੰਦੇ ਹਨ ਮਾਹਰ, ਪੜ੍ਹੋ ਇਹ ਰਿਪੋਰਟ।

ਤਸਵੀਰ ਸਰੋਤ, Getty Images
“ਹਿੰਦੂ ਧਰਮ ਵਿੱਚ ਪ੍ਰਾਚੀਨ ਮੰਨੇ ਜਾਣ ਵਾਲੇ ਗ੍ਰੰਥ ਰਿਗਵੇਦ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਜਿਸ ਪਸ਼ੂ ਦੀ ਬਲੀ ਦਿੱਤੀ ਜਾਂਦੀ ਹੈ, ਉਸ ਨੂੰ ਬੰਧਨ ਤੋਂ ਮੁਕਤ ਕੀਤਾ ਜਾਂਦਾ ਹੈ।”
ਮੰਨਿਆ ਜਾਂਦਾ ਹੈ ਕਿ 1500 ਈਸਾ ਪੂਰਵ ਤੋਂ ਲੈ ਕੇ 500 ਈਸਾ ਪੂਰਵ ਤੱਕ ਪਸ਼ੂ ਬਲੀ ਆਮ ਹੁੰਦੀ ਸੀ। ਬਲੀ ਦਿੱਤੇ ਜਾਣ ਵਾਲੇ ਪਸ਼ੂ ਦਾ ਮਾਸ ਪਹਿਲਾਂ ਈਸ਼ਵਰ ਨੂੰ ਚੜ੍ਹਾਇਆ ਜਾਂਦਾ ਸੀ ਅਤੇ ਫਿਰ ਇਸ ਭੋਜ ਨੂੰ ਲੋਕ ਖਾਂਦੇ ਸਨ। ਹਾਲਾਂਕਿ ਆਧੁਨਿਕ ਭਾਰਤ ਵਿੱਚ ਪਸ਼ੂ ਬਲੀ ਦੀ ਪ੍ਰਥਾ ਬਾਰੇ ਜਾਣਕਾਰਾਂ ਦੀ ਰਾਇ ਵੱਖੋ-ਵੱਖਰੀ ਹੈ।
ਡਾ਼ ਚੱਕਰਵਰਤੀ ਕਹਿੰਦੇ ਹਨ, “ਕੁਝ ਪ੍ਰਚੀਨ ਮੰਦਰਾਂ ਵਿੱਚ ਅੱਜ ਵੀ ਪਸ਼ੂ ਬਲੀ ਦੇਣ ਦੀ ਪ੍ਰਥਾ ਹੈ।”
ਉਹ ਬੰਗਲਾਦੇਸ਼ ਵਿੱਚ ਠਾਕੇਸ਼ਵਰੀ ਅਤੇ ਭਾਰਤ ਵਿੱਚ ਤ੍ਰਿਪੁਰਾ ਸੁੰਦਰੀ, ਕਾਮਾਖਿਆ ਅਤੇ ਕਾਲੀਘਾਟ ਮੰਦਰਾਂ ਦੀ ਮਿਸਾਲ ਦਿੰਦੇ ਹਨ।
ਹਾਲਾਂਕਿ ਹਿੰਦੂ ਧਰਮ ਦੀ ਇੱਕ ਹੋਰ ਜਾਣਕਾਰ ਡਾ਼ ਰੋਹਿਣੀ ਧਰਮਪਾਲ ਕਹਿੰਦੇ ਹਨ ਕਿ ਉਨ੍ਹਾਂ ਨੂੰ ਵਿਆਪਕ ਪੱਧਰ ਉੱਤੇ ਆਧੁਨਿਕ ਭਾਰਤ ਵਿੱਚ ਪਸ਼ੂ ਬਲੀ ਦੀ ਕੋਈ ਜਾਣਕਾਰੀ ਨਹੀਂ ਹੈ।
ਡਾ਼ ਚੱਕਰਵਰਤੀ ਕਹਿੰਦੇ ਹਨ ਕਿ ਹਿੰਦੂ ਧਰਮ ਵਿੱਚ ਪਸ਼ੂ ਬਲੀ ਦੀਆਂ ਆਧੁਨਿਕ ਰਵਾਇਤਾਂ ਦਾ ਕਾਰਨ ਅਕਸਰ ਆਤਮ-ਸੰਤੁਸ਼ਟੀ, ਮੁਕਾਬਲਾ ਅਤੇ ਭੋਗ ਵਿਲਾਸ ਹੁੰਦਾ ਹੈ, ਨਾ ਕਿ ਉਸਦਾ ਧਾਰਮਕਿ ਮਹੱਤਵ। ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਇਸਦੀ ਪਵਿੱਤਰਤਾ ਘੱਟ ਹੋ ਜਾਂਦੀ ਹੈ।
ਭਾਰਤ ਵਿੱਚ ਕਈ ਸਮੂਹਾਂ ਨੇ ਆਪਣੀ ਮਰਜ਼ੀ ਨਾਲ ਵੱਖ-ਵੱਖ ਮੰਦਰਾਂ ਵਿੱਚ ਪਸ਼ੂ ਬਲੀ ਬੰਦ ਕਰ ਦਿੱਤੀ ਹੈ ਅਤੇ ਸਮੂਹ ਧਾਰਮਿਕ ਉਦੇਸ਼ਾਂ ਲਈ ਦਿੱਤੀ ਜਾਣ ਵਾਲੀ ਪਸ਼ੂ ਬਲੀ ਉੱਤੇ ਪਾਬੰਦੀ ਲਾਉਣ ਦੀ ਹਮਾਇਤ ਕਰਦੇ ਹਨ।
ਸਿੱਖ ਧਰਮ
ਮਨਪ੍ਰੀਤ ਸਿੰਘ ਗੁਰੂ ਗ੍ਰੰਥ ਸਾਹਿਬ ਉੱਤੇ ਪੀਐੱਚਡੀ ਹਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਸਹਾਇਕ ਪ੍ਰੋਫੈਸਰ ਹਨ। ਉਹ ਇੱਕ ਕਥਾਕਾਰ ਵਜੋਂ ਵੀ ਵਿਚਰਦੇ ਹਨ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸਿੱਖ ਧਰਮ ਵਿੱਚ ਹੋਰ ਧਰਮਾਂ ਵਾਂਗ ਬਲ਼ੀ ਦੀ ਕੋਈ ਰਵਇਤ ਨਹੀਂ ਹੈ।
ਸਿੱਖਾਂ ਦੀ ਸਰਬਉੱਚ ਸੰਸਥਾ ਅਕਾਲ ਤਖ਼ਤ ਦੇ ਸਕੱਤਰੇਤ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਵੀ ਗੁਰਬਾਣੀ ਦੇ ਹਵਾਲੇ ਨਾਲ ਉਕਤ ਤੱਥ ਦੀ ਹੀ ਪੁਸ਼ਟੀ ਕਰਦੇ ਹਨ।
ਉਹ ਦੱਸਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੂੰ 1102-1103 ਉੱਤੇ ਬਲ਼ੀ ਦਾ ਜਿਕਰ ਇਸ ਤਰ੍ਹਾਂ ਆਉਂਦਾ ਹੈ।
ਜੀਅ ਬਧਹੁ ਸੁ ਧਰਮੁ ਕਰਿ ਥਾਪਹੁ
ਅਧਰਮੁ ਕਹਹੁ ਕਤ ਭਾਈ॥
ਆਪਸ ਕਉ ਮੁਨਿਵਰ ਕਰਿ ਥਾਪਹੁ
ਕਾ ਕਉ ਕਹਹੁ ਕਸਾਈ ॥੨॥
(ਅੰਗ: 1102-1103)
ਇਸ ਸ਼ਬਦ ਮੁਤਾਬਕ ਗੁਰਬਾਣੀ ਵਿਚ ਸਪੱਸ਼ਟ ਸਵਾਲ ਚੁੱਕਿਆ ਗਿਆ ਹੈ ਕਿ ਜੇਕਰ ਜੀਵਾਂ ਦੀ ਹੱਤਿਆ ‘ਬਲੀ’ ਦੇਣ ਦੇ ਰੂਪ ਵਿਚ ਧਰਮ-ਪੁੰਨ ਦਾ ਕਰਮ ਹੈ ਤਾਂ ਫਿਰ ਅਧਰਮ ਕੀ ਹੈ?
ਭਗਤ ਕਬੀਰ ਜੀ ਉਪਰੋਕਤ ਸ਼ਬਦ ਵਿਚ ਕਹਿੰਦੇ ਹਨ ਕਿ ‘ਬਲੀ’ ਦੇਣ ਵਾਲੇ ਲੋਕ ਆਪਣੇ ਆਪ ਨੂੰ ਜੇਕਰ ਸ੍ਰੇਸ਼ਟ ਮੰਨਦੇ ਹਨ ਤਾਂ ਫਿਰ ਕਸਾਈ ਕੌਣ ਹੈ?
ਸੋ, ਬਲੀ ਦੇਣ ਬਾਰੇ ਗੁਰਬਾਣੀ ਦਾ ਨਜ਼ਰੀਆ ਬੜਾ ਸਪੱਸ਼ਟ ਤੇ ਤਰਕਸੰਗਤ ਹੈ। ਗੁਰਬਾਣੀ ਧਰਮ ਦੇ ਨਾਂਅ ‘ਤੇ ਕੀਤੇ ਜਾਣ ਵਾਲੇ ਉਨ੍ਹਾਂ ਸਾਰੇ ਕਰਮ-ਕਾਂਡਾਂ ਦਾ ਖੰਡਨ ਕਰਦੀ ਹੈ, ਜੋ ਅਮਲ ਦੇ ਪੱਧਰ ‘ਤੇ ਦਇਆ, ਧਰਮ, ਸੰਤੋਖ ਅਤੇ ਵਿਵੇਕਸ਼ੀਲਤਾ ਤੋਂ ਦੂਰ ਲਿਜਾਂਦੇ ਹਨ।
ਡਾਕਟਰ ਮਨਪ੍ਰੀਤ ਕਹਿੰਦੇ ਹਨ ਕਿ ਸਿੱਖ ਧਰਮ ਵਿੱਚ ਕੁਝ ਨਿਹੰਗ ਸੰਪ੍ਰਦਾਵਾਂ ਵਿੱਚ ਬੱਕਰਾ ਝਟਕਾਉਣ ਦੀ ਰੀਤ ਨੂੰ ਬਲੀ ਨਾਲ ਰਲਗੱਡ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਨਾ ਹੀ ਕੋਈ ਭੁਲੇਖਾ ਪੈਣਾ ਚਾਹੀਦਾ ਹੈ।
ਡਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਿੱਖ ਧਰਮ ਵਿੱਚ ਬਲੀ ਜਾਂ ਕੁਰਬਾਨੀ ਦਾ ਸੰਕਲਪ ਨਹੀਂ ਹੈ।
ਨਿਹੰਗ ਸਿੱਖਾਂ ਵੱਲੋਂ ਬੱਕਰਾ ਵੱਢਣ ਦੀ ਰੀਤ ਬਾਰੇ ਉਨ੍ਹਾਂ ਦੱਸਿਆ, "ਸਿੱਖ ਧਰਮ ਵਿੱਚ ਝਟਕਾ(ਬੱਕਰਾ ਵੱਢਣਾ) ਇੱਕ ਜੰਗੀ ਮਰਿਆਦਾ ਹੈ। ਇਸ ਦਾ ਇੱਕ ਪਰਿਪੇਖ ਖਾਣੇ ਦੀ ਅਜ਼ਾਦੀ ਨਾਲ ਵੀ ਜੁੜਿਆ ਹੋਇਆ ਹੈ।"
ਸਿੱਖ ਰਹਿਤ ਮਰਿਯਾਦਾ ਵਿੱਚ ਕੁਠਾ ਮਾਸ ( ਮੁਸਮਾਨ ਰਵਾਇਤ ਨਾਲ ਤਿਆਰ ਮਾਸ) ਖਾਣ ਦੀ ਮਨ੍ਹਾਹੀ ਹੈ।
ਪੁਰਾਤਨ ਕਾਲ ਵਿੱਚ ਜਦੋਂ ਸਿੰਘ ਜੰਗਾਂ ਲੜਦੇ ਸਨ ਅਤੇ ਜੰਗਲਾਂ ਵਿੱਚ ਰਹਿੰਦੇ ਸਨ, ਉਦੋਂ ਸਮੇਂ ਦੇ ਹਾਲਾਤ ਮੁਤਾਬਕ ਸ਼ਿਕਾਰ ਖੇਡਣ ਅਤੇ ਝਟਕਾ ਕੀਤਾ ਜਾਂਦਾ ਸੀ। ਇਹ ਜੰਗੀ ਰਵਾਇਤ ਸੀ, ਨਾ ਕਿ ਦੂਜੇ ਧਰਮਾਂ ਵਾਂਗ ਬਲ਼ੀ ਦੇ ਕੇ ਕੋਈ ਧਾਰਮਿਕ ਰਸਮ ਕਰਨਾ।








