ਯਿਸ਼ੂ ਮਸੀਹ ਕਿਸ ਤਰ੍ਹਾਂ ਦੇ ਦਿਖਦੇ ਸਨ ਅਤੇ ਜਾਣੋ ਉਨ੍ਹਾਂ ਦੀ ਅਸਲ ਤਸਵੀਰ ਕਿਹੜੀ ਹੈ

ਤਸਵੀਰ ਸਰੋਤ, Thinkstock
- ਲੇਖਕ, ਜੌਨ ਟੇਲਰ
- ਰੋਲ, ਕਿੰਗਜ਼ ਕਾਲਜ, ਲੰਡਨ
ਸਾਡੇ ਵਿੱਚੋਂ ਹਰ ਕੋਈ ਜਾਣਦਾ ਹੈ ਕਿ ਜੀਸਸ ਜਾਂ ਯਿਸ਼ੂ ਕਿਹੋ ਜਿਹੇ ਦਿਖਾਈ ਦਿੰਦੇ ਸਨ। ਪੱਛਮੀ ਕਲਾ ਵਿੱਚ ਸਭ ਤੋਂ ਵੱਧ ਬਣਾਈਆਂ ਗਈਆਂ ਤਸਵੀਰਾਂ ਵਿੱਚ ਉਨ੍ਹਾਂ ਦੀ ਤਸਵੀਰ ਵੀ ਸ਼ਾਮਲ ਹੈ।
ਹਰ ਥਾਂ ਉਨ੍ਹਾਂ ਨੂੰ ਲੰਬੇ ਵਾਲਾਂ ਅਤੇ ਦਾੜ੍ਹੀ ਨਾਲ ਦਿਖਾਇਆ ਗਿਆ ਹੈ। ਉਨ੍ਹਾਂ ਨੇ ਲੰਮੀਆਂ ਬਾਹਾਂ ਵਾਲਾ ਚੋਗਾ ਪਾਇਆ ਹੋਇਆ ਹੈ (ਅਕਸਰ ਇਹ ਚੋਗਾ ਚਿੱਟੇ ਰੰਗ ਵਿੱਚ ਦਿਖਾਇਆ ਗਿਆ ਹੈ)। ਇਸ ਉੱਤੇ ਇੱਕ ਚਾਦਰ (ਅਕਸਰ ਨੀਲੇ ਰੰਗ ਦੀ) ਹੁੰਦੀ ਹੈ।
ਯਿਸ਼ੂ ਦਾ ਚਿਹਰਾ ਇੰਨਾ ਜਾਣਿਆ-ਪਛਾਣਿਆ ਹੈ ਕਿ ਤੁਸੀਂ ਇਸ ਨੂੰ ਪੈਨ ਕੇਕ ਤੋਂ ਲੈ ਕੇ ਟੋਸਟ ਦੇ ਟੁੱਕੜਿਆਂ ਤੱਕ ਹਰ ਚੀਜ਼ ਵਿੱਚ ਪਛਾਣ ਸਕਦੇ ਹੋ। ਪਰ ਜਿਵੇਂ ਇੰਨਾਂ ਵਿੱਚ ਦਿਸਦਾ ਹੈ, ਕੀ ਯਿਸ਼ੂ ਇਹੋ ਜਿਹੇ ਸਨ? ਸ਼ਾਇਦ ਨਹੀਂ।
ਦਰਅਸਲ, ਯਿਸ਼ੂ ਦੀ ਜੋ ਜਾਣੀ-ਪਛਾਣੀ ਛਵੀ (ਤਸਵੀਰ) ਦਿਖਾਈ ਦਿੰਦੀ ਹੈ, ਉਹ ਯੂਨਾਨੀ ਸਾਮਰਾਜ ਦੀ ਦੇਣ ਹੈ। ਚੌਥੀ ਸਦੀ ਅਤੇ ਇਸ ਤੋਂ ਬਾਅਦ ਯਿਸ਼ੂ ਮਸੀਹ ਦੀਆਂ ਬਿਜ਼ੰਤੀਨੀ ਤਸਵੀਰਾਂ ਪ੍ਰਤੀਕਾਤਮਕ ਹੀ ਰਹੀਆਂ ਹਨ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਸੀ ਕਿ ਯਿਸੂ ਇਸ ਤਰ੍ਹਾਂ ਦੇ ਸਨ ਪਰ ਇਤਿਹਾਸ ਦੇ ਨਜ਼ਰੀਏ ਤੋਂ ਇਸ ਵਿਚ ਸ਼ੁੱਧਤਾ ਦੀ ਘਾਟ ਹੈ।
ਯਿਸ਼ੂ ਦੀਆਂ ਇਹ ਤਸਵੀਰਾਂ ਸਿੰਘਾਸਣ 'ਤੇ ਬੈਠੇ ਇੱਕ ਬਾਦਸ਼ਾਹ ਦੀ ਤਸਵੀਰ 'ਤੇ ਆਧਾਰਿਤ ਸਨ। ਇਹ ਚਿੱਤਰ ਰੋਮ ਵਿੱਚ ਸਾਂਤਾ ਪਿਉਡੇਨਜ਼ਾਇਨਾ ਦੇ ਚਰਚ ਦੀ ਵੇਦੀ ਵਿੱਚ ਜੜਿਆ ਦਿਖਾਈ ਦਿੰਦਾ ਹੈ।
ਯਿਸ਼ੂ ਨੇ ਸੋਨੇ ਦਾ ਟੋਗਾ (ਚੋਗਾ) ਪਹਨਿਆ ਹੋਇਆ ਹੈ। ਉਨ੍ਹਾਂ ਨੂੰ ਸਾਰੇ ਸੰਸਾਰ ਦੇ ਸਵਰਗੀ ਸ਼ਾਸਕ ਵਜੋਂ ਦਰਸਾਇਆ ਗਿਆ ਹੈ। ਉਨ੍ਹਾਂ ਨੂੰ ਲੰਬੇ ਵਾਲਾਂ ਅਤੇ ਦਾੜ੍ਹੀ ਵਾਲੇ ਜਿਊਸ ਵਾਂਗ ਗੱਦੀ ਉੱਤੇ ਬੈਠੇ ਦਰਸਾਇਆ ਗਿਆ ਹੈ।

ਤਸਵੀਰ ਸਰੋਤ, Alamy
ਜਿਊਸ ਪ੍ਰਾਚੀਨ ਯੂਨਾਨੀ ਧਰਮ ਦੇ ਸਰਬਉੱਚ ਦੇਵਤਾ ਹਨ ਅਤੇ ਓਲੰਪੀਆ ਵਿੱਚ ਉਨ੍ਹਾਂ ਦਾ ਇੱਕ ਮਸ਼ਹੂਰ ਮੰਦਰ ਹੈ। ਉਸ ਵਿਚ ਜੋ ਉਨ੍ਹਾਂ ਦੀ ਮੂਰਤੀ ਹੈ, ਉਸ ਦੇ ਆਧਾਰ 'ਤੇ ਯਿਸ਼ੂ ਦੀਆਂ ਤਸਵੀਰਾਂ ਵੀ ਮਿਲੀਆਂ ਹਨ। ਇਹ ਮੂਰਤੀ ਇੰਨੀ ਮਸ਼ਹੂਰ ਹੈ ਕਿ ਰੋਮਨ ਸਮਰਾਟ ਔਗਸਟਸ ਦੇ ਕੋਲ ਵੀ ਇਸੇ ਸ਼ੈਲੀ ਵਿੱਚ ਬਣਾਈ ਗਈ ਪ੍ਰਤੀਕ੍ਰਿਤੀ ਸੀ। (ਹਾਲਾਂਕਿ ਇਸ ਵਿੱਚ ਦਾੜ੍ਹੀ ਅਤੇ ਲੰਬੇ ਵਾਲ ਨਹੀਂ ਸਨ)
ਇਹ ਵੀ ਪੜ੍ਹੋ:
ਬਿਜ਼ੰਤੀਨੀ ਕਲਾਕਾਰਾਂ ਨੇ ਯਿਸ਼ੂ ਮਸੀਹ ਨੂੰ ਸਵਰਗੀ ਰਾਜ ਕਰਨ ਵਾਲੇ ਬ੍ਰਹਿਮੰਡ ਦੇ ਸ਼ਾਸਕ ਵਜੋਂ ਦਰਸਾਇਆ। ਉਹ ਉਨ੍ਹਾਂ ਨੂੰ ਜਿਊਸ ਦੇ ਨੌਜਵਾਨ ਰੂਪ ਵਿੱਚ ਦਿਖਾ ਰਹੇ ਸਨ।
ਪਰ ਸਮੇਂ ਦੇ ਨਾਲ ਸਵਰਗੀ ਯਿਸ਼ੂ ਦੇ ਇਸ ਚਿੱਤਰ ਦੀ ਕਲਪਨਾ ਬਦਲ ਗਈ ਹੈ। ਬਾਅਦ ਵਿਚ ਹਿੱਪੀ ਲਾਈਨ ਦੇ ਆਧਾਰ 'ਤੇ ਬਦਲਾਅ ਕੀਤੇ ਗਏ ਸਨ ਅਤੇ ਹੁਣ ਤਾਂ ਸਿਰਫ਼ ਇਸ 'ਤੇ ਬਣੀਆਂ ਯਿਸ਼ੂ ਦੀਆਂ ਸ਼ੁਰੂਆਤੀ ਤਸਵੀਰਾਂ ਹੀ ਆਮ ਦਿਖਦੀਆਂ ਹਨ।

ਤਸਵੀਰ ਸਰੋਤ, ALAMY/GETTY IMAGES
ਸਵਾਲ ਇਹ ਹੈ ਕਿ ਯਿਸ਼ੂ ਅਸਲ ਵਿੱਚ ਕਿਹੋ ਜਿਹੇ ਦਿਖਾਈ ਦਿੰਦੇ ਸਨ? ਆਓ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਉਹ ਸਿਰ ਤੋਂ ਪੈਰਾਂ ਤੱਕ ਕਿਵੇਂ ਦੇ ਸਨ?
ਵਾਲ ਅਤੇ ਦਾੜ੍ਹੀ
ਮੁੱਢਲੇ ਇਸਾਈ ਲੋਕ, ਈਸਾ ਮਸੀਹ ਨੂੰ ਸਵਰਗੀ ਦੇਵਤੇ ਵਜੋਂ ਨਹੀਂ ਦਿਖਾ ਰਹੇ ਸਨ। ਉਨ੍ਹਾਂ ਨੇ ਉਨ੍ਹਾਂ ਨੂੰ ਇੱਕ ਅਸਲੀ ਵਿਅਕਤੀ ਵਰਗਾ ਹੀ ਦਿਖਾਇਆ। ਉਨ੍ਹਾਂ ਦੀ ਨਾ ਤਾਂ ਦਾੜ੍ਹੀ ਸੀ ਅਤੇ ਨਾ ਹੀ ਲੰਬੇ ਵਾਲ ਸਨ।
ਪਰ ਯਿਸ਼ੂ ਦੀ ਤਸਵੀਰ ਇੱਕ ਨੇਕ ਸਾਧੂ ਵਾਂਗ ਇੱਕ ਦਾੜ੍ਹੀ ਵਾਲੇ ਆਦਮੀ ਦੇ ਰੂਪ ਵਿੱਚ ਬਣਾਈ ਜਾਂਦੀ ਰਹੀ ਹੋਵੇਗੀ। ਆਵਾਰਗੀ (ਖਾਨਾਬਦੋਸ਼ੀ) ਦੇ ਕਾਰਨ ਸ਼ਾਇਦ ਉਨ੍ਹਾਂ ਨੇ ਆਪਣੀ ਦਾੜ੍ਹੀ ਨਹੀਂ ਕੱਟੀ ਹੋਵੇਗੀ। ਇਸੇ ਲਈ ਜੀਸਸ ਦੀਆਂ ਤਸਵੀਰਾਂ ਵਿਚ ਉਨ੍ਹਾਂ ਨੂੰ ਦਾੜ੍ਹੀ ਵਾਲੇ ਸਖਸ਼ ਦੇ ਰੂਪ ਵਿਚ ਦਿਖਾਇਆ ਗਿਆ।

ਤਸਵੀਰ ਸਰੋਤ, Alamy
ਖਿੱਲਰੇ ਹੋਏ ਵਾਲ ਅਤੇ ਦਾੜ੍ਹੀ ਕਿਸੇ ਦਾਰਸ਼ਨਿਕ ਦੀ ਨਿਸ਼ਾਨੀ ਮੰਨੀ ਗਈ ਹੋਵੇਗੀ। ਅਜਿਹਾ ਮਨੁੱਖ (ਸੰਸਾਰੀ ਵਸਤੂਆਂ ਤੋਂ ਉੱਪਰ ਉੱਠ ਕੇ ਸੋਚਣ ਵਾਲਾ ਸੰਤ) ਜੋ ਦੂਜਿਆਂ ਨਾਲੋਂ ਥੋੜ੍ਹਾ ਵੱਖਰਾ ਹੈ।
ਵੀਤਰਾਗੀ ਦਾਰਸ਼ਨਿਕ ਐਪਿਕਟੇਟਸ ਨੇ ਉਨ੍ਹਾਂ ਦੇ ਇਸ ਚਿੱਤਰ ਨੂੰ ਆਪਣੇ ਸੁਭਾਅ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਮੰਨਿਆ, ਨਹੀਂ ਤਾਂ ਪਹਿਲੀ ਸਦੀ ਦੇ ਗ੍ਰੀਕੋ-ਰੋਮਨ ਸੰਸਾਰ ਵਿੱਚ ਦਾੜ੍ਹੀ ਮੁਨਣੀ ਅਤੇ ਛੋਟੇ ਵਾਲ ਰੱਖਣੇ ਲਾਜ਼ਮੀ ਮੰਨੇ ਜਾਂਦੇ ਸਨ। ਗਰਦਨ 'ਤੇ ਲਹਿਰਾਉਂਦੇ ਹੋਏ ਵਾਲ ਅਤੇ ਦਾੜ੍ਹੀ ਈਸ਼ਵਰ ਦੀ ਛਵੀ ਨੂੰ ਦਰਸਾਉਂਦੇ ਸਨ। ਅਜਿਹਾ ਪਹਿਰਾਵਾ ਮਰਦਾਂ 'ਚ ਪ੍ਰਚਲਿਤ ਨਹੀਂ ਸੀ। ਇੱਥੋਂ ਤੱਕ ਕਿ ਦਾਰਸ਼ਨਿਕ ਵੀ ਬਹੁਤ ਛੋਟੇ ਵਾਲ ਰੱਖਦੇ ਸਨ।
ਪ੍ਰਾਚੀਨ ਕਾਲ ਵਿਚ ਯਹੂਦੀ ਦਾੜ੍ਹੀ ਰੱਖਦੇ ਸਨ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਇੱਥੋਂ ਤੱਕ ਕਿ ਯਹੂਦੀਆਂ ਲਈ ਦਾੜ੍ਹੀ ਰੱਖਣਾ ਵੀ ਉਨ੍ਹਾਂ ਦੇ ਜ਼ੁਲਮ ਕਰਨ ਵਾਲਿਆਂ ਲਈ ਸਮੇਂ-ਸਮੇਂ 'ਤੇ ਸਮੱਸਿਆ ਬਣ ਗਿਆ ਕਿਉਂਕਿ ਉਨ੍ਹਾਂ ਨੂੰ ਪਛਾਣਨਾ ਮੁਸ਼ਕਲ ਸੀ।
ਹਰ ਕੋਈ ਇੱਕੋ ਜਿਹਾ ਦਿਖਾਈ ਦਿੰਦਾ ਸੀ। (ਮੈਕਾਬਿਸ ਦੀ ਕਿਤਾਬ ਵਿੱਚ ਇਸ ਦਾ ਜ਼ਿਕਰ ਹੈ), ਹਾਲਾਂਕਿ, 70ਵੀਂ ਸਦੀ ਵਿੱਚ ਯਰੂਸ਼ਲਮ ਉੱਤੇ ਕਬਜ਼ਾ ਕਰਨ ਤੋਂ ਬਾਅਦ, ਰੋਮਨ ਵਾਸੀਆਂ ਵੱਲੋਂ ਜੁਡੀਆ ਕੈਪਟਾ ਦੇ ਸਿੱਕਿਆਂ ਦੇ ਅਧੀਨ ਜਾਰੀ ਕੀਤੇ ਗਏ ਸਿੱਕੇ ਦਰਸਾਉਂਦੇ ਹਨ ਕਿ ਬੰਦੀ ਬਣਾਏ ਗਏ ਲੋਕਾਂ ਨੇ ਦਾੜ੍ਹੀਆਂ ਰੱਖੀਆਂ ਹੋਈਆਂ ਸਨ।
ਇਸ ਲਈ ਯਿਸ਼ੂ ਇੱਕ ਅਜਿਹੇ ਦਾਰਸ਼ਨਿਕ ਸੀ ਜੋ ਕੁਦਰਤੀ ਜਾਪਦੇ ਸੀ। ਉਨ੍ਹਾਂ ਦੀ ਦਾੜ੍ਹੀ ਛੋਟੀ ਰਹੀ ਹੋਵੇਗੀ, ਜਿਵੇਂ ਕਿ ਜੁਡੀਆ ਕੈਪਟਾ ਦੇ ਸਿੱਕਿਆਂ ਵਿੱਚ ਦਰਸਾਇਆ ਗਿਆ ਹੈ, ਪਰ ਸੰਭਾਵਤ ਤੌਰ 'ਤੇ ਉਨ੍ਹਾਂ ਦੇ ਵਾਲ ਬਹੁਤੇ ਲੰਬੇ ਨਾ ਹੋਣ।

ਤਸਵੀਰ ਸਰੋਤ, YALE COLLECTIONS/PUBLIC DOMAIN
ਜੇ ਉਨ੍ਹਾਂ ਦੇ ਵਾਲ ਵੀ ਥੋੜ੍ਹੇ ਜਿਹੇ ਲੰਬੇ ਹੁੰਦੇ ਤਾਂ ਸ਼ਾਇਦ ਸਾਨੂੰ ਕੋਈ ਪ੍ਰਤੀਕਿਰਿਆ ਮਿਲ ਜਾਂਦੀ। ਖਰਾਬ ਦਾੜ੍ਹੀ ਅਤੇ ਲੰਬੇ ਵਾਲਾਂ ਵਾਲੇ ਯਹੂਦੀ ਆਦਮੀ ਤੁਰੰਤ ਪਛਾਣੇ ਜਾ ਸਕਦੇ ਸਨ। ਇਹ ਉਹ ਲੋਕ ਸਨ ਜਿਨ੍ਹਾਂ ਨੇ ਨਾਜੀਰਾਇਟ ਸਹੁੰ ਚੁੱਕੀ ਸੀ।
ਇਸ ਸਹੁੰ ਅਨੁਸਾਰ ਉਨ੍ਹਾਂ ਨੂੰ ਕੁਝ ਸਮਾਂ ਪਰਮਾਤਮਾ ਦੀ ਭਗਤੀ ਵਿਚ ਲੀਨ ਰਹਿਣਾ ਹੁੰਦਾ ਸੀ। ਇਸ ਦੌਰਾਨ ਉਨ੍ਹਾਂ ਨੂੰ ਸ਼ਰਾਬ ਪੀਣ ਅਤੇ ਵਾਲ ਕੱਟਣ ਤੋਂ ਵਰਜਿਆ ਜਾਂਦਾ ਸੀ। ਸਹੁੰ ਚੁੱਕਣ ਦੀ ਮਿਆਦ ਪੁੱਗਣ ਤੋਂ ਬਾਅਦ, ਉਹ ਯਰੂਸ਼ਲਮ ਦੇ ਇੱਕ ਮੰਦਰ ਵਿੱਚ ਇੱਕ ਸਮਾਰੋਹ ਤੋਂ ਬਾਅਦ ਆਪਣੇ ਵਾਲ ਕਟਵਾਉਂਦੇ ਸਨ। (ਅਧਿਆਇ 21 ਆਇਤ 24)
ਪਰ ਯਿਸ਼ੂ ਨੇ ਨਾਜੀਰਾਇਟ ਦੀ ਸਹੁੰ ਨਹੀਂ ਚੁੱਕੀ ਸੀ। ਉਹ ਅਕਸਰ ਸ਼ਰਾਬ ਪੀਂਦੇ ਫੜੇ ਗਏ। ਉਨ੍ਹਾਂ ਦੇ ਆਲੋਚਕ ਉਨ੍ਹਾਂ 'ਤੇ ਬਹੁਤ ਜ਼ਿਆਦਾ ਸ਼ਰਾਬ ਪੀਣ ਦਾ ਦੋਸ਼ ਲਗਾਉਂਦੇ ਰਹਿੰਦੇ ਸਨ (ਮੈਥਯੂ ਅਧਿਆਇ 11 ਆਇਤ 19)

ਤਸਵੀਰ ਸਰੋਤ, CNG COINS
ਜੇ ਉਹ ਲੰਬੇ ਵਾਲ ਰੱਖਣ ਅਤੇ ਨਾਜੀਰਾਇਟ ਦੀ ਸਹੁੰ ਚੁੱਕਣ ਵਾਲੇ ਹੁੰਦੇ ਤਾਂ ਸਾਨੂੰ ਉਨ੍ਹਾਂ ਦੇ ਚਿਹਰੇ ਵਿਚ ਇਸ ਤਬਦੀਲੀ ਬਾਰੇ ਕੁਝ ਪ੍ਰਤੀਕਿਰਿਆ ਜ਼ਰੂਰ ਮਿਲੀ ਹੁੰਦੀ।
ਉਹ ਕਿਹੋ ਜਿਹੇ ਦਿਖਦੇ ਸੀ ਅਤੇ ਕੀ ਕਰਦੇ ਸੀ, ਇਸ ਵਿੱਚ ਜੇ ਕੋਈ ਫਰਕ ਦਿਖਦਾ ਤਾਂ ਇਸ ਦਾ ਵੀ ਜ਼ਿਕਰ ਹੁੰਦਾ। ਉਹ ਸ਼ਰਾਬ ਪੀਂਦੇ ਸੀ, ਇਸ ਲਈ ਵੀ ਫਰਕ ਕਰਨਾ ਮੁਸ਼ਕਲ ਸੀ।
ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੱਪੜੇ
ਈਸਾ ਮਸੀਹ ਜਿਸ ਦੌਰ ਵਿੱਚ ਸਨ ਉਦੋਂ ਅਮੀਰ ਲੋਕ ਖਾਸ ਮੌਕਿਆਂ 'ਤੇ ਲੰਬਾ ਚੋਗਾ ਪਹਿਨਦੇ ਸਨ। ਇਹ ਜਨਤਕ ਜੀਵਨ ਵਿੱਚ ਉਨ੍ਹਾਂ ਦੀ ਸਨਮਾਨਤ ਦਿੱਖ ਦੀ ਨਿਸ਼ਾਨੀ ਸੀ।
ਈਸਾ ਮਸੀਹ ਦੇ ਉਪਦੇਸ਼ ਵਿਚ ਕਿਹਾ ਗਿਆ ਹੈ, ਅਜਿਹੇ ਨੇਤਾਵਾਂ ਤੋਂ ਬਚੋ, ਜੋ ਲੰਬੇ ਚੋਲੇ ਪਾ ਕੇ ਨਿਕਲਦੇ ਹਨ ਅਤੇ ਬਜ਼ਾਰਾਂ ਵਿਚ ਸਲਾਮੀ ਲੈਂਦੇ ਹਨ। ਉਨ੍ਹਾਂ ਲੋਕਾਂ ਤੋਂ ਬਚੋ ਜਿਨ੍ਹਾਂ ਨੂੰ ਸੇਨੇਗਾਗ ਵਿੱਚ ਅਹਿਮ ਥਾਂ ਮਿਲਦੀ ਹੈ ਅਤੇ ਦਾਅਵਤ ਵਿੱਚ ਇੱਕ ਸਨਮਾਨਿਤ ਥਾਂ 'ਤੇ ਬਿਠਾਇਆ ਜਾਂਦਾ ਹੈ। (ਮਾਰਕ ਅਧਿਆਇ 12, ਆਇਤਾਂ 38-39)
ਯਿਸ਼ੂ ਮਸੀਹ ਦੇ ਇਨ੍ਹਾਂ ਕਥਨਾਂ ਨੂੰ ਗ਼ੌਸਪੇਲ ਦਾ ਸਭ ਤੋਂ ਪ੍ਰਮਾਣਿਕ ਹਿੱਸਾ ਮੰਨਿਆ ਗਿਆ ਹੈ, ਇਸ ਲਈ ਅਸੀਂ ਇਹ ਮੰਨ ਸਕਦੇ ਹਾਂ ਕਿ ਉਹ ਅਜਿਹੇ ਚੋਗੇ ਨਹੀਂ ਪਹਿਨਦੇ ਹੋਣਗੇ। ਜਿਸ ਦੌਰ ਵਿੱਚ ਈਸਾ ਮਸੀਹ ਹੋਏ ਸਨ, ਉਸ ਸਮੇਂ ਮਰਦ ਗੋਡਿਆਂ ਦੀ ਲੰਬਾਈ ਵਾਲੇ ਟਿਊਨਿਕ ਪਹਿਨਦੇ ਸਨ ਜਿਨ੍ਹਾਂ ਨੂੰ ਚਿਟੌਨ ਕਿਹਾ ਜਾਂਦਾ ਸੀ, ਜਦਕਿ ਔਰਤਾਂ ਗਿੱਟਿਆਂ ਤੱਕ ਲੰਬੇ ਕੱਪੜੇ ਪਹਿਨਦੀਆਂ ਸਨ।
ਇਸ ਤਰ੍ਹਾਂ ਏਕਟਸ ਆਫ਼ ਸ਼ੇਕਲਾ ਵਿੱਚ, ਔਰਤ ਪਾਤਰ ਸ਼ੇਕਲਾ ਮਰਦਾਂ ਵੱਲੋਂ ਵਰਤਿਆ ਜਾਣ ਵਾਲਾ ਟਿਊਨਿਕ ਪਹਿਨਦੀਆਂ ਹਨ ਅਤੇ ਲੋਕ ਇਸ ਨੂੰ ਦੇਖ ਕੇ ਕਾਫੀ ਹੈਰਾਨ ਹੁੰਦੇ ਹਨ। ਇਨ੍ਹਾਂ ਟਿਊਨਿਕਾਂ ਵਿੱਚ ਮੋਢਿਆਂ ਤੋਂ ਲੈ ਕੇ ਗੋਡਿਆਂ ਤੱਕ ਰੰਗ-ਬਿਰੰਗੀਆਂ ਧਾਰੀਆਂ ਹੁੰਦੀਆਂ ਸਨ। ਇਨ੍ਹਾਂ ਨੂੰ ਇੱਕੋ ਟੁੱਕੜੇ ਵਿੱਚ ਬੁਣਿਆ ਜਾ ਸਕਦਾ ਸੀ।
ਟਿਊਨਿਕ ਤੋਂ ਉੱਪਰ ਕੋਈ ਚਾਦਰ ਵੀ ਲੈ ਸਕਦਾ ਸੀ। ਇਸ ਨੂੰ ਹਿਮੇਸ਼ਨ ਕਹਿੰਦੇ ਸੀ ਅਤੇ ਅਸੀਂ ਜਾਣਦੇ ਹਾਂ ਕਿ ਯਿਸ਼ੂ ਨੇ ਇਸ ਨੂੰ ਪਹਿਨਿਆ ਸੀ। ਜਦੋਂ ਇੱਕ ਔਰਤ ਨੇ ਠੀਕ ਹੋਣ ਲਈ ਉਨ੍ਹਾਂ ਤੋਂ ਆਸ਼ੀਰਵਾਦ ਮੰਗਿਆ ਸੀ ਤਾਂ ਉਸ ਨੇ ਉਨ੍ਹਾਂ ਸਦੀ ਚਾਦਰ ਨੂੰ ਛੂਹਿਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਯਿਸ਼ੂ ਅਜਿਹੀ ਚਾਦਰ ਪਹਿਨਦੇ ਸੀ। (ਮਾਰਕ ਅਧਿਆਇ 5 ਆਇਤ 27)
ਚਾਦਰ ਜਾਂ ਮੇਂਟਲ ਇੱਕ ਵੱਡਾ ਉੱਨ ਦਾ ਕੱਪੜਾ ਹੁੰਦਾ ਸੀ। ਇਹ ਬਹੁਤਾ ਮੋਟਾ ਨਹੀਂ ਸੀ, ਪਰ ਨਿੱਘ ਲਈ ਦੋ ਅਜਿਹੇ ਕੱਪੜੇ ਵੀ ਵਰਤੇ ਜਾਂਦੇ ਸਨ। ਇੱਕ ਦੂਜੀ ਚਾਦਰ ਵਰਗਾ ਕੱਪੜਾ ਜਿਸ ਨੂੰ ਹਿਮੇਸ਼ਨ ਕਿਹਾ ਜਾਂਦਾ ਸੀ, ਇਸ ਨੂੰ ਵੀ ਕਈ ਤਰੀਕਿਆਂ ਨਾਲ ਪਹਿਨਿਆ ਜਾ ਸਕਦਾ ਸੀ।
ਇਸ ਨੂੰ ਸਰੀਰ ਦੇ ਦੁਆਲੇ ਲਪੇਟਿਆ ਜਾ ਸਕਦਾ ਹੈ। ਇਸ ਨੂੰ ਲਟਕਾਇਆ ਵੀ ਜਾ ਸਕਦਾ ਸੀ ਅਤੇ ਇਹ ਗੋਡਿਆਂ ਤੱਕ ਹੇਠਾਂ ਚਲਾ ਜਾਂਦਾ ਸੀ। ਇਹ ਇੱਕ ਛੋਟੀ ਜਿਹੀ ਟਿਊਨਿਕ ਨੂੰ ਵੀ ਢੱਕਣ ਲਈ ਕਾਫੀ ਲੰਬਾ ਸੀ, (ਕੁਝ ਸੰਤ-ਦਾਰਸ਼ਨਿਕ ਅਜਿਹਾ ਲੰਮਾ ਪਹਿਰਾਵਾ ਪਹਿਨਦੇ ਸਨ। ਉਹ ਇਸ ਨੂੰ ਬਿਨਾਂ ਟਿਊਨਿਕ ਦੇ ਪਹਿਨਦੇ ਸਨ। ਅਜਿਹੇ ਕੱਪੜਿਆਂ ਕਾਰਨ ਉਨ੍ਹਾਂ ਦੀ ਛਾਤੀ ਜਾਂ ਸਰੀਰ ਦਾ ਉੱਪਰਲਾ ਹਿੱਸਾ ਖੁੱਲ੍ਹਾ ਰਹਿੰਦਾ ਸੀ। ਪਰ ਇਹ ਵੱਖਰੀ ਕਹਾਣੀ ਹੈ)।

ਤਸਵੀਰ ਸਰੋਤ, Wikicommons
ਲੋਕਾਂ ਦੀ ਤਾਕਤ ਅਤੇ ਪ੍ਰਤਿਸ਼ਠਾ ਉਨ੍ਹਾਂ ਦੀਆਂ ਚਾਦਰਾਂ ਦੀ ਗੁਣਵੱਤਾ, ਆਕਾਰ ਅਤੇ ਰੰਗ ਰਾਹੀਂ ਨਿਰਧਾਰਤ ਕੀਤੀ ਜਾਂਦੀ ਸੀ। ਬੈਂਗਨੀ ਅਤੇ ਨੀਲੇ ਰੰਗ ਦੇ ਕੁਝ ਸ਼ੇਡ ਕੁਲੀਨਤਾ ਦੇ ਚਿੰਨ੍ਹ ਸਨ। ਇਹ ਰਾਜਸੀ ਨੀਲੇ ਰੰਗ ਸਨ ਕਿਉਂਕਿ ਅਜਿਹੇ ਰੰਗ ਉਸ ਸਮੇਂ ਦੌਰਾਨ ਬਹੁਤ ਘੱਟ ਮਿਲਦੇ ਸਨ, ਇਹ ਮਹਿੰਗੇ ਹੁੰਦੇ ਸਨ।
ਪਰ ਰੰਗ ਕੁਝ ਹੋਰ ਵੀ ਦਰਸਾਉਂਦੇ ਸਨ। ਇਤਿਹਾਸਕਾਰ ਜੋਸਫ਼ ਨੇ ਜਿਲੌਟਸ (ਇੱਕ ਯਹੂਦੀ ਸਮੂਹ ਜੋ ਜੁਡੀਆ ਤੋਂ ਰੋਮਨ ਨੂੰ ਬਾਹਰ ਕੱਢਣਾ ਚਾਹੁੰਦਾ ਸੀ) ਨੂੰ ਕਾਤਲ ਕਿਹਾ, ਜੋ ਉਲਟੇ ਲਿੰਗ ਦੇ ਕੱਪੜੇ ਪਹਿਨਦੇ ਸਨ।
ਉਨ੍ਹਾਂ ਨੇ ਦੱਸਿਆ ਕਿ ਉਹ 'ਰੰਗਦਾਰ ਚਾਦਰਾਂ' ਭਾਵ ਚਾਲੰਡੀਆ ਪਹਿਨਦੇ ਸੀ। ਇਸ ਤੋਂ ਅਜਿਹਾ ਲੱਗਦਾ ਹੈ ਕਿ ਇਹ ਔਰਤਾਂ ਦੇ ਕੱਪੜੇ ਹਨ। ਇਸਦਾ ਮਤਲਬ ਇਹ ਹੈ ਕਿ ਅਸਲ ਮਰਦਾਂ ਨੂੰ ਬਿਨਾਂ ਰੰਗੇ ਕੱਪੜੇ ਪਹਿਨਣੇ ਚਾਹੀਦੇ ਹਨ ਜਦੋਂ ਤੱਕ ਉਹ ਕੁਲੀਨ ਵਰਗ ਨਾਲ ਸਬੰਧਤ ਨਹੀਂ ਹੁੰਦੇ। ਹਾਲਾਂਕਿ ਯਿਸ਼ੂ ਮਸੀਹ ਨੇ ਚਿੱਟਾ ਕੱਪੜਾ ਨਹੀਂ ਪਹਿਨਿਆ ਸੀ।
ਰੰਗਿਆ ਹੋਇਆ ਕੱਪੜਾ ਵੀ ਇੱਕ ਖਾਸ ਕਿਸਮ ਦਾ ਕੱਪੜਾ ਹੁੰਦਾ ਸੀ ਜਿਸ ਨੂੰ ਬਲੀਚ ਕਰਕੇ ਰਗੜਨਾ ਪੈਂਦਾ ਸੀ। ਜੁਡੀਆਆ ਵਿੱਚ ਇਹ ਇੱਕ ਵਿਸ਼ੇਸ਼ ਪੰਥ ਨਾਲ ਜੁੜਿਆ ਸੀ, ਜਿਸ ਨੂੰ ਏਸੇਨੇਸ ਕਿਹਾ ਜਾਂਦਾ ਸੀ। ਇਹ ਲੋਕ ਯਹੂਦੀ ਕਾਨੂੰਨ ਦੀ ਸਖ਼ਤ ਵਿਆਖਿਆ ਦੇ ਪੈਰੋਕਾਰ ਸਨ।
ਮਰਕੁਸ ਦੇ ਅਧਿਆਇ 9 ਵਿਚ ਯਿਸ਼ੂ ਦੇ ਕੱਪੜਿਆਂ ਅਤੇ ਚਮਕਦਾਰ ਚਿੱਟੇ ਕੱਪੜਿਆਂ ਵਿਚਲੇ ਫ਼ਰਕ ਦਾ ਜ਼ਿਕਰ ਕੀਤਾ ਗਿਆ ਹੈ, ਜਦੋਂ ਤਿੰਨ ਦੂਤ ਉਨ੍ਹਾਂ ਦੇ ਨਾਲ ਪਹਾੜ 'ਤੇ ਜਾਂਦੇ ਹਨ। ਉੱਥੇ ਯਿਸ਼ੂ ਦੇ ਸਰੀਰ ਵਿੱਚੋਂ ਰੌਸ਼ਨੀ ਦੀਆਂ ਕਿਰਨਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਮਾਰਕ ਦੱਸਦੇ ਹਨ ਕਿ ਯਿਸ਼ੂ ਦਾ ਹਿਮਾਸ਼ੀਆ (ਇਸ ਦਾ ਮਤਲਬ ਹੈ ਕੱਪੜੇ, ਚਾਦਰਾਂ ਨਹੀਂ) ਚਮਕ ਰਿਹਾ ਸੀ। ਇਹ ਪੂਰੀ ਤਰ੍ਹਾਂ ਚਮਕਦਾਰ ਚਿੱਟਾ ਸੀ। ਕੱਪੜਿਆਂ ਵਿੱਚ ਅਜਿਹੀ ਚਿੱਟੀ ਚਮਕ ਸੀ ਕਿ ਧਰਤੀ ਉੱਪਰ ਕਿਸੇ ਵੀ ਧੋਬੀ ਵੱਲੋਂ ਅਜਿਹੀ ਚਮਕ ਨਹੀਂ ਲਿਆਈ ਜਾ ਸਕਦੀ। ਯਿਸ਼ੂ ਦੇ ਰੂਪਾਂਤਰਣ ਤੋਂ ਪਹਿਲਾਂ ਮਾਰਕ ਉਨ੍ਹਾਂ ਨੂੰ ਇੱਕ ਆਮ ਵਿਅਕਤੀ ਵਜੋਂ ਪੇਸ਼ ਕਰਦੇ ਹਨ। ਜਿਸ ਵਿੱਚ ਉਹ ਬਿਨਾਂ ਰੰਗੇ ਉੱਨ ਦੇ ਕੱਪੜੇ ਪਹਿਨਦੇ ਹਨ, ਜਿਸ ਨੂੰ ਸਾਫ਼ ਕਰਨ ਲਈ ਧੋਬੀ ਨੂੰ ਦੇਣਾ ਪੈਂਦਾ ਹੈ।
ਜਦੋਂ ਉਨ੍ਹਾਂ ਨੂੰ ਸਲੀਬ 'ਤੇ ਚੜ੍ਹਾਇਆ ਜਾਂਦਾ ਹੈ, ਤਾਂ ਉਨ੍ਹਾਂ ਦੇ ਕੱਪੜਿਆਂ ਦਾ ਵਧੇਰੇ ਵਰਣਨ ਮਿਲਦਾ ਹੈ। ਜਦੋਂ ਰੋਮਨ ਸਿਪਾਹੀ ਉਨ੍ਹਾਂ ਦੇ ਹਿਮਾਸ਼ੀਆ ਨੂੰ (ਇਸ ਕੇਸ ਵਿੱਚ ਇਸ ਦਾ ਜ਼ਿਕਰ ਸ਼ਾਇਦ ਚਾਦਰਾਂ (ਮੇਂਟਲ) ਵਜੋਂ ਜਾਣਿਆ ਜਾਂਦਾ ਹੈ) ਨੂੰ ਚਾਰ ਹਿੱਸਿਆਂ ਵਿੱਚ ਵੰਡਦੇ ਹਨ (ਅਧਿਆਇ ਆਇਤਾਂ 19-23 ਦੇਖੋ) ਉਨ੍ਹਾਂ ਵਿੱਚੋਂ ਇੱਕ ਟਲਿਥ ਹੈ। ਇਹ ਯਹੂਦੀ ਪ੍ਰਾਰਥਣਾ ਦੌਰਾਨ ਇੱਕ ਸ਼ਾਲ ਦੇ ਤੌਰ 'ਤੇ ਇਸਤੇਮਾਲ ਕਰਦੇ ਸੀ।
ਟੇਸਲਸ ਦੇ ਨਾਲ ਇਸ ਚਾਦਰ ਦਾ ਜ਼ਿਕਰ ਮੈਥਿਊ ਅਧਿਆਇ ਦੀ ਆਇਤ 5 ਵਿਚ ਕੀਤਾ ਗਿਆ ਹੈ। ਇਹ ਇੱਕ ਹਲਕਾ ਕੱਪੜਾ ਹੈ, ਜੋ ਰਵਾਇਤੀ ਤੌਰ 'ਤੇ ਗੈਰ-ਡਾਈ ਕ੍ਰੀਮ ਰੰਗ ਦੀ ਊਨੀ ਸਮੱਗਰੀ ਤੋਂ ਬਣਾਇਆ ਗਿਆ ਸੀ। ਇਸ ਵਿੱਚ ਸ਼ਾਇਦ ਨੀਲੀ ਪੱਟੀ ਜਾਂ ਧਾਗਿਆਂ ਨਾਲ ਥ੍ਰੈਡਿੰਗ ਕੀਤੀ ਜਾਂਦੀ ਸੀ।
ਪੈਰ
ਜਿੱਥੋਂ ਤੱਕ ਯਿਸ਼ੂ ਮਸੀਹ ਦੇ ਪੈਰਾਂ ਦਾ ਮਾਮਲਾ ਹੈ, ਉਹ ਸ਼ਾਇਦ ਸੈਂਡਲ ਪਹਿਨਦੇ ਸੀ। ਉਸ ਸਮੇਂ ਦੌਰਾਨ ਹਰ ਕੋਈ ਸੈਂਡਲ ਪਹਿਨਦਾ ਸੀ। ਮ੍ਰਿਤ ਸਾਗਰ ਅਤੇ ਮਸਦਾ ਦੇ ਨੇੜੇ ਮਾਰੂਥਲ ਵਿੱਚ, ਈਸਾ ਮਸੀਹ ਦੇ ਸਮੇਂ ਵਰਤੇ ਜਾਣ ਵਾਲੇ ਸੈਂਡਲ ਮਿਲੇ ਸਨ।

ਤਸਵੀਰ ਸਰੋਤ, GABI LARON
ਇਸ ਲਈ ਅਸੀਂ ਜਾਣਦੇ ਹਾਂ ਕਿ ਉਹ ਕਿਸ ਤਰ੍ਹਾਂ ਦੇ ਦਿਖਾਈ ਦਿੰਦੇ ਸਨ। ਉਹ ਕਾਫ਼ੀ ਸਧਾਰਨ ਸਨ, ਸੈਂਡਲ ਦੇ ਹੇਠਲੇ ਹਿੱਸੇ ਨੂੰ ਚਮੜੇ ਦੀਆਂ ਮੋਟੀਆਂ ਪਰਤਾਂ ਤੋਂ ਬਣਾਇਆ ਗਿਆ ਸੀ। ਉਹ ਚਮੜੇ ਨੂੰ ਜੋੜ ਕੇ ਬਣਾਏ ਗਏ ਸਨ, ਟਾਂਕੇ ਲੱਗੇ ਹੋਏ ਸਨ। ਉੱਪਰਲੇ ਹਿੱਸੇ ਵਿੱਚ ਚਮੜੇ ਦੇ ਧਾਗੇ ਸਨ, ਜੋ ਕਿ ਅੰਗੂਠਿਆਂ ਨੂੰ ਪਾਰ ਕਰਕੇ ਬੰਨ੍ਹੇ ਹੋਏ ਸਨ।
ਚਿਹਰਾ
ਯਿਸ਼ੂ ਦਾ ਚਿਹਰਾ ਕਿਹੋ ਜਿਹਾ ਸੀ? ਕੀ ਚਿਹਰੇ ਦੇ ਖ਼ਾਸੀਅਤ ਯਹੂਦੀਆਂ ਦੇ ਚਿਹਰਿਆਂ ਵਰਗੀ ਸੀ? ਯਿਸ਼ੂ ਯਹੂਦੀ (ਜਾਂ ਜੁਡੀਅਨ) ਸਨ। ਪੌਲ ਦੀਆਂ ਚਿੱਠੀਆਂ ਸਮੇਤ ਵੱਖ-ਵੱਖ ਸਾਹਿਤ ਵਿੱਚ ਇਸ ਦਾ ਵਾਰ-ਵਾਰ ਜ਼ਿਕਰ ਕੀਤਾ ਗਿਆ ਹੈ।
ਹਿਬਰੂ ਸੂਬਿਆਂ ਨੂੰ ਲਿਖੀ ਚਿੱਠੀ ਵਿੱਚ ਲਿਖਿਆ ਹੈ, "ਇਹ ਸਪੱਸ਼ਟ ਹੈ ਕਿ ਸਾਡੇ ਪਰਮੇਸ਼ਰ ਜੁਡਾਹ ਤੋਂ ਆਏ ਹਨ।''
ਇਸ ਲਈ ਅਸੀਂ ਕਿਵੇਂ ਕਲਪਨਾ ਕਰ ਸਕਦੇ ਹਾਂ ਕਿ ਉਨ੍ਹਾਂ ਦਿਨਾਂ ਵਿਚ ਯਹੂਦੀ ਲੋਕ ਕਿਵੇਂ ਦੇ ਹੁੰਦੇ ਸਨ। ਉਸ ਸਮੇਂ ਦੌਰਾਨ 30 ਸਾਲਾਂ ਦੇ ਆਦਮੀ ਦਾ ਚਿਹਰਾ-ਮੋਹਰਾ ਕਿਹੋ ਜਿਹਾ ਹੋਵੇਗਾ (ਲਿਯੂਕ ਅਧਿਆਇ 3)
2001 ਵਿੱਚ, ਫੋਰੈਂਸਿਕ ਮਾਨਵ-ਵਿਗਿਆਨੀ ਰਿਚਰਡ ਨੇਵਮ ਨੇ ਗੈਲਿਲੀਅਨ ਮਨੁੱਖ ਦਾ ਇੱਕ ਮਾਡਲ ਬਣਾਇਆ। ਇਹ ਮਾਡਲ ਬੀਬੀਸੀ ਦੀ ਇੱਕ ਡਾਕਿਊਮੈਂਟਰੀ ਲਈ ਬਣਾਇਆ ਗਿਆ ਸੀ। ਇਹ ਉਸ ਖੇਤਰ ਵਿੱਚ ਮਿਲੀ ਇੱਕ ਮਨੁੱਖੀ ਖੋਪੜੀ ਦੇ ਆਧਾਰ 'ਤੇ ਬਣਾਇਆ ਗਿਆ ਸੀ, ਜਿੱਥੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਯਿਸ਼ੂ ਮਸੀਹ ਮੌਜੂਦ ਰਹੇ ਸੀ।

ਪਰ ਉਨ੍ਹਾਂ ਨੇ ਇਹ ਦਾਅਵਾ ਨਹੀਂ ਕੀਤਾ ਕਿ ਯਿਸ਼ੂ ਮਸੀਹ ਦਾ ਚਿਹਰਾ ਇਸ ਤਰ੍ਹਾਂ ਦਾ ਹੀ ਸੀ। ਇਹ ਯਿਸ਼ੂ ਮਸੀਹ ਦੇ ਚਿਹਰੇ ਪ੍ਰਤੀ ਲੋਕਾਂ ਦੀ ਕਲਪਨਾ ਨੂੰ ਪ੍ਰੇਰਿਤ ਕਰਨ ਲਈ ਬਣਾਇਆ ਗਿਆ ਸੀ। ਲੋਕਾਂ ਨੂੰ ਇਹ ਦੱਸਣਾ ਸੀ ਕਿ ਉਹ ਯਿਸ਼ੂ ਨੂੰ ਸਿਰਫ਼ ਆਪਣੇ ਸਮੇਂ ਅਤੇ ਸਥਾਨ ਦੇ ਇੱਕ ਵਿਅਕਤੀ ਵਜੋਂ ਹੀ ਦੇਖਣ। ਕਿਉਂਕਿ ਅਸੀਂ ਕਦੇ ਨਹੀਂ ਕਿਹਾ ਕਿ ਉਹ ਕੁਝ ਵੱਖਰਾ ਦਿਖਾਈ ਦਿੰਦੇ ਹਨ।
ਪੁਰਾਣੀਆਂ ਹੱਡੀਆਂ ਦੇ ਆਧਾਰ 'ਤੇ ਭਾਵੇਂ ਕਿੰਨੇ ਵੀ ਮਾਡਲ ਬਣਾਏ ਗਏ ਹੋਣ, ਪਰ ਮੇਰਾ ਮੰਨਣਾ ਹੈ ਕਿ ਯਿਸ਼ੂ ਦੇ ਚਿਹਰੇ ਨਾਲ ਸਭ ਤੋਂ ਜ਼ਿਆਦਾ ਇਕਸਾਰਤਾ ਡਿਊਰਾ-ਯੂਰੋਪੋਸ ਦੇ ਤੀਜੀ ਸਦੀ ਦੇ ਸੇਨਗੌਗ ਵਿੱਚ ਮੌਜੂਦ ਮੋਜੇਜ ਦੀਆਂ ਕੰਧਾਂ ਉੱਤੇ ਬਣਾਈਆਂ ਗਈਆਂ ਪੇਂਟਿੰਗਾਂ ਨਾਲ ਮਿਲਦੀ ਹੈ। ਇਹ ਦਰਸਾਉਂਦਾ ਹੈ ਕਿ ਗ੍ਰੀਕੋ-ਰੋਮਨ ਸੰਸਾਰ ਵਿੱਚ ਕੋਈ ਯਹੂਦੀ ਸੰਤ ਕਿਹੋ ਜਿਹਾ ਦਿਖਾਈ ਦਿੰਦਾ ਸੀ।

ਤਸਵੀਰ ਸਰੋਤ, Alamy
ਮੋਜੇਜ ਦੀ ਕਲਪਨਾ ਬਿਨਾਂ ਰੰਗੇ ਕੱਪੜੇ ਪਹਿਨਣ ਵਾਲੇ ਵਿਅਕਤੀ ਵਜੋਂ ਕੀਤੀ ਜਾਂਦੀ ਹੈ। ਉਨ੍ਹਾਂ ਦੀ ਇਕ ਚਾਦਰ ਟਲਿਥ ਹੈ ਕਿਉਂਕਿ ਡਿਊਰਾ ਵਿਚ ਬਣੀ ਮੋਜੇਜ ਦੀ ਤਸਵੀਰ ਵਿਚ ਉਨ੍ਹਾਂ ਦੇ ਕੱਪੜਿਆਂ ਦੇ ਕਿਨਾਰੇ ਵਿੱਚ ਫਫੁੰਦੀ ਦਿਖਾਈ ਦਿੰਦੀ ਹੈ।
ਯਿਸ਼ੂ ਕਿਹੋ ਜਿਹੇ ਦਿਖਾਈ ਦਿੰਦੇ ਸੀ?
ਜੇ ਅਸੀਂ ਸਾਰੀਆਂ ਕਲਪਨਾ 'ਤੇ ਵਿਚਾਰ ਕਰੀਏ, ਤਾਂ ਬਾਇਜੰਟਾਈਨ ਵਿਚ ਯਿਸ਼ੂ ਦੇ ਜਿਸ ਚਿਹਰੇ ਦੀ ਕਲਪਨਾ ਕੀਤੀ ਗਈ ਹੈ ਉਸ ਦੀ ਤੁਲਨਾ ਵਿੱਚ ਇਹ ਤਸਵੀਰ ਵਧੇਰੇ ਸਹੀ ਲਗਦੀ ਹੈ, ਜਦਕਿ ਬਾਇਜੰਟਾਈਨ ਯਿਸ਼ੂ ਦੀ ਤਸਵੀਰ ਹੀ ਆਦਰਸ਼ ਬਣ ਗਈ ਹੈ:

ਤਸਵੀਰ ਸਰੋਤ, Alamy

ਤਸਵੀਰ ਸਰੋਤ, Alamy
ਯਿਸ਼ੂ ਦੀ ਛੋਟੀ ਦਾੜ੍ਹੀ ਅਤੇ ਛੋਟੇ ਵਾਲ ਹਨ। ਉਨ੍ਹਾਂ ਨੇ ਇੱਕ ਛੋਟਾ ਟਿਊਨਿਕ ਪਹਿਨਿਆ ਹੈ। ਉੱਪਰ ਪਹਿਨੇ ਹੋਏ ਕੱਪੜਿਆਂ ਦੀਆਂ ਬਾਹਾਂ ਛੋਟੀਆਂ ਹਨ ਅਤੇ ਉਨ੍ਹਾਂ ਨੇ ਕੱਪੜੇ ਉੱਤੇ ਇੱਕ ਛੋਟੀ ਜਿਹੀ ਚਾਦਰ ਲਈ ਹੋਈ ਹੈ।
(ਜੌਨ ਟੇਲਰ ਕਿੰਗਜ਼ ਕਾਲਜ ਲੰਡਨ ਵਿੱਚ Christian Origins and Second Temple Judaism ਦੇ ਪ੍ਰੋਫੈਸਰ ਹਨ ਅਤੇ The Essenes, the Scrolls and the Dead Sea ਦੇ ਲੇਖਕ ਹਨ।)
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














