ਕ੍ਰਿਸਮਸ : ਅੰਬਾਲਾ ਵਿਚ ਈਸਾ ਮਸੀਹ ਦੀ ਮੂਰਤੀ ਖੰਡਿਤ, ਕਈ ਥਾਂਵਾਂ ਉੱਤੇ ਸਮਾਗਮਾਂ ਵਿਚ ਵਿਘਨ ਪਾਇਆ
25 ਦਸੰਬਰ ਨੂੰ ਪੂਰੀ ਦੁਨੀਆ ਸਮੇਤ ਭਾਰਤ ਵਿੱਚ ਵੀ ਕ੍ਰਿਸਮਸ ਦਾ ਜਸ਼ਨ ਮਨਾਇਆ ਗਿਆ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਨੇ ਇਸ ਤਿਓਹਾਰ ਦਾ ਆਨੰਦ ਮਾਣਿਆ।
ਪਰ ਭਾਰਤ ਦੇ ਕਈ ਸੂਬਿਆਂ ਵਿੱਚ ਕ੍ਰਿਸਮਸ ਦੇ ਜਸ਼ਨ ਦੌਰਾਨ ਕੁਝ ਲੋਕਾਂ ਨੇ ਮਾਹੌਲ ਵੀ ਖ਼ਰਾਬ ਕੀਤਾ ਜਾਂ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ।
ਇਨ੍ਹਾਂ ਘਟਨਾਵਾਂ ਵਿੱਚ ਕ੍ਰਿਸਮਸ ਦੇ ਜਸ਼ਨ ਵਿੱਚ ਹਿੰਦੂਆਂ ਦੇ ਸ਼ਾਮਲ ਹੋਣ 'ਤੇ ਵਿਰੋਧ ਨੂੰ ਲੈ ਕੇ, ਯਿਸ਼ੂ ਮਸੀਹ ਦੀ ਮੂਰਤੀ ਤੋੜਨ ਅਤੇ ਬੱਚਿਆਂ ਨੂੰ ਸਾਂਤਾ ਕਲਾਜ਼ ਦੁਆਰਾ ਤੋਹਫ਼ੇ ਵੰਡਣ ਤੱਕ ਦੇ ਮਾਮਲੇ ਸ਼ਾਮਲ ਹਨ।
ਪੁਲਿਸ ਨੇ ਕਈ ਥਾਂਈ ਮਾਮਲੇ ਦਰਜ ਕੀਤੇ ਹਨ ਅਤੇ ਕੁਝ ਥਾਂਵਾਂ ਉੱਤੇ ਹਿੰਦੂਤਵੀ ਸੰਗਠਨਾਂ ਨੇ ਕ੍ਰਿਸਮਸ ਦੇ ਸਮਾਗਮਾਂ ਨੂੰ ਧਰਮ ਪਰਿਵਰਤਨ ਨਾਲ ਜੋੜਕੇ ਇਸ ਦਾ ਵਿਰੋਧ ਦਰਜ ਕਰਵਾਇਆ ਹੈ।
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਘਟਨਾ ਬਾਰੇ ਕਿਹਾ, "ਉਨ੍ਹਾਂ ਨੂੰ ਫੜ੍ਹਨ ਲਈ ਅਸੀਂ ਯਤਨ ਸ਼ੁਰੂ ਕਰ ਦਿੱਤੇ ਹਨ, ਤਿੰਨ ਟੀਮਾਂ ਗਠਿਤ ਕੀਤੀਆਂ ਹਨ। ਸੀਸੀਟੀਵੀ ਫੁਟੇਜ ਅਸੀਂ ਹਾਸਿਲ ਕਰ ਰਹੀ ਹੈ, ਜਿਸ ਵਿੱਚ ਦੋ ਮੁੰਡੇ ਇਸ ਨੂੰ ਅੰਜ਼ਾਮ ਦਿੰਦੇ ਹੋਏ ਨਜ਼ਰ ਆ ਰਹੇ ਹਨ।"
ਪਹਿਲੀ ਘਟਨਾ - ਹਰਿਆਣਾ ਦੇ ਚਰਚ 'ਚ ਤੋੜੀ ਮੂਰਤੀ
ਪਹਿਲਾ ਮਾਮਲਾ ਹੈ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ ਦਾ, ਜਿੱਥੇ ਪੰਜਾਬ-ਹਰਿਆਣਾ ਦੀ ਸਰੱਹਦ 'ਤੇ ਵਸੇ ਸ਼ਹਿਰ ਅੰਬਾਲਾ ਵਿਖੇ ਕ੍ਰਿਸਮਸ ਦੀ ਰਾਤ ਨੂੰ ਇੱਕ ਇਤਿਹਾਸਿਕ ਚਰਚ ਵਿੱਚ ਯਿਸ਼ੂ ਮਸੀਹ ਦੀ ਮੂਰਤੀ ਤੋੜ ਦਿੱਤੀ ਗਈ।
ਬੀਬੀਸੀ ਸਹਿਯੋਗੀ ਕਮਲ ਸੈਣੀ ਦੀ ਰਿਪੋਰਟ ਅਨੁਸਾਰ, ਅੰਬਾਲਾ ਦੇ ਹੋਲੀ ਰਿਡੀਮਰ ਕੈਥੋਲਿਕ ਚਰਚ ਵਿੱਚ ਦੋ ਨੌਜਵਾਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਅੰਬਾਲਾ ਸਦਰ ਥਾਣੇ ਦੇ ਐੱਸਐੱਚਓ ਨਰੇਸ਼ ਮੁਤਾਬਕ ਘਟਨਾ 'ਚ ਸ਼ਾਮਲ ਦੋਵੇਂ ਨੌਜਵਾਨ ਰਾਤ ਕਰੀਬ 12:32 ਵਜੇ ਚਰਚ ਦੇ ਅੰਦਰ ਆਏ ਅਤੇ ਲਗਭਗ 1:40 'ਤੇ ਮੂਰਤੀ ਦੀ ਭੰਨਤੋੜ ਕੀਤੀ ਗਈ।
ਇਹ ਸਾਰੀ ਘਟਨਾ ਚਰਚ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਾਲਾਂਕਿ ਅਜੇ ਤੱਕ ਮੂਰਤੀ ਤੋੜਨ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਪੁਲਿਸ ਬਰੀਕੀ ਨਾਲ ਘਟਨਾ ਦੀ ਜਾਂਚ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਜੋ ਵੀ ਸ਼ਿਕਾਇਤ ਦਰਜ ਕਰਵਾਈ ਜਾਵੇਗੀ, ਉਸ ਦੇ ਆਧਾਰ 'ਤੇ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਚਰਚ ਦੇ ਫਾਦਰ ਐਂਟੋ ਦਾ ਕਹਿਣਾ ਹੈ ਕਿ ਕ੍ਰਿਸਮਸ ਦੇ ਜਸ਼ਨ ਤੋਂ ਬਾਅਦ ਅੱਧੀ ਰਾਤ ਨੂੰ ਦੋ ਨੌਜਵਾਨ ਚਰਚ ਵਿੱਚ ਦਾਖਲ ਹੋਏ, ਚਰਚ ਦੀਆਂ ਲਾਈਟਾਂ ਤੋੜ ਦਿੱਤੀਆਂ ਗਈਆਂ ਅਤੇ ਫਿਰ ਯਿਸ਼ੂ ਮਸੀਹ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ, ਇਹ ਸਭ ਲਈ ਦੁੱਖ ਦੀ ਗੱਲ ਹੈ।
ਇਹ ਵੀ ਪੜ੍ਹੋ:
ਉਨ੍ਹਾਂ ਕਿਹਾ ਕਿ ਇੱਥੇ ਸਿਰਫ਼ ਈਸਾਈ ਹੀ ਨਹੀਂ ਆਉਂਦੇ ਸਨ, ਇੱਥੇ ਹੋਰ ਧਰਮਾਂ ਦੇ ਲੋਕ ਵੀ ਆਉਂਦੇ ਸਨ ਅਤੇ ਇਸ ਤੋਂ ਪਹਿਲਾਂ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ।
ਅੰਬਾਲਾ ਦਾ ਇਹ ਇਤਿਹਾਸਿਕ ਚਰਚ ਅੰਗਰੇਜ਼ਾਂ ਦੇ ਸਮੇਂ ਦਾ ਹੈ। ਅੰਗਰੇਜ਼ਾਂ ਨੇ ਸਾਲ 1843 ਵਿੱਚ ਅੰਬਾਲਾ ਕੈਂਟ ਨੂੰ ਆਪਣੀ ਛਾਉਣੀ ਬਣਾ ਲਿਆ ਸੀ।
ਇੱਥੇ ਦਿੱਲੀ ਤੋਂ ਆਏ ਇਟਾਲੀਅਨ ਕੈਪੂਚਿਨ ਵੀਨੈਂਸ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਹ ਚਰਚ ਉਨ੍ਹਾਂ ਦੀ ਹੀ ਦੇਖ-ਰੇਖ 'ਚ ਬਣਾਇਆ ਗਿਆ ਸੀ, ਜਿਸ ਦਾ ਕੰਮ 1848 ਵਿਚ ਪੂਰਾ ਹੋਇਆ ਸੀ। ਇਹ ਅੰਬਾਲਾ ਦਾ ਪਹਿਲਾ ਚਰਚ ਵੀ ਮੰਨਿਆ ਜਾਂਦਾ ਹੈ।
ਦੂਜੀ ਘਟਨਾ - 'ਈਸਾਈ ਬਣਾਉਣ ਵਾਲੇ ਮਿਸ਼ਨਰੀਜ਼ 'ਤੇ ਨਜ਼ਰ ਰੱਖਾਂਗੇ'
ਦੂਜਾ ਮਾਮਲਾ ਉੱਤਰ ਪ੍ਰਦੇਸ਼ ਦੇ ਆਗਰਾ ਦਾ ਹੈ, ਜਿੱਥੇ ਹਿੰਦੂ ਸੰਗਠਨਾਂ ਵੱਲੋਂ ਸਾਂਤਾ ਕਲਾਜ਼ ਦੇ ਪੁਤਲੇ ਫੂਕਣ ਦਾ ਮਾਮਲਾ ਸਾਹਮਣੇ ਆਇਆ ਹੈ।
ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ, ਕੁਝ ਹਿੰਦੂ ਸੰਗਠਨਾਂ ਨੇ ਇਲਜ਼ਾਮ ਲਗਾਇਆ ਕਿ ਈਸਾਈ ਮਿਸ਼ਨਰੀਆਂ ਬੱਚਿਆਂ ਅਤੇ ਗਰੀਬਾਂ ਨੂੰ ਆਪਣੇ ਧਰਮ ਵੱਲ ਆਕਰਸ਼ਿਤ ਕਰਨ ਲਈ ਸਾਂਤਾ ਕਲਾਜ਼ ਰਾਹੀਂ ਤੋਹਫ਼ੇ ਵੰਡਣ ਦਾ ਸਹਾਰਾ ਲੈ ਕੇ ਕ੍ਰਿਸਮਸ ਦੇ ਤਿਉਹਾਰ ਨੂੰ ਈਸਾਈ ਧਰਮ ਦਾ ਪ੍ਰਚਾਰ ਕਰਨ ਦੇ ਮੌਕੇ ਵਜੋਂ ਵਰਤਦੀਆਂ ਹਨ।
ਇਸ ਦੇ ਨਾਲ ਹੀ ਹਿੰਦੂ ਸੰਗਠਨਾਂ, ਅੰਤਰ ਰਾਸ਼ਟਰੀ ਹਿੰਦੂ ਪਰਿਸ਼ਦ ਅਤੇ ਰਾਸ਼ਟਰੀ ਬਜਰੰਗ ਦਲ ਦੇ ਕਾਰਕੁਨਾਂ ਨੇ ਸ਼ਨੀਵਾਰ ਨੂੰ ਐੱਮਜੀ ਰੋਡ 'ਤੇ ਸੇਂਟ ਜੌਨਜ਼ ਕਾਲਜ ਅਤੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬਾਹਰ ਸਾਂਤਾ ਕਲਾਜ਼, ਜਿਨ੍ਹਾਂ ਨੂੰ ਫਾਦਰ ਕ੍ਰਿਸਮਸ ਜਾਂ ਸੇਂਟ ਨਿਕੋਲਸ ਵੀ ਕਿਹਾ ਜਾਂਦਾ ਹੈ, ਦੇ ਪੁਤਲੇ ਫੂਕੇ।
ਰਾਸ਼ਟਰੀ ਬਜਰੰਗ ਦਲ ਦੇ ਖੇਤਰੀ ਜਨਰਲ ਸਕੱਤਰ ਅੱਜੂ ਚੌਹਾਨ ਨੇ ਇਲਜ਼ਾਮ ਲਾਇਆ, ''ਜਿਵੇਂ ਹੀ ਦਸੰਬਰ ਆਉਂਦਾ ਹੈ, ਈਸਾਈ ਮਿਸ਼ਨਰੀ ਕ੍ਰਿਸਮਸ, ਸਾਂਤਾ ਕਲਾਜ਼ ਅਤੇ ਨਵੇਂ ਸਾਲ ਦੇ ਨਾਂ 'ਤੇ ਸਰਗਰਮ ਹੋ ਜਾਂਦੇ ਹਨ। ਉਹ ਸਾਂਤਾ ਕਲਾਜ਼ ਬਣਾ ਕੇ ਬੱਚਿਆਂ ਨੂੰ ਤੋਹਫ਼ੇ ਵੰਡਦੇ ਹਨ ਅਤੇ ਉਨ੍ਹਾਂ ਨੂੰ ਈਸਾਈ ਧਰਮ ਵੱਲ ਆਕਰਸ਼ਿਤ ਕਰਦੇ ਹਨ।''
ਸੰਗਠਨ ਦੇ ਦੂਜੇ ਮੈਂਬਰ ਅਵਤਾਰ ਸਿੰਘ ਗਿੱਲ ਨੇ ਦਾਅਵਾ ਕੀਤਾ, "ਅਸੀਂ ਝੁੱਗੀਆਂ-ਝੌਂਪੜੀਆਂ ਵਿੱਚ ਜਾ ਕੇ ਹਿੰਦੂਆਂ ਨੂੰ ਈਸਾਈ ਬਣਾਉਣ ਵਾਲੇ ਮਿਸ਼ਨਰੀਜ਼ 'ਤੇ ਨਜ਼ਰ ਰੱਖਾਂਗੇ। ਮੈਂਬਰ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕਰਨਗੇ।''
ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਤੀਜੀ ਘਟਨਾ - 'ਹਿੰਦੂ ਕ੍ਰਿਸਮਸ ਜਸ਼ਨਾਂ ਵਿਚ ਨਾ ਸ਼ਾਮਲ ਹੋਣ'
ਅਸਾਮ ਦੇ ਕਾਛਾਰ ਜ਼ਿਲ੍ਹੇ ਦੇ ਸਿਲਚਰ ਵਿੱਚ ਸ਼ਰਾਰਤੀ ਤੱਤਾਂ ਨੇ ਕ੍ਰਿਸਮਸ ਦੇ ਸਮਾਗਮ ਵਿੱਚ ਵਿਘਨ ਪਾਇਆ।
ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਕ੍ਰਿਸਮਸ ਦੇ ਜਸ਼ਨ ਵਿੱਚ ਵਿਘਨ ਪਾਉਣ ਵਾਲੇ ਲੋਕਾਂ ਨੇ ਹਿੰਦੂਆਂ ਨੂੰ ਕ੍ਰਿਸਮਸ ਦੇ ਜਸ਼ਨ ਮਨਾਉਣ ਤੋਂ ਗੁਰੇਜ਼ ਕਰਨ ਲਈ ਕਿਹਾ।
ਕਾਛਾਰ ਦੇ ਪੁਲਿਸ ਸੁਪਰੀਟੈਂਡੇਂਟ ਰਮਨਦੀਪ ਕੌਰ ਨੇ ਏਜੰਸੀ ਨੂੰ ਦੱਸਿਆ ਕਿ ਕਸਬੇ ਦੇ ਇੱਕ ਖੁੱਲ੍ਹੇ ਮੈਦਾਨ ਵਿੱਚ ਕ੍ਰਿਸਮਸ ਦੇ ਜਸ਼ਨ ਮਨਾਏ ਜਾ ਰਹੇ ਸਨ ਅਤੇ ਉਸੇ ਦੌਰਾਨ ਇਹ ਘਟਨਾ ਵਾਪਰੀ।
ਉਨ੍ਹਾਂ ਦੱਸਿਆ ਕਿ ਕੁਝ ਮੁੰਡੇ ਸਮਾਗਮ ਵਾਲੀ ਥਾਂ 'ਤੇ ਗਏ ਅਤੇ ਉੱਥੇ ਮੌਜੂਦ ਦੂਜੇ ਹਿੰਦੂਆਂ ਨੂੰ ਜਸ਼ਨ ਵਿਚ ਹਿੱਸਾ ਨਾ ਲੈਣ ਲਈ ਕਿਹਾ। ਉਨ੍ਹਾਂ ਨੇ ਈਸਾਈਆਂ ਦੇ ਜਸ਼ਨ ਮਨਾਉਣ 'ਤੇ ਕੋਈ ਇਤਰਾਜ਼ ਨਹੀਂ ਕੀਤਾ।
ਪੁਲਿਸ ਸੁਪਰੀਟੈਂਡੇਂਟ ਨੇ ਕਿਹਾ, "ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ। ਸਾਡੇ ਕੋਲ ਹੁਣ ਤੱਕ ਕਿਸੇ ਸਮੂਹ ਦੀ ਸ਼ਮੂਲੀਅਤ ਬਾਰੇ ਕੋਈ ਜਾਣਕਾਰੀ ਨਹੀਂ ਹੈ? ਹਾਲਾਂਕਿ ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਉਹ ਵਿਅਕਤੀ ਬਜਰੰਗ ਦਲ ਨਾਲ ਜੁੜੇ ਹੋਏ ਸਨ।"

ਤਸਵੀਰ ਸਰੋਤ, Reuters
ਚਸ਼ਮਦੀਦਾਂ ਦੀਆਂ ਰਿਪੋਰਟਾਂ ਅਨੁਸਾਰ, ਨੌਜਵਾਨਾਂ ਨੇ ਭਗਵੇਂ ਰੰਗ ਦੇ ਪਟਕੇ ਪਹਿਨੇ ਹੋਏ ਸਨ ਅਤੇ ਜਿਵੇਂ ਹੀ ਉਨ੍ਹਾਂ ਨੇ ਉੱਥੇ ਮੌਜੂਦ ਲੋਕਾਂ ਨਾਲ ਛੇੜਛਾੜ ਸ਼ੁਰੂ ਕੀਤੀ, ਉਸ ਵੇਲੇ ਉਹ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾ ਰਹੇ ਸਨ।
ਜਦੋਂ ਸਮਾਰੋਹ 'ਚ ਸ਼ਾਮਲ ਲੋਕਾਂ ਨੇ ਨੌਜਵਾਨਾਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਜਸ਼ਨ 'ਤੇ ਇਤਰਾਜ਼ ਕਿਉਂ ਕੀਤਾ, ਤਾਂ ਰਿਪੋਰਟਾਂ ਮੁਤਾਬਕ ਉਨ੍ਹਾਂ ਕਿਹਾ ਕਿ ਹਿੰਦੂ ਹੋਣ ਦੇ ਨਾਤੇ ਉਨ੍ਹਾਂ ਨੂੰ ਕ੍ਰਿਸਮਸ ਦੇ ਦਿਨ ਪੈਂਦਾ 'ਤੁਲਸੀ ਦਿਵਸ' ਮਨਾਉਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਨੂੰ ਇਸ ਘਟਨਾ ਦੀ ਸ਼ਿਕਾਇਤ ਨਹੀਂ ਮਿਲੀ ਹੈ, ਹਾਲਾਂਕਿ ਹੁਣ ਤੱਕ ਇਸ ਵਿੱਚ ਸ਼ਾਮਲ 7 ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਚੌਥੀ ਘਟਨਾ- ਧਰਮ ਪਰਿਵਰਤਨ ਲਈ ਬੱਚਿਆਂ ਨੂੰ ਤਿਆਰ ਕਰ ਰਹੇ - ਪਾਂਡੇ
ਬੀਬੀਸੀ ਸਹਿਯੋਗੀ ਸਤ ਸਿੰਘ ਮੁਤਾਬਕ ਗੁਰੂਗ੍ਰਾਮ ਦੇ ਪਟੌਦੀ ਪਿੰਡ ਵਿੱਚ ਕ੍ਰਿਸਮਸ ਦੇ ਜਸ਼ਨ ਦੌਰਾਨ ਹਿੰਦੂ ਨਾਅਰੇਬਾਜ਼ੀ ਕਰਦਾ ਲੋਕਾਂ ਦਾ ਸਮੂਹ ਪਹੁੰਚਿਆ।

ਤਸਵੀਰ ਸਰੋਤ, Sat singh/bbc
ਪਹਿਲਾਂ ਤਾਂ ਇਸ ਗਰੁੱਪ ਨੇ ਜਸ਼ਨ ਵਿੱਚ ਹਿੱਸਾ ਲਿਆ ਅਤੇ ਫਿਰ ਸਟੇਜ ਨੂੰ ਕੰਟਰੋਲ ਵਿੱਚ ਲੈ ਕੇ 'ਭਾਰਤ ਮਾਤਾ ਦੀ ਜੈ' ਅਤੇ 'ਜੈ ਸ਼੍ਰੀਰਾਮ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹ ਕਹਿ ਰਹੇ ਹਨ ਕਿ ਉਹ ਧਰਮ ਪਰਿਵਰਤਨ ਨਹੀਂ ਹੋਣ ਦੇਣਗੇ।
ਪ੍ਰਬੰਧਕਾਂ ਨੇ ਸੁਰੱਖਿਆ ਕਾਰਨਾਂ ਕਰਕੇ ਆਪਣੀ ਪਛਾਣ ਗੁਪਤ ਰੱਖਣ ਦੀ ਅਪੀਲ 'ਤੇ ਦੱਸਿਆ, "ਅਸੀਂ ਪਿਆਰ ਵਿੱਚ ਵਿਸ਼ਵਾਸ਼ ਕਰਦੇ ਹਾਂ ਨਾ ਕਿ ਨਫ਼ਰਤ ਵਿੱਚ।"
"ਜੋ ਵੀ ਹੋਇਆ ਮਾੜਾ ਹੋਇਆ ਪਰ ਕੋਈ ਪੁਲਿਸ ਸ਼ਿਕਾਇਤ ਦਰਜ ਨਹੀਂ ਕਰਵਾਉਣਗੇ ਅਤੇ ਇਸ ਵਿਵਾਦ ਤੋਂ ਦੂਰ ਰਹਿਣਗੇ।"
ਪਟੌਦੀ ਪੁਲਿਸ ਸਟੇਸ਼ਨ ਦੇ ਐੱਸਐੱਚਓ ਅਮਿਤ ਕੁਮਾਰ ਨੇ ਦੱਸਿਆ ਕਿ ਮੀਡੀਆ ਵੱਲੋਂ ਫੋਨ ਆਉਣ 'ਤੇ ਉਨ੍ਹਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ।
ਉਨ੍ਹਾਂ ਨੇ ਕਿਹਾ, "ਸਕੂਲ ਦੇ ਗੁਆਂਢ ਵਿੱਚ ਰਹਿਣ ਵਾਲੀ ਇੱਕ ਔਰਤ ਨੇ ਸਕੂਲ ਵਿੱਚ ਕ੍ਰਿਸਮਸ ਦੇ ਜਸ਼ਨ ਥਾਂ ਬੁੱਕ ਕੀਤੀ ਸੀ। ਉੱਥੇ 10-15 ਦੇ ਕਰੀਬ ਆਦਮੀ ਪਹੁੰਚੇ । ਜਿਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਧਰਮ ਪਰਿਵਰਤਨ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਉੱਥੇ ਨਾਅਰੇਬਾਜ਼ੀ ਕੀਤੀ।"

ਤਸਵੀਰ ਸਰੋਤ, Sat singh/bbc
"ਥੋੜ੍ਹੀ ਦੇਰ ਬਾਅਦ ਉਹ ਲੋਕ ਉੱਥੋਂ ਚਲੇ ਗਏ ਅਤੇ ਬਾਅਦ ਵਿੱਚ ਪ੍ਰਬੰਧਕ ਵੀ ਚਲੇ ਗਏ।"
ਅਮਿਤ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਵਾਲੀ ਥਾਂ 'ਤੇ ਨਹੀਂ ਗਏ ਕਿਉਂਕਿ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ ਅਤੇ ਇਸੇ ਵਿਚਾਲੇ ਦੋਵਾਂ ਪਾਰਟੀਆਂ ਨੇ ਆਪਸੀ ਸਮਝੌਤੇ ਨਾਲ ਮਾਮਲਾ ਨਿਪਟਾ ਲਿਆ ਸੀ।
ਨਾਅਰੇਬਾਜ਼ੀ ਕਰਨ ਵਾਲੇ ਲੋਕਾਂ ਵਿੱਚੋਂ ਇੱਕ ਆਰਪੀ ਪਾਂਡੇ ਨੇ ਦਾਅਵਾ ਕੀਤਾ ਕਿ ਉੱਥੇ ਕ੍ਰਿਸਮਸ ਦੇ ਜਸ਼ਨ ਦੇ ਨਾਮ 'ਤੇ ਧਰਮ ਪਰਿਵਰਤਨ ਕੀਤਾ ਜਾ ਰਿਹਾ ਸੀ।
ਉਨ੍ਹਾਂ ਨੇ ਕਿਹਾ, "ਈਸਾਈਆਂ ਨੇ ਦਲਿਤ ਬਸਤੀ ਵਿੱਚੋਂ ਔਰਤਾਂ ਅਤੇ ਬੱਚਿਆਂ ਨੂੰ ਲਿਆਂਦਾ ਸੀ ਅਤੇ ਧਰਮ ਪਰਿਵਰਤਨ ਲਈ ਉਨ੍ਹਾਂ ਨੂੰ ਤਿਆਰ ਕਰ ਰਹੇ ਸਨ। ਜਦੋਂ ਸਾਨੂੰ ਇਸ ਬਾਰੇ ਪਤਾ ਲੱਗਾ ਤਾਂ ਅਸੀਂ ਉੱਥੇ ਪਹੁੰਚ ਕੇ ਇਹ ਰੁਕਵਾਇਆ।"
ਪਾਂਡੇ ਨੇ ਦੱਸਿਆ ਕਿ ਸਾਰੇ ਲੋਕ ਹਿੰਦੂ ਸੰਗਠਨ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ 'ਜੈ ਸ਼੍ਰੀਰਾਮ', 'ਭਾਰਤ ਮਾਤਾ ਦੀ ਜੈ' ਅਤੇ 'ਹਰ ਹਰ ਮਹਾਦੇਵ' ਦੇ ਨਾਅਰੇ ਲਗਾਏ ਸਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














