ਪਾਕਿਸਤਾਨ: ਅਹਿਮਦੀਆ ਭਾਈਚਾਰੇ ਦੇ ਬਕਦੀਦ ਮੌਕੇ 'ਜਾਨਵਰਾਂ ਦੀ ਕੁਰਬਾਨੀ' ਦੇਣ ਦਾ ਕੁਝ ਮੁਸਲਮਾਨ ਵਿਰੋਧ ਕਿਉਂ ਕਰਦੇ ਹਨ

ਤਸਵੀਰ ਸਰੋਤ, Social Media Grab
- ਲੇਖਕ, ਸਨਾ ਆਸਿਫ਼ ਅਤੇ ਉਮੈਰ ਸਲੀਮੀ
- ਰੋਲ, ਬੀਬੀਸੀ ਉਰਦੂ ਪੱਤਰਕਾਰ
“ਸਾਡੇ ਚਾਚੇ ਦੇ ਮੁੰਡੇ ਤੋਂ ਇਹ ਗਲਤੀ ਹੋ ਗਈ ਕਿ ਉਹ ਮਾਸ/ਮੀਟ ਵੰਡਣ ਲਈ ਬਾਹਰ ਚਲਾ ਗਿਆ ਸੀ। ਕਿਸੇ ਨੇ ਉਸ ਦਾ ਵੀਡੀਓ ਬਣਾ ਲਿਆ ਅਤੇ ਮੌਲਵੀ ਸਾਹਿਬ ਨੂੰ ਭੇਜ ਦਿੱਤਾ।”
“ਮੌਲਵੀ ਸਾਹਿਬ ਸਾਡੇ ਘਰ ਪੁਲਿਸ ਲੈ ਕੇ ਆ ਗਏ ਅਤੇ ਇਹ ਸਾਡੇ ਲਈ ਇੱਕ ਵੱਡੀ ਸਮੱਸਿਆ ਬਣ ਗਈ।”
ਇਹ ਕਹਿਣਾ ਹੈ ਪਾਕਿਸਤਾਨ ਦੀ ਅਹਿਮਦੀਆ ਭਾਈਚਾਰੇ ਦੀ ਸ਼ਮਾਇਲਾ ( ਬਦਲਿਆ ਨਾਮ) ਦਾ। ਉਨ੍ਹਾਂ ਮੁਤਾਬਕ ਬਕਰੀਦ ਮੌਕੇ ਜਾਨਵਰ ਦੀ ਕੁਰਬਾਨੀ ਦੇਣਾ ਉਨ੍ਹਾਂ ਲਈ ਮੁਸ਼ਕਲ ਦਾ ਕਾਰਨ ਬਣ ਗਿਆ ਹੈ।
ਪਾਕਿਸਤਾਨ ’ਚ ਅਹਿਮਦੀਆ ਭਾਈਚਾਰੇ ਨੂੰ ਧਾਰਮਿਕ ਪੱਖ ਤੋਂ ਘੱਟ ਗਿਣਤੀ ਦਾ ਦਰਜਾ ਹਾਸਲ ਹੈ। ਇਸ ਭਾਈਚਾਰੇ ਦੇ ਲੋਕ ਬਕਰੀਦ ਦੇ ਮੌਕੇ ’ਤੇ ਜਾਨਵਰਾਂ ਦੀ ਕੁਰਬਾਨੀ ਦਿੰਦੇ ਰਹੇ ਹਨ।
ਪਰ ਪਾਕਿਸਤਾਨ ’ਚ ਕਈ ਧਾਰਮਿਕ ਸਮੂਹ ਅਹਿਮਦੀਆ ਭਾਈਚਾਰੇ ਨੂੰ ਕੁਰਬਾਨੀ ਦੇਣ ਤੋਂ ਰੋਕਣ ਦਾ ਯਤਨ ਕਰਦੇ ਰਹਿੰਦੇ ਹਨ।
ਕੁਰਬਾਨੀ ਤੋਂ ਬਾਅਦ ਕੀ ਹੋਇਆ

ਤਸਵੀਰ ਸਰੋਤ, Getty Images
ਸ਼ਮਾਇਲਾ ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸਖ਼ਤੀ ਕੀਤੀ। ਉਹ ਦੱਸਦੇ ਹਨ, “ਪੁਲਿਸ ਨੇ ਸਾਡੇ ਫਰਿੱਜ ’ਚੋਂ ਕੁਰਬਾਨੀ ਦਾ ਮਾਸ ਕੱਢਿਆ। ਜਦੋਂ ਮੇਰੇ ਵਾਲਿਦ ਲੁਕ ਗਏ ਤਾਂ ਪੁਲਿਸ ਨੇ ਉਨ੍ਹਾਂ ਦੀ ਬਾਈਕ ਜ਼ਬਤ ਕਰ ਲਈ।”
“ਪੁਲਿਸ ਨੇ ਮੇਰੇ ਚਾਚੇ ਦੇ ਮੁੰਡੇ ਨੂੰ ਵੀ ਹਿਰਾਸਤ ’ਚ ਲੈ ਲਿਆ। ਉਸ ਦੀ ਉਮਰ ਸਿਰਫ 13-14 ਸਾਲ ਹੀ ਹੈ। ਬਾਅਦ ’ਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ।”
ਸ਼ਮਾਇਲਾ ਦੱਸਦੇ ਹਨ ਕਿ ਉਸ ਸਮੇਂ ਘਰ ’ਚ ਸਿਰਫ਼ ਔਰਤਾਂ ਹੀ ਮੌਜੂਦ ਸਨ। ਪੁਲਿਸ ਅਤੇ ਸਾਰੇ ਧਾਰਮਿਕ ਲੋਕਾਂ ਦੀ ਭੀੜ ਸਾਡੇ ਘਰ ਦੇ ਬਾਹਰ ਇੱਕਠੀ ਹੋ ਗਈ ਸੀ।
ਸ਼ਮਾਇਲਾ ਦਾ ਕਹਿਣਾ ਹੈ ਕਿ ਇਸ ਮਾਮਲੇ ਨੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਖ਼ਤਰੇ ’ਚ ਪਾ ਦਿੱਤਾ ਹੈ।
“ਅਸੀਂ ਸਾਰੇ ਬਹੁਤ ਹੀ ਡਰੇ ਹੋਏ ਸੀ। ਹੁਣ ਸਾਡਾ ਪੂਰਾ ਪਰਿਵਾਰ ਦੂਜੇ ਸ਼ਹਿਰ ਦੇ ਇੱਕ ਹੋਟਲ ’ਚ ਲੁਕਿਆ ਬੈਠਾ ਹੈ। ਸਾਡੀ ਜਾਨ ਨੂੰ ਖ਼ਤਰਾ ਹੈ।”
ਸ਼ਮਾਇਲਾ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਪੁਲਿਸ ਤੋਂ ਮਦਦ ਮੰਗੀ ਸੀ ਪਰ ਉਨ੍ਹਾਂ ਦੀ ਗੁਹਾਰ ਨੂੰ ਅਣਦੇਖਾ ਕੀਤਾ ਗਿਆ। ਉਨ੍ਹਾਂ ਦਾ ਇਲਜ਼ਾਮ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ ਹੈ।
ਅਹਿਮਦੀਆ ਭਾਈਚਾਰੇ ਦਾ ਇਲਜ਼ਾਮ

ਤਸਵੀਰ ਸਰੋਤ, Getty Images
ਪਾਕਿਸਤਾਨ ’ਚ ਰਹਿ ਰਹੇ ਅਹਿਮਦੀਆ ਭਾਈਚਾਰੇ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਬਕਰੀਦ ਦੇ ਮੌਕੇ ’ਤੇ ਉਨ੍ਹਾਂ ਨੂੰ ਵਿਤਕਰੇ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਨੇ ਇਲਜ਼ਾਮ ਆਇਦ ਕੀਤਾ ਹੈ ਕਿ ਪੁਲਿਸ ‘ਉਗਰਵਾਦੀ ਅਨਸਰਾਂ’ ਨੂੰ ਖੁਸ਼ ਕਰਨ ਦੇ ਲਈ ਅਤੇ ਉਨ੍ਹਾਂ ਨੂੰ ਕੁਰਬਾਨੀ ਦੇਣ ਤੋਂ ਰੋਕਣ ਲਈ ਕਈ ਤਰ੍ਹਾਂ ਦੇ ਕਦਮ ਚੁੱਕਦੀ ਰਹਿੰਦੀ ਹੈ।
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗ੍ਰਹਿ ਵਿਭਾਗ ਨੇ 23 ਜੂਨ ਨੂੰ ਸਾਰੇ ਜ਼ਿਲ੍ਹਿਆਂ ਨੂੰ ਇੱਕ ਆਦੇਸ਼ ਭੇਜਿਆ ਸੀ, ਜਿਸ ’ਚ ਕਿਹਾ ਗਿਆ ਸੀ ਕਿ ਸਿਰਫ਼ ਮੁਸਲਮਾਨਾਂ ਨੂੰ ਹੀ ਜਾਨਵਰਾਂ ਦੀ ਕੁਰਬਾਨੀ ਦੇਣ ਦੀ ਇਜਾਜ਼ਤ ਹੈ।
ਗ੍ਰਹਿ ਵਿਭਾਗ ਨੇ ਆਪਣੀ ਪੱਤਰ ’ਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਅਧਿਕਾਰੀਆਂ ਨੂੰ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਵੀ ਜਾਰੀ ਕੀਤੇ ਸਨ।
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਹਾਫਿਜ਼ਾਬਾਦ ਜ਼ਿਲ੍ਹੇ ’ਚ ਪੁਲਿਸ ਨੇ ਇੱਕ ਰਿਪੋਰਟ ਜਾਰੀ ਕਰਦਿਆਂ ਕਿਹਾ ਸੀ ਕਿ ਅਹਿਮਦੀਆ ਭਾਈਚਾਰੇ ਦੇ ਲੋਕ ਕੁਰਬਾਨੀ ਦੇਣ ਦੀ ਕੋਸ਼ਿਸ਼ ਕਰਦੇ ਹਨ।
ਮੁਸਲਿਮ ਭਾਈਚਾਰੇ ਦੇ ਲੋਕ ਇਸ ਗੱਲ ’ਤੇ ਇਤਰਾਜ਼ ਜਤਾਉਂਦੇ ਹਨ ਅਤੇ ਇਸ ਦੇ ਕਾਰਨ ਹੀ ਮਜਹਬੀ ਤੌਰ ’ਤੇ ਸਮੱਸਿਆ ਹੋ ਸਕਦੀ ਹੈ।
ਝਾਂਗ, ਫੈਸਲਾਬਾਦ, ਹਫ਼ੀਜ਼ਾਬਾਦ ਅਤੇ ਕੋਟਲੀ ਵਰਗੇ ਜ਼ਿਲ੍ਹਿਆਂ ’ਚ ਲੋਕਾਂ ਨੇ ਪੁਲਿਸ ਥਾਣੇ ’ਚ ਅਰਜੀ ਦੇ ਕੇ ਅਪੀਲ ਕੀਤੀ ਸੀ ਕਿ ਅਹਿਮਦੀਆ ਭਾਈਚਾਰੇ ਨੂੰ ਕੁਰਬਾਨੀ ਦੇਣ ਤੋਂ ਰੋਕਿਆ ਜਾਵੇ ।

ਪੁਲਿਸ ਨੇ ਕੀ ਕਿਹਾ?
ਪਾਕਿਸਤਾਨ ’ਚ ਪਿਛਲੇ ਕੁਝ ਦਿਨਾਂ ’ਚ ਅਜਿਹੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ, ਜਿੰਨ੍ਹਾਂ ’ਚ ਦਾਅਵਾ ਕੀਤਾ ਗਿਆ ਕਿ ਅਹਿਮਦੀਆ ਭਾਈਚਾਰੇ ਦੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਸੀ। ਲੋਕਾਂ ਨੂੰ ਉਨ੍ਹਾਂ ਦੇ ਜਾਨਵਰਾਂ ਸਮੇਤ ਹਿਰਾਸਤ ’ਚ ਲਿਆ ਗਿਆ।
ਉਨ੍ਹਾਂ ਦੇ ਘਰਾ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੀ ਪਛਾਣ ਕੀਤੀ ਗਈ।
ਸਰਕਾਰੀ ਪੱਧਰ ’ਤੇ ਅਜਿਹੀਆਂ ਘਟਨਾਵਾਂ ਦੀ ਪੁਸ਼ਟੀ ਜਾਂ ਫਿਰ ਰੋਕਥਾਮ ਦੀ ਗੱਲ ਨਹੀਂ ਕੀਤੀ ਗਈ ਹੈ।
ਬੀਬੀਸੀ ਉਰਦੂ ਨੇ ਇਸ ਸਬੰਧੀ ਪਾਕਿਸਤਾਨ ਦੇ ਪੰਜਾਬ ਸੂਬੇ ’ਚ ਆਈਜੀ ਪੁਲਿਸ ਡਾਕਟਰ ਉਸਮਾਨ ਅਨਵਰ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸੂਬੇ ਦੇ ਕਈ ਜ਼ਿਲ੍ਹਿਆਂ ਤੋਂ ਅਹਿਮਦੀਆ ਭਾਈਚਾਰੇ ਦੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲੈਣ ਅਤੇ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕਰਨ ਦੀਆ ਖ਼ਬਰਾਂ ਆ ਰਹੀਆਂ ਹਨ। ਇਸ ’ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਇਹ ਮੁੱਦਾ ਸਮਾਜ ’ਚ ਧਾਰਮਿਕ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਲਈ ਉਠਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਪੁਲਿਸ ਅਮਨ-ਕਾਨੂੰਨ ਦੀ ਸਥਿਤੀ ਨੂੰ ਕੰਟਰੋਲ ’ਚ ਕਰਨ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਕਦਮ ਚੁੱਕ ਰਹੀ ਹੈ।
ਡਾ. ਅਨਵਰ ਨੇ ਅੱਗੇ ਕਿਹਾ ਕਿ ਅਜਿਹੇ ਮਾਮਲਿਆਂ ’ਚ ਹਰ ਸਮੇਂ ਨਿਗਰਾਨੀ ਦੀ ਜ਼ਰੂਰਤ ਹੁੰਦੀ ਹੈ। ਇਸ ਮਾਮਲੇ ਨੂੰ ਕਾਨੂੰਨ ਦੇ ਨਾਲ ਧਾਰਮਿਕ ਸਦਭਾਵਨਾ ਕਾਇਮ ਰੱਖਣ ਦੇ ਨਜ਼ਰੀਏ ਤੋਂ ਵੇਖਿਆ ਜਾਂਦਾ ਹੈ।

ਤਸਵੀਰ ਸਰੋਤ, Getty Images
ਬਕਰੀਆਂ ਅਤੇ ਬਲਦ ਕੀਤੇ ਜ਼ਬਤ
ਅਜਿਹੀਆਂ ਰਿਪੋਰਟਾਂ ਵੀ ਆਈਆਂ ਹਨ ਕਿ ਕੁਝ ਥਾਵਾਂ ’ਤੇ ਕੱਟੜਪੰਥੀ ਵਿਚਾਰਧਾਰਾ ਤੋਂ ਪ੍ਰੇਰਿਤ ਲੋਕ ਅਹਿਮਦੀਆ ਭਾਈਚਾਰੇ ਦੇ ਲੋਕਾਂ ਦੇ ਘਰਾਂ ’ਚ ਝਾਕਦੇ ਰਹੇ।
ਰਿਪੋਰਟਾਂ ਅਨੁਸਾਰ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਕੋਟਲੀ ਦੇ ਤੱਤਾ ਪਾਣੀ ਇਲਾਕੇ ’ਚ ਇੱਕ ਨੌਜਵਾਨ ਦੂਰਬੀਨ ਦੀ ਮਦਦ ਨਾਲ ਅਹਿਮਦੀਆ ਭਾਈਚਾਰੇ ਦੇ ਘਰਾਂ ’ਚ ਝਾਕ ਰਿਹਾ ਸੀ, ਜਿਸ ਦੇ ਕਾਰਨ ਅਹਿਮਦੀਆ ਭਾਈਚਾਰੇ ਦੇ ਲੋਕਾਂ ਅਤੇ ਉਸ ਨੌਜਵਾਨ ਦਰਮਿਆਨ ਤੇਜ਼ ਤਕਰਾਰ ਹੋ ਗਿਆ।
ਕੋਟਲੀ ਦੇ ਐਸਐਸਪੀ ਰਿਆਜ਼ ਮੁਗਲ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਮਾਮਲੇ ’ਚ ਸ਼ਿਕਾਇਤ ਇਹ ਸੀ ਕਿ ਦੂਰਬੀਨ ਦੇ ਜ਼ਰੀਏ ‘ਘਰਾਂ ਦੀਆਂ ਔਰਤਾਂ ’ਤੇ ਅੱਖ ਰੱਖਣ ਦੀ ਕੋਸ਼ਿਸ਼’ ਕੀਤੀ ਜਾ ਰਹੀ ਸੀ ਪਰ ਅਸਲ ’ਚ ਉਹ ਕੁਰਬਾਨੀ ’ਤੇ ਨਜ਼ਰ ਰੱਖਣ ਦਾ ਯਤਨ ਕਰ ਰਿਹਾ ਸੀ।

ਤਸਵੀਰ ਸਰੋਤ, Getty Images
ਪੁਲਿਸ ਅਨੁਸਾਰ ਬਾਅਦ ’ਚ ਦੋਵਾਂ ਧਿਰਾਂ ਨੇ ਵਿਚਾਲੇ ਸੁਲਾਹ ਕਰਵਾ ਦਿੱਤੀ ਗਈ।
ਅਹਿਮਦੀਆ ਭਾਈਚਾਰੇ ਦਾ ਦਾਅਵਾ ਹੈ ਕਿ ਨਨਕਾਣਾ ’ਚ ਭਾਈਚਾਰੇ ਦੇ ਤਿੰਨ ਲੋਕਾਂ ਵਿਰੁੱਧ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਗਿਆ ਹੈ ਅਤੇ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਹੀ ਛਾਪੇਮਾਰੀ ਕਰ ਰਹੀ ਹੈ, ਜਦਕਿ ਸਿਆਲਕੋਟ ’ਚ 3 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਪਰ ਉਨ੍ਹਾਂ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।
ਅਹਿਮਦੀਆ ਭਾਈਚਾਰੇ ਦੇ ਅਨੁਸਾਰ, ਪੁਲਿਸ ਨੇ ਫੈਸਲਾਬਾਦ ’ਚ ਕਈ ਅਹਿਮਦੀਆ ਭਾਈਚਾਰੇ ਦੇ ਘਰਾਂ ’ਚੋਂ ਬਕਰੀਆਂ ਅਤੇ ਬਲਦ ਜ਼ਬਤ ਕੀਤੇ ਅਤੇ ਕਿਹਾ ਕਿ ਉਹ ਈਦ ਤੋਂ ਬਾਅਦ ਇਨ੍ਹਾਂ ਨੂੰ ਲੈ ਸਕਦੇ ਹਨ।
ਜ਼ਿਕਰਯੋਗ ਹੈ ਕਿ ਇਸਲਾਮਾਬਾਦ ਬਾਰ ਐਸੋਸੀਏਸ਼ਨ ਸਮੇਤ ਦੇਸ਼ ’ਚ ਵਕੀਲਾਂ ਦੇ ਕਈ ਹੋਰ ਧਾਰਮਿਕ ਸੰਗਠਨਾਂ ਨੇ ਈਦ ਦੌਰਾਨ ਪੁਲਿਸ ਨੂੰ ਕਿਹਾ ਸੀ ਕਿ ਅਹਿਮਦੀਆ ਭਾਈਚਾਰੇ ਦੇ ਲੋਕਾ ਨੂੰ ਜਾਨਵਰਾਂ ਦੀ ਕੁਰਬਾਨੀ ਦੇਣ ਤੋਂ ਰੋਕਣਾ ਉਨ੍ਹਾਂ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ।
ਬੁਲਾਰੇ ਨੇ ਯਾਦ ਕਰਵਾਇਆ ਸੁਪਰੀਮ ਕੋਰਟ ਦਾ ਫੈਸਲਾ
ਪਾਕਿਸਤਾਨ ’ਚ ਅਹਿਮਦੀਆ ਭਾਈਚਾਰੇ ਦੇ ਬੁਲਾਰੇ ਅਮੀਰ ਮਹਿਮੂਦ ਨੇ ਕਿਹਾ ਕਿ ਪਿਛਲੇ ਸਾਲ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਅਹਿਮਦੀਆ ਭਾਈਚਾਰੇ ਨੂੰ ਚਾਰ ਦੀਵਾਰੀ ਦੇ ਅੰਦਰ ਆਪਣੇ ਧਰਮ ਦਾ ਪਾਲਣ ਕਰਨ ਦੀ ਪੂਰੀ ਆਜ਼ਾਦੀ ਹੈ।
ਉਨ੍ਹਾਂ ਅਨੁਸਾਰ ਅਦਾਲਤ ਦੇ ਫੈਸਲੇ ’ਚ ਕਿਹਾ ਗਿਆ ਹੈ, “ ਗੈਰ-ਮੁਸਲਿਮ ਘੱਟ ਗਿਣਤੀ ਨੂੰ ਆਪਣੇ ਧਾਰਮਿਕ ਵਿਸ਼ਵਾਸਾਂ ਦਾ ਪਾਲਣ ਕਰਨ ਦੀ ਇਜਾਜ਼ਤ ਹੈ ਅਤੇ ਘਰ ਦੇ ਅੰਦਰ ਉਨ੍ਹਾਂ ਨੂੰ ਇਸ ਦੀ ਪਾਲਣਾ ਕਰਨ ਤੋਂ ਰੋਕਣਾ ਸੰਵਿਧਾਨ ਦੇ ਵਿਰੁੱਧ ਹੈ।”
ਅਮੀਰ ਮਹਿਮੂਦ ਨੇ ਅੱਗੇ ਕਿਹਾ ਕਿ “ ਪਿਛਲੇ ਕੁਝ ਸਾਲਾਂ ਤੋਂ ਅਹਿਮਦੀਆ ਭਾਈਚਾਰੇ ਦੇ ਲੋਕਾਂ ਨੂੰ ਈਦ ਮੌਕੇ ਕੁਰਬਾਨੀ ਦੇਣ ਤੋਂ ਰੋਕਿਆ ਜਾ ਰਿਹਾ ਹੈ।”
ਉਨ੍ਹਾਂ ਕਿਹਾ ਕਿ ਅਹਿਮਦੀਆ ਭਾਈਚਾਰੇ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਸੀ। ਭਾਈਚਾਰੇ ਨੇ ਮੰਗ ਕੀਤੀ ਸੀ ਕਿ ਈਦ ਮੌਕੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਅਤੇ ਚਾਰ ਦੀਵਾਰੀ ਦੇ ਅੰਦਰ ਆਪਣੇ ਧਰਮ ਦੀ ਪਾਲਣਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ।












