ਲਕਸ਼ਮੀ ਬਾਈ: 'ਡੋਕਟਰਾਈਨ ਆਫ਼ ਲੈਪਸ’ ਕੀ ਸੀ ਜਿਸ ਨਾਲ ਅੰਗਰੇਜ਼ਾਂ ਨੇ ਰਣਜੀਤ ਸਿੰਘ ਤੇ ਝਾਂਸੀ ਦੇ ਰਾਜ ਖੋਹੇ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
20 ਨਵੰਬਰ 1853 ਨੂੰ ਦੁਪਹਿਰ ਦੇ 3 ਵਜੇ ਝਾਂਸੀ ਦੇ ਰਾਜਾ ਗੰਗਾਧਰ ਰਾਓ ਨੇ 5 ਸਾਲ ਦੇ ਬੱਚੇ ਦਾਮੋਦਰ ਰਾਓ ਨੂੰ ਗੋਦ ਲੈਣ ਦੇ ਇੱਕ ਸਮਾਗਮ ਦਾ ਆਯੋਜਨ ਕੀਤਾ ਸੀ।
ਉਨ੍ਹਾਂ ਨੇ ਇਸ ਸਮਾਰੋਹ ’ਚ ਬ੍ਰਿਟਿਸ਼ ਸਰਕਾਰ ਦੇ ਸਿਆਸੀ ਏਜੰਟ ਮੇਜਰ ਐਲਿਸ ਨੂੰ ਵੀ ਸੱਦਾ ਦਿੱਤਾ ਸੀ। ਸਮਾਗਮ ਤੋਂ ਬਾਅਦ ਮੇਜਰ ਐਲਿਸ ਨੇ ਅੰਗਰੇਜ਼ੀ ’ਚ ਭਾਸ਼ਣ ਦਿੱਤਾ ਸੀ, ਜਿਸ ਨੂੰ ਉੱਥੇ ਮੌਜੁਦ ਵਧੇਰੇ ਲੋਕ ਸਮਝ ਹੀ ਨਹੀਂ ਸਕੇ ਸਨ।
ਭਾਸ਼ਣ ਦਾ ਆਖਰੀ ਕਥਨ ਸੀ, ‘ ਯੂਅਰ ਹਾਈਨੈਸ, ਬ੍ਰਿਟਿਸ਼ ਸਰਕਾਰ ਤੁਹਾਡੀ ਵਸੀਅਤ ਦਾ ਸਨਮਾਨ ਕਰੇ, ਉਸ ਦੇ ਲਈ ਮੈਂ ਪੂਰੀ ਕੋਸ਼ਿਸ਼ ਕਰਾਂਗਾ’।
ਅਗਲੇ ਹੀ ਦਿਨ ਤੜਕੇ ਸਾਢੇ ਚਾਰ ਵਜੇ ਝਾਂਸੀ ਦੇ 7ਵੇਂ ਰਾਜਾ ਗੰਗਾਧਰ ਰਾਓ ਦਾ ਦੇਹਾਂਤ ਹੋ ਗਿਆ ਸੀ।
ਲਗਭਗ 4 ਮਹੀਨੇ ਬਾਅਦ 15 ਮਾਰਚ, 1854 ਨੂੰ 11 ਵਜੇ ਦੇ ਕਰੀਬ ਸਿਆਸੀ ਏਜੰਟ ਮੇਜਰ ਐਲਿਸ ਨੇ ਝਾਂਸੀ ਦੇ ਕਿਲੇ ਦੇ ਦਰਵਾਜ਼ੇ ’ਤੇ ਪਹੁੰਚ ਕੇ ਰਾਣੀ ਲਕਸ਼ਮੀ ਬਾਈ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਸੀ।
ਇਸ ਗੁਜ਼ਾਰਿਸ਼ ਦੀ ਅਜੀਬ ਗੱਲ ਇਹ ਸੀ ਕਿ ਉਨ੍ਹਾਂ ਨੇ ਰਾਣੀ ਲਕਸ਼ਮੀ ਬਾਈ ਨੂੰ ਕਿਹਾ ਸੀ ਕਿ ਇਸ ਮੁਲਾਕਾਤ ’ਚ ਉਨ੍ਹਾਂ ਦੇ ਮੰਤਰੀ ਵੀ ਮੌਜੂਦ ਹੋਣ ਤਾਂ ਵਧੀਆ ਰਹੇਗਾ।

ਤਸਵੀਰ ਸਰੋਤ, Getty Images
ਕ੍ਰਿਸਟੋਫ਼ਰ ਹਿਬਰਟ ਆਪਣੀ ਕਿਤਾਬ ਦ ਗ੍ਰੇਟ ਇੰਡੀਅਨ ਮਿਊਨਿਟੀ 1857 ’ਚ ਲਿਖਦੇ ਹਨ, “ ਮੇਜਰ ਐਲਿਸ ਨੇ ਆਪਣਾ ਗਲਾ ਸਾਫ਼ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਕਲਕੱਤਾ ਤੋਂ ਸੁਨੇਹਾ ਆਇਆ ਹੈ। ਭਾਰਤ ਦੇ ਗਵਰਨਰ ਜਨਰਲ ਨੇ ਦਾਮੋਦਰ ਰਾਓ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਹੈ।”
ਜਿਸ ਦੇ ਨਤੀਜੇ ਵੱਜੋਂ ਬ੍ਰਿਟਿਸ਼ ਸਰਕਾਰ ਨੇ ਝਾਂਸੀ ਰਾਜ ’ਤੇ ਆਪਣਾ ਕਬਜ਼ਾ ਕਰਨ ਦਾ ਫੈਸਲਾ ਕੀਤਾ ਹੈ।
ਹੁਣ ਤੋਂ ਝਾਂਸੀ ਰਿਆਸਤ ਦੇ ਨਾਗਰਿਕ ਬ੍ਰਿਟਿਸ਼ ਸਰਕਾਰ ਦੇ ਸ਼ਾਸਨ ’ਚ ਰਹਿਣਗੇ ਅਤੇ ਉਹ ਹਰ ਤਰ੍ਹਾਂ ਦਾ ਕਰ ਵੀ ਉਨ੍ਹਾਂ ਅੱਗੇ ਹੀ ਅਦਾ ਕਰਨਗੇ ਅਤੇ ਇਸ ਦੀ ਹੀ ਉਮੀਦ ਵੀ ਕੀਤੀ ਜਾਂਦੀ ਹੈ।
ਇੱਥੇ ਮੌਜੂਦ ਇੱਕ ਅਨੁਵਾਦਕ ਨੇ ਐਲਿਸ ਦੇ ਇਸ ਬਿਆਨ ਦਾ ਮਰਾਠੀ ’ਚ ਅਨੁਵਾਦ ਕੀਤਾ ਸੀ।
ਇਹ ਸੁਣਦਿਆਂ ਹੀ ਰਾਣੀ ਨੇ ਆਪਣੇ ਆਸਨ ਤੋਂ ਉੱਠਣ ਦਾ ਯਤਨ ਕੀਤਾ, ਪਰ ਉਨ੍ਹਾਂ ਦੀ ਸਹਾਇਕ ਮੰਦੇਰ ਨੇ ਹੌਲੀ ਜਿਹੇ ਉਨ੍ਹਾਂ ਦੀ ਬਾਂਹ ਫੜ੍ਹ ਕੇ ਉਨ੍ਹਾਂ ਨੂੰ ਰੋਕ ਲਿਆ ਸੀ। ਰਾਣੀ ਆਪਣੇ ਆਸਨ ’ਤੇ ਹੀ ਬੈਠੀ ਰਹੀ। ਕੁਝ ਦੇਰ ਦੀ ਚੁੱਪ ਤੋਂ ਬਾਅਦ ਹਾਲ ’ਚ ਉਨ੍ਹਾਂ ਦੀ ਮਜ਼ਬੂਤ ਆਵਾਜ਼ ’ਚ ਉਹ ਮਸ਼ਹੂਰ ਬੋਲ ਗੂੰਜ ਉੱਠੇ ਸਨ- ‘ਮੈਂ ਝਾਂਸੀ ਨਹੀਂ ਦੇਵਾਂਗੀ’।
ਮੇਜਰ ਐਲਿਸ ਨੇ ਉਨ੍ਹਾਂ ਨੂੰ ਦਿਲਾਸਾ ਦੇਣ ਦਾ ਯਤਨ ਕੀਤਾ ਸੀ, ‘ ਯੂਅਰ ਹਾਈਨੈਸ, ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਬਣਦਾ ਪੈਸਾ ਦਿੱਤਾ ਜਾਵੇ ਅਤੇ ਬ੍ਰਿਟਿਸ਼ ਸਰਕਾਰ ਤੁਹਾਡੇ ਨਾਲ ਚੰਗਾ ਸਲੂਕ ਕਰੇ। ਨਿੱਜੀ ਤੌਰ ’ਤੇ ਮੈਂ ਇਸ ਫੈਸਲੇ ਦੀ ਨਿੰਦਾ ਕਰਦਾ ਹਾਂ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਤੁਹਾਨੂੰ ਇਹ ਫੈਸਲਾ ਸੁਣਾਵਾਂ’।
ਰਾਣੀ ਨੇ ਆਪਣੇ ਸਾਰੇ ਮੰਤਰੀਆਂ, ਰਿਸ਼ਤੇਦਾਰਾਂ ਅਤੇ ਸਹਾਇਕਾਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਅਤੇ ਆਪਣੇ ਆਪ ਨੂੰ ਇੱਕ ਕਮਰੇ ’ਚ ਬੰਦ ਕਰ ਲਿਆ ਸੀ।

ਤਸਵੀਰ ਸਰੋਤ, Getty Images
ਰਾਣੀ ਨੇ ਅੰਗਰੇਜ਼ਾਂ ਨਾਲ ਲੜਨ ਦਾ ਕੀਤਾ ਫੈਸਲਾ
ਸ਼ਾਮ ਤੱਕ ਝਾਂਸੀ ਦੇ ਕਿਲ੍ਹੇ ’ਚ ਲੋਕਾਂ ਦੀ ਭੀੜ ਇੱਕਠੀ ਹੋ ਗਈ ਸੀ। ਅੰਗਰੇਜ਼ਾਂ ਵੱਲੋਂ ਝਾਂਸੀ ’ਤੇ ਕਬਜ਼ੇ ਦੀ ਖ਼ਬਰ ਅੱਗ ਵਾਂਗ ਫੈਲ ਗਈ ਸੀ।
ਲੋਕਾਂ ਨੇ ਆਪੋ ਆਪਣੀ ਦੁਕਾਨਾਂ ਬੰਦ ਕਰ ਦਿੱਤੀਆਂ ਸਨ ਅਤੇ ਇਸ ਫੈਸਲੇ ਦੇ ਵਿਰੋਧ ’ਚ ਉਨ੍ਹਾਂ ਨੇ ਆਪਣੇ ਘਰਾਂ ’ਚ ਦੀਵਾ ਨਾ ਜਗਾਉਣ ਦਾ ਫੈਸਲਾ ਕੀਤਾ ਸੀ। ਪੂਰੇ ਸ਼ਹਿਰ ’ਚ ਹਨੇਰਾ ਛਾ ਗਿਆ ਸੀ।
ਰਾਣੀ ਨੇ ਆਪਣੇ ਪਿਤਾ ਜੀ ਰਾਹੀਂ ਲੋਕਾਂ ਤੱਕ ਸੁਨੇਹਾ ਪਹੁੰਚਾਇਆ ਸੀ, “ ਤੁਸੀਂ ਲੋਕ ਸ਼ਾਂਤੀ ਨਾਲ ਆਪੋ ਆਪਣੇ ਘਰਾਂ ਨੂੰ ਜਾਓ। ਅਜੇ ਸਭ ਕੁਝ ਖ਼ਤਮ ਨਹੀਂ ਹੋਇਆ ਹੈ। ਅਸੀਂ ਮੁਸ਼ਕਲ ਸਮੇਂ ’ਚੋਂ ਲੰਘ ਰਹੇ ਹਾਂ ਪਰ ਤੁਹਾਡੀ ਰਾਣੀ ਇਸ ਦਾ ਕੋਈ ਨਾ ਕੋਈ ਹੱਲ ਜ਼ਰੂਰ ਲੱਭ ਲਵੇਗੀ।”
ਇਸ ਤੋਂ ਬਾਅਦ ਰਾਣੀ ਲਕਸ਼ਮੀਬਾਈ ਨੇ ਆਪਣੇ ਵਿਸ਼ੇਸ਼ ਸਲਾਹਕਾਰਾਂ ਦੀਵਾਨ ਨਰਨਸੇਨ, ਕਸ਼ਮੀਰ ਮਲ ਅਤੇ ਆਪਣੇ ਪਿਤਾ ਮੋਰੋਪੰਤ ਤਾਂਬੇ ਨੂੰ ਆਪਣੇ ਕਮਰੇ ’ਚ ਆਉਣ ਲਈ ਕਿਹਾ।
ਉਨ੍ਹਾਂ ਕਿਹਾ, “ ਮੈਂ ਇਸ ਫੈਸਲੇ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਸਾਡੇ ਕੋਲ ਫੌਜ ਹੈ ਅਤੇ ਝਾਂਸੀ ਦੇ ਲੋਕ ਵੀ ਮੇਰੇ ਨਾਲ ਹਨ। ਮੈਂ ਉਨ੍ਹਾਂ ਦੀ ਅਗਵਾਈ ਕਰਾਂਗੀ ਅਤੇ ਅੰਗਰੇਜ਼ਾਂ ਨੂੰ ਟੱਕਰ ਦੇਵਾਂਗੀ। ਹੋ ਸਕਦਾ ਹੈ ਕਿ ਅਸੀਂ ਹਾਰ ਜਾਈਏ ਪਰ ਅਸੀਂ ਬੇਇੱਜ਼ਤ ਹੋਣ ਤੋਂ ਬਚ ਸਕਦੇ ਹਾਂ।”

ਝਾਂਸੀ ਦੀ ਰਾਣੀ ਲਕਸ਼ਮੀਬਾਈ ਬਾਰੇ ਖਾਸ ਗੱਲਾਂ:
- ਬ੍ਰਿਟਿਸ਼ ਸਰਕਾਰ ਨੇ ਝਾਂਸੀ ਰਾਜ ’ਤੇ ਆਪਣਾ ਕਬਜ਼ਾ ਕਰਨ ਦਾ ਫੈਸਲਾ ਕੀਤਾ ਸੀ
- ਝਾਂਸੀ ਦੀ ਰਾਣੀ ਲਕਸ਼ਮੀਬਾਈ ਨੇ ਅੰਗਰੇਜ਼ਾਂ ਨਾਲ ਲੜਨ ਤੇ ਅੰਗਰੇਜ਼ਾਂ ਨੂੰ ਟੱਕਰ ਦੇਣ ਦਾ ਫੈਸਲਾ ਕੀਤਾ
- ਰਾਣੀ ਲਕਸ਼ਮੀਬਾਈ ਦਾ ਬਚਪਨ ਦਾ ਨਾਮ ਮਣੀਕਰਨੀਕਾ ਸੀ
- ਉਨ੍ਹਾਂ ਦਾ 15 ਸਾਲ ਦੀ ਉਮਰ ’ਚ ਝਾਂਸੀ ਦੇ ਰਾਜਾ ਗੰਗਾਧਰ ਰਾਓ ਨਾਲ ਵਿਆਹ ਹੋਇਆ ਸੀ
- ਬ੍ਰਿਟੇਨ ਤੋਂ ਆਏ ਅੰਗਰੇਜ਼ ਸੈਨਿਕਾਂ ਨੂੰ ਝਾਂਸੀ ਦਾ ਵਿਦਰੋਹ ਕੁਚਲਣ ਲਈ ਭੇਜਿਆ ਗਿਆ

15 ਸਾਲ ਦੀ ਉਮਰ ’ਚ ਝਾਂਸੀ ਦੇ ਰਾਜਾ ਗੰਗਾਧਰ ਰਾਓ ਨਾਲ ਕੀਤਾ ਵਿਆਹ
ਰਾਣੀ ਲਕਸ਼ਮੀਬਾਈ ਦਾ ਬਚਪਨ ਦਾ ਨਾਮ ਮਣੀਕਰਨੀਕਾ ਸੀ। ਉਨ੍ਹਾਂ ਦਾ ਜਨਮ ਵਾਰਾਣਸੀ ’ਚ ਹੋਇਆ ਸੀ।
ਉਨ੍ਹਾਂ ਦੇ ਪਿਤਾ ਮੋਰੋਪੰਤ ਤਾਂਬੇ ਬਰਖਾਸਤ ਮਰਾਠਾ ਪੇਸ਼ਵਾ ਦੇ ਭਰਾ ਦੇ ਸਲਾਹਕਾਰ ਸਨ।
ਰਾਣੀ ਲਕਸ਼ਮੀਬਾਈ ਦੇ ਬਚਪਨ ’ਚ ਸੀ, ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ ਬਚਪਨ ਤੋਂ ਹੀ ਘੋੜ ਸਵਾਰੀ ਕਰਨਾ ਅਤੇ ਤਲਵਾਰ ਚਲਾਉਣਾ ਸਿੱਖ ਲਿਆ ਸੀ।
1843 ’ਚ ਸਿਰਫ਼ 15 ਸਾਲ ਦੀ ਉਮਰ ’ਚ ਉਨ੍ਹਾਂ ਦਾ ਵਿਆਹ ਝਾਂਸੀ ਦੇ ਰਾਜਾ ਗੰਗਾਧਰ ਰਾਓ ਨਾਲ ਹੋ ਗਿਆ ਸੀ।
1842 ’ਚ ਉਨ੍ਹਾਂ ਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਗਿਆ ਸੀ।
ਇਰਾ ਮੁਖੌਟੀ ਆਪਣੀ ਕਿਤਾਬ ‘ਹੀਰੋਇਨਜ਼, ਪਾਵਰਫੁੱਲ ਇੰਡੀਅਨ ਵੀਮੈਨ ਆਫ਼ ਮਿੱਥ ਐਂਡ ਹਿਸਟਰੀ’ ’ਚ ਲਿਖਦੇ ਹਨ, “ ਵਿਆਹ ਦੇ ਸਮੇਂ ਰਾਣੀ ਦਾ ਨਾਮ ਮਣੀਕਰਨੀਕਾ ਤੋਂ ਬਦਲ ਕੇ ਲਕਸ਼ਮੀਬਾਈ ਰੱਖ ਦਿੱਤਾ ਗਿਆ ਸੀ। ਉਹ 1853 ’ਚ ਗੰਗਾਧਰ ਰਾਓ ਦੀ ਮੌਤ ਤੱਕ 10 ਸਾਲਾਂ ਤੱਕ ਝਾਂਸੀ ਦੀ ਰਾਣੀ ਰਹੀ। ਉਨ੍ਹਾਂ ਦੇ ਵਿਆਹ ਦੀ ਅਜੀਬੋ-ਗਰੀਬ ਗੱਲ ਇਹ ਸੀ ਕਿ ਉਨ੍ਹਾਂ ਦੇ ਪਿਤਾ ਮੋਰੋਪੰਤ ਤਾਂਬੇ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਸੁਹਰੇ ਘਰ ਆਏ ਸਨ ਅਤੇ ਉਨ੍ਹਾਂ ਦੇ ਨਾਲ ਹੀ ਝਾਂਸੀ ’ਚ ਰਹਿਣ ਲੱਗ ਪਏ ਸਨ।”

ਤਸਵੀਰ ਸਰੋਤ, Getty Images
ਗਵਰਨਰ ਜਨਰਲ ਡਲਹੌਜ਼ੀ ਨੇ ਕੀਤਾ ਸੀ ‘ ਡੋਕਟਰਾਈਨ ਆਫ਼ ਲੈਪਸ’ ਲਾਗੂ
ਲਕਸ਼ਮੀਬਾਈ ਦੇ ਪਤੀ ਗੰਗਾਧਰ ਰਾਓ ਨੂੰ ਔਰਤਾਂ ਵਾਂਗ ਕੱਪੜੇ-ਲੱਤੇ ਪਾਉਣ ਅਤੇ ਤਿਆਰ ਹੋਣ ਦਾ ਅਜੀਬ ਹੀ ਸ਼ੌਕ ਸੀ।
ਵਿਸ਼ਣੂਭੱਟ ਗੋਡਸੇ, ਜੋ ਕਿ ਉਨੀਂ ਦਿਨੀਂ ਝਾਂਸੀ ’ਚ ਹੀ ਸਨ, ਨੇ ਆਪਣੀ ਸਵੈ-ਜੀਵਨੀ ‘ਮਾਈ ਟਰੈਵਲਜ਼, ਦ ਸਟੋਰੀ ਆਫ਼ ਦ 1857 ਮਿਊਨਿਟੀ’ ’ਚ ਲਿਖਦੇ ਹਨ, “ ਇਸ ਤਰ੍ਹਾਂ ਦੀਆ ਅਫ਼ਵਾਹਾਂ ਸਨ ਕਿ ਗੰਗਾਧਰ ਰਾਓ ਕਈ ਵਾਰ ਔਰਤਾਂ ਵਾਂਗ ਵਿਵਹਾਰ ਕਰਨਾ ਸ਼ੁਰੂ ਕਰ ਦਿੰਦੇ ਸਨ। ਉਹ ਅਚਾਨਕ ਮਹੱਲ ਦੀ ਛੱਤ ’ਤੇ ਜਾ ਕੇ ਮਰਦਾਂ ਵਾਲੇ ਕੱਪੜੇ ਲਾਹ ਕੇ ਸਾੜੀ ਪਹਿਣ ਲੈਂਦੇ ਸਨ ਅਤੇ ਹੱਥਾਂ ’ਚ ਕੜੇ, ਗਲੇ ’ਚ ਮੋਤੀਆਂ ਦਾ ਹਾਰ, ਨੱਕ ’ਚ ਨੱਥਨੀ ਅਤੇ ਪੈਰਾਂ ’ਚ ਝਾਂਜਰਾਂ ਵੀ ਪਹਿਨਦੇ ਸਨ।”
ਲਕਸ਼ਮੀਬਾਈ ਆਪਣੇ ਪਤੀ ਦੀਆਂ ਅਜਿਹੀਆਂ ਹਰਕਤਾਂ ਬਾਰੇ ਕੀ ਸੋਚਦੀ ਸੀ ਜਾਂ ਉਨ੍ਹਾਂ ਦੀ ਆਪਣੇ ਪਤੀ ਬਾਰੇ ਕੀ ਰਾਏ ਸੀ, ਇਸ ਸਬੰਧੀ ਕੋਈ ਵੀ ਪ੍ਰਮਾਣ ਜਾਂ ਦਸਤਾਵੇਜ਼ ਮੌਜੂਦ ਨਹੀਂ ਹੈ।”
ਲਾਰਡ ਡਲਹੌਜ਼ੀ ਜਦੋਂ ਭਾਰਤ ਦੇ ਗਵਰਨਰ ਜਨਰਲ ਬਣੇ ਤਾਂ ਉਸ ਸਮੇਂ ਉਨ੍ਹਾਂ ਦੀ ਉਮਰ 36 ਸਾਲ ਸੀ।
ਉਨ੍ਹਾਂ ਨੇ 'ਡੋਕਟਰਾਈਨ ਆਫ਼ ਲੈਪਸ’ ਲਾਗੂ ਕੀਤਾ ਸੀ, ਜਿਸ ਦੇ ਅਨੁਸਾਰ ਜੇਕਰ ਕੋਈ ਰਾਜਾ ਬੇ-ਔਲਾਦ ਮਰ ਜਾਂਦਾ ਸੀ ਤਾਂ ਉਹ ਆਪਣੇ ਵਾਰਸ ਨੂੰ ਗੋਦ ਨਹੀਂ ਲੈ ਸਕਦਾ ਸੀ ਅਤੇ ਉਸ ਦੇ ਰਾਜ ਨੂੰ ਬ੍ਰਿਟਿਸ਼ ਰਾਜ ’ਚ ਮਿਲਾ ਲਿਆ ਜਾਂਦਾ ਸੀ।
ਇਸ ਤਰ੍ਹਾਂ ਅੰਗਰੇਜ਼ਾਂ ਨੇ ਪੰਜਾਬ, ਸਿੱਕਮ, ਅਵਧ ਅਤੇ ਉਦੈਪੁਰ ਨੂੰ ਆਪਣੇ ਅਧੀਨ ਕਰ ਲਿਆ ਸੀ। ਜਦੋਂ ਝਾਂਸੀ ਨੂੰ ਵੀ ਇਸੇ ਤਰ੍ਹਾਂ ਅੰਗਰੇਜ਼ੀ ਰਾਜ ਦਾ ਹਿੱਸਾ ਬਣਾਇਆ ਗਿਆ ਤਾਂ ਰਾਣੀ ਲਕਸ਼ਮੀਬਾਈ ਨੇ ਗਵਰਨਰ ਜਨਰਲ ਨੂੰ ਇੱਕ ਪੱਤਰ ਲਿਖ ਕੇ ਇਸ ਨੂੰ ਲਾਗੂ ਕਰਨ ਲਈ ਇੱਕ ਮਹੀਨੇ ਦਾ ਸਮਾਂ ਮੰਗਿਆ।
ਪਰ ਅੰਗਰੇਜ਼ਾਂ ਨੇ ਇਸ ਗੁਜ਼ਾਰਿਸ਼ ਨੂੰ ਨਾ ਮੰਨਿਆ ਅਤੇ ਉਨ੍ਹਾਂ ਨੂੰ ਰਾਜ ਮਹੱਲ ਛੱਡ ਕੇ ਜਾਣ ਇੱਕ ਤਿੰਨ ਮੰਜ਼ਿਲਾ ਹਵੇਲੀ ‘ਰਾਣੀ ਮਹੱਲ’ ‘ਚ ਜਾਣ ਲਈ ਮਜਬੂਰ ਕੀਤਾ ਸੀ।

ਤਸਵੀਰ ਸਰੋਤ, ALEPH
ਜੌਨ ਲੈਂਗ ਨੂੰ ਰਾਣੀ ਨੂੰ ਵੇਖਣ ਦਾ ਮਿਲਿਆ ਮੌਕਾ
ਰਾਣੀ ਲਕਸ਼ਮੀਬਾਈ ਨੇ ਉਸ ਸਮੇਂ ਦੇ ਮਸ਼ਹੂਰ ਵਕੀਲ ਜੌਨ ਲੈਂਗ ਦੀਆ ਸੇਵਾਵਾਂ ਲਈਆਂ ਸਨ। ਲੈਂਗ ਅਸਟ੍ਰੇਲੀਆ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਦੇ ਖਿਲਾਫ ਕਈ ਮੁੱਕਦਮੇ ਜਿੱਤੇ ਸਨ। ਉਹ ਮੇਰਠ ’ਚ ਰਹਿੰਦੇ ਸਨ ਅਤੇ ਉੱਥੋਂ ਹੀ ਇੱਕ ਅਖ਼ਬਾਰ ‘ਮੁਫ਼ਸਿੱਲ’ ਕੱਢਦੇ ਸਨ।
ਉਨ੍ਹਾਂ ਨੂੰ ਫ਼ਾਰਸੀ ਅਤੇ ਹਿੰਦੁਸਤਾਨੀ ਬੋਲਣੀ ਆਉਂਦੀ ਸੀ। ਰਾਣੀ ਨੇ ਆਪਣਾ ਕੇਸ ਸਮਝਾਉਣ ਲਈ ਉਨ੍ਹਾਂ ਨੂੰ ਝਾਂਸੀ ਬੁਲਾਇਆ ਸੀ। ਉਹ ਉਨ੍ਹਾਂ ਨੂੰ ਪਰਦੇ ਦੇ ਪਿੱਛੇ ਮਿਲੇ ਸਨ ਪਰ ਲੈਂਗ ਨੂੰ ਇਤਫ਼ਾਕਨ ਰਾਣੀ ਨੂੰ ਵੇਖਣ ਦਾ ਮੌਕਾ ਮਿਲ ਗਿਆ ਸੀ।
ਲੈਂਗ ਆਪਣੀ ਕਿਤਾਬ ‘ਇਨ ਦ ਕੋਰਟ ਆਫ਼ ਰਾਣੀ ਆਫ਼ ਝਾਂਸੀ’ ’ਚ ਲਿਖਦੇ ਹਨ, “ ਰਾਣੀ ਦੇ ਪੁੱਤਰ ਨੇ ਅਚਾਨਕ ਹੀ ਪਰਦਾ ਹਟਾ ਦਿੱਤਾ ਸੀ ਅਤੇ ਕੁਝ ਪਲਾਂ ਲਈ ਮੈਨੂੰ ਰਾਣੀ ਨੂੰ ਮਿਲਣ ਦਾ ਮੌਕਾ ਮਿਲ ਗਿਆ ਸੀ। ਉਹ ਦਰਮਿਆਨੇ ਕੱਦ ਦੀ ਔਰਤ ਸਨ ਅਤੇ ਉਨ੍ਹਾਂ ਦਾ ਚਿਹਰਾ ਗੋਲ ਸੀ। ਉਨ੍ਹਾਂ ਦਾ ਰੰਗ ਨਾ ਤਾਂ ਗੋਰਾ ਸੀ ਅਤੇ ਨਾ ਹੀ ਕਾਲਾ। ਉਨ੍ਹਾਂ ਦਾ ਰੰਗ ਕਣਕਵੰਨਾ ਸੀ। ਉਨ੍ਹਾਂ ਨੇ ਸਿਰਫ ਕੰਨ ’ਚ ਸੋਨੇ ਦੀ ਵਾਲੀ ਪਾਈ ਹੋਈ ਸੀ ਅਤੇ ਇਸ ਤੋਂ ਇਲਾਵਾ ਹੋਰ ਕੋਈ ਵੀ ਗਹਿਣਾ ਉਨ੍ਹਾਂ ਦੇ ਸਰੀਰ ’ਤੇ ਨਹੀਂ ਸੀ। ਉਨ੍ਹਾਂ ਨੇ ਚਿੱਟੇ ਰੰਗ ਦੀ ਮਲਮਲ ਦੀ ਸਾੜੀ ਪਾਈ ਹੋਈ ਸੀ।”
“ਉਨ੍ਹਾਂ ਦੀ ਇਕੋ ਚੀਜ਼ ਮਾੜੀ ਸੀ ਅਤੇ ਉਹ ਸੀ ਉਨ੍ਹਾਂ ਦੀ ਖਰਵੜੀ ਆਵਾਜ਼। ਪਰਦਾ ਹਟਾਉਣ ’ਤੇ ਉਹ ਥੋੜਾ ਨਰਾਜ਼ ਜਰੂਰ ਹੋਈ ਸੀ ਅਤੇ ਫਿਰ ਹੱਸਦੇ ਹੋਏ ਉਨ੍ਹਾਂ ਕਿਹਾ ਕਿ ‘ਮੈਂ ਉਮੀਦ ਕਰਦੀ ਹਾਂ ਕਿ ਮੈਨੂੰ ਵੇਖ ਕੇ ਤੁਹਾਡੀ ਮੇਰੇ ਅਤੇ ਮੇਰੇ ਦੁੱਖਾਂ ਪ੍ਰਤੀ ਹਮਦਰਦੀ ਘੱਟ ਨਹੀਂ ਹੋਈ ਹੋਵੇਗੀ’।
ਮੈਂ ਇਸ ਦੇ ਜਵਾਬ ’ਚ ਕਿਹਾ ਸੀ, “ਜੇਕਰ ਗਵਰਨਰ ਜਨਰਲ ਨੂੰ ਮੇਰੀ ਤਰ੍ਹਾਂ ਤੁਹਾਨੂੰ ਵੇਖਣ ਦਾ ਮੌਕਾ ਮਿਲ ਜਾਂਦਾ ਤਾਂ ਉਹ ਤੁਰੰਤ ਤੁਹਾਨੂੰ ਝਾਂਸੀ ਭੇਜ ਦਿੰਦਾ।”

ਤਸਵੀਰ ਸਰੋਤ, Getty Images
ਅੰਗਰੇਜ਼ਾਂ ਨੇ ਰਾਣੀ ਦੀ ਅਪੀਲ ਠੁਕਰਾਈ
ਲੈਂਗ ਅਤੇ ਰਾਣੀ ਵਿਚਾਲੇ ਕਈ ਘੰਟਿਆਂ ਤੱਕ ਸਲਾਹ ਮਸ਼ਵਰਾ ਚੱਲਦਾ ਰਿਹਾ। ਉਨ੍ਹਾਂ ਨੇ ਲੈਂਗ ਦੀ ਮਦਦ ਨਾਲ ਗਵਰਨਰ ਜਨਰਲ ਡਲਹੌਜ਼ੀ ਨੂੰ ਅਪੀਲ ਕਰਕੇ ਉਨ੍ਹਾਂ ਨੂੰ 1804, 1817 ਅਤੇ 1832 ’ਚ ਕੀਤੀਆਂ ਗਈਆ ਸੰਧੀਆਂ ਦੀ ਯਾਦ ਦਵਾਈ, ਜਿਸ ’ਚ ਰਾਮਚੰਦਰ ਰਾਓ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਝਾਂਸੀ ’ਤੇ ਰਾਜ ਕਰਨ ਦੀ ਗਰੰਟੀ ਦਿੱਤੀ ਗਈ ਸੀ, ਪਰ ਡਲਹੌਜ਼ੀ ਨੇ ਇਸ ਅਪੀਲ ਨੂੰ ਰੱਦ ਕਰ ਦਿੱਤਾ ਸੀ।
1854 ’ਚ ਝਾਂਸੀ ’ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਅਤੇ ਕੈਪਟਨ ਅਲੈਗਜ਼ੈਂਡਰ ਸਕੀਨ ਨੂੰ ਝਾਂਸੀ ’ਚ ਸੁਪਰਡੈਂਟ ਨਿਯੁਕਤ ਕੀਤਾ ਗਿਆ। ਰਾਣੀ ਦੀ ਪੈਨਸ਼ਨ ਪੱਕੀ ਕਰ ਦਿੱਤੀ ਗਈ ਅਤੇ ਅੰਗਰੇਜ਼ ਕਿਸਾਨਾਂ ਤੋਂ ਭੂਮੀ ਕਰ ਵਸੂਲਣ ਲੱਗ ਪਏ।
ਇੱਕ ਸਮੇਂ ਰਾਣੀ ਨੇ ਵਾਪਸ ਵਾਰਾਣਸੀ ਪਰਤਣ ਦਾ ਮਨ ਵੀ ਬਣਾਇਆ, ਪਰ ਉਨ੍ਹਾਂ ਦੇ ਸਲਾਹਕਾਰਾਂ ਨੇ ਅਜਿਹਾ ਨਾ ਕਰਨ ਲਈ ਕਿਹਾ। ਇਸ ਦੌਰਾਨ ਰਾਣੀ ਨੇ ਮੁੜ ਤੋਂ ਘੋੜ ਸਵਾਰੀ ਕਰਨੀ ਸ਼ੁਰੂ ਕਰ ਦਿੱਤੀ।
ਝਾਂਸੀ ਦੇ ਨਜ਼ਦੀਕ ਉਨ੍ਹਾਂ ਨੂੰ ਘੋੜ ਸਵਾਰੀ ਕਰਦੇ ਵੇਖਿਆ ਜਾਂਦਾ ਅਤੇ ਉਹ ਰਾਣੀ ਨਾ ਹੁੰਦੇ ਹੋਏ ਵੀ ਰੋਜ਼ਾਨਾ ਸ਼ਾਮ ਨੂੰ ਦਰਬਾਰ ਜਰੂਰ ਲਗਾਉਂਦੇ।
ਉਸ ਦੌਰਾਨ ਉਹ ਅਕਸਰ ਹੀ ਚਿੱਟੇ ਰੰਗ ਦੀ ਚੰਗੇਰੀ ਸਾੜੀ ਪਹਿਨਦੇ ਪਰ ਕਈ ਵਾਰ ਮਰਦਾਂ ਵਾਂਗ ਢਿੱਲਾ ਪਜ਼ਾਮਾ, ਕੱਸਿਆ ਕੋਟ ਅਤੇ ਵਾਲਾ ਨੂੰ ਢੱਕਣ ਲਈ ਪੱਗ ਵੀ ਪਹਿਨਦੇ ਸਨ।
ਉਹ 1856 ਤੱਕ ਅੰਗਰੇਜ਼ਾਂ ਅੱਗੇ ਝਾਂਸੀ ’ਤੇ ਕਬਜ਼ੇ ਖਿਲਾਫ ਅਪੀਲ ਵੀ ਕਰਦੇ ਰਹੇ, ਪਰ ਅੰਗਰੇਜ਼ਾਂ ਨੇ ਉਨ੍ਹਾਂ ਦੀ ਇੱਕ ਨਾ ਸੁਣੀ।

ਤਸਵੀਰ ਸਰੋਤ, Getty Images
1857 ਦਾ ਵਿਦਰੋਹ ਝਾਂਸੀ ਤੱਕ ਪਹੁੰਚਿਆ
ਮਈ, 1857 ’ਚ ਮੇਰਠ ’ਚ ਅੰਗਰੇਜ਼ਾਂ ਦੇ ਖਿਲਾਫ ਬਗ਼ਾਵਤ ਸ਼ੁਰੂ ਹੋਈ, ਜੋ ਕਿ ਬਹੁਤ ਹੀ ਤੇਜ਼ੀ ਨਾਲ ਪੂਰੇ ਉੱਤਰੀ ਭਾਰਤ ’ਚ ਫੈਲ ਗਈ ਸੀ। ਝਾਂਸੀ ’ਚ ਤੈਨਾਤ ਜ਼ਿਆਦਾਤਰ ਬ੍ਰਿਟਿਸ਼ ਸੈਨਿਕ ਭਾਰਤੀ ਸਨ।
12ਵੀਂ ਨੇਟਿਵ ਇਨਫੈਂਟਰੀ ਦੇ ਜਵਾਨਾਂ ਨੇ 5 ਜੂਨ,1857 ਨੂੰ ਝਾਂਸੀ ਦੇ ਕਿਲ੍ਹੇ ’ਤੇ ਕਬਜ਼ਾ ਕੀਤਾ ਅਤੇ ਜੇਲ੍ਹ ’ਚ ਬੰਦ ਸਾਰੇ ਕੈਦੀਆਂ ਨੂੰ ਰਿਹਾਅ ਕਰ ਦਿੱਤਾ।
ਝਾਂਸੀ ’ਚ ਰਹਿ ਰਹੇ ਅੰਗਰੇਜ਼ ਲੋਕਾਂ ਨੇ ਆਪਣੀ ਸੁਰੱਖਿਆ ਲਈ ਕਿਲ੍ਹੇ ’ਚ ਸ਼ਰਨ ਲਈ ਅਤੇ ਰਾਣੀ ਲਕਸ਼ਮੀਬਾਈ ਨੂੰ ਸੁਨੇਹਾ ਭੇਜਿਆ ਕਿ ਉਹ ਉਨ੍ਹਾਂ ਦੀ ਰੱਖਿਆ ਕਰੇ।
ਪਰ ਤਿੰਨ ਦਿਨਾਂ ਦੇ ਅੰਦਰ ਹੀ ਉੱਥੇ ਰਹਿਣ ਵਾਲੇ ਸਾਰੇ ਅੰਗਰੇਜ਼ ਮਰਦਾਂ, ਔਰਤਾਂ ਅਤੇ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ। ਅੰਗਰੇਜ਼ਾਂ ਨੇ ਬਾਅਦ ’ਚ ਦਾਅਵਾ ਕੀਤਾ ਕਿ ਇਸ ਕਤਲੇਆਮ ’ਚ ਰਾਣੀ ਦਾ ਹੱਥ ਸੀ, ਪਰ ਇਸ ਦੇ ਕੋਈ ਪੁਖਤਾ ਸਬੂਤ ਨਹੀਂ ਮਿਲੇ ਹਨ।
ਜਿਵੇਂ ਹੀ ਬਾਗ਼ੀ ਸੈਨਿਕ ਦਿੱਲੀ ਲਈ ਰਵਾਨਾ ਹੋਏ ਤਾਂ ਰਾਣੀ ਨੇ ਝਾਂਸੀ ਦੀ ਸੁਰੱਖਿਆ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਉਹ ਰਾਣੀ ਮਹੱਲ ’ਚੋਂ ਮੁੜ ਕਿਲ੍ਹੇ ਅੰਦਰ ਆਪਣੇ ਰਾਜ ਮਹੱਲ ’ਚ ਆ ਗਏ ਅਤੇ ਰੋਜ਼ਾਨਾ ਦਰਬਾਰ ਲਗਾਉਣ ਲੱਗੇ।
ਝਾਂਸੀ ’ਚ ਹਥਿਆਰਾਂ, ਬੰਦੂਕਾਂ, ਗੋਲੀਆਂ ਅਤੇ ਬਾਰੂਦ ਦਾ ਮੁੜ ਉਤਪਾਦਨ ਸ਼ੁਰੂ ਹੋ ਗਿਆ।
ਉਨ੍ਹਾਂ ਨੇ ਇੱਕ ਟਕਸਾਲ ਦੀ ਵੀ ਸ਼ੁਰੂਆਤ ਕੀਤੀ ਅਤੇ ਗਰੀਬਾਂ ਨੂੰ ਭੋਜਨ ਅਤੇ ਕੱਪੜੇ ਵੰਡਣੇ ਸ਼ੁਰੂ ਕੀਤੇ ਗਏ। ਇਸ ਦੌਰਾਨ ਰਾਣੀ ਸੈਨਿਕਾਂ ਦੇ ਪਹਿਰਾਵੇ ’ਚ ਆ ਗਏ।
ਵਿਸ਼ਣੂਭੱਟ ਗੋਡਸੇ ਲਿਖਦੇ ਹਨ, “ ਉਨ੍ਹਾਂ ਦੇ ਲੱਕ ਤੋਂ ਚਾਂਦੀ ਦੀਆ ਦੋ ਪਿਸਤੌਲਾਂ ਅਤੇ ਰਤਨਾਂ ਨਾਲ ਜੜੀ ਤਲਵਾਰ ਲਟਕਣ ਲੱਗੀ। ਉਹ ਆਪਣੇ ਵਾਲਾਂ ਦਾ ਵੱਡਾ ਜੂੜਾ ਬਣਾਉਣ ਲੱਗੇ ਅਤੇ ਉਹ ਇੱਕ ਦੇਵੀ ਦੇ ਅਵਤਾਰ ਵਾਂਗ ਵਿਖਾਈ ਦੇਣ ਲੱਗੇ। ਉਨ੍ਹਾਂ ਨੇ ਅੰਗਰੇਜ਼ਾਂ ਖਿਲਾਫ ਲੜਣ ਦਾ ਪੱਕਾ ਮਨ ਬਣਾ ਲਿਆ ਸੀ। ਕਿਲ੍ਹੇ ਦੇ ਅੰਦਰ ਆਟਾ, ਘਿਓ ਅਤੇ ਖੰਡ ਦੇ ਭੰਡਾਰ ਜਮਾ ਕੀਤੇ ਜਾਣ ਲੱਗੇ ਅਤੇ ਰਾਣੀ ਨੇ ਕਿਲ੍ਹੇ ਦੇ ਆਲੇ-ਦੁਆਲੇ ਸਾਰੇ ਦਰੱਖਤਾਂ ਨੂੰ ਕੱਟਣ ਦੇ ਹੁਮ ਜਾਰੀ ਕੀਤੇ ਤਾਂ ਜੋ ਜੇਕਰ ਅੰਗਰੇਜ਼ ਉਨ੍ਹਾਂ ’ਤੇ ਹਮਲਾ ਕਰਨ ਤਾਂ ਉਨ੍ਹਾਂ ਨੂੰ ਭਿਆਨਕ ਗਰਮੀ ’ਚ ਰੁੱਖਾਂ ਦੀ ਛਾਂ ਨਸੀਬ ਹੀ ਨਾ ਹੋਵੇ।”

ਤਸਵੀਰ ਸਰੋਤ, Getty Images
ਅੰਗਰੇਜ਼ਾਂ ਨੇ ਘੇਰਿਆ ਝਾਂਸੀ ਦਾ ਕਿਲ੍ਹਾ
ਇਸ ਦੌਰਾਨ ਬ੍ਰਿਟੇਨ ਤੋਂ ਆਏ ਅੰਗਰੇਜ਼ ਸੈਨਿਕਾਂ ਨੂੰ ਝਾਂਸੀ ਦਾ ਵਿਦਰੋਹ ਕੁਚਲਣ ਲਈ ਭੇਜਿਆ ਗਿਆ। ਇੰਨ੍ਹਾਂ ਦੀ ਅਗਵਾਈ ਜਨਰਲ ਹਿਊਜ਼ ਰੋਜ਼ ਕਰ ਰਹੇ ਸਨ, ਜਿਨ੍ਹਾਂ ਦਾ ਜੰਗ ਦੇ ਮੈਦਾਨ ’ਚ ਖੂਬ ਤਜ਼ਰਬਾ ਸੀ।
ਅੰਗਰੇਜ਼ ਫੌਜ ਨੇ 18 ਪੌਂਡ ਦੇ ਗੋਲਿਆਂ ਨਾਲ ਝਾਂਸੀ ਦੇ ਕਿਲ੍ਹੇ ਦੀ ਕੰਧ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਰਾਣੀ ਅਤੇ ਉਨ੍ਹਾਂ ਦੇ ਸੈਨਿਕਾਂ ਨੇ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ।
ਹਿਊਜ਼ ਰੋਜ਼ ਇਸ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਐਮ ਮੈਨਸਫੀਲਡ ਨੂੰ ਭੇਜੇ ਪੱਤਰ ’ਚ ਲਿਖਿਆ , “ ਬਾਗੀਆਂ ਦੇ ਤੋਪਖਾਨੇ ਦਾ ਮੁਖੀ ਗੁਲਾਮ ਗ਼ੋਸ ਖਾਨ ਪਹਿਲੇ ਦਰਜੇ ਦਾ ਤੋਪਚੀ ਸੀ। ਜਿਸ ਤਰ੍ਹਾਂ ਨਾਲ ਉਸ ਨੇ ਸਾਨੂੰ ਟੱਕਰ ਦਿੱਤੀ, ਆਪਣੇ ਨੁਕਸਾਨ ਦੀ ਭਰਪਾਈ ਕੀਤੀ ਅਤੇ ਵਾਰ-ਵਾਰ ਗੋਲੇ ਸੁੱਟੇ, ਉਹ ਦ੍ਰਿਸ਼ ਵੇਖਣ ਹੀ ਵਾਲਾ ਸੀ। ਕਈ ਥਾਵਾਂ ’ਤੇ ਤਾਂ ਉਹ ਸਾਨੂੰ ਬਰਾਬਰੀ ਨਾਲ ਟੱਕਰ ਦਿੰਦੇ ਹੋਏ ਵਿਖਾਈ ਦਿੱਤੇ।
ਦੁਪਹਿਰ ਦੇ ਸਮੇਂ ਰਾਣੀ ਨੂੰ ਘੋੜੇ ’ਤੇ ਸਵਾਰ ਹੋ ਕੇ ਆਪਣੇ ਠਿਕਾਣਿਆਂ ਦਾ ਮੁਆਇਨਾ ਕਰਦੇ ਅਤੇ ਆਪਣੇ ਸੈਨਿਕਾਂ ਦਾ ਹੌਂਸਲਾ ਵਧਾਉਂਦੇ ਹੋਏ ਵੇਖਿਆ ਜਾ ਸਕਦਾ ਸੀ।”
ਪਰ ਰਾਣੀ ਦੀ ਫੌਜ ਜ਼ਿਆਦਾ ਦਿਨਾਂ ਤੱਕ ਅੰਗਰੇਜ਼ਾਂ ਦਾ ਦਬਾਅ ਝੱਲ ਨਾ ਸਕੀ। 3 ਅਪ੍ਰੈਲ, 1858 ਨੂੰ ਅੰਗਰੇਜ਼ ਸੈਨਿਕ ਝਾਂਸੀ ਦੇ ਕਿਲ੍ਹੇ ਦੀ ਕੰਧ ਤੋੜਨ ’ਚ ਕਾਮਯਾਬ ਹੋ ਗਏ ਸਨ।

ਤਸਵੀਰ ਸਰੋਤ, Getty Images
ਰਾਣੀ ਨੇ ਝਾਂਸੀ ਦਾ ਕਿਲ੍ਹਾ ਛੱਡਿਆ
3 ਅਪ੍ਰੈਲ ਦੀ ਹੀ ਅੱਧੀ ਰਾਤ ਨੂੰ ਰਾਣੀ ਲਕਸ਼ਮੀਬਾਈ ਨੇ ਕਿਲ੍ਹੇ ਦੇ ਵਿਹੜੇ ’ਚ ਆਪਣੇ ਕੁਝ 100 ਕੁ ਸੈਨਿਕਾਂ ਨੂੰ ਇੱਕਠਾ ਕੀਤਾ।
ਇਰਾ ਮਖੌਟੀ ਲਿਖਦੇ ਹਨ, “ ਰਾਣੀ ਆਪਣੇ ਘੋੜ ਸਵਾਰ ਸੈਨਿਕਾਂ ਦੇ ਨਾਲ ਕਿਲ੍ਹੇ ਤੋਂ ਉਤਰ ਕੇ ਹੇਠਾਂ ਖੁੱਲ੍ਹੇ ਮੈਦਾਨ ’ਚ ਆ ਗਏ। ਉਹ ਇੱਕ ਚਾਂਦੀ ਰੰਗੇ ਘੋੜੇ ’ਤੇ ਸਵਾਰ ਸਨ ਅਤੇ ਉਨ੍ਹਾਂ ਦੇ ਹੱਥ ’ਚ ਚਾਂਦੀ ਦੇ ਹੱਥੇ ਵਾਲੀ ਤਲਵਾਰ ਸੀ।
ਅਗਲੇ ਕੁਝ ਹਫ਼ਤੇ ਰਾਣੀ ਨੇ ਬੁਦੇਲਖੰਡ ਦੇ ਪੇਂਡੂ ਇਲਾਕਿਆਂ ’ਚ ਬਤੀਤ ਕੀਤੇ। ਉਸ ਸਮੇਂ ਇੰਨੀ ਗਰਮੀ ਪੈ ਰਹੀ ਸੀ ਕਿ ਹਾਥੀਆਂ ਦੀਆਂ ਅੱਖਾਂ ’ਚੋਂ ਵੀ ਹੰਝੂ ਨਿਕਲ ਰਹੇ ਸਨ।”
ਰਾਣੀ ਅਤੇ ਉਨ੍ਹਾਂ ਦੇ ਸੈਨਿਕ 150 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਕਾਲਪੀ ਵਿਖੇ ਪਹੁੰਚੇ ਜਿੱਥੇ ਪਹਿਲਾਂ ਤੋਂ ਹੀ ਤਾਤਿਆ ਟੋਪੇ ਅਤੇ ਨਾਨਾ ਸਾਹਿਬ ਦੇ ਭਤੀਜੇ ਰਾਓ ਸਾਹਿਬ ਪਹੁੰਚੇ ਹੋਏ ਸਨ। ਇੱਥੇ ਅੰਗਰੇਜ਼ਾਂ ਨਾਲ ਹੋਈ ਟੱਕਰ ’ਚ ਉਨ੍ਹਾਂ ਦੀ ਹਾਰ ਹੋ ਗਈ ਸੀ।
ਵਿਸ਼ਣੂਭੱਟ ਗੋਡਸੇ ਨੂੰ ਉਨੀਂ ਦਿਨੀਂ ਰਾਣੀ ਨੂੰ ਮਿਲਣ ਦਾ ਮੌਕਾ ਮਿਲਿਆ ।
ਉਹ ਆਪਣੀ ਸਵੈ-ਜੀਵਨੀ ’ਚ ਲਿਖਦੇ ਹਨ, “ ਰਾਣੀ ਨੇ ਮਰਦ ਪਠਾਨ ਵਰਗੇ ਕੱਪੜੇ ਪਾਏ ਹੋਏ ਸਨ। ਉਨ੍ਹਾ ਦਾ ਚਿਹਰਾ ਮਿੱਟੀ ਨਾਲ ਭਰਿਆ ਹੋਇਆ ਸੀ ਅਤੇ ਉਹ ਬਹੁਤ ਹੀ ਥੱਕੀ-ਟੁੱਟੀ ਵਿਖਾਈ ਦੇ ਰਹੇ ਸਨ।”

ਤਸਵੀਰ ਸਰੋਤ, Getty Images
ਗਵਾਲੀਅਰ ਦੇ ਕਿਲ੍ਹੇ ’ਤੇ ਰਾਣੀ ਦਾ ਕਬਜ਼ਾ
ਰਾਣੀ ਲਕਸ਼ਮੀਬਾਈ, ਤਾਤਿਆ ਟੋਪੇ ਅਤੇ ਰਾਓ ਸਾਹਿਬ ਕਾਲਪੀ ਤੋਂ ਸੁਰੱਖਿਅਤ ਭੱਜਣ ’ਚ ਕਾਮਯਾਬ ਹੋ ਗਏ ਸਨ। ਉਨ੍ਹਾਂ ਦਾ ਅਗਲਾ ਠਿਕਾਣਾ ਗਵਾਲੀਅਰ ਸੀ। ਉੱਥੇ ਉਨ੍ਹਾਂ ਨੇ ਗਵਾਲੀਅਰ ਦੇ ਕਿਲ੍ਹੇ ’ਤੇ ਕਬਜ਼ਾ ਕੀਤਾ।
ਗਵਾਲੀਅਰ ਦੇ ਮਹਾਰਾਜਾ ਜੈਯਾਜੀਰਾਵ ਸਿੰਧੀਆ ਉੱਥੋਂ ਭੱਜ ਕੇ ਅੰਗਰੇਜ਼ਾਂ ਦੀ ਸਰਨ ’ਚ ਆਗਰਾ ਪਹੁੰਚ ਗਏ। ਸਿੰਧੀਆ ਦੇ ਫੌਜੀਆਂ ਬਗ਼ਾਵਤ ਕਰ ਦਿੱਤੀ ਅਤੇ ਉਹ ਸਾਰੇ ਰਾਣੀ ਦੀ ਫੌਜ ’ਚ ਜਾ ਮਿਲੇ।
ਉੱਥੇ ਸਿੰਧੀਆ ਦੇ ਖ਼ਜ਼ਾਨੇ ’ਚੋਂ ਰਾਣੀ ਨੂੰ ਮੋਤੀਆਂ ਦਾ ਇੱਕ ਬਹੁਤ ਹੀ ਬੇਸ਼ਕੀਮਤੀ ਹਾਰ ਭੇਂਟ ਕੀਤਾ ਗਿਆ। ਜਨਰਲ ਰੋਜ਼ ਨੂੰ ਇੱਕ ਵਾਰ ਫਿਰ ਰਾਣੀ ਦੇ ਸੈਨਿਕਾਂ ਦਾ ਸਾਹਮਣਾ ਕਰਨ ਲਈ ਗਵਾਲੀਅਰ ਭੇਜਿਆ ਗਿਆ।
ਤਲਵਾਰਾਂ ਦੀ ਲੜਾਈ ’ਚ ਇੱਕ ਅੰਗਰੇਜ਼ ਸੈਨਿਕ ਦੇ ਵਾਰ ਨਾਲ ਲਕਸ਼ਮੀਬਾਈ ਆਪਣੇ ਘੋੜੇ ਤੋਂ ਹੇਠਾਂ ਡਿੱਗ ਗਏ ਅਤੇ ਉਸੇ ਸਮੇਂ ਕੈਪਟਨ ਕਲੇਮੈਂਟ ਵਾਕਰ ਉੱਥੇ ਮੌਜੂਦ ਸਨ।
ਬਾਅਦ ’ਚ ਉਨ੍ਹਾਂ ਨੇ ਇਸ ਲੜਾਈ ਦਾ ਜ਼ਿਕਰ ਕਰਦਿਆਂ ਲਿਖਿਆ , “ ਘੋੜੇ ’ਤੇ ਸਵਾਰ ਅਤੇ ਹੱਥ ’ਚ ਤਲਵਾਰ ਫੜੀ ਇੱਕ ਔਰਤ ਹਰ ਪਾਸੇ ਵਿਖਾਈ ਦੇ ਰਹੀ ਸੀ। ਸਾਡੇ ਇੱਕ ਸੈਨਿਕ ਨੇ ਉਨ੍ਹਾਂ ਦੇ ਸਿਰ ’ਤੇ ਵਾਰ ਕੀਤਾ। ਉਨ੍ਹਾਂ ਦੇ ਹੇਠਾਂ ਡਿੱਗਣ ’ਤੇ ਸਾਨੂੰ ਪਤਾ ਲੱਗਿਆ ਕਿ ਉਹ ਝਾਂਸੀ ਦੀ ਰਾਣੀ ਸੀ।”
ਇਸ ਲੜਾਈ ਦਾ ਜ਼ਿਕਰ ਗਵਰਨਰ ਜਨਰਲ ਲਾਰਡ ਕੈਨਿੰਗ ਦੇ ਕਾਗਜ਼ਾਤਾਂ ’ਚ ਵੀ ਮਿਲਦਾ ਹੈ।
“ਉਨ੍ਹਾਂ ਦੇ ਘੋੜੇ ਨੂੰ ਗੋਲੀ ਲੱਗੀ ਅਤੇ ਉਸ ਨੇ ਅੱਗੇ ਵੱਧਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਅੰਗਰੇਜ਼ ਸੈਨਿਕ ’ਤੇ ਗੋਲੀ ਚਲਾਈ ਪਰ ਉਸ ਤੋਂ ਪਹਿਲਾਂ ਹੀ ਉਸ ਨੇ ਉਨ੍ਹਾਂ ਦੇ ਸਿਰ ’ਤੇ ਵਾਰ ਕਰ ਦਿੱਤਾ ਸੀ।”
ਬਾਅਦ ’ਚ ਹਿਊਜ਼ ਰੋਜ਼ ਅਤੇ 8 ਹੁਸਰਸ ਦੇ ਇਤਿਹਾਸ ’ਚ ਰਾਣੀ ਦੀ ਬੇਮਿਸਾਲ ਹਿੰਮਤ ਅਤੇ ਬੁੱਧੀ ਦੀ ਪ੍ਰਸ਼ੰਸਾ ਕੀਤੀ ਗਈ।
8 ਹੁਸਰਸ ਦੇ ਰੈਜੀਮੈਂਟਲ ਇਤਿਹਾਸ ’ਚ ਦਰਜ ਕੀਤਾ ਗਿਆ ਕਿ ‘ਰਾਣੀ ਦੀ ਮੌਤ ਦੇ ਨਾਲ ਹੀ ਬਾਗੀਆਂ ਨੇ ਆਪਣਾ ਸਭ ਤੋਂ ਬਹਾਦੁਰ ਅਤੇ ਸਰਬੋਤਮ ਜਰਨੈਲ ਗੁਆ ਲਿਆ ਸੀ।

ਤਸਵੀਰ ਸਰੋਤ, Getty Images
ਰਾਣੀ ਦੇ ਆਖਰੀ ਪਲ
ਰਾਣੀ ਦੇ ਆਖਰੀ ਪਲਾਂ ਦਾ ਵਰਣਨ ਗ੍ਰੀਸ ਦੇ ਪ੍ਰਿੰਸ ਮਿਸ਼ੇਲ ਦੀ ਕਿਤਾਬ ‘ਦ ਰਾਣੀ ਆਫ਼ ਝਾਂਸੀ’ ’ਚ ਮਿਲਦਾ ਹੈ।
ਪ੍ਰਿੰਸ ਮਿਸ਼ੇਲ ਲਿਖਦੇ ਹਨ, “ ਰਾਣੀ ਦੇ ਸੈਨਿਕ ਉਨ੍ਹਾਂ ਨੂੰ ਚੁੱਕ ਕੇ ਨੇੜੇ ਦੇ ਮੰਦਿਰ ’ਚ ਲੈ ਆਏ। ਉੱਥੋਂ ਦੇ ਪੁਜਾਰੀ ਜੀ ਨੇ ਗੰਗਾ ਜਲ ਨਾਲ ਰਾਣੀ ਦੇ ਸੁੱਕੇ ਬੁੱਲਾਂ ਨੂੰ ਗਿੱਲਾ ਕੀਤਾ। ਰਾਣੀ ਆਪਣੇ ਆਖਰੀ ਸਾਹ ਲੈ ਰਹੇ ਸਨ। ਉਨ੍ਹਾਂ ਨੇ ਟੁੱਟਦੇ ਸਾਹਾਂ ’ਚ ਕਿਹਾ, ‘ ਮੈਂ ਦਾਮੋਦਰ ਨੂੰ ਤੁਹਾਡੇ ਜ਼ਿੰਮੇ ਛੱਡਦੀ ਹਾਂ’।
ਉਨ੍ਹਾਂ ਨੇ ਆਪਣੇ ਗਲੇ ’ਚੋਂ ਮੋਤੀਆਂ ਦਾ ਹਾਰ ਲਾਉਣ ਦੀ ਕੋਸ਼ਿਸ਼ ਕੀਤੀ। ਫਿਰ ਉਨ੍ਹਾਂ ਨੇ ਟੁੱਟਦੇ ਸਾਹਾਂ ’ਚ ਕਿਹਾ, ‘ ਮੈਂ ਨਹੀਂ ਚਾਹੁੰਦੀ ਕਿ ਮੇਰੀ ਮ੍ਰਿਤਕ ਦੇਹ ਅੰਗਰੇਜ਼ਾਂ ਦੇ ਹੱਥ ਲੱਗੇ। ਇਹ ਕਹਿੰਦੇ ਹੀ ਰਾਣੀ ਨੇ ਆਪਣੇ ਆਖਰੀ ਸਾਹ ਲਏ’।
ਉੱਥੇ ਮੌਜੂਦ ਰਾਣੀ ਦੇ ਸੈਨਿਕਾਂ ਨੇ ਕੁਝ ਲੱਕੜਾਂ ਇੱਕਠੀਆਂ ਕੀਤੀਆਂ ਅਤੇ ਰਾਣੀ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਲੱਕੜਾਂ ’ਤੇ ਰੱਖ ਕੇ ਅੱਗ ਲਗਾ ਦਿੱਤੀ। ਜਦੋਂ ਤੱਕ ਰੋਡਰਿਕ ਬ੍ਰਿਗਸ ਮੰਦਿਰ ’ਚ ਪਹੁੰਚੇ ਉੱਥੇ ਸਭ ਕੁਝ ਸ਼ਾਂਤ ਸੀ।
ਉੱਥੇ ਰਾਣੀ ਦੇ ਸੈਨਿਕਾਂ ਦੀਆਂ ਕਈ ਲਹੂ-ਲੁਹਾਨ ਲਾਸ਼ਾਂ ਪਈਆਂ ਹੋਈਆਂ ਸਨ। ਉਦੋਂ ਹੀ ਉਸ ਦੀ ਨਜ਼ਰ ਇੱਕ ਚਿਤਾ ’ਤੇ ਪਈ ਜਿਸ ਦੀਆਂ ਲਾਟਾਂ ਹੁਣ ਠੰਡੀਆਂ ਹੋ ਰਹੀਆਂ ਸਨ। ਉਨ੍ਹਾਂ ਨੇ ਆਪਣੇ ਬੂਟਾਂ ਨਾਲ ਅੱਗ ਬੁਝਾਉਣ ਦਾ ਯਤਨ ਕੀਤਾ। ਫਿਰ ਉਸ ਨੂੰ ਮਨੁੱਖੀ ਸਰੀਰ ਦੀਆਂ ਸੜੀਆਂ ਹੋਈਆਂ ਹੱਡੀਆਂ ਵਿਖਾਈ ਦਿੱਤੀਆਂ। ਰਾਣੀ ਦੀਆਂ ਹੱਡੀਆਂ ਲਗਭਗ ਸੁਆਹ ਬਣ ਚੁੱਕੀਆਂ ਸਨ।

ਤਸਵੀਰ ਸਰੋਤ, Getty Images
ਟੈਗੋਰ, ਸਾਵਰਕਰ, ਸੁਭਾਸ਼ ਤੇ ਨਹਿਰੂ ਨੇ ਕੀਤੀ ਸ਼ਲਾਘਾ
ਰਾਣੀ ਦੀ ਮੌਤ ਤੋਂ 19 ਸਾਲ ਬਾਅਦ ਰਬਿੰਦਰਨਾਥ ਟੈਗੋਰ ਨੇ ਲਕਸ਼ਮੀਬਾਈ ‘ਤੇ ਇੱਕ ਲੇਖ ਲਿਖਿਆ ‘ਝਾਂਸੀ ਦੀ ਰਾਣੀ’।
ਇਸ ’ਚ ਉਨ੍ਹਾਂ ਨੇ ਦੱਸਿਆ ਕਿ ‘ਰਾਣੀ ਜਵਾਨ ਸੀ, 20 ਸਾਲ ਤੋਂ ਕੁਝ ਸਾਲ ਉਪਰ ਸੀ, ਸੁੰਦਰ ਸੀ, ਤਾਕਤਵਰ ਸੀ ਅਤੇ ਸਭ ਤੋਂ ਵੱਧ ਦ੍ਰਿੜ ਇਰਾਦੇ ਵਾਲੀ ਸੀ’।
ਕੁਝ ਸਾਲਾਂ ਬਾਅਦ ਵਿਨਾਇਕ ਦਾਮੋਦਰ ਸਾਵਰਕਰ ਨੇ ਆਪਣੀ ਕਿਤਾਬ ‘ਇੰਡੀਅਨ ਵਾਰ ਆਫ਼ ਇੰਡੀਪੈਂਡੈਸ, 1857 ’ਚ ਲਿਖਿਆ ਸੀ, “ ਰਾਣੀ ਨੇ ਆਪਣੀ ਜਾਨ ਦੇ ਕੇ ਆਪਣੇ ਮਕਸਦ ਨੂੰ ਹਾਸਲ ਕਰ ਲਿਆ ਸੀ। ਉਨ੍ਹਾਂ ਨੇ ਜਿਸ ਢੰਗ ਨਾਲ ਆਪਣੇ ਲੋਕਾਂ ਨੂੰ ਇੱਕਠਾ ਕੀਤਾ, ਅਜਿਹੀ ਯੋਗਤਾ ਤਾਂ ਮਰਦਾਂ ’ਚ ਵੀ ਨਹੀਂ ਮਿਲਦੀ ਹੈ।”
20ਵੇਂ ਦਹਾਕੇ ’ਚ ਸੁਭਦਰਾ ਕੁਮਾਰੀ ਚੌਹਾਨ ਨੇ ਲਕਸ਼ਮੀਬਾਈ ’ਤੇ ਇੱਕ ਲੰਮੀ ਕਵਿਤਾ ਲਿਖੀ ਸੀ- ‘ਖੂਬ ਲੜੀ ਮਰਦਾਨੀ ਵੋ ਤੋ ਝਾਂਸੀ ਵਾਲੀ ਰਾਣੀ ਥੀ’।
1943 ’ਚ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਦੀ ਇੱਕ ਰੈਜੀਮੈਂਟ ਦਾ ਨਾਮ ਝਾਂਸੀ ਦੀ ਰਾਣੀ ਰੈਜੀਮੈਂਟ ਰੱਖਿਆ ਸੀ।
ਬੋਸ ਰਾਣੀ ਨੂੰ ਭਾਰਤੀ ਬਹਾਦਰੀ ਅਤੇ ਅਗਵਾਈ ਦਾ ਸਭ ਤੋਂ ਵੱਡਾ ਪ੍ਰਤੀਕ ਮੰਨਦੇ ਸਨ ਅਤੇ ਉਨ੍ਹਾਂ ਦੀ ਤੁਲਨਾ ਫਰਾਂਸ ਦੀ 'ਜੋਨ ਆਫ਼ ਆਰਕ' ਨਾਲ ਕਰਦੇ ਸਨ।
ਜਵਾਹਰ ਲਾਲ ਨਹਿਰੂ ਨੇ ਆਪਣੀ ਕਿਤਾਬ ‘ਡਿਸਕਰੀ ਆਫ਼ ਇੰਡੀਆ’ ’ਚ ਲਿਖਿਆ ਸੀ, “ 1857 ਦੀ ਲੜਾਈ ਵੈਸੇ ਤਾਂ ਬਹੁਤ ਸਾਰੇ ਲੋਕਾਂ ਨੇ ਲੜੀ ਸੀ ਪਰ ਸਭ ਤੋਂ ਵੱਧ ਨਾਮ ਕਮਾਇਆ ਸੀ- ਝਾਂਸੀ ਦੀ ਰਾਣੀ, ਰਾਣੀ ਲਕਸ਼ਮੀਬਾਈ ਨੇ।”












