ਹਿੰਦੂ ਪਰਿਵਾਰ 'ਚ ਜਨਮੇ ਮਾਸਟਰ ਤਾਰਾ ਸਿੰਘ ਕਿਵੇਂ ਸਿੱਖ ਸਿਆਸਤ ਦੇ ਸਿਖਰ ਤੱਕ ਪਹੁੰਚੇ

ਤਸਵੀਰ ਸਰੋਤ, Getty Images
- ਲੇਖਕ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੰਜਾਬੀ ਲਈ
ਮਾਸਟਰ ਤਾਰਾ ਸਿੰਘ ਸਿੱਖਾਂ ਦੇ ਅਜਿਹੇ ਆਗੂ ਸਨ ਜੋ ਲਗਭਗ 50 ਸਾਲਾਂ ਤੱਕ ਸਿੱਖ ਰਾਜਨੀਤੀ ਅਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ।
ਉਨ੍ਹਾਂ ਨੇ ਸਾਲ 1921 ਤੋਂ 1967 ਤੱਕ ਪੰਜਾਬ ਦੇ ਸਿਆਸੀ ਅਤੇ ਹੋਰ ਮਹੱਤਵਪੂਰਨ ਮੁੱਦਿਆਂ ਵਿੱਚ ਮੋਹਰੀ ਰੋਲ ਅਦਾ ਕੀਤਾ।
ਮਾਸਟਰ ਤਾਰਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 7 ਵਾਰ ਪ੍ਰਧਾਨ ਬਣੇ ਸਨ।
ਉਹ ਇੱਕੋ ਇੱਕ ਅਜਿਹੇ ਪੰਥਕ ਆਗੂ ਸਨ ਜਿਹੜੇ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਸੈਂਟਰਲ ਸਿੱਖ ਲੀਗ ਦੇ ਪ੍ਰਧਾਨ ਰਹੇ ਸਨ।
ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ, 1885 ਨੂੰ ਬਖ਼ਸ਼ੀ ਗੋਪੀ ਚੰਦ ਤੇ ਮੂਲਾਂ ਦੇਵੀ ਦੇ ਗ੍ਰਹਿ ਪਿੰਡ ਹਰਿਆਲ ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿਖੇ ਹੋਇਆ।
ਉਹ ਇੱਕ ਹਿੰਦੂ ਪਰਿਵਾਰ ਵਿੱਚ ਜਨਮੇ ਸਨ। ਇਸੇ ਲਈ ਉਹਨਾਂ ਦਾ ਨਾਮ ਨਾਨਕ ਚੰਦ ਰੱਖਿਆ ਗਿਆ ਸੀ। ਨਾਨਕ ਚੰਦ ਦੇ ਆਪਣੇ ਪਿੰਡ ਹਰਿਆਲ ਵਿਖੇ ਕੋਈ ਸਕੂਲ ਨਾ ਹੋਣ ਕਰਕੇ ਲਾਗਲੇ ਪਿੰਡ ਹਰਨਾਲ ਦੇ ਸਕੂਲ ਵਿੱਚ ਦਾਖ਼ਲਾ ਲਿਆ।
ਪ੍ਰਾਇਮਰੀ ਦੀ ਸਿੱਖਿਆ ਤੋਂ ਬਾਅਦ ਉਹਨਾਂ ਨੂੰ ਰਾਵਲਪਿੰਡੀ ਮਿਸ਼ਨ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ।
ਨਾਨਕ ਚੰਦ ਤੋਂ ਤਾਰਾ ਸਿੰਘ ਬਣਨਾ
ਸੰਤ ਬਾਬਾ ਅਤਰ ਸਿੰਘ ਮਸਤੂਆਣਾ ਵਾਲੇ ਰਾਵਲਪਿੰਡੀ ਵਿੱਚ ਸੰਨ 1900 ਵਿੱਚ ਧਰਮ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਕਰ ਰਹੇ ਸਨ।
ਇਕ ਦਿਨ ਨਾਨਕ ਚੰਦ ਆਪਣੇ ਪਿੰਡੋਂ ਰਾਵਲਪਿੰਡੀ ਜਾ ਰਹੇ ਸਨ ਤਾਂ ਰਸਤੇ ਵਿੱਚ ਉਹਨਾਂ ਦਾ ਮੇਲ ਕੁਝ ਨੌਜਵਾਨਾਂ ਨਾਲ ਹੋਇਆ ਜੋ ਬਾਬਾ ਅਤਰ ਸਿੰਘ ਦੇ ਦਰਸ਼ਨ ਕਰਨ ਲਈ ਰਾਵਲਪਿੰਡੀ ਜਾ ਰਹੇ ਸਨ।
ਨਾਨਕ ਚੰਦ ਵੀ ਉਨ੍ਹਾਂ ਦੇ ਨਾਲ ਤੁਰ ਪਏ । ਡੇਰਾ ਖ਼ਾਲਸਾ ਪਹੁੰਚ ਕੇ ਸੰਤ ਅਤਰ ਸਿੰਘ ਜੀ ਦੇ ਵਿਚਾਰ ਸੁਣਨ ਉਪਰੰਤ ਨਾਨਕ ਚੰਦ ਏਨਾ ਪ੍ਰਭਾਵਿਤ ਹੋਏ ਕਿ ਅੰਮ੍ਰਿਤ ਛਕਣ ਲਈ ਤਿਆਰ ਹੋ ਗਏ।
ਅੰਮ੍ਰਿਤ ਛਕਣ ਤੋਂ ਬਾਅਦ ਨਾਨਕ ਚੰਦ ਦਾ ਨਾਂਅ ‘ਤ’ ਸ਼ਬਦ ਤੋਂ ਤਾਰਾ ਸਿੰਘ ਰੱਖਿਆ ਗਿਆ।
ਸੰਤ ਅਤਰ ਸਿੰਘ ਜੀ ਨੇ ਕਿਹਾ ਕਿ ‘ਨਾਨਕ ਚੰਦ ਹੁਣ ਤੂੰ ਤਾਰਾ ਸਿੰਘ ਹੈ ਅਤੇ ਤੂੰ ਆਪਣੀ ਜ਼ਿੰਦਗੀ ਵਿੱਚ ਤਾਰਾ ਬਣ ਕੇ ਚਮਕੇਂਗਾ।
ਜਦੋਂ ਨਾਨਕ ਸਿੰਘ ਦਸਤਾਰ ਸਜਾ ਕੇ ਅਤੇ ਕਿਰਪਾਨ ਪਾ ਕੇ ਘਰ ਪਹੁੰਚੇ ਤਾਂ ਪਿਤਾ ਅਤੇ ਵੱਡੇ ਭਰਾ ਨੇ ਨਾਰਾਜ਼ਗੀ ਜਤਾਈ।
ਮਾਸਟਰ ਤਾਰਾ ਸਿੰਘ ਘਰ ਛੱਡ ਕੇ ਚਲੇ ਗਏ। ਬਾਅਦ ਵਿੱਚ ਮਾਤਾ ਦੇ ਕਹਿਣ ‘ਤੇ ਉਨ੍ਹਾਂ ਦੇ ਭਰਾ ਨੇ ਮੋੜ ਕੇ ਲਿਆਂਦਾ ਸੀ।

ਤਸਵੀਰ ਸਰੋਤ, Sikh Itihas Research Board/SGPC
ਜਦੋਂ ਆਨੰਦ ਕਾਰਜ ਵਿੱਚ ਹੋਈ ਦੇਰੀ
ਖ਼ਾਲਸਾ ਕਾਲਜ ਅੰਮ੍ਰਿਤਸਰ ਪੜ੍ਹਾਈ ਕਰਦੇ ਸਮੇਂ ਹੀ ਮਾਸਟਰ ਤਾਰਾ ਸਿੰਘ ਦਾ ਵਿਆਹ 1904 ਵਿੱਚ ਰਾਵਲਪਿੰਡੀ ਦੇ ਪਿੰਡ ਧਮਿਆਲ ਵਿਖੇ ਮੰਗਲ ਸਿੰਘ ਦੀ ਬੇਟੀ ਤੇਜ਼ ਕੌਰ ਨਾਲ ਹੋਇਆ।
ਜਦੋਂ ਬਰਾਤ ਪਹੁੰਚੀ ਤਾਂ ਲਗਭਗ ਸਭ ਮੋਨੇ ਸਨ, ਕੇਵਲ ਤਾਰਾ ਸਿੰਘ ਦੇ ਵੱਡੇ ਭਰਾ ਬਖਸ਼ੀ ਗੰਗਾ ਸਿੰਘ ਨੇ ਕੁਝ ਮਹੀਨੇ ਪਹਿਲਾਂ ਹੀ ਕੇਸ ਰਖੇ ਸਨ।
ਤਾਰਾ ਸਿੰਘ ਦੇ ਘਰ ਵਾਲੇ ਸਭ ਮੋਨੇ ਸਨ ਪਰ ਲੜਕੀ ਪਰਿਵਾਰ ਵਾਲੇ ਸਭ ਕੇਸਾਧਾਰੀ ਸਿੱਖ ਸਨ। ਅਨੰਦ ਕਾਰਜ ਦੇ ਸਮੇਂ ਮਾਸਟਰ ਤਾਰਾ ਸਿੰਘ ਨੇ ਪੁਛਿਆ ਕਿ ਲੜਕੀ ਨੇ ਅੰਮ੍ਰਿਤ ਛਕਿਆ ਹੈ ਕਿ ਨਹੀਂ। ਜਵਾਬ ਮਿਲਿਆ ਨਹੀਂ। ਉਹ ਅੜ ਗਏ ਕਿ ਲੜਕੀ ਅੰਮ੍ਰਿਤ ਛਕੇਗੀ ਤਾਂ ਹੀ ਅਨੰਦ ਕਾਰਜ ਹੋਣਗੇ।
ਕੁਝ ਲੋਕਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਗਲੇ ਦਿਨ ਅੰਮ੍ਰਿਤ ਛਕਾ ਦਿਆਂਗੇ, ਪਰ ਤਾਰਾ ਸਿੰਘ ਨਾ ਮੰਨੇ ਤੇ ਆਪਣੀ ਗੱਲ 'ਤੇ ਡਟੇ ਰਹੇ।
ਆਖ਼ਰਕਾਰ ਲੜਕੀ ਵਾਲਿਆਂ ਨੇ ਰਾਵਲਪਿੰਡੀ ਇੱਕ ਆਦਮੀ ਭੇਜਿਆ ਤੇ ਉਥੋਂ ਸਿੰਘ ਸਭਾ ਵਿਚੋਂ ਪੰਜ ਪਿਆਰੇ ਆਏ। ਅੰਮ੍ਰਿਤ ਸੰਚਾਰ ਹੋਇਆ। ਲੜਕੀ ਨੇ ਅੰਮ੍ਰਿਤ ਛਕਿਆ ਜਿਸ ਤੋਂ ਪਿਛੋਂ ਅਨੰਦ ਕਾਰਜ ਹੋਏ।

ਤਸਵੀਰ ਸਰੋਤ, Sikh Itihas Research Board/SGPC
ਮਾਸਟਰ ਤਾਰਾ ਸਿੰਘ ਨਾਮ ਕਿਵੇਂ ਪਿਆ?
ਸਰਦਾਰ ਖਜ਼ਾਨ ਸਿੰਘ ਸੂਰੀ ਜਿਹੜੇ ਕਿ ਰਾਵਲਪਿੰਡੀ ਇਲਾਕੇ ਦੇ ਹੀ ਰਹਿਣ ਵਾਲੇ ਸਨ, ਨੇ ਤਾਰਾ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਥੇ ਖਾਲਸਾ ਸਕੂਲ ਖੋਲਣ ਦੀ ਤਜਵੀਜ਼ ਰੱਖੀ। ਬਿਲਡਿੰਗ ਕਿਰਾਏ 'ਤੇ ਲੈਕੇ ਖਾਲਸਾ ਸਕੂਲ ਸ਼ੁਰੂ ਕਰ ਦਿੱਤਾ।
ਤਾਰਾ ਸਿੰਘ ਨੂੰ ਸਕੂਲ ਦਾ ਪਹਿਲਾਂ ਹੈਡਮਾਸਟਰ ਥਾਪਿਆ ਗਿਆ। ਸੇਵਾ-ਭਾਵ ਨੂੰ ਮੁੱਖ ਰੱਖਦਿਆ ਉਨ੍ਹਾਂ ਨੇ ਸਿਰਫ 15 ਰੁਪਏ ਵਿੱਚ ਨੌਕਰੀ ਕਰਨੀ ਕਾਬੂਲ ਕਰ ਲਈ। ਇਸ ਸਕੂਲ ਵਿੱਚ ਪੜ੍ਹਾਉਣ ਕਾਰਨ ਹੀ ਉਨ੍ਹਾਂ ਦੇ ਨਾਂਅ ਨਾਲ ‘ਮਾਸਟਰ’ ਸ਼ਬਦ ਜੁੜ ਗਿਆ ਸੀ।
ਸਿੱਖ ਇਤਿਹਾਸ ਵਿੱਚ ਉਨ੍ਹਾਂ ਨੂੰ ਅੱਜ ਵੀ ਮਾਸਟਰ ਦੇ ਨਾਂਅ ਨਾਲ ਹੀ ਜਾਣਿਆ ਜਾਂਦਾ ਹੈ। ਉਹ ਪੰਥਕ ਮਾਮਲਿਆਂ ਦੇ ਵੀ ਏਨੇ ਮਾਸਟਰ ਬਣ ਗਏ ਸਨ ਕਿ ਉਹ ਇੱਕੋ ਸਮੇਂ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਲੀਗ ਦੇ ਪ੍ਰਧਾਨ ਬਣ ਗਏ।
ਪੱਥਰ ਅੱਲ ਨਾਲ ਜਾਣੇ ਜਾਂਦੇ ਸਨ ਮਾਸਟਰ ਤਾਰਾ ਸਿੰਘ
ਮਾਸਟਰ ਤਾਰਾ ਸਿੰਘ ਵੱਲੋਂ ਲਿਖੀ ਕਿਤਾਬ ਪ੍ਰੇਮ ਲਗਨ ਵਿੱਚ ਉਹ ਆਪਣੇ ਕਾਲਜ ਦੇ ਦਿਨਾਂ ਦੀਆਂ ਯਾਦਾਂ ਨੂੰ ਲਿਖਦੇ ਹਨ ਕਿ ਕਿਵੇਂ ਮੁੰਡਿਆਂ ਨੇ ਇੱਕ ਦੂਜੇ ਦੇ ਅਸਲੀ ਨਾਵਾਂ ਨਾਲ ਬੁਲਾਉਣ ਦੀ ਥਾਂ ਛੋਟੇ ਉਸ ਨਾਂਅ ਨਾਲ ਬੁਲਾਉਂਦੇ ਸਨ ਜਿਹੜੀ ਖੂਬੀ ਕਰਕੇ ਉਸ ਦੀ ਅੱਲ ਪਈ ਹੋਵੇ।
ਤਾਰਾ ਸਿੰਘ ਨੂੰ ਪੱਥਰ ਕਹਿ ਕੇ ਬੁਲਾਇਆ ਜਾਂਦਾ ਸੀ। ਪੱਥਰ ਅੱਲ ਪੈਣ ਪਿਛੇ ਕਾਰਨ ਇਹ ਦੱਸਿਆ ਗਿਆ ਸੀ ਕਿ ਉਹ ਹਾਕੀ ਦੇ ਖਿਡਾਰੀ ਸਨ। ਉਨ੍ਹਾਂ 'ਤੇ ਸੱਟ ਲੱਗਣ ਦਾ ਕੋਈ ਅਸਰ ਨਹੀਂ ਸੀ।

ਤਸਵੀਰ ਸਰੋਤ, Provided by Pal Singh
ਸਾਹਿਤਕਾਰ ਤੇ ਪੱਤਰਕਾਰ ਵੀ ਸਨ ਮਾਸਟਰ ਤਾਰਾ ਸਿੰਘ
ਮਾਸਟਰ ਤਾਰਾ ਸਿੰਘ ਪੰਜਾਬੀ ਦੇ ਇੱਕ ਸਾਹਿਤਕਾਰ ਹੋਣ ਦੇ ਨਾਲ-ਨਾਲ ਪੱਤਰਕਾਰ ਵੀ ਸਨ । ਪੱਤਰਕਾਰੀ ਦਾ ਸ਼ੌਕ ਉਨ੍ਹਾਂ ਨੂੰ ਜਵਾਨੀ ਵਿੱਚ ਹੀ ਹੋ ਗਿਆ ਸੀ।
ਮਾਸਟਰ ਤਾਰਾ ਸਿੰਘ ਨੇ ਸਾਲ 1909 ਵਿੱਚ ‘ਸੱਚਾ ਢੰਡੋਰਾ’ ਨਾਂ ਦਾ ਇੱਕ ਹਫ਼ਤਾਵਾਰੀ ਰਸਾਲਾ ਸ਼ੁਰੂ ਕੀਤਾ।
ਉਨ੍ਹਾਂ ਦਿਨਾਂ ਵਿੱਚ ਕੋਈ ਵੀ ਪੱਤਰ ਜਾਰੀ ਕਰਨਾ ਅਤਿਅੰਤ ਕਠਿਨ ਕਾਰਜ ਸੀ। ਮਾਸਟਰ ਨੇ ਆਪਣਾ ਇਹ ਪੱਤਰ ਉਨ੍ਹਾਂ ਦਿਨਾਂ ਵਿੱਚ ਛਾਪਣਾ ਸ਼ੁਰੂ ਕੀਤਾ ਸੀ ਜਦੋਂ ਪੰਜਾਬੀ ਪੱਤਰਕਾਰੀ ਸਿੰਘ-ਸਭਾਈ ਧਾਰਮਿਕ ਪੱਤਰਕਾਰੀ ਦੇ ਪਿੜ ਵਿਚੋਂ ਨਿਕਲ ਕੇ ਰਾਜਸੀ ਅਤੇ ਆਰਥਿਕ ਮਸਲਿਆਂ ਨੂੰ ਪੇਸ਼ ਕਰਨ ਦਾ ਮੋੜ ਮੁੜ ਰਹੀ ਸੀ।
ਉਸ ਸਮੇਂ ਅਖ਼ਬਾਰ ਜਾਰੀ ਰੱਖ ਸਕਣਾ ਵੀ ਮੁਸ਼ਕਲ ਕੰਮ ਸੀ, ਫਿਰ ਵੀ ਮਾਸਟਰ ਤਾਰਾ ਸਿੰਘ ਨੇ ਇਹ ਪੱਤਰ ਦੋ ਸਾਲ ਤੱਕ ਜਾਰੀ ਰਖਿਆ।

ਮਾਸਟਰ ਤਾਰਾ ਸਿੰਘ ਬਾਰੇ ਖਾਸ ਗੱਲਾਂ:
- ਤਾਰਾ ਸਿੰਘ ਦਾ ਜਨਮ 24 ਜੂਨ 1885 ਨੂੰ ਪਿੰਡ ਹਰਿਆਲ, ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿੱਚ ਹੋਇਆ ਸੀ।
- 1920 ਵਿੱਚ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਹੋਈ ਤੇ ਤਾਰਾ ਸਿੰਘ 176 ਮੋਢੀ ਮੈਂਬਰਾਂ ਵਿੱਚ ਸਨ।
- ਕੁੰਜੀਆਂ ਦਾ ਮੋਰਚਾ ਸਮੇਂ ਤਾਰਾ ਸਿੰਘ ਦੀ ਪਹਿਲੀ ਗ੍ਰਿਫ਼ਤਾਰੀ ਹੋਈ।
- ਤਾਰਾ ਸਿੰਘ ਸ਼੍ਰੋਮਣੀ ਕਮੇਟੀ, ਅਕਾਲੀ ਦਲ ਤੇ ਸਿੱਖ ਲੀਗ ਦੇ ਪ੍ਰਧਾਨ ਬਣ ਕੇ ਸਿੱਖ ਰਾਜਨੀਤੀ ਦੇ ਸਿਖਰ 'ਤੇ ਪਹੁੰਚੇ ਸਨ।
- ਉਹਨਾਂ ਨੇ ਪੰਜਾਬੀ ਸੂਬੇ ਦੀ ਮੰਗ ਕੀਤੀ ਤੇ ਦਾਰ ਕਮੇਟੀ ਸਾਹਮਣੇ ਪੰਜਾਬ ਦੀ ਸਮੱਸਿਆ ਰੱਖੀ।
- ਮਾਸਟਰ ਤਾਰਾ ਸਿੰਘ ਦਾ ਦਿਹਾਂਤ 22 ਨਵੰਬਰ 1967 ਨੂੰ ਹੋਇਆ ਸੀ।

ਡਾਕਟਰ ਨਰਿੰਦਰ ਸਿੰਘ ਦਾ ‘ਸੱਚਾ ਢੰਡੋਰਾ’ ਬਾਰੇ ਕਥਨ ਹੈ, “ਇਸ ਪੱਤਰ ਨੇ ਮਾਸਟਰ ਤਾਰਾ ਸਿੰਘ ਨੂੰ ਇਕ ਨਵਾਂ ਜੀਵਨ ਮਾਰਗ ਦਿੱਤਾ। ਉਹ ਸੰਪਾਦਕ ਬਣੇ, ਉਹ ਲੇਖਕ ਬਣੇ, ਉਹ ਰਾਜਸੀ ਨੇਤਾ ਬਣੇ। ...ਇਸ ਪੱਤਰ ਨੇ ਡੁੱਬਣਾ ਸੀ, ਡੁਬ ਗਿਆ। ਪਰ ਡੁੱਬਦਾ ਡੁਬਦਾ ਇਹ ਪੱਤਰ ਮਾਸਟਰ ਤਾਰਾ ਸਿੰਘ ਵਿੱਚ ਸਚਾਈ, ਤਿਆਗ, ਸਿਦਕ ਅਤੇ ਸਿਰੜ ਕੁੱਟ-ਕੁੱਟ ਕੇ ਭਰ ਗਿਆ।”
ਮਾਸਟਰ ਤਾਰਾ ਸਿੰਘ ਨੇ ਇਸ ਤੋਂ ਬਾਅਦ 'ਅਕਾਲੀ' ਅਖ਼ਬਾਰ ਨੂੰ ਸ਼ੁਰੂ ਕਰਨ ਵਿੱਚ ਵੀ ਮਹੱਤਵਪੂਰਣ ਹਿੱਸਾ ਪਾਇਆ ਸੀ।
ਉਨ੍ਹਾਂ ਨੇ 1920 ਵਿੱਚ ਇਕ ਹੋਰ ਹਫਤਾਵਾਰੀ ਰਸਾਲਾ ਕੱਢਣਾ ਸ਼ੁਰੂ ਕੀਤਾ, ਜਿਸ ਦਾ ਨਾਂ 'ਪਰਦੇਸੀ ਖਾਲਸਾ' ਸੀ।
ਪਰਦੇਸਾਂ ਵਿੱਚ ਬੈਠੇ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖਾਂ ਦੇ ਮਸਲਿਆਂ ਨੂੰ ਇਸ ਵਿੱਚ ਬੜੀ ਚੰਗੀ ਤਰ੍ਹਾਂ ਪੇਸ਼ ਕੀਤਾ ਜਾਂਦਾ ਸੀ।
ਪਿਛੋਂ 1922 ਵਿੱਚ ਇਹ 'ਅਕਾਲੀ' ਨਾਲ ਹੀ ਮਿਲ ਗਿਆ ਅਤੇ ਦੋਹਾਂ ਲਈ ਇਕ ਸਾਂਝਾ ਨਵਾਂ ਨਾਂ 'ਅਕਾਲੀ ਤੇ ਪਰਦੇਸੀ' ਰੱਖਿਆ ਗਿਆ।
ਇਹ ਰੋਜ਼ਾਨਾ ਅਖ਼ਬਾਰ ਕਾਫ਼ੀ ਸਾਲਾਂ ਤੱਕ ਲਗਾਤਾਰ ਚਲਦਾ ਰਿਹਾ। ਦੇਸ਼ ਦੀ ਵੰਡ ਤੋਂ ਪਿਛੋਂ ਮਾਸਟਰ ਤਾਰਾ ਸਿੰਘ ਨੇ ਜਲੰਧਰ ਤੋਂ ‘ਪੰਥ ਸੇਵਕ’ ਰੋਜ਼ਾਨਾ ਸ਼ੁਰੂ ਕੀਤਾ ਸੀ।

ਤਸਵੀਰ ਸਰੋਤ, Getty Images
ਪੰਜਾਬੀ ਸੂਬੇ ਦੀ ਮੰਗ ਵਾਸਤੇ ਗ੍ਰਿਫ਼ਤਾਰੀ
ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਦੇ ਹੱਕ ਵਿੱਚ ਸਮੁੱਚੀ ਕੌਮ ਦਾ ਫ਼ਤਵਾ ਲੈ ਕੇ ਜਵਾਹਰਲਾਲ ਨਹਿਰੂ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਨੇ ਅਜੇ 1946 ਵਿੱਚ ਹੀ ਸਿੱਖਾਂ ਨੂੰ ਇੱਕ ਖ਼ੁਦਮੁਖਤਿਆਰ ਸੂਬਾ ਬਣਾਉਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਉਹ ਭਾਸ਼ਾ ਦੇ ਆਧਾਰ 'ਤੇ ਵੀ ਸਿੱਖ ਬਹੁ-ਗਿਣਤੀ ਵਾਲਾ ਸੂਬਾ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸਨ।
ਭਾਰਤ ਸਰਕਾਰ ਨੇ 1955 ਵਿੱਚ ਪੰਜਾਬੀ ਸੂਬੇ ਦੀ ਮੰਗ ਅਤੇ ਪੰਜਾਬੀ ਸੂਬਾ ਜਿੰਦਬਾਦ ਕਹਿਣ 'ਤੇ ਪਾਬੰਦੀ ਲਾ ਦਿੱਤੀ ਸੀ।
ਮਾਸਟਰ ਤਾਰਾ ਸਿੰਘ ਨੇ ਇਸ ਦਾ ਵਿਰੋਧ ਕੀਤਾ ਅਤੇ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ।
15,000 ਤੋਂ ਵੱਧ ਸਿੱਖਾਂ ਨੂੰ ਜੇਲ੍ਹਾਂ ਵਿੱਚ ਸੁੱਟ ਕੇ ਸਰਕਾਰ ਥੱਕ ਗਈ ਅਤੇ ਪੰਜਾਬੀ ਸੂਬੇ ਦੇ ਨਾਹਰੇ ਤੋਂ ਪਾਬੰਦੀ ਹਟਾ ਲਈ ਗਈ।
ਤਾਰਾ ਸਿੰਘ ਦ੍ਰਿੜ੍ਹਤਾ ਦੀ ਪਰਖ ਵਿੱਚ ਇੱਕ ਵਾਰ ਫਿਰ ਪੂਰੇ ਉਤਰੇ। ਇਸ ਤੋਂ ਬਾਅਦ ਉਹ ਵੱਡੇ ਸਿੱਖ ਆਗੂ ਬਣ ਕੇ ਉਭਰੇ ਸਨ।
ਸਾਲ 1955 ਦੇ ਆਰੰਭ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬੇ ਦੇ ਮੁੱਦੇ ਨੂੰ ਅਧਾਰ ਬਣਾ ਕੇ ਲੜੀਆਂ।
ਅਕਾਲੀ ਦਲ ਨੇ 112 ਸੀਟਾਂ ਤੇ ਉਮੀਦਵਾਰ ਖੜੇ ਕੀਤੇ ਅਤੇ ਸਾਰੀਆਂ ਸੀਟਾਂ 'ਤੇ ਹੀ ਜਿੱਤ ਪ੍ਰਾਪਤ ਕੀਤੀ।
ਦੂਜੇ ਪਾਸੇ ਕਾਂਗਰਸ ਰਾਹੀਂ ਖੜੇ ਕੀਤੇ ਖਾਲਸਾ ਦਲ ਨੇ 132 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਪਰ ਉਹ ਕੇਵਲ 3 ਸੀਟਾਂ ਹੀ ਜਿੱਤ ਸਕੇ।

ਤਸਵੀਰ ਸਰੋਤ, ANI
ਅਕਾਲ ਤਖ਼ਤ 'ਤੇ ਪੰਜਾਬੀ ਸੂਬੇ ਲਈ ਸਹੁੰ
ਮਾਸਟਰ ਤਾਰਾ ਸਿੰਘ ਨੇ 24 ਜਨਵਰੀ, 1960 ਨੂੰ ਕਾਂਗਰਸ ਹਾਈ ਕਮਾਂਡ ਅਤੇ ਭਾਰਤ ਸਰਕਾਰ ਨੂੰ ਸੁਚੇਤ ਕੀਤਾ ਕਿ ਉਹ ਪੰਜਾਬੀ ਸੂਬੇ ਦੀ ਮੰਗ ਨੂੰ ਸਵੀਕਾਰ ਕਰ ਲਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇੱਕ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜਿਹੜਾ ਆਰੰਭ ਵਿੱਚ ਕੇਵਲ ਸੰਵਿਧਾਨਕ ਢੰਗਾਂ ਤੱਕ ਹੀ ਸੀਮਿਤ ਹੋਵੇਗਾ।
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਚੁਣੇ ਹੋਏ 132 ਮੈਂਬਰਾਂ ਨੇ ਅਕਾਲ ਤਖ਼ਤ ਸਾਹਿਬ 'ਤੇ ਇਹ ਸਹੁੰ ਖਾਧੀ ਕਿ ਉਹ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਆਪਣਾ ਤਨ, ਮਨ ਅਤੇ ਧਨ ਕੁਰਬਾਨ ਕਰ ਦੇਣਗੇ। ਇਹ ਸਹੁੰ ਸਭ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਨੇ ਖਾਧੀ ਸੀ।
ਉਧਰ 7 ਮਾਰਚ, 1960 ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਆਮ ਇਜਲਾਸ ਵਿੱਚ ਸਰਬ-ਸੰਮਤੀ ਨਾਲ ਤਾਰਾ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ।

ਤਸਵੀਰ ਸਰੋਤ, Sikh Itihas Research Board/SGPC
ਮਾਸਟਰ ਤਾਰਾ ਸਿੰਘ ਦਾ ਮਰਨ ਵਰਤ
ਮਾਸਟਰ ਤਾਰਾ ਸਿੰਘ ਨੇ ਆਪਣਾ ਮਰਨ ਵਰਤ ਦੇਸ਼ ਦੇ ਆਜ਼ਾਦੀ ਦਿਹਾੜੇ ਮੌਕੇ 15 ਅਗਸਤ, 1961 ਨੂੰ ਸ਼ੁਰੂ ਕਰ ਦਿੱਤਾ।
ਮਾਸਟਰ ਤਾਰਾ ਸਿੰਘ ਨੇ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਇਹ ਸਹੁੰ ਚੁੱਕੀ ਕਿ ਉਹ ਉਦੋਂ ਤਕ ਆਪਣਾ ਵਰਤ ਨਹੀਂ ਤੋੜਨਗੇ ਜਦੋਂ ਤੱਕ ਪ੍ਰਧਾਨ ਮੰਤਰੀ ਪੰਜਾਬੀ ਸੂਬੇ ਦੀ ਮੰਗ ਨੂੰ ਸਵੀਕਾਰ ਨਹੀਂ ਕਰ ਲੈਂਦਾ।
ਜਵਾਹਰ ਲਾਲ ਨਹਿਰੂ ਨੇ ਭਾਵੇਂ ਅਕਾਲੀ ਦਲ ਨੂੰ ਕੁਝ ਰਿਆਇਤਾਂ ਦਿੱਤੀਆਂ ਪਰ ਪੰਜਾਬੀ ਸੂਬੇ ਦੀ ਮੰਗ ਨੂੰ ਨਾ ਮੰਨਣ ਬਾਰੇ ਅੜੇ ਰਹੇ।
ਮਾਸਟਰ ਤਾਰਾ ਸਿੰਘ ਨੇ 48 ਦਿਨਾਂ ਬਾਅਦ ਮਰਨ ਵਰਤ ਤੋੜ ਦਿੱਤਾ ਜਦੋਂ ਉਨ੍ਹਾਂ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ। ਇੱਥੇ ਹੀ ਉਹ ਮਾਰ ਖਾ ਗਏ।
ਮਾਸਟਰ ਤਾਰਾ ਸਿੰਘ ਨੇ 2 ਸਤੰਬਰ, 1961 ਨੂੰ ਵਿਦੇਸ਼ੀ ਪੱਤਰਕਾਰਾਂ ਨਾਲ ਇਕ ਇੰਟਰਵਿਊ ਦਿੰਦਿਆਂ ਹੋਇਆਂ ਇਹ ਆਖਿਆ ਕਿ ਬਰਤਾਨੀਆ ਜਾਂ ਕੋਈ ਹੋਰ ਦੇਸ਼ ਪੰਜਾਬੀ ਸੂਬੇ ਦਾ ਸੁਆਲ ਯੂਐਨਓ ਵਿੱਚ ਉਠਾਏ ਅਤੇ ਦੇਸ਼ ਦੀ ਵੰਡ ਵੇਲੇ ਪੰਜਾਬ ਦਾ ਬਰਤਾਨਵੀ ਗਵਰਨਰ ਜਾਂ ਅੰਮ੍ਰਿਤਸਰ ਜਿਲ੍ਹੇ ਦਾ ਡਿਪਟੀ ਕਮਿਸ਼ਨਰ ਇਸ ਮੰਗ ਦੀ ਸਾਲਸੀ ਕਰੇ।
ਭਾਰਤ ਦੀ ਵੰਡ ਅਤੇ ਪਾਕਿਸਤਾਨ ਦਾ ਵਿਰੋਧ
26 ਨਵੰਬਰ, 1921 ਨੂੰ ‘ਚਾਬੀਆਂ ਦੇ ਮੋਰਚੇ’ ਵਿੱਚ ਅਜਨਾਲਾ ’ਚ ਤਕਰੀਰ ਕਰਨ ਦੇ ਦੋਸ਼ ਹੇਠ ਅੰਗਰੇਜ਼ ਸਰਕਾਰ ਨੇ ਦਸੰਬਰ 1921 ਨੂੰ 6 ਮਹੀਨੇ ਕੈਦ ਤੇ 1,000 ਰੁਪਏ ਜੁਰਮਾਨਾ ਕੀਤਾ ।
ਇਸੇ ਤਰ੍ਹਾਂ ਉਨ੍ਹਾਂ ਨੇ 13 ਅਕਤੂਬਰ, 1923 ਨੂੰ ‘ਜੈਤੋ ਦਾ ਮੋਰਚਾ’ ਵਿੱਚ ਗ੍ਰਿਫ਼ਤਾਰੀ ਦਿੱਤੀ।
ਪਹਿਲਾਂ ਅੰਮ੍ਰਿਤਸਰ ਅਤੇ ਬਾਅਦ ਵਿੱਚ ਸ਼ਾਹੀ ਕਿਲ੍ਹਾ ਲਾਹੌਰ ਭੇਜ ਦਿੱਤਾ ਗਿਆ।
1 ਨਵੰਬਰ, 1925 ਵਿੱਚ ‘ਗੁਰਦੁਆਰਾ ਸੁਧਾਰ ਬਿੱਲ’ ਪਾਸ ਹੋਣ ’ਤੇ ਅੰਗਰੇਜ਼ ਸਰਕਾਰ ਵੱਲੋਂ ਰਿਹਾਈ ਲਈ ਸ਼ਰਤਾਂ ਲਗਾ ਦਿੱਤੇ ਜਾਣ ’ਤੇ ਮਾਸਟਰ ਤਾਰਾ ਸਿੰਘ ਆਪਣੇ 15 ਸਾਥੀਆਂ ਸਮੇਤ ਸ਼ਰਤਾਂ ਨਾ ਮੰਨਣ ਦੇ ਵਿਰੋਧ ਵਿੱਚ ਖੜ੍ਹੇ ਰਹੇ।
1927 ਵਿੱਚ ਮੋਤੀ ਲਾਲ ਨਹਿਰੂ ਰਿਪੋਰਟ ਵਿੱਚ ਸਿੱਖ ਘੱਟ ਗਿਣਤੀ ਸਬੰਧੀ ਕੋਈ ਜ਼ਿਕਰ ਤੱਕ ਨਾਂ ਆਉਣ ’ਤੇ ਮਾਸਟਰ ਤਾਰਾ ਸਿੰਘ ਨੇ ਕਾਂਗਰਸ ਦੀ ਪਰਵਾਹ ਨਾ ਕਰਦਿਆਂ ਰਿਪੋਰਟ ਦਾ ਵਿਰੋਧ ਕੀਤਾ।
1929 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਕੇਂਦਰੀ ਸਿੱਖ ਲੀਗ ਦੇ ਪ੍ਰਧਾਨ ਰਹੇ।
ਮੁਸਲਿਮ ਲੀਗ ਦੁਆਰਾ 1940 ਵਿੱਚ ਪਾਕਿਸਤਾਨ ਦੀ ਮੰਗ ਪੇਸ਼ ਕਰਨ ’ਤੇ ਮਾਸਟਰ ਜੀ ਨੇ ਪਾਕਿਸਤਾਨ ਦੀ ਮੰਗ ਦਾ ਵਿਰੋਧ ਕੀਤਾ ਅਤੇ 1941 ਵਿੱਚ ਕਰਾਚੀ ’ਚ ਅਕਾਲੀ ਕਾਨਫ਼ਰੰਸ ਬੁਲਾ ਕੇ ਸਿੱਖਾਂ ਦੇ ਭਾਵਾਂ ਦਾ ਪ੍ਰਗਟਾਵਾ ਕੀਤਾ।
ਮਾਸਟਰ ਤਾਰਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 7 ਵਾਰ ਪ੍ਰਧਾਨ ਬਣੇ ਸਨ।












