ਮੋਦੀ ਨੂੰ ਸਵਾਲ ਪੁੱਛਣ ਵਾਲੀ ਪੱਤਰਕਾਰ ਦੀ ਟ੍ਰੋਲਿੰਗ ’ਤੇ ਵ੍ਹਾਈਟ ਹਾਊਸ ਨੇ ਲੋਕਤੰਤਰ ਦਾ ਹਵਾਲਾ ਦਿੰਦਿਆਂ ਇਹ ਕਿਹਾ

ਸਬਰੀਨਾ ਸਿੱਦੀਕੀ ਅਤੇ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਵਾਲ ਕਰਦੇ ਹੋਏ ਸਬਰੀਨਾ ਸਿੱਦੀਕੀ

ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਦੀ ਰਿਪੋਰਟਰ ਸਬਰੀਨਾ ਸਿੱਦੀਕੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਪੁੱਛਣ 'ਤੇ ਆਨਲਾਈਨ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ।

ਸੋਮਵਾਰ ਨੂੰ ਵ੍ਹਾਈਟ ਹਾਊਸ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਸਬਰੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਉਨ੍ਹਾਂ ਦੀ ਸਰਕਾਰ 'ਚ ਘੱਟ ਗਿਣਤੀਆਂ ਨਾਲ ਕਥਿਤ ਵਿਤਕਰੇ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਰਿਕਾਰਡ 'ਤੇ ਸਵਾਲ ਪੁੱਛਿਆ ਸੀ।

ਵਾਸ਼ਿੰਗਟਨ ਸਥਿਤ ਵ੍ਹਾਈਟ ਹਾਊਸ ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ ਹੈ। ਇਸ ਨੂੰ ਅਮਰੀਕਾ ਦੀ ਸੱਤਾ ਦਾ ਕੇਂਦਰ ਮੰਨਿਆ ਜਾਂਦਾ ਹੈ।

ਸੋਮਵਾਰ ਨੂੰ ਵ੍ਹਾਈਟ ਹਾਊਸ ਦੀ ਪ੍ਰੈੱਸ ਕਾਨਫਰੰਸ ਵਿੱਚ ਐਨਬੀਸੀ ਰਿਪੋਰਟਰ ਕੈਲੀ ਓ'ਡੋਨੇਲ ਨੇ ਸਬਰੀਨਾ ਦੇ ਔਨਲਾਈਨ ਟ੍ਰੋਲਿੰਗ ਨਾਲ ਸਬੰਧਤ ਇੱਕ ਸਵਾਲ ਪੁੱਛਿਆ।

ਸਬਰੀਨਾ ਸਿੱਦੀਕੀ

ਤਸਵੀਰ ਸਰੋਤ, INSTA/SABRINA SIDDIQUI

ਤਸਵੀਰ ਕੈਪਸ਼ਨ, ਸਬਰੀਨਾ ਸਿੱਦੀਕੀ, ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਦੇ ਰਿਪੋਰਟਰ ਹਨ

ਕੈਲੀ ਓ'ਡੋਨੇਲ ਨੇ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਤੋਂ ਸਵਾਲ ਕੀਤਾ, "ਮੈਂ ਸੰਖੇਪ ਵਿੱਚ ਇੱਕ ਵੱਖਰਾ ਸਵਾਲ ਪੁੱਛਣਾ ਚਾਹੁੰਦੀ ਹਾਂ। ਵਾਲ ਸਟਰੀਟ ਜਰਨਲ ਦੀ ਸਾਡੀ ਸਾਥੀ ਪੱਤਰਕਾਰ ਨੇ ਰਾਸ਼ਟਰਪਤੀ ਬਾਇਡਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਵਾਲ-ਜਵਾਬ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਸਵਾਲ ਪੁੱਛਿਆ ਸੀ।''

''ਉਦੋਂ ਤੋਂ ਭਾਰਤ ਦੇ ਕੁਝ ਲੋਕ ਉਨ੍ਹਾਂ ਨੂੰ ਆਨਲਾਈਨ ਪਰੇਸ਼ਾਨ ਕਰ ਰਹੇ ਹਨ। ਇਨ੍ਹਾਂ 'ਚੋਂ ਕੁਝ ਨੇਤਾ ਮੋਦੀ ਸਰਕਾਰ ਦੇ ਸਮਰਥਕ ਹਨ। ਸਬਰੀਨਾ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਮੁਸਲਮਾਨ ਹਨ ਅਤੇ ਉਨ੍ਹਾਂ ਨੇ ਇਸ ਨਾਲ ਜੁੜਿਆ ਸਵਾਲ ਪੁੱਛਿਆ ਸੀ। ਇੱਕ ਲੋਕਤੰਤਰਿਕ ਆਗੂ ਤੋਂ ਸਵਾਲ ਪੁੱਛਣ ਲਈ ਇਸ ਤਰ੍ਹਾਂ ਦੇ ਉਤਪੀੜਨ ਦਾ ਸਾਹਮਣਾ ਕਰਨ ਨੂੰ ਲੈ ਕੇ ਵ੍ਹਾਈਟ ਹਾਊਸ ਦੀ ਕਿ ਪ੍ਰਤੀਕਿਰਿਆ ਹੈ?''

ਇਸ ਸਵਾਲ ਦੇ ਜਵਾਬ 'ਚ ਕਿਰਬੀ ਨੇ ਕਿਹਾ, ''ਅਸੀਂ ਟ੍ਰੋਲਿੰਗ ਤੋਂ ਜਾਣੂ ਹਾਂ। ਇਹ ਅਸਵੀਕਾਰਨਯੋਗ ਹੈ। ਅਸੀਂ ਪੱਤਰਕਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਨਿੰਦਾ ਕਰਦੇ ਹਾਂ। ਇਹ ਪੱਤਰਕਾਰ ਚਾਹੇ ਕਿਤੇ ਵੀ ਜਾਂ ਕਿਸੇ ਵੀ ਸਥਿਤੀ ਵਿੱਚ ਹੋਣ। ਇਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਇਹ ਲੋਕਤੰਤਰ ਦੇ ਸਿਧਾਂਤਾਂ ਦੇ ਵੀ ਖ਼ਿਲਾਫ਼ ਹੈ।''

ਸਬਰੀਨਾ ਸਿੱਦੀਕੀ ਨੇ ਕੀ ਪੁੱਛਿਆ ਸੀ?

ਸਬਰੀਨਾ ਸਿੱਦੀਕੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਸਬਰੀਨਾ ਸਿੱਦੀਕੀ ਨੇ ਪੀਐਮ ਮੋਦੀ ਨੂੰ ਸਵਾਲ ਪੁੱਛਿਆ ਤਾਂ ਕੁਝ ਦੇਰ ਬਾਅਦ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਟ੍ਰੋਲਿੰਗ ਸ਼ੁਰੂ ਹੋ ਗਈ

ਪਿਛਲੇ ਹਫਤੇ ਜਦੋਂ ਮੋਦੀ ਵ੍ਹਾਈਟ ਹਾਊਸ ਸਟੇਟ ਵਿਜ਼ਿਟ 'ਤੇ ਪਹੁੰਚੇ ਸਨ ਤਾਂ ਸਾਂਝੀ ਪ੍ਰੈੱਸ ਕਾਨਫਰੰਸ 'ਚ ਸਬਰੀਨਾ ਸਿੱਦੀਕੀ ਨੇ ਪੀਐੱਮ ਮੋਦੀ ਨੂੰ ਮਨੁੱਖੀ ਅਧਿਕਾਰਾਂ ਅਤੇ ਘੱਟ ਗਿਣਤੀਆਂ ਨਾਲ ਜੁੜੇ ਮੁੱਦੇ 'ਤੇ ਸਵਾਲ ਪੁੱਛਿਆ ਸੀ।

ਪੀਐਮ ਮੋਦੀ ਨੇ ਜਵਾਬ ਦਿੱਤਾ ਸੀ, “ਮੈਂ ਇਸ ਸਵਾਲ ਨਾਲ ਹੈਰਾਨ ਹਾਂ। ਲੋਕਤੰਤਰ ਸਾਡੇ ਡੀਐਨਏ ਵਿੱਚ ਹੈ। ਭਾਰਤ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਹੈ।''

ਪਹਿਲਾਂ ਵੀ ਮੋਦੀ ਸਰਕਾਰ 'ਤੇ ਹਿੰਦੂ ਰਾਸ਼ਟਰਵਾਦ ਨੂੰ ਵਧਾਵਾ ਦੇਣ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਅਤੇ ਘੱਟ ਗਿਣਤੀਆਂ ਨਾਲ ਵਿਤਕਰਾ ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ।

ਇਨ੍ਹਾਂ ਵਿੱਚ ਮੁਸਲਮਾਨਾਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ, ਮੁਸਲਮਾਨ ਪੱਤਰਕਾਰਾਂ ਅਤੇ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਵਰਗੀਆਂ ਘਟਨਾਵਾਂ ਵੀ ਸ਼ਾਮਲ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਅਜਿਹੇ 'ਚ ਜਦੋਂ ਪ੍ਰਧਾਨ ਮੰਤਰੀ ਦੇ ਰੂਪ 'ਚ ਨਰਿੰਦਰ ਮੋਦੀ ਪਹਿਲੀ ਵਾਰ ਪ੍ਰੈੱਸ ਕਾਨਫਰੰਸ 'ਚ ਸਵਾਲਾਂ ਦੇ ਜਵਾਬ ਦੇਣ ਆਏ ਤਾਂ ਸਬਰੀਨਾ ਨੇ ਸਵਾਲ ਪੁੱਛਿਆ।

ਪੀਐਮ ਮੋਦੀ ਨੇ ਆਪਣੇ ਜਵਾਬ ਵਿੱਚ ਕਿਹਾ ਸੀ, “ਲੋਕਤੰਤਰ ਸਾਡੀਆਂ ਰਗਾਂ ਵਿੱਚ ਹੈ। ਅਸੀਂ ਲੋਕਤੰਤਰ ਨੂੰ ਜਿਉਂਦੇ ਹਾਂ। ਅਤੇ ਸਾਡੇ ਪੂਰਵਜਾਂ ਨੇ ਉਸ ਨੂੰ ਸ਼ਬਦਾਂ 'ਚ ਢਾਲਿਆ ਹੈ, ਇੱਕ ਸੰਵਿਧਾਨ ਦੇ ਰੂਪ ਵਿੱਚ। ਸਾਡੀ ਸਰਕਾਰ ਸੰਵਿਧਾਨ ਦੇ ਆਧਾਰ 'ਤੇ ਲੋਕਤੰਤਰ ਦੀਆਂ ਬੁਨਿਆਦੀ ਕਦਰਾਂ-ਕੀਮਤਾਂ 'ਤੇ ਚੱਲਦੀ ਹੈ।''

''ਭਾਰਤ ਵਿੱਚ ਸਰਕਾਰ ਤੋਂ ਮਿਲਣ ਵਾਲੇ ਲਾਭ ਸਭ ਨੂੰ ਮਿਲਦੇ ਹਨ, ਜੋ ਕੋਈ ਵੀ ਇਨ੍ਹਾਂ ਦਾ ਹੱਕਦਾਰ ਹੈ, ਉਹ ਉਨ੍ਹਾਂ ਸਾਰਿਆਂ ਨੂੰ ਮਿਲਦੇ ਹਨ। ਇਸੇ ਲਈ ਭਾਰਤ ਦੀਆਂ ਲੋਕਤੰਤਰਿਕ ਕਦਰਾਂ-ਕੀਮਤਾਂ ਵਿੱਚ ਕੋਈ ਵਿਤਕਰਾ ਨਹੀਂ ਹੈ। ਨਾ ਧਰਮ ਦੇ ਆਧਾਰ 'ਤੇ, ਨਾ ਜਾਤ ਦੇ ਆਧਾਰ 'ਤੇ, ਨਾ ਉਮਰ ਦੇ ਆਧਾਰ 'ਤੇ ਅਤੇ ਨਾ ਹੀ ਖੇਤਰ ਦੇ ਆਧਾਰ 'ਤੇ।''

ਲਾਈਨ
ਲਾਈਨ

ਸਵਾਲ ਪੁੱਛਣ ਤੋਂ ਬਾਅਦ ਟ੍ਰੋਲਿੰਗ

ਜਦੋਂ ਸਬਰੀਨਾ ਸਿੱਦੀਕੀ ਨੇ ਪੀਐਮ ਮੋਦੀ ਨੂੰ ਸਵਾਲ ਪੁੱਛਿਆ ਤਾਂ ਕੁਝ ਦੇਰ ਬਾਅਦ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਟ੍ਰੋਲਿੰਗ ਸ਼ੁਰੂ ਹੋ ਗਈ।

ਭਾਜਪਾ ਸਮਰਥਨ ਵਾਲੇ ਸੋਸ਼ਲ ਮੀਡੀਆ ਹੈਂਡਲਜ਼ ਦੁਆਰਾ ਸਬਰੀਨਾ ਸਿੱਦੀਕੀ ਨੂੰ ਭਾਰਤ ਵਿਰੋਧੀ, ਪਾਕਿਸਤਾਨੀ ਕਿਹਾ ਜਾਣ ਲੱਗਾ।

ਸਬਰੀਨਾ ਸਿੱਦੀਕੀ ਦੀ ਮੁਸਲਿਮ ਪਛਾਣ ਨੂੰ ਵੀ ਬੁਰੀ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ।

ਲਾਈਨ

ਕੀ ਹੈ ਮਾਮਲਾ

  • ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਸਟੇਟ ਦੌਰੇ 'ਤੇ ਸਨ
  • ਇੱਥੇ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਇੱਕ ਸਾਂਝੀ ਪ੍ਰੈੱਸ ਕਾਨਫਰੰਸ 'ਚ ਹਿੱਸਾ ਲਿਆ
  • ਇਸੇ ਦੌਰਾਨ ਪੱਤਰਕਾਰ ਸਬਰੀਨਾ ਸਿੱਦਕੀ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਸਵਾਲ ਪੁੱਛੇ ਜਾਣ ਤੋਂ ਬਾਅਦ ਉਨ੍ਹਾਂ ਦੀ ਖਾਸੀ ਟਰੋਲਿੰਗ ਹੋਈ
  • ਇਸ ਸਵਾਲ ਮੋਦੀ ਸਰਕਾਰ 'ਚ ਘੱਟ ਗਿਣਤੀਆਂ ਨਾਲ ਕਥਿਤ ਵਿਤਕਰੇ ਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਰਿਕਾਰਡ 'ਤੇ ਸਬੰਧੀ ਸੀ
  • ਪੀਐਮ ਮੋਦੀ ਨੇ ਇਸ ਦੇ ਜਵਾਬ 'ਚ ਕਿਹਾ ਸੀ ਕਿ ਭਾਰਤ 'ਚ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਹੁੰਦਾ ਤੇ 'ਲੋਕਤੰਤਰ ਸਾਡੀ ਆਤਮਾ ਹੈ'
  • ਹੁਣ, ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਨੇ ਕਿਹਾ ਹੈ ਕਿ 'ਅਸੀਂ ਪੱਤਰਕਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਨਿੰਦਾ ਕਰਦੇ ਹਾਂ'
ਲਾਈਨ

ਟ੍ਰੋਲਰਾਂ ਨੇ ਸਬਰੀਨਾ ਵੱਲੋਂ ਪੋਸਟ ਕੀਤੀਆਂ ਪਾਕਿਸਤਾਨ ਦੇ ਝੰਡੇ ਦੀਆਂ ਤਸਵੀਰਾਂ ਦੇ ਸਕਰੀਨ ਸ਼ਾਟ ਵੀ ਸ਼ੇਅਰ ਕੀਤੇ ਅਤੇ ਸਬਰੀਨਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ।

ਜਦੋਂ ਟ੍ਰੋਲਿੰਗ ਵਧੀ ਤਾਂ ਸਬਰੀਨਾ ਸਿੱਦੀਕੀ ਨੇ ਟਵਿੱਟਰ 'ਤੇ ਆਪਣੇ ਪਿਤਾ ਨਾਲ ਸਾਲ 2011 ਦੀ ਤਸਵੀਰ ਪੋਸਟ ਕੀਤੀ। ਇਸ ਤਸਵੀਰ ਵਿੱਚ ਸਿੱਦੀਕੀ ਆਪਣੇ ਪਿਤਾ ਨਾਲ ਭਾਰਤ ਦੇ ਮੈਚ ਦੌਰਾਨ ਭਾਰਤ ਦੀ ਜਰਸੀ ਪਹਿਨੇ ਨਜ਼ਰ ਆ ਰਹੇ ਹਨ।

ਸਬਰੀਨਾ ਨੇ ਟਵੀਟ ਕੀਤਾ, "ਹੁਣ ਜਦੋਂ ਕੁਝ ਲੋਕ ਮੇਰੇ ਨਿੱਜੀ ਪਿਛੋਕੜ ਤੋਂ ਕੁਝ ਸਾਬਤ ਕਰਨਾ ਚਾਹੁੰਦੇ ਹਨ, ਤਾਂ ਮੈਨੂੰ ਲੱਗਦਾ ਹੈ ਕਿ ਪੂਰੀ ਤਸਵੀਰ ਪੇਸ਼ ਕੀਤੀ ਜਾਣੀ ਚਾਹੀਦੀ ਹੈ। ਕਈ ਵਾਰ ਪਛਾਣ ਜਿੰਨੀ ਸਰਲ ਨਜ਼ਰ ਆਉਂਦੀ ਹੈ, ਉਸ ਤੋਂ ਗੁੰਝਲਦਾਰ ਹੁੰਦੀ ਹੈ।''

ਸਬਰੀਨਾ ਸਿੱਦਕੀ

ਤਸਵੀਰ ਸਰੋਤ, SABRINA SIDDIQUI/Twitter

ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਮੌਜੂਦ ਹਨ, ਜਿਸ 'ਚ ਸਬਰੀਨਾ ਟੀਮ ਇੰਡੀਆ ਦੀ ਜਰਸੀ ਪਹਿਨ ਕੇ ਭਾਰਤੀ ਕ੍ਰਿਕਟ ਟੀਮ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ।

ਸਬਰੀਨਾ ਦੇ ਇਸ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਕਈ ਕਾਂਗਰਸੀ ਆਗੂਆਂ ਨੇ ਮੋਦੀ ਸਰਕਾਰ ਨੂੰ ਘੇਰਿਆ ਸੀ।

ਸਬਰੀਨਾ ਦੀ ਆਨਲਾਈਨ ਟ੍ਰੋਲਿੰਗ ਦੀ, ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਨੇ ਵੀ ਆਲੋਚਨਾ ਕੀਤੀ ਹੈ।

ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਨੇ ਟਵੀਟ ਕੀਤਾ, "ਜ਼ਿੰਮੇਵਾਰ ਆਗੂਆਂ ਤੋਂ ਸਵਾਲ ਕਰਨ ਵਿੱਚ ਪੱਤਰਕਾਰ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਅਜਿਹੇ ਪੱਤਰਕਾਰਾਂ ਨੂੰ ਕਦੇ ਵੀ ਆਪਣਾ ਕੰਮ ਕਰਨ ਲਈ ਟ੍ਰੋਲ ਨਹੀਂ ਕੀਤਾ ਜਾਣਾ ਚਾਹੀਦਾ। ਅਸੀਂ ਸਬਰੀਨਾ ਅਤੇ ਅਜਿਹੀਆਂ ਧਮਕੀਆਂ ਦਾ ਸਾਹਮਣਾ ਕਰ ਰਹੇ ਹਰ ਪੱਤਰਕਾਰ ਨਾਲ ਖੜ੍ਹੇ ਹਾਂ।''

ਸਬਰੀਨਾ ਸਿੱਦਕੀ

ਤਸਵੀਰ ਸਰੋਤ, INSTA/SABRINA SIDDIQUI

ਕੌਣ ਹਨ ਸਬਰੀਨਾ ਸਿੱਦਕੀ?

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਸਬਰੀਨਾ ਸਰ ਸਈਅਦ ਅਹਿਮਦ ਖਾਨ ਦੇ ਪਰਿਵਾਰ ਵਿੱਚੋਂ ਹਨ।

ਸਬਰੀਨਾ ਲੰਬੇ ਸਮੇਂ ਤੋਂ ਵ੍ਹਾਈਟ ਹਾਊਸ ਦੇ ਰਿਪੋਰਟਰ ਹਨ ਅਤੇ ਉਹ ਬਾਇਡਨ ਪ੍ਰਸ਼ਾਸਨ ਨੂੰ ਕਵਰ ਕਰਦੇ ਹਨ।

ਸਬਰੀਨਾ ਉਨ੍ਹਾਂ ਪੱਤਰਕਾਰਾਂ ਵਿੱਚੋਂ ਇੱਕ ਹਨ ਜੋ ਰਾਸ਼ਟਰਪਤੀ ਬਾਇਡਨ ਦੇ ਨਾਲ ਇਸ ਸਾਲ ਯੂਕਰੇਨ ਦੀ ਇਤਿਹਾਸਕ ਯਾਤਰਾ 'ਤੇ ਗਏ ਸਨ।

ਸਾਲ 2019 ਵਿੱਚ ਵਾਲ ਸਟਰੀਟ ਜਨਰਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਉਨ੍ਹਾਂ ਨੇ ਗਾਰਡੀਅਨ ਲਈ ਰਾਸ਼ਟਰਪਤੀ ਚੋਣ ਅਤੇ ਵ੍ਹਾਈਟ ਹਾਊਸ ਨੂੰ ਕਵਰ ਕੀਤਾ।

ਸਬਰੀਨਾ ਸਿੱਦੀਕੀ ਨੇ ਨਾਰਥਵੈਸਟਰਨ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ ਅਤੇ ਉਹ ਆਪਣੇ ਪਤੀ ਅਤੇ ਬੱਚੀ ਨਾਲ ਵਾਸ਼ਿੰਗਟਨ ਵਿੱਚ ਰਹਿੰਦੇ ਹਨ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)