ਸੰਘ ਆਗੂ ਭਾਜਪਾ ਖ਼ਿਲਾਫ਼ ਆਖ਼ਰ ਬਿਆਨਬਾਜ਼ੀ ਕਿਉਂ ਕਰ ਰਹੇ ਹਨ, ਕੀ ਇਹ ਗੰਭੀਰ ਮੁੱਦਾ ਹੈ ਜਾਂ ਸਿਰਫ਼ 'ਨੂਰਾ ਕੁਸ਼ਤੀ' ਹੀ ਹੈ

ਤਸਵੀਰ ਸਰੋਤ, ANI
- ਲੇਖਕ, ਭਾਗਿਆਸ਼੍ਰੀ ਰਾਊਤ
- ਰੋਲ, ਬੀਬੀਸੀ ਮਰਾਠੀ ਲਈ
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਦੂਜੇ ਨੇਤਾ ਇੰਦਰੇਸ਼ ਕੁਮਾਰ ਦਾ ਬਿਆਨ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਸਤਾਧਾਰੀ ਭਾਜਪਾ ਨੂੰ “ਹੰਕਾਰੀ” ਅਤੇ ਵਿਰੋਧੀ ਧਿਰ ਇੰਡੀਆ ਗਠਜੋੜ ਨੂੰ “ਰਾਮ ਵਿਰੋਧੀ” ਦੱਸਿਆ ਹੈ।
ਆਰਐੱਸਐੱਸ ਦੀ ਕੌਮੀ ਕਾਰਜਕਰਨੀ ਦੇ ਮੈਂਬਰ ਇੰਦਰੇਸ਼ ਕੁਮਾਰ ਨੇ ਕਿਹਾ, “2024 ’ਚ ਰਾਮ ਰਾਜ ਦਾ ਵਿਧਾਨ ਵੇਖੋ, ਜਿਨ੍ਹਾਂ ’ਚ ਰਾਮ ਦੀ ਭਗਤੀ ਸੀ ਅਤੇ ਹੌਲੀ-ਹੌਲੀ ਉਹ ਹੰਕਾਰੀ ਹੋ ਗਏ, ਉਨ੍ਹਾਂ ਨੂੰ 240 ਸੀਟਾਂ ਤੱਕ ਸੀਮਤ ਕਰ ਦਿੱਤਾ ਗਿਆ। ਜਿਨ੍ਹਾਂ ਨੇ ਰਾਮ ਦਾ ਵਿਰੋਧ ਕੀਤਾ, ਉਨ੍ਹਾਂ ’ਚੋਂ ਕਿਸੇ ਨੂੰ ਵੀ ਰਾਮ ਨੇ ਸ਼ਕਤੀ ਨਹੀਂ ਦਿੱਤੀ, ਕਿਹਾ ਤੁਹਾਡੀ ਆਸਥਾ ਦੀ ਇਹੀ ਸਜ਼ਾ ਹੈ ਕਿ ਤੁਸੀਂ ਸਫ਼ਲ ਨਹੀਂ ਹੋ ਸਕਦੇ।”
ਕੁਝ ਦਿਨ ਪਹਿਲਾਂ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਕਰਦੇ ਹੋਏ ਇੱਕ ਬਿਆਨ ਦਿੱਤਾ ਸੀ।
ਉਨ੍ਹਾਂ ਨੇ ਕਿਹਾ, “ਜੋ ਮਰਿਆਦਾ ਦੀ ਪਾਲਣਾ ਕਰਦੇ ਹੋਏ ਕੰਮ ਕਰਦਾ ਹੈ, ਮਾਣ ਕਰਦਾ ਹੈ ਪਰ ਹੰਕਾਰ ਨਹੀਂ ਕਰਦਾ, ਉਹ ਹੀ ਸਹੀ ਅਰਥਾਂ ’ਚ ਇੱਕ ਯੋਗ ਸੇਵਕ ਕਹਾਉਣ ਦਾ ਹੱਕਦਾਰ ਹੈ।”
ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੇ ਇਹ ਗੱਲ ਭਾਜਪਾ ਦੇ ਕਥਿਤ ਹੰਕਾਰ ਨੂੰ ਲੈ ਕੇ ਕਹੀ ਸੀ।
ਇੰਨਾ ਹੀ ਨਹੀਂ, ਉਨ੍ਹਾਂ ਨੇ ਕਈ ਮੁੱਦਿਆਂ ਉੱਤੇ ਸਤਾ ਧਾਰੀ ਭਾਜਪਾ ਸਰਕਾਰ ਨੂੰ ਨਸੀਹਤ ਵੀ ਦਿੱਤੀ। ਉਹ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਮਣੀਪੁਰ ਵਿੱਚ ਹੋ ਰਹੀ ਹਿੰਸਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਫਰਜ਼ ਹੈ ਕਿ ਇਸ ਹਿੰਸਾ ਨੂੰ ਹੁਣ ਰੋਕਿਆ ਜਾਵੇ।
ਸਾਲ 2024 ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਪਿਛਲੇ ਦੋ ਚੋਣਾਂ ਵਾਂਗ ਭਾਜਪਾ ਨੂੰ ਆਪਣੇ ਬਲਬੂਤੇ ’ਤੇ ਪੂਰਾ ਬਹੁਮਤ ਨਹੀਂ ਮਿਲਿਆ। ਇਸ ਝਟਕੇ ਕਾਰਨ ਕਈ ਸਹਿਯੋਗੀ, ਸਮਰਥਕ ਅਤੇ ਵਿਰੋਧੀ ਭਾਜਪਾ ਦੀ ਆਲੋਚਨਾ ਕਰ ਰਹੇ ਹਨ।
ਇਸ ਸਾਰੇ ਦੌਰਾਨ ਭਾਜਪਾ ਲਈ ਸਭ ਤੋਂ ਵੱਡਾ ਝਟਕਾ ਤਾਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਦੇ ਬਿਆਨ ਨੂੰ ਮੰਨਿਆ ਜਾ ਰਿਹਾ ਹੈ।
ਚੋਣ ਨਤੀਜਿਆਂ ਤੋਂ ਬਾਅਦ ਮੋਹਨ ਭਾਗਵਤ ਦਾ ਭਾਸ਼ਣ ਕਈ ਅਰਥਾਂ ਵਿੱਚ ਅਹਿਮ ਸੀ। ਇਸ ਦੀ ਚਰਚਾ ਦੇਸ ਭਰ ਦੇ ਮੀਡੀਆ ਵਿੱਚ ਹੋ ਰਹੀ ਹੈ।
ਲੇਕਿਨ ਸੰਘ ਵੱਲੋਂ ਆ ਰਹੀ ਆਲੋਚਨਾ ਦਾ ਸਿਲਸਿਲਾ ਰੁਕਿਆ ਨਹੀਂ ਹੈ। ਆਰਐੱਸਐੱਸ ਦੇ ਮੈਗਜ਼ੀਨ ਆਰਗੇਨਾਈਜ਼ਰ ਨੇ ਵੀ ਭਾਜਪਾ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਆਲੋਚਨਾ ਕੀਤੀ।
ਆਰਗੇਨਾਈਜ਼ਰ ਨੇ ਲਿਖਿਆ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਭਾਜਪਾ ਦੇ ਅਤਿ ਆਤਮ ਵਿਸ਼ਵਾਸੀ ਆਗੂਆਂ ਅਤੇ ਵਰਕਰਾਂ ਨੂੰ ਸ਼ੀਸ਼ਾ ਹਨ। ਹਰ ਕੋਈ ਵਹਿਮ ਵਿੱਚ ਸੀ, “ਕਿਸੇ ਨੇ ਲੋਕਾਂ ਦੀ ਅਵਾਜ਼ ਨਹੀਂ ਸੁਣੀ”।

ਤਸਵੀਰ ਸਰੋਤ, Getty Images
ਸੰਘ ਮੈਂਬਰ ਰਤਨ ਸ਼ਾਰਦਾ ਦਾ ਲਿਖਿਆ ਇਹ ਲੇਖ ਮੋਦੀ ਸਰਕਾਰ ਅਤੇ ਭਾਜਪਾ ਦੀ ਆਲੋਚਨਾ ਹੈ।
ਇਸ ਤੋਂ ਕੁਦਰਤੀ ਰੂਪ ਵਿੱਚ ਇਹ ਸਵਾਲ ਉੱਠਦਾ ਹੈ ਕਿ ਕੀ ਸੰਘ ਅਤੇ ਭਾਜਪਾ ਦੇ ਵਿੱਚ ਸਭ ਕੁਝ ਠੀਕ ਹੈ ਜਾਂ ਨਹੀਂ? ਇਹ ਸਵਾਲ ਇਸ ਲਈ ਵੀ ਪੁੱਛਿਆ ਜਾ ਰਿਹਾ ਹੈ ਕਿਉਂਕਿ ਇਸ ਨਾਲ ਜੁੜਿਆ ਇੱਕ ਕਿੱਸਾ ਹੈ।
ਲੋਕ ਸਭਾ ਚੋਣਾਂ ਦੇ ਸ਼ੁਰੂਆਤੀ ਗੇੜਾਂ ਦੇ ਪ੍ਰਚਾਰ ਦੌਰਾਨ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਇੰਡੀਅਨ ਐਕਸਪ੍ਰੈੱਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ, ‘ਭਾਜਪਾ ਨੂੰ ਹੁਣ ਸੰਘ ਦੀ ਲੋੜ ਨਹੀਂ ਹੈ।’
ਸਾਰੇ ਜਾਣਦੇ ਹਨ ਕਿ ਦੇਸ ਭਰ ਵਿੱਚ ਫੈਲਿਆ ਤੰਤਰ, ਪਰਿਵਾਰਕ ਸੰਸਥਾਵਾਂ, ਉਨ੍ਹਾਂ ਨਾਲ ਜੁੜੇ ਲੋਕ ਕਿਵੇਂ ਚੋਣ ਪ੍ਰਚਾਰ ਵਿੱਚ ਭਾਜਪਾ ਦੀ ਮਦਦ ਕਰਦੇ ਹਨ, ਫਿਰ ਉਨ੍ਹਾਂ ਨੇ ਚੋਣਾਂ ਦੇ ਦੌਰਾਨ ਅਜਿਹਾ ਬਿਆਨ ਕਿਉਂ ਦਿੱਤਾ ਹੋਵੇਗਾ?
ਚੋਣ ਨਤੀਜਿਆਂ ਦਾ ਐਲਾਨ ਹੁੰਦਿਆਂ ਹੀ ਮੋਹਨ ਭਾਗਵਤ ਨੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਅਤੇ ਅਗਲੇ ਹੀ ਦਿਨ ਆਰਐੱਸਐੱਸ ਦੇ ਰਸਾਲੇ ਨੇ ਭਾਜਪਾ ਆਗੂਆਂ ਦੀ ਆਲੋਚਨਾ ਕਰ ਦਿੱਤੀ।
ਮੋਹਨ ਭਾਗਵਤ ਨੇ ਕਿਹੜੇ ਮੁੱਦੇ ਚੁੱਕੇ?

ਤਸਵੀਰ ਸਰੋਤ, Getty Images
ਮੋਹਨ ਭਾਗਵਤ ਜਨਤਕ ਰੂਪ ਵਿੱਚ ਦੋ ਵਾਰ ਬੋਲਦੇ ਹਨ। ਇੱਕ ਦੁਸਹਿਰੇ ਵਾਲੇ ਦਿਨ ਅਤੇ ਦੂਜੇ ਸੰਘ ਦੇ ਕਾਰਕੁਨਾਂ ਦੀਆਂ ਵਿਕਾਸ ਕਲਾਸਾਂ ਤੋਂ ਬਾਅਦ, ਹਾਲਾਂਕਿ ਇਨ੍ਹਾਂ ਕਲਾਸਾਂ ਵਿੱਚ ਉਹ ਕਦੇ ਸਿਆਸੀ ਸਲਾਹ ਨਹੀਂ ਦਿੰਦੇ।
ਲੇਕਿਨ ਇਸ ਵਾਰ ਉਨ੍ਹਾਂ ਨੇ ਚੋਣ ਨਤੀਜਿਆਂ ਤੋਂ ਤੁਰੰਤ ਮਗਰੋਂ ਕਾਰਿਆਕਾਰੀ ਵਿਕਾਸ ਵਰਗ-2 ਦੇ ਸਮਾਪਤੀ ਭਾਸ਼ਣ ਵਿੱਚ ਅਸਿੱਧੇ ਰੂਪ ਵਿੱਚ ਭਾਜਪਾ ਆਗੂਆਂ ਨੂੰ ਨਸੀਹਤ ਦਿੱਤੀ।
ਉਨ੍ਹਾਂ ਦਾ ਭਾਸ਼ਣ ਥੋੜ੍ਹਾ ਹਮਲਾਵਰ ਸੀ। ਇਸ ਵਿੱਚ ਉਨ੍ਹਾਂ ਨੇ ਚਾਰ ਮੁੱਖ ਗੱਲਾਂ ਕਹੀਆਂ ਸਨ।
ਪਹਿਲਾ ਹੈ ਮਣੀਪੁਰ ਉੱਤੇ ਉਨ੍ਹਾਂ ਦਾ ਬਿਆਨ। ਉਨ੍ਹਾਂ ਨੇ ਕਿਹਾ, ‘ਵਿਕਾਸ ਲਈ ਦੇਸ ਵਿੱਚ ਸ਼ਾਂਤੀ ਜ਼ਰੂਰੀ ਹੈ। ਦੇਸ ਵਿੱਚ ਅਸ਼ਾਂਤੀ ਹੈ ਅਤੇ ਕੰਮ ਨਹੀਂ ਹੋ ਰਿਹਾ। ਦੇਸ ਦਾ ਅਹਿਮ ਹਿੱਸਾ ਮਣੀਪੁਰ ਇੱਕ ਸਾਲ ਤੋਂ ਸੜ ਰਿਹਾ ਹੈ। ਨਫ਼ਰਤ ਨੇ ਮਣੀਪੁਰ ਵਿੱਚ ਅਰਾਜਕਤਾ ਫੈਲਾਅ ਦਿੱਤੀ ਹੈ।’
ਉਨ੍ਹਾਂ ਨੇ ਮੌਜੂਦਾ ਐੱਨਡੀਏ ਸਰਕਾਰ ਨੂੰ ਸਲਾਹ ਦਿੱਤੀ ਕਿ ਉੱਥੇ ਹਿੰਸਾ ਰੋਕਣਾ ਸਰਕਾਰ ਦੀ ਪਹਿਲ ਹੋਣੀ ਚਾਹੀਦੀ ਹੈ।
ਦੂਜਾ ਪੀਐੱਮ ਮੋਦੀ ਹਮੇਸ਼ਾ ਖ਼ੁਦ ਨੂੰ ਪ੍ਰਧਾਨ ਸੇਵਕ ਕਹਿੰਦੇ ਹਨ, ਮੋਹਨ ਭਾਗਵਤ ਨੇ ਆਪਣੇ ਭਾਸ਼ਣ ਵਿੱਚ ਸੇਵਕ ਸ਼ਬਦ ਦਾ ਜ਼ਿਕਰ ਕੀਤਾ।
ਭਾਗਵਤ ਨੇ ਕਿਹਾ, “ਦੇਸ ਦੀ ਬਿਨਾਂ ਸੁਆਰਥ ਅਤੇ ਸੱਚੀ ਸੇਵਾ ਦੀ ਲੋੜ ਹੈ। ਜੋ ਮਰਿਆਦਾ ਦਾ ਪਾਲਣ ਕਰਦਾ ਹੈ ਉਸ ਵਿੱਚ ਹੰਕਾਰ ਨਹੀਂ ਹੁੰਦਾ, ਉਹ ਸੇਵਕ ਕਹਾਉਣ ਦਾ ਹੱਕਦਾਰ ਹੁੰਦਾ ਹੈ।”
ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਅਸਿੱਧੇ ਰੂਪ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਕਿਹਾ ਗਿਆ ਸੀ।
ਤੀਜਾ, ਵਿਰੋਧੀ ਪਾਰਟੀਆਂ ਬਾਰੇ ਮੋਹਨ ਭਾਗਵਤ ਨੇ ਬਿਆਨ ਦਿੱਤਾ।

ਉਨ੍ਹਾਂ ਨੇ ਕਿਹਾ, “ਸੱਤਾਧਿਰ ਅਤੇ ਵਿਰੋਧੀ ਧਿਰ ਦੀ ਅਲੱਗ-ਅਲੱਗ ਰਾਇ ਹੈ। ਅਸਲ ਵਿੱਚ ਸਾਨੂੰ ‘ਪ੍ਰਤੀਪਕਸ਼’ ਸ਼ਬਦ ਦੀ ਵਰਤੋਂ ਕਰਨੀ ਚਾਹੀਦੀ ਹੈ ਵਿਰੋਧ ਦੀ ਨਹੀਂ। ਉਹ ਸੰਸਦ ਵਿੱਚ ਆਪਣੀ ਗੱਲ ਰੱਖਦੇ ਹਨ। ਇਸਦਾ ਵੀ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਚੋਣਾਂ ਦੀ ਇੱਕ ਹੱਦ ਹੋਣੀ ਚਾਹੀਦੀ ਹੈ ਪਰ ਇਸ ਵਾਰ ਇਸ ਵਾਰ ਅਜਿਹਾ ਦੇਖਣ ਨੂੰ ਨਹੀਂ ਮਿਲਿਆ।”
ਚੌਥਾ, ਚੋਣ ਪ੍ਰਚਾਰ ਬਾਰੇ ਬਿਆਨ। ਉਨ੍ਹਾਂ ਨੇ ਕਿਹਾ, “ਚੋਣ ਪ੍ਰਚਾਰ ਮੁਕਾਬਲਾ ਹੈ। ਇਸ ਦੀਆਂ ਹੱਦਾਂ ਹੋਣੀਆਂ ਚਾਹੀਦੀਆਂ ਹਨ। ਝੂਠ ਦਾ ਸਹਾਰਾ ਲੈਣ ਨਾਲ ਕੰਮ ਨਹੀਂ ਚੱਲਦਾ। ਕੈਂਪੇਨ ਵਿੱਚ ਆਲੋਚਨਾ ਹੋਈ ਅਤੇ ਸਮਾਜ ਵਿੱਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ। ਬਿਨਾਂ ਵਜ੍ਹਾ ਸੰਘ ਵਰਗੇ ਸੰਗਠਨਾਂ ਨੂੰ ਵੀ ਇਸ ਵਿੱਚ ਘਸੀਟਣ ਦੀ ਕੋਸ਼ਿਸ਼ ਕੀਤੀ ਗਈ।”
“ਇਹ ਸਹੀ ਨਹੀਂ ਹੈ ਕਿ ਤਕਨੀਕ ਦੀ ਮਦਦ ਨਾਲ ਝੂਠ ਫੈਲਾਇਆ ਜਾਵੇ। ਕੇਂਦਰ ਵਿੱਚ ਭਾਵੇਂ ਐੱਨਡੀਏ ਦੀ ਸਰਕਾਰ ਵਾਪਸ ਆ ਗਈ ਹੈ ਲੇਕਿਨ ਦੇਸ ਦੇ ਸਾਹਮਣੇ ਚੁਣੌਤੀਆਂ ਖ਼ਤਮ ਨਹੀਂ ਹੋਈਆਂ ਹਨ।”
ਮੋਹਨ ਭਾਗਵਤ ਨੇ ਇਹ ਭਾਸ਼ਣ 10 ਜੂਨ ਦੀ ਰਾਤ ਨੂੰ ਦਿੱਤਾ ਸੀ ਅਤੇ ਅਗਲੇ ਹੀ ਦਿਨ 11 ਜੂਨ ਨੂੰ ਸੰਘ ਦੇ ਰਸਾਲੇ ਆਗਰੇਨਾਈਜ਼ਰ ਨੇ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ।
ਆਰਗੇਨਾਈਜ਼ਰ ਨੇ ਕੀ ਲਿਖਿਆ ਹੈ

ਤਸਵੀਰ ਸਰੋਤ, ANI
ਆਰਗੇਨਾਈਜ਼ਰ ਵਿੱਚ ਛਪੇ ਇੱਕ ਲੇਖ ਵਿੱਚ ਕਿਹਾ ਗਿਆ, “ਭਾਜਪਾ ਨੇ ਆਰਐੱਸਐੱਸ ਦਾ ਕੰਮ ਨਹੀਂ ਕੀਤਾ। ਲੇਕਿਨ ਭਾਜਪਾ ਇੱਕ ਵੱਡੀ ਪਾਰਟੀ ਹੈ ਅਤੇ ਉਸਦੇ ਆਪਣੇ ਵਰਕਰ ਹਨ। ਉਹ ਪਾਰਟੀ ਦੀ ਕਾਰਜ ਪ੍ਰਣਾਲੀ, ਉਸਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾ ਸਕਦੇ ਹਨ।”
“ਸੰਘ, ਚੋਣਾਂ ਵਿੱਚ ਵੋਟਿੰਗ ਵਧਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਿਹਾ ਹੈ। ਲੇਕਿਨ ਭਾਜਪਾ ਵਰਕਰਾਂ ਨੇ ਸੰਘ ਤੱਕ ਆਪਣੀ ਗੱਲ ਨਹੀਂ ਪਹੁੰਚਾਈ। ਉਨ੍ਹਾਂ ਨੇ ਸਵੈਮ ਸੇਵਕਾਂ ਨੂੰ ਚੋਣਾਂ ਵਿੱਚ ਸਹਿਯੋਗ ਕਰਨ ਲਈ ਵੀ ਨਹੀਂ ਕਿਹਾ। ਉਨ੍ਹਾਂ ਨੇ ਅਜਿਹਾ ਕਿਉਂ ਕੀਤਾ।”
ਇਸ ਲੇਖ ਵਿੱਚ ਮਹਾਰਾਸ਼ਟਰ ਵਿੱਚ ਜੋੜ ਤੋੜ ਦੀ ਸਿਆਸਤ ਉੱਤੇ ਵੀ ਭਾਜਪਾ ਦੀ ਆਲੋਚਨਾ ਕੀਤੀ ਗਈ ਹੈ।
ਕਿਹਾ ਗਿਆ ਹੈ ਕਿ ਮਹਾਰਾਸ਼ਟਰ ਵਿੱਚ ਜੋੜ-ਤੋੜ ਦੀ ਸਿਆਸਤ ਤੋਂ ਬਚਿਆ ਜਾ ਸਕਦਾ ਸੀ। ਇਹ ਵੀ ਕਿਹਾ ਗਿਆ ਕਿ ਭਾਜਪਾ ਵਰਕਰ ਮੋਦੀ ਦੀ ਗਰੰਟੀ, ਅਬ ਕੀ ਬਾਰ 400 ਪਾਰ ਦੇ ਅਤਿ-ਆਤਮ ਵਿਸ਼ਵਾਸ ਵਿੱਚ ਫਸ ਗਏ ਸਨ।
ਲੇਖ ਵਿੱਚ ਸਵਾਲ ਚੁੱਕਿਆ ਗਿਆ ਕਿ ਜਦੋਂ ਭਾਜਪਾ ਅਤੇ ਸ਼ਿਵਸੇਨਾ ਨੂੰ ਬਹੁਮਤ ਮਿਲ ਰਿਹਾ ਸੀ ਤਾਂ ਵੀ ਅਜੀਤ ਪਵਾਰ ਨੂੰ ਨਾਲ ਕਿਉਂ ਮਿਲਾਇਆ ਗਿਆ। ਭਾਜਪਾ ਹਮਾਇਤੀ ਉਨ੍ਹਾਂ ਲੋਕਾਂ ਨੂੰ ਆਪਣੇ ਨਾਲ ਲੈਣ ਤੋਂ ਦੁਖੀ ਹਨ। ਜਿਨ੍ਹਾਂ ਦੇ ਖਿਲਾਫ਼ ਉਨ੍ਹਾਂ ਨੇ ਸਾਲਾਂ ਤੱਕ ਲੜਾਈ ਲੜੀ। ਇੱਕ ਝਟਕੇ ਵਿੱਚ ਆਪਣੀ ਬਰਾਂਡ ਵੈਲਿਊ ਘੱਟ ਕਰਨ ਬਾਰੇ ਭਾਜਪਾ ਦੀ ਸਖ਼ਤ ਆਲੋਚਨਾ ਹੋ ਰਹੀ ਹੈ।
ਇਨ੍ਹਾਂ ਬਿਆਨਾਂ ਅਤੇ ਲੇਖਾਂ ਤੋਂ ਪਹਿਲਾਂ ਸੰਘ ਦੀ ਮਸ਼ੀਨਰੀ ਨੇ ਆਪਣੇ ਸਵੈਮ ਸੇਵਕਾਂ, ਅਹੁਦੇਦਾਰਾਂ ਤੋਂ ਚੋਣ ਨਤੀਜਿਆਂ ਬਾਰੇ ‘ਫੀਡਬੈਕ’ ਇਕੱਠੀ ਕੀਤੀ ਸੀ।
ਇਸ ਸੀਨੀਅਰ ਸਵੈਮ ਸੇਵਕ ਜਿਨ੍ਹਾਂ ਤੋਂ ਇਹ ‘ਫੀਡਬੈਕ’ ਲਿਆ ਗਿਆ ਸੀ ਅਤੇ ਜੋ ਪੇਸ਼ੇਵਰ ਰੂਪ ਵਿੱਚ ਇਨ੍ਹਾਂ ਚੋਣਾਂ ਦੇ ਸਿਆਸੀ ਬੰਦੋਬਸਤ ਵਿੱਚ ਵੀ ਸ਼ਾਮਿਲ ਸਨ। ਉਨ੍ਹਾਂ ਨੇ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ ਉੱਤੇ ਬੀਬੀਸੀ ਮਰਾਠੀ ਨੂੰ ਦੱਸਿਆ, “ਸੰਘ ਦੀ ਸ਼ਾਖਾ ਦੇ ਪੱਧਰ ਉੱਤੇ ਇਸ ਤਰ੍ਹਾਂ ਦਾ ਫੀਡਬੈਕ ਆਇਆ ਹੈ, ਕੌਮੀ ਕਾਰਜਕਾਰਨੀ ਦੇ ਪੱਧਰ ਉੱਤੇ ਇਹ ਕੋਈ ਗੱਲ ਨਹੀਂ ਹੈ।”

ਤਸਵੀਰ ਸਰੋਤ, ANI
‘ਵੋਟ ਪ੍ਰਤੀਸ਼ਤ ਕਿਉਂ ਘਟਿਆ, ਸਮਾਜਿਕ ਇੱਕਜੁੱਟਤਾ ਦਾ ਚੋਣਾਂ ਉੱਤੇ ਕੀ ਅਸਰ ਪਿਆ, ਚੋਣਾਂ ਵਿੱਚ ਕੀ ਨਰੇਟਿਵ ਚੱਲਿਆ ਅਤੇ ਨਤੀਜੇ ਅਜਿਹੇ ਕਿਉਂ ਰਹੇ, ਵਰਗੇ ਮੁੱਦਿਆਂ ਉੱਤੇ ‘ਫੀਡਬੈਕ’ ਮੰਗਿਆ ਗਿਆ ਸੀ। ਇਹ ਭਾਜਪਾ ਅਤੇ ਉਸ ਨਾਲ ਜੁੜੇ ਲੋਕਾਂ ਉੱਤੇ ਵੀ ਲਾਗੂ ਹੁੰਦਾ ਹੈ।’
ਹਾਲਾਂਕਿ ਨਤੀਜਿਆਂ ਦੇ ਮੱਦੇਨਜ਼ਰ ਮੋਹਨ ਭਾਗਵਤ ਦੇ ਬਿਆਨ ਦੀ ਚਰਚਾ ਹੋ ਰਹੀ ਹੈ। ਲੇਕਿਨ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਨ੍ਹਾਂ ਨੇ ਇਸ ਤਰ੍ਹਾਂ ਦੀ ਆਲੋਚਨਾ ਕੀਤੀ ਹੈ। ਮੋਹਨ ਭਾਗਵਤ ਨੇ ਉਨ੍ਹਾਂ ਮੁੱਦਿਆਂ ਉੱਤੇ ਟਿੱਪਣੀ ਕੀਤੀ ਹੈ, ਜਿਨ੍ਹਾਂ ਉੱਤੇ ਮੋਦੀ ਸਰਕਾਰ ਪਹਿਲਾਂ ਵੀ ਚੁੱਪ ਰਹੀ ਹੈ। ਨਾ ਸਿਰਫ਼ ਮੋਹਨ ਭਾਗਵਤ ਸਗੋਂ ਉਨ੍ਹਾਂ ਤੋਂ ਪਿਛਲੇ ਸੰਘ ਆਗੂ ਵੀ ਆਪਣੀ ਗੱਲ ਜਨਤਕ ਰੂਪ ਵਿੱਚ ਖੁੱਲ੍ਹ ਕੇ ਰੱਖ ਚੁੱਕੇ ਹਨ।
ਮੋਹਨ ਭਾਗਵਤ ਨੇ ਪਹਿਲਾਂ ਕੀ ਬਿਆਨ ਦਿੱਤਾ ਸੀ?
ਮਣੀਪੁਰ ਦਾ ਮੁੱਦਾ ਸੁਰਖੀਆਂ ਵਿੱਚ ਰਹਿਣ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਸ ਬਾਰੇ ਕੁਝ ਨਹੀਂ ਕਿਹਾ। ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਬੋਲਣ ਦੀ ਮੰਗ ਲੈ ਕੇ ਸੰਸਦ ਵਿੱਚ ਹੰਗਾਮਾ ਕੀਤਾ। ਕੁਝ ਸਾਂਸਦਾਂ ਨੂੰ ਸਸਪੈਂਡ ਵੀ ਕੀਤਾ ਗਿਆ।
ਲੇਕਿਨ ਸਰਕਾਰ ਵੱਲੋਂ ਕੋਈ ਵੀ ਮਣੀਪੁਰ ਬਾਰੇ ਗੱਲ ਕਰਨ ਨੂੰ ਤਿਆਰ ਨਹੀਂ ਸੀ। ਉਸ ਸਮੇਂ ਮੋਹਨ ਭਾਗਵਤ ਨੇ ਆਪਣੇ ਦੁਸਹਿਰੇ ਦੇ ਭਾਸ਼ਣ ਵਿੱਚ ਇਸ ਬਾਰੇ ਟਿੱਪਣੀ ਕੀਤੀ ਸੀ।
ਉਨ੍ਹਾਂ ਨੇ ਕਿਹਾ ਸੀ, “ਮਣੀਪੁਰ ਵਿੱਚ ਹਿੰਸਾ ਕਿਸ ਨੇ ਭੜਕਾਈ? ਇਹ ਹਿੰਸਾ ਆਪਣੇ-ਆਪ ਨਹੀਂ ਹੋਈ ਜਾਂ ਲਿਆਂਦੀ ਗਈ। ਹੁਣ ਤੱਕ ਮੈਤਈ ਅਤੇ ਕੁੱਕੀ ਦੋਵੇਂ ਭਾਈਚਾਰੇ ਚੰਗੀ ਤਰ੍ਹਾਂ ਰਹਿ ਰਹੇ ਸਨ।”
ਮੋਹਨ ਭਾਗਵਤ ਨੇ ਕਿਹਾ ਸੀ ਕਿ ਇਹ ਸਰਹੱਦੀ ਸੂਬਾ ਹੈ ਅਤੇ ਇੱਥੇ ਜੇ ਹਿੰਸਾ ਹੁੰਦੀ ਹਾਂ ਤਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਇਸ ਨਾਲ ਕਿਸ ਨੂੰ ਫਾਇਦਾ ਹੋ ਰਿਹਾ ਹੈ।

ਤਸਵੀਰ ਸਰੋਤ, REUTERS/HIMANSHU SHARMA
ਮੋਹਨ ਭਾਗਵਤ ਨੇ ਰਾਖਵੇਂਕਰਨ ਦੀ ਨਜ਼ਰਸਾਨੀ ਦੀ ਲੋੜ ਦੱਸੀ ਸੀ। ਉਨ੍ਹਾਂ ਨੇ ਇਹ ਤੈਅ ਕਰਨ ਲਈ ਇੱਕ ਕਮੇਟੀ ਬਣਾਉਣ ਦੀ ਤਜਵੀਜ਼ ਰੱਖੀ ਸੀ ਕਿ ਰਾਖਵੇਂਕਰਨ ਦਾ ਲਾਭ ਕਿਸ ਨੂੰ ਅਤੇ ਕਿੰਨੇ ਸਮੇਂ ਤੱਕ ਮਿਲੇਗਾ। ਇਸ ਤੋਂ ਬਾਅਦ ਬਿਹਾਰ ਵਿਧਾਨ ਸਭਾ ਵਿੱਚ ਵੀ ਇਹੀ ਮੁੱਦਾ ਛਾਇਆ ਰਿਹਾ।
ਪ੍ਰਚਾਰ ਕੀਤਾ ਗਿਆ ਕਿ ਸੰਘ ਰਾਖਵਾਂਕਰਨ ਖਤਮ ਕਰਨਾ ਚਾਹੁੰਦਾ ਹੈ। ਦੇਖਿਆ ਗਿਆ ਕਿ ਇਸਦਾ ਅਸਰ ਭਾਜਪਾ ਉੱਤੇ ਵੀ ਪਿਆ।
ਫਿਰ ਰਾਖਵੇਂਕਰਨ ਦੇ ਪੱਖ ਵਿੱਚ ਮੋਹਨ ਭਾਗਵਤ ਦਾ ਬਿਆਨ ਆਇਆ, ਜੋ ਉਨ੍ਹਾਂ ਦੇ ਪਿਛਲੇ ਬਿਆਨ ਅਤੇ ਸੰਘ ਦੇ ਕੁਝ ਅਹੁਦੇਦਾਰਾਂ ਦੇ ਰੁਖ ਤੋਂ ਉਲਟ ਸੀ।
ਉਨ੍ਹਾਂ ਨੇ ਕਿਹਾ, “ਜਦੋਂ ਤੱਕ ਸਮਾਜ ਵਿੱਚ ਵਿਤਕਰਾ ਹੈ, ਉਦੋਂ ਤੱਕ ਰਾਖਵਾਂਕਰਨ ਕਾਇਮ ਰਹਿਣਾ ਚਾਹੀਦਾ ਹੈ। ਜੋ ਵੀ ਰਾਖਵਾਂਕਰਨ ਸੰਵਿਧਾਨ ਦੇ ਮੁਤਾਬਕ ਰਹਿਣਾ ਚਾਹੀਦਾ ਹੈ, ਸੰਘ ਉਸਦੀ ਹਮਾਇਤ ਕਰਦਾ ਹੈ।”
ਸੰਘ ਅਤੇ ਭਾਜਪਾ ਵਿਚਕਾਰ ਮਤਭੇਦ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਦੀ ਇੱਕ ਅਹਿਮ ਮਿਸਾਲ ਤਤਕਾਲੀ ਆਗੂ ਕੇ ਐੱਸ ਸੁਦਰਸ਼ਨ ਦਾ ਅਟਲ ਬਿਹਾਰੀ ਵਾਜਪਾਈ ਨਾਲ ਨਰਾਜ਼ਗੀ ਪਰਗਟ ਕਰਨਾ ਹੈ।
ਨੱਡਾ ਦੇ ਬਿਆਨ ਤੋਂ ਸੰਘ ਨਰਾਜ਼ ਸੀ?

ਤਸਵੀਰ ਸਰੋਤ, ANI
ਚੋਣਾਂ ਦੇ ਦੌਰਾਨ ਕਿਸੇ ਨੇ ਕੁਝ ਨਹੀਂ ਕਿਹਾ, ਖਾਸ ਕਰਕੇ ਚੋਣਾਂ ਦੇ ਦੌਰਾਨ 17 ਮਈ ਨੂੰ ਇੰਡੀਅਨ ਐਕਸਪ੍ਰੈਸ ਅਖ਼ਬਾਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਸੀ, “ਭਾਜਪਾ ਨੂੰ ਹੁਣ ਸੰਘ ਦੀ ਲੋੜ ਨਹੀਂ ਹੈ। ਭਾਜਪਾ ਸਿਆਸੀ ਫੈਸਲੇ ਲੈਣ ਵਿੱਚ ਸਮਰੱਥ ਹੈ।”
ਉਸ ਸਮੇਂ ਵੀ ਨਾ ਤਾਂ ਭਾਜਪਾ ਵੱਲੋਂ ਕੋਈ ਸਫਾਈ ਆਈ ਅਤੇ ਨਾ ਹੀ ਸੰਘ ਵੱਲੋਂ ਕਿਸੇ ਨੇ ਨਰਾਜ਼ਗੀ ਦਿਖਾਈ। ਲੇਕਿਨ ਜਿਵੇਂ ਹੀ ਚੋਣਾਂ ਦੇ ਨਤੀਜੇ ਐਲਾਨੇ ਗਏ ਮੋਹਨ ਭਾਗਵਤ ਦਾ ਬਿਆਨ ਆ ਗਿਆ।
ਸਵਾਲ ਉੱਠਦਾ ਹੈ ਕੀ ਮੋਹਨ ਭਾਗਵਤ ਦਾ ਬਿਆਨ ਨੱਡਾ ਦੇ ਬਿਆਨ ਤੋਂ ਨਰਾਜ਼ਗੀ ਕਾਰਨ ਆਇਆ ਹੈ? ਕੀ ਨੱਢਾ ਦੇ ਉਸ ਬਿਆਨ ਦਾ ਜਵਾਬ ਸੰਘ ਨੇ ਹੁਣ ਦਿੱਤਾ ਹੈ?
ਨਾਗਪੁਰ ਲੋਕਸੱਤਾ ਦੇ ਸੰਪਾਦਕ ਦੇਵੇਂਦਰ ਗਾਵੰਡੇ ਦਾ ਕਹਿਣਾ ਹੈ ਕਿ ਨੱਢਾ ਦੇ ਬਿਆਨ ਨਾਲ ਸੰਘ ਦੇ ਸਵੈਮ ਸੇਵਕਾਂ ਨੂੰ ਠੇਸ ਪਹੁੰਚੀ ਹੈ।
ਬੀਬੀਸੀ ਮਰਾਠੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, “ਇੱਕ ਅਭਿਆਨ ਚਲਾਇਆ ਗਿਆ ਕਿ ਸੰਘ ਦੇ ਲੋਕ ਚੋਣਾਂ ਵਿੱਚ ਕੰਮ ਨਾ ਕਰਨ। ਭਾਜਪਾ ਦੇ ਲੋਕ ਇੱਕਲੇ ਹੀ ਅਜਿਹੀਆਂ ਗੱਲਾਂ ਕਰਦੇ ਸਨ। ਇਸ ਵਿੱਚ ਚੋਣਾਂ ਦੇ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਦਾ ਬਿਆਨ ਪਸੰਦ ਨਹੀਂ ਆਇਆ ਕਿ ਭਾਜਪਾ ਨੂੰ ਸੰਘ ਦੀ ਲੋੜ ਨਹੀਂ ਹੈ। ਇਸ ਬਿਆਨ ਨਾਲ ਤਣਾਅ ਸਾਫ਼ ਦਿਸ ਰਿਹਾ ਸੀ।”
ਲੇਕਿਨ ਨਾਗਪੁਰ ਵਿੱਚ ਸੰਘ, ਭਾਜਪਾ ਅਤੇ ਸਿਆਸੀ ਰਿਪੋਰਟਿੰਗ ਕਰਨ ਵਾਲੇ ਪੱਤਰਕਾਰ ਵਿਕਾਸ ਵੈਦ ਦੀ ਰਾਇ ਵੱਖਰੀ ਹੈ।
ਉਹ ਕਹਿੰਦੇ ਹਨ, “ਜੇਪੀ ਨੱਡਾ ਨੇ ਜੋ ਬਿਆਨ ਦਿੱਤਾ ਹੈ, ਉਹ ਭਾਜਪਾ ਅਤੇ ਸੰਘ ਦੀ ਸਹਿਮਤੀ ਹੈ। ਇਸ ਲਈ ਸੰਘ ਦੇ ਨਰਾਜ਼ ਹੋਣ ਦਾ ਸਵਾਲ ਹੀ ਨਹੀਂ ਉੱਠਦਾ। ਜੇ ਸੰਘ ਨੂੰ ਇਤਰਾਜ਼ ਹੁੰਦਾ ਤਾਂ ਉਹ ਉਸਮੇ ਸਮੇਂ ਦਰਜ ਕਰਵਾਉਂਦੇ। ਭਾਜਪਾ ਵੀ ਸਫਾਈ ਦਿੰਦੀ। ਲੇਕਿਨ ਅਜਿਹਾ ਕੁਝ ਵੀ ਨਹੀਂ ਹੋਇਆ।”
ਭਾਜਪਾ ਅਤੇ ਸੰਘ ਦਰਮਿਆਨ ਕੋਈ ਤਣਾਅ ਹੈ?

ਤਸਵੀਰ ਸਰੋਤ, Getty Images
ਜੇ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਹੈ ਤਾਂ ਸਾਰੇ ਭਾਜਪਾ ਵਿਧਾਇਕਾਂ ਲਈ ਹੁਕਮ ਜਾਰੀ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਰੇਸ਼ੀਮ ਬਾਗ ਵਿੱਚ ਸਥਿਤ ਯਾਦਗਾਰ ਉੱਤੇ ਮੱਥਾ ਟੇਕਣ ਲਈ ਸੱਦਿਆ ਜਾਂਦਾ ਹੈ।
ਲੇਕਿਨ ਮੋਦੀ ਸਰਕਾਰ ਪਿਛਲੇ ਦਸ ਸਾਲਾਂ ਤੋਂ ਸਰਕਾਰ ਵਿੱਚ ਹੈ। ਮੋਦੀ ਖ਼ੁਦ ਕਈ ਪ੍ਰੋਗਰਾਮਾਂ ਦਾ ਉਦਘਾਟਨ ਕਰਨ ਨਾਗਪੁਰ ਵਿੱਚ ਆਏ ਹਨ। ਲੇਕਿਨ, ਨਾਗਪੁਰ ਵਿੱਚ ਚਰਚਾ ਹੈ ਕਿ ਕਦੇ ਸੰਘ ਦੇ ਮੁੱਖ ਦਫ਼ਤਰ ਜਾਂ ਯਾਦਗਾਰ ਉੱਤੇ ਨਹੀਂ ਗਏ।
ਸਿਆਸੀ ਵਿਸ਼ਲੇਸ਼ਕ ਸੁਹਾਸ ਪਲਸ਼ਿਕਰ ਨਹੀਂ ਮੰਨਦੇ ਕਿ ਭਾਜਪਾ ਅਤੇ ਸੰਘ ਦੇ ਦਰਮਿਆਨ ਕੋਈ ਟਕਰਾਅ ਹੈ।
ਉਹ ਕਹਿੰਦੇ ਹਨ, “ਮੈਨੂੰ ਨਹੀਂ ਲਗਦਾ ਕਿ ਭਾਜਪਾ ਅਤੇ ਸੰਘ ਵਿੱਚ ਕੋਈ ਬੁਨਿਆਦੀ ਮਤਭੇਦ ਹੈ। ਜਿਨ੍ਹਾਂ ਮੁੱਦਿਆਂ ਉੱਤੇ ਕੰਮ ਕਰਨਾ ਹੈ, ਉਸ ਬਾਰੇ ਦੋਵਾਂ ਦੀ ਸਹਿਮਤੀ ਹੈ।”
ਉਨ੍ਹਾਂ ਨੇ ਕਿਹਾ ਭਾਜਪਾ ਅਤੇ ਸੰਘ ਜਿਸ ਸਮਾਜਿਕ ਅਤੇ ਸੱਭਿਆਚਾਰਕ ਸਰਬਉੱਚਤਾ ਨੂੰ ਸਥਾਪਤ ਕਰਨਾ ਚਾਹੁੰਦੇ ਹਨ, ਉਸ ਬਾਰੇ ਉਹ ਸਪਸ਼ਟ ਹਨ। ਲੇਕਿਨ ਸੰਭਵ ਹੈ ਕਿ ਸਰਕਾਰ ਚਲਾਉਣ ਦੇ ਤਰੀਕੇ ਬਾਰੇ ਮਤਭੇਦ ਹੋਣ।
ਹਰ ਚੋਣ ਵਿੱਚ ਸੰਘ ਅਤੇ ਭਾਜਪਾ ਵਿੱਚ ਤਾਲਮੇਲ ਰਹਿੰਦਾ ਹੈ। ਲੇਕਿਨ ਜਿਵੇਂ ਕਿ ਦੇਵੇਂਦਰ ਗਾਵੰਡੇ ਦਾ ਕਹਿਣਾ ਹੈ ਉਹ ਇਨ੍ਹਾਂ ਚੋਣਾਂ ਵਿੱਚ ਸ਼ਾਮਲ ਨਹੀਂ ਹੋਏ।
ਉਹ ਕਹਿੰਦੇ ਹਨ, “ਸੰਘ ਨੂੰ ਭਾਜਪਾ ਤੋਂ ਕੋਈ ਸ਼ਿਕਾਇਤ ਨਹੀਂ ਹੈ। ਲੇਕਿਨ ਮੋਦੀ ਦੀ ਭਾਜਪਾ ਤੋਂ ਨਾਰਾਜ਼ ਹੈ। ਕਿਉਂਕਿ ਸੰਘ ਇੱਕ ਸਿੱਧੀ ਰੇਖਾ ਵਿੱਚ ਹੈ। ਇਸ ਲਈ ਸੰਘ ਭਾਜਪਾ ਦੀ ਟੁੱਟੀ ਹੋਈ ਸਿਆਸਤ ਅਤੇ ਉਸ ਤੋਂ ਭਾਜਪਾ ਦੇ ਖ਼ਰਾਬ ਹੋ ਰਹੇ ਅਕਸ ਨਾਲ ਸਹਿਮਤ ਨਹੀਂ ਹੈ। ਭਾਗਵਤ ਦੇ ਇਹ ਬਿਆਨ ਉਸੇ ਵਿੱਚੋਂ ਆਏ ਹੋਣਗੇ। ਇਸ ਦਾ ਇਹ ਅਰਥ ਨਹੀਂ ਕਿ ਸੰਘ ਅਤੇ ਭਾਜਪਾ ਵਿੱਚ ਮਤਭੇਦ ਹੈ। ਲੇਕਿਨ ਥੋੜ੍ਹਾ ਤਣਾਅ ਜ਼ਰੂਰ ਹੈ।”
ਵਿਕਾਸ ਵੈਦ ਵੀ ਇਸ ਨਾਲ ਸਹਿਮਤ ਹਨ ਕਿ ਸੰਘ ਪਾਰਟੀ ਦੀ ਇਸ ਜੋੜ-ਤੋੜ ਦੀ ਸਿਆਸਤ ਤੋਂ ਸੰਤੁਸ਼ਟ ਨਹੀਂ ਹੈ। ਲੇਕਿਨ, ਉਹ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਸੰਘ ਅਤੇ ਭਾਜਪਾ ਵਿਚਕਾਰ ਕੋਈ ਮਤਭੇਦ ਨਹੀਂ ਹੈ।

ਉਹ ਕਹਿੰਦੇ ਹਨ ਜੇ ਸੰਘ ਮੋਦੀ ਤੋਂ ਨਰਾਜ਼ ਹੁੰਦਾ ਤਾਂ ਭਾਗਵਤ ਸਿੱਧੇ ਉਨ੍ਹਾਂ ਦਾ ਨਾਮ ਲੈਂਦੇ। ਸੰਘ ਭਾਜਪਾ ਦਾ ਵਡੇਰਾ ਹੈ। ਇਸ ਲਈ ਉਨ੍ਹਾਂ ਦਾ ਪਿੱਛੇ ਹਟਣਾ ਸੰਘ ਨੂੰ ਸਵੀਕਾਰਨਯੋਗ ਨਹੀਂ ਹੈ। ਸੰਘ ਨੂੰ ਭਾਜਪਾ ਨਾਲ ਲਗਾਅ ਹੈ। ਇਸ ਲਈ ਮੋਹਨ ਭਾਗਵਤ ਸਾਹਮਣੇ ਆਏ।”
ਲੇਕਿਨ ਭਾਜਪਾ ਨੂੰ ਨਸੀਹਤ ਦੇਣ, ਵਿਰੋਧੀਆਂ ਨੂੰ ਮੁਕਾਬਲੇ ਵਿਚਲੇ ਮੰਨਣ, ਉਨ੍ਹਾਂ ਦੀ ਰਾਇ ਦਾ ਸਤਿਕਾਰ ਕਰਨ ਵਰਗੇ ਸਾਰੇ ਬਿਆਨਾਂ ਅਤੇ ਇਨ੍ਹਾਂ ਦੀ ਟਾਈਮਿੰਗ ਬਾਰੇ ਨਾਗਪੁਰ ਲੋਕਮਤ ਦੇ ਸੰਪਾਦਕ ਸ਼੍ਰੀਮੰਤ ਮਾਨੇ ਨੂੰ ਸ਼ੱਕ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸੰਘ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਹੈ।
ਉਹ ਕਹਿੰਦੇ ਹਨ, “ਭਾਜਪਾ ਦੀਆਂ ਜਿੱਤੀਆਂ ਹੋਈਆਂ ਸੀਟਾਂ ਉੱਤੇ ਵੋਟਿੰਗ ਫੀਸਦ ਘਟਿਆ ਹੈ। ਵਿਰੋਧੀ ਧਿਰ ਦੀ ਤਾਕਤ ਵਧਦੀ ਜਾ ਰਹੀ ਹੈ। ਕੀ ਇਸ ਪਿਛੋਕੜ ਵਿੱਛ ਸੰਘ ਦਾ ਇਹ ਦਿਖਾਉਣ ਦਾ ਯਤਨ ਨਹੀਂ ਹੈ ਕਿ ਸਾਡਾ ਝੁਕਾਅ ਵੀ ਪੂਰੀ ਤਰ੍ਹਾਂ ਭਾਜਪਾ ਵੱਲ ਨਹੀਂ ਹੈ?”
“ਪਿਛਲੇ ਦਸ ਸਾਲਾਂ ਤੋਂ ਉਹ ਭਾਜਪਾ ਦੇ ਏਜੰਡੇ ਨੂੰ ਅੱਗੇ ਵਧਾ ਰਹੇ ਹਨ ਅਤੇ ਹੁਣ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਵਿਰੋਧੀ ਧਿਰ ਦਾ ਨਿਸ਼ਾਨਾ ਨਾ ਬਣਨ। ਭਾਗਵਤ ਨੂੰ ਚੋਣਾਂ ਦੇ ਦੌਰਾਨ ਇਹ ਕਿਉਂ ਨਹੀਂ ਕਿਹਾ ਕਿ ਉਹ ਵਿਰੋਧੀ ਧਿਰ ਨੂੰ ਮੁਕਾਬਲਾ ਕਰਨ ਵਾਲੇ ਮੰਨਣ, ਮਣੀਪੁਰ ਵੱਲ ਧਿਆਨ ਦੇਣ? ਉਹ ਚੋਣਾਂ ਤੱਕ ਚੁੱਪ ਕਿਉਂ ਰਹੇ?”
ਹੁਣ ਸਵਾਲ ਇਹ ਹੈ ਕਿ ਸੰਘ ਅਤੇ ਭਾਜਪਾ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਅਤੇ ਜੇ ਭਾਜਪਾ ਪੂਰੀ ਤਰ੍ਹਾਂ ਸੰਘ ਦੇ ਨਾਲ ਨਹੀਂ ਹੈ ਤਾਂ ਅਗਲੇ ਸਿਆਸੀ ਨਤੀਜੇ ਕੀ ਹੋਣਗੇ?
ਭਾਜਪਾ ਨੂੰ ਸੰਘ ਦੀ ਲੋੜ ਪੈ ਸਕਦੀ ਹੈ, ਖਾਸਕਰ ਗਠਜੋੜ ਸਰਕਾਰ ਚਲਾਉਂਦੇ ਸਮੇਂ। ਅਗਲੇ ਚਾਰ ਮਹੀਨਿਆਂ ਵਿੱਚ ਮਹਾਰਾਸ਼ਟਰ ਸਮੇਤ ਤਿੰਨ ਸੂਬਿਆਂ ਵਿੱਚ ਚੋਣਾਂ ਹੋਣ ਕਾਰਨ ਚੁਣੌਤੀਪੂਰਨ ਸਥਿਤੀ ਵਿੱਚ ਟੀਮ ਦੀ ਲੋੜ ਹੋਵੇਗੀ।
ਅਜਿਹੇ ਵਿੱਚ ਸਾਰਿਆਂ ਦੀ ਨਜ਼ਰ ਇਸ ਉੱਤੇ ਹੋਵੇਗੀ ਕਿ ਮੋਹਨ ਭਾਗਵਤ ਦੇ ਭਾਸ਼ਣ ਨਾਲ ਮੋਦੀ ਅਤੇ ਭਾਜਪਾ ਕੀ ਕਦਮ ਚੁੱਕਦੇ ਹਨ।
ਭਾਜਪਾ ਨਵੇਂ ਕੌਮੀ ਪ੍ਰਧਾਨ ਦੀਆਂ ਚੋਣਾਂ ਦੀ ਤਿਆਰੀ ਵਿੱਚ ਹੈ। ਉਸ ਵਿਕਲਪ ਤੋਂ ਵੀ ਸੰਘ ਅਤੇ ਮੌਜੂਦਾ ਰਿਸ਼ਤਿਆਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।












