ਪੈਰਿਸ ਓਲੰਪਿਕ 2024: ਮੁੱਕੇਬਾਜ਼ੀ ਦੇ “ਮਿੰਨੀ ਕਿਊਬਾ” ਭਿਵਾਨੀ ਦੀਆਂ ਕੁੜੀਆਂ ਹੀ ਇਸ ਵਾਰ ਮਨਵਾਉਣਗੀਆਂ ਲੋਹਾ

ਤਸਵੀਰ ਸਰੋਤ, Jaismine /KOA
- ਲੇਖਕ, ਸੌਰਭ ਦੁੱਗਲ
- ਰੋਲ, ਸੀਨੀਅਰ ਖੇਡ ਪੱਤਰਕਾਰ
ਸਾਲ 2000 ਦੇ ਸਿਡਨੀ ਓਲੰਪਿਕ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਿਵਾਨੀ ਦਾ ਕੋਈ ਵੀ ਪੁਰਸ਼ ਮੁੱਕੇਬਾਜ਼ ਆਗਾਮੀ ਪੈਰਿਸ ਓਲੰਪਿਕ ਵਿੱਚ ਹਿੱਸਾ ਨਹੀਂ ਲੈ ਰਿਹਾ ਹੈ।
ਭਾਰਤੀ ਮੁੱਕੇਬਾਜ਼ੀ ਵਿੱਚ ਆਪਣੀਆਂ ਪ੍ਰਾਪਤੀਆਂ ਸਦਕਾ ਭਾਰਤ ਦੇ “ਮਿੰਨੀ ਕਿਊਬਾ” ਵਜੋਂ ਜਾਣੇ ਜਾਂਦੇ ਜ਼ਿਲ੍ਹੇ ਲਈ ਇਹ ਇੱਕ ਮਹੱਤਵਪੂਰਨ ਬਦਲਾਅ ਹੈ।
ਇਸ ਵਾਰ ਦੀਆਂ ਪੈਰਿਸ ਓਲੰਪਿਕ ਵਿੱਚ ਭਿਵਾਨੀ ਦੀਆਂ ਮੁੱਕੇਬਾਜ਼ ਪ੍ਰੀਤੀ ਪਵਾਰ ਅਤੇ ਜੈਸਮੀਨ ਲੰਬੋਰੀਆ ਨੇ ਆਪਣੀ ਥਾਂ ਬਣਾਈ ਹੈ।
ਭਿਵਾਨੀ ਲਈ 2004 ਦੀਆਂ ਏਥਨਜ਼ ਓਲੰਪਿਕ ਬਹੁਤ ਅਹਿਮ ਸਨ ਜਦੋਂ ਭਾਰਤੀ ਮੁੱਕੇਬਾਜ਼ਾਂ ਦੀ 4 ਮੈਂਬਰੀ ਟੀਮ ਦੇ 3 ਮੈਂਬਰ, ਜਤਿੰਦਰ ਕੁਮਾਰ (ਸੀਨੀਅਰ), ਵਜਿੰਦਰ ਸਿੰਘ ਅਤੇ ਅਖਿਲ ਕੁਮਾਰ ਇੱਥੋਂ ਦੇ ਸਨ।
ਸਾਲ 2009 ਵਿੱਚ ਬੀਜਿੰਗ ਓਲੰਪਿਕ ਦੌਰਾਨ 5 ਮੈਂਬਰੀ ਭਾਰਤੀ ਟੀਮ ਦੇ 4 ਮੈਂਬਰ – ਅਖਿਲ, ਵਿਜੇਂਦਰ, ਦਿਨੇਸ਼ ਕੁਮਾਰ ਅਤੇ ਜਤਿੰਦਰ ਕੁਮਾਰ (ਜੂਨੀਅਰ) ਭਿਵਾਨੀ ਤੋਂ ਸਨ।
ਬੀਜਿੰਗ ਵਿੱਚ ਵਜਿੰਦਰ ਵੱਲੋਂ ਜਿੱਤਿਆ ਕਾਂਸੇ ਦਾ ਮੈਡਲ ਕਿਸੇ ਭਾਰਤੀ ਲਈ ਮੁੱਕੇਬਾਜ਼ੀ ਵਿੱਚ ਓਲੰਪਿਕ ਦਾ ਪਹਿਲਾ ਮੈਡਲ ਸੀ। ਇਸ ਪ੍ਰਾਪਤੀ ਨਾਲ ਭਿਵਾਨੀ ਦੁਨੀਆਂ ਦੇ ਨਕਸ਼ੇ ਉੱਤੇ ਆ ਗਿਆ ਅਤੇ ਭਾਰਤੀ ਮੁੱਕੇਬਾਜ਼ੀ ਦੇ “ਮਿੰਨੀ ਕਿਊਬਾ” ਵਜੋਂ ਮਸ਼ਹੂਰ ਹੋ ਗਿਆ।
ਪਰ ਪਿਛਲੇ ਸਾਲਾਂ ਦੌਰਾਨ ਮਰਦਾਂ ਦੀ ਮੁੱਕੇਬਾਜ਼ੀ ਵਿੱਚ ਭਿਵਾਨੀ ਆਪਣੀ ਸਾਖ ਲਗਾਤਾਰ ਗੁਆ ਰਿਹਾ ਹੈ।
ਸਿਡਨੀ ਓਲੰਪਿਕ ਵਿੱਚ ਜਿਤੇਂਦਰ (ਸੀਨੀਅਰ) ਦੇ ਹਿੱਸਾ ਲੈਣ ਤੋਂ ਬਾਅਦ ਪਹਿਲਾ ਮੌਕਾ ਹੈ ਜਦੋਂ ਪੈਰਿਸ 2024 ਓਲੰਪਿਕ ਵਿੱਚ ਭਿਵਾਨੀ ਦਾ ਕੋਈ ਵੀ ਪੁਰਸ਼ ਮੁੱਕੇਬਾਜ਼ ਭਾਰਤ ਦੀ ਮੁੱਕੇਬਾਜ਼ ਟੀਮ ਦਾ ਮੈਂਬਰ ਨਹੀਂ ਹੈ।

ਭਿਵਾਨੀ ਦੇ ਬਦੇਸਰਾ ਪਿੰਡ ਤੋਂ ਪ੍ਰੀਤੀ, 2023 ਦੀਆਂ ਏਸ਼ੀਅਨ ਖੇਡਾਂ ਵਿੱਚ ਕਾਂਸੇ ਦਾ ਮੈਡਲ ਜਿੱਤ ਕੇ— ਓਲੰਪਿਕ ਵਿੱਚ ਕੋਟਾ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਮੁੱਕੇਬਾਜ਼ ਹੈ।
ਜੈਸਮੀਨ ਦੇ ਪੁਰਖੇ ਰਾਜਸਥਾਨ ਦੇ ਝੁਨਝੁਨੂੰ ਤੋਂ ਕੋਈ 150 ਸਾਲ ਪਹਿਲਾਂ ਹਰਿਆਣਾ ਦੇ ਭਿਵਾਨੀ ਆ ਕੇ ਵਸੇ ਸਨ। ਉਨ੍ਹਾਂ ਨੇ ਹਾਲ ਹੀ ਵਿੱਚ ਓਲੰਪਕਿ ਮੁੱਕੇਬਾਜ਼ੀ ਕੁਆਲੀਫਾਇਰ ਮੁਕਾਬਲਿਆਂ ਰਾਹੀਂ ਆਪਣਾ ਸਥਾਨ ਓਲੰਪਿਕ ਵਿੱਚ ਪੱਕਾ ਕੀਤਾ ਹੈ।
ਪੈਰਿਸ ਓਲੰਪਿਕ ਵਿੱਚ ਭਾਰਤੀ ਦਲ ਵਿੱਚ ਚਾਰ ਮਹਿਲਾ ਮੁੱਕੇਬਾਜ਼ ਹਨ ਅਤੇ ਅੱਧੀਆਂ ਭਿਵਾਨੀ ਤੋਂ ਹਨ।
ਦੂਜੀਆਂ ਦੋ ਵਿੱਚ ਟੋਕੀਓ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਗੋਲਘਾਟ ਅਸਾਮ ਤੋਂ ਲੋਵਲੀਨਾ ਬੋਰਗੋਹਿਨਾ (66 ਕਿੱਲੋ) ਅਤੇ ਦੂਜੀ ਹੈਦਰਾਬਾਦ ਤੋਂ ਨਿਖਤ ਜ਼ਰੀਨ (50 ਕਿੱਲੋ) ਹਨ।
ਮਰਦਾਂ ਵਿੱਚ ਸਿਰਫ਼ ਦੋ ਮੁੱਕੇਬਾਜ਼ ਪੈਰਿਸ ਓਲੰਪਿਕ ਵਿੱਚ ਆਪਣੀ ਸੀਟ ਪੱਕੀ ਕਰ ਸਕੇ ਹਨ—ਅਮਿਤ ਪੰਘਲ (51 ਕਿੱਲੋ) ਰੋਹਤਕ ਤੋਂ ਅਤੇ ਨਿਸ਼ਾਂਤ ਦੇਵ (71 ਕਿੱਲੋ) ਕਰਨਾਲ ਹਰਿਆਣਾ ਤੋਂ ਹਨ।
ਪਿਛਲੇ ਢਾਈ ਦਹਾਕਿਆਂ ਵਿੱਚ ਪਹਿਲਾ ਮੌਕਾ ਹੈ ਜਦੋਂ ਭਿਵਾਨੀ ਦਾ ਕੋਈ ਵੀ ਪੁਰਸ਼ ਮੁੱਕੇਬਾਜ਼ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਨਹੀਂ ਕਰ ਰਿਹਾ ਹੈ।
ਓਲੰਪਿਕ ਮੈਡਲਿਸਟ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਹਾ, “ਕਾਫੀ ਸਮੇਂ ਤੱਕ ਭਿਵਾਨੀ ਭਾਰਤੀ ਮੁੱਕੇਬਾਜ਼ੀ ਦਾ ਪਾਵਰਹਾਊਸ ਰਿਹਾ ਹੈ। 2024 ਦੀਆਂ ਓਲੰਪਿਕ ਵਿੱਚ, ਪ੍ਰੀਤੀ ਅਤੇ ਜੈਸਮੀਨ ਭਿਵਾਨੀ ਦੀ ਮੁੱਕੇਬਾਜ਼ੀ ਦੀ ਮਸ਼ਾਲ ਲਿਜਾ ਰਹੀਆਂ ਹਨ। ਇਹ ਪ੍ਰਸੰਨਤਾ ਦਾ ਵਿਸ਼ਾ ਹੈ ਕਿ ਕੁੜੀਆਂ ਨੇ ਭਿਵਾਨੀ ਦੀ ਮੁੱਕੇਬਾਜ਼ੀ ਦੀ ਵਿਰਾਸਤ ਮੁੰਡਿਆਂ ਤੋਂ ਲੈ ਲਈ ਹੈ।”
2020 ਦੀਆਂ ਟੋਕੀਓ ਓਲੰਪਿਕਸ ਜੋ ਕਿ ਕੋਵਿਡ-19 ਕਾਰਨ 2021 ਵਿੱਚ ਕਰਵਾਈਆਂ ਗਈਆਂ ਸਨ। ਇਨ੍ਹਾਂ ਵਿੱਚ ਭਾਰਤੀ ਦਲ ਵਿੱਚ ਪੰਜ ਪੁਰਸ਼ ਮੁੱਕੇਬਾਜ਼ ਸਨ। ਜਦਕਿ ਪੈਰਿਸ ਵਿੱਚ ਸਿਰਫ਼ ਦੋ ਨੇ ਕੋਟਾ ਹਾਸਲ ਕੀਤਾ ਹੈ।
ਵਜਿੰਦਰ ਨੇ ਕਿਹਾ,“ਟੋਕੀਓ ਓਲੰਪਿਕ ਵਿੱਚ ਭਾਰਤ ਤੋਂ ਪੰਜ ਪੁਰਸ਼ ਮੁੱਕੇਬਾਜ਼ਾਂ ਨੇ ਹਿੱਸਾ ਲਿਆ ਸੀ। ਹੁਣ ਪੈਰਿਸ ਖੇਡਾਂ ਵਿੱਚ ਸਿਰਫ ਦੋ ਹੀ ਕੋਟਾ ਸਥਾਨ ਹਾਸਲ ਕਰ ਸਕੇ ਹਨ। ਇਹ ਵੱਡੀ ਚਿੰਤਾ ਦਾ ਵਿਸ਼ਾ ਹੈ।”
ਤਿੰਨ ਵਾਰ ਦੇ ਓਲੰਪੀਅਨ ਵਿਜੇਂਦਰ ਮੁਤਾਬਕ,“ਕੋਚਿੰਗ ਫਾਰਮੈਟ ਵਿੱਚ ਬਦਲਾਅ ਅਤੇ ਚੋਣ ਕਸੌਟੀ ਵਿੱਚ ਬਦਲਾਅ ਭਾਰਤੀ ਮੁੱਕੇਬਾਜ਼ੀ ਉੱਤੇ ਅਸਰ ਪਾ ਰਹੇ ਹਨ।”
ਭਿਵਾਨੀ ਵਿੱਚ ਮਹਿਲਾ ਮੁੱਕੇਬਾਜ਼ੀ

ਤਸਵੀਰ ਸਰੋਤ, Preeti Pawar insta
ਭਿਵਾਨੀ ਦੀਆਂ ਕੁੜੀਆਂ ਦਾ ਮੁੱਕੇਬਾਜ਼ੀ ਵਿੱਚ ਰਾਹ ਸੌਖਾ ਨਹੀਂ ਸੀ। ਜਦੋਂ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਕੋਚ ਜਗਦੀਸ਼ ਸਿੰਘ ਨੇ ਕੁੜੀਆਂ ਨੂੰ ਆਪਣੇ ਸਿਖਲਾਈ ਸੈਂਟਰ ਵਿੱਚ ਦਾਖਲਾ ਦਿੱਤਾ। ਉਨ੍ਹਾਂ ਨੂੰ ਆਲਚੋਨਾ ਅਤੇ ਸ਼ਿਕਾਇਤਬਾਜ਼ੀ ਦਾ ਸਾਹਮਣਾ ਕੀਤਾ।
ਉਹ ਦੱਸਦੇ ਹਨ ਕਿ ਭਿਵਾਨੀ ਦਾ ਸੈਂਟਰ ਸਿਰਫ ਮੁੰਡਿਆਂ ਲਈ ਸੀ।
ਉਹਨਾਂ ਕਿਹਾ,“ਕੁੜੀਆਂ ਨੂੰ ਭਰਤੀ ਕਰਕੇ ਮੈਂ ਸੈਂਟਰ ਵਿੱਚ ਅਨੁਸ਼ਾਸ਼ਨ ਹੀਣਤਾ ਪੈਦਾ ਰਿਹਾ ਹਾਂ। ਸ਼ੁਕਰ ਹੈ ਮੈਂ ਉਦੋਂ ਝੁਕਿਆ ਨਹੀਂ ਅਤੇ ਅੱਜ ਕੁੜੀਆਂ ਵੀ ਭਿਵਾਨੀ ਦੀ ਵਿਰਾਸਤ ਵਿਸ਼ਵੀ ਮੰਚ ਉੱਤੇ ਲਿਜਾਣ ਵਿੱਚ ਬਰਾਬਰ ਦਾ ਯੋਗਦਾਨ ਪਾ ਰਹੀਆਂ ਹਨ।”
ਜਗਦੀਸ਼ ਸਿੰਘ, ਦਰੋਣਾਚਾਰੀਆ ਪੁਰਸਕਾਰ ਜੇਤੂ ਕੋਚ ਹਨ ਅਤੇ ਮਸ਼ਹੂਰ ਭਿਵਾਨੀ ਬਾਕਸਿੰਗ ਕਲੱਬ ਦੇ ਚਲਾਉਂਦੇ ਹਨ।
ਭਾਰਤ ਵਿੱਚ ਮਹਿਲਾ ਮੁੱਕੇਬਾਜ਼ੀ ਦੀ ਸ਼ੁਰੂਆਤ 1990 ਦੇ ਦਹਾਕੇ ਦੇ ਅਖੀਰ ਵਿੱਚ ਸ਼ੁਰੂ ਹੋਈ। ਲਗਭਗ ਉਦੋਂ ਤੋਂ ਹੀ ਇਹ ਹਰਿਆਣਾ ਵਿੱਚ ਮੌਜੂਦ ਹੈ। ਇੱਥੇ ਰਿਵਾੜੀ ਅਤੇ ਹਿਸਾਰ ਤੋਂ ਸ਼ੁਰੂ ਹੋ ਕੇ ਸਾਲ 2001 ਵਿੱਚ ਭਿਵਾਨੀ ਪਹੁੰਚੀ।
ਦੂਜੀ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2002 ਵਿੱਚ ਭਾਰਤੀ ਮੁੱਕੇਬਾਜ਼ਾਂ ਨੇ ਚਾਰ ਮੈਡਲ ਹਾਸਲ ਕੀਤੇ।
ਇਨ੍ਹਾਂ ਵਿੱਚ ਮੈਰੀ ਕੋਮ ਦਾ ਸੋਨਾ ਅਤੇ ਤਿੰਨ ਕਾਂਸੇ ਦੇ ਮੈਡਲ ਸ਼ਾਮਲ ਸਨ। ਇਨ੍ਹਾਂ ਚਾਰ ਮੈਡਲਿਸਟਾਂ ਵਿੱਚੋਂ- ਮੀਨਾ ਕੁਮਾਰੀ ਅਤੇ ਜਿਓਤਸਨਾ ਯਾਦਵ ਹਰਿਆਣੇ ਤੋਂ ਸਨ।
ਮੀਨਾ (50 ਕਿੱਲੋ) ਵਿਸ਼ਵ ਚੈਂਪੀਅਨਸ਼ਿਪ ਵਿੱਚ ਮੈਡਲ ਹਾਸਲ ਕਰਨ ਵਾਲੀ ਭਿਵਾਨੀ ਦੀ ਪਹਿਲੀ ਮਹਿਲਾ ਮੁੱਕੇਬਾਜ਼ ਸੀ। ਜਦਕਿ ਜਿਓਤਸਨਾ ਯਾਦਵ (90 ਕਿੱਲੋ) ਰਿਵਾੜੀ ਤੋਂ ਸਨ।
ਅੱਗੇ ਜਾ ਕੇ ਮੀਨਾ ਹਰਿਆਣੇ ਦਾ ਸਰਬਉੱਚ ਖੇਡ ਪੁਰਸਕਾਰ, ਭੀਮ ਅਵਾਰਡ ਹਾਸਲ ਕਰਨ ਵਾਲੇ ਪਹਿਲੀ ਮਹਿਲਾ ਮੁੱਕੇਬਾਜ਼ ਬਣੇ।
ਭਿਵਾਨੀ ਦੀ ਇੱਕ ਹੋਰ ਮੁੱਕੇਬਾਜ਼ ਕਵਿਤਾ ਚਾਹਲ ਅਰਜੁਨ ਅਵਾਰਡ (2013) ਨਾਲ ਸਨਮਾਨਿਤ ਹੋਣ ਵਾਲੀ ਸੂਬੇ ਦੀ ਪਹਿਲੀ ਮਹਿਲਾ ਮੁੱਕੇਬਾਜ਼ ਹੈ।
ਸਾਲ 2020 ਦੀਆਂ ਟੋਕੀਓ ਓਲੰਪਿਕਸ ਵਿੱਚ ਹਿੱਸਾ ਲੈ ਕੇ ਭਿਵਾਨੀ ਤੋਂ ਹੀ ਪੂਜਾ ਰਾਣੀ ਜ਼ਿਲ੍ਹੇ ਦੀ ਪਹਿਲੀ ਮਹਿਲਾ ਮੁੱਕੇਬਾਜ਼ ਉਲੰਪੀਅਨ ਬਣੇ। ਉਹ ਟੋਕੀਓ ਜਾਣ ਵਾਲੇ ਚਾਰ ਮੈਂਬਰੀ ਮਹਿਲਾ ਮੁੱਕੇਬਾਜ਼ ਦਲ ਦੇ ਮੈਂਬਰ ਸੀ।
ਪੂਜਾ ਰਾਣੀ ਦੇ ਕੋਚ, ਸੰਜੇ ਸਿੰਘ ਸ਼ੇਰੋਂ ਦੱਸਦੇ ਹਨ, “ਜਦੋਂ ਮਹਿਲਾ ਮੁੱਕੇਬਾਜ਼ੀ ਸਾਲ 2012 ਵਿੱਚ ਓਲੰਪਿਕ ਵਿੱਚ ਸ਼ੁਰੂ ਹੋਈ ਤਾਂ ਮੁੱਕੇਬਾਜ਼ੀ ਸੈਂਟਰ ਵਿੱਚ ਦਾਖਲਾ ਲੈਣ ਵਾਲੀਆਂ ਕੁੜੀਆਂ ਦੀ ਗਿਣਤੀ ਕਈ ਗੁਣਾਂ ਵਾਧਾ ਹੋਇਆ।”
ਸ਼ੇਰੋਂ ਭਿਵਾਨੀ ਵਿੱਚ ਆਪਣੇ ਪਿਤਾ ਅਤੇ ਮਸ਼ਹੂਰ ਮੁੱਕੇਬਾਜ਼ ਹਵਾ ਸਿੰਘ ਦੇ ਨਾਮ ਉੱਤੇ ਮੁੱਕੇਬਾਜ਼ੀ ਸਿਖਲਾਈ ਸੈਂਟਰ ਚਲਾਉਂਦੇ ਹਨ।


ਭਿਵਾਨੀ ਦਾ ਓਲੰਪਿਕ ਦਾ ਸਫਰ
ਭਿਵਾਨੀ ਦੇ ਮੁੱਕੇਬਾਜ਼ਾਂ ਦਾ ਓਲੰਪਿਕ ਦਾ ਸਫਰ ਮਹਿਤਾਬ ਸਿੰਘ (81 ਕਿੱਲੋ) ਤੋਂ ਸੰਨ 1972 ਵਿੱਚ ਸ਼ੁਰੂ ਹੋਇਆ।
ਇੱਥੋਂ ਦੇ ਇੱਕ ਹੋਰ ਮੁੱਕੇਬਾਜ਼ ਹਵਾ ਸਿੰਘ ਸਨ ਨੇ ਲਗਾਤਾਰ ਦੋ ਏਸ਼ੀਅਨ ਖੇਡਾਂ ਵਿੱਚ ਸੋਨੇ ਦੇ ਮੈਡਲ ਹਾਸਲ ਕੀਤੇ।
ਇਨ੍ਹਾਂ ਦੋਵੇਂ ਨੇ ਭਿਵਾਨੀ ਵਿੱਚ ਘਰੇਲੂ ਨਾਮ ਬਣਕੇ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਮੁੱਕੇਬਾਜ਼ੀ ਦੀ ਚਿਣਗ ਪੈਦਾ ਕੀਤੀ।
ਮਹਿਤਾਬ ਸਿੰਘ ਭਿਵਾਨੀ ਦੇ ਈਸ਼ਰਵਲ ਪਿੰਡ ਦੇ ਵਾਸੀ ਸਨ। ਉਨ੍ਹਾਂ ਨੇ ਭਾਰਤੀ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਮੁੱਕੇਬਾਜ਼ੀ ਸਿੱਖੀ। ਹੌਲੀ-ਹੌਲੀ ਉਹ 1972 ਦੇ ਮਿਊਨਿਖ ਓਲੰਪਿਕ ਵਿੱਚ ਜਾਣ ਵਾਲੇ ਭਾਰਤੀ ਦਲ ਲਈ ਚੁਣੇ ਗਏ।
ਉਹ ਓਲੰਪਿਕ ਵਿੱਚ ਜਾਣ ਵਾਲੇ ਭਿਵਾਨੀ ਦੇ ਪਹਿਲੇ ਮੁੱਕੇਬਾਜ਼ ਸਨ।
ਮਹਿਤਾਬ ਸਿੰਘ ਤੋਂ ਬਾਅਦ ਭਿਵਾਨੀ ਦੇ ਸੰਦੀਪ ਗੋਲਨ (69 ਕਿੱਲੋ) 1992 ਦੀਆਂ ਬਾਰਸਿਲੋਨਾ ਓਲੰਪਿਕ ਖੇਡਾਂ ਵਿੱਚ ਭਾਰਤੀ ਦਲ ਦੇ ਨਾਲ ਸ਼ਾਮਲ ਹੋਏ।
ਸਾਲ 2000 ਦੇ ਸਿਡਨੀ ਓਲੰਪਿਕ ਵਿੱਚ ਜਿਤੇਂਦਰ (ਸੀਨੀਅਰ) ਭਾਰਤੀ ਪੁਰਸ਼ ਮੁੱਕੇਬਾਜ਼ਾਂ ਦੇ ਚਾਰ ਮੈਂਬਰੀ ਦਲ ਨਾਲ ਸ਼ਾਮਲ ਹੋਏ।
ਸਿਡਨੀ ਤੋਂ ਬਾਅਦ, ਭਿਵਾਨੀ ਦੇ ਮੁੱਕੇਬਾਜ਼ ਹਰੇਕ ਓਲੰਪਿਕ ਵਿੱਚ ਭਾਰਤੀ ਟੀਮ ਦਾ ਹਿੱਸਾ ਰਹੇ ਹਨ।
2044 ਦੀਆਂ ਪੈਰਿਸ ਓਲੰਪਿਕ ਵਿੱਚ, ਭਾਵੇਂ ਭਿਵਾਨੀ ਤੋਂ ਕੋਈ ਵੀ ਪੁਰਸ਼ ਮੁੱਕੇਬਾਜ਼ ਨਹੀਂ ਹੋਵੇਗਾ ਪਰ ਇਸ ਮਿੰਨੀ ਕਿਊਬਾ ਤੋਂ ਪ੍ਰੀਤੀ ਪਵਾਰ (54 ਕਿੱਲੋ) ਅਤੇ ਜੈਸਮੀਨ ਲੰਬੋਰੀਆ (57 ਕਿੱਲੋ) ਜ਼ਰੂਰ ਸ਼ਾਮਲ ਹੋਣਗੀਆਂ।
ਸਾਲ 2004 ਦੇ ਏਥਨਸ ਓਲੰਪਿਕਸ ਦੇ ਚਾਰ ਭਾਰਤੀ ਮੁੱਕੇਬਾਜ਼ ਓਲੰਪੀਅਨਾਂ ਵਿੱਚੋਂ ਤਿੰਨ— ਜਿਤੇਂਦਰ ਕੁਮਾਰ (ਸੀਨੀਅਰ), ਵਿਜੇਂਦਰ ਸਿੰਘ ਅਤੇ ਅਖਿਲ ਕੁਮਾਰ ਭਿਵਾਨੀ ਤੋਂ ਸਨ।

2008 ਦਾ ਬੀਜਿੰਗ ਓਲੰਪਿਕ ਹਰਿਆਣੇ ਦੇ ਇਸ ਜ਼ਿਲ੍ਹੇ ਲਈ ‘ਗੇਮ ਚੇਂਜਰ’ ਸਾਬਤ ਹੋਇਆ। ਇਸ ਵਾਰ ਭਾਰਤ ਦੇ ਪੰਜ ਵਿੱਚੋਂ ਚਾਰ ਮੁੱਕੇਬਾਜ਼— ਅਖਿਲ, ਵਿਜੇਂਦਰ, ਦਿਨੇਸ਼ ਕੁਮਾਰ ਅਤੇ ਜਿਤੇਂਦਰ ਕੁਮਾਰ (ਜੂਨੀਅਰ) ਭਿਵਾਨੀ ਤੋਂ ਸਨ।
ਸਾਲ 2012 ਦੇ ਲੰਡਨ ਓਲੰਪਿਕ ਵਿੱਚ ਭਿਵਾਨੀ ਦੇ ਵਿਜੇਂਦਰ (75 ਕਿੱਲੋ) ਅਤੇ ਵਿਕਾਸ ਕ੍ਰਿਸ਼ਨ ਯਾਦਵ (69 ਕਿੱਲੋ) ਭਾਰਤੀ ਪੁਰਸ਼ ਮੁੱਕੇਬਾਜ਼ਾਂ ਦੇ ਸੱਤ ਮੈਂਬਰੀ ਦਲ ਵਿੱਚ ਸ਼ਾਮਲ ਹੋਏ।
ਪਹਿਲੀ ਵਾਰ ਭਿਵਾਨੀ ਤੋਂ ਬਾਹਰੋਂ ਕਿਸੇ ਭਾਰਤੀ ਮੁੱਕੇਬਾਜ਼ ਨੇ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਮਨੋਜ ਕੁਮਾਰ (ਕੈਥਲ), ਜੈ ਭਗਵਾਨ (ਹਿਸਾਰ) ਅਤੇ ਸੁਮਿਤ ਸਾਂਗਵਾਨ (ਕਰਨਾਲ) ਲੰਡਨ ਜਾਣ ਵਾਲੇ ਭਾਰਤੀ ਦਲ ਲਈ ਚੁਣੇ ਗਏ ਸਨ।
ਮਹਿਲਾ ਮੁੱਕੇਬਾਜ਼ੀ ਲੰਡਨ ਖੇਡਾਂ ਤੋਂ ਹੀ ਓਲੰਪਿਕ ਵਿੱਚ ਸ਼ਾਮਲ ਹੋਈ। ਮਨੀਪੁਰ ਤੋਂ ਮੈਰੀ ਕੋਮ ਓਲੰਪਿਕ ਜਾਣ ਵਾਲੇ ਪਹਿਲੇ ਭਾਰਤੀ ਮਹਿਲਾ ਮੁੱਕੇਬਾਜ਼ ਬਣੇ ਅਤੇ ਕਾਂਸੇ ਦੇ ਮੈਡਲ ਨਾਲ ਵਾਪਸ ਆਏ।
ਸਾਲ 2016 ਦੀਆਂ ਰੀਓ ਓਲੰਪਿਕਸ ਤੋਂ ਭਾਰਤੀ ਮੁੱਕੇਬਾਜ਼ੀ ਦਾ ਪਤਨ ਸ਼ੁਰੂ ਹੋਇਆ ਜਦੋਂ ਸਿਰਫ ਤਿੰਨ ਪੁਰਸ਼ ਮੁੱਕੇਬਾਜ਼ ਟੂਰਨਾਮੈਂਟ ਲਈ ਕੁਆਲੀਫਾਈ ਕਰ ਸਕੇ।
ਹਾਲਾਂਕਿ ਤਿੰਨ ਵਿੱਚੋਂ ਦੋ ਹਰਿਆਣੇ ਤੋਂ ਸਨ— ਵਿਕਾਸ ਕ੍ਰਿਸ਼ਨ (ਭਿਵਾਨੀ) ਅਤੇ ਮਨੋਜ ਕੁਮਾਰ (ਕੈਥਲ)।
ਸਾਲ 2020 ਦੀਆਂ ਟੋਕੀਓ ਖੇਡਾਂ ਵਿੱਚ ਪੰਜ ਪੁਰਸ਼ ਅਤੇ ਚਾਰ ਮਹਿਲਾਵਾਂ ਭਾਰਤੀ ਮੁੱਕੇਬਾਜ਼ੀ ਦਲ ਵਿੱਚ ਗਈਆਂ। ਇਸ ਵਾਰ ਪੂਜਾ ਰਾਣੀ ਭਿਵਾਨੀ ਤੋਂ ਓਲੰਪਿਕ ਵਿੱਚ ਜਾਣ ਵਾਲੇ ਪਹਿਲੇ ਮਹਿਲਾ ਮੁੱਕੇਬਾਜ਼ ਬਣੇ।

ਭਾਰਤੀ ਪੁਰਸ਼ਾਂ ਵਿੱਚ— ਦੋ ਮੁੱਕੇਬਾਜ਼ ਵਿਕਾਸ ਕ੍ਰਿਸ਼ਨ ਯਾਦਵ ਅਤੇ ਮਨੀਸ਼ ਕੌਸ਼ਿਕ ਭਿਵਾਨੀ ਤੋਂ ਸਨ ਜਦਕਿ ਅਮਿਤ ਪਨਘਲ (ਰੋਹਤਕ) ਨੇ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।
ਦੋ ਵਾਰ ਦੇ ਓਲੰਪੀਅਨ ਮਨੋਜ ਕੁਮਾਰ ਦੇ ਕੋਚ ਰਾਜੇਸ਼ ਕੁਮਾਰ ਦੱਸਦੇ ਹਨ, “ਜਦੋਂ ਅਸੀਂ ਭਾਰਤੀ ਪੁਰਸ਼ ਮੁੱਕੇਬਾਜ਼ੀ ਦੀ ਗੱਲ ਕਰਦੇ ਹਾਂ, ਜਦੋਂ ਭਿਵਾਨੀ ਵਿੱਚ ਮੁੱਕੇਬਾਜ਼ੀ ਦਾ ਮਿਆਰ ਭਾਰਤੀ ਮੁੱਕੇਬਾਜ਼ੀ ਦਾ ਮਿਆਰ ਤੈਅ ਕਰਦਾ ਸੀ।"
"ਪਰ ਅੱਗੇ ਜਾ ਕੇ ਹਰਿਆਣੇ ਦੇ ਦੂਜੇ ਜ਼ਿਲ੍ਹਿਆਂ ਨੇ ਵੀ ਸੁਧਾਰ ਕੀਤਾ ਹੈ ਅਤੇ ਕੁਝ ਭਿਵਾਨੀ ਦੇ ਬਰਾਬਰ ਆ ਗਏ ਹਨ। ਨਤੀਜੇ ਵਜੋਂ ਹਰਿਆਣੇ ਵਿੱਚ ਮੁੱਕੇਬਾਜ਼ੀ ਹੋਰ ਮਜ਼ਬੂਤ ਹੋਈ ਹੈ।”
ਰਾਜੇਸ਼ ਕੁਮਾਰ ਦੀ ਆਪਣੇ ਛੋਟੇ ਭਰਾ ਅਤੇ ਦੋ ਵਾਰ ਦੇ ਓਲੰਪੀਅਨ ਮਨੋਜ ਕੁਮਾਰ ਦਾ ਮੁੱਕੇਬਾਜ਼ੀ ਵਿੱਚ ਕਰੀਅਰ ਬਣਾਉਣ ਵਿੱਚ ਅਹਿਮ ਯੋਗਦਾਨ ਅਤੇ ਭੂਮਿਕਾ ਰਹੀ ਹੈ।
'ਹੁਣ ਕੁੜੀਆਂ ਸਦਕਾ ਭਿਵਾਨੀ ਦੀ ਮੁੱਕੇਬਾਜ਼ੀ ਦੀ ਚਰਚਾ'
ਹਰਿਆਣਾ ਦੇ ਖੇਡ ਵਿਭਾਗ ਦੇ ਕੋਚ ਵਿਸ਼ਨੂੰ ਭਗਵਾਨ ਨੇ ਕਿਹਾ, “ਹੁਣ ਆਪਣੀਆਂ ਕੁੜੀਆਂ ਸਦਕਾ, ਲੋਕ ਭਿਵਾਨੀ ਦੀ ਮੁੱਕੇਬਾਜ਼ੀ ਦੀ ਚਰਚਾ ਕਰ ਰਹੇ ਹਨ ਅਤੇ ਅਸੀਂ ਮਿੰਨੀ ਕਿਊਬਾ ਵਜੋਂ ਜਾਣੇ ਜਾਣ ਵਿੱਚ ਫਖਰ ਮਹਿਸੂਸ ਕਰਦੇ ਹਾਂ।”
ਵਿਸ਼ਨੂੰ ਨੇ ਭਿਵਾਨੀ ਦੀ ਮੁੱਕੇਬਾਜ਼ੀ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ ਇਸ ਸਮੇਂ ਚਰਖੀ ਦਾਦਰੀ ਵਿੱਚ ਨਿਯੁਕਤ ਹਨ।
ਜਗਦੀਸ਼ ਸਿੰਘ ਦੱਸਦੇ ਹਨ,“ਕੋਚਾਂ ਦੀ ਭੂਮਿਕਾ ਤੋਂ ਸਿਵਾ, ਮਹਿਲਾ ਮੁੱਕੇਬਾਜ਼ੀ ਦੀ ਸਫ਼ਲਤਾ ਪਿੱਛੇ ਜੋ ਸ਼ਕਤੀ ਹੈ ਉਹ ਹੈ ਉਨ੍ਹਾਂ ਦੇ ਮਾਪਿਆਂ ਦਾ ਯੋਗਦਾਨ। ਮਾਪੇ ਆਪਣੀਆਂ ਬੱਚੀਆਂ ਨੂੰ ਸਿਖਲਾਈ ਲਈ ਅਕੈਡਮੀਆਂ ਵਿੱਚ ਲਿਜਾ ਰਹੇ ਹਨ, ਜੋ ਪਿੰਡਾਂ ਤੋਂ ਦੂਰ ਹਨ। ਮਾਪਿਆਂ ਦੇ ਸਮਰਪਣ ਦਾ ਕੋਈ ਮੁਕਾਬਲਾ ਨਹੀਂ ਹੈ।”

ਤਸਵੀਰ ਸਰੋਤ, Kerala Olympic Association
ਪੈਰਿਸ - ਅਕਾਦਮਿਕ ਤੋਂ ਮੁੱਕੇਬਾਜ਼ੀ
ਪ੍ਰੀਤੀ ਅਤੇ ਜੈਸਮੀਨ ਦੋਵਾਂ ਲਈ ਹੀ ਮੁੱਕੇਬਾਜ਼ੀ ਕਦੇ ਵੀ ਪਹਿਲੀ ਪਸੰਦ ਨਹੀਂ ਰਹੀ। ਦੋਵੇਂ ਪੜ੍ਹਾਈ ਵਿੱਚ ਹੁਸ਼ਿਆਰ ਸਨ ਅਤੇ ਅਕਾਦਮਿਕ ਵਿੱਚ ਆਪਣਾ ਜੀਵਨ ਬਣਾਉਣਾ ਚਾਹੁੰਦੀਆਂ ਸਨ। ਦੋਵਾਂ ਦੇ ਚਾਚੇ-ਤਾਏ ਮੁੱਕੇਬਾਜ਼ੀ ਦੇ ਕੋਚ ਹਨ। ਅੱਜ ਤੋਂ ਲਗਭਗ ਸੱਤ ਸਾਲ ਪਹਿਲਾਂ ਉਹਨਾਂ ਨੂੰ ਇੱਕੋ ਸਮੇਂ ਮੁੱਕੇਬਾਜ਼ੀ ਵਿੱਚ ਆਉਣ ਲਈ ਪ੍ਰੇਰਿਤ ਕੀਤਾ ਸੀ।
ਸਾਬਕਾ ਕੌਮਾਂਤਰੀ ਮੁੱਕੇਬਾਜ਼ ਤੋਂ ਕੋਚ ਬਣੇ ਸੰਦੀਪ ਸਿੰਘ ਨੇ ਦੱਸਿਆ,“ਜੈਸਮੀਨ ਹਮੇਸ਼ਾ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਸੀ ਹੈ ਅਤੇ ਇਸ ਨੇ ਦਸਵੀਂ ਵਿੱਚ 86 ਫ਼ੀਸਦੀ ਅੰਕ ਲਏ ਸਨ।"
"ਪਰ ਉਸਦੇ ਜੁੱਸੇ ਅਤੇ ਲੰਬੇ ਕੱਦ ਅਤੇ ਖੂਨ ਵਿੱਚ ਖੇਡਾਂ ਦੇ ਮੱਦੇ ਨਜ਼ਰ, ਮੈਨੂੰ ਵਿਸ਼ਵਾਸ ਸੀ ਕਿ ਉਹ ਇੱਕ ਚੰਗੀ ਮੁੱਕੇਬਾਜ਼ ਬਣੇਗੀ। ਇਸ ਲਈ ਮੈਂ ਉਸਦੇ ਪਿਤਾ ਨੂੰ ਉਸ ਨੂੰ ਮੁੱਕੇਬਾਜ਼ੀ ਵਿੱਚ ਪਾਉਣ ਲਈ ਕਿਹਾ।”
ਉਹ ਦੱਸਦੇ ਹਨ,“ਪਹਿਲਾਂ ਤਾਂ ਜੈਸਮੀਨ ਦੇ ਦਾਦਾ ਜੀ ਅਤੇ ਮੇਰੇ ਤਾਇਆ ਜੀ, ਜੋ ਕਿ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ ਭਲਵਾਨ ਸਨ—ਪਰਿਵਾਰ ਦੀਆਂ ਕੁੜੀਆਂ ਨੂੰ ਖੇਡਾਂ ਵਿੱਚ ਪਾਉਣ ਤੋਂ ਝਿਜਕ ਰਹੇ ਸਨ।"
"ਪਰ ਆਖਰ ਵਿੱਚ ਮੈਂ ਉਨ੍ਹਾਂ ਨੂੰ ਮਨਾ ਲਿਆ ਅਤੇ ਸਾਲ 2016 ਵਿੱਚ ਜੈਸਮੀਨ ਦੀ ਕੋਚਿੰਗ ਸ਼ੁਰੂ ਕੀਤੀ।”
ਸੰਦੀਪ ਸਿੰਘ ਫਿਲਹਾਲ ਹਰਿਆਣਾ ਦੇ ਖੇਡ ਵਿਭਾਗ ਵਿੱਚ ਮੁੱਕੇਬਾਜ਼ੀ ਦੇ ਕੋਚ ਹਨ ਅਤੇ ਭਿਵਾਨੀ ਵਿੱਚ ਤੈਨਾਤ ਹਨ।
ਉਹ ਅੱਗੇ ਦੱਸਦੇ ਹਨ,“ਸਾਡਾ ਟੀਚਾ 2020 ਦਾ ਟੋਕੀਓ ਓਲੰਪਿਕਸ ਸੀ, ਪਰ ਟਰਾਇਲ ਸਮੇਂ ਉਹ 18 ਸਾਲ ਤੋਂ ਸਿਰਫ਼ ਤਿੰਨ ਦਿਨ ਛੋਟੀ ਸੀ। ਉਸ ਨੂੰ ਓਲੰਪਿਕ ਕੁਆਲੀਫਾਇਰ ਦੇ ਟਰਾਇਲ ਵਿੱਚ ਹਿੱਸਾ ਦੀ ਆਗਿਆ ਨਹੀਂ ਦਿੱਤੀ ਗਈ।"
"ਪਰ ਸ਼ੁਕਰ ਹੈ, ਅਸੀਂ 2024 ਦੀਆਂ ਪੈਰਿਸ ਓਲੰਪਿਕਸ ਵਿੱਚ ਕੋਟਾ ਸਥਾਨ ਹਾਸਲ ਕਰਨ ਵਿੱਚ ਸਫਲ ਹੋ ਗਏ।”
ਪ੍ਰੀਤੀ ਨੇ ਦਸਵੀਂ ਦੀ ਬੋਰਡ ਪ੍ਰੀਖਿਆ ਵਿੱਚੋਂ 90% ਅੰਕ ਹਾਸਲ ਕੀਤੇ ਸਨ। ਉਨ੍ਹਾਂ ਦੇ ਚਾਚਾ ਵਿਨੋਦ ਨੇ ਮੁੱਕੇਬਾਜ਼ੀ ਵਿੱਚ ਲਿਆਂਦਾ। ਵਿਨੋਦ ਸਾਲ 2015 ਤੋਂ ਮਹਿਮ ਵਿੱਚ ਇੱਕ ਮੁੱਕੇਬਾਜ਼ੀ ਅਕੈਡਮੀ ਚਲਾਉਂਦੇ ਹਨ। ਉਹ ਨੈਸ਼ਨਲ ਲੈਵਲ ਦੇ ਇੱਕ ਸਾਬਕਾ ਮੁੱਕੇਬਾਜ਼ ਹਨ ਪਰ ਕੰਨ ਦੀ ਸੱਟ ਕਾਰਨ ਉਨ੍ਹਾਂ ਨੂੰ ਮੁੱਕੇਬਾਜ਼ੀ ਛੱਡਣੀ ਪਈ।
ਓਲੰਪਿਕਸ ਦਾ ਆਪਣਾ ਸੁਫਨਾ ਪੂਰਾ ਕਰਨ ਲਈ ਉਨ੍ਹਾਂ ਨੇ ਪ੍ਰੀਤੀ ਨੂੰ ਮੁੱਕੇਬਾਜ਼ੀ ਵਿੱਚ ਪਾਇਆ।
ਵਿਨੋਦ ਨੇ ਦੱਸਿਆ, “ਮੇਰੇ ਕਾਰਨ ਪ੍ਰੀਤੀ ਦੀ ਮੁੱਕੇਬਾਜ਼ੀ ਵਿੱਚ ਦਿਲਚਸਪੀ ਬਣੀ। ਉਹ ਕੋਈ ਪ੍ਰਤਿਭਾਸ਼ਾਲੀ ਮੁੱਕੇਬਾਜ਼ ਨਹੀਂ ਸੀ। ਪਰ ਆਪਣੀ ਮਿਹਨਤ ਅਤੇ ਲਗਨ ਕਾਰਨ ਉਸ ਨੇ ਖੇਡ ਵਿੱਚ ਆਪਣੀ ਛਾਪ ਛੱਡੀ ਹੈ।”
“ਉਹ 2012 ਦੀ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਪ੍ਰੀ-ਕੁਆਰਟਰ ਫਾਈਨਲਸ ਵਿੱਚ ਹਾਰ ਗਈ। ਪਰ ਪਿਛਲੀ ਕਾਰਗੁਜ਼ਾਰੀ ਦੇ ਮੱਦੇ ਨਜ਼ਰ ਉਸ ਨੂੰ ਨੈਸ਼ਨਲ ਕੈਂਪ ਵਿੱਚ ਸੱਦਿਆ ਗਿਆ ਅਤੇ 2023 ਦੀਆਂ ਏਸ਼ੀਅਨ ਖੇਡਾਂ ਦੇ ਟਰਾਇਲ ਦੇਣ ਦੀ ਆਗਿਆ ਮਿਲੀ।"
"ਉਸ ਨੇ ਟਰਾਇਲ ਵਿੱਚ ਜਿੱਤ ਹਾਸਲ ਕੀਤੀ ਅਤੇ ਏਸ਼ੀਆਈ ਖੇਡਾਂ ਵਿੱਚ ਕਾਂਸੇ ਦਾ ਮੈਡਲ ਹਾਸਲ ਕੀਤਾ। ਇਸੇ ਕਾਰਨ ਉਸ ਦੀ ਪੈਰਿਸ ਓਲੰਪਿਕ ਵਿੱਚ ਥਾਂ ਪੱਕੀ ਹੋ ਗਈ। ਪ੍ਰੀਤੀ ਦੇ ਜ਼ਰੀਏ ਮੈਂ ਓਲੰਪਿਕ ਦੇ ਸੁਫਨੇ ਜਿਉਂ ਸਕਾਂਗਾ ਅਤੇ ਇਹ ਗੱਲ ਮੈਨੂੰ ਡਾਢੀ ਖੁਸ਼ੀ ਦਿੰਦੀ ਹੈ ਕਿ ਸਾਡੀਆਂ ਕੁੜੀਆਂ ਭਿਵਾਨੀ ਦੀ ਮੁੱਕੇਬਾਜ਼ੀ ਦੀ ਵਿਰਾਸਤ ਨੂੰ ਪੈਰਿਸ ਲਿਜਾ ਰਹੀਆਂ ਹਨ।”












