ਓਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੀ ਕੁੜੀ ਦੀ ਕਹਾਣੀ, ਜਿਸ ਦੀ ਮਾਂ ਦੀ ਮਿਹਨਤ ਦਾ ਮੁੱਲ ਪਿਆ

ਤਸਵੀਰ ਸਰੋਤ, sat singh/bbc
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਸਹਿਯੋਗੀ
21 ਸਾਲਾ ਰਿਤਿਕਾ ਹੁੱਡਾ ਨੇ ਪੈਰਿਸ ਓਲੰਪਿਕ ਲਈ 76 ਕਿਲੋ ਭਾਰ ਵਰਗ ਦੇ ਮੁਕਾਬਲਿਆਂ ਲਈ ਕੁਆਲੀਫ਼ਾਈ ਕਰ ਲਿਆ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਹੈ।
ਰਿਤਿਕਾ ਦੀ ਇਸ ਕਾਮਯਾਬੀ ਪਿੱਛੇ ਉਨ੍ਹਾਂ ਦੀ ਮਾਂ ਦਾ ਵੱਡਾ ਯੋਗਦਾਨ ਹੈ।
ਰਿਤਿਕਾ ਦੱਸਦੇ ਹਨ ਕਿ ਪਹਿਲਾਂ ਉਹ ਗੈਰ ਓਲੰਪਿਕ ਭਾਰ ਵਰਗ ਵਿੱਚ ਖੇਡਦੇ ਸਨ ਅਤੇ ਕਈ ਸੂਬਿਆਂ ਅਤੇ ਕੌਮੀ ਪੱਧਰ ਦੇ ਤਗਮੇ ਆਪਣੇ ਨਾ ਕਰ ਚੁੱਕੇ ਹਨ।
ਜਦੋਂ ਪੈਰਿਸ ਓਲੰਪਿਕ ਦੀ ਤਿਆਰੀ ਦੀ ਗੱਲ ਆਈ ਤਾਂ ਉਨ੍ਹਾਂ ਨੇ 76 ਕਿਲੋ ਭਾਰ ਵਰਗ ਚੁਣਿਆ।
ਉਹ ਕਹਿੰਦੇ ਹਨ, “ਮੈਨੂੰ 68 ਕਿੱਲੋ ਵਰਗਾ ਘੱਟ ਵਜ਼ਨ ਅਜ਼ਮਾਉਣ ਲਈ ਕਿਹਾ ਗਿਆ ਸੀ ਪਰ ਮੈਂ 76 ਕਿੱਲੋ ਤੱਕ ਕੋਸ਼ਿਸ਼ ਕੀਤੀ ਸੀ।”

ਤਸਵੀਰ ਸਰੋਤ, Sat Singh/BBC
“ਮੈਂ ਇਸ ਭਾਰ ਵਰਗ ਵਿੱਚ ਦੋ ਵੱਡੇ ਕੌਮਾਂਤਰੀ ਮੁਕਾਬਲੇ ਹਾਰੇ ਹਨ, ਇਸ ਲਈ ਮੈਨੂੰ ਘੱਟ ਭਾਰ ਲਈ ਕੋਸ਼ਿਸ਼ ਕਰਨ ਦਾ ਦੁਬਾਰਾ ਦਬਾਅ ਪਾਇਆ ਜਾਣ ਲੱਗਿਆ ਪਰ ਮੈਂ ਫਿਰ ਵੀ ਅੜੀ ਰਹੀ।”
ਕਾਰਨ ਪੁੱਛਣ 'ਤੇ ਰਿਤਿਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਵਜ਼ਨ ਘੱਟ ਕਰਨ 'ਚ ਦਿੱਕਤ ਆਉਂਦੀ ਹੈ ਅਤੇ ਜੇਕਰ ਉਹ ਘੱਟ ਕਰ ਵੀ ਲੈਂਦੇ ਹਨ ਤਾਂ ਵੀ ਉਹ ਬਾਊਟ 'ਚ ਪ੍ਰਦਰਸ਼ਨ ਨਹੀਂ ਕਰ ਪਾਉਂਦੇ।
ਵੱਡੇ ਭਾਰ ਵਰਗ ਵਿੱਚ ਪ੍ਰਦਰਸ਼ਨ ਚੰਗਾ ਰਿਹਾ ਪਰ ਤਮਗਾ ਨਹੀਂ ਆ ਰਿਹਾ ਸੀ।
ਦੋ ਵੱਡੇ ਤਗ਼ਮੇ ਗੁਆਉਣ 'ਤੇ ਉਹ ਨਿਸ਼ਚਿਤ ਤੌਰ 'ਤੇ ਉਦਾਸ ਸਨ, ਪਰ ਪੈਰਿਸ ਓਲੰਪਿਕ ਕੁਆਲੀਫਾਈ ਲਈ ਉਨ੍ਹਾਂ ਨੇ ਸਾਰੇ ਮੈਚ ਜਿੱਤਣ ਤੋਂ ਬਾਅਦ ਉਸ ਨੇ ਸਾਰਿਆਂ ਨੂੰ ਗ਼ਲਤ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੇ ਸਹੀ ਵਜ਼ਨ ਵਿੱਚ ਕੁਸ਼ਤੀ ਕਰਨ ਦਾ ਫ਼ੈਸਲਾ ਕੀਤਾ ਸੀ।

ਤਸਵੀਰ ਸਰੋਤ, Sat Singh/BBC
ਰਿਤਿਕਾ ਦੇ ਸਿਰ 'ਤੇ ਮਾਂ ਦਾ ਹੱਥ
ਰਿਤਿਕਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਘਰ ਦਾ ਗੁਜ਼ਾਰਾ ਚਲਾਉਣ ਲਈ ਕੰਮ ਕਰਦੇ ਹਨ ਅਤੇ ਮਾਂ ਬੱਚਿਆਂ ਨੂੰ ਕਾਮਯਾਬ ਬਣਾਉਣ ਲਈ ਦਿਨ ਰਾਤ ਮਿਹਨਤ ਕਰਦੇ ਹਨ।
“ਭਾਵੇਂ ਸਰਦੀ ਹੋਵੇ, ਗਰਮੀਆਂ, ਮੀਂਹ, ਤੂਫਾਨ ਜਾਂ ਕੁਝ ਹੋਰ ਮੇਰੀ ਮਾਂ ਹਮੇਸ਼ਾ ਮੇਰੇ ਨਾਲ ਪ੍ਰੈਕਟਿਸ ਲਈ ਜਾਂਦੀ ਹੈ ਤੇ ਮੈਂ ਦਿਨ ਵਿੱਚ ਦੋ ਵਾਰ ਪ੍ਰੈਕਟਿਸ ਲਈ ਜਾਂਦੀ ਹੈ।”
“ਜਦੋਂ ਵੀ ਮੇਰਾ ਕੋਈ ਬਾਹਰੀ ਮੁਕਾਬਲਾ ਹੁੰਦਾ ਹੈ, ਮੇਰੀ ਮਾਂ ਮੇਰੇ ਨਾਲ ਰਹਿੰਦੀ ਹੈ, ਉਹ ਮੇਰੀ ਦੇਖਭਾਲ ਕਰਦੀ ਹੈ, ਸਾਰਾ ਕੁਝ ਮਾਂ ਹੀ ਮੈਨੇਜ ਕਰਦੀ ਹੈ।"
ਰਿਤਿਕਾ ਮੁਸਕਰਾਉਂਦੇ ਹੋਏ ਕਹਿੰਦੇ ਹਨ ਕਿ ਮੇਰਾ ਵੱਡਾ ਭਰਾ ਵੀ ਮਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰੇ ਤਾਂ ਮਾਂ ਕਹਿੰਦੀ ਹੈ ਕਿ ਰਿਤਿਕਾ ਨੂੰ ਉਨ੍ਹਾਂ ਦੀ ਜ਼ਿਆਦਾ ਲੋੜ ਹੈ।

ਤਸਵੀਰ ਸਰੋਤ, Sat Singh/BBC
ਰਿਤਿਕਾ ਬਚਪਨ ਤੋਂ ਹੀ ਸ਼ਰਾਰਤੀ ਸੀ
ਰਿਤਿਕਾ ਦੀ ਕੁਸ਼ਤੀ ਦੀ ਸ਼ੁਰੂਆਤ ਬਾਰੇ ਮਾਂ ਨੀਲਮ ਦੇਵੀ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੀ ਧੀ ਛੋਟੀ ਸੀ ਤਾਂ ਉਹ ਆਪਣੀ ਦਾਦੀ ਦੇ ਘਰ ਜਾਂਦੀ ਸੀ ਅਤੇ ਉਥੇ ਸਾਰਾ ਮੱਖਣ ਖਾ ਜਾਂਦੀ ਸੀ।
“ਜਿਸ ਤਰ੍ਹਾਂ ਬੱਚਿਆਂ ਨੂੰ ਆਪਣੀ ਦਾਦੀ ਦੇ ਘਰ ਪਿਆਰ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਰਿਤਿਕਾ ਵੀ ਬਹੁਤ ਸ਼ਰਾਰਤੀ ਸੀ ਅਤੇ ਬਹੁਤ ਲੜਾਈ-ਝਗੜਾ ਕਰਦੀ ਸੀ। ਉਹ ਆਪਣੇ ਭਰਾ ਨੂੰ ਵੀ ਕੁੱਟਦੀ ਸੀ।”
ਇਸ ਲਈ ਅਸੀਂ ਇਸਨੂੰ ਖੇਡਾਂ ਵਿੱਚ ਲਾਉਣ ਬਾਰੇ ਸੋਚਿਆ ਤਾਂ ਜੋ ਇਸਦੀ ਸ਼ਕਤੀ ਨੂੰ ਸਹੀ ਦਿਸ਼ਾ ਵਿੱਚ ਇਸਤੇਮਾਲ ਕੀਤਾ ਜਾ ਸਕੇ।

ਤਸਵੀਰ ਸਰੋਤ, Sat Singh/BBC
ਨੀਲਮ ਦੇਵੀ ਦੱਸਦੇ ਹਨ, “ਪਹਿਲਾਂ ਉਹ ਹੈਂਡਬਾਲ ਵਿੱਚ ਸੀ, ਫਿਰ ਉਸ ਨੇ ਕੁਸ਼ਤੀ ਵਿੱਚ ਸ਼ੁਰੂਆਤ ਕੀਤੀ।”
ਨੀਲਮ ਦੇਵੀ ਦੱਸਦੇ ਹਨ ਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਰਿਤਿਕਾ ਅਤੇ ਹੋਰ ਕੁੜੀਆਂ ਇਨਡੋਰ ਅਕੈਡਮੀ ਵਿੱਚ ਪ੍ਰੈਕਟਿਸ ਕਰਦੀਆਂ ਸਨ ਪਰ ਉਨ੍ਹਾਂ ਦੇ ਨਾਲ ਆਏ ਮਾਪਿਆਂ ਨੂੰ ਬਾਹਰ ਖੜ੍ਹਾ ਹੋਣਾ ਪੈਂਦਾ ਸੀ।
“ਸਰਦੀਆਂ ਅਤੇ ਗਰਮੀਆਂ ਵਿੱਚ ਵੀ ਮੱਛਰ ਮੈਨੂੰ ਪਰੇਸ਼ਾਨ ਕਰਦੇ ਸਨ ਪਰ ਜਦੋਂ ਰਿਤਿਕਾ ਨੇ ਮੈਡਲ ਲਿਆਉਣੇ ਸ਼ੁਰੂ ਕਰ ਦਿੱਤੇ ਤਾਂ ਉਹ ਸਾਰੀਆਂ ਮੁਸ਼ਕਲਾਂ ਭੁੱਲ ਗਈ।”
ਪਰ ਹੁਣ ਮਾਂ-ਬਾਪ ਨੂੰ ਅੰਦਰ ਬੈਠਣ ਲਈ ਜਗ੍ਹਾ ਦੇ ਦਿੱਤੀ ਗਈ ਹੈ।

ਤਸਵੀਰ ਸਰੋਤ, Sat Singh/BBC
ਕੁਸ਼ਤੀ ਛੱਡਣ ਦਾ ਮਨ
ਨੀਲਮ ਕਹਿੰਦੇ ਹਨ ਕਿ ਉਨ੍ਹਾਂ ਦਾ ਕਈ ਵਾਰ ਮਨ ਕੀਤਾ ਕਿ ਰਿਤਿਕਾ ਦੀ ਕੁਸ਼ਤੀ ਛੱਡਵਾ ਦੇਣ।
ਨੀਲਮ ਦੇਵੀ ਦੱਸਦੇ ਹਨ ਕਿ ਪਹਿਲਾਂ ਵੀ ਕਈ ਵਾਰ ਅਜਿਹਾ ਹੋਇਆ ਕਿ ਰਿਤਿਕਾ ਦੀ ਅਣਥੱਕ ਕੋਸ਼ਿਸ਼ ਦੇ ਬਾਵਜੂਦ ਉਹ ਮੈਚ ਹਾਰ ਜਾਂਦੀ ਸੀ ਅਤੇ ਬਹੁਤ ਨਿਰਾਸ਼ ਹੁੰਦੀ ਸੀ। ਇੱਥੋਂ ਤੱਕ ਕਿ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕ ਵੀ ਕਹਿਣ ਲੱਗੇ ਸਨ ਕਿ ਇੰਨੀ ਮਿਹਨਤ ਤੋਂ ਬਾਅਦ ਵੀ ਉਸ ਨੂੰ ਹਾਰ ਹੀ ਮਿਲਦੀ ਹੈ।
“ਅਸੀਂ ਵੀ ਕੁਸ਼ਤੀ ਦੀ ਬਜਾਇ ਕੁਝ ਹੋਰ ਕਰਵਾਉਣ ਬਾਰੇ ਸੋਚਿਆ, ਪਰ ਬਾਅਦ ਵਿੱਚ ਰਿਤਿਕਾ ਵੀ ਖੜ੍ਹੀ ਹੋ ਗਈ ਅਤੇ ਹੌਲੀ-ਹੌਲੀ ਮੈਡਲ ਜਿੱਤਣ ਲੱਗੀ।”

ਤਸਵੀਰ ਸਰੋਤ, Sat Singh/BBC
ਨਾਮ ਕਮਾਉਣਾ ਹੀ ਖ਼ੂਬਸੂਰਤੀ ਹੈ
ਕੁਸ਼ਤੀ ਦੇ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਰਿਤਿਕਾ ਦੱਸਦੇ ਹੈ ਕਿ ਉਸ ਸਮੇਂ ਉਨ੍ਹਾਂ ਦੇ ਵਾਲ ਬਹੁਤ ਲੰਬੇ ਸਨ। ਇੱਕ ਦਿਨ ਅਕੈਡਮੀ ਵਿੱਚ ਕਿਸੇ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਲੰਬੇ ਸਮੇਂ ਤੱਕ ਕੁਸ਼ਤੀ ਵਿੱਚ ਰਹਿਣਾ ਹੈ ਤਾਂ ਉਨ੍ਹਾਂ ਨੂੰ ਆਪਣੇ ਵਾਲ ਛੋਟੇ ਕਰ ਲੈਣੇ ਚਾਹੀਦੇ ਹਨ।
"ਜਦੋਂ ਮੇਰੇ ਪਿਤਾ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਮੈਨੂੰ ਨਾਈ ਦੀ ਦੁਕਾਨ 'ਤੇ ਲੈ ਗਏ ਅਤੇ ਮੇਰਾ 'ਮਿਲਟਰੀ ਕੱਟ' ਕਰਵਾ ਦਿੱਤਾ ਲਈ ਕਿਹਾ। ਦੁਕਾਨ ਤੋਂ ਘਰ ਤੱਕ, ਮੈਂ ਰੋਂਦੀ ਹੋਈ ਘਰ ਆ ਕੇ ਪੁੱਛਦੀ ਹਾਂ ਕਿ ਮੇਰੇ ਆਪਣੇ ਵਾਲ ਇੰਨੇ ਛੋਟੇ ਕਿਉਂ ਕਟਵਾਏ।"
ਪਰ ਹੁਣ ਉਨ੍ਹਾਂ ਨੂੰ ਆਪਣੇ ਵਾਲ ਲੰਬੇ ਰੱਖਣ ਲਈ ਕਿਹਾ ਜਾ ਰਿਹਾ ਹੈ, ਪਰ ਉਹ ਛੋਟੇ ਹੀ ਰੱਖਣਾ ਚਾਹੁੰਦੇ ਹਨ ਕਿਉਂਕਿ ਕੁਸ਼ਤੀ ਦੀ ਖੇਡ ਵਿੱਚ ਵੱਡੇ ਵਾਲਾਂ ਨੂੰ ਸੰਭਾਲਣਾ ਵੀ ਇੱਕ ਚੁਣੌਤੀ ਹੈ।

ਤਸਵੀਰ ਸਰੋਤ, Sat Singh/BBC
ਸੁੰਦਰਤਾ ਬਨਾਮ ਕਾਮਯਾਬੀ
ਉਹ ਕਹਿੰਦੇ ਹਨ ਕਿ, "ਸੁੰਦਰਤਾ ਬਾਰੇ ਮੈਨੂੰ ਇੰਨਾ ਹੀ ਪਤਾ ਹੈ ਕਿ ਮੈਂ ਆਪਣਾ ਨਾਮ ਬਣਾਉਣੀ ਚਾਹੁੰਦੀ ਹਾਂ।”
“ਜਦੋਂ ਮੈਂ ਆਮ ਕੁੜੀਆਂ ਨੂੰ ਦੇਖਦੀ ਹਾਂ ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਮੇਰੀ ਜ਼ਿੰਦਗੀ ਕਿੰਨੀ ਚੰਗੀ ਹੈ।”
ਉਹ ਕਹਿੰਦੇ ਹਨ,“ਮੈਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਮੌਕਾ ਮਿਲ ਰਿਹਾ ਹੈ। ਨਹੀਂ ਤਾਂ ਪੜ੍ਹਾਈ ਤੋਂ ਬਾਅਦ ਸਿੱਧਾ ਵਿਆਹ ਹੋ ਜਾਣਾ ਸੀ।''

ਤਸਵੀਰ ਸਰੋਤ, Sat Singh/BBC
ਸਾਕਸ਼ੀ ਮਲਿਕ ਤੋਂ ਟਰਿੱਕ ਸਿੱਖੇ
ਅੱਠ ਸਾਲ ਪਹਿਲਾਂ ਰੋਹਤਕ ਦੇ ਛੋਟੂ ਰਾਮ ਸਟੇਡੀਅਮ 'ਚ ਕੁਸ਼ਤੀ ਸ਼ੁਰੂ ਕਰਨ ਵਾਲੇ ਰਿਤਿਕਾ ਦੱਸਦੇ ਹਨ ਕਿ ਜਦੋਂ ਉਹ ਰੈਸਲਰ ਅਕੈਡਮੀ 'ਚ ਸ਼ਾਮਲ ਹੋਏ ਤਾਂ ਸਾਕਸ਼ੀ ਮਲਿਕ ਉੱਥੇ ਅਭਿਆਸ ਕਰ ਰਹੇ ਸਨ ਅਤੇ ਸਾਰੇ ਜੂਨੀਅਰ ਖਿਡਾਰੀਆਂ ਨੂੰ ਟਰਿੱਕ ਸਿਖਾ ਰਹੇ ਸਨ।
"ਇੱਕ ਵਾਰ ਮੇਰੀ ਮਾਂ ਨੇ ਮੇਰੇ ਪ੍ਰਦਰਸ਼ਨ ਬਾਰੇ ਸਾਕਸ਼ੀ ਦੀਦੀ ਨਾਲ ਫ਼ੋਨ 'ਤੇ ਗੱਲ ਕਰਨੀ ਚਾਹੀ ਤਾਂ ਸਾਕਸ਼ੀ ਨੇ ਮੈਨੂੰ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਨੂੰ ਇੱਕ ਜਾਂ ਦੋ ਕੁਸ਼ਤੀ ਮੈਚਾਂ ਦੀ ਜਿੱਤ ਜਾਂ ਹਾਰ ਨੂੰ ਨਹੀਂ ਦੇਖਣਾ ਚਾਹੀਦਾ, ਸਗੋਂ ਇੱਕ ਲੰਬੀ ਦੌੜ ਦਾ ਸੁਪਨਾ ਦੇਖਣਾ ਚਾਹੀਦਾ ਹੈ।"
ਰਿਤਿਕਾ ਨੇ ਦੱਸਿਆ ਕਿ ਅਗਲੇ ਸਾਲ ਜਦੋਂ ਸਾਕਸ਼ੀ ਨੂੰ ਓਲੰਪਿਕ ਮੈਡਲ ਮਿਲਿਆ ਤਾਂ ਉਨ੍ਹਾਂ ਨੇ ਵੀ ਸਖ਼ਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਹੁਣ ਓਲੰਪਿਕ ਲਈ ਕੁਆਲੀਫ਼ਾਈ ਕਰ ਲਿਆ ਹੈ।

ਤਸਵੀਰ ਸਰੋਤ, Sat Singh/BBC
ਰਿਤਿਕਾ ਵੀ ਕਾਮਯਾਬ ਪਹਿਲਵਾਨ ਹੈ
ਰਿਤਿਕਾ ਦੀ ਕੋਚ ਮਨਦੀਪ ਦਾ ਕਹਿਣਾ ਹੈ ਕਿ ਰਿਤਿਕਾ ਵੀ ਸਾਕਸ਼ੀ ਵਾਂਗ ਦੇਸ਼ ਨੂੰ ਮੈਡਲ ਦਿਵਾ ਸਕਦੀ ਹੈ।
ਮਨਦੀਪ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਦੇ ਵੀ ਕੋਚ ਰਹਿ ਚੁੱਕੇ ਹਨ ਹੁਣ ਉਹ ਰਿਤਿਕਾ ਦੇ ਨਾਂ ਦੋ ਰਿਕਾਰਡ ਲੱਗ ਚੁੱਕੇ ਹਨ।
ਪਹਿਲੀ ਉਹ 76 ਭਾਰ ਵਰਗ ਵਿੱਚ ਪਹਿਲੀ ਔਰਤ ਪਹਿਲਵਾਨ ਹੈ ਜਿਸ ਨੇ ਓਲੰਪਿਕ ਵਿੱਚ ਦੇਸ਼ ਲਈ ਕੁਆਲੀਫ਼ਾਈ ਕੀਤਾ ਹੈ ਅਤੇ ਦੂਜਾ ਉਹ ਪਿਛਲੇ ਸਾਲ ਅੰਡਰ 23 ਵਰਗ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਪਹਿਲਵਾਨ ਹੈ।
ਰਿਤਿਕਾ ਕੋਲ ਤਾਕਤ, ਤਕਨੀਕ ਹੈ ਅਤੇ ਸਭ ਤੋਂ ਵੱਡੀ ਗੱਲ ਹਾਰੇ ਹੋਏ ਮੈਚ ਨੂੰ ਜਿੱਤਣ ਦਾ ਇਰਾਦਾ ਹੈ।
“ਅੱਠ ਸਾਲ ਪਹਿਲਾਂ, ਜਦੋਂ ਰਿਤਿਕਾ ਆਈ ਸੀ, ਉਹ ਬਹੁਤ ਛੋਟੀ ਸੀ ਅਤੇ ਇਨ੍ਹਾਂ ਸਾਲਾਂ ਦੌਰਾਨ ਉਸਨੇ ਕਦੇ ਅਭਿਆਸ ਨਹੀਂ ਛੱਡਿਆ ਅਤੇ ਵੱਖ-ਵੱਖ ਭਾਰ ਵਰਗਾਂ ਵਿੱਚ ਆਪਣੀਆਂ ਕਮਜ਼ੋਰੀਆਂ ਅਤੇ ਤਾਕਤ ਦਾ ਮੁਲਾਂਕਣ ਕਰਨ ਤੋਂ ਬਾਅਦ, ਉਸਨੇ ਫੈਸਲਾ ਕੀਤਾ ਕਿ ਉਹ ਵੱਧ ਭਾਰ ਦੇ ਕੁਸ਼ਤੀ ਮੁਕਾਬਲਿਆਂ ਲਈ ਓਲੰਪਿਕ ਜਾਵੇਗੀ।”












