ਬਲਬੀਰ ਸਿੰਘ ਸੀਨੀਅਰ: ਭਾਰਤੀ ਹਾਕੀ ਦਾ ਉਹ ਸਟਾਰ ਜਿਸ ਨੇ 3 ਓਲੰਪਿਕ ਸੋਨ ਤਮਗੇ ਦੇਸ ਲਈ ਦਾਨ ਕਰ ਦਿੱਤੇ ਸਨ

ਬਲਬੀਰ ਸਿੰਘ ਸੀਨੀਅਰ
ਤਸਵੀਰ ਕੈਪਸ਼ਨ, ਬਲਬੀਰ ਸਿੰਘ ਸੀਨੀਅਰ ਹਾਕੀ ਦੇ ਮਹਾਨ ਖਿਡਾਰੀ ਸਨ
    • ਲੇਖਕ, ਸੌਰਭ ਦੁੱਗਲ, ਖੇਡ ਪੱਤਰਕਾਰ
    • ਰੋਲ, ਬੀਬੀਸੀ ਲਈ

ਬਸਤੀਵਾਦੀ ਯੁੱਗ ਦੌਰਾਨ ਪੈਦਾ ਹੋਏ ਬਲਬੀਰ ਸਿੰਘ ਸੀਨੀਅਰ ਨੇ ਵੰਡ ਦੀ ਉਥਲ-ਪੁਥਲ ਨੂੰ ਆਪਣੀ ਅੱਖੀਂ ਦੇਖਿਆ ਅਤੇ ਵਿਦੇਸ਼ੀ ਧਰਤੀ ’ਤੇ ਪਹਿਲੀ ਵਾਰ ਤਿਰੰਗੇ ਝੰਡੇ ਨੂੰ ਲਹਿਰਾ ਕੇ ਨਵੇਂ ਆਜ਼ਾਦ ਭਾਰਤ ਨੂੰ ਬਹੁਤ ਮਾਣ ਦਿਵਾਇਆ।

ਦੋ ਸਦੀਆਂ ਦੇ ਬ੍ਰਿਟਿਸ਼ ਸ਼ਾਸਨ ਤੋਂ ਭਾਰਤ ਦੀ ਆਜ਼ਾਦੀ ਦੇ ਠੀਕ ਇੱਕ ਸਾਲ ਬਾਅਦ 1948 ਲੰਡਨ ਓਲੰਪਿਕ ਵਿੱਚ ਇੱਕ ਫੈਸਲਾਕੁਨ ਪਲ ਵਿੱਚ ਬਲਬੀਰ ਸਿੰਘ ਸੀਨੀਅਰ, ਜਿਨ੍ਹਾਂ ਨੂੰ ਉਸ ਸਮੇਂ ਬਲਬੀਰ ਸਿੰਘ ਵਜੋਂ ਜਾਣਿਆ ਜਾਂਦਾ ਸੀ, ਨੇ ਬਰਤਾਨੀਆ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ ’ਤੇ ਹਰਾ ਕੇ ਆਜ਼ਾਦੀ ਤੋਂ ਬਾਅਦ ਭਾਰਤ ਦਾ ਪਹਿਲਾ ਓਲੰਪਿਕ ਸੋਨ ਤਗ਼ਮਾ ਦਿਵਾਉਣ ਵਿੱਚ ਯੋਗਦਾਨ ਪਾਇਆ।

ਬੀਬੀਸੀ ਨੇ ਭਾਰਤੀ ਹਾਕੀ ਦੇ 1948 ਦੇ ਲੰਡਨ ਓਲੰਪਿਕ ਦੇ ਸੋਨ ਤਗ਼ਮੇ ਨੂੰ ਖੇਡਾਂ ਦੇ ਇਤਿਹਾਸ ਵਿੱਚ ਸਿਆਸੀ ਰੂਪ ਨਾਲ ਸਭ ਤੋਂ ਮਹੱਤਵਪੂਰਨ ਘਟਨਾਵਾਂ ਵਿੱਚੋਂ ਇੱਕ ਦੱਸਿਆ।

ਫਾਈਨਲ ਵਿੱਚ ਭਾਰਤ ਨੇ ਆਪਣੇ ਪੁਰਾਣੇ ਬਸਤੀਵਾਦੀ ਸ਼ਾਸਕ ਬ੍ਰਿਟੇਨ ਨੂੰ 4-0 ਨਾਲ ਹਰਾਇਆ ਜਿਸ ਵਿੱਚ ਬਲਬੀਰ ਸਿੰਘ ਨੇ ਦੋ ਵਾਰ ਗੋਲ ਕੀਤਾ।

ਬਲਬੀਰ ਸਿੰਘ

ਤਸਵੀਰ ਸਰੋਤ, FACEBOOK@BALBIRSINGHSENIOR

ਤਸਵੀਰ ਕੈਪਸ਼ਨ, ਬਲਬੀਰ ਸਿੰਘ ਨੇ ਪੰਜਾਬ ਪੁਲਿਸ ਵਿੱਚ ਵੀ ਨੌਕਰੀ ਕੀਤੀ ਸੀ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਨੇੜੇ ਪਿੰਡ ਹਰੀਪੁਰ ਖਾਲਸਾ ਦੇ ਰਹਿਣ ਵਾਲੇ, ਤਿੰਨ ਵਾਰ ਦੇ ਓਲੰਪਿਕ ਸੋਨ ਤਗ਼ਮਾ ਜੇਤੂ ਬਲਬੀਰ ਸਿੰਘ ਸੀਨੀਅਰ ਸੁਤੰਤਰ ਭਾਰਤ ਦੇ ਸਭ ਤੋਂ ਸਤਿਕਾਰਤ ਖੇਡ ਮਾਡਲਾਂ ਵਿੱਚੋਂ ਇੱਕ ਵਜੋਂ ਉੱਭਰੇ।

ਜਿਨ੍ਹਾਂ ਨੇ ਆਪਣੇ ਰਿਕਾਰਡਾਂ ਦੇ ਨਾਲ ਇੱਕ ਅਮਿੱਟ ਛਾਪ ਛੱਡੀ ਜੋ ਅੱਜ ਵੀ ਕਾਇਮ ਹੈ।

ਉਨ੍ਹਾਂ ਦੇ ਸ਼ਾਨਦਾਰ ਔਨ-ਫੀਲਡ ਹੁਨਰ ਅਤੇ ਵਿਹਾਰ ਨੇ ਉਨ੍ਹਾਂ ਨੂੰ ਸਰਹੱਦ ਪਾਰ ਦੇ ਆਪਣੇ ਵਿਰੋਧੀਆਂ ਦਾ ਪਿਆਰ ਅਤੇ ਸਤਿਕਾਰ ਦਿਵਾਇਆ।

31 ਦਸੰਬਰ, 1923 ਨੂੰ ਪੈਦਾ ਹੋਏ ਬਲਬੀਰ ਸਿੰਘ ਸੀਨੀਅਰ ਦੀ ਵਿਰਾਸਤ ਅੱਜ ਵੀ ਗੂੰਜ ਰਹੀ ਹੈ ਕਿਉਂਕਿ 31 ਦਸੰਬਰ, 2023 ਨੂੰ ਉਨ੍ਹਾਂ ਦੀ ਜਨਮ ਸ਼ਤਾਬਦੀ ਸੀ।

ਮਈ 2020 ਵਿੱਚ 96 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਦੇਹਾਂਤ ’ਤੇ ਪੂਰੇ ਦੇਸ਼ ਵਿੱਚ ਸੋਗ ਮਨਾਇਆ ਗਿਆ ਸੀ।

‘ਦੇਸ਼ ਦੀ ਡਾਵਾਂਡੋਲ ਹੋਈ ਸਥਿਤੀ ਮੇਰੇ ਓਲੰਪਿਕ ਮੈਡਲਾਂ ’ਤੇ ਭਾਰੀ ਪਈ’

ਬਲਬੀਰ ਸਿੰਘ

ਤਸਵੀਰ ਸਰੋਤ, BHARTIYAHOCKEY.ORG

ਤਸਵੀਰ ਕੈਪਸ਼ਨ, ਵਿਸ਼ਵ ਕੱਪ ਜਿੱਤਣ ਮਗਰੋਂ ਬਲਬੀਰ ਸਿੰਘ ਅਤੇ ਅਜੀਤਪਾਲ ਸਿੰਘ ਦਾ ਸਵਾਗਤ ਕਰਦੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ

ਬਲਬੀਰ ਸਿੰਘ ਸੀਨੀਅਰ ਭਾਰਤ ਦੇ ਸਮਰ ਓਲੰਪਿਕਸ ਇਤਿਹਾਸ ਵਿੱਚ ਇਕੱਲੇ ਖਿਡਾਰੀ ਹਨ ਜਿਨ੍ਹਾਂ ਨੇ ਦੋ ਵਾਰ ਓਲੰਪਿਕ ਦਲ ਦੀ ਅਗਵਾਈ ਕੀਤੀ ਹੈ।

ਉਨ੍ਹਾਂ ਨੇ 1952 ਦੇ ਹੇਲਸਿੰਕੀ ਓਲੰਪਿਕਸ ਵਿੱਚ ਮਾਣ ਨਾਲ ਝੰਡਾ ਲਹਿਰਾਇਆ ਅਤੇ 1956 ਦੇ ਮੈਲਬੌਰਨ ਓਲੰਪਿਕਸ ਦੇ ਉਦਘਾਟਨੀ ਸਮਾਰੋਹ ਦੌਰਾਨ ਝੰਡਾ ਬਰਦਾਰ ਵਜੋਂ ਸੇਵਾ ਕਰਦੇ ਹੋਏ ਭਾਰਤੀ ਪੁਰਸ਼ ਹਾਕੀ ਟੀਮ ਦੀ ਕਪਤਾਨੀ ਕੀਤੀ।

ਨੀਦਰਲੈਂਡਜ਼ ਦੇ ਖਿਲਾਫ਼ 1952 ਦੇ ਗੋਲਡ ਮੈਡਲ ਮੈਚ ਦੌਰਾਨ ਪੁਰਸ਼ਾਂ ਦੇ ਹਾਕੀ ਫਾਈਨਲ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਉਨ੍ਹਾਂ ਦਾ ਰਿਕਾਰਡ ਅਟੁੱਟ ਰਿਹਾ। ਇਸ ਦੌਰਾਨ ਭਾਰਤ ਦੀ 6-1 ਦੀ ਜਿੱਤ ਵਿੱਚ ਯੋਗਦਾਨ ਦੇਣ ਵਾਲੇ ਉਨ੍ਹਾਂ ਨੇ ਸ਼ਾਨਦਾਰ ਪੰਜ ਗੋਲ ਕੀਤੇ।

1956 ਦੇ ਮੈਲਬੌਰਨ ਓਲੰਪਿਕ ਵਿੱਚ ਉਨ੍ਹਾਂ ਨੇ ਆਪਣੀ ਗੋਲਡਨ ਹੈਟ੍ਰਿਕ ਹਾਸਲ ਕਰਦੇ ਹੋਏ ਇੱਕ ਵਾਰ ਫਿਰ ਟੀਮ ਦੀ ਕਪਤਾਨੀ ਕੀਤੀ।

ਉਨ੍ਹਾਂ ਦੇ ਪੂਰੇ ਖੇਡ ਕਰੀਅਰ ਵਿੱਚ, ਚਾਹੇ ਉਹ ਇੱਕ ਖਿਡਾਰੀ, ਕੋਚ ਜਾਂ ਮੈਨੇਜਰ ਦੇ ਰੂਪ ਵਿੱਚ ਹੋਵੇ, ਭਾਰਤ ਨੇ ਹਮੇਸ਼ਾ ਪੋਡੀਅਮ ਫਿਨਿਸ਼ ਕੀਤਾ ਹੈ। ਭਾਰਤ ਨੇ 1975 ਵਿੱਚ ਆਪਣਾ ਇੱਕੋ ਇੱਕ ਵਿਸ਼ਵ ਕੱਪ ਖਿਤਾਬ ਜਿੱਤਿਆ ਅਤੇ ਇਹ ਉਨ੍ਹਾਂ ਦੀ ਕੋਚਿੰਗ ਹੇਠ ਹਾਸਿਲ ਕੀਤਾ ਗਿਆ ਸੀ।

ਬਲਬੀਰ ਸਿੰਘ ਨੇ ਦੇਸ਼ ਦੀ ਖੇਡ ਵਿਰਾਸਤ ਵਿੱਚ ਆਪਣੇ ਮਹੱਤਵਪੂਰਨ ਯੋਗਦਾਨ ਤੋਂ ਇਲਾਵਾ ਸੱਚੇ ਰਾਸ਼ਟਰਵਾਦੀ ਹੋਣ ਦੀ ਮਿਸਾਲ ਦਿੱਤੀ।

1965 ਵਿੱਚ ਚੀਨ ਨਾਲ ਯੁੱਧ ਦੌਰਾਨ ਉਨ੍ਹਾਂ ਨੇ ਨਿਰਸਵਾਰਥ ਭਾਵਨਾ ਨਾਲ ਆਪਣੇ ਤਿੰਨ ਓਲੰਪਿਕ ਸੋਨ ਤਗ਼ਮੇ ਰਾਸ਼ਟਰੀ ਰੱਖਿਆ ਫੰਡ ਵਿੱਚ ਦਾਨ ਕਰ ਦਿੱਤੇ। ਯੁੱਧ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਰਾਸ਼ਟਰੀ ਰੱਖਿਆ ਫੰਡ ਲਈ ਗੋਲਡ ਮੈਡਲ ਦਾਨ ਕਰਨ ਦੀ ਜਨਤਕ ਅਪੀਲ ਕੀਤੀ ਸੀ।

ਬਲਬੀਰ ਸਿੰਘ ਸੀਨੀਅਰ

ਤਸਵੀਰ ਸਰੋਤ, FACEBOOK@BALBIRSINGHSENIOR

ਦੇਸ਼ ਦੀ ਸਥਿਤੀ ਨੂੰ ਦੇਖਦੇ ਹੋਏ ਬਲਬੀਰ ਸਿੰਘ ਨੇ ਆਪਣੇ ਮੈਡਲ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਸੌਂਪ ਦਿੱਤੇ। ਕੈਰੋਂ ਨੇ ਪਹਿਲਾਂ ਤਾਂ ਇਨ੍ਹਾਂ ਨੂੰ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ, ਪਰ ਬਾਅਦ ਵਿੱਚ ਮੈਡਲ ਸਵੀਕਾਰ ਕਰ ਲਏ।

ਫ਼ਿਰ ਕੁਝ ਹੀ ਮਹੀਨਿਆਂ ਬਾਅਦ ਕੈਰੋਂ ਨੇ ਬਲਬੀਰ ਸਿੰਘ ਦੇ ਦਫ਼ਤਰ ਵਿੱਚ ਇੱਕ ਅਧਿਕਾਰੀ ਭੇਜਿਆ, ਬਲਬੀਰ ਸਿੰਘ ਉਸ ਸਮੇਂ ਡਾਇਰੈਕਟਰ ਸਪੋਰਟਸ ਪੰਜਾਬ ਸਨ।

ਉਸ ਅਧਿਕਾਰੀ ਨੇ ਮੈਡਲਾਂ ਦੇ ਨਾਲ ਇੱਕ ਪੱਤਰ ਵੀ ਬਲਬੀਰ ਸਿੰਘ ਨੂੰ ਸੌਂਪਿਆ, ਜਿਸ ਵਿੱਚ ਲਿਖਿਆ ਸੀ: “ਇਹ ਤਗ਼ਮੇ ਦੇਸ਼ ਦਾ ਮਾਣ ਹਨ ਅਤੇ ਅਜਿਹੀ ਪ੍ਰਤਿਸ਼ਠਾ ਨੂੰ ਵੇਚਿਆ ਨਹੀਂ ਜਾ ਸਕਦਾ।”

ਇੱਕ ਇੰਟਰਵਿਊ ਵਿੱਚ ਬਲਬੀਰ ਸਿੰਘ ਨੇ ਯਾਦ ਕਰਦਿਆਂ ਕਿਹਾ, ‘‘ਦੇਸ਼ ਦੀ ਡਾਵਾਂਡੋਲ ਹੋਈ ਸਥਿਤੀ ਮੇਰੇ ਓਲੰਪਿਕ ਮੈਡਲਾਂ ’ਤੇ ਭਾਰੀ ਪਈ, ਇਸ ਲਈ ਮੈਂ ਉਨ੍ਹਾਂ ਨੂੰ ਰਾਸ਼ਟਰੀ ਰੱਖਿਆ ਫੰਡ ਵਿੱਚ ਦੇ ਦਿੱਤਾ।’’

2012 ਦੀ ਲੰਡਨ ਓਲੰਪਿਕਸ ਦੌਰਾਨ ਉਨ੍ਹਾਂ ਨੂੰ ਇੱਕ ‘ਲਿਵਿੰਗ ਲੈਜੰਡ’ ਵਜੋਂ ਬੁਲਾਇਆ ਗਿਆ ਸੀ। ਉਨ੍ਹਾਂ ਦੇ ਤਗ਼ਮੇ ਨਿਲਾਮੀ ਲਈ ਪ੍ਰਦਰਸ਼ਿਤ ਕੀਤੇ ਗਏ ਸਨ ਅਤੇ ਹਰੇਕ ਤਗ਼ਮੇ ਦਾ 50 ਲੱਖ ਰੁਪਏ ਮੁੱਲ (ਕੁੱਲ 1.5 ਕਰੋੜ ਰੁਪਏ) ਤੈਅ ਕੀਤਾ ਗਿਆ ਸੀ।

ਚੰਡੀਗੜ੍ਹ ਵਿੱਚ ਉਨ੍ਹਾਂ ਦੀ ਬੇਟੀ ਸੁਸ਼ਬੀਰ ਭੋਮੀਆ ਅਤੇ ਦੋਹਤੇ ਕਬੀਰ ਭੋਮੀਆ ਦੇ ਨਾਲ ਇੱਕ ਖੇਡ ਪੱਤਰਕਾਰ ਵਜੋਂ ਮੈਨੂੰ ਬਲਬੀਰ ਸਰ ਨੂੰ ਕਈ ਵਾਰ ਮਿਲਣ ਦਾ ਸੁਭਾਗ ਮਿਲਿਆ। ਉਨ੍ਹਾਂ ਨੂੰ ਕਦੇ ਵੀ ਆਪਣੇ ਬੁਢਾਪੇ ਦੀ ਚਿੰਤਾ ਨਹੀਂ ਹੁੰਦੀ ਸੀ।

ਬਲਬੀਰ ਸਿੰਘ ਮੁਸਕਰਾਉਂਦੇ ਹੋਏ ਕਹਿੰਦੇ ਸਨ, “ਹਰ ਕਿਸੇ ਨੇ ਇੱਕ ਦਿਨ ਮਰਨਾ ਹੈ, ਪਰ ਮੇਰੀ ਇੱਕੋ ਇੱਛਾ ਹੈ ਕਿ ਜਦੋਂ ਵੀ ਮੈਂ ਜਾਵਾਂ ਤਾਂ ਮੇਰੇ ਉੱਤੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਬੋਝ ਨਾ ਹੋਵੇ।”

ਇਹੀ ਕਾਰਨ ਸੀ ਕਿ ਉਨ੍ਹਾਂ ਨੇ ਕਦੇ ਕਿਸੇ ਨੂੰ ਨਾਂਹ ਨਹੀਂ ਕਿਹਾ। ਭਾਵੇਂ ਇੰਟਰਵਿਊ ਲਈ ਕੀਤੀ ਗੁਜ਼ਾਰਿਸ਼ ਹੋਵੇ ਜਾਂ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ, ਉਹ ਹਮੇਸ਼ਾ ਸਾਰਿਆਂ ਦੀ ਗੁਜ਼ਾਰਿਸ਼ ਨੂੰ ਸਵੀਕਰ ਕਰਦੇ ਸਨ।

‘ਜਲਦੀ ਹੀ ਸਾਡੇ ਕੋਲ ਉੱਥੇ (ਸਵਰਗ ’ਚ) ਪੂਰੀ ਟੀਮ ਹੋਵੇਗੀ’

ਬਲਬੀਰ ਸਿੰਘ

ਤਸਵੀਰ ਸਰੋਤ, FACEBOOK@BALBIRSINGHSENIOR

ਤਸਵੀਰ ਕੈਪਸ਼ਨ, ਸਾਲ 1975 ਦਾ ਹਾਕੀ ਵਿਸ਼ਵ ਕੱਪ ਜਿੱਤਣ ਮਗਰੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ

ਇਹ ਅਪ੍ਰੈਲ 2008 ਦੀ ਗੱਲ ਹੈ ਜਦੋਂ ਮੈਂ ਪਹਿਲੀ ਵਾਰ ਇਸ ਮਹਾਨ ਹਾਕੀ ਖਿਡਾਰੀ ਨੂੰ ਮਿਲਿਆ ਸੀ।

ਸਾਡੀ ਗੱਲਬਾਤ ਉਨ੍ਹਾਂ ਦੇ ਸ਼ਾਨਾਮੱਤੇ ਅਤੀਤ ਜਾਂ ਭਾਰਤੀ ਹਾਕੀ ਦੇ ਹਾਲਾਤ ਬਾਰੇ ਚਰਚਾ ਕਰਨ ਬਾਰੇ ਨਹੀਂ ਸੀ। ਸਗੋਂ ਸਾਡੀ ਗੱਲਬਾਤ ਆਜ਼ਾਦੀ ਤੋਂ ਬਾਅਦ ਦੀ ਪਹਿਲੀ ਹਾਕੀ ਓਲੰਪਿਕ ਸੋਨ ਤਗ਼ਮਾ ਟੀਮ ਦੇ ਮੈਂਬਰ ਤਰਲੋਚਨ ਸਿੰਘ ਬਾਵਾ ਦੇ ਦੇਹਾਂਤ ਦੁਆਲੇ ਕੇਂਦਰਿਤ ਸੀ।

ਬਲਬੀਰ ਸਿੰਘ ਦੇ ਦੇਹਾਂਤ ਤੱਕ, ਦੋਵੇਂ ਬਾਵਾ ਅਤੇ ਬਲਬੀਰ ਸਿੰਘ ਹਾਕੀ ਟੂਰਨਾਮੈਂਟ ਵਿੱਚ ਦਰਸ਼ਕਾਂ ਵਿਚਕਾਰ ਮੌਜੂਦ ਰਹਿੰਦੇ ਸਨ, ਭਾਵੇਂ ਉਹ ਅੰਤਰਰਾਸ਼ਟਰੀ, ਘਰੇਲੂ ਜਾਂ ਇੱਥੋਂ ਤੱਕ ਕਿ ਸਕੂਲੀ ਚੈਂਪੀਅਨਸ਼ਿਪ ਕਿਉਂ ਨਾ ਹੋਵੇ।

ਜਦੋਂ ਮੈਂ ਉਨ੍ਹਾਂ ਨੂੰ ਮਰਹੂਮ ਬਾਵਾ ਬਾਰੇ ਪੁੱਛਿਆ, ਜਿਨ੍ਹਾਂ ਨਾਲ ਬਲਬੀਰ ਸਿੰਘ ਨੇ ਵੰਡ ਤੋਂ ਪਹਿਲਾਂ ਸਾਂਝੇ ਪੰਜਾਬ ਦੀ ਟੀਮ ਲਈ, ਪੰਜਾਬ ਪੁਲਿਸ ਵਿੱਚ ਅਤੇ 1948 ਦੇ ਲੰਡਨ ਓਲੰਪਿਕਸ ਵਿੱਚ ਖੇਡਿਆ ਸੀ, ਤਾਂ ਉਨ੍ਹਾਂ ਦੀਆਂ ਸ਼ੁਰੂਆਤੀ ਟਿੱਪਣੀਆਂ ਬਹੁਤ ਭਾਵੁਕ ਸਨ।

‘‘ਇੱਕ-ਇੱਕ ਕਰਕੇ 1948 ਓਲੰਪਿਕਸ ਟੀਮ ਦੇ ਮੈਂਬਰ ਰੁਖ਼ਸਤ ਹੋ ਰਹੇ ਹਨ ਅਤੇ ਜਲਦੀ ਹੀ ਸਾਡੇ ਕੋਲ ਉੱਥੇ ਪੂਰੀ ਟੀਮ ਹੋਵੇਗੀ (ਸਵਰਗ ਦਾ ਜ਼ਿਕਰ ਕਰਦਿਆਂ)।’’

‘‘ਮੇਰਾ ਸਮਾਂ ਵੀ ਜਲਦੀ ਆਵੇਗਾ ਕਿਉਂਕਿ ਟੀਮ ਆਪਣੇ ਸਭ ਤੋਂ ਭਰੋਸੇਮੰਦ ਫਾਰਵਰਡ ਖਿਡਾਰੀ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ।’’

ਬਲਬੀਰ ਸਿੰਘ ਦਾ ਮਈ 2020 ਵਿੱਚ 96 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।

96 ਸਾਲ ਦੀ ਉਮਰ ਵਿੱਚ ਵੀ ਆਖਰੀ ਵਾਰ ਹਸਪਤਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ, ਉਨ੍ਹਾਂ ਨੇ ਇੱਕ ਖਿਡਾਰੀ, ਕੋਚ ਅਤੇ ਮੈਨੇਜਰ ਦੇ ਰੂਪ ਵਿੱਚ ਜ਼ਿੰਮੇਵਾਰੀਆਂ ਨੂੰ ਯਾਦ ਕਰਦੇ ਹੋਏ, ਆਪਣੇ ਖੇਡ ਕਰੀਅਰ ਦੀਆਂ ਤੀਬਰ ਯਾਦਾਂ ਨੂੰ ਬਰਕਰਾਰ ਰੱਖਿਆ।

ਬਲਬੀਰ ਸਿੰਘ ਸੀਨੀਅਰ

ਤਸਵੀਰ ਸਰੋਤ, FACEBOOK@BALBIRSINGHSENIOR

ਤਸਵੀਰ ਕੈਪਸ਼ਨ, ਸਾਲ 1952 ਵਿੱਚ ਹੇਲਿੰਸਕੀ ਓਲਪਿੰਕ ਵਿੱਚ ਬਲਬੀਰ ਸਿੰਘ ਨੇ ਭਾਰਤੀ ਝੰਡੇ ਦੀ ਅਗਵਾਈ ਕੀਤੀ ਸੀ

ਉਨ੍ਹਾਂ ਨੇ ਅੰਮ੍ਰਿਤਸਰ ਅਤੇ ਲਾਹੌਰ ਵਿੱਚ ਆਪਣੇ ਕਾਲਜ ਦੇ ਦਿਨਾਂ ਤੋਂ ਲੈ ਕੇ ਓਲੰਪਿਕ ਖੇਤਰ ਤੱਕ ਜਾਣ ਵਾਲੇ ਖਿਡਾਰੀਆਂ ਨਾਲ ਦੋਸਤੀ ਨੂੰ ਸੰਜੋਇਆ। ਉਨ੍ਹਾਂ ਸਾਰਿਆਂ ਪ੍ਰਤੀ ਉਨ੍ਹਾਂ ਦਾ ਬਹੁਤ ਸਤਿਕਾਰ ਸੀ।

ਚੰਡੀਗੜ੍ਹ ਵਿੱਚ ਉਨ੍ਹਾਂ ਦੀ ਆਖਰੀ ਜਨਤਕ ਮੌਜੂਦਗੀ 12 ਅਗਸਤ, 2018 ਨੂੰ ਹਾਕੀ ਵਿੱਚ ਭਾਰਤ ਦੇ ਪਹਿਲੇ ਓਲੰਪਿਕ ਸੋਨ ਤਗ਼ਮੇ ਦੇ 70 ਸਾਲ ਪੂਰੇ ਹੋਣ ਦੇ ਸਬੰਧ ਵਿੱਚ ਇੱਕ ਸਮਾਗਮ ਦੌਰਾਨ ਹੋਈ ਸੀ।

ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਅਧਿਕਾਰੀਆਂ ਨੇ ਬਲਬੀਰ ਸਿੰਘ ਨੂੰ ਬਿਰਧ ਹੋਣ ਕਾਰਨ ਬੈਠ-ਬੈਠੇ ਹੀ ਆਪਣੀ ਓਲੰਪਿਕ ਯਾਤਰਾ ਸਾਂਝੀ ਕਰਨ ਦੀ ਬੇਨਤੀ ਕੀਤੀ।

ਹਾਲਾਂਕਿ, ਬਲਬੀਰ ਸਿੰਘ ਨੇ ਮੰਚ ’ਤੇ ਜਾਣ ਦਾ ਫੈਸਲਾ ਕੀਤਾ ਅਤੇ ਇੱਕ ਘੰਟੇ ਤੱਕ ਖੜ੍ਹੇ ਰਹਿ ਕੇ ਭਾਰਤੀ ਹਾਕੀ ਦੇ ਸੁਨਹਿਰੀ ਅਧਿਆਏ ਦਾ ਜੋਸ਼ ਨਾਲ ਵਰਣਨ ਕੀਤਾ।

ਅੰਤ ਵਿੱਚ ਉਨ੍ਹਾਂ ਨੇ 1948 ਦੀ ਟੀਮ ਦੇ ਹਰੇਕ ਮੈਂਬਰ ਨੂੰ ਮਾਨਤਾ ਦਿੱਤੀ ਅਤੇ ਉਨ੍ਹਾਂ ਦੀਆਂ ਖੇਡਣ ਦੀਆਂ ਸਥਿਤੀਆਂ ਦਾ ਜ਼ਿਕਰ ਕੀਤਾ।

ਆਪਣੀ ਨਿਮਰਤਾ ਜ਼ਾਹਰ ਕਰਦਿਆਂ ਇਸ ਮਹਾਨ ਖਿਡਾਰੀ ਨੇ ਜ਼ੋਰ ਦੇ ਕੇ ਕਿਹਾ, ‘‘ਹਾਕੀ ਇੱਕ ਟੀਮ ਖੇਡ ਹੈ ਅਤੇ ਆਪਣੀ ਟੀਮ ਤੋਂ ਬਿਨਾਂ, ਮੈਂ ਕੁਝ ਵੀ ਨਹੀਂ ਹੁੰਦਾ। ਮੈਂ ਉਨ੍ਹਾਂ ਤੋਂ ਬਿਨਾਂ ਤਿੰਨ ਓਲੰਪਿਕ ਸੋਨ ਤਗ਼ਮੇ ਹਾਸਲ ਨਹੀਂ ਕਰ ਸਕਦਾ ਸੀ।’’

ਬਲਬੀਰ ਸਿੰਘ ਇੱਕ ਲਚਕੀਲੇ ਯੋਧੇ ਬਣੇ ਰਹੇ ਤੇ ਇਸ ਦੀ ਮਿਸਾਲ ਉਨ੍ਹਾਂ ਦੇ ਖੇਡਣ ਅਤੇ ਕੋਚਿੰਗ ਦੇ ਦਿਨਾਂ ਵਿੱਚ ਦਿੱਤੀ ਗਈ ਸੀ, ਇਹ ਸਭ ਉਨ੍ਹਾਂ ਦੇ ਆਖਰੀ ਦਿਨਾਂ ਤੱਕ ਕਾਇਮ ਰਿਹਾ।

1957 ਵਿੱਚ ਪਦਮਸ੍ਰੀ ਨਾਲ ਸਨਮਾਨਿਤ ਬਲਬੀਰ ਸਿੰਘ 1982 ਵਿੱਚ ਪੰਜਾਬ ਖੇਡ ਵਿਭਾਗ ਤੋਂ ਸੇਵਾਮੁਕਤ ਹੋਏ।

1948 ਲੰਡਨ ਓਲੰਪਿਕ

ਬਲਬੀਰ ਸਿੰਘ

ਤਸਵੀਰ ਸਰੋਤ, FACEBOOK@BALBIRSINGHSENIOR

ਤਸਵੀਰ ਕੈਪਸ਼ਨ, ਸਾਲ 1948 ਦੀਆਂ ਓਲੰਪਿਕ ਖੇਡਾਂ ਦੌਰਾਨ ਬਲਬੀਰ ਸਿੰਘ ਨਾਲ ਹੱਥ ਮਿਲਾਉਂਦੇ ਲੰਡਨ ਵਿੱਚ ਤਤਕਾਲੀ ਭਾਰਤੀ ਹਾਈ ਕਮਿਸ਼ਨਰ ਕ੍ਰਿਸ਼ਨ ਮੇਨਨ

ਅਗਸਤ 2018 ਦੇ ਪਹਿਲੇ ਹਫ਼ਤੇ ਮੈਂ ਭਾਰਤ ਦੇ 1948 ਦੇ ਓਲੰਪਿਕ ਸੋਨ ਤਗ਼ਮੇ ਬਾਰੇ ਇੱਕ ਲੇਖ ਲਿਖਣ ਲਈ ਉਨ੍ਹਾਂ ਨੂੰ ਚਾਰ ਵਾਰ ਮਿਲਿਆ। ਇਹ ਲੇਖ ਆਜ਼ਾਦ ਭਾਰਤ ਦੇ ਪਹਿਲੇ ਓਲੰਪਿਕ ਸੋਨ ਤਗ਼ਮੇ ਦੇ 70 ਸਾਲ ਪੂਰੇ ਹੋਣ ਦੇ ਸਬੰਧ ਵਿੱਚ ਸੀ।

94 ਸਾਲ ਦੀ ਉਮਰ ਵਿੱਚ ਵੀ ਉਹ ਸਹਿਯੋਗ ਕਰਨ ਲਈ ਉਤਸੁਕ ਰਹਿੰਦੇ ਸਨ, ਖ਼ਾਸ ਕਰਕੇ ਹਾਕੀ ਦੀ ਜਿੱਤ ਦੇ ਸਬੰਧ ਵਿੱਚ। ਉਹ ਆਪਣੀਆਂ ਯਾਦਾਂ ਨੂੰ ਦੱਸਣ ਅਤੇ ਸਾਂਝਾ ਕਰਨ ਤੋਂ ਕਦੇ ਨਹੀਂ ਥੱਕਦੇ ਸਨ।

ਇੱਕ ਵਾਰ ਸਾਡੀ ਗੱਲਬਾਤ ਡੇਢ ਘੰਟੇ ਤੱਕ ਚੱਲੀ ਅਤੇ ਉਨ੍ਹਾਂ ਦੀ ਥਕਾਵਟ ਦੀ ਚਿੰਤਾ ਕਰਦੇ ਹੋਏ ਮੈਂ ਨਿਮਰਤਾ ਨਾਲ ਇਸ ਗੱਲਬਾਤ ਨੂੰ ਖ਼ਤਮ ਕਰ ਦਿੱਤਾ।

ਮੈਨੂੰ ਸੱਤ ਤੋਂ ਅੱਠ ਦਹਾਕੇ ਪਹਿਲਾਂ ਦੀਆਂ ਘਟਨਾਵਾਂ ਬਾਰੇ ਬਹੁਤ ਡੂੰਘਾਈ ਨਾਲ ਜਾਣਨ ਲਈ ਖੇਦ ਮਹਿਸੂਸ ਹੋਇਆ, ਪਰ ਉਹ ਇਸ ਬਾਰੇ ਹੋਰ ਸਾਂਝਾ ਕਰਨਾ ਲਈ ਰੁਮਾਂਚਿਤ ਸਨ।

ਜਦੋਂ ਵੀ ਉਹ 1948 ਦੇ ਲੰਡਨ ਓਲੰਪਿਕਸ ਵਿੱਚ ਮੈਡਲ ਸਮਾਰੋਹ ਅਤੇ ਵਿਦੇਸ਼ੀ ਧਰਤੀ ’ਤੇ ਤਿਰੰਗੇ ਝੰਡੇ ਨੂੰ ਲਹਿਰਾਉਣ ਦਾ ਵਰਣਨ ਕਰਦੇ ਸਨ, ਤਾਂ ਉਨ੍ਹਾਂ ਦੀਆਂ ਅੱਖਾਂ ਭਰ ਆਉਂਦੀਆਂ ਸਨ ਅਤੇ ਉਨ੍ਹਾਂ ਦੇ ਹੱਥ ਹੌਲੀ-ਹੌਲੀ ਉੱਪਰ ਉੱਠਦੇ ਸਨ, ਜੋ ਝੰਡੇ ਦੀ ਸਿਖਰ ਤੱਕ ਦੀ ਯਾਤਰਾ ਦਾ ਪ੍ਰਤੀਕ ਸਨ।

ਬਲਬੀਰ ਸਿੰਘ ਕਹਿੰਦੇ ਸਨ, ‘‘ਇੱਕ ਬੱਚੇ ਦੇ ਰੂਪ ਵਿੱਚ ਮੈਂ ਆਪਣੇ ਪਿਤਾ ਆਜ਼ਾਦੀ ਘੁਲਾਟੀਏ ਦਲੀਪ ਸਿੰਘ ਦੋਸਾਂਝ ਨੂੰ ਪੁੱਛਦਾ ਸੀ ਕਿ ਆਜ਼ਾਦੀ ਦਾ ਕੀ ਅਰਥ ਹੈ ਅਤੇ ਇਹ ਸਾਨੂੰ ਕੀ ਦਿਵਾਏਗੀ। ਉਹ ਜਵਾਬ ਦਿੰਦੇ ਸਨ ਕਿ ਆਜ਼ਾਦੀ ਸਾਨੂੰ ਸਾਡੀ ਆਪਣੀ ਪਛਾਣ, ਝੰਡਾ ਅਤੇ ਸਦੀਵੀ ਮਾਣ ਪ੍ਰਦਾਨ ਕਰੇਗੀ।’’

‘‘ਉਸ ਦਿਨ ਵੈਂਬਲੇ ਸਟੇਡੀਅਮ ਵਿੱਚ ਹਜ਼ਾਰਾਂ ਬਰਤਾਨਵੀਆਂ ਦੇ ਸਾਹਮਣੇ ਸਾਡੇ ਝੰਡੇ ਨੂੰ ਲਹਿਰਾਉਂਦੇ ਹੋਏ ਦੇਖ ਕੇ ਮੈਨੂੰ ਸੱਚਮੁੱਚ ਆਜ਼ਾਦੀ ਦਾ ਸਾਰ ਸਮਝ ਵਿੱਚ ਆਇਆ।’’

‘‘ਇਹ ਨਾ ਸਿਰਫ਼ ਮੇਰੇ ਲਈ ਸਗੋਂ ਸਾਰੇ ਭਾਰਤੀਆਂ ਲਈ ਸਭ ਤੋਂ ਮਾਣ ਵਾਲਾ ਪਲ ਸੀ। ਰਾਸ਼ਟਰੀ ਗੀਤ ਅਤੇ ਝੰਡਾ ਲਹਿਰਾਉਣ ਦੌਰਾਨ ਮੈਨੂੰ ਮਹਿਸੂਸ ਹੋਇਆ ਜਿਵੇਂ ਮੈਂ ਉੱਡ ਰਿਹਾ ਹਾਂ। ਸ਼ਬਦ ਉਸ ਪਲ ਦੀ ਸ਼ਾਨ ਨੂੰ ਬਿਆਨ ਕਰਨ ਵਿੱਚ ਅਸਫ਼ਲ ਹਨ।’’

ਵੰਡ ਤੋਂ ਓਲੰਪਿਕ ਤੱਕ

ਬਲਬੀਰ ਸਿੰਘ

ਤਸਵੀਰ ਸਰੋਤ, BHARTIYAHOCKEY.ORG

ਤਸਵੀਰ ਕੈਪਸ਼ਨ, 1948 ਦੀਆਂ ਲੰਡਨ ਓਲੰਪਿਕਸ ਦੈ ਫਾਈਨਲ ਮੈਚ ਵਿੱਚ ਇੰਗਲੈਂਡ ਖ਼ਿਲਾਫ਼ ਗੋਲ ਦਾਗਣ ਮਗਰੋਂ ਬਲਬੀਰ ਸਿੰਘ

ਬਲਬੀਰ ਸਿੰਘ ਸੀਨੀਅਰ ਦਾ ਹਾਕੀ ਖਿਡਾਰੀ ਤੋਂ ਲੈ ਕੇ ਮਹਾਨ ਖਿਡਾਰੀ ਦਾ ਦਰਜਾ ਹਾਸਲ ਕਰਨ ਤੱਕ ਦਾ ਸਫ਼ਰ ਵੰਡ ਦੇ ਦੁਖਾਂਤ ਦੌਰਾਨ ਸ਼ੁਰੂ ਹੋਇਆ।

ਉਸ ਸਮੇਂ ਲਾਹੌਰ ਇੱਕ ਪ੍ਰਮੁੱਖ ਹਾਕੀ ਕੇਂਦਰ ਵਜੋਂ ਕਾਇਮ ਸੀ ਅਤੇ ਲਾਹੌਰ ਦੇ ਕਾਲਜਾਂ ਦੇ ਮੁਕਾਬਲਿਆਂ ਨੂੰ ਰਾਸ਼ਟਰੀ ਟੀਮ ਦਾ ਮਾਰਗ ਮੰਨਿਆ ਜਾਂਦਾ ਸੀ।

ਵੰਡ ਕਾਰਨ ਭਾਰਤ ਹੱਥੋਂ ਲਾਹੌਰ ਅਤੇ ਕਈ ਪ੍ਰਤਿਭਾਸ਼ਾਲੀ ਖਿਡਾਰੀ ਖੁੰਝ ਗਏ।

ਮਾਰਚ 1947 ਵਿੱਚ ਆਖ਼ਰੀ ਵਾਰ ਸਾਂਝੇ ਪੰਜਾਬ ਨੇ ਰਾਸ਼ਟਰੀ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਫਾਈਨਲ ਵਿੱਚ ਮੇਜ਼ਬਾਨ ਬੌਂਬੇ (ਮੁੰਬਈ) ਨੂੰ ਹਰਾ ਕੇ ਖਿਤਾਬ ਉੱਤੇ ਕਬਜ਼ਾ ਕੀਤਾ।

1936 ਦੇ ਓਲੰਪਿਕ ਸੋਨ ਤਗ਼ਮਾ ਜੇਤੂ ਏਆਈਐੱਸ ਦਾਰਾ ਦੀ ਅਗਵਾਈ ਵਾਲੀ ਟੀਮ, ਜੋ ਬਾਅਦ ਵਿੱਚ 1948 ਦੇ ਲੰਡਨ ਓਲੰਪਿਕ ਵਿੱਚ ਪਾਕਿਸਤਾਨ ਲਈ ਖੇਡੀ, ਇਸ ਟੀਮ ਨੇ ਲਾਹੌਰ ਵਿੱਚ ਜੇਤੂ ਟਰਾਫੀ ਨੂੰ ਬਰਕਰਾਰ ਰੱਖਿਆ।

ਹਾਲਾਂਕਿ, ਜਦੋਂ ਪੰਜਾਬ ਦੀ ਜੇਤੂ ਟੀਮ ਲਾਹੌਰ ਪਰਤੀ ਤਾਂ ਫਿਰਕੂ ਹਿੰਸਾ ਭੜਕ ਗਈ।

1948 ਵਿੱਚ ਵੰਡ ਤੋਂ ਬਾਅਦ ਬੌਂਬੇ ਵਿੱਚ ਹੋਏ ਪਹਿਲੇ ਰਾਸ਼ਟਰੀ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਪੰਜਾਬ ਛੇਤੀ ਹੀ ਬਾਹਰ ਹੋ ਗਿਆ।

ਸ਼ੁਰੂ ਵਿੱਚ ਲੰਡਨ ਓਲੰਪਿਕ ਲਈ ਸੰਭਾਵਿਤਾਂ ਦੀ ਸੂਚੀ ਵਿੱਚੋਂ ਪੰਜਾਬ ਨੂੰ ਬਾਹਰ ਰੱਖਿਆ ਗਿਆ, 1932 ਦੀ ਓਲੰਪਿਕ ਸੋਨ ਤਗ਼ਮਾ ਜੇਤੂ ਟੀਮ ਦੇ ਮੈਂਬਰ ਡਿਕੀ ਕਾਰ ਦੇ ਦਖਲ ਤੱਕ ਪੰਜਾਬ ਦੇ ਕਿਸੇ ਵੀ ਖਿਡਾਰੀ ’ਤੇ ਵਿਚਾਰ ਨਹੀਂ ਕੀਤਾ ਗਿਆ।

ਆਖਰਕਾਰ ਬਲਬੀਰ ਸਿੰਘ ਨੂੰ ਸੱਦਾ ਆਇਆ ਅਤੇ ਉਹ ਭਾਰਤ ਦੀ ਟੀਮ ਦਾ ਹਿੱਸਾ ਬਣ ਗਏ, ਇਸ ਟੀਮ ਨੇ ਲੰਡਨ 1948 ਵਿੱਚ ਇੱਕ ਸੁਤੰਤਰ ਦੇਸ਼ ਵਜੋਂ ਆਪਣਾ ਪਹਿਲਾ ਓਲੰਪਿਕ ਸੋਨ ਤਗ਼ਮਾ ਹਾਸਲ ਕੀਤਾ ਸੀ।

ਬਲਬੀਰ ਸਿੰਘ ਨੇ ਕਿਹਾ, ‘‘ਜੇ 1948 ਦੀ ਜਿੱਤ ਸਾਡੀ ਜ਼ਿੰਦਗੀ ਦਾ ਸਭ ਤੋਂ ਮਹਾਨ ਦਿਨ ਸੀ ਤਾਂ 1947 ਦਾ ਕਤਲੇਆਮ ਸਾਡੇ ਸਮਾਜ ’ਤੇ ਇੱਕ ਧੱਬਾ ਸੀ। ਵੰਡ ਦੀ ਹਿੰਸਾ ਦੌਰਾਨ ਪੰਜਾਬ ਪੁਲਿਸ ਇੰਸਪੈਕਟਰ ਵਜੋਂ ਮੈਂ ਲੋਕਾਂ ਦੀ ਜਾਨ ਬਚਾਉਣ ਅਤੇ ਅਗਲੀ ਹਿੰਸਾ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਸ਼ਾਮਲ ਸੀ।’’

ਰੱਬ ਇੱਕ ਹੈ

1975 ਦੇ ਹਾਕੀ ਵਿਸ਼ਵ ਕੱਪ ਵਿੱਚ ਵੱਖ-ਵੱਖ ਧਰਮਾਂ ਦੇ ਖਿਡਾਰੀਆਂ ਨਾਲ ਬਣੀ ਭਾਰਤੀ ਹਾਕੀ ਟੀਮ ਵਿੱਚ ਟੀਮ ਮੈਨੇਜਰ ਬਲਬੀਰ ਸਿੰਘ ਨੇ ਇੱਕ ਸਾਂਝੀ ਕੋਸ਼ਿਸ਼ ਸ਼ੁਰੂ ਕੀਤੀ।

ਦੋਸਤੀ ਅਤੇ ਮਕਸਦ ਦੇ ਮੰਤਵ ਨਾਲ ਉਨ੍ਹਾਂ ਨੇ ਪੂਰੀ ਟੀਮ ਨੂੰ ਕੁਆਲਾਲੰਪੁਰ ਵਿੱਚ ਇਕੱਠੇ ਗੁਰਦੁਆਰਿਆਂ, ਮੰਦਰਾਂ ਅਤੇ ਮਸਜਿਦਾਂ ਵਿੱਚ ਜਾਣ ਲਈ ਕਿਹਾ।

ਇਸ ਸਾਂਝੇ ਤਜਰਬੇ ਨੇ ਟੀਮ ਦੇ ਬੰਧਨ ਨੂੰ ਮਜ਼ਬੂਤ ਕਰਨ ਵਿੱਚ ਮਦਦ ਕੀਤੀ, ਜਿਸ ਨਾਲ ਉਨ੍ਹਾਂ ਨੇ ਆਖਰੀ ਵਿਸ਼ਵ ਕੱਪ ਦੀ ਜਿੱਤ ਵਿੱਚ ਯੋਗਦਾਨ ਪਾਇਆ।

ਨੰਬਰ 13

ਬਲਬੀਰ ਸਿੰਘ

ਤਸਵੀਰ ਸਰੋਤ, FACEBOOK@BALBIRSINGHSENIOR

ਤਸਵੀਰ ਕੈਪਸ਼ਨ, ਮੈਲਬੌਰਨ, 1956 ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਹਾਕੀ ਟੀਮ

ਜਿੱਥੋਂ ਤੱਕ ‘ਅਸ਼ੁੱਭ ਨੰਬਰ 13’ ਦੀ ਗੱਲ ਆਉਂਦੀ ਹੈ ਤਾਂ ਬਲਬੀਰ ਸਿੰਘ ਲਈ ਇਹ ਨੰਬਰ ਭਾਗਾਂ ਵਾਲਾ ਸੀ।

1952 ਦੇ ਹੇਲਸਿੰਕੀ ਓਲੰਪਿਕ ਦੌਰਾਨ ਉਨ੍ਹਾਂ ਨੇ 13 ਨੰਬਰ ਦੀ ਕਮੀਜ਼ ਪਹਿਨੀ ਸੀ।

ਉਹ ਦੱਸਦੇ ਹਨ, ‘‘ਕੋਪੇਨਹੇਗਨ ਵਿੱਚ ਇੱਕ-ਦੂਜੇ ਨੂੰ ਮਿਲਣ ਦੌਰਾਨ ਕਿਸੇ ਨੇ 13 ਨੰਬਰ ਨੂੰ ਅਸ਼ੁੱਭ ਦੱਸਿਆ। ਮੈਂ ਕਿਹਾ ਕਿ ਉੱਤਰ ਭਾਰਤ ਵਿੱਚ, ‘ਤੇਰਾ’ (13 ਦਾ ਪੰਜਾਬੀ ਉਚਾਰਨ) ਰੱਬ ਲਈ ਇੱਕ ਸ਼ਬਦ ਹੈ।’’

‘‘ਇਸ ਲਈ, ਮੇਰੇ ਲਈ, ਇਹ ਮੇਰਾ ਸਭ ਤੋਂ ਵੱਧ ਭਾਗਾਂ ਵਾਲਾ ਨੰਬਰ ਹੈ।’’

‘‘ਹੇਲਸਿੰਕੀ ਵਿੱਚ ਸਾਡੇ ਪਹਿਲੇ ਮੈਚ ਲਈ ਸਾਨੂੰ ਸਟੇਡੀਅਮ ਤੱਕ ਲੈ ਕੇ ਜਾਣ ਵਾਲੀ ਵੈਨ ਦੀ ਨੰਬਰ ਪਲੇਟ ਦਾ ਕੁੱਲ ਜੋੜ 13 ਸੀ। ਪੂਰੇ ਟੂਰਨਾਮੈਂਟ ਦੌਰਾਨ ਅਸੀਂ 13 ਗੋਲ ਕੀਤੇ।’’

ਜ਼ਿੰਦਗੀ ਹਾਕੀ ਨੂੰ ਸਮਰਪਿਤ

ਬਲਬੀਰ ਸਿੰਘ

ਤਸਵੀਰ ਸਰੋਤ, FACEBOOK@BALBIRSINGHSENIOR

ਤਸਵੀਰ ਕੈਪਸ਼ਨ, ਬਲਬੀਰ ਸਿੰਘ ਨੇ ਲੰਡਨ, ਹੇਲਸਿੰਕੀ ਅਤੇ ਮੈਲਬੌਰਨ ਓਲੰਪਿਕ ਖੇਡਾਂ ਵਿੱਚ ਤਿੰਨ ਸੋਨ ਤਗ਼ਮੇ ਜਿੱਤੇ ਸਨ

ਬਲਬੀਰ ਸਿੰਘ ਸੀਨੀਅਰ ਨੂੰ 1975 ਵਿਸ਼ਵ ਕੱਪ ਲਈ ਭਾਰਤੀ ਹਾਕੀ ਟੀਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

ਉਹ 14 ਦਸੰਬਰ ਨੂੰ ਚੰਡੀਗੜ੍ਹ ਵਿਖੇ ਕੈਂਪ ਵਿੱਚ ਸ਼ਾਮਲ ਹੋਏ, ਜਿੱਥੇ ਉਹ ਖੇਡ ਨਿਰਦੇਸ਼ਕ ਵਜੋਂ ਕੰਮ ਕਰ ਰਹੇ ਸਨ।

ਅਫ਼ਸੋਸ! ਉਨ੍ਹਾਂ ਦੇ ਪਿਤਾ ਦਾ 28-29 ਦਸੰਬਰ ਦੀ ਰਾਤ ਨੂੰ ਦੇਹਾਂਤ ਹੋ ਗਿਆ ਅਤੇ ਉਸੇ ਸਮੇਂ ਦੌਰਾਨ ਉਨ੍ਹਾਂ ਦੀ ਪਤਨੀ ਸੁਸ਼ੀਲ ਨੂੰ ਬ੍ਰੇਨ ਹੈਮਰੇਜ ਹੋ ਗਿਆ ਅਤੇ ਉਹ ਚਾਰ ਹਫ਼ਤਿਆਂ ਲਈ ਐਮਰਜੈਂਸੀ ਵਿੱਚ ਰਹੇ।

ਇਹਨਾਂ ਔਕੜਾਂ ਦੇ ਬਾਵਜੂਦ ਵੀ ਬਲਬੀਰ ਹਾਕੀ ਪ੍ਰਤੀ ਵਚਨਬੱਧ ਰਹੇ। ਵਿਸ਼ਵ ਕੱਪ ਕੈਂਪ ਦੌਰਾਨ ਜਦੋਂ ਉਹ 29 ਦਸੰਬਰ ਦੀ ਦੁਪਹਿਰ ਨੂੰ ਟ੍ਰੇਨਿੰਗ ਨਹੀਂ ਕਰ ਸਕੇ ਸਨ, ਉਦੋਂ ਉਹ ਆਪਣੇ ਪਿਤਾ ਦੇ ਸਸਕਾਰ ਵਿੱਚ ਸ਼ਾਮਲ ਹੋਏ ਸਨ।

ਹਾਕੀ ਸਟਾਰ ‘ਸ਼ਾਹਰੁਖ’ ਨਾਲ ਮੁਲਾਕਾਤ

ਬਲਬੀਰ ਸਿੰਘ

ਸ਼ਾਜ਼ਾਦਾ ਮੁਹੰਮਦ ਸ਼ਾਹਰੁਖ ਅਤੇ ਉਨ੍ਹਾਂ ਦੇ ਭਰਾ ਸ਼ਾਜ਼ਾਦਾ ਖੁੱਰਮ, ਬਲਬੀਰ ਸਿੰਘ ਦੇ ਨਾਲ ਪੰਜਾਬ ਯੂਨੀਵਰਸਿਟੀ ਦੀ ਹਾਕੀ ਟੀਮ ਦੇ ਅਨਿੱਖੜਵੇਂ ਮੈਂਬਰ ਸਨ।

ਉਹ ਵੰਡ ਤੋਂ ਪਹਿਲਾਂ ਆਖਰੀ ਰਾਸ਼ਟਰੀ ਮੁਕਾਬਲੇ (ਮਾਰਚ-ਅਪ੍ਰੈਲ 1947) ਦੌਰਾਨ ਸਾਂਝੇ ਪੰਜਾਬ ਦੀ ਨੁਮਾਇੰਦਗੀ ਕਰਦੇ ਹੋਏ ਇਕੱਠੇ ਖੇਡੇ ਸਨ।

ਵੰਡ ਤੋਂ ਬਾਅਦ ਦੋਵੇਂ ਭਰਾ ਲਾਹੌਰ ਵਿੱਚ ਰਹੇ ਅਤੇ 1948 ਦੇ ਲੰਡਨ ਓਲੰਪਿਕਸ ਵਿੱਚ ਉਨ੍ਹਾਂ ਨੇ ਪਾਕਿਸਤਾਨ ਲਈ ਮੁਕਾਬਲਾ ਖੇਡਿਆ।

ਬਲਬੀਰ ਸਿੰਘ ਅਤੇ ਸ਼ਾਹਰੁਖ ਗੂੜ੍ਹੇ ਦੋਸਤ ਹੋਣ ਦੇ ਬਾਵਜੂਦ ਲੰਡਨ ਖੇਡਾਂ ਦੌਰਾਨ ਪਾਕਿਸਤਾਨ ਅਤੇ ਭਾਰਤ ਦੇ ਖਿਡਾਰੀਆਂ ਨੇ ਆਪਸੀ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ ਅਤੇ ਦੂਰੀ ਬਣਾਈ ਰੱਖੀ।

ਮਾਰਚ 2005 ਵਿੱਚ ਮੋਹਾਲੀ ਵਿੱਚ ਹੋਏ ਭਾਰਤ-ਪਾਕਿਸਤਾਨ ਕ੍ਰਿਕਟ ਟੈਸਟ ਮੈਚ ਦੌਰਾਨ 57 ਸਾਲਾਂ ਬਾਅਦ ਸ਼ਾਹਰੁਖ, ਬਲਬੀਰ ਸਿੰਘ ਦੇ ਘਰ ਗਏ ਸਨ।

ਬਲਬੀਰ ਸਿੰਘ ਨੇ ਕਿਹਾ, ‘‘ਇਹ ਮੇਰੇ ਲਈ ਸੁਖਦ ਹੈਰਾਨੀ ਵਾਲੀ ਗੱਲ ਸੀ। ਜਦੋਂ ਇੱਕ ਪੱਤਰਕਾਰ ਨੇ ਸ਼ਾਹਰੁਖ ਨੂੰ ਪੁੱਛਿਆ ਕਿ ਉਹ ਕ੍ਰਿਕਟ ਟੈਸਟ ਮੈਚ ਦੇਖਣ ਲਈ ਚੰਡੀਗੜ੍ਹ ਕਿਉਂ ਆਏ ਹਨ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਕ੍ਰਿਕਟ ਤਾਂ ਸਿਰਫ਼ ਇੱਕ ਬਹਾਨਾ ਸੀ, ਉਹ ਆਪਣੇ ਦੋਸਤ ਬਲਬੀਰ ਨੂੰ ਮਿਲਣ ਆਏ ਸਨ।’’

ਜਦੋਂ ਵੀ ਅਸੀਂ ਪੱਤਰਕਾਰ ਹੋਣ ਦੇ ਨਾਤੇ ਬਲਬੀਰ ਸਰ ਨੂੰ ਭਾਰਤੀ ਹਾਕੀ ਦੀ ਮੌਜੂਦਾ ਸਥਿਤੀ ਬਾਰੇ ਪੁੱਛਦੇ ਸੀ, ਤਾਂ ਸਾਨੂੰ ਕਈ ਵਾਰ ਅਜਿਹੀਆਂ ਟਿੱਪਣੀਆਂ ਦੀ ਉਮੀਦ ਹੁੰਦੀ ਸੀ ਜੋ ਵਿਵਾਦ ਪੈਦਾ ਕਰ ਸਕਦੀਆਂ ਸਨ।

ਹਾਲਾਂਕਿ, ਉਨ੍ਹਾਂ ਨੇ ਲਗਾਤਾਰ ਮੁੰਡਿਆਂ ਦੀ ਤਾਰੀਫ਼ ਕੀਤੀ ਅਤੇ ਹਾਕੀ ਦੇ ਸੁਨਹਿਰੀ ਯੁੱਗ ਦੀ ਵਾਪਸੀ ਬਾਰੇ ਲਗਾਤਾਰ ਆਸ਼ਾਵਾਦੀ ਬਣੇ ਰਹੇ।

ਉਨ੍ਹਾਂ ਦੀ ਆਖਰੀ ਇੱਛਾ ਉਨ੍ਹਾਂ ਦੇ ਦੇਹਾਂਤ ਤੋਂ ਪਹਿਲਾਂ ਭਾਰਤ ਨੂੰ ਓਲੰਪਿਕ ਪੋਡੀਅਮ ’ਤੇ ਮੁੜ ਤੋਂ ਸਥਾਨ ਹਾਸਲ ਕਰਦੇ ਦੇਖਣਾ ਸੀ।

ਉਨ੍ਹਾਂ ਦੀ ਮੌਤ ਤੋਂ ਇੱਕ ਸਾਲ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਨੇ 41 ਸਾਲਾਂ ਦੇ ਤਗ਼ਮੇ ਦੇ ਸੋਕੇ ਨੂੰ ਤੋੜਦੇ ਹੋਏ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ।

ਯਕੀਨੀ ਤੌਰ ਉੱਤੇ ਉਹ ਜਿੱਥੇ ਵੀ ਹੋਣ, ਭਾਰਤੀ ਹਾਕੀ ਨੂੰ ਦੇਖ ਰਹੇ ਹਨ ਅਤੇ 2024 ਪੈਰਿਸ ਓਲੰਪਿਕਸ ਵਿੱਚ ਇੱਕ ਹੋਰ ਪੋਡੀਅਮ ਫਿਨਿਸ਼ (ਤਗਮੇ)ਦੀ ਉਮੀਦ ਕਰ ਰਹੇ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)