'ਨਸ਼ਾ ਕਰਦਾ ਸੀ, ਤਾਂ ਲੋਕ ਕਹਿੰਦੇ ਸੀ ਇਸ ਨੇ ਮਰ ਜਾਣਾ', ਕਈ ਸਾਲ ਨਸ਼ਾ ਕੇਂਦਰਾਂ 'ਚ ਰਹਿਣ ਵਾਲੇ ਕਬੱਡੀ ਖਿਡਾਰੀ ਨੇ ਕਿਵੇਂ ਬਦਲੀ ਆਪਣੀ ਜ਼ਿੰਦਗੀ

- ਲੇਖਕ, ਭਾਰਤ ਭੂਸ਼ਣ
- ਰੋਲ, ਬੀਬੀਸੀ ਸਹਿਯੋਗੀ
"ਨਸ਼ਾ ਕਰਦੇ ਸੀ, ਲੋਕਾਂ ਦੀਆਂ ਨਜ਼ਰਾਂ ਵਿੱਚ ਚੜ੍ਹ ਗਿਆ ਸੀ, ਲੋਕ ਕਹਿੰਦੇ ਸੀ ਬੱਸ ਹੁਣ ਇਸਨੇ ਤਾਂ ਮਰਨਾ ਹੈ।"
ਇਹ ਬੋਲ ਫਰੀਦਕੋਟ ਦੇ ਪਿੰਡ ਘੁਗਿਆਣਾ ਦੇ 24 ਸਾਲਾ ਨੌਜਵਾਨ ਹਰਨੇਕ ਸਿੰਘ ਉਰਫ ਲੱਕੀ ਗਿੱਲ ਦੇ ਹਨ। ਜੋ ਕਬੱਡੀ ਦੇ ਸਟੇਟ ਪੱਧਰ ਦੇ ਖਿਡਾਰੀ ਰਹਿ ਚੁੱਕੇ ਹਨ।
ਪੰਜ ਸਾਲ ਤੱਕ ਚਿੱਟੇ ਦਾ ਨਸ਼ਾ ਕਰਕੇ ਆਪਣਾ ਸਭ ਕੁੱਝ ਗੁਆ ਚੁੱਕੇ ਹਰਨੇਕ ਸਿੰਘ ਨੇ ਹੁਣ ਲੰਘੇ ਪੌਣੇ ਦੋ ਸਾਲ ਤੋਂ ਨਸ਼ਾ ਪੂਰੀ ਤਰ੍ਹਾਂ ਛੱਡ ਦਿੱਤਾ ਹੈ ਤੇ ਉਹ ਆਪਣੇ ਪਿੰਡ ਵਿੱਚ ਆਪਣੀ ਜ਼ਮੀਨ ਉੱਤੇ ਖੇਤੀਬਾੜੀ ਕਰਦੇ ਹਨ।
ਖੇਤੀਬਾੜੀ ਤੋਂ ਸਮਾਂ ਕੱਢ ਕੇ ਉਹ ਹਰ ਰੋਜ਼ ਫਰੀਦਕੋਟ ਦੇ 'ਗੁਰਦੀਪ ਸਿੰਘ ਮੱਲ੍ਹੀ ਕਬੱਡੀ ਕੋਚ ਯਾਦਗਾਰੀ ਹਾਲ' ਵਿੱਚ ਨੈਸ਼ਨਲ ਖੇਡਣ ਦੀ ਤਿਆਰੀ ਕਰ ਰਹੇ ਹਨ।

ਨਸ਼ੇ ਦੀ ਦਲਦਲ ਵਿੱਚ ਕਿਵੇਂ ਫਸੇ
ਹਰਨੇਕ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਉਹ ਮਹਿਜ਼ 17 ਸਾਲ ਦਾ ਸੀ ਜਦੋਂ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਸੀ।
ਹਰਨੇਕ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਦਸਵੀਂ ਵਿੱਚ ਪੜ੍ਹਾਈ ਕਰਦੇ ਸਨ।
ਉਨ੍ਹਾਂ ਨੂੰ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਕਬੱਡੀ ਖੇਡਣ ਦਾ ਸ਼ੌਂਕ ਸੀ।

ਇੱਕ ਵਾਰ ਜਦੋਂ ਉਹ ਸਕੂਲ ਵੱਲੋਂ ਟੂਰਨਾਮੈਂਟ ਖੇਡਣ ਗਏ ਤਾਂ ਉੱਥੇ ਉਨ੍ਹਾਂ ਨੂੰ ਸਿਗਰਟ ਪੀਣ ਦੀ ਮਾੜੀ ਆਦਤ ਪੈ ਗਈ।
ਇਸ ਮਗਰੋਂ ਉਹ ਇੱਕ 32 ਸਾਲਾ ਵਿਅਕਤੀ ਦੇ ਸੰਪਰਕ ਵਿੱਚ ਆਏ ਜੋ ਚਿੱਟੇ ਦਾ ਨਸ਼ਾ ਕਰਦਾ ਸੀ।
ਹਰਨੇਕ ਨੇ ਦੱਸਿਆ ਕਿ ਉਹ ਵਿਅਕਤੀ ਇੱਕ ਦਿਨ ਵਿੱਚ ਚਾਰ ਪੰਜ ਟੀਕੇ ਲਾ ਲੈਂਦਾ ਸੀ।
ਉਨ੍ਹਾਂ ਦੱਸਿਆ, "ਇੱਕ ਦਿਨ ਉਸ ਨੇ ਸਾਨੂੰ ਆਖਿਆ ਕਿ ਤੁਸੀਂ ਸਿਗਰਟਾਂ ਛੱਡੋ ਤੇ ਚਿੱਟਾ ਲਾਓ, ਉਸਨੇ ਚਿੱਟੇ ਦੇ ਕਈ ਫਾਇਦੇ ਵੀ ਸਾਨੂੰ ਦੱਸੇ। ਉਸਦੀਆਂ ਗੱਲਾਂ ਨੇ ਸਾਡੇ ਉਤੇ ਬਹੁਤ ਅਸਰ ਪਾਇਆ।"
"ਅਸੀਂ ਦੱਸਿਆ ਕਿ ਸਾਨੂੰ ਇੰਜੈਕਸ਼ਨ ਨਹੀਂ ਲਾਉਂਣਾ ਆਉਂਦਾ, ਉਸਨੇ ਸਾਡੇ ਇੰਜੈਕਸ਼ਨ ਲਾਇਆ ਇਸ ਮਗਰੋਂ ਮੈਂ ਨਸ਼ਾ ਕਰਨ ਲੱਗ ਪਿਆ।"
'ਇੱਕ ਦਿਨ ਵਿੱਚ 5000 ਦਾ ਨਸ਼ਾ'

ਹਰਨੇਕ ਸਿੰਘ ਨੇ ਦੱਸਿਆ ਕਿ ਨਸ਼ੇ ਦੀ ਪੂਰਤੀ ਲਈ ਉਨ੍ਹਾਂ ਨੂੰ ਪੈਸੇ ਦੀ ਲੋੜ ਪੈਂਦੀ ਸੀ ਜਿਸ ਲਈ ਉਹ ਕਈ ਵਾਰੀ ਪਰਿਵਾਰ ਵਾਲਿਆਂ ਨਾਲ ਮਾੜਾ ਵਿਹਾਰ ਕਰਦੇ ਸਨ ਅਤੇ ਘਰ ਦਾ ਸਮਾਨ ਤੱਕ ਵੇਚ ਦਿੰਦੇ ਸਨ।
ਹਰਨੇਕ ਕਹਿੰਦੇ ਹਨ, "ਪਹਿਲਾ ਮੈਂ 500 ਰੁਪਏ ਦਾ ਰੋਜ਼ ਚਿੱਟਾ ਲਾਉਂਦਾ ਸੀ, ਫਿਰ ਮੇਰੀ ਡੋਜ਼ ਵਧਦੀ ਗਈ ਤੇ ਮੈਂ ਇੱਕ ਦਿਨ ਵਿਚ 5 ਹਜ਼ਾਰ ਰੁਪਏ ਦਾ ਚਿੱਟਾ ਲਾਉਣ ਲੱਗ ਪਿਆ ਸੀ।"
ਉਨ੍ਹਾਂ ਦੱਸਿਆ, "ਪਰਿਵਾਰ ਮੈਨੂੰ ਨਸ਼ਾ ਕਰਦਾ ਵੇਖ ਬਹੁਤ ਦੁਖੀ ਹੁੰਦਾ ਪਰ ਮੇਰੇ ਉੱਤੇ ਉਨ੍ਹਾਂ ਦੇ ਹੰਝੂਆਂ ਦਾ ਕੋਈ ਅਸਰ ਨਹੀਂ ਸੀ। ਮੈਂ ਮਾਪਿਆਂ ਨੂੰ ਤੰਗ-ਪਰੇਸ਼ਾਨ ਕਰਕੇ ਪੈਸੇ ਲੈ ਜਾਂਦਾ। ਕਈ ਵਾਰ ਮੈਂ ਉਨ੍ਹਾਂ ਨਾਲ ਕੁੱਟਮਾਰ ਕਰਦਾ ਸੀ।''
ਸਮਾਜ ਵਿੱਚ ਘਿਰਣਾ ਅਤੇ ਪਰਿਵਾਰ ਤੋਂ ਦੂਰੀ
ਹਰਨੇਕ ਸਿੰਘ ਦੱਸਦੇ ਹਨ ਕਿ ਉਹ ਹਰ ਰੋਜ਼ ਨਸ਼ਾ ਕਰਕੇ ਪਿੰਡ ਵਿੱਚ ਵੜਦੇ ਸੀ।
ਲੋਕ ਉਨ੍ਹਾਂ ਨੂੰ ਦੇਖ ਕੇ ਆਖਦੇ ਸੀ ਕਿ ਬੱਸ ਹੁਣ ਇਹਨੇ ਤਾਂ ਮਰਨਾ ਹੈ। ਮੇਰੇ ਵੱਲ ਵੇਖ ਕੇ ਲੋਕ ਘਿਰਣਾ ਕਰਦੇ ਸੀ। ਘਰ ਵਿੱਚ ਮੇਰੇ ਮਾਤਾ-ਪਿਤਾ ਨੇ ਮੈਨੂੰ ਬੁਲਾਉਣਾ ਛੱਡ ਦਿੱਤਾ।
"ਮੈਂ ਘਰੋਂ ਚੋਰੀਆਂ ਕਰਨ ਲੱਗ ਪਿਆ। ਸਵੇਰ ਨਸ਼ਾ ਕਰਨਾ ਤੇ ਫਿਰ ਸ਼ਾਮ ਦੇ ਨਸ਼ੇ ਦਾ ਫਿਕਰ ਹੁੰਦਾ ਸੀ।"

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਪੰਜਾਬ ਪੁਲਿਸ ਵਿੱਚ ਥਾਣੇਦਾਰ ਦੀ ਨੌਕਰੀ ਕਰਕੇ ਖੇਤੀਬਾੜੀ ਦੀ ਵਰਤੋਂ ਲਈ ਦੋ ਟਰੈਕਟਰ ਬਣਾਏ ਤੇ ਇੱਕ ਪਲਾਟ ਬਣਾਇਆ ਸੀ।
"ਮੈਂ ਸੋਚਿਆ ਸੀ ਕਿ ਮੇਰਾ ਭਵਿੱਖ ਠੀਕ ਹੋ ਜਾਵੇਗਾ ਪਰ ਮੈਂ ਨਸ਼ਾ ਕਰਨ ਲਈ ਉਹ ਵੀ ਵੇਚ ਦਿੱਤੇ। "
ਘਰ ਟੁੱਟਣ ਦੀ ਨੌਬਤ ਆ ਗਈ ਸੀ

ਹਰਨੇਕ ਸਿੰਘ ਮੁਤਾਬਕ 2019 ਵਿੱਚ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦਾ ਵਿਆਹ ਅਰਸ਼ਦੀਪ ਕੌਰ ਨਾਲ ਕਰ ਦਿੱਤਾ, ਜੋ ਪੰਜਵੀਂ ਤੋਂ ਉਸਦੇ ਨਾਲ ਪੜ੍ਹਦੀ ਸੀ।
ਆਪਣੇ ਰਿਸ਼ਤੇ ਦੀ ਸਥਿਤੀ ਬਾਰੇ ਹਰਨੇਕ ਦੱਸਦੇ ਹਨ, "ਅਰਸ਼ਦੀਪ ਨੂੰ ਜਦੋਂ ਇਹ ਪਤਾ ਲੱਗਾ ਕਿ ਮੈਂ ਨਸ਼ਾ ਕਰਦਾ ਹਾਂ ਤਾਂ ਉਹ 2 ਮਹੀਨੇ ਮੇਰੇ ਨਾਲ ਬੋਲੀ ਨਹੀਂ , ਘਰ ਵਿੱਚ ਤਲਾਕ ਦੀਆਂ ਗੱਲਾਂ ਹੋਣ ਲੱਗੀਆਂ।"
"ਮੇਰੀ ਪਤਨੀ ਨੇ ਉਸ ਸਮੇਂ ਮੇਰਾ ਸਾਥ ਦਿੱਤਾ ਤੇ ਤਲਾਕ ਲੈਣ ਤੋਂ ਨਾਂਹ ਕਰ ਦਿੱਤੀ ਤੇ ਮੈਨੂੰ ਸੁਧਾਰਣ ਵਿੱਚ ਲੱਗ ਗਈ।"
ਹਰਨੇਕ ਸਿੰਘ ਦੱਸਦੇ ਹਨ, "ਮੇਰੀ ਮਾਂ ਤੇ ਮੇਰੀ ਪਤਨੀ ਨੇ ਮੈਨੂੰ ਨਸ਼ਾ ਛੁਡਾਉਣ ਲਈ ਫ਼ਰੀਦਕੋਟ ਦੇ ਹਰਿੰਦਰਾ ਨਗਰ ਵਿੱਚ ਨਸ਼ਾ ਛੁਡਾਊ ਕੇਂਦਰ, ਪਿੰਡ ਚੋਟੀਆਂ ਕਲਾਂ ਨਸ਼ਾ ਛੁਡਾਊ ਕੇਂਦਰ, ਹਨੂੰਮਾਨਗੜ੍ਹ,ਮਟੀਲੀ (ਰਾਜਸਥਾਨ),ਨਿਊਵੇ, ਨਿਊ ਲਾਈਫ, ਰਾਈਵੇ, ਕੌਂਸਲਿੰਗ ਐਂਡ ਰਗ ਰੇਵੀਟੇਸ਼ਨ ਸੈਂਟਰ ਵਿੱਚ ਦਾਖਲ ਕਰਵਾਇਆ, ਜਿਥੇ ਮੇਰਾ ਇਲਾਜ ਹੋਇਆ।"
'ਇਹੀ ਉਡੀਕ ਰਹਿੰਦੀ ਸੀ ਕਿ ਪੁੱਤ ਕਦੋਂ ਵਾਪਸ ਆਵੇਗਾ'

ਹਰਨੇਕ ਸਿੰਘ ਦੀ ਮਾਂ ਚਰਨਜੀਤ ਕੌਰ ਕਹਿੰਦੇ ਹਨ ਪਿਛਲੇ ਪੰਜ-ਛੇ ਸਾਲ ਤੋਂ ਉਹ ਬਹੁਤ ਦੁਖੀ ਰਹਿੰਦੇ ਸੀ।
ਉਹ ਕਹਿੰਦੇ ਹਨ, "ਅਸੀਂ ਰਾਤਾਂ ਨੂੰ ਸੌਂਦੇ ਨਹੀਂ ਸੀ, ਇਹ ਰਾਹ ਦੇਖਦੇ ਰਹਿੰਦੇ ਸੀ ਕਿ ਉਨ੍ਹਾਂ ਦਾ ਪੁੱਤ ਕਦੋਂ ਵਾਪਸ ਆਵੇਗਾ।"
ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦਾ ਪੁੱਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਅ ਰਿਹਾ ਹੈ।
ਚਰਨਜੀਤ ਕੌਰ ਕਹਿੰਦੇ ਹਨ ਕਿ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਆਪਣੇ ਮਾਂ-ਪਿਓ ਵੱਲ ਵੇਖਣਾ ਚਾਹੀਦਾ ਹੈ।
"ਇਹ ਸੋਚਣਾ ਚਾਹੀਦਾ ਹੈ ਕਿ ਜਦੋਂ ਕੋਈ ਕਿਸੇ ਬੱਚੇ ਨੂੰ ਨਸ਼ੇੜੀ ਕਹਿੰਦਾ ਹੈ ਤਾਂ ਉਸਦੀ ਮਾਂ ਦੇ ਦਿਲ ਉੱਤੇ ਕੀ ਬੀਤਦੀ ਹੈ।''
''ਨਸ਼ਾ ਕਰਨ ਵਾਲੇ ਬਾਰੇ ਸਾਡੇ ਸਮਾਜ ਦੀ ਸੋਚ ਬਦਲਣੀ ਚਾਹੀਦੀ ਤੇ ਲੋਕਾਂ ਨੂੰ ਨਸ਼ਾ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰਨੀ ਚਾਹੀਦੀ ਹੈ।"
ਉਹ ਕਹਿੰਦੇ ਹਨ ਕਿ ਕਿਸੇ ਨੂੰ ਨਸ਼ੇੜੀ ਨਹੀਂ ਕਹਿਣਾ ਚਾਹੀਦਾ, ਇਸ ਤਰ੍ਹਾਂ ਦੇ ਨੌਜਵਾਨ ਪਿਆਰ ਦੇ ਭੁੱਖੇ ਹੁੰਦੇ ਹਨ। ਸਮਾਜ ਨਸ਼ਾ ਕਰਨ ਵਾਲਿਆਂ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ।

ਪਤਨੀ ਦਾ ਸਾਥ
ਹਰਨੇਕ ਸਿੰਘ ਦੀ ਪਤਨੀ ਅਰਸ਼ਦੀਪ ਕੌਰ ਨੇ ਦੱਸਿਆ ਕਿ ਵਿਆਹ ਤੋਂ ਪਹਿਲਾ ਉਨ੍ਹਾਂ ਦੀਆਂ ਸਹੇਲੀਆਂ ਨੇ ੳੇੁਨ੍ਹਾਂ ਨੂੰ ਦੱਸਿਆ ਸੀ ਕਿ ਇਹ ਮੁੰਡਾ ਨਸ਼ੇੜੀ ਹੈ ਤੇ ਉਹ ਉਸ ਨਾਲ ਵਿਆਹ ਨਾ ਕਰਵਾਏ ਪਰ ਉਸਨੇ ਇਸ ਵੱਲ ਬਹੁਤਾ ਧਿਆਨ ਨਹੀਂ ਦਿੱਤਾ।
ਉਨ੍ਹਾਂ ਦੱਸਿਆ, "ਵਿਆਹ ਮਗਰੋਂ ਹਰਨੇਕ ਰੋਜ਼ ਰਾਤ ਨੂੰ ਨਸ਼ਾ ਕਰਕੇ ਘਰ ਆਉਂਦੇ ਸਨ, ਉਹ ਮੇਰੇ 'ਤੇ ਹੱਥ ਵੀ ਚੁੱਕਦੇ ਸਨ।
"ਇੱਕ ਦਿਨ ਉਨ੍ਹਾਂ ਦੀਆਂ ਬਾਹਾਂ 'ਤੇ ਟੀਕਿਆਂ ਦੇ ਨਿਸ਼ਾਨ ਵੇਖ ਕੇ ਸਭ ਸਪੱਸ਼ਟ ਹੋ ਗਿਆ। ਮੇਰਾ ਪੇਕਾ ਪਰਿਵਾਰ ਤਲਾਕ ਲੈਣ ਲਈ ਦਬਾਅ ਪਾਉਂਦਾ ਰਿਹਾ ਪਰ ਮੈਂ ਇਰਾਦਾ ਬਣਾ ਲਿਆ ਸੀ ਕਿ ਮੈਂ ਆਪਣੀ ਪਤੀ ਦੀ ਜ਼ਿੰਦਗੀ ਸੁਧਾਰਨੀ ਹੈ।"
















