ਨਸ਼ੇ ਖ਼ਿਲਾਫ਼ ਪਿੰਡ ਵਾਲਿਆਂ ਦਾ ਮੋਰਚਾ: ‘ਸਾਡੇ ਪੁੱਤਾਂ ਦੇ ਸਿਵੇ ਲਟਾ-ਲਟ ਮੱਚ ਰਹੇ ਹਨ ਤੇ ਮਾਵਾਂ ਵਿਲਕ ਰਹੀਆਂ ਹਨ’

ਤਸਵੀਰ ਸਰੋਤ, surinder Maan/bbc
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਸਹਿਯੋਗੀ
'ਸਰਕਾਰਾਂ ਤੋਂ ਹੁਣ ਸਾਨੂੰ ਬਹੁਤੀ ਆਸ ਨਹੀਂ ਰਹੀ। ਨਸ਼ਿਆਂ ਨਾਲ ਮਰ ਰਹੇ ਸਾਡੇ ਪੁੱਤਾਂ ਦੇ ਸਿਵੇ ਲਟਾ-ਲਟ ਮੱਚ ਰਹੇ ਹਨ ਤੇ ਮਾਵਾਂ ਵਿਲਕ ਰਹੀਆਂ ਹਨ। ਬਦਕਿਸਮਤੀ ਨਾਲ ਜਿਹੜੇ ਨਸ਼ਾ ਵੇਚਦੇ ਹਨ, ਉਹ ਵੀ ਸਾਡੇ ਹੀ ਹਨ।"
ਇਹ ਦਰਦ ਭਰੇ ਸ਼ਬਦ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਘੱਲ ਕਲਾਂ ਦੀ ਵਸਨੀਕ ਗਿੰਦਰਪਾਲ ਕੌਰ ਦੇ ਹਨ।
ਗਿੰਦਰਪਾਲ ਕੌਰ ਸਾਬਕਾ ਸਰਪੰਚ ਹਨ ਅਤੇ ਉਹ ਪਿੰਡ ਵਿਚ ਬਣਾਏ ਗਏ 'ਸਮਾਜ ਸੁਧਾਰ ਕਮੇਟੀ' ਦੇ ਸਰਗਰਮ ਮੈਂਬਰ ਹਨ।
ਇਹ ਦਰਦ ਇਕੱਲੇ ਇਨ੍ਹਾਂ ਦਾ ਨਹੀਂ ਹੈ। ਪੰਜਾਬ ਦੇ ਪਿੰਡਾਂ ਵਿਚ ਪਿਛਲੇ ਇੱਕ ਮਹੀਨੇ ਦੌਰਾਨ ਬਣੀਆਂ ਨਸ਼ਾ ਵਿਰੋਧੀ ਕਮੇਟੀਆਂ ਵਿਚ ਸ਼ਾਮਲ ਹੋਣ ਵਾਲੀ ਹਰ ਔਰਤ ਦੇ ਮਨ ਦਾ ਦਰਦ ਗਿੰਦਰਪਾਲ ਕੌਰ ਵਰਗਾ ਹੀ ਹੈ।

ਤਸਵੀਰ ਸਰੋਤ, Getty Images
ਨਸ਼ਿਆਂ ਦੀ ਗੱਲ ਪੰਜਾਬ ਦੇ ਹਰ ਖਿੱਤੇ ਵਿਚ ਚੱਲ ਰਹੀ ਹੈ ਤੇ ਖਾਸ ਕਰਕੇ 'ਚਿੱਟੇ' ਦੀ। ਇਸ ਤੋਂ ਇਲਾਵਾ ਮੈਡੀਕਲ ਨਸ਼ਿਆਂ ਵਿਰੁੱਧ ਵੀ ਲੋਕਾਂ ਵੱਲੋਂ ਕੀਤੀ ਜਾਂ ਰਹੀ ਲਾਮਬੰਦੀ ਵੀ ਜ਼ਿਕਰਯੋਗ ਹੈ।
ਨਸ਼ੇ ਵਾਲੇ ਟੀਕਿਆਂ ਤੇ 'ਘੋੜਾ' ਕੈਪਸੂਲ ਕਈ ਥਾਵਾਂ 'ਤੇ ਨੌਜਵਾਨਾਂ ਦੀ ਮੌਤ ਦਾ ਕਾਰਨ ਬਣ ਰਹੇ ਹਨ। ਇਸ ਗੱਲ ਨੂੰ ਲੈ ਕੇ ਕਈ ਪਿੰਡਾਂ ਦੇ ਲੋਕ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਖੁੱਲ੍ਹ ਕੇ ਸਾਹਮਣੇ ਆ ਗਏ ਹਨ।
ਅਗਾਂਹਵਾਧੂ ਲੋਕਾਂ ਤੇ ਕੁਝ ਗਰਾਮ ਪੰਚਾਇਤਾਂ ਵੱਲੋਂ ਜ਼ਿਲ੍ਹਾ ਬਠਿੰਡਾ ਦੇ ਕਸਬਾ ਭਗਤਾ ਭਾਈ, ਹਮੀਰਗੜ੍ਹ, ਰਾਮਪੁਰਾ ਫੂਲ ਤੋਂ ਇਲਾਵਾ ਜ਼ਿਲ੍ਹਾ ਮਾਨਸਾ, ਮੋਗਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ, ਸੰਗਰੂਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਕਈ ਪਿੰਡਾਂ ਵਿਚ ਨਸ਼ਾ ਵਿਰੋਧੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।

ਤਸਵੀਰ ਸਰੋਤ, Surinder Maan/BBC
ਜਦੋਂ ਮੈਂ ਇਨ੍ਹਾਂ ਕਮੇਟੀਆ ਦੀ ਕਾਰਜ ਸ਼ੈਲੀ ਬਾਰੇ ਜਾਨਣ ਲਈ ਪਿੰਡ ਘੱਲ ਕਲਾਂ ਪੁੱਜਾ ਤਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਪਿੰਡ ਦੇ ਲੋਕ ਇਕੱਠੇ ਹੋ ਰਹੇ ਸਨ।
ਪੁੱਛਣ 'ਤੇ ਪਤਾ ਲੱਗਾ ਕੇ ਇਹ ਲੋਕ ਆਪਣੇ ਪਿੰਡ ਵਿੱਚੋਂ ਨਸ਼ਾ ਖ਼ਤਮ ਕਰਨ ਲਈ ਮੀਟਿੰਗ ਕਰ ਰਹੇ ਹਨ।
ਇਸ ਮੌਕੇ ਗਿੰਦਰਪਾਲ ਕੌਰ ਕਹਿੰਦੇ ਹਨ, "ਅਸੀਂ ਹੁਣ ਠਾਣ ਲਿਆ ਹੈ ਕੇ ਅਸੀਂ ਆਪਣੇ ਪਿੰਡ ਵਿੱਚੋਂ ਨਸ਼ਾ ਖ਼ਤਮ ਕਰਕੇ ਹੀ ਸਾਹ ਲੈਣਾ ਹੈ। ਜਿੱਥੇ ਇੱਕ ਪਾਸੇ ਪਿੰਡ ਦੇ ਸਰਪੰਚ ਸਿਮਰਨਜੀਤ ਸਿੰਘ ਨਸ਼ੇ ਖ਼ਿਲਾਫ਼ ਨੌਜਵਾਨਾਂ ਦੀ ਅਗਵਾਈ ਕਰਦੇ ਹਨ, ਉੱਥੇ ਮੈਂ ਔਰਤਾਂ ਨੂੰ ਨਾਲ ਲੈ ਕੇ ਨਸ਼ਾ ਕਰਨ ਤੇ ਵੇਚਣ ਵਾਲਿਆਂ ਦੇ ਘਰਾਂ ਵਿਚ ਜਾਂਦੀ ਹਾਂ।"
"ਸਾਡੀ ਪਹਿਲੀ ਕੋਸ਼ਿਸ਼ ਨਸ਼ਾ ਕਰਨ ਵਾਲੇ ਨੂੰ ਪਿਆਰ ਨਾਲ ਸਮਝਾਉਣ ਦੀ ਤੇ ਉਸ ਨੂੰ ਨਸ਼ਾ ਛਡਾਊ ਕੇਂਦਰ ਵਿਚ ਦਾਖ਼ਲ ਕਰਵਾਉਣ ਦੀ ਹੁੰਦੀ ਹੈ। ਕਈ ਮੁੰਡਿਆਂ ਨੇ ਨਸ਼ਾ ਛੱਡਣ ਦਾ ਮਨ ਵੀ ਬਣਾ ਲਿਆ ਹੈ, ਜਿਸ ਦੀ ਮੈਨੂੰ ਖੁਸ਼ੀ ਹੈ।"

ਪਿੰਡ ਦੇ ਸਰਪੰਚ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਦੀ ਟੀਮ ਪਿੰਡ ਨੂੰ ਆਉਣ ਵਾਲੇ ਰਾਹਾਂ 'ਤੇ ਨਜ਼ਰ ਟਿਕਾ ਕੇ ਰੱਖਦੇ ਹਨ ਤਾਂ ਜੋ ਕੋਈ ਬਾਹਰੋਂ ਆ ਕੇ ਪਿੰਡ ਵਿਚ ਨਸ਼ਾ ਨਾ ਵੇਚ ਸਕੇ।
"ਅਸੀਂ ਠੀਕਰੀ ਪਹਿਰਾ ਲਾ ਰਹੇ ਹਾਂ। ਪੁਲਿਸ ਆਪਣਾ ਕੰਮ ਕਰ ਰਹੀ ਹੈ ਤੇ ਅਸੀਂ ਆਪਣਾ ਕੰਮ ਕਰ ਰਹੇ ਹਾਂ। ਆਉਣ ਵਾਲੇ ਦਿਨਾਂ ਵਿਚ ਅਸੀਂ ਆਪਣੀ ਕਮੇਟੀ ਵਿਚ ਹੋਰ ਨੌਜਵਾਨਾਂ ਨੂੰ ਜੋੜਨ ਜਾ ਰਹੇ ਹਾਂ ਤਾਂ ਜੋ ਸਾਡੀ ਮੁਹਿੰਮ ਹੋਰ ਸੁਚਾਰੂ ਢੰਗ ਨਾਲ ਚੱਲ ਸਕੇ।"

ਤਸਵੀਰ ਸਰੋਤ, Surinder Maan/BBC

- ਨਸ਼ਿਆਂ ਦੀ ਗੱਲ ਪੰਜਾਬ ਦੇ ਹਰ ਖਿੱਤੇ ਵਿਚ ਚੱਲ ਰਹੀ ਹੈ ਤੇ ਖਾਸ ਕਰਕੇ 'ਚਿੱਟੇ' ਦੀ।
- ਮੈਡੀਕਲ ਨਸ਼ਿਆਂ ਵਿਰੁੱਧ ਵੀ ਲੋਕਾਂ ਵੱਲੋਂ ਕੀਤੀ ਜਾਂ ਰਹੀ ਲਾਮਬੰਦੀ ਵੀ ਜ਼ਿਕਰਯੋਗ ਹੈ।
- ਕਈ ਪਿੰਡਾਂ ਦੇ ਲੋਕ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਖੁੱਲ੍ਹ ਕੇ ਸਾਹਮਣੇ ਆ ਗਏ ਹਨ।
- ਕਈ ਪਿੰਡਾਂ ਵਿਚ ਨਸ਼ਾ ਵਿਰੋਧੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
- ਪਿੰਡਾਂ ਦੇ ਲੋਕਾਂ ਮੁਤਾਬਕ, ਪੁਲਿਸ ਲਈ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਨਾ ਔਖਾ ਹੋ ਜਾਂਦਾ ਹੈ।
- ਕਿਉਂਕਿ 5 ਜਾਂ 10 ਗਰਾਮ ਤੱਕ ਦਾ ਥੋੜ੍ਹੀ ਮਾਤਰਾ ਦਾ ਨਸ਼ਾ, ਨਸ਼ੇ ਦੇ ਆਦੀ ਲੋਕਾਂ ਤੱਕ ਸੌਖੇ ਢੰਗ ਨਾਲ ਪਹੁੰਚਾਇਆ ਜਾ ਸਕਦਾ ਹੈ।

ਕਈ ਹਨ ਚੁਣੌਤੀਆਂ
ਸਰਪੰਚ ਸਿਮਰਨਜੀਤ ਸਿੰਘ ਕਹਿੰਦੇ ਹਨ ਕਿ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਉਹ ਕਹਿੰਦੇ ਹਨ, "ਜਦੋਂ ਤੋਂ ਮੈਂ ਪਿੰਡ ਦੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਨਸ਼ਿਆਂ ਨੂੰ ਰੋਕਣ ਲਈ ਕਮੇਟੀ ਬਣਾਈ ਹੈ, ਉਸ ਤੋਂ ਬਾਅਦ ਮੈਨੂੰ ਫ਼ੋਨ 'ਤੇ ਧਮਕੀ ਵੀ ਮਿਲੀ ਹੈ। ਮੈਨੂੰ ਅਹਿਸਾਸ ਹੋ ਰਿਹਾ ਹੈ ਕੇ ਇਹ ਕੰਮ ਇੰਨਾਂ ਸੌਖਾ ਨਹੀਂ ਹੈ, ਜਿਨਾਂ ਦੇਖਣ ਨੂੰ ਲੱਗਦਾ ਸੀ।"
"ਪੁਲਿਸ ਕੋਲ ਇੰਨੀ ਨਫ਼ਰੀ ਨਹੀਂ ਹੈ ਕੇ ਉਹ ਹਰ ਸਮੇਂ ਨਸ਼ਾ ਵੇਚਣ ਵਾਲਿਆਂ ਉੱਪਰ ਨਜ਼ਰ ਰੱਖ ਸਕੇ। ਜਦੋਂ ਅਸੀਂ ਐਕਸ਼ਨ ਕਰਕੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਤਾੜਦੇ ਹਾਂ ਤਾਂ ਕਈ ਵਾਰ ਤਲਖ਼ੀ ਵਾਲਾ ਮਾਹੌਲ ਬਣ ਜਾਂਦਾ ਹੈ"
ਪਰ ਇਸ ਦੇ ਨਾਲ ਹੀ ਗਿੰਦਰਪਾਲ ਕੌਰ ਕਹਿੰਦੇ ਹਨ, "ਇਸ ਵਿਚ ਕੋਈ ਸ਼ੱਕ ਨਹੀਂ ਕੇ ਨਸ਼ੇ ਵਿਰੁੱਧ ਮੁਹਿੰਮ ਖ਼ਤਰਿਆਂ ਤੋਂ ਖਾਲ੍ਹੀ ਨਹੀਂ ਹੈ। ਸਾਡੇ ਮੂਹਰੇ ਸਖ਼ਤ ਚੁਣੌਤੀ ਉਹ ਲੋਕ ਹਨ ਜੋ ਚਿੱਟਾ ਜਾਂ ਮੈਡੀਕਲ ਨਸ਼ਾ ਵੇਚਦੇ ਹਨ।"

ਤਸਵੀਰ ਸਰੋਤ, Surinder Maan/BBC
ਪਿੰਡਾਂ ਦੇ ਲੋਕ ਅਕਸਰ ਹੀ ਇਹ ਤਰਕ ਰੱਖਦੇ ਸੁਣੇ ਜਾ ਸਕਦੇ ਹਨ ਕਿ 'ਚਿੱਟਾ' ਵੇਚਣ ਵਾਲਿਆਂ ਨੂੰ ਪੁਲਿਸ ਲਈ ਕਾਬੂ ਕਰਨਾ ਔਖਾ ਹੋ ਜਾਂਦਾ ਹੈ ਕਿਉਂਕਿ 5 ਜਾਂ 10 ਗਰਾਮ ਤੱਕ ਦਾ ਥੋੜ੍ਹੀ ਮਾਤਰਾ ਦਾ ਨਸ਼ਾ, ਨਸ਼ੇ ਦੇ ਆਦੀ ਲੋਕਾਂ ਤੱਕ ਸੌਖੇ ਢੰਗ ਨਾਲ ਪਹੁੰਚਾਇਆ ਜਾ ਸਕਦਾ ਹੈ।
ਗਿੰਦਰਪਾਲ ਕੌਰ ਦਾ ਤਰਕ ਹੈ ਕਿ ਪੁਲਿਸ ਪ੍ਰਸ਼ਾਸਨ ਪਿੰਡ ਦੀ ਹਰ ਗਲੀ ਉੱਪਰ ਨਜ਼ਰ ਨਹੀਂ ਰੱਖ ਸਕਦੀ।
ਉਹ ਆਖਦੇ ਹਨ, "ਮੈਂ ਪਿੰਡ ਦੇ ਘਰ-ਘਰ ਦੇ ਬੱਚੇ-ਬੱਚੇ ਨੂੰ ਜਾਣਦੀ ਹਾਂ। ਸਾਡੇ ਲਈ ਸਥਿਤੀ ਉਸ ਵੇਲੇ ਗੰਭੀਰ ਬਣ ਜਾਂਦੀ ਹੈ ਜਦੋਂ ਨਸ਼ਾ ਵੇਚਣ ਵਾਲਾ ਸਾਡੀ ਗੱਲ ਸੁਣ ਕੇ ਵੀ ਨਸ਼ਾ ਵੇਚਣ ਤੋਂ ਤੋਬਾ ਨਹੀਂ ਕਰਦਾ। ਫਿਰ ਮਜਬੂਰੀ ਵੱਸ ਸਾਨੂੰ ਅਜਿਹੇ ਅਨਸਰ ਨੂੰ ਪੁਲਿਸ ਦੇ ਹਵਾਲੇ ਕਰਨਾ ਪੈਂਦਾ ਹੈ।"
"ਹੁਣ ਡਰਨ ਦਾ ਸਮਾਂ ਨਹੀਂ ਹੈ। ਜਦੋਂ ਸਮਾਜ ਨੂੰ ਨਸ਼ੇ ਤੋਂ ਬਚਾਉਣ ਲਈ ਕਦਮ ਪੁੱਟ ਹੀ ਲਏ ਹਨ ਤਾਂ ਫਿਰ ਡਰ ਕਾਹਦਾ। ਮਰਨਾ ਤਾਂ ਇੱਕ ਦਿਨ ਹੀ ਹੈ ਤੇ ਜ਼ਿੰਦਗੀ ਨਸ਼ੇ ਖ਼ਿਲਾਫ਼ ਲੜਦਿਆਂ ਸਮਾਜ ਦੇ ਲੇਖੇ ਲੱਗ ਜਾਵੇ ਤਾਂ ਫਿਰ ਠੀਕ ਹੀ ਹੈ। ਮੈਨੂੰ ਕੋਈ ਗਿਲ਼ਾ ਨਹੀਂ ਹੋਵੇਗਾ।"

ਤਸਵੀਰ ਸਰੋਤ, Surinder Maan/BBC
ਅਸਲ ਵਿਚ ਨਸ਼ੇ ਵਿਰੁੱਧ ਮੁਹਿੰਮ ਚਲਾਉਣ ਵਾਲਿਆਂ ਦੀ ਚਿੰਤਾ ਉਸ ਵੇਲੇ ਵਧ ਗਈ ਸੀ, ਜਦੋਂ ਜ਼ਿਲ੍ਹਾ ਫਰੀਦਕੋਟ ਅਧੀਨ ਪੈਂਦੇ ਪਿੰਡ ਢਿਲਵਾਂ ਵਿਚ ਨਸ਼ਾ ਰੋਕਣ ਵਾਲੇ ਨੌਜਵਾਨ ਹਰਭਗਵਾਨ ਸਿੰਘ ਦਾ ਕਥਿਤ ਤੌਰ 'ਤੇ ਨਸ਼ਾ ਤਸਕਰਾਂ ਨੇ ਕਤਲ ਕਰ ਦਿੱਤਾ ਸੀ।
ਇਸ ਹਾਲਾਤ ਦੇ ਮੱਦੇਨਜ਼ਰ ਨਸ਼ਾ ਵਿਰੋਧੀ ਕਮੇਟੀ ਬਣਾਉਣ ਵਾਲੇ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਅਤੇ ਪੰਚਾਇਤਾਂ ਦੀ 'ਸਿਰਦਰਦੀ' ਵੀ ਵਧੀ ਹੈ।
ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਵੀ ਹੈ ਕੇ ਨਸ਼ਾ ਵਿਰੋਧੀ ਕਮੇਟੀ ਵਿਚ ਸ਼ਾਮਲ ਨੌਜਵਾਨਾਂ ਨੂੰ ਜ਼ਾਬਤੇ ਵਿਚ ਕਿਵੇਂ ਰੱਖਿਆ ਜਾਵੇ।
ਹਾਲ ਹੀ ਦੇ ਦਿਨਾਂ ਵਿਚ ਪੰਜਾਬ ਦੇ ਕੁਝ ਹਿੱਸਿਆਂ ਤੋਂ ਕੁਝ ਅਜਿਹੇ ਵੀਡੀਓ ਵਾਇਰਲ ਹੋਏ ਹਨ, ਜਿਸ ਵਿਚ ਕੁਝ ਲੋਕਾਂ ਨੂੰ ਨਸ਼ਾ ਤਸਕਰ ਸਮਝ ਕੇ ਕੁੱਟਿਆ ਜਾ ਰਿਹਾ ਹੈ।
ਸਰਪੰਚ ਸਿਮਰਨਜੀਤ ਸਿੰਘ ਕਹਿੰਦੇ ਹਨ, "ਬਿਲਕੁਲ ਸਾਡੇ ਲਈ ਇਹ ਵੱਡੀ ਚੁਣੌਤੀ ਹੈ ਕਿ ਸਾਡੇ ਨਾਲ ਜੁੜੇ ਨੌਜਵਾਨ ਕਈ ਵਾਰ ਜੋਸ਼ ਵਿਚ ਆ ਕੇ ਨਸ਼ਾ ਤਸਕਰਾਂ ਦੀ ਕੁੱਟ-ਮਾਰ ਕਰ ਸਕਦੇ ਹਨ। ਪੰਜਾਬ ਵਿਚ ਕਈ ਥਾਵਾਂ 'ਤੇ ਅਜਿਹਾ ਵਾਪਰਿਆ ਵੀ ਹੈ।"
"ਮੈਂ ਜਦੋਂ ਵੀ ਆਪਣੇ ਪਿੰਡ ਵਿਚ ਸਮਾਜ ਸੁਧਾਰ ਕਮੇਟੀ ਦੀ ਮੀਟਿੰਗ ਕਰਦਾ ਹਾਂ ਤਾਂ ਮੇਰਾ ਜ਼ੋਰ ਇਸ ਗੱਲ ਉੱਤੇ ਹੀ ਹੁੰਦਾ ਹੈ ਕੇ ਨੌਜਵਾਨਾਂ ਨੂੰ ਭੜਕਾਹਟ ਤੋਂ ਬਚਣ ਦੀ ਲੋੜ ਹੈ।"

ਤਸਵੀਰ ਸਰੋਤ, Surinder Maan/BBC
ਕਿਸਾਨ ਸੰਗਠਨਾਂ ਦਾ ਵੀ ਸਾਥ
ਰਣਵੀਰ ਸਿੰਘ ਭਾਰਤੀ ਕਿਸਾਨ ਯੂਨੀਅਨ (ਖੋਸਾ) ਦੇ ਬਲਾਕ ਪ੍ਰਧਾਨ ਹਨ। ਉਹ ਪਿੰਡ ਘੱਲ ਕਲਾਂ ਦੀ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਹਨ।
ਉਹ ਕਹਿੰਦੇ ਹਨ, "ਸਰਕਾਰਾਂ ਚਾਹੁਣ ਤਾਂ ਚਿੱਟਾ ਘੰਟਿਆਂ ਵਿਚ ਖ਼ਤਮ ਹੋ ਸਕਦਾ ਹੈ। ਪਰ ਇਹ ਧੰਦਾ ਹੋ ਹੀ ਪ੍ਰਸ਼ਾਸਨ ਦੀ ਨੱਕ ਹੇਠ ਰਿਹਾ ਹੈ। ਜੇ ਸਰਕਾਰ ਧਿਆਨ ਦਿੰਦੀ ਤਾਂ ਸਾਨੂੰ ਕੀ ਲੋੜ ਹੈ ਨਸ਼ੇ ਦੇ ਤਸਕਰਾਂ ਨਾਲ ਵੈਰ ਪਾਉਣ ਦੀ।"
"ਮੇਰੇ ਪਿੰਡ ਦੇ ਨੌਜਵਾਨ ਜਵਾਨੀ ਰੁੱਤੇ ਨਸ਼ੇ ਦੀ ਭੇਂਟ ਚੜ੍ਹ ਚੁੱਕੇ ਹਨ। ਚੋਰੀ ਦੀਆਂ ਘਟਨਾਵਾਂ ਵਧ ਗਈਆਂ ਹਨ। ਝੋਨੇ ਦੇ ਸੀਜ਼ਨ ਵਿਚ ਅਸੀਂ ਰਾਤ ਵੇਲੇ ਖੇਤ ਨਹੀਂ ਜਾਂ ਸਕਦੇ। ਘਰਾਂ ਵਿਚ ਔਰਤਾਂ ਮਹਿਫ਼ੂਜ਼ ਨਹੀਂ ਹਨ। ਜਾਈਏ ਤਾਂ ਕਿੱਥੇ ਜਾਈਏ।"
ਰਣਵੀਰ ਸਿੰਘ ਕਿਸੇ ਤਰ੍ਹਾਂ ਦੇ ਡਰ ਦੀ ਗੱਲ ਨੂੰ ਲੈ ਕੇ ਆਪਣਾ ਪੱਖ ਰੱਖਦੇ ਹੋਏ ਕਹਿੰਦੇ ਹਨ, "ਹੁਣ ਸਿਰ ਤੋਂ ਪਾਣੀ ਲੰਘ ਚੁੱਕਾ ਹੈ। ਨਸ਼ੇ ਦੇ ਤਸਕਰਾਂ ਦੇ ਹੌਂਸਲੇ ਇਸ ਲਈ ਵੀ ਵਧੇ ਕਿਉਂਕਿ ਅਸੀਂ ਅਜਿਹੇ ਅਨਸਰਾਂ ਖ਼ਿਲਾਫ਼ ਨਹੀਂ ਡਟੇ। ਜੇਕਰ ਨੌਜਵਾਨ, ਪੰਚਾਇਤਾਂ ਤੇ ਕਿਸਾਨ ਇੰਨਾਂ ਵਿਰੁਧ ਖੜ੍ਹ ਗਏ ਤਾਂ ਨਸ਼ਾ ਤਸਕਰ ਲੋਕ ਰੋਹ ਦੇ ਮੂਹਰੇ ਟਿਕ ਨਹੀਂ ਸਕਣਗੇ।"
ਜਿਹੜੇ ਪਿੰਡਾਂ ਵਿਚ ਨਸ਼ਾ ਵਿਰੋਧੀ ਕਮੇਟੀ ਬਣੀ ਹੈ, ਉੱਥੇ ਲੋਕ ਦਿਨ ਅਤੇ ਰਾਤ ਨੂੰ ਪਹਿਰਾ ਲਾਉਂਦੇ ਹਨ ਤੇ ਪਿੰਡਾਂ ਵਿਚ ਗਸ਼ਤ ਕਰਦੇ ਹਨ। ਪਿੰਡ ਵਿਚ ਦਾਖ਼ਲ ਹੋਣ ਵਾਲੇ ਬੰਦੇ ਦੀ ਸ਼ਨਾਖ਼ਤ ਪੁੱਛੀ ਜਾਂਦੀ ਹੈ ਤੇ ਸ਼ੱਕ ਪੈਣ 'ਤੇ ਉਸ ਦੀ ਤਲਾਸ਼ੀ ਵੀ ਲਈ ਜਾਂਦੀ ਹੈ।

ਤਸਵੀਰ ਸਰੋਤ, Surinder Maan/BBC
ਇਸ ਨਸ਼ਾ ਵਿਰੋਧੀ ਮੁਹਿੰਮ ਨੂੰ ਲੈ ਕੇ ਕੁਝ ਲੋਕ ਇੱਕ ਵੱਖਰੀ ਕਿਸਮ ਦਾ ਖਦਸ਼ਾ ਪ੍ਰਗਟ ਕਰਦੇ ਹਨ।
ਪੰਜਾਬ ਵਿਰਾਸਤ ਮੰਚ ਦੇ ਸਰਪ੍ਰਸਤ ਰਜਿੰਦਰਪਾਲ ਸਿੰਘ ਥਰਾਜ ਕਹਿੰਦੇ ਹਨ, "ਬਿਨਾਂ ਸ਼ੱਕ ਇਸ ਮੁਹਿੰਮ ਦਾ ਉਦੇਸ਼ ਸਮਾਜ ਸੁਧਾਰ ਦਾ ਹੈ ਪਰ ਮੁਹਿੰਮ ਵਿਚ ਸ਼ਾਮਲ ਨੌਜਵਾਨਾਂ ਦੇ ਜੋਸ਼ ਨੂੰ ਕਾਬੂ ਵਿਚ ਰੱਖਣ ਦੀ ਜ਼ਰੂਰਤ ਹੈ।"
"ਪਿੰਡਾਂ ਵਿਚ ਇਸ ਮੁਹਿੰਮ ਦੀ ਆੜ ਵਿਚ ਪੁਰਾਣੀ ਰੰਜਸ਼ ਕੱਢਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ, ਜਿਸ ਕਰਕੇ ਮੋਹਤਬਰ ਬੰਦਿਆਂ ਨੂੰ ਸੁਚੇਤ ਹੋਣ ਦੀ ਸਖ਼ਤ ਲੋੜ ਹੈ।"
ਇਹਨਾਂ ਕਮੇਟੀਆਂ ਬਾਰੇ ਬਠਿੰਡਾ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਹੈ ਕਿ ਕਮੇਟੀਆਂ ਦਾ ਪੁਲਿਸ ਨੂੰ ਸਹਿਯੋਗ ਮਿਲ ਰਿਹਾ ਹੈ।
ਉਨ੍ਹਾਂ ਕਿਹਾ, "ਅਸੀਂ ਨਸ਼ਾ ਵਿਰੋਧੀ ਕਮੇਟੀਆਂ ਨਾਲ ਗੱਲਬਾਤ ਕੀਤੀ ਹੈ ਕਿ ਉਹ ਨਸ਼ੇ ਖਿਲਾਫ਼ ਆਪਣੀ ਮੁਹਿੰਮ ਜਾਰੀ ਰੱਖਣ। ਅਸੀਂ ਕਮੇਟੀ ਮੈਂਬਰਾਂ ਨੂੰ ਸੁਚੇਤ ਵੀ ਕੀਤਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਕਾਨੂੰਨ ਆਪਣੇ ਹੱਥ ਵਿੱਚ ਨਾ ਲੈਣ। ਉਨ੍ਹਾਂ ਦਾ ਕੰਮ ਨਸ਼ੇ ਫੜਨ ਲਈ ਪੁਲਿਸ ਪ੍ਰਸ਼ਾਸਨ ਦੀ ਮਦਦ ਕਰਨਾ ਹੈ।”

ਪੰਜਾਬ ਸਰਕਾਰ ਦਾ ਨਜ਼ਰੀਆ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਕਾਫੀ ਸਖ਼ਤ ਨਜ਼ਰ ਆਏ।
'ਬੀਬੀਸੀ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ, "ਅਸੀਂ ਜਲਦੀ ਹੀ ਨਸ਼ਾ ਵਿਰੋਧੀ ਕਮੇਟੀਆਂ ਦੇ ਸਹਿਯੋਗ ਬਾਰੇ ਕੋਈ ਠੋਸ ਨੀਤੀ ਬਣਾਉਣ ਜਾ ਰਹੇ ਹਾਂ ਤਾਂ ਜੋ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ 'ਚੋਂ ਕੱਢਿਆ ਜਾਂ ਸਕੇ।"
"ਸਾਡੀ ਸਮਝ ਹੈ ਕੇ ਨਸ਼ਾ ਵਿਰੋਧੀ ਕਮੇਟੀਆਂ ਵਿਚ ਘੱਟ ਤੋਂ ਘੱਟ ਇੱਕ ਪੁਲਿਸ ਅਧਿਕਾਰੀ ਨੂੰ ਸ਼ਾਮਲ ਕੀਤਾ ਜਾਵੇ। ਸਰਕਾਰ ਕਮੇਟੀ ਮੈਂਬਰਾਂ ਦੀ ਸੁਰੱਖਿਆ ਵੀ ਯਕੀਨੀ ਬਣਾਉਣ ਲਏ ਵਚਨਬੱਧ ਹੈ।"













