ਕੌਣ ਹੈ ਪਰਵਿੰਦਰ ਝੋਟਾ - ਨਸ਼ੇ ਖਿਲਾਫ਼ ਕੰਮ ਕਰਨ ਵਾਲਾ ਜਾਂ ਨਸ਼ੇ ਕਰਨ ਵਾਲਾ ਇੱਕ ਅਪਰਾਧੀ

ਤਸਵੀਰ ਸਰੋਤ, Parvinder Singh Jhota/FB
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਗੱਲ 12 ਜੁਲਾਈ ਦੀ ਹੈ। ਸ਼ਾਮ 7:30 ਦਾ ਸਮਾਂ ਸੀ।
ਪਰਵਿੰਦਰ ਸਿੰਘ ਝੋਟਾ ਮਾਨਸਾ ਦੇ ਇੱਕ ਮੈਡੀਕਲ ਸਟੋਰ ਵਿੱਚ ਕਥਿਤ ਤੌਰ ’ਤੇ ਇਸ ਬਹਾਨੇ ਦਾਖ਼ਲ ਹੋਇਆ ਕਿ ਉਸ ਨੇ ਸਿਗਨੇਚਰ ਕੈਪਸੂਲ (ਇਹ ਐੱਨਡੀਪੀਐੱਸ ਐਕਟ ਅਧੀਨ ਨਹੀਂ ਆਉਂਦੇ) ਖਰੀਦੇ ਹਨ।
ਪਰ ਮਾਨਸਾ ਵਿੱਚ ਧਾਰਾ 144 ਤਹਿਤ ਇਸ ਦੀ ਵਿੱਕਰੀ 'ਤੇ ਪਾਬੰਦੀ ਹੈ।
ਪੁਲਿਸ ਦੇ ਇੱਕ ਅਧਿਕਾਰੀ ਮੁਤਾਬਕ ਉਹ ਆਪਣੇ 7-8 ਸਮਰਥਕਾਂ ਨਾਲ ਮੈਡੀਕਲ ਸਟੋਰ ਅੰਦਰ ਦਾਖ਼ਲ ਹੋ ਗਿਆ ਅਤੇ ਸਟੋਰ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਮਿਲਿਆ।
ਪੁਲਿਸ ਮੁਤਾਬਕ, ਫਿਰ ਝੋਟਾ ਨੇ ਜ਼ਬਰਦਸਤੀ ਉਸ ਮੈਡੀਕਲ ਸਟੋਰ ਨੂੰ ਤਾਲਾ ਲਗਾ ਦਿੱਤਾ ਅਤੇ ਮਾਲਕ ਅਸ਼ਵਨੀ ਕੁਮਾਰ ਦੇ ਗਲ਼ੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਮੁੱਖ ਬਾਜ਼ਾਰ, ਮਾਨਸਾ ਰਾਹੀਂ ਸਿਟੀ ਥਾਣੇ ਲੈ ਗਿਆ।
ਅਸ਼ਵਨੀ ਕੁਮਾਰ ਵਿਰੁੱਧ 188 ਆਈਪੀਸੀ ਤਹਿਤ ਐੱਫਆਈਆਰ ਦਰਜ ਕੀਤੀ ਗਈ ਅਤੇ ਫਿਰ ਉਨ੍ਹਾਂ ਨੂੰ ਉਸੇ ਰਾਤ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਪਰ ਪੁਲਿਸ ਨੇ ਸਾਰੀ ਘਟਨਾ ਦਾ ਖ਼ੁਦ ਨੋਟਿਸ ਲੈਂਦਿਆਂ ਪਰਵਿੰਦਰ ਸਿੰਘ ਉਰਫ਼ ਝੋਟਾ ਅਤੇ 5 ਹੋਰਾਂ ਖ਼ਿਲਾਫ਼ ਧਾਰਾ 355, 451, 323,148,149 ਆਈਪੀਸੀ ਤਹਿਤ ਐੱਫਆਈਆਰ ਦਰਜ ਕਰ ਲਈ ਪਰਵਿੰਦਰ ਝੋਟਾ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਹੈ ।
ਪੁਲਿਸ ਨੇ ਦੱਸਿਆ ਕਿ ਹੋਰਾਂ ਦੀ ਗ੍ਰਿਫ਼ਤਾਰੀ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
ਕੌਣ ਹੈ ਪਰਵਿੰਦਰ ਸਿੰਘ ਝੋਟਾ
ਪਰਵਿੰਦਰ ਸਿੰਘ ਝੋਟਾ ਦੱਖਣੀ ਪੰਜਾਬ ਦੇ ਸ਼ਹਿਰ ਮਾਨਸਾ ਦਾ ਰਹਿਣ ਵਾਲੇ ਹਨ। ਉਹ ਫ਼ਰੀ ਸਟਾਈਲ ਕਬੱਡੀ ਖਿਡਾਰੀ ਵੀ ਰਹੇ ਹਨ।
ਪੁਲਿਸ ਦਾ ਇਲਜ਼ਾਮ ਹੈ ਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਝੋਟਾ ਇਕੱਲਾ ਅਤੇ ਇੱਕ ਵਾਰ ਆਪਣੇ ਇੱਕ ਸਾਥੀ ਨਾਲ ਮੈਡੀਕਲ ਦੀ ਦੁਕਾਨ 'ਤੇ ਗਿਆ ਸੀ ਅਤੇ ਮਾਲਕ ਦੇ ਵਿਰੋਧ ਦੇ ਬਾਵਜੂਦ ਦੁਕਾਨ ਦੇ ਦਰਾਜ 'ਚੋਂ ਪੈਸੇ ਕੱਢ ਲਏ ਸੀ।
ਇਸੇ ਤਰ੍ਹਾਂ ਉਹ ਹੋਰਾਂ ਨੂੰ ਵੀ ਕਥਿਤ ਤੌਰ ’ਤੇ ਪੈਸੇ ਦੇਣ ਲਈ ਧਮਕੀਆਂ ਦਿੰਦਾ ਸੀ।
ਉਸ ਦੇ ਖ਼ਿਲਾਫ਼ ਕਈ ਮਾਮਲੇ ਵੀ ਦਰਜ ਕੀਤੇ ਗਏ ਹਨ ਤੇ ਉਸ ਨੂੰ ਸਜ਼ਾ ਵੀ ਦਿੱਤੀ ਜਾ ਚੁੱਕੀ ਹੈ। ਪਰ ਨਾਲ ਹੀ ਕਈ ਮਾਮਲਿਆਂ ਵਿਚ ਉਸ ਨੂੰ ਬਰੀ ਵੀ ਕੀਤਾ ਗਿਆ ਹੈ।

ਤਸਵੀਰ ਸਰੋਤ, Credit - Punjab Police
ਕੀ ਹੈ ਵਾਇਰਲ ਵੀਡੀਓ ਦਾ ਮਾਮਲਾ
ਐੱਫਆਈਆਰ ਮੁਤਾਬਕ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਮਾਨਸਾ ਵਿੱਚ ਗਰਗ ਮੈਡੀਕੋਜ਼ ਦੇ ਮਾਲਕ ਅਸ਼ਵਨੀ ਕੁਮਾਰ ਨੂੰ ਮਾਨਸਾ ਬਾਜ਼ਾਰ ਵਿਚ ਘੁਮਾਉਣ ਸਬੰਧੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਐੱਸਐੱਚਓ ਨੇ ਪਰਵਿੰਦਰ ਸਿੰਘ ਦੇ ਫੇਸਬੁੱਕ ਪੇਜ ਨੂੰ ਚੈੱਕ ਕੀਤਾ ਜਿਸ ਉੱਪਰ ਇਹ ਵੀਡੀਓ ਪਾਈ ਹੋਈ ਸੀ।
ਇਸ ਵੀਡੀਓ ਵਿੱਚ ਪਰਮਿੰਦਰ ਸਿੰਘ ਉਰਫ਼ ਝੋਟਾ ਨੇ ਹੱਥ ਵਿੱਚ ਬਾਂਸ ਦਾ ਡੰਡਾ ਫੜਿਆ ਹੋਇਆ ਹੈ ਅਤੇ ਉਸ ਦੇ ਨਾਲ ਉਸ ਦੇ 25-30 ਹੋਰ ਵਿਅਕਤੀ ਵੀ ਹਨ।
ਵੀਡੀਓ ਵਿਚ ਮੈਡੀਕੋਜ਼ ਦੇ ਅੰਦਰ ਦਾਖ਼ਲ ਹੋ ਕੇ ਪਰਮਿੰਦਰ ਅਸ਼ਵਨੀ ਕੁਮਾਰ ਨੂੰ ਕਥਿਤ ਤੌਰ 'ਤੇ ਡਰਾ ਕੇ ਤੇ ਕੁੱਟ ਮਾਰ ਕਰ ਕੇ ਤੇ ਦੁਕਾਨ ਤੋਂ ਬਾਹਰ ਕੱਢ ਦਿੱਤਾ।
ਇਸ ਮਗਰੋਂ ਫਿਰ ਉਸ ਦੇ ਗਲ਼ ਵਿੱਚ ਚੱਪਲਾਂ ਦਾ ਹਾਰ ਪਾ ਕੇ ਉਸ ਨੂੰ ਅੱਗੇ ਲਾ ਕੇ ਮੇਨ ਬਾਜ਼ਾਰ ਮਾਨਸਾ ਵਿੱਚੋਂ ਲੈ ਕੇ ਜਾ ਰਿਹਾ ਹੈ।
ਐੱਫਆਈਆਰ ਮੁਤਾਬਕ ਪੁਲਿਸ ਨੇ ਵੀਡੀਓ ਨੂੰ ਤਸਦੀਕ ਕੀਤਾ ਤੇ ਫਿਰ ਕਾਰਵਾਈ ਕੀਤੀ।
ਕਤਲ ਦੀ ਕੋਸ਼ਿਸ਼ ਸਮੇਤ 6 ਕੇਸ
ਪੰਜਾਬ ਪੁਲਿਸ ਨੇ ਝੋਟਾ ਖ਼ਿਲਾਫ਼ ਜੋ ਡੋਜ਼ੀਅਰ ਤਿਆਰ ਕੀਤਾ ਹੈ ਉਸ ਮੁਤਾਬਕ ਉਸ ਦੇ ਖ਼ਿਲਾਫ਼ ਛੇ ਮੁਕੱਦਮੇ ਪਹਿਲਾਂ ਤੋਂ ਹੀ ਦਰਜ ਹਨ। ਬੀਬੀਸੀ ਪੰਜਾਬੀ ਕੋਲ ਇਸ ਡੋਜੀਅਰ ਦੀ ਕਾਪੀ ਹੈ।
- ਮਾਨਸਾ ਵਿਖੇ 2009 ਵਿਚ ਉਸ ਦੇ ਖ਼ਿਲਾਫ਼ ਪਹਿਲਾ ਮਾਮਲਾ ਦਰਜ ਹੋਇਆ ਸੀ। ਕਤਲ ਦੀ ਕੋਸ਼ਿਸ਼ ਕਰਨ ਦੇ ਇਸ ਮੁਕੱਦਮੇ ਤਹਿਤ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਗਗਨਦੀਪ ਸਿੰਘ ਨਾਮ ਦੇ ਸ਼ਖ਼ਸ ਨੇ ਬਿਆਨ ਦਿੱਤਾ ਸੀ ਕਿ ਮੁਲਜ਼ਮ ਪਰਮਿੰਦਰ ਸਿੰਘ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਕਤਲ ਦੇ ਇਰਾਦੇ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ। ਪਰਮਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ 4 ਸਾਲ ਦੀ ਸਜ਼ਾ ਵੀ ਹੋਈ ਸੀ।
- ਸਾਲ 2011 ਵਿਚ ਪਰਮਿੰਦਰ ਨੂੰ ਫਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਵਾਰ ਸ਼ਿਕਾਇਤ ਸੀ ਕਿਸੇ ਦੇ ਘਰ ਦਾਖ਼ਲ ਹੋ ਕੇ ਹਮਲਾ ਕਰਨ ਦੀ। ਸ਼ਿਕਾਇਤਕਰਤਾ ਜਸਵੀਰ ਕੌਰ ਨੇ ਇਲਜ਼ਾਮ ਲਾਇਆ ਸੀ ਕਿ ਪਰਮਿੰਦਰ ਨੇ ਹੋਰ ਮੁਲਜ਼ਮਾਂ ਨਾਲ ਮਿਲ ਕੇ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ ਨੂੰ ਜ਼ਖ਼ਮੀ ਕੀਤਾ ਸੀ। ਪਰ ਇਸ ਕੇਸ ਵਿੱਚੋਂ ਪਰਮਿੰਦਰ ਨੂੰ ਬਰੀ ਕੀਤਾ ਗਿਆ ਸੀ।
- ਸਾਲ 2012 ਵਿਚ ਪਰਮਿੰਦਰ ਨੂੰ ਫਿਰ ਗ੍ਰਿਫ਼ਤਾਰ ਕੀਤਾ ਗਿਆ। ਐੱਫਆਈਆਰ ਗੁਪਤ ਸੂਚਨਾ ’ਤੇ ਦਰਜ ਕੀਤੀ ਗਈ ਕਿ ਮੁਲਜ਼ਮ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿੱਚ ਸ਼ਾਂਤੀ ਭੰਗ ਕਰਨ ਦੀ ਯੋਜਨਾ ਬਣਾ ਰਿਹਾ ਹੈ। ਆਰਮਜ਼ ਐਕਟ ਦਾ ਕੇਸ ਬਣਾਇਆ ਗਿਆ। ਇਸ ਕੇਸ 'ਚੋਂ ਵੀ ਬਰੀ ਉਹ ਹੋ ਗਿਆ ਹੈ।
- ਸਾਲ 2020 ਵਿਚ ਪਰਮਿੰਦਰ ਖ਼ਿਲਾਫ਼ ਮਾਮਲਾ ਦਰਜ ਹੋਇਆ ਕਤਲ ਦੀ ਕੋਸ਼ਿਸ਼ ਦਾ ਤੇ ਆਰਮਜ਼ ਐਕਟ ਦੀ ਐੱਫਆਈਆਰ ਐੱਸਐੱਚਓ ਸਿਟੀ-2 ਮਾਨਸਾ ਦੇ ਬਿਆਨ ’ਤੇ ਦਰਜ ਕੀਤੀ ਗਈ ਕਿ ਉਹ ਟੈਂਡਰਾਂ ਨੂੰ ਲੈ ਕੇ ਦੋ ਧੜਿਆਂ ਵਿੱਚ ਹੋਈ ਗੋਲੀ ਬਾਰੀ ਦੇ ਮਾਮਲੇ ਲਈ ਜ਼ਿਲ੍ਹਾ ਪਰੀਸ਼ਦ ਦੇ ਦਫ਼ਤਰ ਜਾ ਰਿਹਾ ਸੀ। ਮੁਲਜ਼ਮ ਪਰਮਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਪੁਲਿਸ ਪਾਰਟੀ ’ਤੇ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਕੇਸ ਵਿਚ ਹੋਰਾਂ ਨਾਲ ਮੁਲਜ਼ਮ ਪਰਮਿੰਦਰ ਸਿੰਘ ਵੀ ਨਾਮਜ਼ਦ ਹੈ। ਕੇਸ ਦੀ ਸੁਣਵਾਈ ਚੱਲ ਰਹੀ ਹੈ।
- ਸਾਲ 2022 ਦੀ ਐੱਫਆਈਆਰ ਪਰਮਿੰਦਰ ਸਿੰਘ ਅਤੇ ਦੋ ਹੋਰਾਂ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕਰਨ ਤੋਂ ਬਾਅਦ ਦਰਜ ਕੀਤੀ ਗਈ ਹੈ। ਮਾਮਲੇ ਦੀ ਸੁਣਵਾਈ ਅਦਾਲਤ ਵਿਚ ਚੱਲ ਰਹੀ ਹੈ।
- ਇਹ ਐੱਫਆਈਆਰ ਇੱਕ ਵਿਅਕਤੀ ਪ੍ਰੀਤ ਇੰਦਰ ਗੌਤਮ ਦੇ ਬਿਆਨ 'ਤੇ ਦਰਜ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਪਰਮਿੰਦਰ ਸਿੰਘ ਅਤੇ ਜੱਸੀ ਬਾਬਾ ਉਰਫ਼ ਮੋਗਲੀ ਕਥਿਤ ਤੌਰ 'ਤੇ 10,000 ਰੁਪਏ ਦੀ ਫਿਰੌਤੀ ਦੀ ਮੰਗ ਕਰ ਰਹੇ ਸਨ। 25 ਅਪ੍ਰੈਲ 2022 ਨੂੰ ਦੋਵੇਂ ਦੋਸ਼ੀ ਉਸ ਦੀ ਦੁਕਾਨ 'ਤੇ ਆਏ ਅਤੇ ਉਸ ਨੂੰ ਧਮਕੀਆਂ ਦੇਣ ਲੱਗੇ ਅਤੇ ਉਸ ਦੇ ਦਰਾਜ਼ 'ਚੋਂ ਪੈਸੇ ਕੱਢ ਲਏ। ਅਜੇ ਤੱਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੋਏ। ਮਾਮਲੇ ਦੀ ਜਾਂਚ ਚੱਲ ਰਹੀ ਹੈ।

ਝੋਟਾ ਕਿਉਂ ਚਰਚਾ ਵਿਚ ਆਇਆ
- ਪਰਵਿੰਦਰ ਸਿੰਘ ਝੋਟਾ ਇੱਕ ਵਾਇਰਲ ਵੀਡੀਓ ਨਾਲ ਚਰਚਾ ਵਿੱਚ ਆਇਆ।
- ਪਰਵਿੰਦਰ ਸਿੰਘ ਝੋਟਾ ਦੱਖਣੀ ਪੰਜਾਬ ਦੇ ਸ਼ਹਿਰ ਮਾਨਸਾ ਦਾ ਰਹਿਣ ਵਾਲਾ ਹੈ।
- ਪਰਵਿੰਦਰ ਸਿੰਘ ਝੋਟਾ ਦਾ ਮਾਮਲਾ ਉਸ ਵੇਲੇ ਭੱਖਿਆ, ਜਦੋਂ ਉਸ ਨੇ ਇੱਕ ਮੈਡੀਕਲ ਸਟੋਰ ਦੇ ਮਾਲਕ ਦੀ ਕੁੱਟਮਾਰ ਕੀਤੀ।
- ਇਸ ਮਗਰੋਂ ਪੁਲਿਸ ਨੇ ਝੋਟਾ ਨੂੰ 5 ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ।
- ਪੁਲਿਸ ਵੱਲੋਂ ਝੋਟਾ ਨੂੰ 5 ਜੂਨ ਵਾਲੇ ਦਿਨ ਇੱਕ ਇਰਾਦਾ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
- ਪਰਵਿੰਦਰ ਸਿੰਘ ਝੋਟਾ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਵੱਖ-ਵੱਖ ਜਨਤਕ ਸੰਗਠਨਾਂ ਨੇ 21 ਜੁਲਾਈ ਨੂੰ ਮਾਨਸਾ ਵਿਚ ਇੱਕ ਵੱਡਾ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ।

ਕੀਤਾ ਗਿਆ ਡੋਪ ਟੈਸਟ
ਪਰਵਿੰਦਰ ਸਿੰਘ ਝੋਟਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੀਤੀ ਗਈ ਜਾਂਚ ਦੌਰਾਨ ਉਸ ਦਾ ਡੋਪ ਟੈਸਟ ਕੀਤਾ ਗਿਆ ਸੀ।
ਇਕ ਸੀਨਿਅਰ ਅਧਿਕਾਰੀ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਮਿਤੀ 15 ਜੁਲਾਈ ਦੀ ਰਿਪੋਰਟ ਅਨੁਸਾਰ ਉਸ ਦਾ ਡੋਪ ਟੈਸਟ ਪੌਜ਼ਟਿਵ ਆਇਆ ਹੈ।
ਪਰਵਿੰਦਰ ਸਿੰਘ ਝੋਟਾ ਦਾ ਸਮਰਥਨ
ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਦੱਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ ਮੁਤਾਬਕ ਪਰਵਿੰਦਰ ਸਿੰਘ ਝੋਟਾ ਨੇ ਆਪਣੇ ਨੌਜਵਾਨ ਸਾਥੀਆਂ ਨਾਲ ਮਿਲ ਕੇ 'ਐਂਟੀ ਡਰੱਗ ਟਾਸਕ ਫੋਰਸ' ਬਣਾ ਕੇ ਸਮਾਜ ਵਿਚ ਫੈਲੇ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਚਲਾਈ।
ਅਸਲ ਵਿਚ ਪਰਵਿੰਦਰ ਸਿੰਘ ਝੋਟਾ ਦਾ ਨਾਂ ਉਸ ਵੇਲੇ ਚਰਚਾ ਵਿਚ ਆਇਆ ਸੀ, ਜਦੋਂ ਕਰੀਬ 3 ਮਹੀਨੇ ਪਹਿਲਾਂ ਉਸ ਨੇ ਆਪਣਾ ਸੰਗਠਨ ਬਣਾ ਕੇ ਕੁਝ ਕਥਿਤ ਨਸ਼ਾ ਵੇਚਣ ਵਾਲਿਆਂ ਨੂੰ ਪੁਲਿਸ ਦੇ ਹਵਾਲੇ ਕਰਨਾ ਸ਼ੁਰੂ ਕੀਤਾ ਸੀ।
ਇਸ ਅਰਸੇ ਦੌਰਾਨ ਪਰਵਿੰਦਰ ਸਿੰਘ ਝੋਟਾ ਦੀ ਟੀਮ ਵੱਲੋਂ ਕਥਿਤ ਨਸ਼ਾ ਤਸਕਰਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕੀਤੀਆਂ ਗਈਆਂ ਸਨ।
ਪਰਵਿੰਦਰ ਸਿੰਘ ਝੋਟਾ ਦਾ ਮਾਮਲਾ 13 ਜੁਲਾਈ ਨੂੰ ਉਸ ਵੇਲੇ ਹੋਰ ਭੱਖ਼ ਗਿਆ ਸੀ, ਜਦੋਂ ਉਸ ਨੇ ਇੱਕ ਕੈਮਿਸਟ ਨੂੰ ਕਥਿਤ ਨਸ਼ੀਲੀਆਂ ਦਵਾਈਆਂ ਸਮੇਤ ਕਾਬੂ ਕਰ ਕੇ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ।
ਇਸ ਮੌਕੇ ਫੜੇ ਗਏ ਕੈਮਿਸਟ ਦੇ ਗਲ਼ ਵਿਚ ਜੁੱਤੀਆਂ ਦਾ ਹਾਰ ਵੀ ਪਾਇਆ ਗਿਆ।
ਇਸ ਤੋਂ ਪਹਿਲਾਂ ਪੁਲਿਸ ਵੱਲੋਂ ਝੋਟਾ ਨੂੰ 5 ਜੂਨ ਵਾਲੇ ਦਿਨ ਇੱਕ ਇਰਾਦਾ-ਏ-ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਸ ਵੇਲੇ ਵੱਖ-ਵੱਖ ਜਥੇਬੰਦੀਆਂ ਵੱਲੋਂ ਮਾਨਸਾ ਸ਼ਹਿਰ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਮਗਰੋਂ ਪੁਲਿਸ ਨੇ ਮਾਮਲੇ ਨੂੰ ਵਾਪਿਸ ਲੈ ਕੇ ਝੋਟਾ ਨੂੰ ਛੱਡ ਦਿੱਤਾ ਗਿਆ ਸੀ।
ਪ੍ਰਗਤੀਸ਼ੀਲ ਇਸਤਰੀ ਸਭਾ ਦੇ ਆਗੂ ਜਸਬੀਰ ਕੌਰ ਨੱਤ ਕਹਿੰਦੇ ਹਨ ਕਿ ਝੋਟਾ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਸਮਾਜ ਸੇਵਾ ਦਾ ਕੰਮ ਕਰ ਰਿਹਾ ਸੀ ਪਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਨੇ ਅੱਗੇ ਕਿਹਾ, "ਇਹ ਮੰਦਭਾਗੀ ਗੱਲ ਹੈ। ਜਿਸ ਢੰਗ ਨਾਲ ਪੁਲਿਸ ਨੇ ਘੇਰਾਬੰਦੀ ਕਰ ਕੇ ਪਰਵਿੰਦਰ ਸਿੰਘ ਝੋਟਾ ਨੂੰ ਗ੍ਰਿਫ਼ਤਾਰ ਕੀਤਾ ਹੈ, ਉਹ ਹੈਰਾਨ ਕਰਨ ਵਾਲਾ ਹੈ। ਇੱਕ ਪਾਸੇ ਮਾਨਸਾ ਜ਼ਿਲ੍ਹਾ ਹੜ੍ਹ ਦੀ ਮਾਰ ਹੇਠ ਹੈ ਪਰ ਪੁਲਿਸ ਹੜ੍ਹ ਪੀੜਤਾਂ ਦੀ ਸਾਰ ਲੈਣ ਦੀ ਬਜਾਇ ਇੱਕ ਮਾਮੂਲੀ ਕੇਸ ਵਿਚ ਵੱਡੀ ਫੋਰਸ ਲੈ ਕੇ ਝੋਟਾ ਨੂੰ ਫੜ ਰਹੀ ਸੀ।"
ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲ
ਇਸ ਮਾਮਲੇ ਨੂੰ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਲਿਖ ਕੇ ਪੁਲਿਸ ਦੀ ਕਾਰਗੁਜ਼ਾਰੀ ਉੱਪਰ ਸਵਾਲ ਚੁੱਕੇ ਹਨ।
ਉਨ੍ਹਾਂ ਲਿਖਿਆ ਹੈ, "ਕਿਸੇ ਵੀ ਢੰਗ ਨਾਲ, ਨਸ਼ਿਆਂ ਵਿਰੁੱਧ ਜਿਹਾਦ ਛੇੜਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨਾ ਜਾਂ ਬੁਲਾ ਕੇ ਧਮਕਾਉਣਾ, ਨਸ਼ੇ ਦੇ ਵਪਾਰੀਆਂ ਦੀ ਸਿੱਧੀ ਹਮਾਇਤ ਹੈ। ਜੇ ਸਰਕਾਰ ਨਸ਼ਿਆਂ ਦੇ ਪਸਾਰ ਨੂੰ ਰੋਕਣ ਲਈ ਵਾਕਈ ਸੁਹਿਰਦ ਹੈ ਤਾਂ ਸਰਕਾਰ ਨੂੰ ਨਸ਼ੇ ਖ਼ਿਲਾਫ਼ ਲੜਨ ਵਾਲਿਆਂ ਦਾ ਸਹਿਯੋਗ ਲੈਣਾ ਚਾਹੀਦਾ ਹੈ ਤੇ ਦੇਣਾ ਵੀ ਚਾਹੀਦਾ ਹੈ।"
ਪਰਵਿੰਦਰ ਸਿੰਘ ਝੋਟਾ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਵੱਖ-ਵੱਖ ਜਨਤਕ ਸੰਗਠਨਾਂ ਨੇ 21 ਜੁਲਾਈ ਨੂੰ ਮਾਨਸਾ ਵਿਚ ਇੱਕ ਵੱਡਾ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ।












