ਨਸ਼ੇ ਨੇ ਪੰਜਾਬ ਦੇ ਇਸ ਪਰਿਵਾਰ ਦੇ ਤਿੰਨੇ ਪੁੱਤਾਂ ਦੀ ਲਈ ਜਾਨ, ਧੱਕੇ ਖਾਂਦੀ ਫਿਰ ਰਹੀ ਮਾਂ- ਗ੍ਰਾਊਂਡ ਰਿਪੋਰਟ

- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਚੇਤਾਵਨੀ - ਇਸ ਲੇਖ ਦੇ ਕੁਝ ਤੱਥ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ
“ਮੈਂ ਅੱਧੀ ਅੱਧੀ ਰਾਤ ਜਾਗ ਕੇ ਉਨ੍ਹਾਂ ਦਾ ਇੰਤਜ਼ਾਰ ਕਰਦੀ ਅਤੇ ਘਰ ਆਉਣ ਉੱਤੇ ਉਨ੍ਹਾਂ ਅੱਗੇ ਹੱਥ ਜੋੜ ਕੇ ਤਰਲੇ ਕਰਦੀ ਕਿ ਨਸ਼ੇ ਨਾ ਕਰੋ, ਪਰ ਉਨ੍ਹਾਂ ਮੇਰੀ ਇੱਕ ਨਾ ਸੁਣੀ।”
ਇਹ ਸ਼ਬਦ ਹਨ ਸੁਖਵਿੰਦਰ ਕੌਰ ਦੇ, ਜਿਸ ਦਾ ਦਾਅਵਾ ਹੈ ਕਿ ਉਸ ਦੇ ਤਿੰਨ ਪੁੱਤਰ ਨਸ਼ੇ ਦੀ ਭੇਂਟ ਚੜ ਗਏ।
ਸੁਖਵਿੰਦਰ ਕੌਰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਰਾੜ ਦੀ ਰਹਿਣ ਵਾਲੀ ਹੈ ਅਤੇ ਇਸ ਦੇ ਤੀਜੇ ਪੁੱਤਰ ਨਿਰਮਲ ਸਿੰਘ ਦੀ ਮੌਤ ਪਿਛਲੇ ਮਹੀਨੇ 30 ਜੂਨ ਨੂੰ ਹੋਈ ਹੈ। ਪਰਿਵਾਰ ਦਾ ਦਾਅਵਾ ਹੈ ਕਿ ਨਸ਼ੇ ਦੀ ਓਵਰ ਡੋਜ਼ ਕਾਰਨ ਨਿਰਮਲ ਸਿੰਘ ਦੀ ਮੌਤ ਹੋਈ ਹੈ।"
ਜਿਸ ਸਮੇਂ ਬੀਬੀਸੀ ਦੀ ਟੀਮ ਉਨ੍ਹਾਂ ਦੇ ਘਰ ਪਹੁੰਚੀ ਤਾਂ ਪਿੰਡ ਦੇ ਲੋਕ ਉਨ੍ਹਾਂ ਦੇ ਘਰ ਅਫ਼ਸੋਸ ਪ੍ਰਗਟ ਕਰਨ ਲਈ ਆ-ਜਾ ਰਹੇ ਸਨ। ਘਰ ਦੇ ਵਿਹੜੇ ਵਿੱਚ ਨਿਰਮਲ ਸਿੰਘ ਦੀ ਛੇ ਸਾਲਾ ਧੀ ਖੇਡ ਰਹੀ ਸੀ ਇਸ ਗੱਲ ਤੋਂ ਬੇਖ਼ਬਰ ਕਿ ਉਸ ਦੇ ਪਿਤਾ ਇਸ ਦੁਨੀਆ ਵਿੱਚ ਨਹੀਂ ਰਹੇ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਬਜ਼ੁਰਗ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਚਾਰ ਪੁੱਤਰ ਸਨ ਅਤੇ ਤਿੰਨ ਦੀ ਮੌਤ ਨਸ਼ਾ ਲੈਣ ਕਾਰਨ ਅਤੇ ਇੱਕ ਦੀ ਮੌਤ ਬਿਮਾਰੀ ਕਾਰਨ ਹੋ ਗਈ ਸੀ।
ਦਲਿਤ ਭਾਈਚਾਰੇ ਨਾਲ ਸਬੰਧਿਤ ਸੁਖਵਿੰਦਰ ਕੌਰ ਆਖਦੇ ਹਨ ਕਿ ਉਨ੍ਹਾਂ ਨੇ ਲੋਕਾਂ ਦੇ ਘਰਾਂ ਵਿੱਚ ਕੰਮ ਕਰ ਕੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਸੀ, ਇਸ ਉਮੀਦ ਨਾਲ ਕਿ ਬੁਢਾਪਾ ਆਰਾਮ ਨਾਲ ਨਿਕਲ ਜਾਵੇਗਾ ਪਰ ਅਫ਼ਸੋਸ ਚਿੱਟੇ ਦੇ ਟੀਕੇ ਨੇ ਅਜਿਹਾ ਹੋਣ ਨਹੀਂ ਦਿੱਤਾ।
ਸੁਖਵਿੰਦਰ ਕੌਰ ਨੇ ਦੱਸਿਆ, "ਪਹਿਲਾਂ ਪੁੱਤਰਾਂ ਨੂੰ ਪਾਲਿਆ ਅਤੇ ਹੁਣ ਮ੍ਰਿਤਕ ਪੁੱਤਰਾਂ ਦੇ ਤਿੰਨ ਬੱਚਿਆਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਆਣ ਪਈ ਹੈ।"
ਆਪਣੀ ਦਾਸਤਾਨ ਸੁਣਾਉਂਦੇ ਹੋਏ ਸੁਖਵਿੰਦਰ ਕੌਰ ਆਖਦੀ ਹੈ, "ਸਰਕਾਰੋ ਮੇਰੇ ਵੱਲ ਦੇਖੋ ਅਤੇ ਤਰਸ ਕਰੋ ਕਿ ਨਸ਼ੇ ਨੇ ਕਿਵੇਂ ਸਾਡਾ ਘਰ ਸੁੰਨਾ ਕਰ ਦਿੱਤਾ ਹੈ, ਕੁਝ ਤਾਂ ਤਰਸ ਕਰੋ।”

ਪਰਿਵਾਰ ਦੀ ਸਥਿਤੀ ਇਹ ਹੈ ਕਿ ਨਿਰਮਲ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਨਾ ਤਾਂ ਪੁਲਿਸ ਕੋਲ ਇਸ ਦੀ ਸ਼ਿਕਾਇਤ ਕੀਤੀ ਅਤੇ ਨਾ ਹੀ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਇਆ।
ਇਸ ਦਾ ਕਾਰਨ ਪੁੱਛੇ ਜਾਣ ਉੱਤੇ ਸੁਖਵਿੰਦਰ ਕੌਰ ਆਖਦੀ ਹੈ ਕਿ ਪੋਸਟ ਮਾਰਟਮ ਕਰਵਾਉਣ ਲਈ ਪੈਸੇ ਨਹੀਂ ਸਨ ਅਤੇ ਪੁਲਿਸ ਨੇ ਇਸ ਮਾਮਲੇ ਵਿੱਚ ਕੁਝ ਨਹੀਂ ਸੀ ਕਰਨਾ।
ਮ੍ਰਿਤਕ ਪੁੱਤਰਾਂ ਦੇ ਛੋਟੇ ਬੱਚਿਆਂ ਦੇ ਭਵਿੱਖ ਬਾਰੇ ਪੁੱਛਣ ਉੱਤੇ ਅੱਖ ਨਮ ਕਰ ਕੇ ਉਹ ਆਖਦੇ ਹਨ, "ਹੁਣ ਤਾਂ ਰੱਬ ਹੀ ਜਾਣੇ, ਕਿਉਂਕਿ ਉਮਰ ਇੰਨੀ ਹੋ ਚੁੱਕੀ ਹੈ ਕਿ ਸਰੀਰ ਵੀ ਮਿਹਨਤ ਤੋਂ ਜਵਾਬ ਦੇਣ ਲੱਗਾ ਹੈ।"
ਪੁੱਤਰਾਂ ਦੀ ਮੌਤ ਤੋਂ ਬਾਅਦ ਨੂੰਹਾਂ ਘਰ ਅਤੇ ਬੱਚੇ ਛੱਡ ਕੇ ਪੇਕੇ ਰਹਿਣ ਲੱਗ ਪਈਆਂ ਹਨ।

ਇਕਲੌਤੇ ਪੁੱਤਰ ਨੂੰ ਸੰਗਲ਼ ਨਾਲ ਬੰਨ੍ਹਣ ਲਈ ਮਜਬੂਰ ਹੋਏ ਮਾਪੇ
ਪੰਜਾਬ ਦੇ ਮਾਝਾ ਖੇਤਰ ਤੋਂ ਬਾਅਦ ਹੁਣ ਗੱਲ ਮਾਲਵਾ ਖ਼ਿੱਤੇ ਦੀ। ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਘੁਮਿਆਰਾ ਦੇ ਰਹਿਣ ਵਾਲੇ ਨੱਥਾ ਸਿੰਘ ਆਪਣੇ ਇਕਲੌਤੇ ਨੌਜਵਾਨ ਪੁੱਤਰ ਨੂੰ ਸੰਗਲ਼ ਨਾਲ ਬੰਨ੍ਹਣ ਲਈ ਮਜਬੂਰ ਹੈ।
ਫ਼ਰੀਦਕੋਟ ਤੋਂ ਬੀਬੀਸੀ ਸਹਿਯੋਗੀ ਭਰਤ ਭੂਸ਼ਣ ਮੁਤਾਬਕ ਕਿਸਾਨਾਂ ਦੀ ਜ਼ਮੀਨ ਠੇਕੇ ਉੱਤੇ ਲੈ ਕੇ ਖੇਤੀ ਕਰ ਕੇ ਪਰਿਵਾਰ ਪਾਲਣ ਵਾਲੇ ਨੱਥਾ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਨਸ਼ੇ ਦੀਆਂ ਗੋਲੀਆਂ ਖਾਣ ਦਾ ਆਦੀ ਹੋ ਗਿਆ ਹੈ।
ਪਰਿਵਾਰ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਸ ਨੇ ਰੋਟੀ ਖਾਣੀ ਬੰਦ ਕਰ ਦਿੱਤੀ।
ਡਾਕਟਰ ਕੋਲ ਚੈੱਕ ਕਰਵਾਉਣ ਉੱਤੇ ਪਤਾ ਲੱਗਾ ਕਿ ਉਸ ਨੂੰ ਕਾਲਾ ਪੀਲੀਆ ਹੋ ਗਿਆ ਹੈ।

ਨੱਥਾ ਸਿੰਘ ਹੁਣ ਪੁੱਤਰ ਦਾ ਇਲਾਜ ਕਰਵਾ ਰਿਹਾ ਹੈ ਪਰ ਨਾਲ ਹੀ ਉਸ ਨੂੰ ਸੰਗਲ਼ ਨਾਲ ਬੰਨ੍ਹ ਦਿੱਤਾ ਹੈ ਤਾਂ ਜੋ ਉਹ ਫਿਰ ਤੋਂ ਨਸ਼ਾ ਨਾ ਕਰ ਸਕੇ।
ਨੱਥਾ ਸਿੰਘ ਦੱਸਦੇ ਹਨ ਕਿ ਤਿੰਨ ਬੇਟੀਆਂ ਦੇ ਵਿਆਹ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਪ੍ਰਾਈਵੇਟ ਨੌਕਰੀ ਕਰਨ ਲੱਗਾ ਅਤੇ ਉੱਥੇ ਹੀ ਦੋਸਤਾਂ ਨਾਲ ਨਸ਼ਾ ਕਰਨ ਲੱਗਾ।
ਪੁੱਛਣ ਉੱਤੇ ਪੀੜਤ ਨੌਜਵਾਨ ਨੇ ਦੱਸਿਆ ਕਿ ਪਿੰਡ ਵਿੱਚ ਹੀ ਮੌਜੂਦਾ ਇੱਕ ਮੈਡੀਕਲ ਦੁਕਾਨ ਤੋਂ ਉਹ ਨਸ਼ਾ ਖਰੀਦ ਕੇ ਇਸ ਦਾ ਸੇਵਨ ਕਰਦਾ ਸੀ।
ਨੱਥਾ ਸਿੰਘ ਆਖਦੇ ਹਨ ਕਿ ਉਹ ਚੁੱਪ ਚਾਪ ਆਪਣੇ ਪੁੱਤਰ ਦਾ ਇਲਾਜ ਘਰ ਬੈਠ ਕਰਵਾ ਸਕਦੇ ਸੀ ਪਰ ਲੋਕਾਂ ਨੂੰ ਕਿਵੇਂ ਪਤਾ ਲੱਗੇ ਨਸ਼ੇ ਨੂੰ ਲੈ ਕੇ ਪੰਜਾਬ ਦੀ ਅਸਲ ਸਥਿਤੀ ਕੀ ਹੈ।

ਨੱਥਾ ਸਿੰਘ ਨੇ ਪਿੰਡ ਵਿੱਚ ਨਸ਼ੇ ਦੀ ਵਿੱਕਰੀ ਬਾਰੇ ਬਕਾਇਦਾ ਵੀਡੀਓ ਬਣਾ ਕੇ ਸਰਪੰਚ ਕੁਲਵੰਤ ਸਿੰਘ ਕੋਲ ਸ਼ਿਕਾਇਤ ਕੀਤੀ। ਸਰਪੰਚ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਦੁਕਾਨਦਾਰ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰ ਕੇ ਅਤੇ ਮੈਡੀਕਲ ਸਟੋਰ ਨੂੰ ਸੀਲ ਕਰਵਾ ਦਿੱਤਾ।
ਕੁਲਵੰਤ ਸਿੰਘ ਨੇ ਦੱਸਿਆ, "ਪਿੰਡ ਵਿੱਚ ਕਈ ਨੌਜਵਾਨ ਨਸ਼ੇ ਦੇ ਆਦੀ ਹਨ ਅਤੇ ਸਥਿਤੀ ਗੰਭੀਰ ਹੈ। ਪੁਲਿਸ ਨੇ ਸ਼ਿਕਾਇਤ ਉੱਤੇ ਕਾਰਵਾਈ ਕਰ ਕੇ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਹੈ ਪਰ ਨਸ਼ੇੜੀ ਕਿਸੇ ਹੋਰ ਥਾਂ ਤੋਂ ਨਸ਼ੇ ਦੀ ਪੂਰਤੀ ਕਰ ਲੈਣਗੇ।"
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਨੂੰ ਨਸ਼ਾ ਵੇਚਣ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।
ਨਸ਼ੇ ਦੇ ਮੁੱਦੇ ਉੱਤੇ ਪੰਜਾਬ ਦੀ ਜ਼ਮੀਨੀ ਹਕੀਕਤ
ਪੰਜ ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਮੋਗਾ-ਕੋਟਕਪੂਰਾ ਰੋਡ ਵਿਖੇ ਸਿੰਘਾਂਵਾਲਾ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਗਏ ਤਾਂ ਲੋਕਾਂ ਨੇ ਉਨ੍ਹਾਂ ਨੂੰ ਨਸ਼ੇ ਦੇ ਮੁੱਦੇ ਉੱਤੇ ਸਵਾਲ ਕੀਤਾ।
ਮੁੱਖ ਮੰਤਰੀ ਨੇ ਆਖਿਆ ਹੈ ਕਿ ਨਸ਼ੇ ਦੇ ਮੁੱਦੇ ’ਤੇ ਸਰਕਾਰ ਕੰਮ ਰਹੀ ਹੈ ਅਤੇ ਅਗਲੇ ਕੁਝ ਮਹੀਨਿਆਂ ’ਚ ਹੀ ਇਸ ਦਾ ਨਤੀਜਾ ਸਾਹਮਣੇ ਆਵੇਗਾ।
ਉਨ੍ਹਾਂ ਆਖਿਆ, "ਨਸ਼ੇ ਦੀ ਸਪਲਾਈ ਚੇਨ ਤੋੜਨ ਤੋਂ ਇਲਾਵਾ ਨਸ਼ਾ ਗ੍ਰਸਤ ਲੋਕਾਂ ਨੂੰ ਨਸ਼ੇ ਤੋਂ ਦੂਰ ਰੱਖਣਾ, ਉਨ੍ਹਾਂ ਦਾ ਇਲਾਜ ਕਰਵਾਉਣਾ ਅਤੇ ਠੀਕ ਹੋਣ ਉੱਤੇ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਸਰਕਾਰ ਦੇ ਏਜੰਡੇ ਵਿੱਚ ਸ਼ਾਮਲ ਹੈ।"

ਪੰਜਾਬ ਵਿਧਾਨ ਸਭਾ ਵਿੱਚ ਮਾਰਚ 2023 ਵਿੱਚ ਨਸ਼ੇ ਉੱਤੇ ਹੋਈ ਬਹਿਸ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਮੰਨਿਆ ਕਿ ਸੂਬੇ ਵਿੱਚ ਕਰੀਬ ਦਸ ਲੱਖ ਲੋਕ ਨਸ਼ੇ ਤੋਂ ਗ੍ਰਸਿਤ ਹਨ।
ਉਨ੍ਹਾਂ ਆਖਿਆ ਕਿ ਇਸ ਤੋਂ ਵੀ ਚਿੰਤਾ ਵਾਲੀ ਗੱਲ ਇਹ ਹੈ ਕਿ ਸਰਕਾਰੀ ਨਸ਼ਾ ਛਡਾਓ ਕੇਂਦਰਾਂ ਵਿੱਚ ਸਿਰਫ਼ 1.5 ਫ਼ੀਸਦੀ ਅਤੇ ਪ੍ਰਾਈਵੇਟ ਸੈਂਟਰਾਂ ਵਿੱਚ 0.04 ਫ਼ੀਸਦੀ ਠੀਕ ਹੋਏ।
ਉਨ੍ਹਾਂ ਮੁਤਾਬਕ, "2017 ਤੋਂ 2022 ਤੱਕ ਕੁਝ ਸੈਂਟਰਾਂ ਵਿੱਚ ਤਾਂ ਇੱਕ ਮਰੀਜ਼ ਦਾ ਹੀ ਪੂਰਾ ਇਲਾਜ ਹੋਇਆ।"
ਪੰਜਾਬ ਸਰਕਾਰ ਨੇ ਦਾਅਵਾ ਕੀਤਾ ਕਿ 102 ਕਰੋੜ ਰੁਪਏ ਹਰ ਸਾਲ ਨਸ਼ੇ ਦੀ ਰੋਕਥਾਮ ਉੱਤੇ ਖ਼ਰਚ ਹੁੰਦੇ ਹਨ ਜਿਸ ਵਿੱਚ ਨਸ਼ਾ ਛਡਾਊ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ, ਨਸ਼ਿਆਂ ਦੀ ਰੋਕਥਾਮ ਉੱਤੇ ਖ਼ਰਚ ਵੀ ਵੱਧ ਰਿਹਾ ਹੈ ਪਰ ਨਾਲ ਹੀ ਨਸ਼ੇ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਇਜ਼ਾਫਾ ਹੋ ਰਿਹਾ ਹੈ।
ਡਾਕਟਰ ਬਲਵੀਰ ਸਿੰਘ ਮੁਤਾਬਕ, "ਇਸੇ ਕਾਰਨ ਪੰਜਾਬ ਵਿੱਚ ਹੈਪੇਟਾਈਟਸ- ਬੀ, ਕਾਲਾ ਪੀਲੀਆਂ ਅਤੇ ਐੱਚਆਈਵੀ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ।"

ਕੀ ਹੈ ਕਾਰਨ
ਆਖ਼ਰਕਾਰ ਪੰਜਾਬ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕਿਉਂ ਨਹੀਂ ਆ ਰਿਹਾ, ਇਸ ਬਾਰੇ ਅਸੀਂ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਸਥਿਤ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਇੰਚਾਰਜ ਡਾਕਟਰ ਜਸਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ।
ਡਾਕਟਰ ਜਸਪ੍ਰੀਤ ਸਿੰਘ ਮੁਤਾਬਕ ਸਰਕਾਰਾਂ ਆਪਣਾ ਕੰਮ ਕਰ ਰਹੀਆਂ ਹਨ ਪਰ ਇਸ ਦੀ ਪੂਰਨ ਰੋਕਥਾਮ ਲਈ ਇੱਕ ਸਮਾਜਕ ਲਹਿਰ ਛੇੜਨ ਦੀ ਲੋੜ ਹੈ।
ਕਾਫ਼ੀ ਲੰਮੇ ਸਮੇਂ ਤੋਂ ਨਸ਼ੇ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰ ਜਸਪ੍ਰੀਤ ਸਿੰਘ ਦਾ ਕਹਿਣਾ ਹੈ, "ਨਸ਼ੇ ਦੇ ਆਦੀ ਵਿਅਕਤੀ ਨੂੰ ਨਸ਼ੇੜੀ ਆਖਣਾ ਜਾਂ ਫਿਰ ਉਸ ਦੀ ਕੁੱਟਮਾਰ ਕਰਨੀ ਸਹੀ ਤਰੀਕਾ ਨਹੀਂ ਹੈ।"
ਉਨ੍ਹਾਂ ਦੱਸਿਆ ਕਿ ਇਹ ਇੱਕ ਬਿਮਾਰੀ ਹੈ ਜਿਸ ਨੂੰ ਇਲਾਜ ਰਾਹੀਂ ਹੀ ਠੀਕ ਕੀਤਾ ਜਾ ਸਕਦਾ ਹੈ।

ਤਸਵੀਰ ਸਰੋਤ, INFORMATION AND PUBLIC RELATIONS DEPARTMENT, PUNJAB
ਨਸ਼ੇ ਦੇ ਮੁੱਦੇ ਉਤੇ ਆਪ ਸਰਕਾਰ ਦਾ ਇਕ ਸਾਲ ਦਾ ਰਿਪੋਰਟ ਕਾਰਡ
ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਪੰਜਾਬ ਸਰਕਾਰ ਵਲੋਂ 5 ਜੁਲਾਈ 2022 ਤੋਂ ਵਿਸ਼ੇਸ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਇਸ ਮੁਹਿੰਮ ਦੇ ਇਕ ਸਾਲ ਪੂਰਾ ਹੋਣ ਉਤੇ ਹੁਣ ਤੱਕ ਪੰਜਾਬ ਪੁਲਿਸ ਵਲੋਂ 2351 ਵੱਡੀਆਂ ਮੱਛੀਆਂ ਸਮੇਤ 16360 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਤੋਂ ਇਲਾਵਾ ਪੁਲਿਸ ਵੱਲੋਂ ਕੁੱਲ 12218 ਐੱਫਆਈਆਰ ਦਰਜ ਕੀਤੀਆਂ ਹਨ ਜਿਨ੍ਹਾਂ ਵਿੱਚੋਂ 1458 ਵਪਾਰਕ ਮਾਮਲਿਆਂ ਨਾਲ ਸਬੰਧਤ ਹਨ।
ਪੰਜਾਬ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਹੈੱਡਕੁਆਰਟਰਜ਼ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਕਾਰਵਾਈ ਕਰਕੇ ਸੂਬੇ ਭਰ ਤੋਂ 1073.44 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਮੁਤਾਬਕ
- ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਕਾਰਵਾਈ ਕਰਕੇ ਸੂਬੇ ਭਰ ਤੋਂ 1073.44 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
- ਸੂਬੇ ਭਰ ਵਿੱਚੋਂ 797.14 ਕਿਲੋ ਅਫੀਮ, 902.13 ਕਿਲੋ ਗਾਂਜਾ, 375.47 ਕੁਇੰਟਲ ਭੁੱਕੀ ਅਤੇ 65.49 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਬਰਾਮਦ ਕੀਤੀਆਂ ਹਨ।
- ਪਿਛਲੇ ਇੱਕ ਸਾਲ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਤੋਂ 12.33 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ ਹੈ।
- ਪੰਜਾਬ ਪੁਲਿਸ ਨੇ ਪਿਛਲੇ ਸਾਲ ਦੌਰਾਨ 66 ਨਸ਼ਾ ਤਸਕਰਾਂ ਦੀਆਂ 26.72 ਕਰੋੜ ਰੁਪਏ ਦੀ ਕੀਮਤ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਹਨ।
- ਪਿਛਲੇ ਇੱਕ ਹਫ਼ਤੇ ਵਿੱਚ 10 ਹੋਰ ਭਗੌੜੇ ਐੱਨਡੀਪੀਐੱਸ ਕੇਸਾਂ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਦੇ ਨਾਲ, 5 ਜੁਲਾਈ, 2022 ਨੂੰ ਪੀਓਜ਼/ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ ਹੁਣ 964 ਤੱਕ ਪਹੁੰਚ ਗਈ ਹੈ।
















