ਲੁਧਿਆਣਾ: ਨਸ਼ੇ ਦੀ ਦਲਦਲ ਵਿੱਚੋਂ ਨਿਕਲ ਕੇ ਕਿਵੇਂ ਮਸ਼ਹੂਰ ਟੈਟੂ ਆਰਟਿਸਟ ਬਣਿਆ ਇਹ ਨੌਜਵਾਨ

ਵੀਡੀਓ ਕੈਪਸ਼ਨ, ਕਦੇ ਨਸ਼ੇ ਦਾ ਆਦੀ ਸੀ, ਅੱਜ ਮੂਸੇਵਾਲਾ ਦੇ ਪਿਤਾ ਤੱਕ ਦੇ ਬਣਾ ਰਿਹਾ ਟੈਟੂ

"ਕਿਸੇ ਨੇ ਕਿਹਾ ਤੂੰ ਬਲਾਕ ਦਾ ਪਹਿਲਾਂ ਹੈ, ਜਿਸ ਦੇ ਤਿੰਨ ਧੀਆਂ ਹਨ, ਪਰ ਮੇਰੀਆਂ ਧੀਆਂ ਦੇ ਆਉਣ ਨਾਲ ਮੇਰਾ ਕਾਰੋਬਾਰ ਵਧਦਾ ਗਿਆ ਮੇਰੀ ਤਰੱਕੀ ਹੁੰਦੀ ਗਈ ਜੇ ਇਹ ਨਾ ਹੁੰਦੀਆਂ ਤਾਂ ਮੇਰਾ ਕੁਝ ਨਹੀਂ ਬਣਨਾ ਸੀ।"

"ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਸੋਚ ਲੈਂਦੇ ਹੋ ਕਿ ਮੈਂ ਇਹੀ ਕੰਮ ਕਰਨਾ ਹੈ ਤਾਂ ਰੱਬ ਵੀ ਤੁਹਾਡੇ ਲਈ ਰਸਤੇ ਖੋਲ੍ਹਦਾ ਰਹਿੰਦਾ ਹੈ।"

ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਬੀਬੀਸੀ ਦੇ ਸਹਿਯੋਗੀ ਗੁਰਮਿੰਦਰ ਗਰੇਵਾਲ ਨਾਲ ਗੁਰਪ੍ਰੀਤ ਸਿੰਘ ਨੇ ਸਾਂਝਾ ਕੀਤਾ, ਜੋ ਸੋਨੂੰ ਟੈਟੂ ਆਰਟਿਸ ਵਜੋਂ ਮਸ਼ਹੂਰ ਹਨ।

ਗੁਰਪ੍ਰੀਤ ਸਿੰਘ ਇਸ ਤੋਂ ਪਹਿਲਾਂ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਸਨ ਅਤੇ ਲੋਕ ਅੱਜ ਉਨ੍ਹਾਂ ਨੂੰ ਉਨ੍ਹਾਂ ਦੇ ਹੁਨਰ ਕਰਕੇ ਜਾਣਦੇ ਹਨ।

ਗੁਰਪ੍ਰੀਤ ਸਿੰਘ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮਲੌਦ ਦੇ ਰਹਿਣ ਵਾਲੇ ਹਨ ਪਰ ਉਹ ਆਪਣੇ ਪੇਸ਼ੇਵਰ ਨਾਮ ਸੋਨੂੰ ਟੈਟੂ ਦੇ ਨਾਮ ਨਾਲ ਜ਼ਿਆਦਾ ਜਾਣੇ ਜਾਂਦੇ ਹਨ।

ਗੁਰਪ੍ਰੀਤ ਸਿੰਘ
ਤਸਵੀਰ ਕੈਪਸ਼ਨ, ਗੁਰਪ੍ਰੀਤ ਸਿੰਘ ਸਕੂਲ ਵੇਲੇ ਤੋਂ ਹੀ ਨਸ਼ੇ ਵਿੱਚ ਪੈ ਗਏ ਸਨ

ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੂੰ ਬਚਪਨ ਵਿੱਚ ਸਕੂਲ ਟਾਈਮ ਤੋਂ ਹੀ ਡਰਾਇੰਗ ਦਾ ਬੜਾ ਸ਼ੌਂਕ ਸੀ।

ਉਹ ਕਹਿੰਦੇ ਹਨ, "ਬਾਜ਼ਾਰ 'ਚੋਂ ਮਿਲਣ ਵਾਲੇ 10-10 ਰੁਪਏ ਦਾ ਟੈਟੂ ਖਰੀਦ ਕੇ ਲਗਾਉਂਦਾ ਹੁੰਦਾ ਸੀ। ਮੈਨੂੰ ਇਸ ਚੀਜ਼ ਦਾ ਸ਼ੌਂਕ ਸੀ ਤੇ ਮੈਨੂੰ ਲੱਗਦਾ ਸੀ ਕਿ ਜੇ ਮੈਂ ਕੁਝ ਕਰਾਂ ਤਾਂ ਕੁਝ ਇਸੇ ਦੇ ਆਲੇ-ਦੁਆਲੇ ਕਰਾਂਗਾ।"

ਉਹ ਅੱਗੇ ਕਹਿੰਦੇ ਹਨ, "ਮੈਂ ਸਕੂਲ ਟਾਈਮ ਵਿੱਚ ਹੀ ਅਠਵੀਂ ਵਿੱਚ ਹੀ ਨਸ਼ਾ ਕਰਨ ਲੱਗ ਗਿਆ ਸੀ। ਸਕੂਲ ਵਿੱਚ ਵੀ ਪਤਾ ਲੱਗ ਗਿਆ ਸੀ ਅਤੇ ਪੜ੍ਹਾਈ ਵਿੱਚੋਂ ਧਿਆਨ ਹਟ ਗਿਆ ਸੀ। ਸਾਨੂੰ ਇਹੀ ਹੁੰਦਾ ਸੀ ਕਿ ਸਕੂਲ ਵਿੱਚੋਂ ਭੱਜ ਜਾਵਾਂਗੇ, ਨਸ਼ਾ ਕਰਾਂਗੇ। ਸਾਰਾ-ਸਾਰਾ ਦਿਨ ਖਾਲ੍ਹੀ ਪਈਆਂ ਇਮਾਰਤਾਂ ਵਿੱਚ ਬੈਠੇ ਰਹਿੰਦੇ ਸੀ।"

"ਉਸ ਤੋਂ ਬਾਅਦ ਨਸ਼ੇ ਦੀ ਇਹ ਦਲਦਲ ਵਧਦੀ ਹੀ ਗਈ, ਘਟੀ ਨਹੀਂ। ਨੌਵੀਂ ਜਮਾਤ ਵੀ ਪਾਸ ਨਹੀਂ ਹੋਈ ਸੀ, ਸਿਰਫ਼ ਦੋ ਹੀ ਪੇਪਰ ਪਾਸ ਕੀਤੇ ਸਨ।"

ਗੁਰਪ੍ਰੀਤ ਸਿੰਘ
ਤਸਵੀਰ ਕੈਪਸ਼ਨ, ਗੁਰਪ੍ਰੀਤ ਸਿੰਘ ਦੇ ਘਰ ਵਾਲੇ ਵੀ ਪਰੇਸ਼ਾਨ ਹੋ ਗਏ ਸਨ

ਕਿਵੇਂ ਲੱਗੀ ਨਸ਼ੇ ਦੀ ਲਤ

ਨਸ਼ੇ ਦੀ ਲਤ ਕਿਵੇਂ ਲੱਗੀ ਇਸ ਬਾਰੇ ਗੁਰਪ੍ਰੀਤ ਸਿੰਘ ਆਖਦੇ ਹਨ ਕਿ ਇਹੀ ਹੁੰਦਾ ਸੀ ਕਿ "ਜੇ ਉਹ ਬੰਦਾ ਨਸ਼ਾ ਕਰਦਾ ਹੈ ਤਾਂ ਮੈਂ ਕਿਉਂ ਨਹੀਂ ਕਰਦਾ" ਹੋਰ ਤਾਂ ਕਿਸੇ ਨੇ ਨਸ਼ੇ 'ਤੇ ਲਗਾਇਆ ਨਹੀਂ ਸੀ।

ਉਹ ਆਖਦੇ ਹਨ, "ਬਸ ਦੇਖਾ-ਦੇਖੀ ਜੇ ਉਹ ਨਸ਼ਾ ਕਰਦਾ ਤਾਂ ਮੈਂ ਵੀ ਕਰਾਂਗਾ। ਬੀੜੀਆਂ-ਸਿਗਰਟਾਂ, ਜ਼ਰਦਾ ਸਭ ਚੱਲੀ ਗਿਆ। ਫਿਰ ਹੌਲੀ-ਹੌਲੀ ਲੱਗਾ ਕਿ ਬਈ ਰਾਤ ਵਾਲਾ ਨਸ਼ਾ ਕਿਉਂ ਨਾ ਦਿਨੇ ਵੀ ਕੀਤਾ ਜਾਵੇ।"

"ਫਿਰ ਮੈਡੀਕਲ ਨਸ਼ਾ ਵੀ ਸ਼ੁਰੂ ਕਰ ਦਿੱਤਾ। ਇੰਨਾ ਕੁ ਨਸ਼ਾ ਕਰਨ ਲੱਗੇ ਗਏ ਸੀ ਕਿ ਦੋ ਮਿੰਟ ਵੀ ਖਲੌਂਦੇ ਸੀ ਤਾਂ ਡਿੱਗ ਜਾਂਦੇ ਸੀ। ਸਵੇਰੇ ਉੱਠਣ ਸਾਰ ਹੀ ਨਸ਼ਾ ਹੀ ਲੱਭਦੇ ਸੀ। ਘਰਦਿਆਂ ਨੂੰ ਵੀ ਤੰਗ ਕਰਦੇ ਸੀ ਕਿ ਜਿੱਥੋ ਮਰਜ਼ੀ ਪੈਸੇ ਕਰੋ।"

"ਘਰ ਦੇ ਗਹਿਣੇ-ਗੱਟੇ ਵਾਲ਼ੀਆਂ ਸਭ ਗਹਿਣੇ ਪਾ ਦਿੱਤੇ ਸਨ, ਸਿਰਫ਼ ਇੱਕ ਨਸ਼ੇ ਕਰਕੇ।"

ਗੁਰਪ੍ਰੀਤ ਸਿੰਘ ਕਹਿੰਦੇ ਹਨ ਕਿ ਘਰਦਿਆਂ ਨੂੰ ਵੀ ਡਰ ਸੀ ਕਿ ਕਿਤੇ ਕੁਝ ਹੋ ਨਾ ਜਾਵੇ। ਉਹ ਵੀ ਪੈਸੇ ਦਾ ਜੁਗਾੜ ਕਰ ਦਿੰਦੇ ਸੀ।

ਉਨ੍ਹਾਂ ਨੇ ਦੱਸਿਆ ਕਿ ਫਿਰ ਘਰਦਿਆਂ ਨੇ ਰੀਹੈਬ (ਮੁੜ ਵਸੇਬਾ) ਸੈਂਟਰ ਵਿੱਚ ਪਾ ਦਿੱਤਾ ਸੀ, ਜਿੱਥੇ 6 ਮਹੀਨੇ ਲਗਾਏ ਸਨ।

ਉਹ ਅੱਗੇ ਦੱਸਦੇ ਹਨ, "ਉਥੋਂ ਆ ਕੇ ਮੈਂ ਮੁੜ ਨਸ਼ੇ ਕਰਨ ਲੱਗ ਗਿਆ ਸੀ। ਉਸ ਤੋਂ ਬਾਅਦ ਮੈਨੂੰ ਅੰਬਾਲੇ ਭੇਜ ਦਿੱਤਾ। ਉੱਥੇ ਮੈਂ ਤਿੰਨ ਸਾਲ ਰਿਹਾ ਸੀ ਘਰ ਨਹੀਂ ਆਇਆ ਸੀ।"

ਗੁਰਪ੍ਰੀਤ ਸਿੰਘ
ਤਸਵੀਰ ਕੈਪਸ਼ਨ, ਗੁਰਪ੍ਰੀਤ ਸਿੰਘ ਕਈ ਕਲਾਕਾਰਾਂ ਦੇ ਟੈਟੂ ਬਣਾ ਚੁੱਕੇ ਹਨ
ਇਹ ਵੀ ਪੜ੍ਹੋ-

ਸੈਂਟਰ ਵਿੱਚ ਹੋਇਆ ਪਿਆਰ

ਗੁਰਪ੍ਰੀਤ ਦੱਸਦੇ ਹਨ ਜਦੋਂ ਸੈਂਟਰ ਵਿੱਚ ਇੱਕ ਕਮਰੇ ਵਿੱਚ ਬੰਦ ਰਹਿੰਦੇ ਸੀ ਤਾਂ ਉੱਥੇ ਅਹਿਸਾਸ ਹੁੰਦਾ ਸੀ ਕਿ ਕਿਵੇਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਮਾੜਾ ਬਣਾ ਲਿਆ ਸੀ।

ਉਹ ਕਹਿੰਦੇ ਹਨ, "ਜਦੋਂ ਮੇਰੀਆਂ ਕੀਤੀਆਂ ਹੋਈਆਂ ਚੀਜ਼ਾਂ ਮੇਰੇ ਦਿਮਾਗ਼ ਵਿੱਚ ਆਉਂਦੀਆਂ ਸਨ ਤਾਂ ਇੰਝ ਲੱਗਦਾ ਸੀ ਮੈਂ ਕਿੰਨੀ ਘਟੀਆ ਚੀਜ਼ਾਂ 'ਤੇ ਉਤਰ ਆਇਆ ਸੀ। ਫਿਰ ਮੈਨੂੰ ਲੱਗਾ ਕਿ ਮੈਨੂੰ ਇਸ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ।"

ਉਹ ਕਹਿੰਦੇ ਹਨ ਕਿ ਉੱਥੇ ਹੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਲਈ ਇਹ ਲਾਈਨ ਵਧੀਆ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੇ ਮਾਪਿਆਂ ਲਈ ਕਿਉਂਕਿ ਉਨ੍ਹਾਂ ਨੂੰ ਕਈ ਲਾਂਭੇ ਮਿਲਦੇ ਸਨ।

ਗੁਰਪ੍ਰੀਤ ਸਿੰਘ ਦੱਸਦੇ ਹਨ, "ਮੇਰੇ ਸੈਂਟਰ ਦੇ ਨੇੜੇ ਹੀ ਮੇਰੀ ਪਤਨੀ ਦਾ ਘਰ ਹੁੰਦਾ ਸੀ। ਉੱਥੇ ਹੀ ਮੈਂ ਲਵ ਮੈਰਿਜ ਕਰਵਾ ਕੇ ਆ ਗਿਆ ਸੀ।"

"ਮੇਰੀ ਪਤਨੀ ਦੇ ਪਰਿਵਾਰ ਵਾਲੇ ਸਾਰੇ ਗੁਰਸਿੱਖੀ ਨਾਲ ਜੁੜੇ ਹੋਏ ਸਨ। ਉਹ ਆਪ ਵੀ ਦਸਤਾਰ ਸਜਾਉਂਦੀ ਸੀ। ਜਦੋਂ ਮੈਂ ਵਿਆਹ ਕਰਵਾਇਆ ਤਾਂ ਥੋੜ੍ਹੇ ਸਮੇਂ ਬਾਅਦ ਮੈਨੂੰ ਇੰਝ ਲੱਗਾ ਕਿ ਮੈਨੂੰ ਵੀ ਗੁਰਸਿੱਖੀ ਨਾਲ ਜੁੜਨਾ ਚਾਹੀਦਾ।"

"ਮੈਨੂੰ ਇਹ ਵੀ ਡਰ ਲੱਗਦਾ ਸੀ ਕਿ ਮੇਰੇ ਬੱਚਿਆਂ ਨੂੰ ਕੋਈ ਇਹ ਨਾ ਕਹੇ ਤੇਰਾ ਪਿਓ ਨਸ਼ੇ ਕਰਕੇ ਇੱਥੇ ਡਿੱਗਿਆ ਰਹਿੰਦਾ, ਉੱਥੇ ਡਿੱਗਿਆ ਤਾਂ ਬਸ ਇੱਥੋਂ ਹੀ ਸ਼ੁਰੂਆਤ ਹੋਈ ਸੀ।"

ਬੀਬੀਸੀ

ਟੈਟੂ ਬਣਾਉਣੇ ਕਦੋਂ ਸ਼ੁਰੂ ਕੀਤੇ

ਗੁਰਪ੍ਰੀਤ ਮੁਤਾਬਕ, ਉਨ੍ਹਾਂ ਦੀਆਂ ਤਿੰਨ ਕੁੜੀਆਂ ਹਨ ਅਤੇ ਇਹਨਾਂ ਛੋਟੀਆਂ ਬੱਚੀਆਂ ਦੀ ਕਿਸਮਤ ਸਦਕਾ ਉਸ ਦਾ ਕੰਮ ਅੱਜ ਬਹੁਤ ਤਰੱਕੀ 'ਤੇ ਹੈ।

ਹਾਲਾਂਕਿ, ਗੁਰਪ੍ਰੀਤ ਨੇ ਆਪਣੀ ਪਹਿਲੀ ਬੇਟੀ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਟੈਟੂ ਦਾ ਕੰਮ ਸ਼ੁਰੂ ਕਰ ਲਿਆ ਸੀ। ਇਸ ਤੋਂ ਪਹਿਲਾਂ ਉਹ ਇੱਕ ਫੈਕਟਰੀ ਵਿੱਚ ਕੰਮ ਕਰਦੇ ਸਨ।

ਪਰ ਦੂਜੀ ਬੇਟੀ ਹੋਣ 'ਤੇ ਉਨ੍ਹਾਂ ਦਾ ਵਧੀਆ ਸਟੂਡੀਓ ਬਣ ਗਿਆ ਸੀ ਅਤੇ ਉਹ ਕਹਿੰਦੇ ਹਨ ਕਾਫੀ ਨਾਮ ਵੀ ਹੋ ਗਿਆ ਸੀ।

ਗੁਰਪ੍ਰੀਤ ਕਹਿੰਦੇ ਹਨ, "ਤੀਜੀ ਬੇਟੀ ਹੋਣ ਵੇਲੇ ਉਨ੍ਹਾਂ ਦਾ ਕੰਮ ਵਧੀਆ ਫੈਲ ਗਿਆ ਸੀ। ਪਹਿਲੀ ਦੁਕਾਨ ਮੇਰੀ ਛੋਟੀ ਜਿਹੀ ਸੀ ਤੇ ਲੋਕਾਂ ਨੇ ਬੜੇ ਤਾਅਨੇ ਵੀ ਮਾਰੇ ਕਿ ਇੱਥੋਂ ਕੀ ਬਣਨਾ। ਪਰ ਰੱਬ ਨੇ ਅਜਿਹੀ ਬਾਂਹ ਫੜ੍ਹੀ ਕਿ ਅੱਜ ਕੋਈ ਸ਼ੈਅ ਨਹੀਂ ਹੈ ਜੋ ਨਾ ਹੋਵੇ।"

ਗੁਰਪ੍ਰੀਤ ਆਪਣੀ ਤਰੱਕੀ ਦਾ ਸਾਰਾ ਸਿਹਰਾ ਗੁਰਸਿੱਖੀ ਵੱਲ ਮੁੜਨ ਅਤੇ ਆਪਣੀਆਂ ਧੀਆਂ ਦੀ ਕਿਸਮਤ ਦੇ ਸਿਰ 'ਤੇ ਬੰਨ੍ਹਦੇ ਹਨ।

ਗੁਰਪ੍ਰੀਤ ਕਹਿੰਦੇ ਹਨ ਕਿ ਹਾਲਾਂਕਿ, ਲੋਕਾਂ ਨੇ ਧੀਆਂ ਕਰ ਕੇ ਬਹੁਤ ਕੁਝ ਕਿਹਾ ਵੀ, ਕਿ ਤੇਰੇ ਤਿੰਨ ਧੀਆਂ ਹੋ ਗਈਆਂ।

"ਕਿਸੇ ਨੇ ਕਿਹਾ ਤੂੰ ਬਲਾਕ ਦਾ ਪਹਿਲਾਂ ਹੈ ਜਿਸ ਦੇ ਤਿੰਨ ਧੀਆਂ ਹਨ, ਪਰ ਮੇਰੀਆਂ ਧੀਆਂ ਦੇ ਆਉਣ ਨਾਲ ਮੇਰਾ ਕਾਰੋਬਾਰ ਵਧਦਾ ਗਿਆ ਮੇਰੀ ਤਰੱਕੀ ਹੁੰਦੀ ਗਈ ਜੇ ਇਹ ਨਾ ਹੁੰਦੀਆਂ ਤਾਂ ਮੇਰਾ ਕੁਝ ਨਹੀਂ ਬਣਨਾ ਸੀ।"

"ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਸੋਚ ਲੈਂਦੇ ਹੋ ਕਿ ਮੈਂ ਇਹੀ ਕੰਮ ਕਰਨਾ ਹੈ ਤਾਂ ਰੱਬ ਵੀ ਤੁਹਾਡੇ ਲਈ ਵੀ ਰਸਤੇ ਖੋਲ੍ਹਦਾ ਰਹਿੰਦਾ ਹੈ।"

ਗੁਰਪ੍ਰੀਤ
ਤਸਵੀਰ ਕੈਪਸ਼ਨ, ਹੁਣ ਗੁਰਪ੍ਰੀਤ ਕਈਆਂ ਨੂੰ ਟੈਟੂ ਬਣਾਉਣੇ ਸਿਖਾਉਂਦੇ ਹਨ

ਸਿੱਧੂ ਮੂਸੇਵਾਲੇ ਦੇ ਪਿਤਾ ਨੇ ਬਣਵਾਇਆ ਟੈਟੂ

ਗੁਰਪ੍ਰੀਤ ਦੱਸਦੇ ਹਨ ਕਿ ਇੱਕ ਵਾਰ ਉਨ੍ਹਾਂ ਨੂੰ ਸਿੱਧੂ ਮੂਸੇਵਾਲੇ ਦੇ ਘਰੋਂ ਫੋਨ ਆਇਆ ਕਿ ਟੈਟੂ ਬਣਵਾਉਣਾ ਹੈ।

"ਜਦੋਂ ਮੈਂ ਉੱਥੇ ਪਹੁੰਚਿਆ ਤਾਂ ਅਸੀਂ ਬਾਪੂ ਨਾਲ ਬੜੀਆਂ ਗੱਲਾਂ ਮਾਰੀਆਂ। ਮੈਂ ਪੁੱਛਿਆ ਕਿ ਬਾਪੂ ਜੀ ਕੀ ਬਣਵਾਉਣਾ ਤਾਂ ਉਹ ਕਹਿੰਦੇ ਕਿ ਸਿੱਧੂ ਦਾ ਮੁੱਖ ਡਾਇਲਾਗ ਲਿੱਖ ਦੇ, 'ਹੈ ਕੋਈ ਹੋਰ'। ਉਹ ਉਨ੍ਹਾਂ ਨੇ ਆਪਣੇ ਹੱਥ 'ਤੇ ਬਣਵਾਇਆ।"

ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਨੇ ਕਈ ਕਲਾਕਾਰਾਂ ਅਤੇ ਹਸਤੀਆਂ ਦੇ ਟੈਟੂ ਬਣਾ ਚੁੱਕੇ ਹਨ।

ਹੁਣ ਗੁਰਪ੍ਰੀਤ ਕੋਲੋਂ ਮੁੰਡੇ ਅਤੇ ਕੁੜੀਆਂ ਟੈਟੂ ਬਣਾਉਣਾ ਸਿੱਖਦੇ ਹਨ ਅਤੇ ਕੰਮ ਸਿੱਖ ਕੇ ਰੋਜ਼ੀ-ਰੋਟੀ ਕਮਾਉਂਦੇ ਹਨ।

ਗੁਰਪ੍ਰੀਤ ਤੋਂ ਕੰਮ ਸਿੱਖ ਰਹੀ ਇੱਕ ਕੁੜੀ ਸੰਦੀਪ ਕੌਰ ਦਾ ਕਹਿਣਾ ਹੈ ਕਿ ਉਹ ਇਹ ਕੰਮ ਸਿੱਖ ਕੇ ਬੜੀ ਤਸੱਲੀ ਮਹਿਸੂਸ ਕਰਦੀ ਹੈ ਅਤੇ ਉਸ ਨੂੰ ਮੁੰਡੇ ਜਾਂ ਕੁੜੀਆਂ ਦੇ ਟੈਟੂ ਵਾਹੁੰਦਿਆਂ ਕੋਈ ਮੁਸ਼ਕਿਲ ਨਹੀਂ ਆਉਂਦੀ।

ਆਸਟਰੇਲੀਆ ਤੋਂ ਆਏ ਇੱਕ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਉਸ ਦੇ ਇੱਕ ਦੋਸਤ ਨੇ ਇਸ ਟੈਟੂ ਬਣਾਉਣ ਵਾਲੇ ਬਾਰੇ ਦੱਸਿਆ ਸੀ ਅਤੇ ਉਸ ਨੇ ਸੋਸ਼ਲ ਮੀਡੀਆ ਤੋਂ ਵੀ ਇਸ ਬਾਰੇ ਦੇਖਿਆ ਸੀ ਜਿਸ ਤੋਂ ਬਾਅਦ ਉਹ ਇੱਥੇ ਟੈਟੂ ਬਣਵਾਉਣ ਆਇਆ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)