ਰੇਵ ਪਾਰਟੀਆਂ ਵਿੱਚ ਲੋਕ ਕਿਉਂ ਕਰਦੇ ਹਨ ਸੱਪ ਦੇ ਜ਼ਹਿਰ ਦੀ ਵਰਤੋਂ

ਤਸਵੀਰ ਸਰੋਤ, Getty Images
ਯੂਟਿਊਬਰ ਅਤੇ ਬਿਗ ਬੌਸ ਓਟੀਟੀ ਜੇਤੂ ਏਲਵਿਸ਼ ਯਾਦਵ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਹੈ।
ਏਲਵਿਸ਼ ਯਾਦਵ ਦੀ ਐਤਵਾਰ ਨੂੰ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਗ੍ਰਿਫ਼ਤਾਰੀ ਕੀਤੀ ਗਈ ਸੀ।
ਏਲਵਿਸ਼ ਯਾਦਵ ਉੱਤੇ ਰੇਵ ਪਾਰਟੀਆਂ ਵਿੱਚ ਸੱਪ ਦਾ ਜ਼ਹਿਰ ਮੁਹੱਈਆ ਕਰਵਾਉਣ ਦੇ ਇਲਜ਼ਾਮ ਲੱਗੇ ਹਨ।
ਪਿਛਲੇ ਸਾਲ ਨਵੰਬਰ ਵਿੱਚ ਵੀ ਏਲਵਿਸ਼ ਯਾਦਵ ਸਣੇ ਛੇ ਲੋਕਾਂ ਉੱਤੇ ਰੇਵ ਪਾਰਟੀਆਂ ਵਿੱਚ ਸੱਪ ਦਾ ਜ਼ਹਿਰ ਮੁਹੱਈਆ ਕਰਵਾਉਣ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਹੋਇਆ ਸੀ।

ਤਸਵੀਰ ਸਰੋਤ, X/ELVISHYADAV
ਕਦੋਂ ਸ਼ੁਰੂ ਹੋਈ ਸੱਪ ਦੇ ਜ਼ਹਿਰ ਦੀ ਨਸ਼ੇ ਵਜੋਂ ਵਰਤੋਂ

ਤਸਵੀਰ ਸਰੋਤ, Getty Images
ਸੱਪ ਦੇ ਜ਼ਹਿਰ ਦੀ ਨਸ਼ੇ ਵਜੋਂ ਵਰਤੋਂ ਬਹੁਤ ਸਾਲਾਂ ਤੱਕ ਚੀਨ, ਰੂਸ ਅਤੇ ਹੋਰ ਪੱਛਮੀ ਮੁਲਕਾਂ ਵਿੱਚ ਕੀਤੀ ਜਾਂਦੀ ਰਹੀ ਹੈ।
ਭਾਰਤ ਵਿੱਚ ਵੀ ਪਾਰਟੀਆਂ ਵਿੱਚ ਸੱਪ ਦੇ ਜ਼ਹਿਰ ਦੀ ਨਸ਼ੇ ਵਜੋਂ ਵਰਤੋਂ ਕਰਨ ਵਾਲਿਆਂ ਵਿੱਚ ਵਾਧਾ ਹੋ ਰਿਹਾ ਹੈ।
ਦੂਜੇ ਪਾਸੇ ਭਾਰਤ ਵਿੱਚ ਸੱਪ ਦੇ ਡੰਗ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਵੀ ਭਾਰਤ ਮੋਹਰੀ ਹੈ। ਪਰ ਸੱਪ ਦੇ ਡੰਗ ਨੁੰ ‘ਪੇਂਡੂ ਅਤੇ ਗਰੀਬ’ ਲੋਕਾਂ ਦੀ ਸਮੱਸਿਆ ਕਿਹਾ ਜਾਂਦਾ ਹੈ।
ਨਸ਼ੇੜੀ ਸੱਪ ਦੇ ਜ਼ਹਿਰ ਦੀ ਵਰਤੋਂ ਕਿਉਂ ਕਰਦੇ ਹਨ

ਤਸਵੀਰ ਸਰੋਤ, Getty Images
ਪੱਛਮੀ ਮੁਲਕਾਂ ਚੀਨ, ਰੂਸ ਅਤੇ ਫਰਾਂਸ ਵਿੱਚੋਂ ਵੀ ਭਾਰਤ ਦੇ ਜ਼ਹਿਰੀਲੇ ਸੱਪਾਂ ਦੀ ਕਾਫ਼ੀ ਮੰਗ ਰਹੀ ਹੈ। ਵਿਦੇਸ਼ਾਂ ਵਿੱਚ ਕਈ ਲੋਕ ਸ਼ੌਂਕ ਵਜੋਂ ਸੱਪ ਰੱਖਦੇ ਹਨ।
ਐਕਸਾਈਜ਼ ਡਿਪਾਰਟਮੈਂਟ ਵੱਲੋਂ ਸਮੇਂ-ਸਮੇਂ ‘ਤੇ ਹਵਾਈ ਜਹਾਜ਼ਾਂ ਰਾਹੀ ਸੱਪਾਂ ਦੀ ਤਸਕਰੀ ਰੋਕਣ ਲਈ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ।
ਇਹ ਵੀ ਦੇਖਿਆ ਗਿਆ ਹੈ ਕਿ ਅਜਿਹੇ ਸੱਪਾਂ ਦੀ ਨੇਪਾਲ ਅਤੇ ਬੰਗਲਾਦੇਸ਼ ਵਿੱਚ ਜ਼ਮੀਨੀ ਰਸਤਿਆਂ ਰਾਹੀ ਵੀ ਤਸਕਰੀ ਕੀਤੀ ਜਾਂਦੀ ਹੈ। ਅਜਿਹੇ ਗਿਰੋਹਾਂ ਦਾ ਪਰਦਾਫ਼ਾਸ਼ ਵੀ ਕੀਤਾ ਜਾ ਚੁੱਕਾ ਹੈ।
ਭਾਰਤ ਵਿੱਚ ਰੇਵ ਪਾਰਟੀਆਂ ਜਾਂ ਨਵੇਂ ਸਾਲ ਦੀਆਂ ਪਾਰਟੀਆਂ ਵਿੱਚ ਸੱਪ ਦੇ ਜ਼ਹਿਰ ਦੀ ਨਸ਼ੇ ਵਜੋਂ ਵਰਤੋਂ ਵੱਧਦੀ ਜਾ ਰਹੀ ਹੈ।
ਕੁਝ ਦਿਨ ਪਹਿਲਾਂ ਹੀ, ਗੁਜਰਾਤ ਦੇ ਜੰਗਲਾਂ ਵਿੱਚੋਂ ਸੱਪਾਂ ਨੂੰ ਮੁੰਬਈ ਵਰਗੇ ਸ਼ਹਿਰਾਂ ਵਿੱਚ ਭੇਜਣ ਵਾਲਾ ਗਿਰੋਹ ਸਾਹਮਣੇ ਆਇਆ ਸੀ।
ਸੂਤਰਾਂ ਮੁਤਾਬਕ, ਨਸ਼ੇੜੀ, ਮੋਰਫੀਨ ਅਤੇ ਅਫੀਮ ਦੇ ਆਦੀ ਹਨ। ਪਰ ਇਸਦੀ ਵਧੇਰੇ ਵਰਤੋਂ ਕਾਰਨ ਉਨ੍ਹਾਂ ਨੂੰ ਇਸਦਾ ਨਸ਼ਾ ਹੋਣਾ ਬੰਦ ਹੋ ਜਾਂਦਾ ਹੈ।
ਇਸੇ ਲਈ ਉਹ ਹੋਰ ਖ਼ਤਰਨਾਕ ਵਸਤੂਆਂ ਦੀ ਨਸ਼ੇ ਵਜੋਂ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ। ਅਜਿਹਾ ਹੀ ਇੱਕ ਬਦਲ ਹੈ ਸੱਪ ਦਾ ਜ਼ਹਿਰ।
ਕੁਝ ਲੋਕ ਘੱਟ ਉਮਰ ਦੇ ਸੱਪਾਂ ਨੂੰ ਪਾਰਟੀਆਂ ਵਿੱਚ ਰੱਖਦੇ ਹਨ ਨਸ਼ੇ ਲਈ ਅਤੇ ਉਨ੍ਹਾਂ ਦੇ ਡੰਗ ਤੋਂ ਨਸ਼ਾ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਤੜਫਾਉਂਦੇ ਹਨ।
'ਜ਼ਹਿਰ ਹੀ ਜ਼ਹਿਰ ਨੂੰ ਕੱਟਦਾ ਹੈ'

ਤਸਵੀਰ ਸਰੋਤ, Getty Images
ਸੱਪਾਂ ਦੀਆਂ ਵੱਖ-ਵੱਖ ਨਸਲਾਂ ਵਿੱਚ ਵੱਖਰੀ ਕਿਸਮ ਦਾ ਜ਼ਹਿਰ ਹੁੰਦੀ ਹੈ। ਇੱਕੋ ਨਸਲ ਦੇ ਵੱਖਰੇ-ਵੱਖਰੇ ਸੱਪਾਂ ਵਿੱਚ ਜ਼ਹਿਰ ਦੀ ਮਾਤਰਾ ਇੱਕ ਦੂਜੇ ਨਾਲੋਂ ਵੱਖਰੀ ਹੁੰਦੀ ਹੈ।
ਇਸ ਦਾ ਮਤਲਬ ਹੈ ਕਿ ਇੱਕ ਸੱਪ ਦੀ ਉਮਰ, ਲਿੰਗ ਅਤੇ ਵਾਤਾਵਰਣ ਇਸ ਗੱਲ ਉੱਤੇ ਅਸਰ ਪਾਉਂਦੇ ਹਨ ਕਿ ਜ਼ਹਿਰ ਕਿੰਨਾ ਜ਼ਹਿਰੀਲਾ ਹੈ।
ਇਸ ਕਰਕੇ ਸੱਪ ਦੇ ਜ਼ਹਿਰ ਤੋਂ ਪੈਣ ਵਾਲੇ ਪ੍ਰਭਾਵਾਂ ਵਿੱਚ ਵੀ ਅੰਤਰ ਹੁੰਦਾ ਹੈ।
ਇਸ ਕਾਰਨ ਇਸਦਾ ਇਲਾਜ ਪੇਚੀਦਾ ਹੋ ਜਾਂਦਾ ਹੈ।
ਸੱਪ ਦੇ ਜ਼ਹਿਰ ਮਾਮਲੇ ਵਿੱਚ ‘ਜ਼ਹਿਰ ਹੀ ਜ਼ਹਿਰ’ ਨੂੰ ਕੱਟਦਾ ਹੈ ਵਾਲੀ ਕਹਾਵਤ ਸਹੀ ਸਾਬਿਤ ਹੁੰਦੀ ਹੈ।
ਸੱਪ ਦੀ ਜ਼ਹਿਰ ਤੋਂ ਨਿਕਲਣ ਵਾਲੇ ਰਸਾਇਣ ਕਈ ਬਿਮਾਰੀਆਂ ਦੇ ਇਲਾਜ ਲਈ ਸਹਾਇਕ ਹੋ ਸਕਦੇ ਹਨ।
ਕਈ ਦਵਾਈਆਂ ਜਿਨ੍ਹਾਂ ਵਿੱਚ ਜ਼ਹਿਰ ਦੀ ਵਰਤੋਂ ਹੁੰਦੀ ਹੈ ਅੱਜ ਵੀ ਵਰਤੀਆਂ ਜਾਂਦੀਆਂ ਹਨ।
ਸੱਪ ਦੇ ਜ਼ਹਿਰ ਤੋਂ ਐਂਟੀਡੋਟ ਬਣਦੇ ਹਨ, ਪਰ ਇਸ ਦੀ ਹਾਲੇ ਵੀ ਖੋਜ ਜਾਰੀ ਹੈ।
ਜ਼ਹਿਰ ਨੂੰ ਇੱਕ ਸਿਰਿੰਜ ਜਾਂ ਸੂਈ ਨਾਲ ਕੱਢਿਆ ਜਾਂਦਾ ਹੈ ਜਾਂ ਫਿਰ ਐਂਟੀ ਵੈਨਮ ਸੀਰਮ ਦੇ ਰੂਪ ਵਿੱਚ ਵਰਤੋਂ ਕੀਤੀ ਜਾਂਦੀ ਹੈ।
ਭਾਰਤ ਵਿੱਚ ਰਵਾਇਤੀ ਰੂਪ ਵਿੱਚ ਰਵਾਇਤੀ ਤੌਰ ‘ਤੇ ਸੱਪਾਂ ਦਾ ਜ਼ਹਿਰ ਕੱਢਿਆ ਜਾਂਦਾ ਹੈ।(ਤਾਮਿਲਨਾਡੂ ਵਿੱਚ ਇਨ੍ਹਾਂ ਦੀ ਇੱਕ ਸਹਿਕਾਰੀ ਸੰਸਥਾ ਹੈ ਜਿਹੜੀਆਂ ਕੰਪਨੀਆਂ ਨੂੰ ਜ਼ਹਿਰ ਵੇਚਦੀ ਹੈ)।
ਇਸ ਤੋਂ ਇਲਾਵਾ ਘੋੜਿਆਂ ਜਾਂ ਭੇਡਾਂ ਨੂੰ ਇੰਨੀ ਮਾਤਰਾ ਵਿੱਚ ਹੀ ਜ਼ਹਿਰ ਦਿੱਤਾ ਜਾਂਦਾ ਹੈ ਜਿੰਨੀ ਨਾਲ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਹੋਵੇ। ਇਸ ਨਾਲ ਉਨ੍ਹਾਂ ਦੇ ਸਰੀਰ ਵਿੱਚ ਜ਼ਹਿਰ ਨੂੰ ਸਹਿਣ ਕਰਨ ਦੀ ਤਾਕਤ ਵਿਕਸਿਤ ਹੋ ਜਾਂਦੀ ਹੈ।
ਫਿਰ ਉਨ੍ਹਾਂ ਦੇ ਖ਼ੂਨ ਵਿੱਚੋਂ ਐਂਟੀਬਾਡੀਜ਼ ਕੱਢੇ ਜਾਂਦੇ ਹਨ ਅਤੇ ਇਸ ਤੋਂ ਬਾਅਦ ਇਸ ਨੂੰ ਸ਼ੁੱਧ ਕਰਕੇ ਜ਼ਹਿਰ ਲਈ ਵੈਕਸੀਨ ਬਣਾਈ ਜਾਂਦੀ ਹੈ।
ਜਰਾਰਾਕਾ ਪਿੱਟ ਵਾਇਪਰ ਸੱਪ ਦੇ ਜ਼ਹਿਰ ਤੋਂ ਮਿਲੀਆਂ ਐਂਜ਼ਿਯੋਟੈਂਸਿਨ ਇੰਜ਼ਨਾਇਮ ਰਾਹੀਂ ਮਨੁੱਖੀ ਇਤਿਹਾਸ ਵਿੱਚ ਕਿਸੇ ਵੀ ਹੋਰ ਜਾਨਵਰ ਦੇ ਮੁਕਾਬਲੇ ਵੱਧ ਲੋਕਾਂ ਦੀ ਜਾਨ ਬਚਾਈ ਗਈ ਹੈ।
ਸੱਪ ਦੇ ਜ਼ਹਿਰ ਦੀ ਵਰਤੋਂ ਗਠੀਆ, ਦਰਦ ਘਟਾਉਣ ਅਤੇ ਸੋਜਿਸ਼ ਘਟਾਉਣ ਵਾਲੀਆਂ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ।
ਵਿਗਿਆਨੀਆਂ ਦੇ ਮੁਤਾਬਕ ਸੱਪ ਦੇ ਜ਼ਹਿਰ ਤੋਂ ਦਰਦ ਘਟਾਉਣ ਵਾਲੀਆਂ ਦਵਾਈਆਂ ਬਣਾਈਆਂ ਜਾ ਸਕਦੀਆਂ ਹਨ ਅਤੇ ਇਸਦਾ ਕੋਈ ਸਾਈਡ ਇਫੈਕਟ ਨਹੀਂ ਹੋਵੇਗਾ, ਇਸ ਲਈ ਇਸ ਦਿਸ਼ਾ ਵਿੱਚ ਅਧਿਐਨ ਚੱਲ ਰਿਹਾ ਹੈ।
ਕੁਝ ਸੱਪਾਂ ਦੇ ਜ਼ਹਿਰ ਦੀ ਇੱਕ ਲੀਟਰ ਕੀਮਤ ਇੱਕ ਕਰੋੜ ਰੁਪਏ ਤੱਕ ਪਹੁੰਚ ਸਕਦੀ ਹੈ। ਐਂਟੀਡੋਟ ਬਣਾਉਣ ਵਾਲੀਆਂ ਫਾਰਮਾ ਕੰਪਨੀਆਂ ਇਸ ਨੂੰ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਬਾਜ਼ਾਰ ਵਿੱਚੋਂ ਗੈਰ-ਕਾਨੂੰਨੀ ਰੂਪ ਵਿੱਚ ਪ੍ਰਾਪਤ ਕਰਦੀਆਂ ਹਨ।
ਸੱਪਾਂ ਦਾ ਜ਼ਹਿਰ ਚੱਕਰ

ਤਸਵੀਰ ਸਰੋਤ, Getty Images
ਪੇਂਡੂ ਇਲਾਕਿਆਂ ਵਿੱਚ ਬਰਸਾਤੀ ਮੌਸਮ ਵਿੱਚ ਸੱਪ ਦੇ ਡੰਗਣ ਦੀਆਂ ਘਟਨਾਵਾਂ ਵੱਧ ਜਾਂਦੀਆਂ ਹਨ। ਇਸ ਦਾ ਜੇਕਰ ਛੇਤੀ ਇਲਾਜ ਨਾ ਕੀਤਾ ਜਾਵੇ ਤਾਂ ਮਰਨ ਦੀ ਸੰਭਾਵਨਾ ਵੱਧ ਹੁੰਦੀ ਹੈ।
ਇਸ ਖੇਤਰ ਦੇ ਮਾਹਰ ਇਸਦਾ ਕਾਰਨ ਪੇਂਡੂ ਇਲਾਕਿਆਂ ਵਿੱਚ ਖੇਤੀ ਤੋਂ ਇਲਾਵਾ ਸੱਪ ਦੇ ਅੰਡਾ ਦੇਣ ਦੇ ਸਮੇਂ ਨੂੰ ਵੀ ਕਾਰਨ ਮੰਨਦੇ ਹਨ।
ਸੱਪਾਂ ਦੇ ਜ਼ਹਿਰ ਕਈ ਤਰ੍ਹਾਂ ਦੇ ਹੁੰਦੇ ਹਨ। ਜਿੱਥੇ ਕੁਝ ਸੱਪਾਂ ਦੇ ਜ਼ਹਿਰ ਦੇ ਕਾਰਨ ਤੁਰੰਤ ਮੌਤ ਹੋ ਜਾਂਦੀ ਹੈ, ਉੱਥੇ ਹੀ ਸੱਪਾਂ ਦੇ ਡੰਗ ਕਾਰਨ ਇਸਦੇ ਖ਼ਤਰਨਾਕ ਸਾਬਿਤ ਹੋਣ ਵਿੱਚ ਸਮਾਂ ਲੱਗਦਾ ਹੈ।
ਮਾਹਰ ਕੀ ਕਹਿੰਦੇ ਹਨ

ਤਸਵੀਰ ਸਰੋਤ, Getty Images
ਸੱਪ ਆਪਣੇ ਸ਼ਿਕਾਰ ਨੂੰ ਨਿਗਲ ਲੈਂਦਾ ਹੈ ਅਤੇ ਆਪਣੇ ਤਿੱਖੇ ਦੰਦਾ ਰਾਹੀਂ ਜ਼ਹਿਰ ਨੂੰ ਪੀੜਤ ਦੇ ਸਰੀਰ ਵਿੱਚ ਛੱਡ ਦਿੰਦਾ ਹੈ।
ਜਿੱਥੋਂ ਇਹ ਸਿੱਧਾ ਸ਼ਿਕਾਰ ਦੇ ਖ਼ੂਨ ਵਿੱਚ ਰਲ ਜਾਂਦਾ ਹੈ। ਪਰ ਕੁਝ ਸੱਪ ਜਿਵੇਂ ਮੋਜ਼ਾਂਬਿਕ ਸਪਿਟਿੰਗ ਕੋਰਾ ਆਪਣੇ ਸ਼ਿਕਾਰ ਉੱਤੇ ਜ਼ਹਿਰ ਉਗਲਦੇ ਹਨ।
ਮਾਹਰ ਇੰਟੈਂਸਿਵਿਸਟ ਡਾ. ਹੇਮਾਂਗ ਦੋਸ਼ੀ ਨੇ ਪਹਿਲਾਂ ਬੀਬੀਸੀ ਨਾਲ ਗੱਲ ਕਰਦੇ ਹੋਏ ਕਿਹਾ ਸੀ, ਕੋਬਰਾ ਅਤੇ ਕਾਲੇ ਸੱਪ ਦਾ ਜ਼ਹਿਰ ਨਿਊਰੋਟੋਕਸਿਕ ਹੁੰਦਾ ਹੈ ਅਤੇ ਖੜਚਿਤਾਲਾ ਅਤੇ ਫੂਰਸਾ ਦਾ ਜ਼ਹਿਰ ਹੇਮੋਟੋਟਾਕਸਿਕਕ ਹੁੰਦਾ ਹੈ।
ਡਾ. ਹੇਮਾਂਗ ਪਿਛਲੇ 20 ਸਾਲਾਂ ਤੋਂ ਇਸ ਖੇਤਰ ਵਿੱਚ ਹਨ।
ਉਹ ਦੱਸਦੇ ਹਨ ਕਿ ਨਿਊਰੋਟੋਕਸਿਕ ਜ਼ਹਿਰ ਸਰੀਰ ਦੇ ਨਾੜੀ ਤੰਤਰ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਰੋਗੀ ਨੂੰ ਅਧਰੰਗ, ਸਾਹ ਲੈਣ ਵਿੱਚ ਦਿੱਕਤ ਜਿਹੇ ਲੱਛਣ ਦਿਖਣ ਲੱਗ ਪੈਂਦੇ ਹਨ।”
ਜਦੋਂ ਹੇਮੋਟੋਟਾਕਸਿਕ ਜ਼ਹਿਰ ਸਰੀਰ ਦੇ ਸੰਚਾਰ ਤੰਤਰ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਇਸਦਾ ਮਤਲਬ ਹੈ ਕਿ ਜ਼ਹਿਰ ਖ਼ੂਨ ਵਿੱਚ ਰਲ ਜਾਂਦਾ ਹੈ ਅਤੇ ਸਰੀਰ ਦੇ ਅੰਦਰੂਨੀ ਹਿੱਸਿਆਂ ਵਿੱਚ ਮਾਸ ਫਟਣ ਕਾਰਨ ਖ਼ੂਨ ਵਗਣ ਲੱਗਦਾ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਕੋਈ ਸੱਪ ਡੰਗ ਮਾਰਦਾ ਹੈ ਕਿ ਤਾਂ ਉਸਦੇ ਜ਼ਹਿਰ ਦਾ ਅਸਰ 10-15 ਮਿੰਟ ਦੇ ਅੰਦਰ ਸਰੀਰ ਉੱਤੇ ਦਿਖਣਾ ਸ਼ੁਰੂ ਹੋ ਜਾਂਦਾ ਹੈ। 30 ਤੋਂ 45 ਮਿੰਟ ਵਿੱਚ ਜ਼ਹਿਰ ਦੀ ਤੀਬਰਤਾ ਦਾ ਅਸਰ ਵੱਧ ਹੋ ਜਾਂਦਾ ਹੈ।
ਜਦਕਿ ਫਰਸਾ ਅੇਤੇ ਰੈਟਲਸਨੇਕ ਦਾ ਪ੍ਰਭਾਵ ਤੁਰੰਤ ਦਿਖਣ ਲੱਗ ਪੈਂਦਾ ਹੈ। ਇਸ ਨਾਲ ਸੱਪ ਦੇ ਡੰਗ ਵਾਲੀ ਥਾਂ ਉੱਤੇ ਸੌਜਿਸ਼ ਵੀ ਹੁੰਦੀ ਹੈ ਅਤੇ ਦਰਦ ਵੀ ਹੁੰਦਾ ਹੈ।
ਭਾਰਤ ਵਿੱਚ ਸੱਪ ਦੇ ਜ਼ਹਿਰ ਕਾਰਨ ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ

ਤਸਵੀਰ ਸਰੋਤ, Getty Images
ਇੱਕ ਅਧਿਐਨ ਦੇ ਮੁਤਾਬਕ ਦੁਨੀਆਂ ਭਰ ਵਿੱਚ ਸੱਪ ਦੇ ਜ਼ਹਿਰ ਨਾਲ ਹੋਣ ਵਾਲੀਆਂ ਮੌਤਾਂ ਵਿੱਚੋਂ 80 ਫ਼ੀਸਦ ਭਾਰਤ ਵਿੱਚ ਹੁੰਦੀਆਂ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 64,000 ਹੈ।
4 ਲੱਖ ਦੇ ਕਰੀਬ ਲੋਕ ਅਧਰੰਗ, ਅੱਖਾਂ ਦੀ ਰੌਸ਼ਨੀ ਗਵਾਉਣ ਅਤੇ ਹੋਰ ਸਰੀਰਕ ਮੁਸ਼ਕਲਾਂ ਦਾ ਸ਼ਿਕਾਰ ਹੁੰਦੇ ਹਨ।
ਇੱਕ ਅਧਿਐਨ ਦੇ ਅਨੁਸਾਰ 2000-2019 ਵਿੱਚ ਦੋ ਦਹਾਕਿਆਂ ਦੇ ਸਮੇਂ ਦੌਰਾਨ ਸੱਪ ਦੇ ਡੰਗ ਨਾਲ 12 ਲੱਖ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਅੱਧੇ 30 ਤੋਂ 69 ਸਾਲ ਦੀ ਉਮਰ ਦੇ ਸਨ, ਜਦਕਿ 25 ਫ਼ੀਸਦ ਬੱਚੇ ਸਨ।
ਜਾਣਕਾਰਾਂ ਦੇ ਮੁਤਾਬਕ ਜਿੰਨੇ ਮਾਮਲੇ ਸਰਕਾਰੀ ਦਸਤਾਵੇਜ਼ਾਂ ਵਿੱਚ ਦਰਜ ਨਹੀਂ ਹਨ, ਅਸਲੀ ਅੰਕੜੇ ਇਸ ਤੋਂ ਕਈ ਗੁਣਾ ਵੱਧ ਹੋ ਸਕਦੇ ਹਨ।
ਸਾਲ 2001-2014 ਦੇ ਦੌਰਾਨ ਬਿਹਾਰ, ਝਾਰਖੰਡ, ਓੜੀਸਾ ਅਤੇ ਆਂਧਰਾ ਪ੍ਰਦੇਸ਼ ਵਿੱਚ ਸਥਿਤੀ ਚਿੰਤਾਜਨਕ ਸੀ।
ਪਿਛਲੇ ਕੁਝ ਸਾਲਾਂ ਵਿੱਚ ਸੱਪ ਦੇ ਜ਼ਹਿਰ ਨੂੰ ਇੱਕ ਸਮੱਸਿਆ ਦੇ ਰੂਪ ਵਿੱਚ ਦੇਖਦੇ ਹੋਏ ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ ਇਸ ਦਿਸ਼ਾ ਵਿੱਚ ਯਤਨ ਕਰ ਰਹੇ ਹਨ।
















