ਟੋਕੀਓ ਓਲੰਪਿਕ 2020: ਉਹ ਜ਼ਮਾਨਾ ਜਦੋਂ ਕੌਮਾਂਤਰੀ ਹਾਕੀ ਮੈਚਾਂ ਦੀ ਬੋਲੀ ਪੰਜਾਬੀ ਹੋ ਜਾਂਦੀ - 'ਲਈਂ ਨੂਰਿਆ, ਦੇਈਂ ਬੀਰਿਆ'

ਹਾਕੀ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਪੰਜਾਬ ਵਿਚ ਹਾਕੀ ਵਰਗੀ ਖੇਡ ਖਿੱਦੋ ਖੂੰਡੀ ਪਹਿਲਾਂ ਹੀ ਖੇਡੀ ਜਾਂਦੀ ਸੀ ਜਿਸ ਕਰਕੇ ਹਾਕੀ ਛੇਤੀ ਹੀ ਪੰਜਾਬੀਆਂ ਵਿਚ ਮਕਬੂਲ ਹੋ ਗਈ।
    • ਲੇਖਕ, ਪ੍ਰਿੰ. ਸਰਵਣ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਭਾਰਤੀ ਹਾਕੀ ਟੀਮਾਂ ਵਿਚ ਪੰਜਾਬੀ ਖਿਡਾਰੀਆਂ ਦਾ ਹਮੇਸ਼ਾ ਬੋਲਬਾਲਾ ਰਿਹਾ ਹੈ। 1928 ਤੋਂ 1956 ਤੱਕ ਭਾਰਤੀ ਹਾਕੀ ਟੀਮ ਓਲੰਪਿਕ ਖੇਡਾਂ ਦੇ ਲਗਾਤਾਰ ਛੇ ਸੋਨ ਤਮਗ਼ੇ ਜਿੱਤੇ।

ਉਦੋਂ ਭਾਰਤੀ ਟੀਮ ਨੇ ਇੱਕ ਮੈਚ ਵਿਚ ਅਮਰੀਕਾ ਦੀ ਟੀਮ ਸਿਰ ਚੌਵੀ ਗੋਲ ਕੀਤੇ ਤੇ ਜਪਾਨ ਸਿਰ ਗਿਆਰਾਂ।

ਧਿਆਨ ਚੰਦ ਨੂੰ 'ਹਾਕੀ ਦਾ ਜਾਦੂਗਰ' ਕਿਹਾ ਗਿਆ ਤੇ ਬਲਬੀਰ ਸਿੰਘ ਸੀਨੀਅਰ ਨੂੰ 'ਹਾਕੀ ਦਾ ਗੋਲ ਕਿੰਗ'। ਉਨ੍ਹਾਂ ਕੋਲ ਜਦੋਂ ਬਾਲ ਆਉਂਦੀ ਸੀ ਤਾਂ ਸਾਰਾ ਮੈਦਾਨ, ਸਭ ਕੁਝ ਹਿੱਲ ਜਾਂਦਾ ਸੀ ਜਿਵੇਂ ਝੱਖੜ ਦਾ ਤੇਜ਼ ਬੁੱਲਾ ਚੁਫੇਰੇ ਫਿਰ ਗਿਆ ਹੋਵੇ!

ਭਾਰਤ ਵਿਚ ਹਾਕੀ ਦੀ ਖੇਡ ਅੰਗਰੇਜ਼ ਲਿਆਏ ਸਨ। ਚਾਰ ਹਜ਼ਾਰ ਸਾਲ ਪਹਿਲਾਂ ਹਾਕੀ ਵਰਗੀ ਖੇਡ ਮਿਸਰ ਵਿਚ ਖੇਡੀ ਜਾਂਦੀ ਸੀ। ਉਥੋਂ ਇਹ ਇਰਾਨ ਆਈ, ਯੂਨਾਨ ਗਈ ਤੇ ਫਿਰ ਰੋਮਨ ਲੋਕਾਂ ਵਿਚ ਪ੍ਰਚੱਲਤ ਹੋਈ।

ਰੋਮਨਾਂ ਨੇ ਇਹਦਾ ਨਾਂ 'ਪਗਨੇਸ਼ੀਆ' ਰੱਖਿਆ ਤੇ ਉਹ ਇਹਨੂੰ ਯੂਰਪ ਦੇ ਹੋਰਨਾਂ ਮੁਲਕਾਂ ਵਿਚ ਲੈ ਗਏ। ਆਇਰਲੈਂਡ ਵਾਲੇ ਇਸ ਨੂੰ 'ਹਰਲੇ' ਕਹਿਣ ਲੱਗੇ ਤੇ ਸਕਾਟਲੈਂਡ ਵਾਲੇ 'ਸ਼ਿੰਟੀ'।

ਫਰਾਂਸ ਵਿਚ ਇਸ ਨੂੰ 'ਹੌਕਿਟ' ਕਿਹਾ ਜਾਣ ਲੱਗਾ। ਇੰਗਲੈਂਡ 'ਚ ਪਹਿਲਾਂ ਇਸ ਦਾ ਨਾਂ 'ਕਾਮਕ' ਰੱਖਿਆ ਗਿਆ ਤੇ ਪਿੱਛੋਂ 'ਬੈਂਡੀ'। 'ਹਾਕੀ' ਨਾਂ ਪਹਿਲੀ ਵਾਰ 1838 ਵਿਚ ਵਰਤਿਆ ਗਿਆ।

ਇਹ ਵੀ ਪੜ੍ਹੋ:

1908 ਵਿਚ ਲੰਡਨ ਦੀਆਂ ਓਲੰਪਿਕ ਖੇਡਾਂ 'ਚ ਹਾਕੀ ਪਹਿਲੀ ਵਾਰ ਖੇਡੀ ਗਈ ਜਿਸ ਦਾ ਗੋਲਡ ਮੈਡਲ ਇੰਗਲੈਂਡ ਨੇ ਜਿੱਤਿਆ। 1920 ਵਿਚ ਐਂਟਵਰਪ ਦੀਆਂ ਓਲੰਪਿਕ ਖੇਡਾਂ 'ਚ ਹਾਕੀ ਦੁਬਾਰਾ ਸ਼ਾਮਲ ਕੀਤੀ ਤਾਂ ਇੰਗਲੈਂਡ ਫਿਰ ਜੇਤੂ ਰਿਹਾ।

ਤਦ ਤੱਕ ਅੰਗਰੇਜ਼ਾਂ ਨੇ ਹਾਕੀ ਭਾਰਤ ਵਿਚ ਵੀ ਪਹੁੰਚਾ ਦਿੱਤੀ ਸੀ। ਫੌਜੀ ਛਾਉਣੀਆਂ ਵਿਚ ਹਾਕੀ ਦੇ ਮੈਚ ਹੋਣ ਲੱਗ ਪਏ ਸਨ। ਪੰਜਾਬ ਵਿਚ ਹਾਕੀ ਵਰਗੀ ਖੇਡ ਖਿੱਦੋ ਖੂੰਡੀ ਪਹਿਲਾਂ ਹੀ ਖੇਡੀ ਜਾਂਦੀ ਸੀ ਜਿਸ ਕਰਕੇ ਹਾਕੀ ਛੇਤੀ ਹੀ ਪੰਜਾਬੀਆਂ ਵਿਚ ਮਕਬੂਲ ਹੋ ਗਈ।

ਹਾਕੀ

ਤਸਵੀਰ ਸਰੋਤ, HOCKEY INDIA/TWITTER

ਤਸਵੀਰ ਕੈਪਸ਼ਨ, ਅਜੋਕੀ ਭਾਰਤੀ ਹਾਕੀ ਟੀਮ

1928 ਦੀਆਂ 9ਵੀਆਂ ਓਲੰਪਿਕ ਖੇਡਾਂ ਐਮਸਟਰਡਮ ਹੋਈਆਂ ਤਾਂ ਹਾਕੀ ਪੱਕੇ ਤੌਰ 'ਤੇ ਓਲੰਪਿਕ ਖੇਡਾਂ ਵਿਚ ਸ਼ਾਮਲ ਕਰ ਲਈ ਗਈ। ਉਥੇ ਭਾਰਤੀ ਹਾਕੀ ਟੀਮ ਨੇ ਪਹਿਲੀ ਵਾਰ ਓਲੰਪਿਕ ਖੇਡਾਂ ਵਿਚ ਭਾਗ ਲਿਆ ਤੇ ਸੋਨੇ ਦਾ ਤਮਗ਼ਾ ਜਿੱਤਿਆ।

1932 ਵਿਚ ਲਾਸ ਏਂਜਲਸ, 1936 'ਚ ਬਰਲਿਨ, 1948 'ਚ ਲੰਡਨ, 1952 'ਚ ਹੈੱਲਸਿੰਕੀ ਤੇ 1956 ਵਿਚ ਮੈੱਲਬੌਰਨ ਦੀਆਂ ਓਲੰਪਿਕ ਖੇਡਾਂ 'ਚੋਂ ਭਾਰਤੀ ਹਾਕੀ ਟੀਮ ਲਗਾਤਾਰ ਸੋਨੇ ਦੇ ਤਮਗ਼ੇ ਜਿੱਤੀ।

ਰੈਂਕਿੰਗ

1940 ਤੇ 1944 ਦੀਆਂ ਓਲੰਪਿਕ ਖੇਡਾਂ ਦੂਜੀ ਵਿਸ਼ਵ ਜੰਗ ਕਾਰਨ ਹੋ ਨਹੀਂ ਸੀ ਸਕੀਆਂ। ਮੈੱਲਬੌਰਨ ਵਿਚ ਭਾਰਤੀ ਟੀਮ ਨੇ 38 ਗੋਲ ਕੀਤੇ ਤੇ ਆਪਣੇ ਸਿਰ ਇਕ ਵੀ ਨਹੀਂ ਸੀ ਹੋਣ ਦਿੱਤਾ।

1960 ਦੀਆਂ ਓਲੰਪਿਕ ਖੇਡਾਂ ਵਿਚ ਭਾਰਤੀ ਟੀਮ ਪਾਕਿਸਤਾਨ ਦੀ ਟੀਮ ਤੋਂ 1-0 ਗੋਲ 'ਤੇ ਹਾਰੀ। ਭਾਰਤੀ ਟੀਮ ਨੇ ਟੋਕੀਓ ਦੀਆਂ ਓਲੰਪਿਕ ਖੇਡਾਂ-1964 'ਚੋਂ ਫਿਰ ਸੋਨੇ ਦਾ ਤਮਗ਼ਾ ਜਿੱਤਿਆ। 1966 ਵਿਚ ਏਸ਼ਿਆਈ ਖੇਡਾਂ ਦਾ ਸੋਨ ਤਮਗ਼ਾ ਵੀ ਜਿੱਤ ਲਿਆ।

1928 ਦੇ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਭਾਰਤ ਅਤੇ ਨੀਦਰਲੈਂਡ ਦੀ ਹਾਕੀ ਟੀਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1928 ਦੇ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਭਾਰਤ ਅਤੇ ਨੀਦਰਲੈਂਡ ਦੀਆਂ ਹਾਕੀ ਟੀਮਾਂ, ਭਾਰਤੀ ਟੀਮ ਵਿੱਚ ਪੰਜ ਖਿਡਾਰੀ ਪੰਜਾਬੀ ਸਨ

ਉਦੋਂ ਜੂੜਿਆਂ ਵਾਲੇ ਦਸ ਸਰਦਾਰ ਬੈਂਕਾਕ ਦੇ ਮੈਦਾਨ 'ਚ ਖੇਡੇ। 1975 ਵਿਚ ਭਾਰਤੀ ਟੀਮ ਨੇ ਵਿਸ਼ਵ ਹਾਕੀ ਕੱਪ ਜਿੱਤਿਆ ਤੇ 1980 ਵਿਚ ਮਾਸਕੋ ਦੀਆਂ ਓਲੰਪਿਕ ਖੇਡਾਂ 'ਚੋਂ ਸੋਨੇ ਦਾ ਤਮਗ਼ਾ ਹਾਸਲ ਕੀਤਾ।

ਪਿਛਲੇ ਚਾਲੀ ਸਾਲਾਂ ਤੋਂ ਭਾਰਤੀ ਹਾਕੀ ਟੀਮ ਓਲੰਪਿਕ ਖੇਡਾਂ, ਵਰਲਡ ਕੱਪ ਜਾਂ ਚੈਂਪੀਅਨਜ਼ ਟਰਾਫੀ ਦੇ ਜਿੱਤ ਮੰਚ 'ਤੇ ਇਕ ਵਾਰ ਵੀ ਨਹੀਂ ਚੜ੍ਹ ਸਕੀ।

1928 ਦੀਆਂ ਓਲੰਪਿਕ ਖੇਡਾਂ ਵਿਚ ਭਾਰਤ ਦੀ ਜਿਹੜੀ ਟੀਮ ਸੋਨੇ ਦਾ ਤਮਗ਼ਾ ਜਿੱਤੀ ਉਸ ਵਿਚ ਪੰਜ ਖਿਡਾਰੀ ਪੰਜਾਬੀ ਸਨ।

ਭਾਰਤੀ ਹਾਕੀ ਟੀਮ 1932 ਵਿਚ ਫਿਰ ਓਲੰਪਿਕ ਚੈਂਪੀਅਨ ਬਣੀ ਤਾਂ ਪੰਜਾਬੀ ਖਿਡਾਰੀਆਂ ਦੀ ਗਿਣਤੀ ਸੱਤ ਹੋ ਗਈ ਤੇ ਟੀਮ ਦਾ ਕਪਤਾਨ ਪੰਜਾਬ ਦਾ ਲਾਲ ਸ਼ਾਹ ਬੁਖਾਰੀ ਬਣਿਆ।

1936 ਵਿਚ ਹਾਕੀ ਦੇ ਤਿੰਨ ਪੰਜਾਬੀ ਖਿਡਾਰੀ ਓਲੰਪਿਕ ਚੈਂਪੀਅਨ ਬਣੇ। ਹੁਣ ਤਕ ਵੀਹ ਤੋਂ ਵੱਧ ਪੰਜਾਬੀ ਖਿਡਾਰੀ ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕਰ ਚੁੱਕੇ ਹਨ।

ਜਿਨ੍ਹਾਂ ਵਿਚ ਬਲਬੀਰ ਸਿੰਘ, ਊਧਮ ਸਿੰਘ, ਗੁਰਦੇਵ ਸਿੰਘ, ਚਰਨਜੀਤ ਸਿੰਘ, ਪ੍ਰਿਥੀਪਾਲ ਸਿੰਘ, ਗੁਰਬਖ਼ਸ਼ ਸਿੰਘ, ਹਰਮੀਕ ਸਿੰਘ, ਹਰਬਿੰਦਰ ਸਿੰਘ, ਅਜੀਤਪਾਲ ਸਿੰਘ, ਸੁਰਿੰਦਰ ਸਿੰਘ ਸੋਢੀ, ਸੁਰਜੀਤ ਸਿੰਘ, ਪਰਗਟ ਸਿੰਘ, ਰਮਨਦੀਪ ਸਿੰਘ, ਗਗਨਅਜੀਤ ਸਿੰਘ, ਰਾਜਪਾਲ ਸਿੰਘ, ਬਲਜੀਤ ਸਿੰਘ ਢਿੱਲੋਂ, ਸਰਦਾਰਾ ਸਿੰਘ, ਮਨਪ੍ਰੀਤ ਸਿੰਘ, ਅਜਿੰਦਰ ਕੌਰ, ਪ੍ਰੇਮਾ ਸੈਣੀ, ਰੂਪਾ ਸੈਣੀ ਤੇ ਰਾਜਬੀਰ ਕੌਰ ਆਦਿ ਗਿਣਾਏ ਜਾ ਸਕਦੇ ਹਨ।

ਵੀਡੀਓ ਕੈਪਸ਼ਨ, ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ’ਚ ਬੱਚਿਆਂ ਨੂੰ ਹਾਕੀ ਦੀ ਮੁਫ਼ਤ ਸਿਖਲਾਈ ਕਿਉਂ ਦਿੱਤੀ ਜਾ ਰਹੀ ਹੈ?

ਹਾਕੀ ਦੀ ਖੇਡ ਵਿਚ ਪੰਜਾਬ ਦੇ ਸੌ ਤੋਂ ਵੱਧ ਓਲੰਪੀਅਨ ਹਨ। ਕਈਆਂ ਨੇ ਓਲੰਪਿਕ ਖੇਡਾਂ ਦੇ ਦੋ-ਦੋ ਤਿੰਨ-ਤਿੰਨ ਗੋਲਡ ਮੈਡਲ ਜਿੱਤੇ ਹਨ।

ਊਧਮ ਸਿੰਘ ਨੇ ਚਾਰ ਓਲੰਪਿਕਸ ਵਿਚੋਂ ਇਕ ਚਾਂਦੀ ਤੇ ਤਿੰਨ ਸੋਨ ਤਮਗ਼ੇ ਜਿੱਤੇ ਜੋ ਕਮਾਲ ਦਾ ਕਾਰਨਾਮਾ ਸੀ।

ਓਲੰਪਿਕਸ ਵਿਚੋਂ ਗੋਲਡ ਮੈਡਲਾਂ ਦਾ ਹੈਟ ਟ੍ਰਿਕ ਮਾਰਨ ਵਾਲੇ ਬਲਬੀਰ ਸਿੰਘ ਦੀ ਸਵੈਜੀਵਨੀ 'ਗੋਲਡਨ ਹੈਟਟ੍ਰਿਕ' ਤੇ ਜੀਵਨੀ 'ਗੋਲਡਨ ਗੋਲ' ਪੜ੍ਹਨ ਵਾਲੀਆਂ ਪੁਸਤਕਾਂ ਹਨ।

1947 ਵਿਚ ਪਾਕਿਸਤਾਨ ਬਣਨ ਨਾਲ ਪੰਜਾਬ ਦੋ ਮੁਲਕਾਂ ਵਿਚ ਵੰਡਿਆ ਗਿਆ। ਫਿਰ ਏਸ਼ਿਆਈ ਖੇਡਾਂ ਤੇ ਓਲੰਪਿਕ ਖੇਡਾਂ ਵਿਚ ਹਾਕੀ ਦੇ ਫਾਈਨਲ ਮੈਚ ਆਮ ਕਰ ਕੇ ਪਾਕਿਸਤਾਨ ਤੇ ਭਾਰਤ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਲੱਗੇ ਜਾਂ ਇੰਜ ਕਹਿ ਲਓ ਕਿ ਚੜ੍ਹਦੇ ਤੇ ਲਹਿੰਦੇ ਪੰਜਾਬੀਆਂ ਵਿਚਕਾਰ ਹੋਣ ਲੱਗੇ।

हॉकी
ਤਸਵੀਰ ਕੈਪਸ਼ਨ, ਹਾਕੀ ਦੇ ਜਾਦੂਗਰ ਧਿਆਨ ਚੰਦ ਸਨ ਤਾਂ ਬਲਬੀਰ ਸਿੰਘ ਗੋਲ ਦੇ ਜਾਦੂਗਰ ਕਹੇ ਜਾਦੇ ਸਨ

ਮੈਚ ਭਾਵੇਂ ਮੈਲਬੌਰਨ 'ਚ ਖੇਡਿਆ ਜਾਂਦਾ, ਭਾਵੇਂ ਰੋਮ, ਟੋਕੀਓ, ਬੰਕਾਕ, ਤਹਿਰਾਨ ਜਾਂ ਕੁਆਲਾਲੰਪਰ, ਇਕ ਪਾਸੇ ਏਧਰਲੇ ਪੰਜਾਬੀ ਹੁੰਦੇ ਤੇ ਦੂਜੇ ਪਾਸੇ ਓਧਰਲੇ ਪੰਜਾਬੀ ਹੁੰਦੇ। ਬਾਈਆਂ 'ਚੋਂ ਪੰਦਰਾਂ ਸੋਲਾਂ ਖਿਡਾਰੀ ਪੰਜਾਬੀ ਮੂਲ ਦੇ ਹੋਣ ਕਾਰਨ ਹਾਕੀ ਮੈਦਾਨ ਦੀ ਬੋਲੀ ਪੰਜਾਬੀ ਹੁੰਦੀ ਤੇ ਬਾਲ ਦੀ 'ਲਈਂ ਨੂਰਿਆ, ਦੇਈਂ ਬੀਰਿਆ' ਹੋਈ ਜਾਂਦੀ।

1948 ਦੀਆਂ ਓਲੰਪਿਕ ਖੇਡਾਂ ਸਮੇਂ ਭਾਰਤੀ ਹਾਕੀ ਟੀਮ ਵਿਚ ਛੇ ਖਿਡਾਰੀ ਚੜ੍ਹਦੇ ਪੰਜਾਬ ਦੇ ਖੇਡੇ। ਉਨ੍ਹਾਂ ਦੇ ਨਾਂ ਨੰਦੀ ਸਿੰਘ, ਕੇਸ਼ਵ ਦੱਤ, ਜਸਵੰਤ ਸਿੰਘ, ਬਾਵਾ ਤ੍ਰਿਲੋਚਣ ਸਿੰਘ, ਅਮੀਰ ਕੁਮਾਰ ਤੇ ਬਲਬੀਰ ਸਿੰਘ ਸਨ।

ਵੀਡੀਓ ਕੈਪਸ਼ਨ, ਭਾਰਤੀ ਹਾਕੀ ਟੀਮ 'ਚ ਕੋਰੋਨਾ ਕੇਸ ਆਉਣ ਦਾ ਤਜਰਬਾ ਸਾਂਝਾ ਕਰਦੇ ਆਕਾਸ਼ਦੀਪ ਸਿੰਘ

1952 ਵਿਚ ਬਲਬੀਰ ਸਿੰਘ, ਧਰਮ ਸਿੰਘ, ਸਵਰੂਪ ਸਿੰਘ, ਕੇਸ਼ਵ ਦੱਤ, ਜਸਵੰਤ ਸਿੰਘ, ਰਘਬੀਰ ਲਾਲ, ਨੰਦੀ ਸਿੰਘ ਤੇ ਊਧਮ ਸਿੰਘ ਪੰਜਾਬ ਤੋਂ ਖੇਡੇ।

1956 ਵਿਚ ਮੈਲਬੌਰਨ ਦੀਆਂ ਓਲੰਪਿਕ ਖੇਡਾਂ ਸਮੇਂ ਬਲਬੀਰ ਸਿੰਘ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ ਤੇ ਪੰਜਾਬ ਦੇ ਤੇਰਾਂ ਖਿਡਾਰੀ ਟੀਮ ਵਿਚ ਖੇਡ ਰਹੇ ਸਨ। ਉਨ੍ਹਾਂ ਦੇ ਨਾਂ ਬਲਬੀਰ ਸਿੰਘ, ਊਧਮ ਸਿੰਘ, ਅਮੀਰ ਕੁਮਾਰ, ਰਘਬੀਰ ਲਾਲ, ਬਖਸ਼ੀਸ਼ ਸਿੰਘ, ਹਰਦਿਆਲ ਸਿੰਘ, ਆਰ. ਐੱਸ. ਭੋਲਾ, ਹਰੀ ਪਾਲ ਕੌਸ਼ਿਕ, ਬਾਲਕ੍ਰਿਸ਼ਨ ਸਿੰਘ, ਗੁਰਦੇਵ ਸਿੰਘ, ਚਾਰਲਸ ਸਟੀਫਨ, ਓ. ਪੀ. ਮਲੋਤ੍ਹਰਾ ਤੇ ਏ. ਐੱਸ. ਬਖਸ਼ੀ ਸਨ।

1960 ਵਿਚ ਰੋਮ ਦੀਆਂ ਓਲੰਪਿਕ ਖੇਡਾਂ 'ਚ ਪੰਜਾਬ ਤੋਂ ਪ੍ਰਿਥੀਪਾਲ ਸਿੰਘ, ਚਰਨਜੀਤ ਸਿੰਘ, ਮਹਿੰਦਰ ਲਾਲ, ਊਧਮ ਸਿੰਘ, ਜਸਵੰਤ ਸਿੰਘ, ਆਰ. ਐੱਸ. ਭੋਲਾ, ਹਰੀ ਪਾਲ ਕੌਸ਼ਿਕ ਤੇ ਬਾਲਕ੍ਰਿਸ਼ਨ ਸਿੰਘ ਭਾਰਤੀ ਟੀਮ ਵਿਚ ਖੇਡੇ।

1956 ਦੇ ਮੈਲਬਰਨ ਉਲੰਪਿਕ ਵਿੱਚ ਸ਼ਾਮਲ ਭਾਰਤੀ ਹਾਕੀ ਟੀਮ

ਤਸਵੀਰ ਸਰੋਤ, BALBIRSINGHSENIOR/FACEBOOK

ਟੋਕੀਓ ਵਿਖੇ ਚਰਨਜੀਤ ਸਿੰਘ, ਪ੍ਰਿਥੀਪਾਲ ਸਿੰਘ, ਗੁਰਬਖ਼ਸ਼ ਸਿੰਘ, ਧਰਮ ਸਿੰਘ, ਊਧਮ ਸਿੰਘ, ਮਹਿੰਦਰ ਲਾਲ, ਬਲਬੀਰ ਸਿੰਘ, ਦਰਸ਼ਨ ਸਿੰਘ, ਜਗਜੀਤ ਸਿੰਘ ਤੇ ਹਰੀ ਪਾਲ ਕੌਸ਼ਿਕ ਨੇ ਭਾਰਤੀ ਟੀਮ ਨੂੰ ਰੰਗ ਭਾਗ ਲਾਏ।

ਮੈਕਸੀਕੋ ਵਿਚ ਪ੍ਰਿਥੀਪਾਲ ਸਿੰਘ ਤੇ ਗੁਰਬਖ਼ਸ਼ ਸਿੰਘ ਜੁੜਵੇਂ ਕਪਤਾਨ ਸਨ। ਉਨ੍ਹਾਂ ਨਾਲ ਬਲਬੀਰ ਸਿੰਘ, ਧਰਮ ਸਿੰਘ, ਹਰਮੀਕ ਸਿੰਘ, ਇੰਦਰ ਸਿੰਘ, ਅਜੀਤਪਾਲ ਸਿੰਘ, ਹਰਬਿੰਦਰ ਸਿੰਘ ਤੇ ਤਰਸੇਮ ਸਿੰਘ ਪੰਜਾਬ ਤੋਂ ਸਨ। ਅਜਿਹਾ ਕਦੇ ਵੀ ਨਹੀਂ ਹੋਇਆ ਕਿ ਭਾਰਤੀ ਤੇ ਪਾਕਿਸਤਾਨੀ ਹਾਕੀ ਟੀਮਾਂ ਪੰਜਾਬ ਦੇ ਖਿਡਾਰੀਆਂ ਤੋਂ ਬਿਨਾਂ ਬਣੀਆਂ ਹੋਣ।

ਪਾਕਿਸਤਾਨ ਦੀਆਂ ਟੀਮਾਂ ਵਿਚ ਲਹਿੰਦੇ ਪੰਜਾਬ ਦੇ ਖਿਡਾਰੀ ਭਾਰਤ ਦੀਆਂ ਟੀਮਾਂ ਵਿਚ ਚੜ੍ਹਦੇ ਪੰਜਾਬ ਦੇ ਖਿਡਾਰੀਆਂ ਨਾਲੋਂ ਵੀ ਵੱਧ ਗਿਣਤੀ ਵਿਚ ਖੇਡਦੇ ਰਹੇ ਹਨ।

ਅਨੇਕਾਂ ਪੰਜਾਬੀ ਖਿਡਾਰੀ ਹਨ ਜੋ ਭਾਰਤ, ਪਾਕਿਸਤਾਨ, ਕੀਨੀਆ, ਯੂਗੰਡਾ, ਤਨਜ਼ਾਨੀਆਂ, ਮਲੇਸ਼ੀਆ, ਹਾਂਗਕਾਂਗ, ਸਿੰਘਾਪੁਰ, ਇੰਗਲੈਂਡ ਤੇ ਕੈਨੇਡਾ ਦੀਆਂ ਹਾਕੀ ਟੀਮਾਂ ਵਿਚ ਓਲੰਪਿਕ ਖੇਡਾਂ, ਏਸ਼ਿਆਈ ਖੇਡਾਂ ਤੇ ਵਿਸ਼ਵ ਕੱਪਾਂ ਵਿਚ ਖੇਡ ਚੁੱਕੇ ਹਨ।

ਇਹ ਵੀ ਪੜ੍ਹੋ:

ਬਲਬੀਰ ਸਿੰਘ ਸੀਨੀਅਰ

ਤਸਵੀਰ ਸਰੋਤ, FACEBOOK@BALBIRSINGHSENIOR

ਤਸਵੀਰ ਕੈਪਸ਼ਨ, ਲੰਡਨ ਵਿੱਚ ਭਾਰਤ ਦੇ ਤਤਕਾਲੀ ਹਾਈਕਿਮਸ਼ਨਰ ਕ੍ਰਿਸ਼ਣਾ ਮੈਨਨ ਨੂੰ ਮਿਲਦੇ ਹੋਏ ਬਲਬੀਰ ਸਿੰਘ ਸੀਨੀਅਰ

ਹਾਕੀ ਨੂੰ ਪੰਜਾਬੀਆਂ ਦੀ ਕੌਮੀ ਖੇਡ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ। ਇਕ ਵਾਰ ਕੀਨੀਆ ਦੇ ਗਿਆਰਾਂ ਖਿਡਾਰੀ ਜੂੜਿਆਂ ਵਾਲੇ ਸਰਦਾਰ ਸਨ ਤੇ 1966 ਵਿਚ ਪਹਿਲੀ ਵਾਰ ਏਸ਼ਿਆਈ ਖੇਡਾਂ ਦਾ ਸੋਨ-ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਵਿਚ ਗਿਆਰਾਂ 'ਚੋਂ ਦਸਾਂ ਦੇ ਜੂੜਿਆਂ ਉਤੇ ਰੁਮਾਲ ਸਨ।

ਮਿਊਨਿਖ ਦੀਆਂ ਓਲੰਪਿਕ ਖੇਡਾਂ 'ਚ ਪਾਕਿਸਤਾਨ, ਭਾਰਤ, ਕੀਨੀਆ, ਯੂਗੰਡਾ ਤੇ ਮਲੇਸ਼ੀਆ ਦੀਆਂ ਹਾਕੀ ਟੀਮਾਂ ਵਿਚ ਚਾਲੀ ਖਿਡਾਰੀ ਪੰਜਾਬੀ ਮੂਲ ਦੇ ਸਨ। 2 ਸਤੰਬਰ 1972 ਨੂੰ ਜੋ ਮੈਚ ਭਾਰਤ ਤੇ ਕੀਨੀਆ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਉਸ ਵਿਚ 15 ਖਿਡਾਰੀਆਂ ਦੇ ਜੂੜਿਆਂ ਉਤੇ ਰੁਮਾਲ ਬੰਨ੍ਹੇ ਹੋਏ ਸਨ।

ਮਾਸਕੋ ਦੀਆਂ ਓਲੰਪਿਕ ਖੇਡਾਂ ਵਿਚ ਸੋਨ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦੇ ਸੈਂਟਰ ਫਾਰਵਰਡ ਸੁਰਿੰਦਰ ਸਿੰਘ ਸੋਢੀ ਨੇ ਸਭ ਤੋਂ ਵੱਧ ਪੰਦਰਾਂ ਗੋਲ ਕੀਤੇ ਸਨ। ਪੰਜਾਬੀ ਮੂਲ ਦੇ ਹਾਕੀ ਖਿਡਾਰੀ ਅੱਠ ਮੁਲਕਾਂ ਦੀਆਂ ਟੀਮਾਂ ਵਿਚ ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ।

ਪਰਗਟ ਸਿੰਘ

ਤਸਵੀਰ ਸਰੋਤ, Getty Images

ਹਾਕੀ ਦੇ ਅਜੋਕੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਗਗਨਅਜੀਤ ਸਿੰਘ, ਜੁਗਰਾਜ ਸਿੰਘ, ਬਲਜੀਤ ਸਿੰਘ ਸੈਣੀ, ਬਲਜੀਤ ਸਿੰਘ ਢਿੱਲੋਂ, ਰਾਜਿੰਦਰ ਸਿੰਘ, ਪ੍ਰਭਜੋਤ ਸਿੰਘ, ਸਰਦਾਰਾ ਸਿੰਘ, ਸੰਦੀਪ ਸਿੰਘ, ਸਰਵਣਜੀਤ ਸਿੰਘ, ਗੁਰਬਾਜ਼ ਸਿੰਘ, ਗੁਰਜਿੰਦਰ ਸਿੰਘ, ਰੁਪਿੰਦਰਪਾਲ ਸਿੰਘ, ਅਕਾਸ਼ਦੀਪ, ਧਰਮਵੀਰ ਆਦਿ ਦਰਜਨਾਂ ਨਾਂ ਲਏ ਜਾ ਸਕਦੇ ਹਨ।

ਪੰਜਾਬ ਪੁਲਿਸ, ਪੰਜਾਬ ਐਂਡ ਸਿੰਧ ਬੈਂਕ, ਰੇਲਵੇ ਕੋਚ ਫੈਕਟਰੀ ਤੇ ਬੀ. ਐੱਸ. ਐੱਫ਼. ਦੀਆਂ ਨਾਮੀ ਹਾਕੀ ਟੀਮਾਂ ਪੰਜਾਬੀ ਖਿਡਾਰੀਆਂ ਨਾਲ ਭਰਪੂਰ ਰਹਿੰਦੀਆਂ ਹਨ।

ਪੰਜਾਬ ਦੇ ਅਨੇਕਾਂ ਹਾਕੀ ਖਿਡਾਰੀਆਂ ਨੂੰ ਖੇਡਾਂ ਦਾ ਸਰਵੋਤਮ ਪੁਰਸਕਾਰ ਅਰਜਨ ਅਵਾਰਡ ਮਿਲ ਚੁੱਕਿਆ ਹੈ।

ਬਲਬੀਰ ਸਿੰਘ, ਪ੍ਰਿਥੀਪਾਲ ਸਿੰਘ, ਅਜੀਤਪਾਲ ਸਿੰਘ ਤੇ ਪਰਗਟ ਸਿੰਘ ਤਾਂ ਹਾਕੀ ਦੀ ਖੇਡ ਕਰਕੇ ਪਦਮ ਸ਼੍ਰੀ ਹਨ। ਸਰਦਾਰਾ ਸਿੰਘ ਦਾ ਨਾਂ ਵਰਲਡ ਇਲੈਵਨ ਵਿਚ ਆ ਚੁੱਕੇ ਹਨ।

ਹੁਣ ਟੋਕੀਓ ਓਲੰਪਿਕਸ ਵਿਚ ਭਾਗ ਲੈਣ ਵਾਲੀ ਟੀਮ 'ਚ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ ਤੇ ਮਨਦੀਪ ਸਿੰਘ ਖੇਡ ਰਹੇ ਹਨ।

ਭਾਰਤੀ ਹਾਕੀ ਟੀਮ ਦਾ ਕਪਤਾਨ ਵੀ ਪੰਜਾਬ ਦਾ ਮਨਪ੍ਰੀਤ ਸਿੰਘ ਹੈ। ਪੰਜਾਬੀ ਸੱਚਮੁੱਚ ਹਾਕੀ ਦੀ ਖੇਡ ਦੇ ਸਰਦਾਰ ਹਨ।

ਵੀਡੀਓ ਕੈਪਸ਼ਨ, ਬਲਬੀਰ ਸਿੰਘ ਸੀਨੀਅਰ: 3 ਵਾਰ ਓਲੰਪਿਕ ਗੋਲਡ ਮੈਡਲ ਜਿੱਤ ਕੇ ਹਾਕੀ ਵਿੱਚ ਸਦਾ ਲਈ ਮਹਾਨਤਾ ਖੱਟਣ ਵਾਲਾ ਖਿਡਾਰੀ