ਓਲੰਪਿਕ 2020: ਭਾਰਤੀ ਹਾਕੀ ਟੀਮ ਦਹਾਕਿਆਂ ਬਾਅਦ ਸੈਮੀਫਾਇਨਲ 'ਚ ਪਹੁੰਚੀ, ਟੀਮ ’ਚ ਅੱਧੇ ਪੰਜਾਬੀ ਹੋਣ ਪਿੱਛੇ ਇਹ ਕਾਰਨ

ਤਸਵੀਰ ਸਰੋਤ, Hockey india/twitter
- ਲੇਖਕ, ਸੌਰਭ ਦੁੱਗਲ
- ਰੋਲ, ਖੇਡ ਪੱਤਰਕਾਰ
ਭਾਰਤੀ ਹਾਕੀ ਟੀਮ ਨੇ ਕਈ ਦਹਾਕਿਆਂ ਮਗਰੋਂ ਓਲੰਪਿਕ ਸੈਮੀਫਾਇਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਨੇ ਗ੍ਰੇਟ ਬ੍ਰਿਟੇਨ ਨੂੰ 3-1 ਨਾਲ ਹਰਾਇਆ
ਸਾਲ 1948 ਦੀਆਂ ਓਲੰਪਿਕ ਖੇਡਾਂ ਲਈ ਲੰਡਨ ਜਾਣ ਵਾਲੀ ਹਾਕੀ ਟੀਮ ਵਿੱਚ ਪੰਜਾਬ ਤੋਂ ਸਿਰਫ਼ ਦੋ ਖਿਡਾਰੀ ਸਨ। ਇਸ ਵਾਰ ਟੋਕੀਓ ਓਲੰਪਿਕ ਵਿੱਚ ਕੁੱਲ ਭਾਰਤੀ ਹਾਕੀ ਖਿਡਾਰੀਆਂ ਵਿੱਚੋਂ ਅੱਧੇ ਪੰਜਾਬ ਵਿੱਚੋਂ ਹਨ।
ਆਜ਼ਾਦੀ ਤੋਂ ਬਾਅਦ ਦੇ ਪਹਿਲੇ ਓਲੰਪਿਕਸ (1948 ਲੰਡਨ) ਵਿੱਚ ਪੰਜਾਬ ਦੇ ਉਹ ਦੋ ਖਿਡਾਰੀ ਸਨ, ਬਲਬੀਰ ਸਿੰਘ ਸੀਨੀਅਰ ਅਤੇ ਤ੍ਰਿਲੋਚਨ ਸਿੰਘ ਬਾਵਾ।
ਇਨ੍ਹਾਂ ਨੇ 1948 ਵਿੱਚ ਬੰਬਈ ਵਿੱਚ ਕਰਵਾਏ ਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਪੰਜਾਬ ਦੀ ਨੁਮਾਇੰਦਗੀ ਕੀਤੀ ਸੀ।
ਇਹ ਵੀ ਪੜ੍ਹੋ:
ਇੱਕ ਸਾਲ ਪਹਿਲਾਂ ਤੱਕ ਬ੍ਰਿਟਿਸ਼ ਰਾਜ ਅਧੀਨ ਰਹੇ ਭਾਰਤ ਨੇ ਬ੍ਰਿਟੇਨ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ 'ਤੇ ਹਰਾਇਆ ਅਤੇ ਆਜ਼ਾਦ ਭਾਰਤ ਦਾ ਤਿਰੰਗਾ ਪਹਿਲੀ ਵਾਰ ਵਿਦੇਸ਼ੀ ਭੂਮੀ 'ਤੇ ਲਹਿਰਾਇਆ ਸੀ, ਉਹ ਵੀ ਉਸ ਦੇਸ਼ ਵਿੱਚ ਜਿਸ ਨੇ ਦੋ ਸਦੀਆਂ ਤੋਂ ਵੱਧ ਸਮੇਂ ਤੱਕ ਭਾਰਤ 'ਤੇ ਰਾਜ ਕੀਤਾ ਸੀ।

ਤਸਵੀਰ ਸਰੋਤ, BHARTIYAHOCKEY.ORG
2021 ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦਾ ਅੱਧਾ ਹਿੱਸਾ ਯਾਨੀ 16 ਵਿੱਚੋਂ 8 ਖਿਡਾਰੀ ਪੰਜਾਬ ਦੇ ਹਨ। ਉਨ੍ਹਾਂ ਦੇ ਨਾਮ ਹਨ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ।
ਟੋਕਿਓ ਜਾਣ ਵਾਲੀ ਹਾਕੀ ਟੀਮ ਦੀ ਅਗਵਾਈ ਵੀ ਪੰਜਾਬੀ ਖਿਡਾਰੀ ਤੇ ਇੱਕ ਪੁਲਿਸ ਅਧਿਕਾਰੀ ਮਨਪ੍ਰੀਤ ਸਿੰਘ ਕਰ ਰਹੇ ਹਨ। ਮਨਪ੍ਰੀਤ ਇਸ ਵੇਲੇ ਡਿਪਟੀ ਸੁਪਰਡੈਂਟ ਪੁਲਿਸ (ਡੀਐੱਸਪੀ) ਦੇ ਅਹੁਦੇ ’ਤੇ ਤਾਇਨਾਤ ਹਨ।
ਚਾਰ ਸਾਲ ਵਿੱਚ ਇੱਕ ਵਾਰ ਹੋਣ ਵਾਲੀਆਂ ਖੇਡਾਂ ਓਲੰਪਿਕਸ ਵਿੱਚ ਇਸ ਤੋਂ ਪਹਿਲਾਂ ਸਾਲ 2000 ਵਿੱਚ ਜਦੋਂ ਸਿਡਨੀ ਵਿੱਚ ਓਲੰਪਿਕ ਹੋਇਆ ਸੀ ਤਾਂ ਇੱਕ ਪੰਜਾਬੀ ਕਪਤਾਨ ਰਮਨਦੀਪ ਸਿੰਘ ਨੇ ਭਾਰਤ ਦੀ ਅਗਵਾਈ ਕੀਤੀ ਸੀ।
ਸੁਰਜੀਤ ਹਾਕੀ ਅਕੈਡਮੀ ਦੇ ਕੋਚ ਅਵਤਾਰ ਸਿੰਘ ਦਾ ਕਹਿਣਾ ਹੈ, "ਇਹ ਪੰਜਾਬ ਅਤੇ ਸਾਡੀ ਅਕੈਡਮੀ, ਸੁਰਜੀਤ ਹਾਕੀ ਅਕੈਡਮੀ, ਜਲੰਧਰ ਲਈ ਬਹੁਤ ਵੱਡਾ ਸਨਮਾਨ ਹੈ ਕਿ ਸਾਡੇ ਤੋਂ ਸਿਖਲਾਈ ਪ੍ਰਾਪਤ ਮਨਪ੍ਰੀਤ ਟੋਕਿਓ ਵਿੱਚ ਭਾਰਤੀ ਟੀਮ ਦੀ ਅਗਵਾਈ ਕਰੇਗਾ।”
ਪੰਜਾਬ ਦੇ ਅੱਠ ਖਿਡਾਰੀਆਂ ਵਿੱਚੋਂ ਛੇ, ਮਨਪ੍ਰੀਤ, ਹਰਮਨਪ੍ਰੀਤ, ਹਾਰਦਿਕ, ਸ਼ਮਸ਼ੇਰ, ਦਿਲਪ੍ਰੀਤ ਅਤੇ ਮਨਦੀਪ ਸਰਕਾਰ ਵੱਲੋਂ ਚਲਾਈ ਜਾ ਰਹੀ ਸੁਰਜੀਤ ਹਾਕੀ ਅਕੈਡਮੀ ਵਿੱਚੋਂ ਟਰੇਨਿੰਗ ਲੈ ਚੁੱਕੇ ਹਨ।

ਤਸਵੀਰ ਸਰੋਤ, Hockeyindia/twitter
ਸਾਬਕਾ ਓਲੰਪਿਕ ਕਪਤਾਨ ਪਰਗਟ ਸਿੰਘ 2012 ਵਿੱਚ ਪੰਜਾਬ ਦੇ ਖੇਡ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਚੋਣ ਰਾਜਨੀਤੀ ਵਿੱਚ ਸ਼ਾਮਲ ਹੋਏ ਸਨ। ਉਹ ਦੋ ਵਾਰ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ।
ਉਨ੍ਹਾਂ ਦਾ ਕਹਿਣਾ ਹੈ, "ਇੱਕ ਸੂਬੇ ਵਿੱਚੋਂ ਅੱਧੀ ਟੀਮ ਆਉਣਾ ਇੱਕ ਵੱਡੀ ਪ੍ਰਾਪਤੀ ਹੈ ਅਤੇ ਇਹ ਸਪੱਸ਼ਟ ਰੂਪ ਵਿੱਚ ਭਾਰਤੀ ਹਾਕੀ ਵਿੱਚ ਪੰਜਾਬ ਦਾ ਦਬਦਬਾ ਦਿਖਾਉਂਦੀ ਹੈ।”
ਸਾਬਕਾ ਭਾਰਤੀ ਹਾਕੀ ਕਪਤਾਨ ਵਜੋਂ ਉਨ੍ਹਾਂ ਦੀ ਪ੍ਰਸਿੱਧੀ ਅਤੇ ਡਾਇਰੈਕਟਰ ਆਫ ਸਪੋਰਟਸ (2005 ਤੋਂ 2012) ਦੇ ਕਾਰਜਕਾਲ ਦੌਰਾਨ ਹਾਕੀ ਨੂੰ ਮੁੜ ਸੁਰਜੀਤ ਕਰਨ ਲਈ ਉਨ੍ਹਾਂ ਨੇ ਕਾਫੀ ਕੰਮ ਕੀਤਾ ਸੀ।
ਉਸ ਨੇ ਹੀ ਪਰਗਟ ਸਿੰਘ ਨੂੰ ਜਲੰਧਰ ਕੈਂਟ ਹਲਕੇ ਤੋਂ ਚੋਣ ਜਿਤਾਈ ਸੀ ਜਿਸ ਨੂੰ ਸੂਬੇ ਦੀ ਇੱਕ ਪ੍ਰਮੁੱਖ ਹਾਕੀ ਬੈਲਟ ਮੰਨਿਆ ਜਾਂਦਾ ਹੈ।
ਪਰਗਟ ਸਿੰਘ ਨੇ ਕਿਹਾ, "ਹਾਕੀ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਨਜ਼ਦੀਕ ਰਹੀ ਹੈ ਅਤੇ ਇਹ ਉਨ੍ਹਾਂ ਦੇ ਸੱਭਿਆਚਾਰ ਅਤੇ ਵਿਰਾਸਤ ਦਾ ਹਿੱਸਾ ਹੈ। ਨੱਬੇ ਦੇ ਦਹਾਕੇ ਦੇ ਅੰਤ ਤੋਂ ਸਾਲ 2010 ਤੱਕ ਪੰਜਾਬ ਦੀ ਹਾਕੀ ਵਿੱਚ ਗਿਰਾਵਟ ਵੇਖੀ ਗਈ ਸੀ।"
"ਹਾਲਾਂਕਿ ਪਿਛਲੇ ਪੰਜ-ਛੇ ਸਾਲਾਂ ਤੋਂ ਪੰਜਾਬ ਦੀ ਹਾਕੀ ਮੁੜ ਲੀਹਾਂ 'ਤੇ ਆ ਗਈ ਹੈ ਅਤੇ ਅਸੀਂ ਦੇਸ਼ ਦੀ ਹਾਕੀ ਵਿੱਚ ਲਗਾਤਾਰ ਆਪਣਾ ਹਿੱਸਾ ਵਧਾ ਰਹੇ ਹਾਂ।"
ਪਰਗਟ ਸਿੰਘ ਨੂੰ ਦੋ ਓਲੰਪਿਕਸ (1992 ਬਾਰਸੀਲੋਨਾ ਅਤੇ 1996 ਅਟਲਾਂਟਾ) ਵਿੱਚ ਕਪਤਾਨੀ ਕਰਨ ਵਾਲੇ ਇਕੱਲੇ ਭਾਰਤੀ ਖਿਡਾਰੀ ਹੋਣ ਦਾ ਮਾਣ ਪ੍ਰਾਪਤ ਹੈ।
ਉਨ੍ਹਾਂ ਦਾ ਕਹਿਣਾ ਹੈ, ''1996 ਅਟਲਾਂਟਾ ਓਲੰਪਿਕ ਤੋਂ ਬਾਅਦ, ਇਹ ਦੋ ਦਹਾਕਿਆਂ ਦੇ ਵਕਫੇ ਤੋਂ ਬਾਅਦ ਸੀ, ਜਦੋਂ 2016 ਦੀਆਂ ਰੀਓ ਓਲੰਪਿਕ ਦੌਰਾਨ ਭਾਰਤੀ ਟੀਮ ਵਿੱਚ ਪੰਜਾਬ ਦੇ ਪੰਜ ਖਿਡਾਰੀ ਸਨ। ਹੁਣ ਟੋਕਿਓ ਵਿੱਚ ਇਹ ਗਿਣਤੀ ਵੱਧ ਕੇ ਅੱਠ ਹੋ ਗਈ ਹੈ।"
ਦੇਸ਼ ਦੀ ਵੰਡ, ਪੰਜਾਬ ਹਾਕੀ ਲਈ ਵੱਡਾ ਝਟਕਾ
ਭਾਰਤੀ ਹਾਕੀ ਦੀ ਸ਼ੁਰੂਆਤ ਕੋਲਕਾਤਾ ਵਿੱਚ ਹੋਈ ਸੀ ਅਤੇ ਇਸ ਸ਼ਹਿਰ ਨੇ 19ਵੀਂ ਸਦੀ ਦੀ ਸ਼ੁਰੂਆਤ ਵਿੱਚ ਹਾਕੀ ਟੀਮ ਦੀ ਅਗਵਾਈ ਕੀਤੀ ਸੀ।

ਤਸਵੀਰ ਸਰੋਤ, Hockey India/twitter
ਇੱਕ ਮਜ਼ਬੂਤ ਨੀਂਹ ਰੱਖਣ ਵਿੱਚ ਐਂਗਲੋ-ਇੰਡੀਅਨਜ਼ ਦਾ ਯੋਗਦਾਨ ਸੀ। ਆਜ਼ਾਦੀ ਤੋਂ ਪਹਿਲਾਂ ਟੀਮ ਵਿੱਚ ਮੁੱਖ ਤੌਰ 'ਤੇ ਫੌਜ, ਰੇਲਵੇ, ਤਾਰ ਅਤੇ ਕਸਟਮ ਜਾਂ ਬੰਦਰਗਾਹ ਸੇਵਾਵਾਂ ਦੇ ਖਿਡਾਰੀ ਸ਼ਾਮਲ ਹੁੰਦੇ ਸਨ।
ਹੌਲੀ-ਹੌਲੀ ਇਹ ਖੇਡ ਰਿਆਸਤਾਂ ਅਤੇ ਹੋਰ ਸ਼ਹਿਰਾਂ ਜਿਵੇਂ ਭੋਪਾਲ, ਗਵਾਲੀਅਰ, ਝਾਂਸੀ, ਇੰਦੌਰ, ਇਲਾਹਾਬਾਦ, ਅਲੀਗੜ੍ਹ ਅਤੇ ਲਖਨਊ ਵਿੱਚ ਫੈਲ ਗਈ ਸੀ।
1940 ਦੇ ਦਹਾਕੇ ਦੇ ਅੱਧ ਤੱਕ ਪੰਜਾਬ ਹਾਕੀ ਵਿੱਚ ਇੱਕ ਸ਼ਕਤੀਸ਼ਾਲੀ ਸੂਬਾ ਬਣ ਕੇ ਉੱਭਰਿਆ ਸੀ।
ਪੰਜਾਬ ਪੁਲਿਸ ਵਿੱਚ ਨੌਕਰੀਆਂ ਅਤੇ ਪੰਜਾਬ ਯੂਨੀਵਰਸਿਟੀ ਦੇ ਮਜ਼ਬੂਤ ਇੰਟਰ-ਕਾਲਜ ਸਰਕਟ ਨੇ ਭਾਰਤੀ ਹਾਕੀ ਦਾ ਗੜ੍ਹ ਪੰਜਾਬ ਨੂੰ ਬਣਾ ਦਿੱਤਾ ਸੀ।
ਪੰਜਾਬ ਨੇ 1946 ਵਿੱਚ ਕਈ ਕੌਮੀ ਮੁਕਾਬਲਾ ਜਿੱਤੇ ਅਤੇ 1947 ਵਿੱਚ ਇਸ ਖਿਤਾਬ ਨੂੰ ਬਰਕਰਾਰ ਰੱਖਿਆ।
ਦੇਸ਼ ਦੀ ਵੰਡ ਪੰਜਾਬ ਹਾਕੀ ਲਈ ਇੱਕ ਵੱਡਾ ਝਟਕਾ ਸੀ ਕਿਉਂਕਿ ਸੂਬੇ ਦੇ ਕਈ ਚੋਟੀ ਦੇ ਖਿਡਾਰੀਆਂ ਨੇ ਲਾਹੌਰ ਵਿੱਚ ਰਹਿਣ ਦਾ ਫੈਸਲਾ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਨੇ 1948 ਦੇ ਲੰਡਨ ਓਲੰਪਿਕ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ।
ਪੰਜਾਬ ਦੇ ਕੁਝ ਖਿਡਾਰੀਆਂ ਦੇ ਪਰਿਵਾਰਾਂ ਨੇ ਆਪਣੀ ਰਿਹਾਇਸ਼ ਵੀ ਕੋਲਕਾਤਾ ਅਤੇ ਮੁੰਬਈ ਤਬਦੀਲ ਕਰ ਦਿੱਤੀ ਅਤੇ ਉਨ੍ਹਾਂ ਨੇ ਫਿਰ ਆਪਣੀ ਨਵੀਂ ਵੱਸੋਂ ਵਾਲੇ ਸ਼ਹਿਰਾਂ ਤੇ ਸੂਬਿਆਂ ਵੱਲੋਂ ਕੌਮੀ ਪੱਧਰ 'ਤੇ ਨੁਮਾਇੰਦਗੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਅੱਗੇ ਇੱਕ ਨਵੇਂ ਚੈਨਲ ਰਾਹੀਂ ਭਾਰਤੀ ਟੀਮ ਵਿੱਚ ਜਗ੍ਹਾ ਬਣਾਈ।

ਤਸਵੀਰ ਸਰੋਤ, Hockey india/twitter
ਇਹ ਵੀ ਪੜ੍ਹੋ:
ਓਲੰਪਿਕ ਤੋਂ ਪਹਿਲਾਂ 1948 ਦੇ ਕੌਮੀ ਮੁਕਾਬਲਿਆਂ ਵਿੱਚ ਚੈਂਪੀਅਨ ਪੰਜਾਬ ਬੁਰੀ ਤਰ੍ਹਾਂ ਹਾਰ ਗਿਆ ਅਤੇ ਸ਼ੁਰੂਆਤੀ ਦੌਰ ਵਿੱਚ ਹੀ ਬਾਹਰ ਹੋ ਗਿਆ।
ਮੁੰਬਈ ਨੇ ਰਾਸ਼ਟਰੀ ਮੁਕਾਬਲਾ ਜਿੱਤਿਆ ਅਤੇ ਇਸ ਦੇ ਲੰਡਨ ਦੀ ਟੀਮ ਵਿੱਚ ਸੱਤ ਖਿਡਾਰੀ ਸਨ। ਪੰਜਾਬ ਤੋਂ ਇਸ ਵਿੱਚ ਬਲਬੀਰ ਸੀਨੀਅਰ ਅਤੇ ਬਾਵਾ ਸਨ।
ਬਲਬੀਰ ਸਿੰਘ ਸੀਨੀਅਰ ਨੇ ਸਾਲ 2018 ਵਿੱਚ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਆਜ਼ਾਦ ਭਾਰਤ ਦੇ ਪਹਿਲੇ ਓਲੰਪਿਕ ਸੋਨੇ ਦੇ ਮੈਡਲ ਦੇ 60 ਸਾਲਾਂ ਦੇ ਜਸ਼ਨ ਮਨਾਉਣ ਵਾਲੇ ਇੱਕ ਸਮਾਗਮ ਦੌਰਾਨ ਕਿਹਾ ਸੀ, "ਜੇਕਰ 1947 ਤੋਂ ਪਹਿਲਾਂ ਭਾਰਤੀ ਟੀਮ ਦਾ ਗਠਨ ਕੀਤਾ ਜਾਂਦਾ, ਤਾਂ ਇਸ ਵਿੱਚ ਪੰਜਾਬ ਦੇ ਆਸਾਨੀ ਨਾਲ 7-8 ਖਿਡਾਰੀ ਆ ਸਕਦੇ ਸਨ ਪਰ ਵੰਡ ਨੇ ਸਾਡੇ ਕੁਝ ਚੰਗੇ ਖਿਡਾਰੀਆਂ ਨੂੰ ਸਾਡੇ ਤੋਂ ਵੱਖ ਕਰ ਦਿੱਤਾ, ਜਿਨ੍ਹਾਂ ਨੇ ਓਲੰਪਿਕ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ। "
1968 ਮੈਕਸੀਕੋ ਓਲੰਪਿਕਸ, ਪੰਜਾਬ ਹਾਕੀ ਦਾ ਸਿਖਰ
ਸਾਲ 1948 ਦੀ ਭਾਰਤੀ ਟੀਮ ਵਿੱਚ ਜਿੱਥੇ ਪੰਜਾਬ ਦੇ ਦੋ ਖਿਡਾਰੀਆਂ ਨੇ ਜਗ੍ਹਾ ਬਣਾਈ, ਉੱਥੇ 1968 ਮੈਕਸੀਕੋ ਓਲੰਪਿਕਸ ਦੀ 18 ਮੈਂਬਰੀ ਟੀਮ ਵਿੱਚ ਪੰਜਾਬ ਦੇ 11 ਖਿਡਾਰੀ ਸ਼ਾਮਲ ਸਨ।
1968 ਦੇ ਓਲੰਪਿਕ ਤਗਮਾ ਜੇਤੂ ਕਰਨਲ ਬਲਬੀਰ ਸਿੰਘ ਕਹਿੰਦੇ ਹਨ, "1968 ਮੈਕਸੀਕੋ ਓਲੰਪਿਕਸ ਪੰਜਾਬ ਹਾਕੀ ਲਈ ਸੁਨਹਿਰੀ ਦੌਰ ਵਿੱਚੋਂ ਇੱਕ ਸੀ। 18 ਮੈਂਬਰੀ ਟੀਮ ਵਿੱਚ 11 ਪੰਜਾਬ ਤੋਂ ਸਨ ਅਤੇ ਇਨ੍ਹਾਂ 11 ਵਿੱਚੋਂ ਪੰਜ - ਕਰਨਲ ਬਲਬੀਰ ਸਿੰਘ, ਬਲਬੀਰ ਸਿੰਘ (ਪੰਜਾਬ ਪੁਲਿਸ), ਜਗਜੀਤ ਸਿੰਘ, ਤਰਸੇਮ ਸਿੰਘ ਅਤੇ ਅਜੀਤ ਪਾਲ ਸਿੰਘ ਜਲੰਧਰ ਦੇ ਇੱਕੋ ਪਿੰਡ ਸੰਸਾਰਪੁਰ ਤੋਂ ਸਨ।"
ਉਨ੍ਹਾਂ ਨੇ ਅੱਗੇ ਕਿਹਾ, "ਮੈਂ ਫਿਰ ਤੋਂ ਪੰਜਾਬ ਦੀ ਚੜ੍ਹਤ ਨੂੰ ਵੇਖ ਕੇ ਖੁਸ਼ ਹਾਂ। ਟੋਕਿਓ ਜਾਣ ਵਾਲੀ ਅੱਧੀ ਟੀਮ (16 ਵਿੱਚੋਂ 8) ਇੱਕ ਸੂਬੇ ਤੋਂ ਆਉਣਾ ਕੋਈ ਛੋਟੀ ਪ੍ਰਾਪਤੀ ਨਹੀਂ ਹੈ ਅਤੇ ਇਸ ਦਾ ਸਿਹਰਾ ਪਰਗਟ ਸਿੰਘ ਵੱਲੋਂ 2005 ਤੋਂ 2012 ਤੱਕ ਪੰਜਾਬ ਦੇ ਡਾਇਰੈਕਟਰ ਖੇਡਾਂ ਦੇ ਕਾਰਜਕਾਲ ਦੌਰਾਨ ਕੀਤੇ ਗਏ ਕੰਮ ਨੂੰ ਜਾਂਦਾ ਹੈ।”
“ਪਿਛਲੇ ਪੰਜ-ਛੇ ਸਾਲਾਂ ਤੋਂ ਉਸ ਕੀਤੇ ਕੰਮ ਦਾ ਫਾਇਦਾ ਹੋ ਰਿਹਾ ਹੈ।”
1960 ਦੇ ਸਮੇਂ ਦੌਰਾਨ ਪੰਜਾਬ ਹਾਕੀ ਦੇ ਮੁੜ ਸੁਰਜੀਤ ਹੋਣ ਦਾ ਸਿਹਰਾ ਜਲੰਧਰ ਛਾਉਣੀ ਦੇ ਨਾਲ ਲੱਗਦੇ ਪਿੰਡ ਸੰਸਾਰਪੁਰ ਨੂੰ ਜਾਂਦਾ ਹੈ।
ਪਿੰਡ ਵਿੱਚ ਹਾਕੀ ਓਲੰਪੀਅਨ ਬਣਾਉਣ ਦੀ ਅਮੀਰ ਵਿਰਾਸਤ ਹੈ। ਇਸ ਦੇ ਨਾਂ 15 ਓਲੰਪਿਕ ਮੈਡਲ ਹਨ, ਜਿਸ ਵਿੱਚ ਅੱਠ ਸੋਨੇ ਅਤੇ ਇੱਕ ਚਾਂਦੀ ਦਾ ਮੈਡਲ ਹੈ।
ਸਾਲ 1975 ਦੀ ਜੇਤੂ ਵਿਸ਼ਵ ਕੱਪ ਹਾਕੀ ਟੀਮ - ਹੁਣ ਤੱਕ ਦਾ ਇਕਲੌਤਾ ਵਿਸ਼ਵ ਕੱਪ, ਜੋ ਦੇਸ਼ ਨੇ ਜਿੱਤਿਆ ਹੈ- ਉਸ ਦੀ ਅਗਵਾਈ ਸੰਸਾਰਪੁਰ ਦੇ ਅਜੀਤ ਪਾਲ ਸਿੰਘ ਨੇ ਕੀਤੀ ਸੀ।
ਜਦੋਂ ਤੋਂ ਭਾਰਤ ਨੇ ਓਲੰਪਿਕ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ ਉਦੋਂ ਤੋਂ 1968 ਦਾ ਮੈਕਸੀਕੋ ਓਲੰਪਿਕ ਪਹਿਲਾ ਮੌਕਾ ਬਣਿਆ ਜਦੋਂ ਭਾਰਤ ਫਾਈਨਲ ਵਿੱਚ ਜਗ੍ਹਾ ਬਣਾਉਣ ਵਿੱਚ ਅਸਫਲ ਰਿਹਾ ਸੀ।
ਉਸ ਨੂੰ ਕਾਂਸੀ ਦੇ ਮੈਡਲ ਨਾਲ ਹੀ ਸਬਰ ਕਰਨਾ ਪਿਆ ਸੀ।
ਭਾਰਤੀ ਟੀਮ ਵਿੱਚ ਪੰਜਾਬੀ ਖਿਡਾਰੀਆਂ ਦੀ ਵੱਧ ਗਿਣਤੀ ਹੋਣਾ ਭਾਵੇਂ ਸੂਬੇ ਲਈ ਮਾਣ ਵਾਲੀ ਗੱਲ ਸੀ ਪਰ ਸੰਸਾਰਪੁਰ ਪਿੰਡ ਦੀ ਹਾਕੀ ਦੀ ਇੰਨੀ ਅਮੀਰ ਵਿਰਾਸਤ ਸੀ ਕਿ ਸੈਮੀਫਾਈਨਲ ਵਿੱਚ ਹਾਰ ਨਾਲ ਪੂਰਾ ਪਿੰਡ ਸੋਗ ਵਿੱਚ ਡੁੱਬ ਗਿਆ ਸੀ।
ਓਲੰਪਿਕ ਟੀਮ ਦੇ ਪੰਜ ਮੈਂਬਰ ਜੋ ਇਸ ਪਿੰਡ ਤੋਂ ਸਨ, ਉਹ ਹਾਰ ਕਾਰਨ ਇਸ ਪਿੰਡ ਵਿੱਚ ਪੈਰ ਰੱਖਣ ਤੋਂ ਡਰ ਰਹੇ ਸਨ। ਇਸ ਨਾਲ ਪਿੰਡ ਦੀ ਹਾਕੀ ਨਾਲ ਸਾਂਝ ਬਾਰੇ ਤੁਸੀਂ ਸਮਝ ਸਕਦੇ ਹੋ।

ਤਸਵੀਰ ਸਰੋਤ, BALBIRSINGHSENIOR/FACEBOOK
ਕਰਨਲ ਬਲਬੀਰ ਸਿੰਘ ਯਾਦ ਕਰਦਿਆਂ ਦੱਸਦੇ ਹਨ, ''ਜਦੋਂ ਅਖੀਰ ਅਸੀਂ ਘਰ ਗਏ ਤਾਂ ਸਾਡੇ ਮਾਪੇ ਵੀ ਗੁੱਸੇ ਵਿੱਚ ਸਨ। ਉਨ੍ਹਾਂ ਨੇ ਸਾਨੂੰ ਪੁੱਛਿਆ ਕਿ, ਕੀ ਅਸੀਂ ਇਸ ਤਰ੍ਹਾਂ ਹਾਕੀ ਖੇਡਣਾ ਸਿੱਖਿਆ ਸੀ।''
ਸੰਸਾਰਪੁਰ ਕਾਰਨ ਇਹ ਖੇਡ ਨੇੜਲੇ ਪਿੰਡਾਂ ਵਿੱਚ ਵੀ ਫੈਲ ਗਈ ਹੈ।
ਸਾਬਕਾ ਓਲੰਪਿਕ ਕਪਤਾਨ ਪਰਗਟ ਸਿੰਘ ਅਤੇ ਟੋਕਿਓ ਟੀਮ ਦੇ ਕਪਤਾਨ ਮਨਪ੍ਰੀਤ, ਮਿੱਠਾਪੁਰ ਪਿੰਡ ਤੋਂ ਹਨ, ਜੋ ਕਿ ਸੰਸਾਰਪੁਰ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਹੈ।
ਟੋਕਿਓ ਓਲੰਪਿਕਸ ਟੀਮ ਵਿੱਚ ਮਨਪ੍ਰੀਤ ਤੋਂ ਇਲਾਵਾ ਮਨਦੀਪ ਵੀ ਮਿੱਠਾਪੁਰ ਦੇ ਹਨ ਅਤੇ ਹਾਰਦਿਕ ਸਿੰਘ ਸੰਸਾਰਪੁਰ ਤੋਂ ਡੇਢ ਕਿਲੋਮੀਟਰ ਦੂਰ ਪਿੰਡ ਖੁਸਰੋਪੁਰ ਦੇ ਰਹਿਣ ਵਾਲੇ ਹਨ।
ਕਿਵੇਂ ਹੋਈ ਪੰਜਾਬ ਦੀ ਮੁੜ ਵਾਪਸੀ?
1996 ਦੇ ਅਟਲਾਂਟਾ ਓਲੰਪਿਕ ਤੋਂ ਬਾਅਦ, ਜਦੋਂ ਰਾਜ ਦੇ ਪੰਜ ਖਿਡਾਰੀਆਂ ਨੇ ਟੀਮ ਵਿੱਚ ਜਗ੍ਹਾ ਬਣਾਈ, ਪੰਜਾਬ ਦੀ ਹਾਕੀ ਵਿੱਚ ਗਿਰਾਵਟ ਆਈ। ਓਲੰਪਿਕ ਟੀਮ ਵਿੱਚ ਇਸ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ।

ਤਸਵੀਰ ਸਰੋਤ, Hockey india/twitter
ਕਰਨਾਟਕ, ਮੁੰਬਈ ਅਤੇ ਉੜੀਸਾ, ਖਾਸ ਤੌਰ 'ਤੇ ਛੋਟਾ ਨਾਗਪੁਰ ਬੈਲਟ ਦੇ ਕਬਾਇਲੀ ਖਿਡਾਰੀਆਂ ਦੇ ਵੱਧ ਰਹੇ ਦਬਦਬੇ ਨਾਲ ਪੰਜਾਬ ਦਾ ਹਿੱਸਾ ਘਟਣਾ ਸ਼ੁਰੂ ਹੋਇਆ।
ਰਾਸ਼ਟਰੀ ਦ੍ਰਿਸ਼ 'ਤੇ ਪੰਜਾਬ ਹਾਕੀ ਦੀ ਜ਼ੋਰਦਾਰ ਵਾਪਸੀ ਦੀ ਨੀਂਹ ਸਾਬਕਾ ਓਲੰਪਿਕ ਕਪਤਾਨ ਪਰਗਟ ਸਿੰਘ ਦੇ ਕਾਰਜਕਾਲ ਦੌਰਾਨ ਰੱਖੀ ਗਈ ਸੀ, ਜਿਸ ਨੇ 2005 ਤੋਂ 2012 ਤੱਕ ਪੰਜਾਬ ਦੇ ਡਾਇਰੈਕਟਰ ਖੇਡਾਂ ਵਜੋਂ ਸੇਵਾਵਾਂ ਨਿਭਾਈਆਂ ਸਨ।
ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚ ਹਾਕੀ ਪ੍ਰਤੀ ਜੋਸ਼ ਨੂੰ ਦੁਬਾਰਾ ਲਿਆਉਣ ਲਈ ਪਰਗਟ ਨੇ ਪਿੰਡਾਂ ਵਿੱਚ ਐਸਟ੍ਰੋਟਰਫ ਲਿਆਉਣ ਦਾ ਵਿਚਾਰ ਲਿਆਂਦਾ।
ਮੁੱਖ ਚੁਣੌਤੀ ਬਜਟ ਨਾਲ ਸਬੰਧਿਤ ਮੁੱਦੇ ਸਨ। ਇਸ ਲਈ ਉਨ੍ਹਾਂ ਨੇ ਉਪਯੋਗ ਕੀਤੇ ਪੁਰਾਣੇ ਐਸਟ੍ਰੋਟਰਫ ਲਿਆਉਣ ਦਾ ਫੈਸਲਾ ਕੀਤਾ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਕੰਕਰੀਟ ਬੇਸ ਦੀ ਨਿਰਮਾਣ ਲਾਗਤ ਲਈ ਵਿੱਤੀ ਸਹਾਇਤਾ ਦੇਣ ਲਈ ਤਿਆਰ ਕੀਤਾ, ਜਿਸ 'ਤੇ ਯੂਜ਼ਡ ਐਸਟ੍ਰੋਟਰਫ ਨੂੰ ਫਿਰ ਤੋਂ ਰੱਖਿਆ ਜਾ ਸਕੇ।
ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ, "ਬਜਟ ਦੇ ਮੁੱਦਿਆਂ ਕਰਕੇ ਅਸੀਂ ਪਬਲਿਕ-ਪ੍ਰਾਈਵੇਟ ਭਾਈਵਾਲੀ ਅਪਣਾਉਣ ਦਾ ਫ਼ੈਸਲਾ ਕੀਤਾ। ਖੇਡ ਵਿਭਾਗ ਨੇ ਦੇਸ਼ ਭਰ ਵਿੱਚੋਂ ਨਿਗੂਣੀਆਂ ਕੀਮਤਾਂ 'ਤੇ ਪੁਰਾਣੇ ਐਸਟ੍ਰੋਟਰਫਸ ਨੂੰ ਖਰੀਦਿਆ ਅਤੇ ਉਨ੍ਹਾਂ ਨੂੰ ਛੋਟੇ, ਸਿਕਸ-ਏ-ਸਾਈਡ ਟਰਫ ਵਿੱਚ ਕੱਟ ਦਿੱਤਾ। ਨਤੀਜੇ ਵਜੋਂ, ਮੇਰੇ ਡਾਇਰੈਕਟਰ ਖੇਡਾਂ ਦੇ ਕਾਰਜਕਾਲ ਦੌਰਾਨ ਲਗਭਗ 20 ਪਿੰਡਾਂ ਨੂੰ ਸਿਕਸ-ਏ-ਸਾਈਡ ਐਸਟ੍ਰੋਟਰਫ ਮਿਲੇ।"
ਪਰਗਟ ਸਿੰਘ ਨੇ ਦੱਸਿਆ, ''ਪਹਿਲ ਪੁਰਾਣਾ ਐਸਟ੍ਰੋਟਰਫ ਅਸੀਂ 2006 ਵਿੱਚ ਖਰੀਦਿਆ ਸੀ। 2010 ਦੀਆਂ ਰਾਸ਼ਟਰਮੰਡਲ ਖੇਡਾਂ ਕਾਰਨ ਦਿੱਲੀ ਵਿਚਲੇ ਸਾਰੇ ਪੁਰਾਣੇ ਐਸਟ੍ਰੋਟਰਫ ਨੂੰ ਨਵਿਆਂ ਵਿੱਚ ਬਦਲ ਦਿੱਤਾ ਗਿਆ ਅਤੇ ਸਾਨੂੰ ਸਿਰਫ਼ 5 ਲੱਖ ਵਿੱਚ ਪੁਰਾਣਾ ਐਸਟ੍ਰੋਟਰਫ ਮਿਲਿਆ। ਅਸੀਂ ਇਸ ਨੂੰ ਦੋ ਟੁਕੜਿਆਂ ਵਿੱਚ ਕੱਟ ਦਿੱਤਾ ਅਤੇ ਇਸ ਨੂੰ ਫਿਰ ਪਿੰਡਾਂ ਵਿੱਚ ਦੁਬਾਰਾ ਰੱਖਿਆ, ਸਥਾਨਕ ਲੋਕਾਂ ਨੇ ਕੰਕਰੀਟ ਦੇ ਬੇਸ ਦੀ ਉਸਾਰੀ ਦਾ ਖਰਚਾ ਚੁੱਕਿਆ।''
ਸਿਕਸ-ਏ-ਸਾਈਡ ਐਸਟ੍ਰੋਟਰਫ ਲਗਾਉਣ ਵਾਲਾ ਪਹਿਲਾ ਪਿੰਡ ਜਲੰਧਰ ਦਾ ਕੂਕਰ ਪਿੰਡ ਸੀ।
ਪਰਗਟ ਸਿੰਘ ਨੇ ਦੱਸਿਆ, "ਮੇਰੇ ਜੱਦੀ ਪਿੰਡ ਮਿੱਠਾਪੁਰ ਦੇ ਲੋਕ ਵੀ ਮੇਰੇ ਤੋਂ ਨਾਰਾਜ਼ ਹੋ ਗਏ ਕਿ ਮੈਂ ਆਪਣੇ ਪਿੰਡ ਨੂੰ ਸਿਕਸ-ਏ-ਸਾਈਡ ਐਸਟ੍ਰੋਟਰਫ ਲੈਣ ਲਈ ਕਿਉਂ ਨਹੀਂ ਚੁਣਿਆ?"
"ਅਸੀਂ ਹਾਕੀ ਪੱਟੀ ਵਿੱਚ ਕੇਂਦਰੀ ਤੌਰ 'ਤੇ ਸਥਿਤ ਪਿੰਡਾਂ ਨੂੰ ਚੁਣਿਆ ਤਾਂ ਜੋ ਨੇੜਲੇ ਪਿੰਡਾਂ ਦੇ ਬੱਚੇ ਵੀ ਸਹੂਲਤ ਦੀ ਵਰਤੋਂ ਕਰ ਸਕਣ। ਅਸੀਂ ਜਲੰਧਰ, ਗੁਰਦਾਸਪੁਰ, ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਲੁਧਿਆਣਾ ਦੇ ਪੇਂਡੂ ਇਲਾਕਿਆਂ ਵਿੱਚ ਇਨ੍ਹਾਂ ਦੀ ਸਥਾਪਨਾ ਕੀਤੀ।
ਟੋਕਿਓ ਜਾਣ ਵਾਲੀ ਟੀਮ ਵਿੱਚ ਤਿੰਨ ਖਿਡਾਰੀ ਮਨਪ੍ਰੀਤ, ਮਨਦੀਪ ਅਤੇ ਹਾਰਦਿਕ ਜਲੰਧਰ ਬੈਲਟ ਤੋਂ, ਹਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ ਅਤੇ ਗੁਰਜੰਟ ਸਿੰਘ ਅੰਮ੍ਰਿਤਸਰ ਖੇਤਰ ਦੇ ਹਨ, ਜਦੋਂਕਿ ਰੁਪਿੰਦਰ ਪਾਲ ਸਿੰਘ ਫ਼ਰੀਦਕੋਟ ਦਾ ਰਹਿਣ ਵਾਲਾ ਹੈ।
ਮੌਜੂਦਾ ਕਈ ਖਿਡਾਰੀਆਂ ਨੇ ਪਰਗਟ ਦੇ ਡਾਇਰੈਕਟਰ ਖੇਡਾਂ ਦੇ ਕਾਰਜਕਾਲ ਦੌਰਾਨ ਇਸ ਖੇਡ ਨੂੰ ਚੁਣਿਆ।

ਤਸਵੀਰ ਸਰੋਤ, Getty Images
ਪਿੰਡ ਦੇ ਬੱਚਿਆਂ ਨੂੰ ਐਸਟ੍ਰੋਟਰਫ 'ਤੇ ਖੇਡਣ ਦਾ ਮੌਕਾ ਦੇਣ ਤੋਂ ਇਲਾਵਾ, ਪੰਜਾਬ ਸਟੇਟ ਲੀਗ ਜਿਸ ਵਿੱਚ 400 ਟੀਮਾਂ ਸਨ, ਨੇ ਵੀ ਰਾਜ ਵਿੱਚ ਹਾਕੀ ਦੇ ਵਿਆਪਕ ਆਧਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਪਰਗਟ ਸਿੰਘ ਨੇ ਕਿਹਾ, "ਸਾਬਕਾ ਅੰਤਰਰਾਸ਼ਟਰੀ ਖਿਡਾਰੀ ਸੁਖਵੀਰ ਗਰੇਵਾਲ, ਜੋ ਉਸ ਸਮੇਂ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਡਾਇਰੈਕਟਰ ਸਨ, ਨੇ ਉਸ ਸਮੇਂ ਦੌਰਾਨ ਖੇਡ ਦੀ ਸਰਬਪੱਖੀ ਯੋਜਨਾਬੰਦੀ ਵਿੱਚ ਮੁੱਖ ਭੂਮਿਕਾ ਨਿਭਾਈ।"
"ਸੁਰਜੀਤ ਹਾਕੀ ਅਕੈਡਮੀ ਵਿੱਚ ਉੱਤਮਤਾ ਕੇਂਦਰ ਲਈ ਪਿੰਡਾਂ ਵਿੱਚ ਇੱਕ ਰਨ ਸਮੇਤ ਰਾਜ ਭਰ ਦੇ ਹਾਕੀ ਕੇਂਦਰਾਂ ਦੇ ਬਿਹਤਰੀਨ ਖਿਡਾਰੀਆਂ ਦੀ ਚੋਣ ਕੀਤੀ ਗਈ।"
"ਉਸ ਸਮੇਂ ਦੌਰਾਨ ਅਸੀਂ ਸੁਰਜੀਤ ਹਾਕੀ ਅਕੈਡਮੀ ਵਿੱਚ ਸੁਵਿਧਾਵਾਂ ਵਿੱਚ ਸੁਧਾਰ ਕੀਤਾ।"
"ਇਹ ਰਾਜ ਵਿੱਚ ਕਿਸੇ ਵੀ ਖੇਡ ਅਨੁਸ਼ਾਸਨ ਵਿੱਚ ਪਹਿਲੀ ਸਰਕਾਰੀ ਅਕੈਡਮੀ ਸੀ ਜਿਸ ਵਿੱਚ ਏਅਰਕੰਡੀਸ਼ਨਡ ਹੋਸਟਲ ਸਨ ਅਤੇ ਸਾਨੂੰ ਉੱਥੇ ਇੱਕ ਨਵਾਂ ਟਰਫ਼ ਵੀ ਮਿਲਿਆ। ਅੱਜ ਇਹ ਸਮੁੱਚੇ ਦੇਸ਼ ਦੀਆਂ ਅਕੈਡਮੀਆਂ ਵਿੱਚ ਸਭ ਤੋਂ ਵਧੀਆ ਨਤੀਜੇ ਦੇ ਰਹੀ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
















