ਜਦੋਂ ਬਲਬੀਰ ਸਿੰਘ ਸੀਨੀਅਰ ਨੇ ਟੁੱਟੀ ਉਂਗਲ ਨਾਲ ਭਾਰਤ ਨੂੰ ਓਲੰਪਿਕ ਗੋਲਡ ਦੁਵਾਇਆ ਸੀ

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਬਲਬੀਰ ਸਿੰਘ ਸੀਨੀਅਰ ਦੀ ਅੱਜ ਦੂਜੀ ਬਰਸੀ ਹੈ। ਬਲਬੀਰ ਸਿੰਘ ਸੀਨੀਅਰ ਭਾਰਤ ਦੀ ਉਸ ਟੀਮ ਦਾ ਹਿੱਸਾ ਰਹੇ ਜਿਸ ਨੇ ਤਿੰਨ ਵਾਰ ਓਲੰਪਿਕ ਗੋਲਡ ਜਿੱਤਿਆ।
1956 ਦੇ ਮੈਲਬੌਰਨ ਓਲੰਪਿਕਸ ਵਿੱਚ ਤਾਂ ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਨੇ ਗੋਲਡ ਜਿੱਤਿਆ ਸੀ।
ਬੀਬੀਸੀ ਪੱਤਰਕਾਰ ਰੇਹਾਨ ਫਜ਼ਲ ਦੇ ਸ਼ਬਦਾਂ ਵਿੱਚ ਪੜ੍ਹੋ ਬਲਬੀਰ ਸਿੰਘ ਸੀਨੀਅਰ ਦੀਆਂ ਉਪਲਬਧੀਆਂ ਦੀ ਕਹਾਣੀ
ਜਦੋਂ 1948 ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ ਲੰਡਨ ਦੇ ਵੇਂਬਲੀ ਸਟੇਡੀਅਮ ਵਿੱਚ ਹਾਕੀ ਦਾ ਫਾਈਨਲ ਸ਼ੁਰੂ ਹੋਇਆ ਤਾਂ ਸਾਰੇ ਦਰਸ਼ਕਾਂ ਨੇ ਇੱਕ ਸੁਰ ਵਿੱਚ ਚਿਲਾਉਣਾ ਸ਼ੁਰੂ ਕਰ ਦਿੱਤਾ, 'ਕਮ ਔਨ ਬ੍ਰਿਟੇਨ, ਕਮ ਔਨ ਬ੍ਰਿਟੇਨ।'
ਹੌਲੀ-ਹੌਲੀ ਹੋ ਰਹੀ ਮੀਂਹ ਨਾਲ ਮੈਦਾਨ ਗਿੱਲਾ ਹੋ ਚੱਲਿਆ ਸੀ। ਨਤੀਜਾ ਇਹ ਹੋਇਆ ਕਿ ਕਿਸ਼ਨ ਲਾਲ ਅਤੇ ਕੇਡੀ ਸਿੰਘ ਬਾਬੂ ਦੋਵੇਂ ਆਪਣੇ ਜੁੱਤੇ ਉਤਾਰ ਕੇ ਨੰਗੇ ਪੈਰ ਖੇਡਣ ਲੱਗੇ।ਕੋਰੋਨਾਵਾਇਰਸ : ਰੋਗੀ ਤੋਂ ਤੁਹਾਡੇ ਤੱਕ ਕਿੰਨੀ ਦੇਰ 'ਚ ਪੁੱਜ ਸਕਦਾ ਹੈ ਵਾਇਰਸ
ਪਹਿਲੇ ਹਾਫ ਵਿੱਚ ਹੀ ਦੋਵਾਂ ਨੂੰ ਦਿੱਤੇ ਗਏ ਪਾਸ 'ਤੇ ਬਲਬੀਰ ਸਿੰਘ ਨੇ ਟੌਪ ਆਫ ਡੀ ਨਾਲ ਸ਼ਾਟ ਲਗਾ ਕੇ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ।
ਖੇਡ ਖਤਮ ਹੋਣ ਦੇ ਸਮੇਂ ਸਕੋਰ ਸੀ 4-0 ਅਤੇ ਗੋਲਡ ਮੈਡਲ ਭਾਰਤ ਦਾ ਸੀ। ਜਿਵੇਂ ਹੀ ਫਾਈਨਲ ਵਿਸਿਲ ਵੱਜੀ ਬ੍ਰਿਟੇਨ ਵਿੱਚ ਭਾਰਤ ਦੇ ਤਤਕਾਲੀ ਹਾਈ ਕਮਿਸ਼ਨਰ ਕ੍ਰਿਸ਼ਨ ਮੈਨਨ ਦੌੜਦੇ ਹੋਏ ਮੈਦਾਨ ਵਿੱਚ ਘੁਸੇ ਅਤੇ ਭਾਰਤੀ ਖਿਡਾਰੀਆਂ ਨੂੰ ਗਲ ਨਾਲ ਲਾ ਕੇ ਮਿਲਣ ਲੱਗੇ।
ਬਾਅਦ ਵਿੱਚ ਉਨ੍ਹਾਂ ਨੇ ਭਾਰਤੀ ਹਾਕੀ ਟੀਮ ਲਈ ਇੰਡੀਆ ਹਾਊਸ ਵਿੱਚ ਸਵਾਗਤ ਸਮਾਰੋਹ ਕੀਤਾ ਜਿਸ ਵਿੱਚ ਲੰਡਨ ਦੇ ਉੱਘੇ ਖੇਡ ਪ੍ਰੇਮੀਆਂ ਨੂੰ ਬੁਲਾਇਆ ਗਿਆ।
ਇਹ ਵੀ ਪੜ੍ਹੋ:
ਜਦੋਂ ਇਹ ਟੀਮ ਪਾਣੀ ਵਾਲੇ ਜਹਾਜ਼ ਤੋਂ ਵਾਪਸ ਭਾਰਤ ਪੁੱਜੀ ਤਾਂ ਬੰਬਈ ਕੋਲ ਉਨ੍ਹਾਂ ਦਾ ਜਹਾਜ਼ ਕਮਜ਼ੋਰ ਜਵਾਰ ਭਾਟੇ ਵਿੱਚ ਫਸ ਗਿਆ। ਉਸ ਓਲੰਪਿਕ ਵਿੱਚ ਸਟਾਰ ਬਣੇ ਬਲਬੀਰ ਸਿੰਘ ਆਪਣੇ ਜਹਾਜ਼ ਤੋਂ ਆਪਣੀ ਮਾਂ ਭੂਮੀ ਨੂੰ ਦੇਖ ਰਹੇ ਸਨ। ਉਸ ਹਾਲਤ ਵਿੱਚ ਉਨ੍ਹਾਂ ਨੂੰ ਪੂਰੇ ਦੋ ਦਿਨ ਰਹਿਣਾ ਪਿਆ। ਜਦੋਂ ਜਵਾਰ ਉੱਚਾ ਹੋਇਆ ਉਦੋਂ ਜਾ ਕੇ ਉਨ੍ਹਾਂ ਦਾ ਜਹਾਜ਼ ਬੰਬਈ ਦੇ ਬੰਦਰਗਾਹ 'ਤੇ ਲਗ ਸਕਿਆ।
ਨਹਿਰੂ ਅਤੇ ਰਾਜਿੰਦਰ ਪ੍ਰਸਾਦ ਦੀ ਮੌਜੂਦਗੀ ਵਿੱਚ...
ਪਰ ਇਸ ਵਿਚਕਾਰ ਬਹੁਤ ਸਾਰੇ ਖੇਡ ਪ੍ਰੇਮੀ ਕਿਸ਼ਤੀਆਂ 'ਤੇ ਸਵਾਰ ਹੋ ਕੇ ਹਾਕੀ ਵਿੱਚ ਗੋਲਡ ਮੈਡਲ ਲਿਆਉਣ ਵਾਲਿਆਂ ਨੂੰ ਵਧਾਈ ਦੇਣ ਲਈ ਪਾਣੀ ਦੇ ਜਹਾਜ਼ 'ਤੇ ਪਹੁੰਚ ਗਏ।
ਕੁਝ ਦਿਨਾਂ ਬਾਅਦ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਓਲੰਪਿਕ ਜੇਤੂਆਂ ਅਤੇ ਬਾਕੀ ਭਾਰਤ ਦੀ ਟੀਮ ਵਿਚਕਾਰ ਇੱਕ ਨੁਮਾਇਸ਼ੀ ਹਾਕੀ ਮੈਚ ਖੇਡਿਆ ਗਿਆ ਜਿਸਨੂੰ ਦੇਖਣ ਲਈ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਅਤੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੀ ਸਟੇਡੀਅਮ ਵਿੱਚ ਮੌਜੂਦ ਸਨ।

ਤਸਵੀਰ ਸਰੋਤ, Getty Images
ਬਲਬੀਰ ਸਿੰਘ ਸੀਨੀਅਰ ਨੇ ਜੇਤੂ ਗੋਲ ਮਾਰ ਕੇ ਓਲੰਪਿਕ ਟੀਮ ਨੂੰ 1-0 ਨਾਲ ਜਿੱਤ ਦਿਵਾਈ।
ਹੇਲਸਿੰਕੀ ਵਿੱਚ ਹੋਈਆਂ 1952 ਦੀਆਂ ਓਲੰਪਿਕ ਖੇਡਾਂ ਵਿੱਚ ਵੀ ਬਲਬੀਰ ਸਿੰਘ ਨੂੰ ਭਾਰਤੀ ਟੀਮ ਵਿੱਚ ਚੁਣਿਆ ਗਿਆ। ਉੱਥੇ ਉਨ੍ਹਾਂ ਨੂੰ 13 ਨੰਬਰ ਦੀ ਜਰਸੀ ਪਹਿਨਣ ਲਈ ਦਿੱਤੀ ਗਈ।
ਅਸ਼ੁੱਭ ਹੋਣ ਦੀ ਬਜਾਏ 13 ਨੰਬਰ ਬਲਬੀਰ ਸਿੰਘ ਲਈ ਖੁਸ਼ਖ਼ਬਰੀ ਲੈ ਕੇ ਆਇਆ। ਪੂਰੇ ਟੂਰਨਾਮੈਂਟ ਵਿੱਚ ਭਾਰਤ ਨੇ ਕੁੱਲ 13 ਗੋਲ ਸਕੋਰ ਕੀਤੇ। ਉਸ ਵਿੱਚੋਂ 9 ਗੋਲ ਬਲਬੀਰ ਸਿੰਘ ਨੇ ਕੀਤੇ।
ਖੱਬੇ ਜੁੱਤੇ 'ਤੇ ਡਿੱਗੀ ਕਬੂਤਰ ਦੀ ਬਿੱਠ
ਬਲਬੀਰ ਸਿੰਘ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਇੱਕ ਦਿਲਚਸਪ ਕਹਾਣੀ ਸੁਣਾਈ, ''ਮੈਂ ਹੇਲਸਿੰਕੀ ਓਲੰਪਿਕ ਵਿੱਚ ਭਾਰਤੀ ਟੀਮ ਦਾ ਝੰਡਾ ਲੈ ਜਾਣ ਵਾਲਾ ਸੀ। ਪਰੇਡ ਦੌਰਾਨ ਹਜ਼ਾਰਾਂ ਕਬੂਤਰ ਉੜਾਏ ਗਏ ਜੋ ਸਾਡੇ ਉੱਪਰ ਤੋਂ ਉੱਡ ਕੇ ਗਏ। ਉਨ੍ਹਾਂ ਵਿੱਚੋਂ ਇੱਕ ਨੇ ਮੇਰੇ ਉੱਪਰ ਬਿੱਠ ਕਰ ਦਿੱਤੀ ਜੋ ਮੇਰੇ ਖੱਬੇ ਪੈਰ ਦੇ ਜੁੱਤੇ 'ਤੇ ਡਿੱਗੀ। ਮੈਂ ਹੈਰਾਨ ਪਰੇਸ਼ਾਨ ਮਾਰਚ ਕਰਦਾ ਗਿਆ।''
''ਮੈਨੂੰ ਡਰ ਸੀ ਕਿ ਕਿਧਰੇ ਉਨ੍ਹਾਂ ਕਬੂਤਰਾਂ ਨੇ ਮੇਰੇ ਭਾਰਤ ਦੇ ਬਲੇਜਰ ਨੂੰ ਤਾਂ ਗੰਦਾ ਨਹੀਂ ਕਰ ਦਿੱਤਾ ਹੈ। ਸਮਾਰੋਹ ਦੇ ਬਾਅਦ ਮੈਂ ਕਾਗਜ਼ ਲੱਭਣ ਲੱਗਿਆ ਜਿਸ ਨਾਲ ਮੈਂ ਆਪਣੇ ਜੁੱਤੇ 'ਤੇ ਡਿੱਗੀ ਹੋਈ ਕਬੂਤਰ ਦੀ ਬਿੱਠ ਸਾਫ਼ ਕਰ ਸਕਾਂ। ਉਦੋਂ ਆਯੋਜਨ ਕਮੇਟੀ ਦੇ ਇੱਕ ਮੈਂਬਰ ਨੇ ਮੇਰੀ ਪਿੱਠ 'ਤੇ ਹੱਥ ਮਾਰ ਕੇ ਕਿਹਾ...''
''ਵਧਾਈ ਹੋਵੇ ਬੇਟੇ! ਫਿਨਲੈਂਡ ਵਿੱਚ ਖੱਬੇ ਜੁੱਤੇ 'ਤੇ ਕਬੂਤਰ ਦੀ ਬਿੱਠ ਡਿੱਗਣ ਨੂੰ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਇਹ ਓਲੰਪਿਕ ਤੁਹਾਡੇ ਲਈ ਕਿਸਮਤਵਾਲੀ ਹੋਣ ਜਾ ਰਹੀ ਹੈ। ਉਸ ਸਾਹਬ ਦੀ ਭਵਿੱਖਬਾਣੀ ਬਿਲਕੁਲ ਸਹੀ ਨਿਕਲੀ ਅਤੇ ਭਾਰਤ ਨੇ ਹਾਲੈਂਡ ਨੂੰ ਫਾਈਨਲ ਵਿੱਚ 6-1 ਨਾਲ ਹਰਾ ਕੇ ਇੱਕ ਵਾਰ ਫਿਰ ਗੋਲਡ ਮੈਡਲ ਜਿੱਤਿਆ। ਬਲਬੀਰ ਸਿੰਘ ਨੇ ਛੇ ਵਿੱਚੋਂ ਪੰਜ ਗੋਲ ਕੀਤੇ।''

ਤਸਵੀਰ ਸਰੋਤ, Getty Images
ਉਂਗਲੀ ਵਿੱਚ ਫਰੈਕਚਰ
ਸਾਲ 1956 ਦੇ ਮੈਲਬਾਰਨ ਓਲੰਪਿਕ ਹਾਕੀ ਟੀਮ ਦੇ ਕਪਤਾਨ ਬਲਬੀਰ ਸਿੰਘ ਸਨ। ਪਹਿਲੇ ਮੈਚ ਵਿੱਚ ਭਾਰਤ ਨੇ ਅਫ਼ਗਾਨਿਸਤਾਨ ਨੂੰ 14-0 ਨਾਲ ਹਰਾਇਆ, ਪਰ ਭਾਰਤ ਨੂੰ ਸਭ ਤੋਂ ਵੱਡਾ ਝਟਕਾ ਉਦੋਂ ਲੱਗਿਆ ਜਦੋਂ ਕਪਤਾਨ ਬਲਬੀਰ ਸਿੰਘ ਦੇ ਸੱਜੇ ਹੱਥ ਦੀ ਉਂਗਲੀ ਟੁੱਟ ਗਈ।
ਬੀਬੀਸੀ ਨਾਲ ਗੱਲ ਕਰਦੇ ਹੋਏ ਬਲਬੀਰ ਨੇ ਕਿਹਾ, ''ਮੈਂ ਅਫ਼ਗਾਨਿਸਤਾਨ ਦੇ ਖਿਲਾਫ਼ ਪੰਜ ਗੋਲ ਮਾਰ ਚੁੱਕਿਆ ਸੀ। ਉਦੋਂ ਮੈਨੂੰ ਬਹੁਤ ਬੁਰੀ ਸੱਟ ਲੱਗ ਗਈ।''
''ਇਸ ਤਰ੍ਹਾਂ ਲੱਗਿਆ ਕਿਸੇ ਨੇ ਮੇਰੀ ਉਂਗਲੀ ਦੇ ਨਹੁੰ 'ਤੇ ਹਥੌੜਾ ਚਲਾ ਦਿੱਤਾ ਹੋਵੇ। ਸ਼ਾਮ ਨੂੰ ਜਦੋਂ ਐਕਸ-ਰੇ ਹੋਇਆ ਤਾਂ ਪਤਾ ਲੱਗਿਆ ਕਿ ਮੇਰੀ ਉਂਗਲੀ ਵਿੱਚ ਫਰੈਕਚਰ ਹੋਇਆ ਹੈ।''
''ਨਹੁੰ ਨੀਲਾ ਪੈ ਗਿਆ ਸੀ ਅਤੇ ਉਂਗਲੀ ਬੁਰੀ ਤਰ੍ਹਾਂ ਸੁੱਜ ਗਈ ਸੀ।''
ਸੱਟ ਦੀ ਖ਼ਬਰ ਰੱਖੀ ਗਈ ਗੁਪਤ
ਬਲਬੀਰ ਸਿੰਘ ਨੇ ਅੱਗੇ ਦੱਸਿਆ, ''ਸਾਡੇ ਮੈਨੇਜਰ ਗਰੁੱਪ ਕੈਪਟਨ ਓਪੀ ਮਹਿਰਾ, ਚੇਫ਼ ਡੇ ਮਿਸ਼ਨ ਏਅਰ ਮਾਰਸ਼ਲ ਅਰਜਨ ਸਿੰਘ ਅਤੇ ਭਾਰਤੀ ਹਾਕੀ ਫੈਡਰੇਸ਼ਨ ਦੇ ਉਪ ਪ੍ਰਧਾਨ ਅਸ਼ਵਨੀ ਕੁਮਾਰ ਵਿਚਕਾਰ ਇੱਕ ਸਲਾਹ ਮਸ਼ਵਰਾ ਹੋਇਆ ਅਤੇ ਇਹ ਤੈਅ ਕੀਤਾ ਗਿਆ ਕਿ ਮੈਂ ਬਾਕੀ ਦੇ ਲੀਗ ਮੈਚਾਂ ਵਿੱਚ ਨਹੀਂ ਖੇਡਾਂਗਾ...।''

ਤਸਵੀਰ ਸਰੋਤ, BHARTIYAHOCKEY.ORG
''ਸਿਰਫ਼ ਸੈਮੀ ਫਾਈਨਲ ਅਤੇ ਫਾਈਨਲ ਵਿੱਚ ਮੈਨੂੰ ਉਤਾਰਿਆ ਜਾਵੇਗਾ। ਮੇਰੀ ਸੱਟ ਦੀ ਖ਼ਬਰ ਨੂੰ ਗੁਪਤ ਰੱਖਿਆ ਜਾਵੇਗਾ।''
''ਵਜ੍ਹਾ ਇਹ ਸੀ ਕਿ ਦੂਜੀਆਂ ਟੀਮਾਂ ਮੇਰੇ ਪਿੱਛੇ ਘੱਟ ਤੋਂ ਘੱਟ ਦੋ ਖਿਡਾਰੀਆਂ ਨੂੰ ਲਗਾਉਂਦੀਆਂ ਸਨ ਜਿਸ ਨਾਲ ਦੂਜੇ ਖਿਡਾਰੀਆਂ 'ਤੇ ਦਬਾਅ ਘੱਟ ਹੋ ਜਾਂਦਾ ਸੀ।''
ਹਰਬੈਲ ਸਿੰਘ ਦੀ ਡਾਂਟ
ਬਲਬੀਰ ਸਿੰਘ ਨੇ ਆਪਣੀ ਆਤਮਕਥਾ 'ਦਿ ਗੋਲਡਨ ਹੈਟ੍ਰਿਕ' ਵਿੱਚ ਲਿਖਿਆ, ''ਹਰਬੈਲ ਸਿੰਘ ਨੂੰ ਮੈਂ ਆਪਣੇ ਖਾਲਸਾ ਕਾਲਜ ਦੇ ਦਿਨਾਂ ਤੋਂ ਹੀ ਆਪਣਾ ਗੁਰੂ ਮੰਨਦਾ ਸੀ।''
''ਓਲੰਪਿਕ ਪਿੰਡ ਵਿੱਚ ਅਸੀਂ ਦੋਵੇਂ ਕਮਰਾ ਸ਼ੇਅਰ ਕਰ ਕੇ ਰਹਿ ਰਹੇ ਸੀ। ਉਨ੍ਹਾਂ ਨੇ ਮੇਰੀ ਤਕਲੀਫ਼ ਨੂੰ ਹਰ ਸੰਭਵ ਤਰੀਕੇ ਨਾਲ ਦੂਰ ਕਰਨ ਦੀ ਕੋਸ਼ਿਸ਼ ਕੀਤੀ।''
''ਕਦੇ ਬਹਿਲਾ ਕੇ, ਕਦੇ ਮਨਾ ਕੇ ਅਤੇ ਕਦੇ ਡਾਂਟ ਕੇ ਵੀ। ਪਰ ਮੇਰੇ 'ਤੇ ਕੋਈ ਅਸਰ ਨਹੀਂ ਹੋਇਆ। ਮੈਨੂੰ ਲੱਗਿਆ ਕਿ ਮੈਂ ਅਜਿਹਾ ਕਪਤਾਨ ਹਾਂ ਜਿਸ ਨੇ ਡੁੱਬਦੇ ਹੋਏ ਜਹਾਜ਼ ਨੂੰ ਛੱਡ ਦਿੱਤਾ ਹੈ।''
''ਮੈਨੂੰ ਵਾਰ-ਵਾਰ ਇੱਕ ਸੁਪਨਾ ਆਉਂਦਾ ਸੀ। ਮੈਂ ਇੱਕ ਗੋਲਕੀਪਰ ਦੇ ਸਾਹਮਣੇ ਖੜ੍ਹਾ ਹਾਂ। ਉਹ ਮੇਰੇ 'ਤੇ ਹੱਸ ਰਿਹਾ ਹੈ ਅਤੇ ਵਾਰ-ਵਾਰ ਮੈਨੂੰ ਕਹਿ ਰਿਹਾ ਹੈ...ਜੇਕਰ ਹਿੰਮਤ ਹੈ ਤਾਂ ਗੋਲ ਮਾਰੋ।''
ਪਾਕਿਸਤਾਨ ਨਾਲ ਫਾਈਨਲ
ਫਿਰ ਭਾਰਤੀ ਟੀਮ ਜਰਮਨੀ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚੀ। ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਸੀ।
ਇਹ ਉਨ੍ਹਾਂ ਦਾ ਪਾਕਿਸਤਾਨ ਨਾਲ ਪਹਿਲਾ ਮੁਕਾਬਲਾ ਸੀ, ਪਰ ਇਸਦਾ ਇੰਤਜ਼ਾਰ ਦੋਵੇਂ ਦੇਸ਼ਾਂ ਦੇ ਖਿਡਾਰੀ 1948 ਤੋਂ ਹੀ ਕਰ ਰਹੇ ਸਨ। ਭਾਰਤ ਦੀ ਟੀਮ ਬਹੁਤ ਜ਼ਿਆਦਾ ਦਬਾਅ ਵਿੱਚ ਸੀ।
ਭਾਰਤ 'ਤੇ ਦਬਾਅ ਜ਼ਿਆਦਾ ਸੀ ਕਿਉਂਕਿ ਜੇਕਰ ਪਾਕਿਸਤਾਨ ਨੂੰ ਚਾਂਦੀ ਦਾ ਮੈਡਲ ਵੀ ਮਿਲਦਾ ਤਾਂ ਉਨ੍ਹਾਂ ਲਈ ਇਹ ਸੰਤੁਸ਼ਟੀ ਦੀ ਗੱਲ ਹੁੰਦੀ।
ਪਰ ਭਾਰਤ ਲਈ ਗੋਲਡ ਤੋਂ ਹੇਠ ਦਾ ਕੋਈ ਮੈਡਲ ਨਿਰਾਸ਼ਾਪੂਰਨ ਗੱਲ ਹੁੰਦੀ। ਮੈਚ ਤੋਂ ਇੱਕ ਦਿਨ ਪਹਿਲਾਂ ਬਲਬੀਰ ਸਿੰਘ ਬਹੁਤ ਹੀ ਤਣਾਅ ਵਿੱਚ ਸਨ।

ਤਸਵੀਰ ਸਰੋਤ, FACEBOOK@BALBIRSINGHSENIOR
ਫਾਈਨਲ ਤੋਂ ਪਹਿਲਾਂ ਨੀਂਦ ਗਾਇਬ
ਉਨ੍ਹਾਂ ਨੇ ਆਪਣੀ ਆਤਮਕਥਾ ਵਿੱਚ ਲਿਖਿਆ, ''ਸਾਡੇ ਕੋਚ ਹਰਬੈਲ ਸਿੰਘ ਨੇ ਯਕੀਨੀ ਬਣਾਇਆ ਕਿ ਹਰ ਖਿਡਾਰੀ ਸਮੇਂ ਨਾਲ ਸੌਣ ਚਲਾ ਜਾਵੇ।''
''ਉਨ੍ਹਾਂ ਨੇ ਮੇਰੇ ਕਮਰੇ ਦੀ ਲਾਈਟ ਆਫ ਕਰਦੇ ਹੋਏ ਕਿਹਾ, ਈਸ਼ਵਰ ਨੇ ਚਾਹਿਆ ਤਾਂ ਅਸੀਂ ਜਿੱਤਾਂਗੇ। ਮੈਂ ਉਸ ਰਾਤ ਸੌਂ ਨਹੀਂ ਸਕਿਆ। ਥੋੜ੍ਹੀ ਦੇਰ ਬਾਅਦ ਮੈਂ ਟਹਿਲਣ ਲਈ ਬਾਹਰ ਨਿਕਲ ਆਇਆ।''
''ਬਹੁਤ ਰਾਤ ਹੋ ਚੁੱਕੀ ਸੀ। ਤਾਂ ਕਿਸੇ ਨੇ ਪਿੱਛੇ ਤੋਂ ਮੇਰਾ ਨਾਂ ਲੈ ਕੇ ਬੁਲਾਇਆ। ਪਿੱਛੇ ਮੁੜ ਕੇ ਦੇਖਿਆ ਤਾਂ ਪਰੇਸ਼ਾਨ ਮੁਦਰਾ ਵਿੱਚ ਅਸ਼ਵਨੀ ਕੁਮਾਰ ਖੜ੍ਹੇ ਸਨ।''
''ਉਨ੍ਹਾਂ ਨੇ ਮੇਰੇ ਮੋਢੇ 'ਤੇ ਆਪਣਾ ਹੱਥ ਰੱਖਿਆ ਅਤੇ ਮੈਨੂੰ ਮੇਰੇ ਕਮਰੇ ਵਿੱਚ ਲੈ ਆਇਆ। ਉਹ ਮੇਰੇ ਨਾਲ ਗੱਲ ਕਰਦੇ ਰਹੇ। ਫਿਰ ਉਨ੍ਹਾਂ ਨੇ ਮੈਨੂੰ ਇੱਕ ਗੋਲੀ ਦਿੱਤੀ।''
''ਉਨ੍ਹਾਂ ਨੇ ਮੈਨੂੰ ਲੇਟਣ ਲਈ ਕਿਹਾ ਅਤੇ ਮੇਰੇ ਸਿਰਹਾਣੇ ਬੈਠੇ ਰਹੇ। ਮੈਨੂੰ ਪਤਾ ਨਹੀਂ ਕਿ ਕਦੋਂ ਮੈਨੂੰ ਨੀਂਦ ਆ ਗਈ ਅਤੇ ਕਦੋਂ ਅਸ਼ਵਨੀ ਮੈਨੂੰ ਛੱਡ ਕੇ ਚਲੇ ਗਏ।''

ਤਸਵੀਰ ਸਰੋਤ, FACEBOOK@BALBIRSINGHSENIOR
ਮੈਚ ਤੋਂ ਪਹਿਲਾਂ ਅੰਸਾਰੀ ਦੀ ਛਿੱਕ
ਮੈਚ ਦੀ ਸਵੇਰ ਸਾਰੇ ਭਾਰਤੀ ਖਿਡਾਰੀ ਬਸ ਵਿੱਚ ਸਵਾਰ ਹੋਏ।
ਡਰਾਈਵਰ ਨੇ ਆਪਣਾ ਇਗਨਿਸ਼ਨ ਔਨ ਕੀਤਾ ਹੀ ਸੀ ਕਿ ਐੱਮਟੀ ਅੰਸਾਰੀ ਨੂੰ ਜੋ ਭੂਪਾਲ ਹਾਕੀ ਐਸੋਸੀਏਸ਼ਨ ਦੇ ਸਕੱਤਰ ਸਨ, ਨੂੰ ਛਿੱਕ ਆ ਗਈ।
ਬਲਬੀਰ ਸਿੰਘ ਆਪਣੀ ਆਤਮਕਥਾ 'ਦਿ ਗੋਲਡਨ ਹੈਟ੍ਰਿਕ' ਵਿੱਚ ਲਿਖਦੇ ਹਨ, ''ਕੁਮਾਰ ਨੇ ਅੰਸਾਰੀ ਨੂੰ ਡਾਂਟਿਆ ਅਤੇ ਡਰਾਈਵਰ ਨੂੰ ਇਗਨਿਸ਼ਨ ਔਫ ਕਰਨ ਲਈ ਕਿਹਾ।''
''ਉਹ ਮੈਨੂੰ ਮੇਰੇ ਕਮਰੇ ਵਿੱਚ ਵਾਪਸ ਲੈ ਗਏ। ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਅੰਧਵਿਸ਼ਵਾਸੀ ਕਹਿ ਸਕਦੇ ਹੋ, ਪਰ ਤੁਹਾਨੂੰ ਆਪਣਾ ਹੈਟ੍ਰਿਕ ਸੂਟ ਅਤੇ ਜੁੱਤੇ ਉਤਾਰਨੇ ਹੋਣਗੇ।''
''ਤੁਸੀਂ ਪਲੰਘ 'ਤੇ ਪੰਜ ਮਿੰਟ ਲਈ ਲੇਟ ਜਾਓ, ਮੈਂ ਉਸ ਤਰ੍ਹਾਂ ਹੀ ਕੀਤਾ ਜਿਵੇਂ ਅਸ਼ਵਨੀ ਕੁਮਾਰ ਨੇ ਕਿਹਾ ਸੀ। ਥੋੜ੍ਹੀ ਦੇਰ ਬਾਅਦ ਅਸੀਂ ਉਸੀ ਬੱਸ ਨਾਲ ਮੈਦਾਨ ਲਈ ਰਵਾਨਾ ਹੋਏ।''
ਸੱਜੀ ਉਂਗਲ ਵਿੱਚ ਪਲੱਸਤਰ
ਇਹ ਬਹੁਤ ਸਖ਼ਤ ਮੁਕਾਬਲਾ ਸੀ। ਭਾਰਤ ਦੇ ਹਮਲਿਆਂ ਵਿੱਚ ਸੰਮਪੂਰਤਾ ਨਹੀਂ ਸੀ। ਬਲਬੀਰ ਦੀ ਸੱਜੀ ਉਂਗਲੀ ਵਿੱਚ ਪਲੱਸਤਰ ਬੰਨਿ੍ਹਆ ਹੋਇਆ ਸੀ ਅਤੇ ਉਹ ਤਿੰਨ ਪੇਨਕਿਲਰ ਇੰਜੈਕਸ਼ਨ ਲੈ ਕੇ ਮੈਦਾਨ ਵਿੱਚ ਉਤਰੇ ਸਨ।
ਅਗਲੇ ਦਿਨ 'ਟਾਈਮਜ਼ ਆਫ ਇੰਡੀਆ' ਵਿੱਚ ਛਪਿਆ, ''ਬਲਬੀਰ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਸਨ। ਉਨ੍ਹਾਂ ਨੂੰ ਪਾਕਿਸਤਾਨ ਦਾ ਸੈਂਟਰ ਹਾਫ ਜ਼ਿਆਦਾ ਖੁੱਲ੍ਹ ਕੇ ਖੇਡਣ ਨਹੀਂ ਦੇ ਰਿਹਾ ਸੀ।''
ਪਰ ਭਾਰਤ ਦਾ ਡਿਫੈਂਸ ਆਪਣੀ ਪ੍ਰਸਿੱਧੀ ਦੇ ਅਨੁਰੂਪ ਖੇਡ ਰਿਹਾ ਸੀ। ਪਾਕਿਸਤਾਨ ਉਸ ਨੂੰ ਵਿੰਨ੍ਹਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਸੀ, ਪਰ ਜੇਂਟਿਲ, ਪੇਰੁਮਲ ਅਤੇ ਕਲੋਡਿਅਮ ਲੋਹੇ ਦੀ ਦੀਵਾਰ ਦੀ ਤਰ੍ਹਾਂ ਖੜ੍ਹੇ ਸਨ।
ਦੂਜੇ ਹਾਫ ਵਿੱਚ ਬਲਬੀਰ ਨੇ ਪਾਕਿਸਤਾਨੀ ਸੁਰੱਖਿਆ ਨੂੰ ਵਿੰਨ੍ਹ ਦਿੱਤਾ। ਉਨ੍ਹਾਂ ਨੇ ਗੁਰਦੇਵ ਨੂੰ ਗੇਂਦ ਪਾਸ ਕੀਤੀ, ਪਰ ਉਹ ਗੇਂਦ ਨੂੰ ਕਰਾਸ ਬਾਰ ਦੇ ਉੱਪਰ ਮਾਰ ਗਏ।''
ਪੈਨਲਟੀ ਕਾਰਨਰ ਮਿਲਿਆ
ਦੂਜਾ ਹਾਫ ਸ਼ੁਰੂ ਹੁੰਦੇ ਹੀ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਅਤੇ ਰਣਧੀਰ ਸਿੰਘ ਜੇਂਟਿਲ ਦਾ ਦਨਦਨਾਉਂਦਾ ਹੋਇਆ ਸ਼ੌਟ ਪਾਕਿਸਤਾਨੀ ਗੋਲ ਨੂੰ ਪਾਰ ਕਰ ਗਿਆ।
ਅੰਤਿਮ ਸਮੇਂ ਵਿੱਚ ਪਾਕਿਸਤਾਨ ਨੇ ਗੋਲ ਉਤਾਰਨ ਲਈ ਆਪਣੀ ਸਾਰੀ ਤਾਕਤ ਝੋਂਕ ਦਿੱਤੀ।
ਉਨ੍ਹਾਂ ਨੂੰ ਇੱਕ ਪੈਨਲਟੀ ਬੁਲੀ ਵੀ ਮਿਲੀ, ਪਰ ਭਾਰਤ ਦੇ ਸੈਂਟਰ ਹਾਫ ਅਮੀਰ ਕੁਮਾਰ ਨੇ ਪਾਕਿਸਤਾਨ ਦੇ ਹਮੀਦ ਨੂੰ ਗੋਲ ਨਹੀਂ ਕਰਨ ਦਿੱਤਾ। ਬਲਬੀਰ ਸਿੰਘ ਲਈ ਇਹ ਇੱਕ ਵੱਡਾ ਪਲ ਸੀ।
ਉਨ੍ਹਾਂ ਨੇ ਤੀਜੀ ਵਾਰ ਭਾਰਤ ਲਈ ਗੋਲਡ ਮੈਡਲ ਜਿੱਤਿਆ ਸੀ।
ਗੋਲਡ ਮੈਡਲ ਲੈਣ ਦੇ ਬਾਅਦ ਬਲਬੀਰ ਨੇ ਐੱਮਟੀ ਅੰਸਾਰੀ ਨੂੰ ਗਲੇ ਲਗਾਇਆ ਅਤੇ ਹੌਲੀ ਜਿਹੇ ਉਨ੍ਹਾਂ ਦੇ ਕੰਨ ਵਿੱਚ ਕਿਹਾ, ''ਅੰਸਾਰੀ ਸਾਹਬ ਤੁਹਾਡੀ ਛਿੱਕ ਸਾਡੇ ਲਈ ਚੰਗਾ ਭਾਗ ਲੈ ਕੇ ਆਈ ਹੈ।''
1975 ਵਿੱਚ ਕੁਆਲਾਲੰਪੁਰ ਵਿੱਚ ਭਾਰਤੀ ਟੀਮ ਦੇ ਮੈਨੇਜਰ
1975 ਵਿੱਚ ਕੁਆਲਾਲੰਪੁਰ ਵਿੱਚ ਹੋਏ ਵਿਸ਼ਵ ਕੱਪ ਵਿੱਚ ਬਲਬੀਰ ਸਿੰਘ ਨੂੰ ਭਾਰਤੀ ਟੀਮ ਦਾ ਕੋਚ ਬਣਾਇਆ ਗਿਆ।
ਇਸ ਟੀਮ ਨੂੰ ਚੰਡੀਗੜ੍ਹ ਵਿੱਚ ਟਰੇਨਿੰਗ ਦਿੱਤੀ ਗਈ।
ਭਾਰਤੀ ਟੀਮ ਮਲੇਸ਼ੀਆ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚੀ ਜਿੱਥੇ ਉਸਦਾ ਮੁਕਾਬਲਾ ਪ੍ਰਸਿੱਧ ਵਿਰੋਧੀ ਪਾਕਿਸਤਾਨ ਨਾਲ ਹੋਇਆ ਸੀ।
ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਪ੍ਰਸਿੱਧ ਵਿਰੋਧੀ ਪਾਕਿਸਤਾਨ ਨਾਲ ਸੀ।
ਅਸਲਮ ਸ਼ੇਰ ਖਾਂ ਨੇ ਇੱਛਾ ਪ੍ਰਗਟ ਕੀਤੀ ਕਿ ਉਹ ਨਮਾਜ਼ ਪੜ੍ਹਨ ਲਈ ਮਸਜਿਦ ਜਾਣਾ ਚਾਹੁੰਦੇ ਹਨ।
ਸ਼ਾਹੀ ਮਸਜਿਦ ਵਿੱਚ ਨਮਾਜ਼
ਕੋਚ ਬੋਧੀ, ਮੈਨੇਜਰ ਬਲਬੀਰ ਸਿੰਘ ਅਤੇ ਡਾਕਟਰ ਰਾਜਿੰਦਰ ਕਾਲਰਾ ਉਨ੍ਹਾਂ ਨੂੰ ਲੈ ਕੇ ਕੁਆਲਾਲੰਪੁਰ ਦੀ ਸ਼ਾਹੀ ਮਸਜਿਦ ਪਹੁੰਚੇ। ਉਸੀ ਬਸ ਵਿੱਚ ਪਾਕਿਸਤਾਨੀ ਟੀਮ ਦੇ ਖਿਡਾਰੀ ਵੀ ਸਨ।
'ਸਡੇਨ ਡੈਥ' ਰਸ਼ੀਦ ਨੇ ਅਸਲਮ ਨਾਲ ਮਜ਼ਾਕ ਕੀਤਾ ਕਿ ਤੁਸੀਂ ਮਲੇਸ਼ੀਆ ਦੇ ਖਿਲਾਫ਼ ਬਰਾਬਰੀ ਦਾ ਗੋਲ ਮਾਰਿਆ ਅਤੇ ਹੁਣ ਬਲਬੀਰ ਨੂੰ ਨਮਾਜ਼ ਪੜ੍ਹਾਉਣ ਲੈ ਕੇ ਜਾ ਰਹੇ ਹੋ, ਅੱਗੇ ਕੀ ਇਰਾਦੇ ਹਨ?
ਉੱਥੋਂ ਦੇ ਮੌਲਾਨਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜਦੋਂ ਉਨ੍ਹਾਂ ਨੂੰ ਦੱਸਿਆ ਕਿ ਉਹ ਸਭ ਉੱਥੇ ਨਮਾਜ਼ ਪੜ੍ਹਨ ਆਏ ਹਨ ਤਾਂ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ।
ਬਲਬੀਰ ਨੂੰ ਨਮਾਜ਼ ਪੜ੍ਹਨ ਦਾ ਤਰੀਕਾ ਪਤਾ ਨਹੀਂ ਸੀ। ਇਸ ਲਈ ਉਨ੍ਹਾਂ ਨੇ ਨਮਾਜ਼ ਖਤਮ ਹੋਣ ਤੱਕ ਆਪਣਾ ਮੱਥਾ ਜ਼ਮੀਨ ਤੋਂ ਉੱਪਰ ਨਹੀਂ ਉਠਾਇਆ।
ਵਿਸ਼ਵ ਕੱਪ ਵਿੱਚ ਜਿੱਤ
ਵਾਪਸ ਆਉਂਦੇ ਸਮੇਂ ਰਸ਼ੀਦ ਨੇ ਸ਼ਹਿਨਾਜ਼ ਸ਼ੇਖ ਨੂੰ ਵਿਅੰਗ ਕੀਤਾ, ''ਕੱਲ੍ਹ ਭਾਰਤ ਜਿੱਤ ਰਿਹਾ ਹੈ ਤੁਹਾਡੇ ਖਿਲਾਫ਼।''
ਸ਼ਹਿਨਾਜ਼ ਨੇ ਕਿਹਾ, ''ਇਸ ਲਈ ਕਿ ਤੁਸੀਂ ਟੀਮ ਵਿੱਚ ਨਹੀਂ ਖੇਡ ਰਹੇ ਹੋ?''
ਰਸ਼ੀਦ ਨੇ ਤੁਰੰਤ ਜਵਾਬ ਦਿੱਤਾ, ''ਇਸ ਲਈ ਕਿ ਅੱਲ੍ਹਾ ਪਹਿਲਾਂ ਕੀਤੀ ਗਈ ਦੁਆ ਨੂੰ ਹੀ ਕਬੂਲ ਕਰਦਾ ਹੈ। ਅਸਲਮ ਅਤੇ ਬਲਬੀਰ ਨੇ ਜਿੱਤ ਲਈ ਪਹਿਲਾਂ ਦੁਆ ਮੰਗੀ ਹੈ।''
ਰਸ਼ੀਦ ਬਿਲਕੁਲ ਸਹੀ ਸਨ। ਭਾਰਤ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ ਹਾਕੀ ਜਿੱਤਿਆ। ਇਸਦੇ ਬਾਅਦ ਭਾਰਤ ਨੇ ਕਦੇ ਵੀ ਵਿਸ਼ਵ ਕੱਪ ਵਿੱਚ ਜਿੱਤ ਹਾਸਲ ਨਹੀਂ ਕੀਤੀ।
ਇਹ ਵੀ ਪੜ੍ਹੋ:
ਇਹ ਵੀ ਦੇਖੋ ;
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












