ਭਾਰਤੀ ਹਾਕੀ ਸਿਤਾਰੇ ਸਰਦਾਰ ਸਿੰਘ ਬਾਰੇ ਜਾਣੋ ਕੁਝ ਖਾਸ ਗੱਲਾਂ

ਤਸਵੀਰ ਸਰੋਤ, Getty Images
ਸੰਨ 2008 ਵਿੱਚ ਅਜ਼ਲਾਨ ਸ਼ਾਹ ਕੱਪ ਦੌਰਾਨ ਭਾਰਤੀ ਟੀਮ ਦੇ ਕਪਤਾਨ ਰਹੇ ਸਰਦਾਰ ਸਿੰਘ ਮੁੜ ਇਹ ਜ਼ਿੰਮੇਵਾਰੀ ਸਾਂਭਣਗੇ। ਉਹ ਭਾਰਤੀ ਟੀਮ ਦੀ ਅਗਵਾਈ ਆਗਾਮੀ 27ਵੇਂ ਅਜ਼ਲਾਨ ਸ਼ਾਹ ਕੱਪ ਵਿੱਚ ਕਰਨਗੇ। ਇਹ ਟੂਰਨਾਮੈਂਟ ਇਪੋਹ ਮਲੇਸ਼ੀਆ ਵਿੱਚ ਤਿੰਨ ਤੋਂ ਦਸ ਮਾਰਚ ਤੱਕ ਖੇਡਿਆ ਜਾਵੇਗਾ।
ਸਰਦਾਰ ਨੂੰ ਆਪਣੇ ਖੇਡ ਜੀਵਨ ਦੇ ਸ਼ੁਰੂਆਤੀ ਦਿਨਾਂ ਵਿੱਚ ਦਰਸ਼ਕਾਂ ਦੀ ਭੀੜ ਦੇ ਸਨਮੁੱਖ ਖੇਡਣ ਵਿੱਚ ਝਿਜਕ ਮਹਿਸੂਸ ਹੁੰਦੀ ਸੀ।
ਸਰਦਾਰ ਸਿੰਘ ਦਾ ਖੇਡ ਸਫ਼ਰ
ਸਰੀਰਕ ਚੁਸਤੀ-ਫੁਰਤੀ ਲਈ ਦੇਸ-ਵਿਦੇਸ਼ ਵਿੱਚ ਜਾਣੇ ਜਾਂਦੇ ਸਰਦਾਰ ਸਿੰਘ ਦੇ ਖੇਡ ਸਫ਼ਰ 'ਤੇ ਆਓ ਪਾਈਏ ਇੱਕ ਝਾਤ꞉
ਉਨ੍ਹਾਂ ਨੇ ਸੀਨੀਅਰ ਖਿਡਾਰੀ ਵਜੋਂ ਆਪਣਾ ਪਹਿਲਾ ਕੋਮਾਂਤਰੀ ਮੈਚ ਪਾਕਿਸਤਾਨ ਖਿਲਾਫ਼ 2006 ਵਿੱਚ ਖੇਡਿਆ।

ਤਸਵੀਰ ਸਰੋਤ, Getty Images
2008 ਵਿੱਚ ਉਨ੍ਹਾਂ ਨੇ ਸਭ ਤੋਂ ਨੌਜਵਾਨ ਖਿਡਾਰੀ ਵਜੋਂ ਅਜ਼ਲਾਨ ਸ਼ਾਹ ਹਾਕੀ ਕੱਪ ਵਿੱਚ ਭਾਰਤੀ ਟੀਮ ਦੀ ਅਗਵਾਈ ਕੀਤੀ। ਇਹ ਟੀਮ ਟੂਰਨਾਮੈਂਟ ਵਿੱਚ ਚਾਂਦੀ ਦਾ ਤਗਮਾ ਘਰ ਲਿਆਉਣ ਵਿੱਚ ਕਾਮਯਾਬ ਰਹੀ ਸੀ।
2010 ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਅਜ਼ਲਾਨ ਸ਼ਾਹ ਹਾਕੀ ਕੱਪ ਵਿੱਚ ਸੋਨ ਤਗਮਾ ਜਿੱਤਿਆ।
ਸਰਦਾਰ ਸਿੰਘ ਨੂੰ 2012 ਵਿੱਚ ਅਰਜਨ ਤੇ 2015 ਵਿੱਚ ਪਦਮਸ਼੍ਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਨੇ 2012 ਦੀਆਂ ਲੰਡਨ ਉਲੰਪਿਕ ਵਿੱਚ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ। ਇਸ ਦੌਰਾਨ ਇੱਕ ਬਰਤਾਨਵੀ ਖਿਡਾਰਨ ਨੇ ਉਨ੍ਹਾਂ ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਸਨ।
ਉਨ੍ਹਾਂ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਕਾਮਨਵੈਲਥ ਅਤੇ ਏਸ਼ੀਆਈ ਖੇਡਾਂ ਵਿੱਚ ਸੋਨ ਤਗਮੇ ਵੀ ਜਿੱਤੇ ਤੇ ਟੀਮ ਰੀਓ ਉਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣੀ।
ਉਹ ਹਰਿਆਣਾ ਪੁਲਿਸ ਵਿੱਚ ਡੀ ਐਸ ਪੀ ਦੇ ਅਹੁਦੇ 'ਤੇ ਤਾਇਨਾਤ ਹਨ ਤੇ ਉਨ੍ਹਾਂ ਦੀ ਟੀਮ ਵੱਲੋਂ ਖੇਡਦੇ ਵੀ ਹਨ।
ਸਰਦਾਰ ਸਿੰਘ ਦੇ ਨਾਲ ਮਨਦੀਪ ਮੌਰ, ਸੁਮਿਤ ਕੁਮਾਰ (ਜੂਨੀਅਰ) ਤੇ ਸ਼ਿਲਿੰਦ ਲਾਕਰਾ ਨੂੰ ਵੀ ਟੀਮ ਵਿੱਚ ਮੌਕਾ ਦਿੱਤਾ ਗਿਆ ਹੈ।












