ਮੈਂ ਨਹੀਂ ਦਿੱਤੀ ਆਪਣੇ ਸਾਬਕਾ ਪਤੀ ਦੇ ਕਤਲ ਦੀ ਸੁਪਾਰੀ- ਪਰਵਾਸੀ ਦੀ ਪਤਨੀ

ਤਸਵੀਰ ਸਰੋਤ, BBC/ jaswinder kaur
- ਲੇਖਕ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੰਜਾਬੀ ਲਈ
ਜਲੰਧਰ ਦੇ ਗੁਰਾਇਆਂ ਨੇੜੇ ਕੈਨੇਡੀਅਨ ਨਾਗਰਿਕ ਮੱਖਣ ਸਿੰਘ ਉੱਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ।
ਜਲੰਧਰ ਪੁਲਿਸ ਨੇ ਇਸ ਮਾਮਲੇ ਨੂੰ ਉਸ ਦੀ ਸਰੀ ਰਹਿੰਦੀ ਪਤਨੀ ਵਲੋਂ ਸੁਪਾਰੀ ਦੇ ਕੇ ਕਰਵਾਇਆ ਗਿਆ ਹਮਲਾ ਕਰਾਰ ਦਿੱਤਾ ਸੀ, ਪਰ ਮੱਖਣ ਸਿੰਘ ਦੀ ਦੂਜੀ ਪਤਨੀ ਜਸਵਿੰਦਰ ਕੌਰ ਨੇ ਜਲੰਧਰ ਦਿਹਾਤੀ ਪੁਲੀਸ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕੀਤਾ ਹੈ।
ਪੁਲੀਸ ਨੇ ਜਸਵਿੰਦਰ ਕੌਰ 'ਤੇ ਆਪਣੇ ਤਲਾਕਸ਼ੁਦਾ ਪਤੀ ਨੂੰ ਮਰਵਾਉਣ ਲਈ ਢਾਈ ਲੱਖ ਦੀ ਫਿਰੌਤੀ ਦੇਣ ਦਾ ਦਾਅਵਾ ਕੀਤਾ ਸੀ।
ਇਸ ਮਾਮਲੇ 'ਚ ਪੁਲੀਸ ਨੇ ਪ੍ਰੈਸ ਕਾਨਫਰੰਸ ਕਰਕੇ ਦੋ ਸੁਪਾਰੀਬਾਜ਼ਾਂ ਨੂੰ ਵੀ ਕਾਬੂ ਕਰਕੇ ਮੀਡੀਆ ਅੱਗੇ ਪੇਸ਼ ਕੀਤਾ ਸੀ।
ਪਰ ਜਸਵਿੰਦਰ ਕੌਰ ਨੇ ਇਸ ਸਾਰੇ ਮਾਮਲੇ ਨੂੰ ਐਨ.ਆਰ.ਆਈ ਮੱਖਣ ਸਿੰਘ ਦੀ ਹੀ ਸਾਜ਼ਿਸ਼ ਕਰਾਰ ਦਿੱਤਾ ਹੈ।
ਕੈਨੇਡਾ ਤੋਂ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਜਸਵਿੰਦਰ ਕੌਰ ਨੇ ਦੱਸਿਆ ਉਸ ਨਾਲ ਤਾਂ ਦੋ ਵਾਰ ਧੋਖਾ ਹੋਇਆ ਹੈ।
ਜਸਵਿੰਦਰ ਕੌਰ ਨੇ ਦੱਸਿਆ ਉਸ ਦਾ ਮੱਖਣ ਸਿੰਘ ਨਾਲ ਤਲਾਕ ਹੋ ਚੁੱਕਾ ਹੈ ਅਤੇ ਬੱਚੇ ਦੀ ਕਸਟਡੀ ਲਈ ਕੇਸ ਚੱਲ ਰਿਹਾ ਹੈ।ਇਸ ਤੋਂ ਇਲਾਵਾ ਮੱਖਣ ਸਿੰਘ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਜਸਵਿੰਦਰ ਕੌਰ ਨੇ ਦਾਅਵਾ ਕੀਤਾ ਮੱਖਣ ਸਿੰਘ ਹੁਣ ਪੰਜਾਬ ਆ ਕੇ ਤੀਜਾ ਵਿਆਹ ਕਰਵਾ ਰਿਹਾ ਹੈ।
ਜਸਵਿੰਦਰ ਨੇ ਦੱਸਿਆ ਕਿ ਉਹ ਆਪ ਵੀ 4 ਮਾਰਚ ਤੱਕ ਪੰਜਾਬ ਆਉਣ ਦਾ ਪ੍ਰੋਗਾਰਮ ਬਣਾ ਰਹੀ ਸੀ। ਮੱਖਣ ਸਿੰਘ ਨੇ ਡਰ ਦੇ ਮਾਰੇ ਨੇ ਹੀ ਇਹ ਸਾਰੀ ਝੂਠੀ ਸਾਜ਼ਿਸ਼ ਰਚੀ ਹੈ ਤਾਂ ਜੋ ਉਸ ਦੇ ਵਿਆਹ ਵਿਘਨ ਨਾ ਪਵੇ।

ਤਸਵੀਰ ਸਰੋਤ, BBC/ pal singh Nauli
ਜਸਵਿੰਦਰ ਕੌਰ ਨੇ ਪੁਲੀਸ ਦੀ ਕਾਰਵਾਈ 'ਤੇ ਵੀ ਸਵਾਲ ਚੁੱਕੇ ਹਨ । ਜਸਵਿੰਦਰ ਨੇ ਕਿਹਾ ਹੈ ਕਿ ਉਸ ਨੂੰ ਪੰਜਾਬ ਪੁਲੀਸ ਤੋਂ ਕੋਈ ਉਮੀਦ ਨਹੀਂ ਹੈ। ਜੇ ਉਹ ਪੰਜਾਬ ਆਈ ਤਾਂ ਉਸ 'ਤਾਂ ਉਸ ਨੂੰ ਇਸ ਝੂਠੇ ਕੇਸ ਵਿੱਚ ਫਸਾ ਦਿੱਤਾ ਜਾਵੇਗਾ ਇਸ ਲਈ ਉਸ ਨੇ ਪੰਜਾਬ ਆਉਣ ਦਾ ਇਰਾਦਾ ਛੱਡ ਦਿੱਤਾ ਹੈ।
ਕੀ ਹੈ ਮਾਮਲਾ
26 ਜਨਵਰੀ 2018 ਨੂੰ ਕੁਝ ਵਿਅਕਤੀਆਂ ਥਾਣਾ ਗੁਰਾਇਆ ਅਧੀਨ ਆਉਂਦੇ ਪਿੰਡ ਕੋਟਲੀ ਖੱਖਿਆ ਵਿੱਚ ਕੈਨੇਡੀਅਨ ਨਾਗਰਿਕ ਮਖੱਣ ਸਿੰਘ ਨੂੰ ਨਿਸ਼ਾਨਾ ਬਣਾਉਂਦਿਆ ਸਵੇਰੇ ਸਾਢੇ 6 ਵਜੇ ਉਸ 'ਤੇ ਹਮਲਾ ਕਰ ਦਿੱਤਾ ਸੀ ।
ਇਸ ਹਮਲੇ ਵਿੱਚ ਮਖੱਣ ਸਿੰਘ ਦੇ ਪੱਟ ਵਿੱਚ ਗੋਲੀ ਲੱਗੀ ਸੀ।ਨਿਸ਼ਾਨਾ ਖੁੰਝ ਜਾਣ ਕਾਰਨ ਮੱਖਣ ਸਿੰਘ ਬਚ ਗਿਆ ਤੇ ਉਸਦੀ ਪੱਟ ਵਿੱਚ ਲੱਗੀ ਗੋਲੀ ਹਸਪਤਾਲ ਵਿੱਚ ਜਾ ਕੇ ਕੱਢ ਦਿੱਤੀ ਗਈ ਹੈ।
ਜਲੰਧਰ ਦੀ ਦਿਹਾਤੀ ਪੁਲੀਸ ਨੇ ਇਸ ਮਾਮਲੇ ਵਿੱਚ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਫੜੇ ਗਏ ਕਥਿਤ ਦੋਸ਼ੀਆਂ ਦੇ ਦੋ ਸਾਥੀ ਅਜੇ ਫਰਾਰ ਹਨ।
ਪੁਲਿਸ ਦਾ ਦਾਅਵਾ
ਜਲੰਧਰ ਦਿਹਾਤੀ ਪੁਲਿਸ ਦੇ ਐਸ.ਐਸ.ਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਸੀ ਕਿ ਘਟਨਾ ਵਾਲੇ ਦਿਨ ਦੋਸ਼ੀ ਗੋਲੀ ਚਲਾਉਣ ਤੋਂ ਬਾਅਦ ਇਸ ਵਾਰਦਾਤ ਵਿੱਚ ਵਰਤੀ ਸਕੌਂਡਾ ਕਾਰ ਉਥੇ ਹੀ ਛੱਡ ਕੇ ਇੱਕ ਹੋਰ ਕਾਰ ਰਾਹੀ ਫਰਾਰ ਹੋ ਗਏ ਸਨ।

ਤਸਵੀਰ ਸਰੋਤ, BBC/ Pal singh Nauli
ਪੁਲਿਸ ਮੁਤਾਬਕ ਬਰਾਮਦ ਕੀਤੀ ਗਈ ਕਾਰ ਵਿੱਚੋਂ 30 ਹਾਜ਼ਰ ਦੀ ਸੁਪਾਰੀ ਲਈ ਦਿੱਤੀ ਰਕਮ ਵੀ ਬਰਾਮਦ ਕੀਤੀ ਹੈ।
ਇਨ੍ਹਾਂ ਦੋਸ਼ੀਆਂ ਨੇ ਪਹਿਲਾਂ ਤੋਂ ਘੜੀ ਸਕੀਮ ਅਨੁਸਾਰ ਹੁਸ਼ਿਆਰਪੁਰ ਵਿੱਚ ਆਪਣੀ ਸਕੌਡਾ ਕਾਰ ਚੋਰੀ ਹੋਣ ਦੀ ਰਿਪੋਰਟ ਦਰਜ ਕਰਵਾ ਦਿੱਤੀ ਸੀ।
ਕੌਣ ਹਨ ਕਥਿਤ ਸੁਪਾਰੀਬਾਜ਼
ਪੰਜਾਬ ਪੁਲਿਸ ਦਰਜ ਵਲੋਂ ਐਫ਼.ਆਈ.ਆਰ ਮੁਤਾਬਕ ਕਥਿਤ ਦੋਸ਼ੀਆਂ ਦੀ ਪਛਾਣ ਕੁਲਵੰਤ ਸਿੰਘ (30 ) ਵਾਸੀ ਮਹਿਤਪੁਰ ਅਤੇ ਰਾਜਿੰਦਰ ਕੁਮਾਰ (30 ) ਵਾਸੀ ਹੁਸ਼ਿਆਰਪੁਰ ਵੱਜੋਂ ਹੋਈ ਹੈ।
ਇਨ੍ਹਾਂ ਨਾਲ ਚਾਰ ਹੋਰ ਦੋਸਤ ਵੀ ਸਨ ਜਿਨ੍ਹਾਂ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਥਾਣਾ ਗੁਰਾਇਆ ਦੀ ਪੁਲੀਸ ਨੇ ਦੋਸ਼ੀਆਂ ਵਿਰੁੱਧ ਐਫ਼.ਆਈ.ਆਰ ਨੰਬਰ 13 ਆਈ.ਪੀ,ਸੀ ਦੀਆਂ ਧਾਰਵਾਂ 307 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25/54/59 ਤਹਿਤ ਮਾਮਲਾ ਦਰਜ ਕੀਤਾ ਹੈ।
ਜਸਵਿੰਦਰ ਕੌਰ ਦੇ ਖਿਲਾਫ
ਪੁਲੀਸ ਨੇ ਦੱਸਿਆ ਕਿ ਐਨ.ਆਰ.ਆਈ ਮੱਖਣ ਸਿੰਘ ਦੀ ਤਲਾਕਸ਼ੁਦਾ ਪਤਨੀ ਜਸਵਿੰਦਰ ਕੌਰ ਵਿਰੁੱਧ
ਮੁੱਕਦਮਾ ਵਿੱਚ ਆਈ.ਪੀ.ਸੀ ਦੀ ਧਾਰਾ 120-ਬੀ ਦਾ ਵਾਧਾ ਕੀਤਾ ਗਿਆ ਹੈ।
ਜਿਸ ਨੂੰ ਐਕਸਟਰਾਡੀਸ਼ਨ ਦੀ ਕਾਰਵਾਈ ਰਾਹੀਂ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।












