#HerChoice: 'ਮੈਂ ਸੋਸ਼ਲ ਮੀਡੀਆ 'ਤੇ ਸਿਰਫ਼ ਪਰਾਏ ਮਰਦਾਂ ਨਾਲ ਚੈਟਿੰਗ ਕਰਦੀ ਸੀ'

ਉਸ ਦਿਨ ਜਦੋਂ ਮੈਂ ਫੇਸਬੁੱਕ ਅਕਾਉਂਟ ਖੋਲ੍ਹਿਆ ਤਾਂ ਉਸ ਦਾ ਇੱਕ ਮੈਸੇਜ ਆਇਆ ਹੋਇਆ ਸੀ।
ਮੈਨੂੰ ਝਟਕਾ ਲੱਗਿਆ। ਉਹ ਮੈਨੂੰ ਕਿਉਂ ਮੈਸੇਜ ਕਰੇਗਾ?
ਮੇਰੇ ਪਤੀ ਘਰ ਮੌਜੂਦ ਨਹੀਂ ਸਨ, ਮੈਂ ਇਕੱਲੀ ਸੀ ਪਰ ਮੈਂ ਫਿਰ ਵੀ ਘਬਰਾਉਂਦੇ ਹੋਏ ਆਲੇ-ਦੁਆਲੇ ਦੇਖਿਆ।
ਇਹ ਕਾਫ਼ੀ ਪਾਗਲਪਨ ਸੀ! ਮੈਂ ਖੁਦ 'ਤੇ ਹੱਸੀ ਤੇ ਮੈਸੇਜ ਖੋਲ੍ਹਿਆ।
'ਮੈਂ ਤੁਹਾਡਾ ਦੋਸਤ ਬਣਨਾ ਚਾਹੁੰਦਾ ਹਾਂ।'
ਮੈਂ ਮੁਸਕੁਰਾਈ ਤੇ ਮੈਸੇਜ ਨੂੰ ਕਈ ਮਿੰਟਾਂ ਤੱਕ ਦੇਖਿਆ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਜਵਾਬ ਦੇਵਾਂ ਜਾਂ ਨਜ਼ਰਅੰਦਾਜ਼ ਕਰ ਦੇਵਾਂ।
ਮੈਂ ਇੱਕ ਅਜਨਬੀ ਨੂੰ ਕਿਉਂ ਜਵਾਬ ਦੇਵਾਂ? ਜੇ ਮੇਰੇ ਪਤੀ ਨੂੰ ਪਤਾ ਲੱਗ ਗਿਆ ਤਾਂ? ਉਹ ਕੀ ਪ੍ਰਤੀਕਰਮ ਦੇਣਗੇ?
ਪਤੀ ਬਾਰੇ ਸੋਚਦਿਆਂ ਹੀ ਮੈਨੂੰ ਗੁੱਸਾ ਆ ਗਿਆ।
ਪਤੀ ਦੇ ਰੁੱਖੇਪਣ ਕਰਕੇ ਇੱਕ ਅਜਨਬੀ ਦੀ 'ਹੈਲੋ' ਨੇ ਮੈਨੂੰ ਬੇਚੈਨ ਕਰ ਦਿੱਤਾ ਸੀ।
ਜੇ ਹਾਲਾਤ ਹੋਰ ਹੁੰਦੇ ਤਾਂ ਮੈਂ ਇਸ ਮੈਸੇਜ ਨੂੰ ਅਣਦੇਖਾ ਕਰ ਦੇਣਾ ਸੀ ਪਰ ਮੈਨੂੰ ਐਨਾ ਗੁੱਸਾ ਸੀ ਕਿ ਮੈਂ ਖਿੱਝ ਕੇ 'ਹਾਏ' ਕਿਹਾ।
------------------------------------------------------------------------------------------------------------------------------------
#HerChoice 12 ਭਾਰਤੀ ਔਰਤਾਂ ਦੀਆਂ ਸੱਚੀਆਂ ਕਹਾਣੀਆਂ ਦੀ ਲੜੀ ਹੈ। ਇਹ ਕਹਾਣੀਆਂ 'ਮਾਡਰਨ ਭਾਰਤੀ ਔਰਤਾਂ' ਦੀ ਵਿਚਾਰਧਾਰਾ ਦਾ ਦਾਇਰਾ ਵਧਾਉਂਦੀ ਹੈ ਤੇ ਚੁਣੌਤੀ ਦਿੰਦੀਆਂ ਹਨ। ਉਨ੍ਹਾਂ ਔਰਤਾਂ ਦੀ ਚੋਣ, ਖਾਹਿਸ਼ਾਂ, ਇੱਛਾਵਾਂ ਨੂੰ ਪੇਸ਼ ਕਰਦੀ ਹੈ।
------------------------------------------------------------------------------------------------------------------------------------
ਉਸ ਦਾ ਨਾਮ ਆਕਾਸ਼ ਸੀ। ਮੈਂ ਉਸ ਨੂੰ ਜਾਣਦੀ ਨਹੀਂ ਸੀ ਪਰ ਉਸ ਦੀ ਫੇਸਬੁੱਕ 'ਤੇ 'ਫ੍ਰੈਂਡ ਰਿਕੁਐਸਟ' ਨੂੰ ਜ਼ਿਆਦਾ ਸੋਚੇ ਬਿਨਾਂ ਕਬੂਲ ਕਰ ਲਿਆ।
ਕੁਝ ਕਾਰਨਾਂ ਕਰਕੇ ਉਸ ਨੂੰ ਭੁਲੇਖਾ ਸੀ ਕਿ ਮੈਂ 'ਏਅਰਹੋਸਟਸ' ਸੀ।
ਮੈਂ ਉਸ ਨੂੰ ਸੱਚਾਈ ਦੱਸ ਸਕਦੀ ਸੀ ਪਰ ਮੈਂ ਏਅਰਹੋਸਟੈੱਸ ਹੋਣ ਦਾ ਭੁਲੇਖਾ ਹੀ ਠੀਕ ਸਮਝਿਆ।
ਬਚਪਨ ਤੋਂ ਹੀ ਮੈਨੂੰ ਦੱਸਿਆ ਗਿਆ ਸੀ ਕਿ ਮੈਂ ਖੂਬਸੂਰਤ ਹਾਂ। ਦੁੱਧ ਵਰਗਾ ਚਿੱਟਾ ਰੰਗ, ਬਦਾਮੀ ਅੱਖਾਂ, ਤਿੱਖੇ ਨੈਣ-ਨਕਸ਼ ਅਤੇ ਗੁੰਦਵਾਂ ਸਰੀਰ ਸੀ। ਮੈਂ ਆਕਰਸ਼ਕ ਦਿਖਦੀ ਸੀ।
ਮੇਰੇ ਮਾਪੇ ਜਲਦਬਾਜ਼ੀ ਵਿੱਚ ਸਨ ਤੇ ਜੋ ਵੀ ਪਹਿਲਾ ਮੁੰਡਾ ਦੇਖਿਆ ਉਸ ਨਾਲ ਵਿਆਹ ਕਰ ਦਿੱਤਾ।
'ਜੱਫ਼ੀ ਪਾਉਣ ਵਿੱਚ ਕਿੰਨਾ ਸਮਾਂ ਲੱਗਦਾ ਹੈ'
ਇਸ ਸ਼ਖਸ ਨੂੰ ਮੇਰੀਆਂ ਭਾਵਨਾਵਾਂ ਜਾਂ ਰੋਮਾਂਸ ਵਿੱਚ ਕੋਈ ਦਿਲਚਸਪੀ ਨਹੀਂ ਸੀ।
ਮੈਂ ਸੋਚਿਆ ਸੀ ਕਿ ਮੇਰਾ ਪਤੀ ਮੇਰੇ ਵੱਲ ਪਿਆਰ ਨਾਲ ਦੇਖੇਗਾ, ਕਈ ਵਾਰੀ ਸਰਪਰਾਇਜ਼ ਦੇਵੇਗਾ ਅਤੇ ਕਦੇ-ਕਦੇ ਇੱਕ ਕਾਫ਼ੀ ਦਾ ਕੱਪ ਬਣਾਏਗਾ।
ਮੇਰਾ ਪਤੀ ਤਾਂ ਇੱਕ ਮਸ਼ੀਨ ਵਾਂਗ ਹੈ। ਉਹ ਉੱਠਦਾ ਹੈ, ਕੰਮ 'ਤੇ ਜਾਂਦਾ ਹੈ, ਵਾਪਸ ਆਉਂਦਾ ਹੈ, ਖਾਣਾ ਖਾਂਦਾ ਹੈ ਤੇ ਜਲਦੀ ਸੌਂ ਜਾਂਦਾ ਹੈ।
ਅਜਿਹਾ ਨਹੀਂ ਹੈ ਕਿ ਮੈਨੂੰ ਨਹੀਂ ਪਤਾ ਕਿ ਉਹ ਰੁੱਝੇ ਰਹਿੰਦੇ ਹਨ ਪਰ ਆਪਣੀ ਪਤਨੀ ਨੂੰ ਕੁਝ ਚੰਗਾ ਕਹਿਣ ਵਿੱਚ ਕਿੰਨਾ ਸਮਾਂ ਲੱਗਦਾ ਹੈ? ਇੱਕ ਜੱਫ਼ੀ ਪਾਉਣ ਜਾਂ ਫਿਰ ਉਸ ਵੱਲ ਪਿਆਰ ਨਾਲ ਦੇਖਣ ਵਿੱਚ ਕਿੰਨਾ ਸਮਾਂ ਲੱਗਦਾ ਹੈ?
ਜਾਂ ਤਾਂ ਮੇਰੇ ਪਤੀ ਦੇ ਅਹਿਸਾਸ ਹੀ ਨਹੀਂ ਹਨ ਜਾਂ ਫਿਰ ਪਤਨੀ ਲਈ ਕੁਝ ਕਰਨ ਨਾਲ ਉਸ ਦੇ ਅਹਿਮ ਨੂੰ ਠੇਸ ਪਹੁੰਚਦੀ ਹੈ।
ਸਾਡੀ ਜ਼ਿੰਦਗੀ ਵਿੱਚ ਸੈਕਸ ਹੈ ਪਰ ਕੋਈ ਰੋਮਾਂਸ ਨਹੀਂ।

ਕਦੇ ਵੀ ਤਾਰੀਫ਼ ਨਹੀਂ ਹੁੰਦੀ ਭਾਵੇਂ ਜਿੰਨਾ ਮਰਜ਼ੀ ਵਧੀਆ ਖਾਣਾ ਮੈਂ ਪਕਾ ਦੇਵਾਂ ਜਾਂ ਫਿਰ ਜਿੰਨੀ ਮਰਜ਼ੀ ਚੰਗੀ ਘਰ ਦੀ ਸਾਂਭ-ਸੰਭਾਲ ਕਰ ਲਵਾਂ।
ਉਸਦਾ ਨਾਂ ਅਕਾਸ਼ ਸੀ
ਮੈਂ ਆਪਣੇ ਖਿਆਲਾਂ ਵਿੱਚ ਗੁੰਮ ਹੋ ਗਈ ਸੀ ਜਦੋਂ ਆਕਾਸ਼ ਨੇ ਦੁਬਾਰਾ ਮੈਸੇਜ ਕੀਤਾ।
ਉਹ ਮੇਰੀ ਤਸਵੀਰ ਦੇਖਣਾ ਚਾਹੁੰਦਾ ਸੀ।
ਮੈਨੂੰ ਇੰਟਰਨੈੱਟ ਦੀ ਸਮਝ ਨਹੀਂ ਸੀ। ਇੱਥੋਂ ਤੱਕ ਕਿ ਮੇਰਾ ਫੇਸਬੁੱਕ ਅਕਾਉਂਟ ਵੀ ਮੇਰੇ ਪਤੀ ਨੇ ਹੀ ਬਣਾਇਆ ਸੀ।
ਉਸ ਨੇ ਹੀ ਮੈਨੂੰ ਦੱਸਿਆ ਸੀ ਕਿ ਕਿਸੇ ਦੀ 'ਫ੍ਰੈਂਡ ਰਿਕੁਐਸਟ' ਕਿਵੇਂ ਮਨਜ਼ੂਰ ਕਰਨੀ ਹੈ ਅਤੇ ਮੈਸੇਜ ਦਾ ਜਵਾਬ ਕਿਵੇਂ ਦੇਣਾ ਹੈ।
ਮੇਰੀ ਪ੍ਰੋਫਾਈਲ ਵਿੱਚ ਕੋਈ ਤਸਵੀਰ ਨਹੀਂ ਸੀ। ਮੈਨੂੰ ਫੋਟੋ ਅਪਲੋਡ ਕਰਨ ਤੋਂ ਡਰ ਲੱਗਦਾ ਸੀ ਕਿਉਂਕਿ ਮੈਂ ਸੁਣਿਆ ਸੀ ਕਿ ਫੋਟੋਆਂ ਚੋਰੀ ਕਰ ਕੇ ਪੋਰਨ ਸਾਈਟਾਂ 'ਤੇ ਪਾ ਦਿੱਤੀਆਂ ਜਾਂਦੀਆਂ ਹਨ।
ਆਕਾਸ਼ ਬਹੁਤ ਜ਼ਿੱਦੀ ਸੀ।
ਮੈਂ ਕੁਝ ਦੇਰ ਲਈ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਤੇ ਇਹ ਵੀ ਦੱਸਿਆ ਕਿ ਮੈਂ ਏਅਰਹੋਸਟੈੱਸ ਨਹੀਂ ਹਾਂ।
ਨਿਰਾਸ਼ ਹੋਣ ਦੀ ਥਾਂ ਉਹ ਫੋਟੋ ਦੇਖਣ ਦੀ ਹੋਰ ਜ਼ਿੱਦ ਕਰਨ ਲੱਗਿਆ।
ਜੇ ਮੈਂ ਚਾਹੁੰਦੀ ਵੀ ਤਾਂ ਵੀ ਫੋਟੋ ਅਪਲੋਡ ਨਹੀਂ ਕਰ ਸਕਦੀ ਸੀ ਕਿਉਂਕਿ ਮੇਰੇ ਕੋਲ ਇੱਕ ਵੀ ਸੋਹਣੀ ਫੋਟੋ ਨਹੀਂ ਸੀ।
ਆਕਾਸ਼ ਵਿਆਹਿਆ ਹੋਇਆ ਸੀ। ਉਸ ਨੇ ਮੈਨੂੰ ਦੱਸਿਆ ਕਿ ਉਸ ਦਾ ਤਿੰਨ ਸਾਲ ਦਾ ਪੁੱਤਰ ਹੈ।
ਉਹ ਇੱਕ ਵੱਡੀ ਕੰਪਨੀ ਵਿੱਚ ਕੰਮ ਕਰਦਾ ਸੀ। ਵਿਦੇਸ਼ ਜਾ ਚੁੱਕਾ ਸੀ ਤੇ ਕਈ ਪਾਰਟੀਆਂ ਵਿੱਚ ਜਾਂਦਾ ਰਹਿੰਦਾ ਸੀ।
ਉਹ ਅਕਸਰ ਦੱਸਦਾ ਹੁੰਦਾ ਸੀ ਕਿ ਕੁੜੀਆਂ ਪਾਰਟੀਆਂ ਵਿੱਚ ਸ਼ਰਾਬ ਅਤੇ ਸਿਗਰਟ ਪੀਂਦੀਆਂ ਹਨ।
ਇਹ ਸਭ ਕੁਝ ਮੇਰੇ ਲਈ ਨਵਾਂ ਸੀ, ਅਨਜਾਣ ਦੁਨੀਆਂ ਵਿੱਚ ਇੱਕ ਖਿੜਕੀ ਵਾਂਗ।
ਉਸ ਦੀ ਪਤਨੀ ਵੀ ਇੱਕ ਕਾਰਪੋਰੇਟ ਕੰਪਨੀ ਵਿੱਚ ਕੰਮ ਕਰਦੀ ਸੀ ਤੇ ਚੰਗੀ ਆਮਦਨ ਸੀ। ਉਸ ਨੇ ਦੱਸਿਆ ਕਿ ਉਹ ਬਹੁਤ ਰੁੱਝੀ ਰਹਿੰਦੀ ਹੈ ਅਤੇ ਉਨ੍ਹਾਂ ਕੋਲ ਇੱਕ-ਦੂਜੇ ਲਈ ਵੀ ਸਮਾਂ ਨਹੀਂ ਹੈ।
ਇੱਕ ਵਾਰੀ ਉਸ ਨੇ ਦੱਸਿਆ, "ਮੈਂ ਕਿਸੇ ਚੀਜ਼ ਨੂੰ ਲੈ ਕੇ ਨਿਰਾਸ਼ ਸੀ ਅਤੇ ਉਸ ਨਾਲ ਸਾਂਝਾ ਕਰਨ ਲਈ ਫੋਨ ਕੀਤਾ ਪਰ ਉਹ ਕਿਸੇ ਮੀਟਿੰਗ ਵਿੱਚ ਰੁੱਝੀ ਹੋਈ ਸੀ।"
ਮੈਂ ਪੂਰੀ ਤਰ੍ਹਾਂ ਉਸ ਨੂੰ ਸਮਝ ਪਾ ਰਹੀ ਸੀ।

ਅਸੀਂ ਹਰ ਰੋਜ਼ ਚੈਟਿੰਗ ਕਰਦੇ। ਇਹ ਬਹੁਤ ਮਜ਼ੇਦਾਰ ਸੀ। ਐਨਾ ਜ਼ਿਆਦਾ ਕਿ ਮੈਂ ਆਪਣਾ ਕੰਮ ਛੇਤੀ ਖਤਮ ਕਰਕੇ ਦੁਪਹਿਰ ਹੋਣ ਦੀ ਉਡੀਕ ਕਰਦੀ।
ਇੱਕ ਦਿਨ ਆਕਾਸ਼ ਨੇ ਮੈਨੂੰ ਵੈੱਬਕੈਮ ਚਲਾਉਣ ਲਈ ਕਿਹਾ।
ਮੈਂ ਘਬਰਾ ਗਈ ਅਤੇ ਆਫ਼ਲਾਈਨ ਹੋ ਗਈ।
ਮੈਂ ਉਸ ਦਿਨ ਨਹਾਈ ਵੀ ਨਹੀਂ ਸੀ। ਕੀ ਹੁੰਦਾ ਜੇ ਉਸ ਨੇ ਮੈਨੂੰ ਉਸ ਤਰ੍ਹਾਂ ਦੇਖ ਲਿਆ ਹੁੰਦਾ!
ਉਹ ਹਰ ਰੋਜ਼ ਮੇਰੇ ਤੋਂ ਫੋਟੋ ਮੰਗਦਾ।
ਮੈਨੂੰ ਨਹੀਂ ਪਤਾ ਸੀ ਕਿ ਇਸ ਨਾਲ ਕਿਵੇਂ ਨਜਿੱਠਾਂ ਅਤੇ ਮੈਂ ਉਸ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਜਿਸ ਵੇਲੇ ਅਸੀਂ ਚੈਟ ਕਰਦੇ ਸੀ ਉਸ ਵੇਲੇ ਮੈਂ ਆਨਲਾਈਨ ਜਾਣਾ ਬੰਦ ਕਰ ਦਿੱਤਾ।
ਇਹ ਕੁਝ ਦਿਨ ਚੱਲਦਾ ਰਿਹਾ ਤੇ ਫਿਰ ਉਸ ਨੇ ਮੈਨੂੰ ਬਲਾਕ ਕਰ ਦਿੱਤਾ।
ਅਜਿਹਾ ਹੋਣ ਦੀ ਉਮੀਦ ਸੀ ਪਰ ਫਿਰ ਵੀ ਮੇਰਾ ਦਿਲ ਟੁੱਟ ਗਿਆ।
ਸਾਡਾ ਕੋਈ ਪ੍ਰੇਮ ਸਬੰਧ ਨਹੀਂ ਸੀ ਫਿਰ ਵੀ ਉਸ ਦੇ ਜਾਣ ਨਾਲ ਖ਼ਾਲੀਪਣ ਆ ਗਿਆ।
ਆਕਾਸ਼ ਤੋਂ ਵੱਧ ਮੈਂ ਖੁਦ ਤੋਂ ਖਫ਼ਾ ਸੀ। ਮੈਂ ਖੁਦ ਨੂੰ ਅਧੀਨ ਤੇ ਕਮਜ਼ੋਰ ਸਮਝਿਆ। ਮੇਰਾ ਆਪਣਾ ਕਰੀਅਰ ਕਿਉਂ ਨਹੀਂ ਹੈ? ਮੇਰੀ ਖੁਦ ਦੀ ਜ਼ਿੰਦਗੀ ਕਿਉਂ ਨਹੀਂ ਹੈ? ਜੇ ਮੈਂ ਨੌਕਰੀ ਕਰਦੀ ਹੁੰਦੀ ਤਾਂ ਮੈਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਅ ਰਹੀ ਹੁੰਦੀ।
ਉਸ ਤੋਂ ਬਾਅਦ ਮੈਂ ਕਈ ਦਿਨ ਫੇਸਬੁੱਕ ਤੋਂ ਦੂਰ ਰਹੀ।
ਨਜ਼ਰ ਤੋਂ ਦੂਰ ਹੋਣ ਨਾਲ ਦਿਮਾਗ ਤੋਂ ਦੂਰ ਨਹੀਂ ਹੋ ਸਕਦੇ। ਸਾਡੇ ਫੇਸਬੁੱਕ ਉੱਤੇ ਇਕੱਠੇ ਸਮਾਂ ਬਿਤਾਉਣ ਦੀਆਂ ਯਾਦਾਂ ਤੋਂ ਡਰ ਜਾਂਦੀ ਸੀ।
ਜਦੋਂ ਅਸੀਂ ਚੈਟ ਕਰਦੇ ਸੀ ਤਾਂ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਸੀ। ਬਿਨਾਂ ਕਾਰਨ ਮੇਰੇ ਚਿਹਰੇ 'ਤੇ ਮੁਸਕਰਾਹਟ ਰਹਿੰਦੀ ਸੀ।
ਮੈਨੂੰ ਲੱਗਿਆ ਮੇਰੇ ਪਤੀ ਨੂੰ ਮੇਰੇ 'ਵਰਚੁਅਲ' (ਸੋਸ਼ਲ ਮੀਡੀਆ) 'ਤੇ ਰਿਸ਼ਤੇ ਦਾ ਲਾਹਾ ਮਿਲਿਆ।
ਉਸ ਨੂੰ ਕੋਈ ਮਿਹਨਤ ਨਹੀਂ ਕਰਨੀ ਪੈਂਦੀ ਸੀ ਤੇ ਮੈਂ ਕਾਫ਼ੀ ਖੁਸ਼ ਵੀ ਰਹਿੰਦੀ ਸੀ। ਆਕਾਸ਼ ਨੇ ਸਾਡੇ ਰਿਸ਼ਤੇ ਦੇ ਖਾਲੀਪਨ ਨੂੰ ਭਰ ਦਿੱਤਾ ਸੀ।
ਮੈਂ ਕੁਝ ਗਲਤ ਨਹੀਂ ਕੀਤਾ ਸੀ। ਮੈਂ ਆਪਣੇ ਪਤੀ ਨਾਲ ਧੋਖਾ ਵੀ ਨਹੀਂ ਕੀਤਾ ਸੀ ਅਤੇ ਨਾ ਹੀ ਮੈਂ ਕਿਸੇ ਪਰਾਏ ਮਰਦ ਨਾਲ ਸੁੱਤੀ ਸੀ। ਮੈਂ ਸਿਰਫ਼ ਚੈਟਿੰਗ ਕੀਤੀ ਸੀ।
ਇਹ ਮਹਿਜ਼ ਇੱਕ ਗੱਲਬਾਤ ਸੀ ਜਿਸ ਨੇ ਮੈਨੂੰ ਅਹਿਸਾਸ ਕਰਵਾਇਆ ਕਿ ਮੈਂ ਪਤਨੀ ਹੀ ਨਹੀਂ ਇੱਕ ਔਰਤ ਹਾਂ ਜਿਸ ਦੇ ਸੁਪਨੇ ਅਤੇ ਇੱਛਾਵਾਂ ਹਨ।
ਮੇਰੇ ਦਿਮਾਗ ਵਿੱਚ ਕਈ ਵਾਰੀ ਇਹ ਸਵਾਲ ਉੱਠਦਾ ਰਿਹਾ ਕਿ ਮੈਂ ਉਸ ਨਾਲ ਮੁੜ ਸਪੰਰਕ ਕਰਾਂ ਜਾਂ ਨਾ।
'ਵਿਆਹੁਤਾ ਹੋ ਕੇ ਰਿਕੁਐਸਟ ਕਿਉਂ ਭੇਜੀ'
ਫਿਰ ਇੱਕ ਦਿਨ ਮੈਂ ਇੱਕ ਹੋਰ ਫੇਸਬੁੱਕ ਪ੍ਰੋਫਾਈਲ ਦੇਖੀ। ਉਹ ਸ਼ਖ਼ਸ ਸੋਹਣਾ ਲੱਗ ਰਿਹਾ ਸੀ। ਮੈਨੂੰ ਨਹੀਂ ਪਤਾ ਮੇਰੇ ਦਿਮਾਗ ਵਿੱਚ ਕੀ ਖਿਆਲ ਆਇਆ ਪਰ ਮੈਂ ਉਸ ਨੂੰ ਫ੍ਰੈਂਡ ਰਿਕੁਐਸਟ ਭੇਜ ਦਿੱਤੀ।
ਉਸ ਨੇ ਜਵਾਬ ਦਿੱਤਾ, "ਤੁਸੀਂ ਵਿਆਹੇ ਹੋਏ ਹੋ ਤਾਂ ਫਿਰ ਰਿਕੁਐਸਟ ਕਿਉਂ ਭੇਜੀ?"
ਮੈਂ ਕਿਹਾ, "ਕੀ ਵਿਆਹੀਆਂ ਔਰਤਾਂ ਦੋਸਤ ਨਹੀਂ ਬਣਾਉਂਦੀਆਂ?"
ਇਸ ਤਰ੍ਹਾਂ ਇਹ ਸਭ ਕੁਝ ਫਿਰ ਸ਼ੁਰੂ ਹੋ ਗਿਆ ਤੇ ਅਸੀਂ ਅਜੇ ਵੀ ਇੱਕ-ਦੂਜੇ ਦੇ ਸੰਪਰਕ ਵਿੱਚ ਹਾਂ।
ਉਹ ਹੀ ਸਿਰਫ਼ ਇਕੱਲਾ ਨਹੀਂ ਸੀ। ਫਿਰ ਮੈਂ ਇੱਕ ਮਰਦ ਦੀ ਪ੍ਰੋਫਾਈਲ ਦੇਖੀ ਜਿਸ ਨੇ ਕਈ ਸੈਲੀਬ੍ਰਿਟਿਜ਼ ਨਾਲ ਫੋਟੋਆਂ ਅਪਲੋਡ ਕੀਤੀਆਂ ਹੋਈਆਂ ਸਨ।
ਮੈਨੂੰ ਲੱਗਿਆ ਕਿ ਉਸ ਦੀ ਜ਼ਿੰਦਗੀ ਬਾਰੇ ਜਾਣਨਾ ਮਜ਼ੇਦਾਰ ਹੋਵੇਗਾ ਤਾਂ ਮੈਂ ਉਸ ਨੂੰ ਫ੍ਰੈਂਡ ਰਿਕੁਐਸਟ ਭੇਜ ਦਿੱਤੀ। ਉਸ ਨੇ ਵੀ ਕਬੂਲ ਕਰ ਲਈ।
ਹੁਣ ਜ਼ਿੰਦਗੀ ਮਜ਼ੇਦਾਰ ਲੱਗ ਰਹੀ ਸੀ ਅਤੇ ਫਿਰ ਮੈਂ ਗਰਭਵਤੀ ਹੋ ਗਈ।
ਮੇਰੀ ਧੀ ਨੇ ਮੇਰੀ ਪੂਰੀ ਜ਼ਿੰਦਗੀ ਬਦਲ ਦਿੱਤੀ। ਮੇਰੇ ਕੋਲ ਸਮਾਂ ਹੀ ਨਹੀਂ ਸੀ।
ਉਹ ਹੁਣ ਤਿੰਨ ਸਾਲ ਦੀ ਹੈ ਪਰ ਕਿਸੇ ਤਰ੍ਹਾਂ ਦੀ ਨਿੱਜਤਾ ਅਸੰਭਵ ਹੈ।
ਕਈ ਵਾਰੀ ਹੁੰਦਾ ਹੈ ਕਿ ਮੇਰਾ ਕਿਸੇ ਨਾਲ ਗੱਲ ਕਰਨ ਦਾ ਮਨ ਕਰਦਾ ਹੈ ਪਰ ਜੋਂ ਵੀ ਮੈਂ ਆਪਣਾ ਫੋਨ ਫੜ੍ਹਦੀ ਹਾਂ ਤਾਂ ਉਹ ਭੱਜੀ ਆਉਂਦੀ ਹੈ ਤੇ ਉਸ ਤੇ ਕਾਰਟੂਨ ਵੀਡੀਓਜ਼ ਦੇਖਣ ਦੀ ਜ਼ਿੱਦ ਕਰਦੀ ਹੈ।
ਕਈ ਵਾਰੀ ਇਹ ਕਾਫ਼ੀ ਨਿਰਾਸ਼ਾ ਵਾਲਾ ਹੁੰਦਾ ਹੈ। ਮੈਂ ਸੋਚਦੀ ਹਾਂ ਕਿ ਮੈਂ ਕਦੇ ਮੁੜ ਤੋਂ ਉਹ ਔਰਤ ਬਣ ਸਕਾਂਗੀ ਜਾਂ ਨਹੀਂ।
ਜਾਂ ਫਿਰ ਕਿਸੇ ਦੀ ਪਤਨੀ ਤੇ ਮਾਂ ਹੋਣਾ ਹੀ ਮੇਰੀ ਜ਼ਿੰਦਗੀ ਹੋਏਗਾ?
ਇਸ ਕਰਕੇ ਮੈਂ ਇਹ ਆਪਣੀ ਧੀ ਨਾਲ ਨਹੀਂ ਹੋਣ ਦੇਵਾਂਗੀ।
ਮੈਂ ਉਸ ਨੂੰ ਇੱਕ ਆਜ਼ਾਦ ਇਨਸਾਨ ਬਣਨ ਦੇਵਾਂਗੀ ਤਾਕਿ ਉਹ ਆਪਣੀ ਜ਼ਿੰਦਗੀ ਦੇ ਫੈਸਲਿਆਂ ਦੀ ਚੋਣ ਖੁਦ ਕਰ ਸਕੇ।
(ਇਹ ਉੱਤਰ-ਪੂਰਬੀ ਭਾਰਤ ਦੀ ਔਰਤ ਦੀ ਸੱਚੀ ਕਹਾਣੀ ਹੈ।ਜੋ ਕਿ ਬੀਬੀਸੀ ਪੱਤਰਕਾਰ ਪ੍ਰਗਿਆ ਮਾਨਵ ਨਾਲ ਸਾਂਝੀ ਕੀਤੀ ਗਈ ਹੈ।ਔਰਤ ਦੀ ਪਛਾਣ ਗੁਪਤ ਰੱਖੀ ਗਈ ਹੈ)












