U-19 ਵਿਸ਼ਵ ਕੱਪ:ਆਸਟ੍ਰੇਲੀਆ ਕ੍ਰਿਕਟ ਟੀਮ ਦੀ ਕਪਤਾਨੀ ਕਰ ਰਿਹਾ 'ਪੰਜਾਬੀ' ਮੁੰਡਾ

ਤਸਵੀਰ ਸਰੋਤ, Cricket Australia
- ਲੇਖਕ, ਅਮਰਿੰਦਰ ਗਿੱਦਾ
- ਰੋਲ, ਮੈਲਬੌਰਨ ਤੋਂ ਬੀਬੀਸੀ ਪੰਜਾਬੀ ਲਈ
ਆਸਟ੍ਰੇਲੀਆ ਦੀ ਅੰਡਰ-19 ਕ੍ਰਿਕਟ ਟੀਮ ਦੀ ਕਪਤਾਨੀ ਕਰ ਰਹੇ ਪਹਿਲੇ ਭਾਰਤੀ ਮੂਲ ਦੇ ਖਿਡਾਰੀ ਜੇਸਨ ਜਸਕੀਰਤ ਸਿੰਘ ਸੰਘਾ ਨੇ ਬੀਬੀਸੀ ਨਾਲ ਖ਼ਾਸ ਗੱਲਬਾਤ ਵਿੱਚ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਜੇਸਨ ਦਾ ਪਿਛੋਕੜ ਪੰਜਾਬ ਨਾਲ ਹੈ।
ਆਈਸੀਸੀ ਯੂਥ ਵਰਲਡ ਕੱਪ ਟੂਰਨਾਮੈਂਟ ਦਾ ਅੱਜ ਨਿਊਜ਼ੀਲੈਂਡ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਫ਼ਾਇਨਲ ਮੈਚ ਚੱਲ ਰਿਹਾ ਹੈ।
ਕ੍ਰਿਕੇਟ ਦੇ ਸਫ਼ਰ ਦੀ ਸ਼ੁਰੂਆਤ
ਜੇਸਨ ਨੇ ਕਿਹਾ, ''ਜਦੋਂ ਮੈਂ ਐਡਮ ਗਿਲਕ੍ਰਿਸਟ ਨੂੰ ਬੱਲੇਬਾਜ਼ੀ ਕਰਦਿਆਂ ਦੇਖਿਆਂ ਤਾਂ ਮੈਂ ਉਸਦੇ ਕੁਝ ਮਹੀਨੇ ਬਾਅਦ ਹੀ ਕ੍ਰਿਕੇਟ ਕਿੱਟ ਖਰੀਦ ਲਈ ਅਤੇ ਟੈਨਿਸ ਵਾਲੀ ਗੇਂਦ ਦੇ ਨਾਲ ਆਪਣੇ ਘਰ ਹੀ ਖੇਡਣਾ ਸ਼ੁਰੂ ਕਰ ਦਿੱਤਾ ਅਤੇ ਕੰਧਾਂ 'ਤੇ ਵਿਕਟਾਂ ਬਣਾ ਕੇ ਗੇਂਦਬਾਜ਼ੀ ਵੀ ਕੀਤੀ।
ਜੇਸਨ ਦੇ ਘਰ ਵਿੱਚ ਵੀ ਖੇਡਣ ਪ੍ਰਤੀ ਕਾਫ਼ੀ ਰੁਝਾਨ ਹੈ। ਜੇਸਨ ਦੇ ਮਾਤਾ-ਪਿਤਾ ਅਥਲੀਟ ਰਹੇ ਹਨ ਅਤੇ ਜੇਸਨ ਵੀ ਉਨ੍ਹਾਂ ਦੇ ਹੀ ਨਕਸ਼ੇ ਕਦਮਾਂ 'ਤੇ ਚਲਣਾ ਚਾਹੁੰਦਾ ਸੀ।
ਜੇਸਨ ਨੇ ਦੱਸਿਆ, ''ਕ੍ਰਿਕੇਟ ਦਾ ਪਰਿਵਾਰ ਨਾਲ ਸਬੰਧ ਉਨ੍ਹਾਂ ਦੇ ਚਚੇਰੇ ਭਰਾ ਤੋਂ ਸ਼ੁਰੂ ਹੋਇਆ ਅਤੇ ਉਨਾਂ ਨੇ ਵੀ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲਜ਼ ਲਈ 16 ਅਤੇ 19 ਸਾਲ ਦੇ ਉਮਰ ਵਰਗ 'ਚ ਕ੍ਰਿਕੇਟ ਖੇਡੀ ਹੈ।''

ਤਸਵੀਰ ਸਰੋਤ, Getty Images
ਜੇਸਨ ਨੇ ਕਿਹਾ ਕਿ ਮੈਨੂੰ ਉਨ੍ਹਾਂ ਤੋਂ ਵੀ ਕਾਫੀ ਪ੍ਰੇਰਣਾ ਮਿਲੀ। ਉਨਾਂ ਦੱਸਿਆ ਕਿ ਜਦੋਂ ਉਨ੍ਹਾਂ ਦਾ ਚਚੇਰਾ ਭਰਾ ਆਸਟ੍ਰੇਲੀਆ ਦੇ ਕਿਸੇ ਦੂਸਰੇ ਹਿੱਸੇ 'ਚ ਖੇਡਣ ਜਾਂਦਾ ਸੀ ਤਾਂ ਉਹ ਵੀ ਇਸੇ ਤਰ੍ਹਾਂ ਕ੍ਰਿਕੇਟ ਖੇਡਣ ਦੇ ਸੁਪਨੇ ਦੇਖਦਾ ਸੀ|
ਸ਼ੁਰੂਆਤੀ ਦਿਨਾਂ 'ਚ ਜੇਸਨ ਨੇ ਕਦੇ ਵੀ ਕ੍ਰਿਕੇਟ ਨੂੰ ਮੁੱਖ ਖੇਡ ਵਜੋਂ ਨਹੀਂ ਚੁਣਿਆ। ਬੜੀ ਬੇਬਾਕੀ ਨਾਲ ਜੇਸਨ ਦੱਸਦੇ ਹਨ ਕਿ ਉਹਾਂ ਨੂੰ ਨਹੀਂ ਪਤਾ ਸੀ ਕਿ ਕ੍ਰਿਕੇਟ ਕਿੱਥੇ ਖੇਡੀ ਜਾਂਦੀ ਹੈ।
ਕ੍ਰਿਕੇਟ ਵੱਲ ਪੂਰੀ ਤਰਾਂ ਧਿਆਨ ਲਾਉਣ ਦਾ ਸਿਹਰਾ ਉਹ ਆਪਣੀ ਮਾਂ ਦੇ ਸਿਰ ਬੰਨਦੇ ਹਨ। ਜੇਸਨ ਕਹਿੰਦੇ ਹਨ ਕਿ ਮੇਰੀ ਮਾਂ ਨੇ ਹੀ ਮੇਰੇ ਲਈ ਕ੍ਰਿਕੇਟ ਕਲੱਬ ਲੱਭਿਆ ਜਿਸ ਤੋਂ ਬਾਅਦ ਮੈਂ ਸਕੂਲ ਵੀ ਕ੍ਰਿਕੇਟ ਖੇਡਣੀ ਸ਼ੁਰੂ ਕਰ ਦਿੱਤੀ।
ਜੇਸਨ ਨੇ ਦੱਸਿਆ ਕਿ ਉਸਨੂੰ ਵਿਅਕਤੀਗਤ ਖੇਡਾਂ ਦੇ ਮੁਕਾਬਲੇ ਟੀਮ ਵਾਲੀਆਂ ਖੇਡਾਂ ਜ਼ਿਆਦਾ ਪਸੰਦ ਸਨ, ਜਿਸ ਕਾਰਨ ਕ੍ਰਿਕੇਟ ਨੂੰ ਚੁਣਨ ਵਿੱਚ ਜ਼ਿਆਦਾ ਅਸਾਨੀ ਹੋਈ।
ਕ੍ਰਿਕੇਟ ਨਾਲ ਪੱਕੀ ਸਾਂਝ
ਜਦੋਂ ਜੇਸਨ 12 ਸਾਲ ਦਾ ਸੀ ਤਾਂ ਉਸ ਵੇਲੇ ਜੇਸਨ ਦੇ ਚਚੇਰੇ ਭਰਾ ਨੇ ਆਪਣੀ ਗੇਂਦਬਾਜ਼ੀ ਵਿੱਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਤੋਂ ਜੇਸਨ ਕਾਫੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਕ੍ਰਿਕੇਟ ਜਗਤ 'ਚ ਕੁਝ ਵੱਡਾ ਕਰਨ ਦਾ ਮਨ ਬਣਾਇਆ।

ਤਸਵੀਰ ਸਰੋਤ, Getty Images
ਆਸਟ੍ਰੇਲੀਆ ਵਲੋਂ ਅੰਡਰ-19 ਟੀਮ 'ਚ ਜੇਸਨ ਨੇ ਪਾਕਿਸਤਾਨ ਦੀ ਟੀਮ ਖ਼ਿਲਾਫ਼ ਸੈਂਕੜਾ ਬਣਾਇਆ ਸੀ। ਜੇਸਨ ਅਨੁਸਾਰ ਇਸ ਪਾਰੀ ਤੋਂ ਬਾਅਦ ਉਨ੍ਹਾਂ ਦੇ ਮਨੋਬਲ 'ਚ ਕਾਫੀ ਵਾਧਾ ਹੋਇਆ।
ਆਪਣੇ ਸ਼ੌਟ ਖੇਡਣ ਦੀ ਸਮਰੱਥਾ ਬਾਰੇ ਦੱਸਦਿਆਂ ਜੇਸਨ ਨੇ ਕਿਹਾ ਉਸ ਅੰਦਰ ਗੁੱਟ ਦੀ ਵਰਤੋਂ ਕਰਕੇ ਖੇਡਣ ਦੀ ਕਾਫੀ ਚੰਗੀ ਸਮਰੱਥਾ ਹੈ।
ਸ਼ੁਰੂਆਤੀ ਦਿਨਾਂ 'ਚ ਜਦੋਂ ਉਹ ਮੈਦਾਨ ਦੇ ਹਰ ਪਾਸੇ ਸ਼ੌਟ ਲਗਾਉਂਦੇ ਸੀ ਤਾਂ ਉਸ ਨਾਲ ਉਨ੍ਹਾਂ ਦੀ ਕ੍ਰਿਕੇਟ ਪ੍ਰਤੀ ਸਾਂਝ ਹੋਰ ਪੱਕੀ ਹੋਈ।
'ਕ੍ਰਿਕੇਟ ਚੁਣ ਕੇ ਗ਼ਲਤੀ ਤਾਂ ਨਹੀਂ ਕੀਤੀ'
ਸ਼ੁਰੂਆਤੀ ਦਿਨਾਂ 'ਚ ਕ੍ਰਿਕੇਟ ਨੂੰ ਸਮਝਣ ਅਤੇ ਸਿੱਖਣ ਵਾਲੇ ਦੌਰ ਵਿੱਚ ਸਾਲ 2010-11 ਦੌਰਾਨ ਜਦੋਂ ਕਦੇ ਜੇਸਨ ਨੂੰ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ ਸੀ ਤਾਂ ਜੇਸਨ ਨੂੰ ਲੱਗਦਾ ਸੀ ਕਿ ਸ਼ਾਇਦ ਉਨ੍ਹਾਂ ਨੇ ਕ੍ਰਿਕੇਟ ਨੂੰ ਚੁਣ ਕੇ ਗ਼ਲਤੀ ਕਰ ਲਈ ਹੈ।

ਤਸਵੀਰ ਸਰੋਤ, Getty Images
ਇਸ ਸਮੇਂ ਦੌਰਾਨ ਜੇਸਨ ਦੀ ਰਿਹਾਇਸ਼ 'ਚ ਤਬਦੀਲੀ ਆਈ ਅਤੇ ਉਹ ਸਿਡਨੀ ਤੋਂ ਨਿਊ ਕਾਸਲ ਚਲੇ ਗਏ ਜਿੱਥੇ ਉਨਾਂ ਨੂੰ ਚੰਗੇ ਮੌਕੇ ਨਾ ਮਿਲੇ।
ਉਨਾਂ ਨੇ ਦੱਸਿਆ ਕਿ ਉਹ ਨਾ ਤਾਂ ਬਹੁਤੀ ਬੱਲੇਬਾਜ਼ੀ ਕਰ ਸਕੇ ਅਤੇ ਨਾ ਹੀ ਜ਼ਿਆਦਾ ਗੇਂਦਬਾਜ਼ੀ। ਇਸ ਮੌਕੇ ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਕ੍ਰਿਕੇਟ ਉਨ੍ਹਾਂ ਲਈ ਨਹੀਂ।
ਪਰਵਾਸੀ ਭਾਈਚਾਰੇ ਤੋਂ ਹੋਣ ਕਾਰਨ ਸਾਹਮਣੇ ਆਈਆਂ ਮੁਸ਼ਕਿਲਾਂ ਬਾਰੇ ਪੁੱਛੇ ਗਏ ਸਵਾਲ 'ਤੇ ਜੇਸਨ ਨੇ ਕਿਹਾ ਕਿ ਬਚਪਨ ਵਿੱਚ ਤੁਸੀਂ ਅਜਿਹੀ ਸੋਚ ਰੱਖਦੇ ਹੋ।
ਖ਼ਾਸ ਕਰਕੇ ਉਸ ਵੇਲੇ ਜਦੋਂ ਇੱਕ ਮੈਚ ਵਿੱਚ ਤੁਹਾਨੂੰ ਓਪਨਰ ਵਜੋਂ ਖਿਡਾਇਆ ਜਾਂਦਾ ਹੈ ਅਤੇ ਅਗਲੇ ਮੈਚ 'ਚ 11ਵੇਂ ਨੰਬਰ 'ਤੇ ਪਰ ਆਸਟ੍ਰੇਲੀਆ ਅਜਿਹਾ ਨਹੀਂ ਅਤੇ ਮੇਰਾ ਕਰੀਅਰ ਇਸਦੀ ਮਿਸਾਲ ਹੈ।
ਬਦਲਾਅ, ਮੁਸ਼ਕਲਾਂ ਅਤੇ ਮਾਨਸਿਕ ਦਬਾਅ
ਜੇਸਨ ਦੱਸਦੇ ਹਨ, ''ਉਹ ਇਸ ਸਮੇਂ ਨਿਊ ਸਾਉਥ ਵੇਲਜ਼ ਕਲੱਬ ਨਾਲ ਜੁੜੇ ਹੋਏ ਹਨ। ਇਹ ਉਨ੍ਹਾਂ ਦਾ ਲਗਾਤਾਰ ਦੂਜਾ ਸਾਲ ਹੈ ਅਤੇ ਹੁਣ ਉਹ ਕਾਫ਼ੀ ਸਥਿਰ ਹੈ ਪਰ ਪਹਿਲੇ ਸਾਲ ਵਿੱਚ ਮਾਨਸਿਕ ਦਬਾਅ ਨੂੰ ਕਾਬੂ 'ਚ ਰੱਖਣਾ ਕੋਈ ਸੌਖੀ ਗੱਲ ਨਹੀਂ ਸੀ।''

ਤਸਵੀਰ ਸਰੋਤ, Getty Images
ਜੇਸਨ ਉਸ ਵੇਲੇ 17 ਸਾਲਾਂ ਦੇ ਸੀ ਅਤੇ ਮੈਦਾਨ 'ਚ ਸੀਨੀਅਰ ਖਿਡਾਰੀਆਂ ਨਾਲ ਖੇਡਦਿਆਂ ਮਾਨਸਿਕ ਦਬਾਅ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸੰਭਾਲਿਆ।
ਜੇਸਨ ਨੇ ਕਿਹਾ ਕਿ ਉਨਾਂ ਨੇ ਸੋਚ ਲਿਆ ਸੀ ਹੁਣ ਉਹ ਇੱਕ ਪੇਸ਼ੇਵਰ ਕ੍ਰਿਕੇਟਰ ਹਨ ਅਤੇ ਮਾਨਸਿਕ ਦਬਾਅ ਇੱਕ ਪੇਸ਼ੇਵਰ ਕ੍ਰਿਕੇਟਰ ਦੀ ਜ਼ਿੰਦਗੀ ਦਾ ਹਿੱਸਾ ਹੈ, ਕਿਓਂਕਿ ਸਾਡੇ 'ਤੇ ਹਰ ਸਮੇਂ ਬੇਹਤਰ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਹ ਕਾਫ਼ੀ ਚੁਣੌਤੀਪੂਰਨ ਵੀ ਸੀ ਅਤੇ ਉਤਸ਼ਾਹ ਭਰਭੂਰ ਵੀ।
ਅੰਡਰ-19 ਕ੍ਰਿਕੇਟ ਵਿਸ਼ਵ ਕੱਪ ਬਾਰੇ ਬੋਲਦਿਆਂ ਜੇਸਨ ਨੇ ਕਿਹਾ ਕਿ ਸਾਡੀ ਪੂਰੀ ਟੀਮ ਨੇ ਕਾਫ਼ੀ ਵਧੀਆ ਤਿਆਰੀ ਕੀਤੀ ਹੈ।
ਕਪਤਾਨੀ ਦੀ ਸ਼ੈਲੀ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਜੇਸਨ ਨੇ ਕਿਹਾ ਕਿ ਉਹ "ਕੈਪਟਨ ਕੂਲ" ਕਹੇ ਜਾਂਦੇ ਐੱਮ ਐੱਸ ਧੋਨੀ ਦੀ ਕਪਤਾਨੀ ਤੋਂ ਕਾਫੀ ਪ੍ਰਭਾਵਿਤ ਹਨ ਅਤੇ ਉਹ ਵੀ ਗ੍ਰਾਊਂਡ 'ਤੇ ਕੋਈ ਜ਼ਿਆਦਾ ਹਮਲਾਵਰ ਰੁਖ਼ ਨਹੀਂ ਅਪਣਾਉਂਦੇ।

ਤਸਵੀਰ ਸਰੋਤ, Twitter/@CricketAus
ਉਨ੍ਹਾਂ ਕਿਹਾ ਕਿ ਮੇਰੇ ਲਈ ਵੱਡੀ ਜ਼ਿੰਮੇਵਾਰੀ ਰਹੇਗੀ। ਮੈਂ ਟੀਮ ਦੀ ਜਿੱਤ ਲਈ ਸਹੀ ਫ਼ੈਸਲੇ ਲੈ ਸਕਾਂ। ਜੇਸਨ ਦੇ ਮਨਪਸੰਦ ਬੱਲੇਬਾਜਾਂ 'ਚ ਸਟੀਵ ਸਮਿਥ ਅਤੇ ਵਿਰਾਟ ਕੋਹਲੀ ਹਨ ਅਤੇ ਇਹ ਦੋਵੇਂ ਵੀ ਆਪਣੇ-ਆਪਣੇ ਦੇਸਾਂ ਲਈ ਅੰਡਰ-19 ਟੀਮਾਂ ਦੀ ਕਪਤਾਨੀ ਕਰ ਚੁੱਕੇ ਹਨ।
ਜੇਸਨ ਦੀ ਖੇਡ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਭਵਿੱਖ 'ਚ ਕ੍ਰਿਕੇਟ ਜਗਤ ਨੂੰ ਇੱਕ ਹੋਰ ਵਿਸ਼ਵ ਪੱਧਰੀ ਬੱਲੇਬਾਜ਼ ਕਪਤਾਨ ਮਿਲ ਸਕਦਾ ਹੈ।
ਜੇਸਨ ਬਾਰੇ ਕੁਝ ਖ਼ਾਸ ਗੱਲਾਂ:
- ਮਨਪਸੰਦ ਸ਼ਾਟ: ਰੱਖਿਆਤਮਕ ਸ਼ਾਟ
- ਮਨਪਸੰਦ ਫ਼ੀਲਡਿੰਗ ਸਥਾਨ: ਸਲਿੱਪ, ਕਵਰ ਪੁਆਇੰਟ
- ਯਾਦਗਾਰ ਪਲ: ਇੰਗਲੈਂਡ ਖਿਲਾਫ਼ ਸੈਂਕੜਾ
- ਨਾ ਭੁਲਾਉਣ ਵਾਲਾ ਪਲ: ਪਹਿਲੀ ਗੇਂਦ 'ਤੇ ਆਊਟ ਹੋਣਾ
- ਮਨਪਸੰਦ ਆਸਟ੍ਰੇਲੀਅਨ ਬੱਲੇਬਾਜ਼: ਸਟੀਵ ਸਮਿਥ
- ਮਨਪਸੰਦ ਆਸਟ੍ਰੇਲੀਅਨ ਤੇਜ਼ ਗੇਂਦਬਾਜ਼: ਮਿਚੇਲ ਸਟਾਰਕ
- ਮਨਪਸੰਦ ਆਸਟ੍ਰੇਲੀਅਨ ਸਪਿਨਰ: ਨੇਥਨ ਲਾਇਨ
- ਮਨਪਸੰਦ ਆਸਟ੍ਰੇਲੀਅਨ ਫੀਲਡਰ: ਗਲੇਨ ਮੈਕਸਵੈੱਲ
- ਪਸੰਦੀਦਾ ਆਸਟ੍ਰੇਲੀਅਨ ਖੇਡ ਮੈਦਾਨ: ਸਿਡਨੀ ਕ੍ਰਿਕੇਟ ਗਰਾਉਂਡ
- ਪਸੰਦੀਦਾ ਅੰਤਰਰਾਸ਼ਟਰੀ ਬੱਲੇਬਾਜ਼: ਵਿਰਾਟ ਕੋਹਲੀ
- ਪਸੰਦੀਦਾ ਅੰਤਰਰਾਸ਼ਟਰੀ ਤੇਜ਼ ਗੇਂਦਬਾਜ: ਡੇਲ ਸਟੇਨ
- ਪਸੰਦੀਦਾ ਅੰਤਰਰਾਸ਼ਟਰੀ ਸਪਿਨਰ: ਆਰ ਅਸ਼ਵਿਨ
- ਪਸੰਦੀਦਾ ਅੰਤਰਰਾਸ਼ਟਰੀ ਫੀਲਡਰ: ਏ ਬੀ ਡੈਵਿਲੀਅਰਜ
- ਪਸੰਦੀਦਾ ਅੰਤਰਰਾਸ਼ਟਰੀ ਖੇਡ ਮੈਦਾਨ: ਲਾਰਡਸ, ਇੰਗਲੈਂਡ
ਪੰਜਾਬ ਦੇ ਬਠਿੰਡਾ ਤੋਂ ਸਬੰਧ
- ਜੇਸਨ ਜਸਕੀਰਤ ਸਿੰਘ ਸੰਘਾ ਦੇ ਪਰਿਵਾਰ ਦਾ ਰਿਸ਼ਤਾ ਪੰਜਾਬ ਨਾਲ ਹੈ।
- ਪਿਤਾ ਕੁਲਦੀਪ ਸੰਘਾ ਪੰਜਾਬ ਦੇ ਬਠਿੰਡਾ ਜਿਲ੍ਹੇ ਤੋਂ ਹਨ।
- ਸੂਬਾ ਪੱਧਰ ਦੇ ਅਥਲੀਟ ਕੁਲਦੀਪ 1980ਵਿਆਂ 'ਚ ਪੜ੍ਹਾਈ ਲਈ ਆਸਟ੍ਰੇਲੀਆ ਚਲੇ ਗਏ ਤੇ ਉੱਥੇ ਹੀ ਵਸ ਗਏ।
- ਜੇਸਨ ਸੰਘਾ ਦੀ ਮਾਤਾ ਨਾਮ ਸਿਲਵਿਆ ਹੈ। ਜੇਸਨ ਸੰਘਾ ਸੱਜੇ ਹੱਥ ਦਾ ਬੱਲੇਬਾਜ਼ ਹੈ।
- ਜੇਸਨ ਦਾ ਜਨਮ 8 ਸਤੰਬਰ 1999 ਨੂੰ ਆਸਟ੍ਰੇਲੀਆ ਦੇ ਰੈਂਡਵਿਕ 'ਚ ਹੋਇਆ।
- ਉਨ੍ਹਾਂ ਦਾ ਪਰਿਵਾਰ ਆਸਟ੍ਰੇਲੀਆ ਦੇ ਨਿਊ ਕਾਸਲ ਦਾ ਨਿਵਾਸੀ ਹੈ।












