ਪੰਜਾਬ ਦੇ ਮੁਕਤਸਰ ਸਾਹਿਬ ਵਿੱਚ 'ਹੌਲਨਾਕ' Facebook Live

ਤਸਵੀਰ ਸਰੋਤ, Getty Images
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿੱਚ ਫੇਸਬੁੱਕ ਲਾਈਵ ਦੀ ਹੌਲਨਾਕ ਤਸਵੀਰ ਦੇਖੀ ਗਈ।
ਸਥਾਨਕ ਪੁਲਿਸ ਮੁਤਾਬਕ ਜ਼ਿਲ੍ਹੇ ਦੇ ਪਿੰਡ ਭੁੱਟੀਵਾਲਾ ਦੇ ਵਸਨੀਕ ਗੁਰਤੇਜ ਸਿੰਘ ਨੇ ਆਪਣੀ ਖੁਦਕਸ਼ੀ ਕਰਨ ਦੀ ਕੋਸ਼ਿਸ਼ ਦਾ ਫੇਸਬੁੱਕ ਲਾਈਵ ਕੀਤਾ।
ਖ਼ੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਉਸਨੇ ਪੰਜ ਮਿੰਟ ਦੇ ਲਾਈਵ ਵੀਡੀਓ ਵਿੱਚ ਦੱਸਿਆ ਕਿ ਉਨ੍ਹਾਂ ਦਾ ਆਪਣੇ ਸ਼ਰੀਕੇ ਨਾਲ ਜ਼ਮੀਨ ਦਾ ਝਗੜਾ ਹੈ।
ਗੁਰਤੇਜ ਦਾ ਦਾਅਵਾ ਸੀ ਕਿ ਇਸ ਝਗੜੇ ਵਿੱਚ ਉਸ ਦੇ ਪਰਿਵਾਰ ਨਾਲ ਧੱਕਾ ਹੋ ਰਿਹਾ ਹੈ ਤੇ ਇਨਸਾਫ਼ ਨਹੀਂ ਮਿਲ ਰਿਹਾ।
ਅਦਾਲਤ 'ਤੇ ਭਰੋਸਾ ਪ੍ਰਗਟ ਕਰਦਿਆਂ ਗੁਰਤੇਜ ਨੇ ਖ਼ੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਨਿਆਂ ਦੇਣ ਦੀ ਅਪੀਲ ਵੀ ਕੀਤੀ।
ਇਸ ਘਟਨਾ ਦੀ ਪੁਸ਼ਟੀ ਥਾਣਾ ਕੋਟਭਾਈ ਦੇ ਥਾਣੇਦਾਰ ਕ੍ਰਿਸ਼ਨ ਕੁਮਾਰ ਨੇ ਬੀਬੀਸੀ ਨਾਲ ਫ਼ੋਨ 'ਤੇ ਗੱਲਬਾਤ ਦੌਰਾਨ ਕੀਤੀ ਹੈ।
ਪੁਲਿਸ ਮੁਤਾਬਕ, ''35 ਸਾਲਾ ਗੁਰਤੇਜ ਸਿੰਘ ਖੁਦਕਸ਼ੀ ਦੀ ਕੋਸ਼ਿਸ਼ ਦੌਰਾਨ ਗੰਭੀਰ ਜ਼ਖਮੀ ਹੋਇਆ ਹੈ। ਉਸਨੂੰ ਇੱਕ ਸਥਾਨਕ ਨਰਸਿੰਗ ਹੋਮ ਵਿੱਚ ਦਾਖਲ ਕਰਵਾਇਆ ਗਿਆ ਹੈ।''
ਪੁਲਿਸ ਦਾ ਕਹਿਣਾ ਹੈ ਕਿ ਇਸ ਨੌਜਵਾਨ ਨੇ ਆਪਣੇ ਲਾਈਸੰਸੀ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰੀ।
ਇਸ ਘਟਨਾ ਦਾ ਲਾਈਵ ਹੋਣ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ।












