ਪੰਜਾਬੀ ਹਾਕੀ ਖਿਡਾਰੀ ਹਰੀਪਾਲ ਕੌਸ਼ਿਕ ਕਹਿੰਦਾ ਸੀ ‘ਹਾਰ ਕੇ ਨਹੀਂ ਜਾਣਾ’

ਤਸਵੀਰ ਸਰੋਤ, Harbinder singh/BBC
- ਲੇਖਕ, ਪ੍ਰਿਅੰਕਾ ਧੀਮਾਨ
- ਰੋਲ, ਬੀਬੀਸੀ ਪੱਤਰਕਾਰ
ਉਹ ਦੌਰ ਜਦੋਂ ਹਿੰਦੂਸਤਾਨ ਦੀ ਹਾਕੀ ਟੀਮ ਵਿੱਚ ਸ਼ਾਮਲ ਹੋਣਾ ਬਹੁਤ ਮੁਸ਼ਕਿਲ ਹੁੰਦਾ ਸੀ ਉਸ ਸਮੇਂ ਮਰਹੂਮ ਲੈਫਟੀਨੈਂਟ ਕਰਨਲ ਹਰੀਪਾਲ ਕੌਸ਼ਿਕ ਨੇ ਦੇਸ ਦੀ ਝੋਲੀ ਤਿੰਨ ਓਲਪਿੰਕ ਮੈਡਲ ਪਾਏ ਸੀ।
1956 (ਮੈਲਬੋਰਨ) ਵਿੱਚ ਉਨ੍ਹਾਂ ਨੇ ਗੋਲਡ ਮੈਡਲ, 1960 (ਰੋਮ) ਵਿੱਚ ਸਿਲਵਰ ਮੈਡਲ ਤੇ 1964 (ਟੋਕਿਓ) ਵਿੱਚ ਮੁੜ ਗੋਲਡ ਮੈਡਲ ਮੁਲਕ ਨੂੰ ਦੁਆਉਣ 'ਚ ਅਹਿਮ ਭੂਮਿਕਾ ਨਿਭਾਈ ਸੀ।
1964 ਦਾ ਮੈਚ ਉਨ੍ਹਾਂ ਨੇ ਪਾਕਿਸਤਾਨ ਦੇ ਖ਼ਿਲਾਫ਼ ਜਿੱਤਿਆ ਸੀ। ਉਹ ਭਾਰਤੀ ਹਾਕੀ ਟੀਮ ਦੇ ਉਪ ਕਪਤਾਨ ਵੀ ਰਹਿ ਚੁੱਕੇ ਸਨ।
2015 ਤੋਂ ਹਰੀਪਾਲ ਕੌਸ਼ਿਕ ਦਿਮਾਗੀ ਬਿਮਾਰੀ ਤੋਂ ਜੂਝ ਰਹੇ ਸਨ। 25 ਜਨਵਰੀ ਨੂੰ ਜਲੰਧਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਹਰੀਪਾਲ ਕੌਸ਼ਿਕ ਬਾਰੇ ਬੀਬੀਸੀ ਨੇ ਉਨ੍ਹਾਂ ਦੇ ਕਰੀਬੀ ਸਾਥੀ ਅਤੇ ਉਨ੍ਹਾਂ ਨਾਲ 1964 ਦਾ ਓਲਪਿੰਕ ਖੇਡ ਚੁੱਕੇ ਸਾਬਕਾ ਹਾਕੀ ਖਿਡਾਰੀ ਹਰਬਿੰਦਰ ਸਿੰਘ ਨਾਲ ਗੱਲਬਾਤ ਕੀਤੀ।
ਸੈਂਟਰ ਫਾਰਵਰਡ ਖੇਡਦੇ ਸੀ
ਹਰਬਿੰਦਰ ਸਿੰਘ ਦੱਸਦੇ ਹਨ, ''ਹਰੀਪਾਲ ਕੌਸ਼ਿਕ ਬਹੁਤ ਹੀ ਸੂਝ ਬੂਝ ਦੇ ਖਿਡਾਰੀ ਸਨ ਤੇ ਸੈਂਟਰ ਫਾਰਵਰਡ ਖੇਡਦੇ ਸੀ। ਉਹ ਆਰਮੀ ਵੱਲੋਂ ਖੇਡਦੇ ਸੀ।''
''ਉਨ੍ਹਾਂ ਦੀ ਖਾਸੀਅਤ ਇਹ ਸੀ ਕਿ ਉਨ੍ਹਾਂ ਦੇ ਬੌਡੀ ਡੌਜ ਐਨੇ ਚੰਗੇ ਸੀ ਕਿ ਕਈ ਵਾਰ 2-2 ਇਕੱਠੇ ਖਿਡਾਰੀਆਂ ਨੂੰ ਵੀ ਚਕਮਾ ਦੇ ਦਿੰਦੇ ਸੀ। ਮੈਚ ਦੌਰਾਨ ਉਹ ਬਹੁਤ ਹੀ ਚੰਗੇ ਪਾਸ ਦਿੰਦੇ ਸੀ।''

ਤਸਵੀਰ ਸਰੋਤ, Harbinder singh/BBC
ਹਰੀਪਾਲ ਕੌਸ਼ਿਕ ਇੱਕ ਚੰਗੇ ਖਿਡਾਰੀ ਹੋਣ ਦੇ ਨਾਲ ਇੱਕ ਬਹੁਤ ਕਾਬਿਲ ਫੌਜੀ ਵੀ ਸੀ।
1962 ਵਿੱਚ ਚੀਨ ਨਾਲ ਹੋਈ ਲੜਾਈ ਲਈ ਉਨ੍ਹਾਂ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਹਰਬਿੰਦਰ ਸਿੰਘ ਦੱਸਦੇ ਹਨ, ''ਉਸ ਸਮੇਂ ਉਹ ਇਕੱਲੇ ਖਿਡਾਰੀ ਸੀ ਜੋ ਤਿੰਨ ਪੋਜ਼ੀਸ਼ਨ ਤੋਂ ਖੇਡਦੇ ਸੀ ਤੇ ਤਿੰਨੇ ਪਾਸਿਆਂ ਤੋਂ ਇੱਕੋ ਜਿਹਾ ਹੀ ਖੇਡਦੇ ਸੀ।''
''ਉਹ ਫਾਰਵਰਡ ਲਾਇਨ ਤੋਂ ਖੇਡਦੇ ਸੀ। ਲੈਫਟ ਇਨ ਤੇ ਰਾਇਟ ਇਨ। ਜੋ ਟੀਮ ਨੂੰ ਜਿਤਾਉਣ ਲਈ ਜ਼ਰੂਰੀ ਹੁੰਦਾ ਹੈ।''
ਹਰਬਿੰਦਰ ਕਹਿੰਦੇ ਹਨ, ''ਉਸ ਦੌਰ ਵਿੱਚ ਹਿੰਦੂਸਤਾਨ ਦੀ ਟੀਮ ਵਿੱਚ ਸ਼ਾਮਲ ਹੋਣਾ ਮੁਸ਼ਕਿਲ ਹੁੰਦਾ ਸੀ। ਖਿਡਾਰੀਆਂ ਦਾ ਮੁਕਾਬਲਾ ਬਹੁਤ ਤਗੜਾ ਹੁੰਦਾ ਸੀ। ਕਿਸੇ ਵੀ ਖਿਡਾਰੀ ਕੋਲੋਂ ਗ਼ਲਤੀ ਹੋਣਾ ਨੁਕਸਾਨਦਾਇਕ ਹੁੰਦਾ ਸੀ ਕਿਉਂਕਿ ਉਸਦੀ ਥਾਂ ਦੂਜੇ ਖਿਡਾਰੀ ਨੂੰ ਮੌਕਾ ਦੇ ਦਿੱਤਾ ਜਾਂਦਾ ਸੀ।''
''ਅਜਿਹੇ ਦੌਰ ਵਿੱਚ ਉਨ੍ਹਾਂ ਦਾ ਤਿੰਨ ਓਲਪਿੰਕਸ ਅਤੇ ਏਸ਼ੀਆ ਗੇਮਜ਼ ਖੇਡਣਾ ਅਤੇ ਮੈਡਲ ਜਿੱਤਣਾ ਆਪਣੇ ਆਪ ਵਿੱਚ ਮਿਸਾਲ ਕਾਇਮ ਕਰਦਾ ਹੈ।''
''1956 ਅਤੇ 1964 ਦੇ ਉਲਪਿੰਕ ਬਹੁਤ ਹੀ ਮਹੱਤਪੂਰਨ ਸਨ। ਇਨ੍ਹਾਂ ਦੋ ਗੋਲਡ ਮੈਡਲਸ ਵਿੱਚ ਉਨ੍ਹਾਂ ਦੀ ਵੱਡੀ ਭੂਮਿਕਾ ਹੈ।''
'ਪਾਕਿਸਤਾਨ ਤੋਂ ਹਾਰ ਦਾ ਬਦਲਾ ਲੈਣਾ ਸੀ'
ਹਰਬਿੰਦਰ ਸਿੰਘ ਕਹਿੰਦੇ ਹਨ, ''1964 ਦਾ ਟੋਕਿਓ ਓਲਪਿੰਕਸ ਬਹੁਤ ਯਾਦਗਾਰ ਰਿਹਾ। ਇਹ ਉਨ੍ਹਾਂ ਦਾ ਆਖ਼ਰੀ ਓਲਪਿੰਕਸ ਸੀ ਅਤੇ ਮੇਰਾ ਪਹਿਲਾ। ਇਹ ਮੈਚ ਇਸ ਲਈ ਯਾਦਗਾਰ ਸੀ ਕਿਉਂਕਿ 1960 ਦੇ ਰੋਮ ਓਲਪਿੰਕਸ ਵਿੱਚ ਭਾਰਤ ਪਾਕਿਸਤਾਨ ਤੋਂ ਹਾਰ ਗਿਆ ਸੀ ਅਤੇ ਇਹ ਜਿੱਤ ਸਾਡੇ ਲਈ ਬਹੁਤ ਜ਼ਰੂਰੀ ਸੀ। ਪਾਕਿਸਤਾਨ ਤੋਂ ਹਾਰ ਦਾ ਬਦਲਾ ਲੈਣਾ ਸੀ।''
''ਉਸ ਵੇਲੇ ਪਾਕਿਸਤਾਨ ਦੇ ਖਿਡਾਰੀਆਂ ਨਾਲ ਜ਼ਿਆਦਾ ਬੋਲ ਚਾਲ ਵੀ ਨਹੀਂ ਸੀ। ਹਰੀਪਾਲ ਕੌਸ਼ਿਕ ਨਾਲ ਮਿਲ ਕੇ ਇਹ ਮੈਚ ਬੜੀ ਸਮਝਦਾਰੀ ਨਾਲ ਖੇਡਿਆ ਗਿਆ। ਪਹਿਲਾਂ ਹੀ ਵਿਚਾਰ ਕਰ ਲਿਆ ਗਿਆ ਕਿ ਫਾਊਲ ਗੇਮ ਨਹੀਂ ਖੇਡਣੀ।''
''ਮੈਦਾਨ ਵਿੱਚ ਵਿਰੋਧੀਆਂ ਨੂੰ ਕਿਸ ਤਰ੍ਹਾਂ ਮਾਤ ਦੇਣੀ ਹੈ। ਬੜੇ ਹੀ ਆਤਮ-ਵਿਸ਼ਵਾਸ ਨਾਲ ਪਾਕਿਸਤਾਨ ਨਾਲ ਮੈਚ ਖੇਡਿਆ ਗਿਆ ਅਤੇ ਦਿਖਾਇਆ ਕਿ ਅਸੀਂ ਉਨ੍ਹਾਂ ਤੋਂ ਡਰਦੇ ਨਹੀਂ ਹਾਂ।''

ਤਸਵੀਰ ਸਰੋਤ, veronica kaushik/BBC
''ਬੁਲੰਦ ਹੌਂਸਲਿਆਂ ਨਾਲ ਪਾਕਿਸਤਾਨ ਖ਼ਿਲਾਫ਼ ਮੈਚ ਜਿੱਤ ਲਿਆ ਗਿਆ। ਮੈਚ ਐਨਾ ਸ਼ਾਨਦਾਰ ਸੀ ਕਿ ਖ਼ਤਮ ਹੋਣ ਤੋਂ ਬਾਅਦ ਲੋਕਾਂ ਨੇ ਕਿਹਾ ਜੇਕਰ ਹਾਕੀ ਦੀ ਕਲਾ ਦੇਖਣੀ ਹੈ ਤਾਂ ਭਾਰਤ ਪਾਕਿਸਤਾਨ ਦਾ ਇਹ ਮੈਚ ਦੇਖਿਆ ਜਾਵੇ।''
''ਅੱਜ ਉਸ ਮੈਚ ਨੂੰ ਸਭ ਤੋਂ ਸ਼ਾਨਦਾਰ ਮੈਚ ਦਾ ਦਰਜਾ ਦਿੱਤਾ ਗਿਆ ਹੈ।''
'ਖਿਡਾਰੀਆਂ ਨਾਲ ਤਜ਼ਰਬੇ ਸਾਂਝੇ ਕਰਦੇ ਸੀ'
ਉਹ ਅੱਗੇ ਦੱਸਦੇ ਹਨ, ''ਹਰੀਪਾਲ ਕੌਸ਼ਿਕ ਬਹੁਤ ਹੀ ਨਿਮਰ ਖਿਡਾਰੀ ਸੀ। ਮੈਦਾਨ ਵਿੱਚ ਕਦੇ ਵੀ ਸੀਨੀਅਰ ਜੂਨੀਅਰ ਦਾ ਫ਼ਰਕ ਨਹੀਂ ਕਰਦੇ ਸਨ।''
''ਜੂਨੀਅਰਸ ਤੋਂ ਗ਼ਲਤੀ ਹੋਣ 'ਤੇ ਉਹ ਹਮੇਸ਼ਾ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਸੀ। ਮੈਦਾਨ 'ਤੇ ਉਹ ਹਰ ਕਿਸੇ ਨੂੰ ਨਾਲ ਲੈ ਕੇ ਚੱਲਦੇ ਸੀ।''

ਤਸਵੀਰ ਸਰੋਤ, veronica kaushik/bbc
''ਜਦੋਂ ਭਾਰਤ ਦੀ ਹਾਕੀ ਟੀਮ ਵਿੱਚ ਨਿਘਾਰ ਆਇਆ ਤਾਂ ਉਨ੍ਹਾਂ ਨੇ ਖਿਡਾਰੀਆਂ ਦੀ ਪ੍ਰਦਰਸ਼ਨ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਅਤੇ ਉਨ੍ਹਾਂ ਕੋਲ ਜੋ ਵੀ ਆਈਡੀਆ ਹੁੰਦੇ ਸੀ ਉਹ ਹਮੇਸ਼ਾ ਖਿਡਾਰੀਆ ਨਾਲ ਸਾਂਝੇ ਕਰਦੇ ਸੀ ਅਤੇ ਉਨ੍ਹਾਂ ਨੂੰ ਉਸ ਲਈ ਪ੍ਰੇਰਿਤ ਵੀ ਕਰਦੇ ਸਨ।''
''ਟੀਮ ਦੇ ਚੰਗੇ ਪ੍ਰਦਰਸ਼ਨ ਲਈ ਉਹ ਉਨ੍ਹਾਂ ਨਾਲ ਆਪਣੀ ਖੇਡ ਦੇ ਤਜ਼ਰਬੇ ਵੀ ਸਾਂਝੇ ਕਰਦੇ ਸੀ।''
''ਖੇਡਣ ਦੌਰਾਨ ਉਹ ਹਮੇਸ਼ਾ ਕਹਿੰਦੇ ਸੀ ਮੈਚ ਜਿੱਤਣਾ ਹੈ ਜ਼ੋਰ ਲਗਾਓ, ਹਾਰ ਕੇ ਨਹੀਂ ਜਾਣਾ। ਉਨ੍ਹਾਂ ਦੀ ਇਹ ਗੱਲ ਖ਼ਿਡਾਰੀਆਂ ਵਿੱਚ ਜੋਸ਼ ਭਰਦੀ ਸੀ। ਫੌਜੀ ਹੋਣ ਕਰਕੇ ਉਹ ਬਹੁਤ ਅਨੁਸ਼ਾਸਨ ਵਿੱਚ ਰਹਿੰਦੇ ਸੀ।''

ਤਸਵੀਰ ਸਰੋਤ, veronica kaushik/BBC
ਕੁਝ ਸਾਲ ਪਹਿਲਾਂ ਦਿੱਲੀ ਵਿੱਚ ਹਾਕੀ ਇੰਡੀਆਂ ਨੇ ਹਾਕੀ ਦੇ ਤਮਾਮ ਓਲਪਿਅਨਸ ਨੂੰ ਸਨਮਾਨਿਤ ਕੀਤਾ ਸੀ।
ਸਿਹਤ ਖ਼ਰਾਬ ਹੋਣ ਕਰਕੇ ਉਹ ਉਸ ਪ੍ਰੋਗ੍ਰਾਮ ਵਿੱਚ ਵੀ ਹਿੱਸਾ ਨਹੀਂ ਲੈ ਸਕੇ।
ਕੁਝ ਸਾਲ ਪਹਿਲਾਂ ਉਨ੍ਹਾਂ ਦੀ ਸੁਣਨ ਦੀ ਸ਼ਕਤੀ ਚਲੀ ਗਈ ਸੀ ਅਤੇ ਉਹ ਡਿਪਰੈਸ਼ਨ ਵਿੱਚ ਚਲੇ ਗਏ।
ਆਪਣੇ ਆਖ਼ਰੀ ਸਮੇਂ ਵਿੱਚ ਹਰੀਪਾਲ ਕੌਸ਼ਿਕ ਐਨੇ ਬੀਮਾਰ ਹੋ ਗਏ ਸੀ ਕਿ ਉਨ੍ਹਾਂ ਲਈ ਕਿਸੇ ਨੂੰ ਪਛਾਣਨਾ ਵੀ ਔਖਾ ਹੋ ਗਿਆ ਸੀ।
ਉਨ੍ਹਾਂ ਦੀ ਪਤਨੀ ਪ੍ਰੇਮ ਬਾਲਾ ਕੌਸ਼ਿਕ ਦਾ ਵੀ ਕਾਫ਼ੀ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ।












