ਪੱਛਮੀ ਬੰਗਾਲ 'ਚ ਸੀਐੱਮ ਮਮਤਾ ਬੈਨਰਜੀ ਤੇ ਤਾਮਿਲਨਾਡੂ ਵਿੱਚ ਸਟਾਲਿਨ ਦੀ ਹਾਰ, ਮੋਦੀ ਨੇ ਕੀ ਕਿਹਾ

ਮਮਤਾ ਬੈਨਰਜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ 'ਤੇ 'ਵੋਟ ਲੁੱਟ' ਦੇ ਇਲਜ਼ਾਮ ਲਗਾਏ
ਪੜ੍ਹਨ ਦਾ ਸਮਾਂ: 12 ਮਿੰਟ

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੱਡਾ ਫੇਰ ਬਦਲ ਹੋਇਆ ਹੈ, ਜਿੱਥੇ ਭਾਜਪਾ ਉਮੀਦਵਾਰ ਸੁਵੇਂਦੂ ਅਧਿਕਾਰੀ ਨੇ ਭਬਾਨੀਪੁਰ ਹਲਕੇ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ 15,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਹੈ।

ਚੋਣ ਜਿੱਤ ਤੋਂ ਬਾਅਦ ਸੁਵੇਂਦੂ ਅਧਿਕਾਰੀ ਨੇ ਕਿਹਾ ਕਿ ਇਹ ਸਾਰੇ ਭਾਜਪਾ ਵਰਕਰਾਂ ਦੀ ਜਿੱਤ ਹੈ।

ਪਰ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੀ ਹਾਰ ਬਾਰੇ ਬੋਲਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ 'ਤੇ 'ਵੋਟ ਲੁੱਟਣ' ਦੇ ਇਲਜ਼ਾਮ ਲਗਾਏ ਹਨ।

ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, "ਭਾਜਪਾ ਨੇ 100 ਤੋਂ ਵੱਧ ਸੀਟਾਂ ਦੀ ਲੁੱਟ ਕੀਤੀ ਹੈ। ਭਾਜਪਾ ਨੇ ਧੋਖਾਧੜੀ ਕੀਤੀ ਹੈ। ਚੋਣ ਕਮਿਸ਼ਨ ਹੁਣ ਭਾਜਪਾ ਕਮਿਸ਼ਨ ਬਣ ਗਿਆ ਹੈ। ਅਸੀਂ ਸਮੇਂ-ਸਮੇਂ 'ਤੇ ਇਸ ਦੀ ਸ਼ਿਕਾਇਤ ਕੀਤੀ ਹੈ, ਪਰ ਕੋਈ ਸੁਣਨ ਵਾਲਾ ਨਹੀਂ ਸੀ।"

ਮਮਤਾ ਬੈਨਰਜੀ ਨੇ ਕਿਹਾ, "ਭਾਜਪਾ ਦੀ ਜਿੱਤ ਅਨੈਤਿਕ ਹੈ। ਇਲੈਕਸ਼ਨ ਕਮਿਸ਼ਨ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮਿਲ ਕੇ ਜੋ ਕੀਤਾ ਹੈ, ਉਹ ਪੂਰੀ ਤਰ੍ਹਾਂ ਅਨੈਤਿਕ ਹੈ। ਉਨ੍ਹਾਂ ਨੇ ਜ਼ਬਰਦਸਤੀ ਨਾਲ ਐੱਸਆਈਆਰ ਕੀਤਾ। ਜ਼ੁਲਮ ਕੀਤਾ। ਕਾਊਂਟਿੰਗ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਸੀਂ ਵਾਪਸੀ ਕਰਾਂਗੇ।"

ਉੱਧਰ ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਡੀਐਮਕੇ ਮੁਖੀ ਐਮ.ਕੇ. ਸਟਾਲਿਨ ਨੇ ਵਿਧਾਨ ਸਭਾ ਚੋਣਾਂ ਵਿੱਚ ਹਾਰ ਸਵੀਕਾਰ ਕਰਦੇ ਹੋਏ ਕਿਹਾ ਹੈ ਕਿ ਉਹ ਲੋਕਾਂ ਦੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਨ।

ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਬਾਰੇ ਨਰਿੰਦਰ ਮੋਦੀ ਨੇ ਕੀ ਕਿਹਾ

ਮੋਦੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਮੋਦੀ ਨੇ ਨਤੀਜਿਆਂ ਨੂੰ ਭਾਰਤ ਦੀ ਸੰਵਿਧਾਨਕ ਜਿੱਤ ਦੱਸਿਆ ਹੈ।

ਪੰਜ ਵਿਧਾਨ ਸਭਾਵਾਂ ਦੇ ਚੋਣ ਨਤੀਜੇ ਨਤੀਜਿਆਂ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਪਹੁੰਚੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਨਤੀਜਿਆਂ ਨੂੰ ਭਾਰਤ ਦੀ ਸੰਵਿਧਾਨਕ ਜਿੱਤ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਇਹ ਲੋਕਤਾਂਤਰਿਕ ਪ੍ਰਕਿਰਿਆ ਦੀ ਜਿੱਤ ਹੈ।

ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ 92 ਫੀਸਦੀ ਵੋਟਿੰਗ ਹੋਣਾ ਇਤਿਹਾਸਕ ਹੈ, ਜੋ ਭਾਰਤੀ ਲੋਕਤੰਤਰ ਦੀ ਸਭ ਤੋਂ ਨਿੱਖਰੀ ਤਸਵੀਰ ਬਣ ਰਹੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਚੋਣ ਕਮਿਸ਼ਨ ਅਤੇ ਚੋਣ ਕਮਿਸ਼ਨ ਦੇ ਕਰਮਚਾਰੀਆਂ ਨੂੰ ਵਧਾਈ ਦਿੱਤੀ।

ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਮੋਦੀ ਨੇ ਬੀਜੇਪੀ ਵਰਕਰਾਂ ਨੂੰ ਵਧਾਈ ਦਿੱਤੀ ਹੈ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਭਾਜਪਾ ਦੇ ਕਾਰਕੁਨਾਂ ਦੇ ਚਿਹਰਿਆਂ 'ਤੇ ਮੈਂ ਉਸ ਤਪੱਸਿਆ ਨੂੰ ਦੇਖ ਰਿਹਾ ਹਾਂ। ਇੱਕ ਕਾਰਕੁਨ ਹੋਣ ਦੇ ਨਾਤੇ ਮੈਂ ਭਾਜਪਾ ਦੇ ਹਰ ਕਾਰਕੁਨ ਦੀ ਖੁਸ਼ੀ ਵਿੱਚ ਸ਼ਾਮਲ ਹਾਂ। ਅੱਜ ਦਾ ਇਹ ਦਿਨ ਕਈ ਮਾਅਨਿਆਂ ਵਿੱਚ ਖ਼ਾਸ ਹੈ। ਇਹ ਦੇਸ਼ ਦੇ ਰੌਸ਼ਨ ਭਵਿੱਖ ਦੇ ਐਲਾਨ ਦਾ ਦਿਨ ਹੈ। ਇਹ ਭਰੋਸੇ ਦਾ ਦਿਨ ਹੈ।"

"ਮੈਂ ਬੰਗਾਲ ਦੀ ਜਨਤਾ, ਅਸਾਮ ਦੀ ਜਨਤਾ, ਪੁਡੂਚੇਰੀ ਦੀ ਜਨਤਾ ਅਤੇ ਤਾਮਿਲਨਾਡੂ-ਕੇਰਲ ਦੀ ਜਨਤਾ ਨੂੰ ਆਦਰ ਸਹਿਤ ਨਮਨ ਕਰਦਾ ਹਾਂ। ਮੈਂ ਅੱਜ ਭਾਜਪਾ ਦੇ ਕਰੋੜਾਂ ਕਾਰਕੁਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਹਾਂ। ਭਾਜਪਾ ਦੇ ਹਰ ਛੋਟੇ-ਵੱਡੇ ਕਾਰਕੁਨ ਨੇ ਇੱਕ ਵਾਰ ਫਿਰ ਕਮਾਲ ਕਰ ਦਿੱਤਾ ਹੈ।"

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਪ੍ਰਤੀਕਿਰਿਆ ਦਿੱਤੀ।

ਉਨ੍ਹਾਂ ਨੇ ਲਿਖਿਆ ਹੈ, "ਪੱਛਮੀ ਬੰਗਾਲ ਵਿੱਚ ਕਮਲ ਖਿੜ ਗਿਆ ਹੈ! 2026 ਦੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ। ਲੋਕਾਂ ਦੀ ਤਾਕਤ ਦੀ ਜਿੱਤ ਹੋਈ ਹੈ ਅਤੇ ਭਾਜਪਾ ਦੇ ਸ਼ਾਸਨ ਵਾਲੀ ਰਾਜਨੀਤੀ ਕਾਮਯਾਬ ਰਹੀ ਹੈ।"

"ਮੈਂ ਪੱਛਮੀ ਬੰਗਾਲ ਦੇ ਹਰ ਇਕ ਨਾਗਰਿਕ ਨੂੰ ਨਮਨ ਕਰਦਾ ਹਾਂ। ਲੋਕਾਂ ਨੇ ਭਾਜਪਾ ਨੂੰ ਸ਼ਾਨਦਾਰ ਮੈਂਡੇਟ ਦਿੱਤਾ ਹੈ ਅਤੇ ਮੈਂ ਉਨ੍ਹਾਂ ਨੂੰ ਭਰੋਸਾ ਦਵਾਉਂਦਾ ਹਾਂ ਕਿ ਸਾਡੀ ਪਾਰਟੀ ਲੋਕਾਂ ਦੇ ਸੁਪਨਿਆਂ ਅਤੇ ਉਮੀਦਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਅਸੀਂ ਐਸੀ ਸਰਕਾਰ ਦੇਵਾਂਗੇ ਜੋ ਸਮਾਜ ਦੇ ਹਰ ਵਰਗ ਲਈ ਮੌਕੇ ਅਤੇ ਇੱਜ਼ਤ ਨੂੰ ਯਕੀਨੀ ਬਣਾਵੇਗੀ।"

ਭਗਵੰਤ ਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁੱਖ ਮੰਤਰੀ ਭਗਵੰਤ ਮਾਨ ਨੇ ਬੀਜੀਪੀ ਦੀਆਂ ਪੰਜਾਬ ਵਿੱਚ ਉਮੀਦਾਂ ਬਾਰੇ ਤੰਦ ਕਸਿਆ ਹੈ

'ਪੰਜਾਬ ਦੇ ਲੋਕ ਬਹੁਤ ਸਿਆਣੇ, ਉਹ ਇਸ ਤਰ੍ਹਾਂ ਵੋਟ ਨਹੀਂ ਪਾਉਂਦੇ'

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਮੁਹਾਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਨਤੀਜਿਆਂ ਬਾਰੇ ਬੋਲਦਿਆਂ ਕਿਹਾ, "ਮੈਨੂੰ ਪਤਾ ਲੱਗਾ ਹੈ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਆ ਗਈ, ਅਸਾਮ ਵਿੱਚ ਪਹਿਲਾਂ ਹੀ ਭਾਜਪਾ ਸੀ, ਪੁੱਡੂਚੇਰੀ ਵਿੱਚ ਭਾਜਪਾ ਹੈ, ਤਾਮਿਲਨਾਡੂ ਵਿੱਚ ਵੀ ਕੋਈ ਬਦਲ ਹੋਇਆ।"

ਮਾਨ ਨੇ ਕਿਹਾ, "ਪੰਜਾਬ ਵਿੱਚ ਬਦਲਾਅ ਤਾਂ ਪਹਿਲਾਂ ਹੀ ਹੋਇਆ ਹੈ। ਭਾਜਪਾ ਸੋਚੇ ਨਾ ਕਿ ਅਸੀਂ ਪੰਜਾਬ ਵਿੱਚ ਵੋਟਾਂ ਇੰਝ ਕਰ ਲਵਾਂਗੇ ਜਾਂ ਉਂਝ ਕਰ ਲਵਾਂਗੇ। ਪੰਜਾਬੀ ਹਾਂ ਅਸੀਂ, ਜਿਹੜੀ ਗੱਲ 'ਤੇ ਅੜ੍ਹ ਗਏ, ਤਾਂ ਅੜ੍ਹ ਗਏ। ਜਿੱਥੇ ਖੜ੍ਹ ਗਏ, ਉੱਥੇ ਖੜ੍ਹ ਗਏ।"

ਉਨ੍ਹਾਂ ਨੇ ਕਿਹਾ, "ਪੰਜਾਬ ਵਿੱਚ ਭਾਜਪਾ ਨੇ ਅੱਗੇ ਬਹੁਤ ਨੁਕਸਾਨ ਕੀਤਾ। ਉਨ੍ਹਾਂ ਨੇ ਪੰਜਾਬ ਦੇ ਹੱਕ ਦੀ ਕਦੇ ਗੱਲ ਤੱਕ ਨਹੀਂ ਕੀਤੀ। ਪੰਜਾਬ ਦੀ ਧਰਤੀ ਕਿਸਾਨਾਂ ਦੀ ਅਤੇ ਯੋਧਿਆਂ ਦੀ ਧਰਤੀ ਹੈ। ਲੋਕ ਇਸ ਤਰ੍ਹਾਂ ਦੇ ਝਾਂਸਿਆਂ ਵਿੱਚ ਨਹੀਂ ਆਉਂਦੇ। ਪੰਜਾਬ ਦੇ ਲੋਕ ਬਹੁਤ ਸਿਆਣੇ, ਸਿਆਸੀ ਤੌਰ 'ਤੇ ਜਾਗਰੂਕ ਹਨ, ਉਹ ਇਸ ਤਰ੍ਹਾਂ ਵੋਟ ਨਹੀਂ ਪਾਉਂਦੇ।"

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ

ਤਸਵੀਰ ਸਰੋਤ, Mamata Banerjee/FB

ਤਸਵੀਰ ਕੈਪਸ਼ਨ, ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ

ਅਸਾਮ ਚੋਣਾਂ ਵਿੱਚ ਕਾਂਗਰਸ ਦਾ ਮੁੱਖ ਚਿਹਰਾ ਰਹੇ ਗੌਰਵ ਗੋਗੋਈ 23 ਹਜ਼ਾਰ ਵੋਟਾਂ ਨਾਲ ਹਾਰੇ

ਅਸਾਮ ਵਿੱਚ ਜੋਰਹਾਟ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਗੌਰਵ ਗੋਗੋਈ ਚੋਣ ਹਾਰ ਗਏ ਹਨ।

ਇੱਥੇ ਭਾਜਪਾ ਦੇ ਹਿਤੇਂਦਰ ਨਾਥ ਗੋਸਵਾਮੀ ਨੇ ਉਨ੍ਹਾਂ ਨੂੰ 23 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ।

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ, ਭਾਜਪਾ ਦੇ ਹਿਤੇਂਦਰ ਨਾਥ ਗੋਸਵਾਮੀ ਨੂੰ 64,439 ਵੋਟ ਮਿਲੇ, ਜਦਕਿ ਗੌਰਵ ਗੋਗੋਈ ਨੂੰ 46,257 ਵੋਟ ਮਿਲੇ।

ਗੌਰਵ ਗੋਗੋਈ ਨੂੰ ਕਾਂਗਰਸ ਅਸਾਮ ਚੋਣ ਵਿੱਚ ਇੱਕ ਮੁੱਖ ਚਿਹਰੇ ਵਜੋਂ ਪੇਸ਼ ਕਰ ਰਹੀ ਸੀ।

ਗੌਰਵ ਗੋਗੋਈ ਜੋਰਹਾਟ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ। ਉਹ ਅਸਾਮ ਕਾਂਗਰਸ ਦੇ ਪ੍ਰਧਾਨ ਵੀ ਹਨ।

ਗੌਰਵ ਗੋਗੋਈ

ਤਸਵੀਰ ਸਰੋਤ, David Talukdar/NurPhoto via Getty Images

ਤਸਵੀਰ ਕੈਪਸ਼ਨ, ਜੋਰਹਾਟ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਗੌਰਵ ਗੋਗੋਈ ਚੋਣ ਹਾਰ ਗਏ ਹਨ

ਭਵਾਨੀਪੁਰ ਤੋਂ ਟੀਐੱਮਸੀ ਉਮੀਦਵਾਰ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰੁਝਾਨਾਂ ਸਬੰਧੀ ਇੱਕ ਵੀਡੀਓ ਬਿਆਨ ਜਾਰੀ ਕਰਕੇ ਭਾਜਪਾ 'ਤੇ ਇਲਜ਼ਾਮ ਲਗਾਏ ਹਨ।

ਆਪਣੇ ਬਿਆਨ ਵਿੱਚ ਉਨ੍ਹਾਂ ਕਿਹਾ, "ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਕਾਊਂਟਿੰਗ ਏਜੰਟ ਅਤੇ ਉਮੀਦਵਾਰ ਕਾਊਂਟਿੰਗ ਸੈਂਟਰ ਛੱਡ ਕੇ ਨਾ ਜਾਣ। ਇਹ ਭਾਜਪਾ ਦੀ ਸਾਜ਼ਿਸ਼ ਹੈ, ਮੈਂ ਕੱਲ੍ਹ ਤੋਂ ਹੀ ਇਹ ਕਹਿ ਰਹੀ ਹਾਂ ਕਿ ਉਹ ਪਹਿਲਾਂ ਉਨ੍ਹਾਂ ਨੂੰ ਹੀ ਅੱਗੇ ਦਿਖਾਉਣਗੇ। ਉਨ੍ਹਾਂ ਨੇ ਕਈ ਥਾਵਾਂ 'ਤੇ ਕਾਊਂਟਿੰਗ ਰੋਕ ਦਿੱਤੀ ਹੈ। ਕਲਿਆਣੀ ਵਿੱਚ ਅਜਿਹੀਆਂ ਮਸ਼ੀਨਾਂ ਮਿਲੀਆਂ ਹਨ, ਜਿਨ੍ਹਾਂ ਨੂੰ ਗਿਣਿਆ ਨਹੀਂ ਗਿਆ। ਕੇਂਦਰੀ ਬਲਾਂ ਦੇ ਜ਼ਰੀਏ ਹਰ ਪਾਸੇ ਤੋਂ ਟੀਐੱਮਸੀ 'ਤੇ ਜ਼ੁਲਮ ਕੀਤੇ ਜਾ ਰਹੇ ਹਨ।''

ਉਨ੍ਹਾਂ ਮਮਤਾ ਬੈਨਰਜੀ ਨੇ ਕਿਹਾ, ''ਐੱਸਆਈਆਰ ਦੇ ਜ਼ਰੀਏ ਉਨ੍ਹਾਂ ਨੇ ਵੋਟਾਂ ਲੁੱਟਣ ਦੀ ਕੋਸ਼ਿਸ਼ ਕੀਤੀ, ਅਤੇ ਹੁਣ ਵੀ ਅਸੀਂ 100 ਤੋਂ ਵੱਧ ਸੀਟਾਂ 'ਤੇ ਅੱਗੇ ਹਾਂ, ਜਿਸਦੀ ਰਿਪੋਰਟ ਨਹੀਂ ਕੀਤੀ ਜਾ ਰਹੀ। ਸਭ ਕੁਝ ਗਲਤ ਰਿਪੋਰਟ ਕੀਤਾ ਜਾ ਰਿਹਾ ਹੈ। ਚੋਣ ਕਮਿਸ਼ਨ ਪੂਰੀ ਤਰ੍ਹਾਂ ਆਪਣੀ ਖੇਡ ਨੂੰ ਖੇਡ ਰਿਹਾ ਹੈ ਅਤੇ ਕੇਂਦਰੀ ਬਲ ਵੀ ਉਨ੍ਹਾਂ ਦੇ ਨਾਲ ਹਨ।''

''ਪੁਲਿਸ ਵੀ ਕੇਂਦਰੀ ਬਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਮੈਂ ਪਾਰਟੀ ਵਰਕਰਾਂ ਨੂੰ ਕਹਿੰਦੀ ਹਾਂ ਕਿ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਹੈ, ਸੂਰਜ ਡੁੱਬਣ ਤੋਂ ਬਾਅਦ ਤੁਸੀਂ ਹੀ ਜਿੱਤੋਗੇ। 2-4 ਰਾਊਂਡ ਦੀ ਕਾਊਂਟਿੰਗ ਹੋਈ ਹੈ, ਕਾਊਂਟਿੰਗ 14-18 ਰਾਊਂਡ ਤੱਕ ਚੱਲਦੀ ਹੈ ਅਤੇ ਅਸੀਂ ਹੀ ਜਿੱਤਾਂਗੇ। ਕਿਸੇ ਨੂੰ ਵੀ ਡਰਣ ਦੀ ਕੋਈ ਲੋੜ ਨਹੀਂ ਹੈ।"

ਅਸਾਮ: ਰੁਝਾਨਾਂ 'ਚ ਬਹੁਮਤ ਹਾਸਲ ਕਰ ਚੁੱਕੀ ਭਾਜਪਾ ਦੇ ਦਫ਼ਤਰ 'ਚ ਕਿਹੋ-ਜਿਹਾ ਮਾਹੌਲ

ਭਾਜਪਾ ਆਗੂ ਹਿਮੰਤ ਬਿਸਵਾ ਸਰਮਾ

ਤਸਵੀਰ ਸਰੋਤ, Sanjeev Verma/Hindustan Times via Getty Images

ਤਸਵੀਰ ਕੈਪਸ਼ਨ, ਭਾਜਪਾ ਆਗੂ ਹਿਮੰਤ ਬਿਸਵਾ ਸਰਮਾ (ਫਾਈਲ ਫੋਟੋ)

ਅਸਾਮ ਵਿੱਚ 126 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਦੀ ਅਗਵਾਈ ਵਾਲਾ ਐਨਡੀਏ ਗਠਜੋੜ ਅੱਗੇ ਚੱਲ ਰਿਹਾ ਹੈ। ਹਾਲਾਂਕਿ, ਗੁਵਾਹਾਟੀ ਵਿੱਚ ਭਾਜਪਾ ਦੇ ਦਫ਼ਤਰ ਵਿੱਚ ਬੀਤੀ ਰਾਤ ਹੀ ਜਿੱਤ ਦੇ ਪੋਸਟਰ ਲਗਾ ਦਿੱਤੇ ਗਏ ਸਨ।

ਇਨ੍ਹਾਂ ਪੋਸਟਰਾਂ 'ਤੇ ਲਿਖਿਆ ਸੀ - "ਬੇਮਿਸਾਲ ਜਨ-ਸਮਰਥਨ ਅਤੇ ਆਸ਼ੀਰਵਾਦ ਲਈ ਅਸਮ ਦੀ ਜਨਤਾ ਨੂੰ ਦਿਲੋਂ ਧੰਨਵਾਦ!"

ਇੱਥੇ ਮੌਜੂਦ ਪਾਰਟੀ ਦੇ ਸੂਬਾ ਖਜ਼ਾਨਚੀ ਰਾਜਕੁਮਾਰ ਸਰਮਾ ਦਾ ਕਹਿਣਾ ਹੈ, "ਅਸੀਂ ਪਹਿਲਾਂ ਤੋਂ ਹੀ ਕਾਨਫ਼ਿਡੈਂਟ ਸੀ ਕਿ ਜਿੱਤ ਸਾਡੀ ਹੀ ਹੋਣੀ ਹੈ। ਇਸ ਲਈ ਬੀਤੀ ਰਾਤ ਹੀ ਅਸੀਂ ਅਸਾਮ ਦੀ ਜਨਤਾ ਨੂੰ ਧੰਨਵਾਦ ਕਹਿੰਦੇ ਹੋਏ ਪੋਸਟਰ ਲਗਾ ਦਿੱਤੇ ਸਨ।"

ਫ਼ਿਲਹਾਲ ਪਾਰਟੀ ਦੇ ਦਫ਼ਤਰ ਵਿੱਚ ਖਾਸ ਚਹਿਲ-ਪਹਿਲ ਨਜ਼ਰ ਨਹੀਂ ਆ ਰਹੀ ਹੈ। ਇੱਥੇ ਮੌਜੂਦ ਲੋਕ ਦੱਸਦੇ ਹਨ ਕਿ ਜ਼ਿਆਦਾਤਰ ਵਰਕਰ ਅਜੇ ਕਾਊਂਟਿੰਗ ਸੈਂਟਰ ਵਿੱਚ ਹਨ, ਦੁਪਹਿਰ ਹੁੰਦੇ ਹੀ ਦਫ਼ਤਰ ਵਿੱਚ ਲੋਕਾਂ ਦਾ ਇਕੱਠ ਸ਼ੁਰੂ ਹੋਵੇਗਾ ਅਤੇ ਜੇ ਰੁਝਾਨ ਨਤੀਜਿਆਂ ਵਿੱਚ ਬਦਲੇ ਤਾਂ ਜਸ਼ਨ ਵੀ ਮਨਾਇਆ ਜਾਵੇਗਾ।

ਅਸਾਂ ਵਿੱਚ ਦੋ ਗਠਜੋੜਾਂ ਦੇ ਵਿਚਕਾਰ ਅਹਿਮ ਮੁਕਾਬਲਾ ਹੈ। ਇੱਕ ਗਠਜੋੜ ਦੀ ਅਗਵਾਈ ਭਾਜਪਾ ਕਰ ਰਹੀ ਹੈ ਅਤੇ ਦੂਜੇ ਗਠਜੋੜ ਦੀ ਅਗਵਾਈ ਕਾਂਗਰਸ।

ਭਾਜਪਾ ਦੇ ਅਗਵਾਈ ਵਾਲਾ ਗਠਜੋੜ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਤੀਜੀ ਵਾਰ ਸੱਤਾ ਵਿੱਚ ਆਉਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ।

ਤਾਮਿਲਨਾਡੂ 'ਚ ਅਦਾਕਾਰ ਵਿਜੈ ਦੀ ਪਾਰਟੀ ਨੇ ਕੀਤਾ ਹੈਰਾਨ

ਸ਼ੁਰੂਆਤੀ ਰੁਝਾਨਾਂ ਵਿੱਚ ਟੀਵੀਕੇ ਦੇ ਪ੍ਰਦਰਸ਼ਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ

ਤਸਵੀਰ ਸਰੋਤ, Sanchit Khanna/Hindustan Times via Getty Images

ਤਸਵੀਰ ਕੈਪਸ਼ਨ, ਸ਼ੁਰੂਆਤੀ ਰੁਝਾਨਾਂ ਵਿੱਚ ਟੀਵੀਕੇ ਦੇ ਪ੍ਰਦਰਸ਼ਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ

ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿੱਚ ਸਵੇਰੇ 8:00 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ।

ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਇੱਕ ਤੀਜੀ ਪਾਰਟੀ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਇਹ ਪਾਰਟੀ ਹੈ ਟੀਵੀਕੇ, ਜੋ ਮਸ਼ਹੂਰ ਤਮਿਲ ਸਿਨੇਮਾ ਅਦਾਕਾਰ ਵਿਜੈ ਦੀ ਪਾਰਟੀ ਹੈ।

ਤਾਮਿਲਨਾਡੂ ਵਿਧਾਨ ਸਭਾ ਦੀਆਂ 234 ਸੀਟਾਂ ਲਈ ਵੋਟਾਂ ਦੀ ਗਿਣਤੀ ਇਸ ਸਮੇਂ ਚੱਲ ਰਹੀ ਹੈ, ਸਰਕਾਰ ਬਣਾਉਣ ਲਈ ਬਹੁਮਤ ਦਾ ਅੰਕੜਾ 118 ਹੈ।

ਡੇਟਾਨੈਟ ਮੁਤਾਬਕ,ਰੁਝਾਨਾਂ 'ਚ ਟੀਵੀਕੇ ਇਸ ਸਮੇਂ 108 ਸੀਟਾਂ 'ਤੇ ਅੱਗੇ ਹੈ, ਜਦੋਂ ਕਿ ਏਆਈਏਡੀਐੱਮਕੇ 53 ਸੀਟਾਂ 'ਤੇ ਅੱਗੇ ਹੈ ਅਤੇ ਡੀਐੱਮਕੇ 74 ਸੀਟਾਂ 'ਤੇ ਅੱਗੇ ਹੈ। ਇਨ੍ਹਾਂ ਸ਼ੁਰੂਆਤੀ ਰੁਝਾਨਾਂ ਵਿੱਚ ਟੀਵੀਕੇ ਦੇ ਪ੍ਰਦਰਸ਼ਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਪੱਛਮੀ ਬੰਗਾਲ: ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਸੱਤਾਧਾਰੀ ਟੀਐਮਸੀ ਤੋਂ ਅੱਗੇ

ਮਮਤਾ ਬੈਨਰਜੀ ਅਤੇ ਸ਼ੁਭੇਂਦੂ ਅਧਿਕਾਰੀ

ਤਸਵੀਰ ਸਰੋਤ, Getty Images

ਪੱਛਮੀ ਬੰਗਾਲ ਵਿੱਚ, ਸ਼ੁਰੂਆਤੀ ਰੁਝਾਨਾਂ 'ਚ ਭਾਰਤੀ ਜਨਤਾ ਪਾਰਟੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਤੋਂ ਅੱਗੇ ਨਿਕਲਦੀ ਨਜ਼ਰ ਆ ਰਹੀ ਹੈ।

ਡੇਟਾਨੇਟ ਦੇ ਅਨੁਸਾਰ, ਟੀਐੱਮਸੀ 80 ਸੀਟਾਂ 'ਤੇ ਅੱਗੇ ਹੈ, ਜਦਕਿ ਭਾਜਪਾ 207 ਸੀਟਾਂ 'ਤੇ ਅੱਗੇ ਚੱਲ ਰਹੀ ਹੈ।

ਭਾਜਪਾ ਆਗੂ ਸੁਵੇਂਦੂ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ "ਪੱਛਮੀ ਬੰਗਾਲ ਵਿੱਚ ਭਾਜਪਾ ਸਰਕਾਰ ਬਣਾਵੇਗੀ।"

ਜ਼ਿਕਰਯੋਗ ਹੈ ਕਿ ਸ਼ੁਭੇਂਦੂ ਅਧਿਕਾਰੀ ਦੋ ਹਲਕਿਆਂ ਤੋਂ ਚੋਣ ਲੜੀ ਹੈ। ਭਾਜਪਾ ਨੇ ਉਨ੍ਹਾਂ ਨੂੰ ਨੰਦੀਗ੍ਰਾਮ ਤੋਂ ਮੈਦਾਨ ਵਿੱਚ ਉਤਾਰਿਆ ਹੈ ਅਤੇ ਉਹ ਭਵਾਨੀਪੁਰ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੀ ਚੁਣੌਤੀ ਦੇ ਰਹੇ ਹਨ।

ਇਸਦੇ ਨਾਲ ਹੀ ਅਸਾਮ ਵਿੱਚ, ਭਾਰਤੀ ਜਨਤਾ ਪਾਰਟੀ (ਭਾਜਪਾ) ਕਾਂਗਰਸ ਤੋਂ ਕਾਫ਼ੀ ਅੱਗੇ ਹੈ। ਰੁਝਾਨਾਂ ਦੇ ਅਨੁਸਾਰ, ਭਾਜਪਾ 102 ਸੀਟਾਂ 'ਤੇ ਅੱਗੇ ਹੈ ਅਤੇ ਕਾਂਗਰਸ 21 ਸੀਟਾਂ 'ਤੇ।

ਕੇਰਲ ਵਿੱਚ, ਕਾਂਗਰਸ ਦੀ ਅਗਵਾਈ ਵਾਲੀ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂਡੀਐੱਫ) 102 ਸੀਟਾਂ 'ਤੇ ਅੱਗੇ ਹੈ ਅਤੇ ਸੱਤਾਧਾਰੀ ਲੇਫਟ ਡੈਮੋਕ੍ਰੇਟਿਕ ਫਰੰਟ 35 ਸੀਟਾਂ 'ਤੇ ਅੱਗੇ ਹੈ।

ਪੰਜ ਸੂਬਿਆਂ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ

ਤਸਵੀਰ ਸਰੋਤ, Samir Jana/Hindustan Times via Getty Images

ਗਿਣਤੀ ਦੀ ਸ਼ੁਰੂਆਤ ਡਾਕ ਵੋਟਾਂ ਦੀ ਗਿਣਤੀ ਨਾਲ ਕੀਤੀ ਗਈ। ਫਿਰ ਸਵੇਰੇ 8:30 ਵਜੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀ ਗਿਣਤੀ ਸ਼ੁਰੂ ਹੋਈ।

ਪੱਛਮੀ ਬੰਗਾਲ ਵਿੱਚ 293, ਤਾਮਿਲਨਾਡੂ ਵਿੱਚ 234, ਕੇਰਲ ਵਿੱਚ 140, ਅਸਾਮ ਵਿੱਚ 126 ਅਤੇ ਪੁਡੂਚੇਰੀ ਵਿੱਚ 30 ਸੀਟਾਂ ਲਈ ਨਤੀਜੇ ਐਲਾਨੇ ਜਾਣਗੇ।

ਪੱਛਮੀ ਬੰਗਾਲ ਵਿੱਚ 294 ਸੀਟਾਂ ਲਈ ਵੋਟਿੰਗ 23 ਅਤੇ 29 ਅਪ੍ਰੈਲ ਨੂੰ ਹੋਈ ਸੀ ਪਰ ਫਾਲਟਾ ਸੀਟ ਲਈ ਦੁਬਾਰਾ ਵੋਟਿੰਗ 21 ਮਈ ਨੂੰ ਹੋਣੀ ਹੈ।

ਨਤੀਜੇ ਵਜੋਂ, ਅੱਜ ਪੱਛਮੀ ਬੰਗਾਲ ਵਿੱਚ 293 ਸੀਟਾਂ ਦੇ ਨਤੀਜੇ ਐਲਾਨੇ ਜਾਣਗੇ।

ਪੰਜ ਵਿਧਾਨ ਸਭਾ ਚੋਣਾਂ ਦੇ ਨਤੀਜੇ

ਤਸਵੀਰ ਸਰੋਤ, EPA

ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਪਿਛਲੇ ਮਹੀਨੇ ਹੋਈਆਂ ਹਨ।

ਅਸਾਮ, ਕੇਰਲ ਅਤੇ ਪੁਡੂਚੇਰੀ ਵਿੱਚ ਇੱਕ ਹੀ ਪੜਾਅ ਵਿੱਚ 9 ਅਪ੍ਰੈਲ ਨੂੰ ਮਤਦਾਨ ਹੋਇਆ ਸੀ। ਤਾਮਿਲਨਾਡੂ ਵਿੱਚ ਵੀ ਇੱਕ ਹੀ ਪੜਾਅ ਵਿੱਚ 23 ਅਪ੍ਰੈਲ ਨੂੰ ਮਤਦਾਨ ਹੋਇਆ ਸੀ।

ਜਦਕਿ ਪੱਛਮੀ ਬੰਗਾਲ ਵਿੱਚ ਦੋ ਪੜਾਵਾਂ ਵਿੱਚ 23 ਅਤੇ 29 ਅਪ੍ਰੈਲ ਨੂੰ ਵੋਟਾਂ ਪਈਆਂ ਸਨ।

ਜ਼ਿਆਦਾਤਰ ਲੋਕਾਂ ਦੀਆਂ ਨਜ਼ਰਾਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਹਨ ਕਿਉਂਕਿ ਇਸ ਸੂਬੇ ਵਿੱਚ ਕਈ ਐਗਜ਼ਿਟ ਪੋਲਾਂ ਨੇ ਸੱਤਾਧਾਰੀ ਟੀਐੱਮਸੀ ਅਤੇ ਭਾਜਪਾ ਦੇ ਵਿਚਕਾਰ ਸਿਰੇ ਦੀ ਟੱਕਰ ਦਾ ਅਨੁਮਾਨ ਲਗਾਇਆ ਹੈ।

ਜਦਕਿ ਅਸਾਮ ਅਤੇ ਪੁਡੂਚੇਰੀ ਨੂੰ ਲੈ ਕੇ ਆਏ ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ ਭਾਜਪਾ ਦੀ ਸੱਤਾ ਵਿੱਚ ਵਾਪਸੀ ਦਾ ਅਨੁਮਾਨ ਲਗਾਇਆ ਗਿਆ ਹੈ।

ਜੇਕਰ ਕੇਰਲ ਅਤੇ ਤਾਮਿਲਨਾਡੂ ਦੀ ਗੱਲ ਕਰੀਏ ਤਾਂ ਇੱਥੇ ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ ਯੂਡੀਐਫ਼ ਅਤੇ ਡੀਐਮਕੇ ਦੀ ਸਰਕਾਰ ਬਣਨ ਦਾ ਅਨੁਮਾਨ ਲਗਾਇਆ ਗਿਆ ਹੈ।

ਪੱਛਮੀ ਬੰਗਾਲ 'ਚ ਵੋਟਾਂ ਦੀ ਗਿਣਤੀ ਦੌਰਾਨ ਕੀ ਬੋਲੇ ਭਾਜਪਾ ਦੇ ਸੂਬਾ ਪ੍ਰਧਾਨ

ਪੱਛਮੀ ਬੰਗਾਲ ਵਿੱਚ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਸਮਿਕ ਭੱਟਾਚਾਰੀਆ

ਤਸਵੀਰ ਸਰੋਤ, Samir Jana/Hindustan Times via Getty Images

ਤਸਵੀਰ ਕੈਪਸ਼ਨ, ਪੱਛਮੀ ਬੰਗਾਲ ਵਿੱਚ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਸਮਿਕ ਭੱਟਾਚਾਰੀਆ

ਪੱਛਮੀ ਬੰਗਾਲ ਵਿੱਚ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਸਮਿਕ ਭੱਟਾਚਾਰੀਆ ਨੇ ਕਿਹਾ ਕਿ ਉਨ੍ਹਾਂ ਨੂੰ ਭਾਰੀ ਵੋਟਾਂ ਨਾਲ ਜਿੱਤ ਦਾ ਪੂਰਾ ਭਰੋਸਾ ਹੈ।

ਕੋਲਕਾਤਾ ਵਿੱਚ ਵੋਟਾਂ ਦੀ ਗਿਣਤੀ ਵਾਲੇ ਇੱਕ ਕੇਂਦਰ ਦੇ ਬਾਹਰ ਬੋਲਦੇ ਹੋਏ ਸਮਿਕ ਭੱਟਾਚਾਰੀਆ ਨੇ ਕਿਹਾ, "ਸੂਬੇ ਦੇ ਲੋਕਾਂ ਨੇ ਪਹਿਲਾਂ ਹੀ ਤ੍ਰਿਣਮੂਲ ਕਾਂਗਰਸ ਸਰਕਾਰ ਨੂੰ ਨਕਾਰ ਦਿੱਤਾ ਹੈ।"

ਪੱਛਮੀ ਬੰਗਾਲ ਵਿੱਚ 293 ਸੀਟਾਂ ਲਈ ਸ਼ੁਰੂਆਤੀ ਰੁਝਾਨ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਚਕਾਰ ਚੰਗੇ ਮੁਕਾਬਲੇ ਦਾ ਸੰਕੇਤ ਦੇ ਰਹੇ ਹਨ।

ਭਾਜਪਾ ਪਹਿਲੀ ਵਾਰ ਸੂਬੇ ਵਿੱਚ ਸਰਕਾਰ ਬਣਾਉਣ ਦੀ ਉਮੀਦ ਕਰ ਰਹੀ ਹੈ।

ਪੱਛਮੀ ਬੰਗਾਲ 'ਤੇ ਸਭ ਦੀਆਂ ਨਜ਼ਰਾਂ

ਅੱਜ ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਹਨ

ਤਸਵੀਰ ਸਰੋਤ, ANI/Getty Images

ਤਸਵੀਰ ਕੈਪਸ਼ਨ, ਅੱਜ ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਹਨ

ਪੱਛਮੀ ਬੰਗਾਲ ਵਿਧਾਨ ਸਭਾ ਦੀਆਂ 294 ਵਿੱਚੋਂ 293 ਸੀਟਾਂ ਦੇ ਨਤੀਜੇ ਅੱਜ ਆ ਜਾਣਗੇ ਕਿਉਂਕਿ ਫਾਲਟਾ ਸੀਟ 'ਤੇ ਚੋਣ ਕਮਿਸ਼ਨ ਨੇ ਦੁਬਾਰਾ ਮਤਦਾਨ ਕਰਵਾਉਣ ਦਾ ਫੈਸਲਾ ਕੀਤਾ ਹੈ।

ਫਾਲਟਾ ਵਿਧਾਨ ਸਭਾ ਸੀਟ ਦੇ 285 ਮਤਦਾਨ ਕੇਂਦਰਾਂ 'ਤੇ 21 ਮਈ ਨੂੰ ਵੋਟਿੰਗ ਹੋਵੇਗੀ ਜਦਕਿ ਇਸਦੇ ਨਤੀਜੇ 24 ਮਈ ਨੂੰ ਆਉਣਗੇ।

ਇਸੇ ਤਰ੍ਹਾਂ, ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਦੋ ਸੀਟਾਂ (ਮਗਰਾਹਟ ਪੱਛਮ ਅਤੇ ਡਾਇਮੰਡ ਹਾਰਬਰ) ਦੇ 15 ਬੂਥਾਂ 'ਤੇ ਵੀ ਲੰਘੇ ਸ਼ਨੀਵਾਰ ਭਾਵ 2 ਮਈ ਨੂੰ ਦੁਬਾਰਾ ਮਤਦਾਨ ਹੋਇਆ ਸੀ।

ਪੱਛਮੀ ਬੰਗਾਲ ਵਿੱਚ ਬਹੁਮਤ ਦਾ ਅੰਕੜਾ 148 ਸੀਟਾਂ ਹੈ। ਸੂਬੇ ਦੀ ਸੱਤਾ 'ਤੇ ਟੀਐਮਸੀ ਪਿਛਲੇ 15 ਸਾਲਾਂ ਤੋਂ ਕਾਬਜ਼ ਹੈ। ਭਾਜਪਾ ਨੂੰ ਉਮੀਦ ਹੈ ਕਿ ਇਸ ਵਾਰ ਉਹ ਟੀਐਮਸੀ ਨੂੰ ਸੱਤਾ ਤੋਂ ਹਟਾ ਦੇਵੇਗੀ।

ਹਾਲਾਂਕਿ, ਪੱਛਮੀ ਬੰਗਾਲ ਨੂੰ ਲੈਕੇ ਆਏ ਵੱਖ-ਵੱਖ ਐਗਜ਼ਿਟ ਪੋਲ ਵੱਖ-ਵੱਖ ਕਹਾਣੀਆਂ ਬਿਆਨ ਕਰ ਰਹੇ ਹਨ। ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ ਦੋਵਾਂ ਦਲਾਂ ਦੇ ਵਿਚਕਾਰ ਸਖਤ ਮੁਕਾਬਲਾ ਦਿਖਾਇਆ ਗਿਆ ਹੈ।

ਇਸ ਵਾਰ ਦਾ ਪੱਛਮੀ ਬੰਗਾਲ ਵਿਧਾਨ ਸਭਾ ਚੋਣ, ਮਤਦਾਤਾ ਸੂਚੀ ਦੇ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐਸਆਈਆਰ) ਕਾਰਨ ਵੀ ਕਾਫ਼ੀ ਚਰਚਾ ਵਿੱਚ ਰਹੀ।

ਪੱਛਮੀ ਬੰਗਾਲ ਦੀ ਵੋਟਰ ਲਿਸਟ ਤੋਂ ਕਰੀਬ 91 ਲੱਖ ਵੋਟਰਾਂ ਦੇ ਨਾਮ ਹਟਾ ਦਿੱਤੇ ਗਏ ਹਨ।

ਇਹ ਗਿਣਤੀ ਸੂਬੇ ਦੇ ਕੁੱਲ ਵੋਟਰਾਂ ਦਾ ਲਗਭਗ 12% ਹੈ, ਜੋ ਪਿਛਲੇ ਸਾਲ ਅਕਤੂਬਰ ਵਿੱਚ ਐਸਆਈਆਰ ਸ਼ੁਰੂ ਹੋਣ ਸਮੇਂ ਕਰੀਬ 7.66 ਕਰੋੜ ਸੀ।

ਪੱਛਮੀ ਬੰਗਾਲ ਦੇ ਮੁੱਖ ਚੋਣ ਕਮਿਸ਼ਨਰ ਮਨੋਜ ਕੁਮਾਰ ਅੱਗਰਵਾਲ ਨੇ ਦੱਸਿਆ ਹੈ ਕਿ ਵੋਟਾਂ ਦੀ ਗਿਣਤੀ ਲਈ 77 ਕੇਂਦਰ ਬਣਾਏ ਗਏ ਹਨ।

ਅਸਾਮ ਵਿੱਚ ਜਿੱਤ ਦੀ ਹੈਟ੍ਰਿਕ ਲਗਾ ਸਕੇਗੀ ਭਾਜਪਾ?

ਕਾਂਗਰਸ ਦੇ ਗੌਰਵ ਗੋਗੋਈ (ਖੱਬੇ) ਅਤੇ ਭਾਜਪਾ ਦੇ ਹਿਮੰਤ ਬਿਸਵਾ ਸਰਮਾ (ਸੱਜੇ)

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਅਸਾਮ ਚੋਣਾਂ ਵਿੱਚ, ਕਾਂਗਰਸ ਦੇ ਗੌਰਵ ਗੋਗੋਈ (ਖੱਬੇ) ਅਤੇ ਭਾਜਪਾ ਦੇ ਹਿਮੰਤ ਬਿਸਵਾ ਸਰਮਾ (ਸੱਜੇ) ਨੇ ਚੋਣਾਂ ਦੀ ਵਾਗਡੋਰ ਸੰਭਾਲੀ ਹੋਈ ਹੈ

126 ਸੀਟਾਂ ਵਾਲੀ ਅਸਾਮ ਵਿਧਾਨ ਸਭਾ ਵਿੱਚ ਜਿੱਤ ਦਾ ਅੰਕੜਾ 64 ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਲਗਾਤਾਰ ਤੀਜੀ ਵਾਰ ਭਾਜਪਾ ਦੀ ਜਿੱਤ ਦਾ ਦਾਅਵਾ ਕਰ ਰਹੇ ਹਨ।

ਉੱਥੇ ਹੀ, ਕਾਂਗਰਸ ਦਾ ਦਾਅਵਾ ਹੈ ਕਿ ਉਹ ਸੂਬੇ ਦੀ ਸੱਤਾ ਵਿੱਚ ਵਾਪਸੀ ਕਰਨ ਜਾ ਰਹੀ ਹੈ।

ਹਾਲਾਂਕਿ, ਅਸਾਮ ਦੀਆਂ ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ ਭਾਜਪਾ ਗਠਜੋੜ ਨੂੰ ਲੀਡ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ।

ਕੇਰਲ ਵਿੱਚ ਕੀ ਯੂਡੀਐਫ਼ ਦੀ ਹੋਵੇਗੀ ਵਾਪਸੀ?

140 ਸੀਟਾਂ ਵਾਲੀ ਕੇਰਲ ਵਿਧਾਨ ਸਭਾ ਵਿੱਚ ਲਗਾਤਾਰ 10 ਸਾਲਾਂ ਤੋਂ ਵਾਮ ਮੋਰਚਾ ਸੱਤਾ ਵਿੱਚ ਹੈ।

ਕੇਰਲ ਵਿਧਾਨ ਸਭਾ ਚੋਣਾਂ ਵਿੱਚ ਹੁਣ ਤੱਕ ਜ਼ਿਆਦਾਤਰ ਦੋ-ਤਰਫ਼ਾ ਮੁਕਾਬਲੇ ਵੇਖਣ ਨੂੰ ਮਿਲੇ ਹਨ।

ਐਗਜ਼ਿਟ ਪੋਲਾਂ ਵਿੱਚ ਵੀ ਸੱਤਾਧਾਰੀ ਐਲਡੀਐਫ਼ ਅਤੇ ਵਿਰੋਧੀ ਯੂਡੀਐਫ਼ ਵਿਚਕਾਰ ਮੁਕਾਬਲਾ ਦਿਖਾਇਆ ਗਿਆ ਹੈ ਜਦਕਿ ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ ਯੂਡੀਐਫ਼ ਨੂੰ ਲੀਡ ਮਿਲਣ ਦਾ ਅਨੁਮਾਨ ਹੈ।

ਹਾਲਾਂਕਿ ਚੋਣਾਂ ਤੋਂ ਪਹਿਲਾਂ ਸਿਆਸੀ ਵਿਸ਼ਲੇਸ਼ਕਾਂ ਦਾ ਅਨੁਮਾਨ ਸੀ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਇੱਕ ਮਜ਼ਬੂਤ 'ਤ੍ਰਿਕੋਣੀ ਮੁਕਾਬਲਾ' ਹੋ ਸਕਦਾ ਹੈ।

ਪਿਛਲੇ 10 ਸਾਲਾਂ ਤੋਂ ਕੇਰਲ ਦੀ ਸੱਤਾ ਸੰਭਾਲ ਰਹੀ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਐਮ) ਦੀ ਅਗਵਾਈ ਵਾਲੇ ਵਾਮ ਲੋਕਤੰਤਰਿਕ ਮੋਰਚੇ (ਐਲਡੀਐਫ਼) ਅਤੇ ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕ੍ਰੈਟਿਕ ਫਰੰਟ (ਯੂਡੀਐਫ਼) ਤੋਂ ਇਲਾਵਾ, ਇਸ ਚੋਣ ਵਿੱਚ ਭਾਜਪਾ ਦੀ ਅਗਵਾਈ ਵਾਲਾ ਰਾਸ਼ਟਰੀ ਲੋਕਤੰਤਰਿਕ ਗਠਜੋੜ (ਐਨਡੀਏ) ਵੀ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰਿਆ ਸੀ।

ਤਾਮਿਲਨਾਡੂ ਵਿੱਚ ਕੀ ਡੀਐਮਕੇ ਬਰਕਰਾਰ ਰੱਖੇਗੀ ਸਰਕਾਰ?

ਤਾਮਿਲਨਾਡੂ ਵਿਧਾਨ ਸਭਾ ਚੋਣਾਂ

ਤਸਵੀਰ ਸਰੋਤ, Riya Mariyam R/NurPhoto via Getty Images

ਤਸਵੀਰ ਕੈਪਸ਼ਨ, ਜ਼ਿਆਦਾਤਰ ਐਗਜ਼ਿਟ ਪੋਲਾਂ ਨੇ ਤਾਮਿਲਨਾਡੂ ਵਿੱਚ ਡੀਐਮਕੇ ਗਠਜੋੜ ਨੂੰ ਲੀਡ ਮਿਲਣ ਦਾ ਅਨੁਮਾਨ ਲਗਾਇਆ ਹੈ

ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਡੀਐਮਕੇ ਅਤੇ ਏਆਈਏਡੀਐਮਕੇ ਗਠਜੋੜ ਤੋਂ ਇਲਾਵਾ ਤੀਜੇ ਦਲ ਨੇ ਵੀ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਈ ਹੈ।

ਇਹ ਦਲ ਤਮਿਲ ਸਿਨੇਮਾ ਦੇ ਜਾਣੇ-ਪਛਾਣੇ ਅਦਾਕਾਰ ਵਿਜੈ ਦਾ ਟੀਵੀਕੇ ਹੈ।

ਤਾਮਿਲਨਾਡੂ ਵਿਧਾਨ ਸਭਾ ਦੀਆਂ 234 ਸੀਟਾਂ 'ਤੇ ਇੱਕ ਪੜਾਅ ਵਿੱਚ 23 ਅਪ੍ਰੈਲ ਨੂੰ ਵੋਟਿੰਗ ਹੋਈ ਸੀ। ਇੱਥੇ ਬਹੁਮਤ ਦਾ ਅੰਕੜਾ 118 ਹੈ।

ਜ਼ਿਆਦਾਤਰ ਐਗਜ਼ਿਟ ਪੋਲਾਂ ਨੇ ਤਾਮਿਲਨਾਡੂ ਵਿੱਚ ਡੀਐਮਕੇ ਗਠਜੋੜ ਨੂੰ ਲੀਡ ਮਿਲਣ ਦਾ ਅਨੁਮਾਨ ਲਗਾਇਆ ਹੈ।

ਹਾਲਾਂਕਿ, ਐਕਸਿਸ ਮਾਈ ਇੰਡੀਆ ਵਰਗੇ ਐਗਜ਼ਿਟ ਪੋਲਾਂ ਮੁਤਾਬਕ, ਡੀਐਮਕੇ ਗਠਜੋੜ ਅਤੇ ਟੀਵੀਕੇ ਵਿਚਕਾਰ ਚੰਗਾ ਮੁਕਾਬਲਾ ਰਹੇਗਾ।

ਪੁਡੂਚੇਰੀ ਵਿੱਚ ਕਿਸ ਦੀ ਸਰਕਾਰ?

ਪਿਛਲੇ ਮਹੀਨੇ ਚਾਰ ਸੂਬਿਆਂ ਦੇ ਨਾਲ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿੱਚ ਵੀ ਵੋਟਾਂ ਪਈਆਂ।

ਪੁਡੂਚੇਰੀ ਵਿੱਚ ਪਹਿਲਾਂ ਤੋਂ ਹੀ ਭਾਜਪਾ ਦੀ ਅਗਵਾਈ ਵਾਲਾ ਗਠਜੋੜ ਸੱਤਾ ਵਿੱਚ ਹੈ।

ਪੁਡੂਚੇਰੀ ਵਿਧਾਨ ਸਭਾ ਦੀਆਂ 30 ਸੀਟਾਂ ਲਈ ਬਹੁਮਤ ਦਾ ਅੰਕੜਾ 16 ਹੈ। ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ ਭਾਜਪਾ ਗਠਜੋੜ ਨੂੰ ਹੀ ਮਜ਼ਬੂਤੀ ਦਾ ਅੰਦਾਜ਼ਾ ਲਗਾਇਆ ਗਿਆ ਹੈ।

(ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਰੁਝਾਨ ਤੇ ਨਤੀਜੇ ਲਗਾਤਾਰ ਬਦਲ ਰਹੇ ਹਨ।)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)