ਭਾਜਪਾ 'ਚ ਗਏ 'ਆਪ' ਸੰਸਦ ਮੈਂਬਰਾਂ ਦਾ ਭਗਵੰਤ ਮਾਨ ਤੇ ਪੰਜਾਬ ਚੋਣਾਂ 'ਤੇ ਕੀ ਅਸਰ ਪੈ ਸਕਦਾ ਹੈ? ਮਾਹਰਾਂ ਦੀ ਰਾਏ

ਰਾਘਵ ਚੱਢਾ ਅਤੇ ਭਗਵੰਤ ਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 24 ਅਪ੍ਰੈਲ ਨੂੰ ਇਨ੍ਹਾਂ ਸੱਤਾਂ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਸੀ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ
    • ਲੇਖਕ, ਰਾਹੁਲ ਕਾਲਾ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 6 ਮਿੰਟ

ਰਾਜ ਸਭਾ ਦੇ ਚੇਅਰਮੈਨ ਸੀਪੀ ਰਾਧਾਕ੍ਰਿਸ਼ਨਨ ਨੇ ਸੋਮਵਾਰ, 27 ਅਪ੍ਰੈਲ ਨੂੰ ਅਧਿਕਾਰਤ ਤੌਰ 'ਤੇ ਆਮ ਆਦਮੀ ਪਾਰਟੀ ਦੇ ਸੱਤ ਸੰਸਦ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਨ੍ਹਾਂ ਵਿੱਚ ਰਾਘਵ ਚੱਢਾ, ਅਸ਼ੋਕ ਮਿੱਤਲ, ਹਰਭਜਨ ਸਿੰਘ, ਸੰਦੀਪ ਪਾਠਕ, ਵਿਕਰਮਜੀਤ ਸਾਹਨੀ, ਸਵਾਤੀ ਮਾਲੀਵਾਲ ਅਤੇ ਰਾਜਿੰਦਰ ਗੁਪਤਾ ਦੇ ਨਾਮ ਸ਼ਾਮਲ ਹਨ, ਜੋ ਹੁਣ ਰਾਜ ਸਭਾ ਵਿੱਚ ਭਾਜਪਾ ਦੇ ਮੈਂਬਰ ਬਣ ਗਏ ਹਨ।

24 ਅਪ੍ਰੈਲ ਨੂੰ ਇਨ੍ਹਾਂ ਸੱਤਾਂ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਸੀ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ। ਪਾਰਟੀ ਛੱਡਣ ਵਾਲੇ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ 'ਆਪ' ਦੀ ਅੰਦਰੂਨੀ ਫੁੱਟ ਅਤੇ ਸੀਨੀਅਰ ਲੀਡਰਸ਼ਿਪ ਵੱਲੋਂ ਆਗੂਆਂ ਨੂੰ ਨਜ਼ਰਅੰਦਾਜ਼ ਕਰਨ ਦੇ ਇਲਜ਼ਾਮ ਲਗਾਏ ਸਨ।

ਸੀਨੀਅਰ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਸਿਆਸੀ ਮਾਹਰ ਆਮ ਆਦਮੀ ਪਾਰਟੀ ਵਿੱਚ ਸਭ ਤੋਂ ਵੱਡੇ ਚਿਹਰੇ ਅਰਵਿੰਦ ਕੇਜਰੀਵਾਲ ਤੋਂ ਬਾਅਦ ਭਗਵੰਤ ਮਾਨ ਨੂੰ ਮੰਨਦੇ ਹਨ, ਕਿਉਂਕਿ ਭਗਵੰਤ ਮਾਨ ਮੌਜੂਦਾ ਮੁੱਖ ਮੰਤਰੀ ਹਨ।

ਅਜਿਹੇ ਵਿੱਚ ਲੀਡਰਸ਼ਿਪ 'ਤੇ ਆਪਣੇ ਹੀ ਕੁਝ ਲੀਡਰਾਂ ਨੂੰ ਅਣਗੌਲਿਆ ਕਰਨ ਦੇ ਜੋ ਇਲਜ਼ਾਮ ਹੁਣ ਲਗਾਏ ਜਾ ਰਹੇ ਹਨ, ਉਨ੍ਹਾਂ ਦਾ ਸਿਆਸੀ ਤੌਰ 'ਤੇ ਕੀ ਅਸਰ ਪਵੇਗਾ? ਆਮ ਆਦਮੀ ਪਾਰਟੀ ਕੀ ਇਸ ਨੂੰ ਸੰਤੁਲਿਤ ਕਰ ਵੀ ਸਕੇਗੀ ਜਾਂ ਹੋਰ ਉਥਲ-ਪੁਥਲ ਹੋਵੇਗੀ? ਇਸ ਲੇਖ ਰਾਹੀਂ ਜਾਣਦੇ ਹਾਂ ਕਿ ਇਸ ਬਾਰੇ ਮਾਹਰਾਂ ਦੀ ਕੀ ਰਾਏ ਹੈ।

ਕੀ ਇਸ ਘਟਨਾਕਰਮ ਦਾ ਅਸਰ ਵਿਧਾਨ ਸਭਾ ਚੋਣਾਂ 'ਤੇ ਪਵੇਗਾ?

ਸਿਆਸੀ ਮਾਮਲਿਆਂ ਦੇ ਮਾਹਰ ਪ੍ਰੋਫੈਸਰ ਮੁਹੰਮਦ ਖ਼ਾਲਿਦ ਕਹਿੰਦੇ ਹਨ ਕਿ ਇਸ ਬਗ਼ਾਵਤ ਦਾ ਅਸਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੇਖਣ ਨੂੰ ਮਿਲੇਗਾ।

ਮੁਹੰਮਦ ਖਾਲਿਦ ਕਹਿੰਦੇ ਹਨ, "ਦਲ ਬਦਲਣ ਵਾਲਿਆਂ ਤੋਂ ਬਾਅਦ ਹੁਣ ਜੋ 'ਆਪ' ਵਿੱਚ ਰਹਿ ਗਏ ਹਨ, ਖ਼ਾਸ ਕਰਕੇ ਪੰਜਾਬ ਦੀ ਲੀਡਰਸ਼ਿਪ ਵਿੱਚ, ਲੋਕ ਵੋਟਾਂ ਵੇਲੇ ਉਨ੍ਹਾਂ ਤੋਂ ਇਹ ਸਵਾਲ ਕਰਨਗੇ ਕਿ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਹੀ ਦਲ ਬਦਲ ਲੈਂਦੇ ਹਨ ਤਾਂ ਅਸੀਂ ਇਨ੍ਹਾਂ ਦੇ ਐੱਮਐਲਏ ਜਾਂ ਐੱਮਪੀ ਨੂੰ ਕਿਉਂ ਜਿਤਾਈਏ?"

ਉਹ ਕਹਿੰਦੇ ਹਨ, "ਆਮ ਆਦਮੀ ਪਾਰਟੀ ਨੇ ਪੰਜਾਬ ਦੇ ਨਾਲ ਸਭ ਤੋਂ ਵੱਡਾ ਧੋਖਾ ਕੀਤਾ ਜਾਂ ਉਨ੍ਹਾਂ ਤੋਂ ਵੱਡੀ ਰਾਜਨੀਤਕ ਭੁੱਲ ਹੋਈ ਹੈ ਕਿ ਅਜਿਹੇ ਬੰਦੇ ਸੰਸਦ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਭੇਜੇ ਜਿਨ੍ਹਾਂ ਦਾ ਪੰਜਾਬ ਦੇ ਮੁੱਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਿਹੜੇ ਵੀ ਨੁਮਾਇੰਦੇ ਉੱਥੇ ਭੇਜੇ ਹਨ, ਉਨ੍ਹਾਂ ਵਿੱਚ ਬਿਜਨਸਮੈਨ ਜਾਂ ਫਿਰ ਦਿੱਲੀ ਵਿੱਚ ਰਹਿੰਦੇ ਸਿਆਸੀ ਚਿਹਰੇ ਸ਼ਾਮਲ ਸਨ।"

ਮੁਹੰਮਦ ਖਾਲਿਦ

ਸਿਆਸੀ ਮਾਮਲਿਆਂ ਦੇ ਮਾਹਰ ਜਗਰੂਪ ਸਿੰਘ ਸੇਖੋਂ ਨੇ ਫੋਨ 'ਤੇ ਗੱਲ ਕਰਦਿਆਂ ਬੀਬੀਸੀ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਨਾ ਮਜ਼ਬੂਤ ਢਾਂਚਾ ਹੈ ਅਤੇ ਨਾ ਹੀ ਵਧੀਆ ਲੀਡਰਸ਼ਿਪ।

ਉਹ ਕਹਿੰਦੇ ਹਨ, "ਉਨ੍ਹਾਂ ਦੇ ਵਿਧਾਇਕ ਪਹਿਲਾਂ ਹੀ ਕਿਸੇ ਨਾ ਕਿਸੇ ਵਿਵਾਦ ਵਿੱਚ ਫਸੇ ਰਹਿੰਦੇ ਹਨ। ਇਸ ਲਈ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ 'ਆਪ' ਇਸ ਸਿਆਸੀ ਖ਼ਤਰੇ ਨੂੰ ਸੰਭਾਲ ਵੀ ਸਕੇਗੀ ਜਾਂ ਨਹੀਂ।"

"ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪਾਰਟੀ ਕੋਲ ਮਜ਼ਬੂਤ ਢਾਂਚਾ ਅਤੇ ਮਜ਼ਬੂਤ ਸਿਆਸੀ ਜਥੇਬੰਦੀ ਹੋਣੀ ਚਾਹੀਦੀ ਹੈ।"

ਸਿਆਸੀ ਮਾਹਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਵੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ 'ਤੇ ਸਵਾਲ ਖੜ੍ਹੇ ਕੀਤੇ ਹਨ।

ਉਨ੍ਹਾਂ ਨੇ ਕਿਹਾ, "ਅਜਿਹਾ ਲੱਗਦਾ ਹੈ ਜਿਵੇਂ ਇਹ ਇੱਕ ਪਾਰਟੀ ਨਹੀਂ, ਸਗੋਂ ਸਿਰਫ਼ ਇੱਕ ਇਕੱਠ ਹੋਵੇ। ਜੋ ਰਾਜ ਸਭਾ ਦੇ ਮੈਂਬਰ ਪਾਰਟੀ ਛੱਡ ਕੇ ਗਏ ਹਨ, ਉਨ੍ਹਾਂ ਤੋਂ ਹੀ ਪਤਾ ਲੱਗਦਾ ਹੈ ਕਿ ਪਾਰਟੀ ਦੇ ਅੰਦਰੂਨੀ ਹਾਲਾਤ ਕੀ ਹਨ।"

ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਜਦੋਂ ਬਗ਼ਾਵਤ ਹੋਈ ਸੀ, ਉਸ ਸਮੇਂ ਬਾਰੇ ਗੱਲ ਕਰਦਿਆਂ ਪ੍ਰੋਫੈਸਰ ਖ਼ਾਲਿਦ ਕਹਿੰਦੇ ਹਨ, "ਉਹ ਸਮਾਂ ਵੱਖਰਾ ਸੀ ਕਿਉਂਕਿ ਕਾਂਗਰਸ ਕੋਲ ਇੱਕ ਤੋਂ ਇੱਕ ਵੱਡੇ ਚਿਹਰੇ ਸਨ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਵੀ ਬਦਲ ਲਿਆ ਸੀ।"

"ਪਰ ਅੱਜ ਦੇ ਹਾਲਾਤ ਵੱਖਰੇ ਹਨ ਕਿਉਂਕਿ 'ਆਪ' ਵਿੱਚ ਅਜੇ ਤੱਕ ਵਿਧਾਇਕਾਂ ਦੀ ਕੋਈ ਵਿਰੋਧੀ ਆਵਾਜ਼ ਵੱਡੇ ਪੱਧਰ 'ਤੇ ਸਾਹਮਣੇ ਨਹੀਂ ਆਈ ਹੈ।"

ਰਾਘਵ ਚੱਢਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਦੀਪ ਪਾਠਕ, ਰਾਘਵ ਚੱਢਾ ਅਤੇ ਅਸ਼ੋਕ ਮਿੱਤਲ ਨੇ ਪ੍ਰੈਸ ਕਾਨਫਰੰਸ ਕਰ 'ਆਪ' ਛੱਡਣ ਦਾ ਐਲਾਨ ਕੀਤਾ ਸੀ।

2027 'ਚ ਕੌਣ ਪਵੇਗਾ ਭਾਰੀ?

ਸਿਆਸੀ ਮਾਹਰ ਜਗਰੂਪ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਜਾਣ ਨਾਲ ਸਭ ਤੋਂ ਵੱਡਾ ਲਾਭ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋਇਆ ਹੈ।

ਉਨ੍ਹਾਂ ਦੇ ਮੁਤਾਬਕ ਪਾਰਟੀ ਵਿੱਚ ਹੁਣ ਭਗਵੰਤ ਮਾਨ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ।

ਉਨ੍ਹਾਂ ਨੇ ਕਿਹਾ, "ਇਨ੍ਹਾਂ ਆਗੂਆਂ ਦੇ ਜਾਣ ਨਾਲ 'ਆਪ' ਕੋਲ ਹੁਣ ਵੱਡੇ ਚਿਹਰੇ ਵੀ ਨਹੀਂ ਬਚੇ ਹਨ ਕਿਉਂਕਿ ਇਨ੍ਹਾਂ ਵਿਚੋਂ ਹੀ ਲੋਕ ਟਿਕਟ ਵੰਡਣ ਤੋਂ ਲੈ ਕੇ ਹੋਰ ਵੱਡੇ ਕੰਮ ਦੇਖਦੇ ਸਨ।"

ਜਗਰੂਪ ਸਿੰਘ ਦਾ ਕਹਿਣਾ ਹੈ, "ਆਮ ਆਦਮੀ ਪਾਰਟੀ ਨੇ 2027 ਲਈ ਭਾਜਪਾ ਲਈ ਜ਼ਮੀਨ ਤਿਆਰ ਕਰ ਦਿੱਤੀ ਹੈ ਅਤੇ ਹੁਣ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਕਾਰ ਹੀ ਦੇਖਣ ਨੂੰ ਮਿਲ ਸਕਦਾ ਹੈ। ਫਿਲਹਾਲ, 'ਆਪ' 2027 ਤੱਕ ਸਥਿਰ ਰਹੇਗੀ ਜਾਂ ਨਹੀਂ, ਇਹ ਸਪੱਸ਼ਟ ਨਹੀਂ ਹੈ।"

ਜਗਰੂਪ ਸਿੰਘ ਸੇਖੋਂ

ਸਾਹਨੀ ਨੇ ਕੀ ਲਾਏ ਸੀ ਇਲਜ਼ਾਮ

ਰਾਜ ਸਭਾ ਮੈਂਬਰ ਰਾਘਵ ਚੱਢਾ, ਅਸ਼ੋਕ ਮਿੱਤਲ, ਹਰਭਜਨ ਸਿੰਘ, ਸੰਦੀਪ ਪਾਠਕ, ਵਿਕਰਮਜੀਤ ਸਾਹਨੀ, ਸਵਾਤੀ ਮਾਲੀਵਾਲ ਅਤੇ ਰਾਜਿੰਦਰ ਗੁਪਤਾ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ 'ਗ਼ੱਦਾਰ' ਦੱਸਿਆ ਹੈ।

ਇਨ੍ਹਾਂ ਵਿੱਚੋਂ ਕਈ ਆਗੂਆਂ ਦੇ ਘਰਾਂ ਬਾਹਰ 'ਆਪ' ਵਰਕਰਾਂ ਨੇ ਪ੍ਰਦਰਸ਼ਨ ਵੀ ਕੀਤੇ ਸਨ।

ਭਾਜਪਾ ਵਿੱਚ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਨ੍ਹਾਂ ਆਗੂਆਂ ਦੀ ਪੰਜਾਬ ਪੁਲਿਸ ਸੁਰੱਖਿਆ ਹਟਾ ਲਈ ਸੀ, ਜਿਸ 'ਤੇ ਵਿਰੋਧੀ ਪਾਰਟੀਆਂ ਨੇ ਇਤਰਾਜ਼ ਜਤਾਇਆ ਸੀ।

ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਬਿਨ੍ਹਾਂ ਸਮੀਖਿਆ ਕੀਤੇ ਸੁਰੱਖਿਆ ਹਟਾਉਣਾ ਗ਼ਲਤ ਫ਼ੈਸਲਾ ਹੈ। ਬਾਅਦ ਵਿੱਚ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਸੀਆਰਪੀਐੱਫ਼ ਸੁਰੱਖਿਆ ਦੇ ਦਿੱਤੀ ਸੀ।

ਜਦੋਂ ਇਹ ਸਾਰੇ ਘਟਨਾਕ੍ਰਮ ਵਾਪਰ ਰਹੇ ਸਨ, ਉਸ ਸਮੇਂ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ 'ਤੇ ਅਣਗੌਲਿਆ ਕਰਨ ਦੇ ਇਲਜ਼ਾਮ ਲਗਾਏ ਸਨ।

ਨਿਊਜ਼ ਏਜੰਸੀ ਪੀਟੀਆਈ ਨੂੰ ਦਿੱਤੇ ਬਿਆਨ ਵਿੱਚ ਸਾਹਨੀ ਨੇ ਕਿਹਾ ਸੀ ਕਿ ਦਿੱਲੀ ਚੋਣਾਂ ਵਿੱਚ ਹਾਰ ਤੋਂ ਬਾਅਦ ਪਾਰਟੀ ਅੰਦਰ ਇੱਕ 'ਨਵੀਂ ਟੀਮ' ਦਾ ਪ੍ਰਭਾਵ ਵਧ ਗਿਆ ਸੀ।

ਸਾਹਨੀ ਨੇ ਇਲਜ਼ਾਮ ਲਗਾਇਆ ਕਿ ਪਾਰਟੀ ਦੇ ਅੰਦਰੂਨੀ ਹਾਲਾਤ ਅਜਿਹੇ ਬਣ ਗਏ ਸਨ ਕਿ ਉਹ ਸੰਸਦ ਮੈਂਬਰ ਹੋਣ ਦੇ ਬਾਵਜੂਦ ਪੰਜਾਬ ਦੇ ਮੁੱਦਿਆਂ 'ਤੇ ਉਸ ਤਰ੍ਹਾਂ ਕੰਮ ਨਹੀਂ ਕਰ ਸਕੇ, ਜਿਵੇਂ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ।

ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਹੋਰ ਸੰਸਦ ਮੈਂਬਰਾਂ ਨਾਲ ਗੱਲ ਕੀਤੀ, ਤਾਂ ਪਤਾ ਲੱਗਾ ਕਿ ਲਗਭਗ ਹਰ ਕੋਈ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰ ਰਿਹਾ ਸੀ। ਇਹੀ ਮੁੱਖ ਕਾਰਨ ਸੀ ਕਿ ਸੱਤ ਸੰਸਦ ਮੈਂਬਰਾਂ ਨੇ ਇਕੱਠੇ ਪਾਰਟੀ ਛੱਡਣ ਦਾ ਫ਼ੈਸਲਾ ਕੀਤਾ।

ਨੀਲ ਗਰਗ

ਕੀ 'ਆਪ' ਦੇ ਵਿਧਾਇਕ ਵੀ ਭਾਜਪਾ ਦੇ ਸੰਪਰਕ 'ਚ

ਬੀਬੀਸੀ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਤੋਂ ਇਨ੍ਹਾਂ ਇਲਜ਼ਾਮਾਂ ਬਾਰੇ ਸਵਾਲ ਕੀਤਾ, ਤਾਂ ਉਨ੍ਹਾਂ ਨੇ ਕਿਹਾ ਕਿ ਸੱਤੇ ਸੰਸਦ ਮੈਂਬਰ ਆਪਣੇ ਨਿੱਜੀ ਫਾਇਦੇ ਲਈ ਭਾਜਪਾ ਵਿੱਚ ਗਏ ਹਨ।

ਨੀਲ ਗਰਗ ਨੇ ਕਿਹਾ, "ਆਮ ਆਦਮੀ ਪਾਰਟੀ ਨੇ ਇਨ੍ਹਾਂ ਆਗੂਆਂ ਨੂੰ ਮਾਣ-ਸਨਮਾਨ ਦਿੱਤਾ ਅਤੇ ਵੱਡੇ ਮੰਚ ਮੁਹੱਈਆ ਕਰਵਾਏ, ਪਰ ਬਦਲੇ ਵਿੱਚ ਉਨ੍ਹਾਂ ਨੇ ਪਾਰਟੀ ਨਾਲ ਧੋਖਾ ਕੀਤਾ ਹੈ। ਜਨਤਾ ਇਨ੍ਹਾਂ ਮੌਕਾਪ੍ਰਸਤ ਆਗੂਆਂ ਨੂੰ ਕਦੇ ਮੁਆਫ਼ ਨਹੀਂ ਕਰੇਗੀ।"

ਜਦੋਂ ਨੀਲ ਗਰਗ ਤੋਂ ਇਹ ਪੁੱਛਿਆ ਗਿਆ ਕਿ ਦਾਅਵੇ ਕੀਤਾ ਜਾ ਰਹੇ ਹਨ ਕੀ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਹਨ, ਤਾਂ ਉਨ੍ਹਾਂ ਨੇ ਕਿਹਾ, "ਇਹ ਸਿਰਫ਼ ਪਾਰਟੀ ਨੂੰ ਕਮਜ਼ੋਰ ਕਰਨ ਲਈ ਫੈਲਾਈ ਜਾ ਰਹੀ ਸਾਜ਼ਿਸ਼ ਹੈ ਅਤੇ ਅਜਿਹਾ ਕੁਝ ਵੀ ਨਹੀਂ ਹੈ। ਸਾਰੇ ਵਿਧਾਇਕ ਪਾਰਟੀ ਨਾਲ ਖੜ੍ਹੇ ਹਨ।"

ਆਨੰਦਪੁਰ ਸਾਹਿਬ ਤੋਂ 'ਆਪ' ਦੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪਾਰਟੀ ਛੱਡਣ ਵਾਲੇ ਆਗੂਆਂ ਨੇ ਇਹ ਕਦਮ ਲੋਕ ਹਿੱਤ ਵਿੱਚ ਨਹੀਂ, ਸਗੋਂ ਆਪਣੇ ਨਿੱਜੀ ਫਾਇਦੇ ਲਈ ਚੁੱਕਿਆ ਹੈ।

ਬਾਗ਼ੀ ਆਗੂਆਂ ਦੇ ਦਲ-ਬਦਲਣ ਦੇ ਕਾਰਨਾਂ 'ਤੇ ਸਵਾਲ ਉਠਾਉਂਦਿਆਂ ਕੰਗ ਨੇ ਕਿਹਾ, "ਇਹ ਆਗੂ ਈਡੀ ਅਤੇ ਹੋਰ ਕੇਂਦਰੀ ਏਜੰਸੀਆਂ ਦੀ ਜਾਂਚ ਤੋਂ ਡਰ ਗਏ ਸਨ। ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਬਣਾਏ ਜਾ ਰਹੇ ਦਬਾਅ ਅੱਗੇ ਇਨ੍ਹਾਂ ਆਗੂਆਂ ਨੇ ਗੋਡੇ ਟੇਕ ਦਿੱਤੇ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)