ਕੌਣ ਸੀ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਜਿਸ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ, ਪੁਲਿਸ ਨੇ ਹੁਣ ਤੱਕ ਕੀ ਦੱਸਿਆ

ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 9 ਮਿੰਟ

ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾ ਰਹੇ ਕੁਝ ਵੀਡੀਓਜ਼ ਵਿੱਚ ਉਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸੜਕ 'ਤੇ ਦੇਖੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ।

ਪੁਲਿਸ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਮੈਡ ਸੰਧੂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਮੈਡ ਸੰਧੂ ਸੋਸ਼ਲ ਮੀਡੀਆ ਇੰਫਲੂਐਂਸਰ ਹੋਣ ਦੇ ਨਾਲ-ਨਾਲ ਕੁਝ ਫ਼ਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ।

ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਸੋਸ਼ਲ ਮੀਡੀਆ ਇੰਫਲੂਐਂਸਰਾਂ ਨੂੰ ਧਮਕੀਆਂ ਅਤੇ ਉਨ੍ਹਾਂ 'ਤੇ ਹਮਲਿਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

ਪੁਲਿਸ ਨੇ ਕੀ ਦੱਸਿਆ

ਅੰਮ੍ਰਿਤਸਰ ਕਮਿਸ਼ਨਰੇਟ ਦੇ ਡੀਸੀਪੀ (ਜਾਂਚ) ਪ੍ਰਭਜੋਤ ਸਿੰਘ ਵਿਰਕ
ਤਸਵੀਰ ਕੈਪਸ਼ਨ, ਅੰਮ੍ਰਿਤਸਰ ਕਮਿਸ਼ਨਰੇਟ ਦੇ ਡੀਸੀਪੀ (ਜਾਂਚ) ਪ੍ਰਭਜੋਤ ਸਿੰਘ ਵਿਰਕ

ਅੰਮ੍ਰਿਤਸਰ ਕਮਿਸ਼ਨਰੇਟ ਦੇ ਡੀਸੀਪੀ (ਜਾਂਚ) ਪ੍ਰਭਜੋਤ ਸਿੰਘ ਵਿਰਕ ਨੇ ਸਮਾਚਾਰ ਏਜੰਸੀ ਏਐੱਨਆਈ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, "ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦੀ ਲੁਹਾਰਕਾ ਰੋਡ 'ਤੇ ਦੋ ਗੋਲ਼ੀਆਂ ਲੱਗਣ ਨਾਲ ਮੌਤ ਹੋ ਗਈ ਹੈ। ਜਾਂਚ ਅਜੇ ਸ਼ੁਰੂਆਤੀ ਦੌਰ ਵਿੱਚ ਹੈ। ਫਿਲਹਾਲ ਅਸੀਂ ਇੰਨਾ ਹੀ ਕਹਿ ਸਕਦੇ ਹਾਂ ਕਿ ਸਾਨੂੰ ਕੁਝ ਸੁਰਾਗ ਮਿਲੇ ਹਨ ਅਤੇ ਅਸੀਂ ਜਲਦ ਹੀ ਇਸ ਮਾਮਲੇ ਨੂੰ ਸੁਲਝਾ ਲਵਾਂਗੇ।''

''ਅਜੇ ਤੱਕ ਇਹੀ ਸਾਹਮਣੇ ਆ ਰਿਹਾ ਹੈ ਕਿ ਦੋ ਗੋਲ਼ੀਆਂ ਚਲਾਈਆਂ ਗਈਆਂ ਸਨ।''

''ਅਸੀਂ ਉਨ੍ਹਾਂ ਦੇ (ਪਰਿਵਾਰ ਦੇ) ਬਿਆਨ ਦਰਜ ਕਰ ਲਏ ਹਨ, ਐਫਆਈਆਰ ਦਰਜ ਕਰ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।"

ਇਸ ਤੋਂ ਪਹਿਲਾਂ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਏਡੀਸੀਪੀ ਸਿਟੀ 2 ਨੇ ਦੱਸਿਆ ਕਿ ਹਮਲਾ ਲੁਹਾਰਕਾ ਰੋਡ ਇਲਾਕੇ ਵਿੱਚ ਲਗਭਗ ਸ਼ਾਮ ਨੂੰ 6 ਵਜੇ ਹੋਇਆ ਸੀ।

ਉਨ੍ਹਾਂ ਦੱਸਿਆ, ''ਦੋ ਮੋਟਰਸਾਈਕਲ ਸਵਾਰਾਂ ਨੇ ਮੀਡੀਆ ਇਨਫਲੂਐਂਸਰ ਮੈਡ ਸੰਧੂ 'ਤੇ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਹਮਲੇ ਤੋਂ ਬਾਅਦ ਅਮੀਦ ਸੰਧੂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ ਹੈ।''

ਸੂਬਾ ਸਰਕਾਰ 'ਤੇ ਨਿਸ਼ਾਨਾ

ਭਾਜਪਾ ਦੇ ਸੰਸਦ ਮੈਂਬਰ ਤਰੁਣ ਚੁੱਘ
ਤਸਵੀਰ ਕੈਪਸ਼ਨ, ਭਾਜਪਾ ਦੇ ਸੰਸਦ ਮੈਂਬਰ ਤਰੁਣ ਚੁੱਘ ਨੇ ਕਿਹਾ, ਜਨਤਾ ਯਕੀਨੀ ਤੌਰ 'ਤੇ ਇਸ ਅਰਾਜਕਤਾ ਲਈ ਪੰਜਾਬ ਸਰਕਾਰ ਨੂੰ ਜਵਾਬਦੇਹ ਠਹਿਰਾਏਗੀ

ਭਾਜਪਾ ਦੇ ਸੰਸਦ ਮੈਂਬਰ ਤਰੁਣ ਚੁੱਘ ਨੇ ਲਿਖਿਆ, ''ਅੰਮ੍ਰਿਤਸਰ ਵਿੱਚ ਦਿਨ-ਦਿਹਾੜੇ ਹੋਇਆ ਮੈਡ ਸੰਧੂ ਦਾ ਕਤਲ ਬੇਹੱਦ ਦੁਖਦਾਈ ਅਤੇ ਦਿਲ ਦਹਿਲਾ ਦੇਣ ਵਾਲਾ ਹੈ।''

ਉਨ੍ਹਾਂ ਕਿਹਾ, ''ਇਸ ਘਟਨਾ ਨੇ ਇੱਕ ਵਾਰ ਫਿਰ 'ਆਪ' ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰ ਦਿੱਤਾ ਹੈ ਅਤੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਨੂੰ ਅਪਰਾਧੀਆਂ ਅਤੇ ਮਾਫ਼ੀਆ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੰਜਾਬ ਦੇ ਨੌਜਵਾਨ ਸੁਰੱਖਿਅਤ ਨਹੀਂ ਹਨ ਅਤੇ ਪੂਰੇ ਸੂਬੇ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ, ਆਏ ਦਿਨ ਕਤਲ ਹੋ ਰਹੇ ਹਨ! ਗੁਰੂ ਦੋਖੀ ਭਗਵੰਤ ਮਾਨ ਨੇ ਆਪਣੀਆਂ ਸਿਆਸੀ ਨਾਕਾਮੀਆਂ ਕਾਰਨ ਸਾਡੇ ਖੁਸ਼ਹਾਲ ਪੰਜਾਬ ਨੂੰ 'ਕ੍ਰਾਈਮ ਕੈਪੀਟਲ' ਬਣਾ ਦਿੱਤਾ ਹੈ।''

''ਜਨਤਾ ਯਕੀਨੀ ਤੌਰ 'ਤੇ ਇਸ ਅਰਾਜਕਤਾ ਲਈ ਉਨ੍ਹਾਂ ਨੂੰ ਜਵਾਬਦੇਹ ਠਹਿਰਾਏਗੀ!''

ਭਾਜਪਾ ਦੇ ਕੌਮੀ ਬੁਲਾਰੇ ਅਤੇ ਸੁਪਰੀਮ ਕੋਰਟ ਦੇ ਵਕੀਲ ਜੈਵੀਰ ਸ਼ੇਰਗਿੱਲ ਨੇ ਆਪਣੇ ਐਕਸ ਅਕਾਊਂਟ 'ਤੇ ਲਿਖਿਆ, ''ਪੰਜਾਬ ਵਿੱਚ ਇੱਕ ਹੋਰ ਦਿਨ, ਇੱਕ ਹੋਰ ਕਤਲ!''

''ਅੰਮ੍ਰਿਤਸਰ ਵਿੱਚ ਮੇਕਅੱਪ ਆਰਟਿਸਟ ਦੀ ਗੋਲ਼ੀ ਮਾਰ ਕੇ ਹੱਤਿਆ!! ਸਵਾਲ ਸਿੱਧਾ ਹੈ - 'ਆਪ' ਸਰਕਾਰ ਨੂੰ ਜਗਾਉਣ ਲਈ ਹੋਰ ਕਿੰਨੇ ਮਰਨਗੇ?''

ਉਨ੍ਹਾਂ ਲਿਖਿਆ, ''ਪੰਜਾਬ ਵਿੱਚ ਮੌਤ ਦਾ ਨੰਗਾ ਨਾਚ ਜਾਰੀ ਹੈ, ਜਦਕਿ ਕੇਜਰੀਵਾਲ ਅਤੇ ਮਾਨ ਸੱਤਾ ਦੇ ਨਸ਼ੇ ਵਿੱਚ ਡੁੱਬੇ ਹੋਏ ਹਨ।''

ਕਾਂਗਰਸ ਆਗੂ ਅਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ
ਤਸਵੀਰ ਕੈਪਸ਼ਨ, ਕਾਂਗਰਸ ਆਗੂ ਅਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ

ਇਸ ਘਟਨਾ ਤੋਂ ਬਾਅਦ ਵੱਖ-ਵੱਖ ਸਿਆਸੀ ਆਗੂਆਂ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਲੈਕੇ ਸਰਕਾਰ 'ਤੇ ਸਵਾਲ ਚੁੱਕੇ ਹਨ।

ਕਾਂਗਰਸ ਆਗੂ ਅਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਐਕਸ 'ਤੇ ਲਿਖਿਆ, "ਇਹ ਸਿਰਫ਼ ਮੈਡ ਸੰਧੂ ਦਾ ਕਤਲ ਨਹੀਂ, ਸਗੋਂ ਕਾਨੂੰਨ-ਵਿਵਸਥਾ ਦਾ ਵੀ ਕਤਲ ਹੈ!"

ਉਨ੍ਹਾਂ ਅੱਗੇ ਲਿਖਿਆ, ''ਉਨ੍ਹਾਂ ਨੂੰ ਵਾਰ-ਵਾਰ ਦਿੱਤੀਆਂ ਗਈਆਂ ਕਥਿਤ ਧਮਕੀਆਂ ਨੂੰ ਉਦੋਂ ਤੱਕ ਨਜ਼ਰਅੰਦਾਜ਼ ਕੀਤਾ ਗਿਆ, ਜਦੋਂ ਤੱਕ ਬਹੁਤ ਦੇਰ ਨਹੀਂ ਹੋ ਗਈ।''

''ਮੈਂ ਤੁਰੰਤ ਗ੍ਰਿਫ਼ਤਾਰੀ, ਪੁਲਿਸ ਦੀ ਪਿਛਲੀ ਲਾਪਰਵਾਹੀ ਦੀ ਨਿਰਪੱਖ ਜਾਂਚ ਅਤੇ ਜਵਾਬਦੇਹੀ ਦੀ ਮੰਗ ਕਰਦਾ ਹਾਂ। ਲੁਹਾਰਕਾ ਰੋਡ 'ਤੇ 3 ਲੱਖ ਵਸਨੀਕਾਂ ਅਤੇ ਸਕੂਲਾਂ ਲਈ ਪੁਲਿਸ ਸਟੇਸ਼ਨ, ਸੀਸੀਟੀਵੀ, ਸਟ੍ਰੀਟ ਲਾਈਟਾਂ ਅਤੇ ਸੁਰੱਖਿਆ ਦੀ ਵੀ ਲੋੜ ਹੈ।''

ਕੌਣ ਸਨ ਮੈਡ ਸੰਧੂ

ਮੈਡ ਸੰਧੂ

ਮੈਡ ਸੰਧੂ ਪੰਜਾਬੀ ਸੋਸ਼ਲ ਮੀਡੀਆ 'ਤੇ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਹਨ।

ਉਨ੍ਹਾਂ ਦੇ ਇੰਸਟਾਗ੍ਰਾਮ ਪ੍ਰੋਫਾਈਲ 'ਤੇ 2 ਲੱਖ ਤੋਂ ਵੱਧ ਫਾਲੋਅਰਜ਼ ਹਨ। ਪ੍ਰੋਫ਼ਾਈਲ ਮੁਤਾਬਕ ਉਨ੍ਹਾਂ ਨੇ ਖੁਦ ਨੂੰ ਮੇਕਅੱਪ ਆਰਟਿਸਟ, ਐਂਟਰਪ੍ਰੇਨੇਓਰ, ਕਲਾਕਾਰ ਅਤੇ ਇਨਫਲੂਐਂਸਰ ਦੱਸਿਆ ਹੈ।

ਉਹ ਐੱਲਜੀਬੀਟੀਕਿਊ ਭਾਈਚਾਰੇ ਨਾਲ ਸਬੰਧਤ ਸਨ ਅਤੇ ਖੁੱਲ੍ਹ ਕੇ ਇਸ ਬਾਰੇ ਗੱਲ ਕਰਦੇ ਸਨ। ਉਨ੍ਹਾਂ ਨੇ ਕਈ ਇੰਟਰਵਿਊਜ਼ ਵਿੱਚ ਇਸ ਬਾਰੇ ਗੱਲ ਕੀਤੀ ਹੈ ਕਿ ਉਨ੍ਹਾਂ ਨੂੰ ਕੀ-ਕੀ ਮੁਸ਼ਕਿਲਾਂ ਆਈਆਂ ਤੇ ਕਿਵੇਂ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ।

ਕੁਝ ਮਹੀਨੇ ਪਹਿਲਾਂ ਇੱਕ ਵੀਡ਼ੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਕਥਿਤ ਨਿਹੰਗ ਸਿੰਘ ਮੈਡ ਸੰਧੂ ਨੂੰ ਧਮਕੀ ਦਿੰਦੇ ਨਜ਼ਰ ਆਉਂਦਾ ਹਨ ਅਤੇ ਮਿਲਣ ਦੀ ਗੱਲ ਕਰਦਾ ਹੈ।

ਐੱਲਜੀਬੀਟੀਕਿਊ ਭਾਈਚਾਰੇ ਬਾਰੇ ਉਹ ਆਪਣੇ ਵਿਚਾਰ ਵੀ ਖੁੱਲ੍ਹ ਕੇ ਰੱਖਦੇ ਰਹੇ ਹਨ। ਇੱਕ ਪੌਡਕਾਸਟ 'ਤੇ ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ ਕਿ ''ਇਹ ਕੋਈ ਮਾਨਸਿਕ ਵਿਗਾੜ ਨਹੀਂ ਹੈ।''

ਸ਼ੋਅ ਦੇ ਹੋਸਟ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਸੀ, ''ਗੇਅ ਮੈਰਿਜ ਭਾਰਤ 'ਚ ਕਾਨੂੰਨੀ ਹੈ, ਪਰ ਸਾਡੇ ਪੰਜਾਬ 'ਚ ਲੋਕ ਇਨ੍ਹਾਂ ਗੱਲਾਂ ਨੂੰ ਸਵੀਕਾਰ ਨਹੀਂ ਕਰ ਪਾਉਂਦੇ।''

ਉਨ੍ਹਾਂ ਕਿਹਾ ਸੀ, ''ਪਹਿਲਾਂ ਪ੍ਰੇਮ-ਵਿਆਹ ਜਾਂ ਅੰਤਰ-ਜਾਤੀ ਵਿਆਹ ਨਹੀਂ ਹੁੰਦੇ ਸੀ, ਪਰ ਹੁਣ ਲੋਕਾਂ ਨੇ ਉਨ੍ਹਾਂ ਨੂੰ ਸਵੇਰ ਕਰ ਲਿਆ ਹੈ ਤੇ ਹੌਲੀ-ਹੌਲੀ ਲੋਕ ਇਸਨੂੰ ਵੀ ਸਵੀਕਾਰ ਕਰ ਲੈਣਗੇ।''

ਉਨ੍ਹਾਂ ਕਿਹਾ ਸੀ, ''ਮੈਂ ਜੋ ਹਾਂ ਉਹੀ ਹਾਂ।''

ਮੈਡ ਸੰਧੂ

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ, 'ਮੈਡ ਸੰਧੂ' ਦਾ ਪੂਰਾ ਨਾਮ ਮਧੁਸੂਦਨ ਸੰਧੂ ਹੈ ਅਤੇ ਉਹ ਪੰਜਾਬ ਪੁਲਿਸ ਦੇ ਸੇਵਾਮੁਕਤ ਅਫ਼ਸਰ ਦੇ ਪੁੱਤਰ ਸਨ। ਆਪਣੇ ਫ਼ਾਲੋਅਰਜ਼ ਵਿਚ ਮੇਕਅੱਪ, ਫੈਸ਼ਨ ਅਤੇ ਪਛਾਣ ਨਾਲ ਜੁੜੀਆਂ ਗੱਲਾਂ ਬਾਰੇ ਖੁੱਲ੍ਹ ਕੇ ਗੱਲ ਕਰਦੇ ਸਨ।

ਅੰਮ੍ਰਿਤਸਰ ਦੇ ਰਹਿਣ ਵਾਲੇ ਮੈਡ ਸੰਧੂ ਨੇ ਆਨਲਾਈਨ ਵੱਡੀ ਫੈਨ ਫਾਲੋਇੰਗ ਬਣਾਉਣ ਤੋਂ ਪਹਿਲਾਂ ਫੈਸ਼ਨ ਅਤੇ ਕਾਸਟਿਊਮ ਡਿਜ਼ਾਈਨ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਫ਼ਾਲੋਅਰਜ਼ ਦੀ ਗਿਣਤੀ ਲਗਭਗ 2.26 ਲੱਖ ਤੱਕ ਪਹੁੰਚ ਗਈ ਸੀ ਅਤੇ ਉਨ੍ਹਾਂ ਨੇ ਪੰਜਾਬੀ ਫ਼ਿਲਮ 'ਓਏ ਭੋਲੇ ਓਏ' ਵਿੱਚ ਵੀ ਕੰਮ ਕੀਤਾ ਸੀ।

ਉਨ੍ਹਾਂ ਨੇ 'ਮੈਨ ਲੇਨ ਯੂਨੀਸੈਕਸ ਸੈਲੂਨ' ਦੀ ਸ਼ੁਰੂਆਤ ਕੀਤੀ ਅਤੇ ਬਿਊਟੀ ਟ੍ਰੇਨਿੰਗ ਵੀ ਦਿੱਤੀ, ਜਿਸ ਨਾਲ ਉਨ੍ਹਾਂ ਦੀਆਂ ਰਚਨਾਤਮਕ ਰੁਚੀਆਂ ਇੱਕ ਪੇਸ਼ੇ ਵਿੱਚ ਬਦਲ ਗਈਆਂ।

ਉਨ੍ਹਾਂ ਦੀ ਇਸ ਜਨਤਕ ਪਛਾਣ ਦੇ ਪਿੱਛੇ ਸਵੀਕਾਰ ਕੀਤੇ ਜਾਣ ਦਾ ਇੱਕ ਨਿੱਜੀ ਸੰਘਰਸ਼ ਵੀ ਸੀ। ਮੀਡੀਆ ਨੂੰ ਦਿੱਤੇ ਪੁਰਾਣੇ ਇੰਟਰਵਿਊ ਵਿੱਚ ਸੰਧੂ ਨੇ ਬਚਪਨ ਤੋਂ ਹੀ ਮੇਕਅੱਪ ਅਤੇ ਫੈਸ਼ਨ ਪ੍ਰਤੀ ਆਪਣੇ ਲਗਾਅ, ਆਪਣੀ ਮਾਂ ਦੇ ਹੌਸਲੇ ਅਤੇ ਘਰ ਤੋਂ ਬਾਹਰ ਲੋਕਾਂ ਵੱਲੋਂ ਕੀਤੇ ਜਾਂਦੇ ਮਜ਼ਾਕ ਦਾ ਜ਼ਿਕਰ ਕੀਤਾ ਸੀ।

ਉਨ੍ਹਾਂ ਨੇ ਦੱਸਿਆ ਕਿ ਦਿੱਲੀ ਵਿੱਚ ਪੜ੍ਹਾਈ ਦੌਰਾਨ ਉਨ੍ਹਾਂ ਨੂੰ ਵਧੇਰੇ ਸਵੀਕਾਰਤਾ ਮਿਲੀ ਅਤੇ ਬਾਅਦ ਵਿੱਚ ਆਪਣੇ ਕਰੀਅਰ ਲਈ ਪਰਿਵਾਰ ਦਾ ਵੀ ਸਾਥ ਮਿਲਿਆ।

ਗੇਅ (ਸਮਲਿੰਗੀ) ਹੋਣ ਕਾਰਨ ਉਨ੍ਹਾਂ ਨੂੰ ਹੋਮੋਫੋਬਿਕ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ, ਪਰ ਉਨ੍ਹਾਂ ਨੇ ਆਪਣੇ ਤਜਰਬਿਆਂ ਬਾਰੇ ਗੱਲ ਕਰਨੀ ਜਾਰੀ ਰੱਖੀ।

ਪੰਜਾਬ ਵਿੱਚ ਸੋਸ਼ਲ ਮੀਡੀਆ ਇੰਫਲੂਐਂਸਰਾਂ 'ਤੇ ਹਮਲੇ ਅਤੇ ਧਮਕੀਆਂ

ਕੰਚਨ ਕੁਮਾਰੀ ਉਰਫ਼ 'ਕਮਲ ਕੌਰ ਭਾਬੀ'
ਤਸਵੀਰ ਕੈਪਸ਼ਨ, ਪੁਲਿਸ ਨੂੰ ਭੁੱਚੋ ਹਲਕੇ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਇੱਕ ਕਾਰ 'ਚੋਂ ਕੰਚਨ ਕੁਮਾਰੀ ਦੀ ਲਾਸ਼ ਮਿਲੀ ਸੀ

26 ਅਗਸਤ 2026 ਨੂੰ ਖਰੜ ਇਲਾਕੇ ਦੇ ਰਹਿਣ ਵਾਲੇ ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਦੀ ਪੀਜੀਆਈ ਵਿੱਚ ਮੌਤ ਗਈ ਸੀ। ਉਹ ਇੱਕ ਮੇਕਅੱਪ ਕਲਾਕਾਰ ਸਨ ਅਤੇ ਸੋਸ਼ਲ ਮੀਡੀਆ ਉੱਤੇ ਮੇਕਅੱਪ ਅਤੇ ਗਾਣਿਆਂ 'ਤੇ ਵੀਡੀਓਜ਼ ਬਣਾ ਕੇ ਸ਼ੇਅਰ ਕਰਦੇ ਸਨ।

ਪਰਿਵਾਰ ਮੁਤਾਬਕ, ਮਨਜੀਤ ਨੂੰ ਚੰਡੀਗੜ੍ਹ ਤੋਂ ਅਗਵਾ ਕਰਕੇ ਸਾੜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਹ ਪਿਛਲੇ ਦੋ ਮਹੀਨੇ ਤੋਂ ਹਸਪਤਾਲ ਦਾਖਲ ਸਨ।

11 ਜੂਨ 2025 ਦੀ ਸ਼ਾਮ ਨੂੰ ਪੰਜਾਬ ਦੇ ਲੁਧਿਆਣਾ ਦੀ ਕੰਚਨ ਕੁਮਾਰੀ ਉਰਫ਼ 'ਕਮਲ ਕੌਰ ਭਾਬੀ' ਦੀ ਲਾਸ਼ ਬਠਿੰਡਾ ਦੇ ਭੁੱਚੋਂ ਕਲਾਂ ਕਸਬੇ ਵਿੱਚ ਪੈਂਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਇੱਕ ਗੱਡੀ ਵਿੱਚੋਂ ਬਰਾਮਦ ਹੋਈ ਸੀ।

'ਕਮਲ ਕੌਰ ਭਾਬੀ' ਸੋਸ਼ਲ ਮੀਡੀਆ ਉੱਤੇ ਜਿਸ ਤਰ੍ਹਾਂ ਦੇ ਵੀਡੀਓਜ਼ ਪਾਉਂਦੇ ਸਨ, ਉਸ ਕਾਰਨ ਉਨ੍ਹਾਂ ਨੂੰ ਪਿਛਲੇ ਸਮੇਂ ਦੌਰਾਨ ਧਮਕੀਆਂ ਮਿਲੀਆਂ ਸਨ।

ਇਸ ਮਾਮਲੇ ਵਿੱਚ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਦਕਿ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਫਰਾਰ ਹੋਣ ਦੀ ਗੱਲ ਆਖੀ ਸੀ।

ਇਸ ਤੋਂ ਬਾਅਦ ਕਈ ਹੋਰ ਸੋਸ਼ਲ ਮੀਡੀਆ ਇੰਫਲੂਐਂਸਰਾਂ ਜਿਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਦੀਪਿਕਾ ਲੂਥਰਾ, ਸਿਮਰਪ੍ਰੀਤ ਕੌਰ ਨੇ ਵੀ ਨਿਹੰਗ ਸਿੰਘਾਂ ਵੱਲੋਂ ਧਮਕੀਆਂ ਮਿਲਣ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਇਸ ਤੋਂ ਬਾਅਦ, ਪੇਂਡੂ ਜੱਟ ਰਿਕਾਰਡ ਨਾਮ ਦਾ ਸੋਸ਼ਲ ਮੀਡੀਆ ਅਕਾਊਂਟ ਚਲਾਉਣ ਵਾਲੇ ਤਿੰਨ ਨੌਜਵਾਨਾਂ ਨੇ ਵੀ ਮੁਆਫ਼ੀ ਮੰਗਣ ਵਾਲੇ ਵੀਡੀਓ ਸਾਂਝਾ ਕੀਤੇ।

ਉਨ੍ਹਾਂ ਆਪਣੇ ਇੰਸਟਾ ਅਕਾਊਂਟ ਉੱਤੇ ਵੀਡੀਓ ਪਾ ਕੇ ਕਿਹਾ ਕਿ ਉਹ ਸਵਿਕਾਰ ਸਕਦੇ ਹਨ ਕਿ ਉਨ੍ਹਾਂ ਵਲੋਂ ਪਾਈਆਂ ਗਈਆਂ ਵੀਡੀਓਜ਼ ਵਿੱਚ ਗਾਲ਼ਾਂ ਵਰਗੀਆਂ ਇਤਰਾਜ਼ਯੋਗ ਅਤੇ ਦੋਹਰੇ ਅਰਥਾਂ ਵਾਲੀਆਂ ਗੱਲਾਂ ਸਨ।

ਐੱਲਜੀਬੀਟੀਕਿਊ ਕੀ ਹੁੰਦਾ ਹੈ

ਐੱਲਜੀਬੀਟੀਕਿਊ

ਇੱਥੇ ਐੱਲਜੀਬੀਟੀਕਿਊਆਈ ਏ (LGBTQIA) ਦਾ ਮਤਲਬ ਜਾਨਣਾ ਜ਼ਰੂਰੀ ਹੈ।

ਸਮਲਿੰਗੀ ਭਾਈਚਾਰੇ ਵਿੱਚ ਆਉਂਦੀ ਵੱਖ-ਵੱਖ ਪਛਾਣ ਮਗਰ ਦੋ ਪਹਿਲੂ ਹਨ – ਸਰੀਰਕ ਇੱਛਾ ਅਤੇ ਸਰੀਰ ਦੇ ਗੁਪਤ ਅੰਗਾਂ ਦੀ ਬਨਾਵਟ।

ਇਨ੍ਹਾਂ ਨਾਲ ਵੱਖ-ਵੱਖ ਸੈਕਸ਼ੁਅਲ (ਲੈਸਬੀਅਨ, ਗੇਅ, ਬਾਇਸੈਕਸ਼ੁਅਲ) ਅਤੇ ਜੈਂਡਰ ਪਛਾਣ (ਟ੍ਰਾਂਸਜੈਂਡਰ, ਇੰਟਰਸੈਕਸ) ਬਣਦੀ ਹੈ।

L – 'ਲੈਸਬੀਅਨ': ਉਹ ਔਰਤ ਜੋ ਔਰਤਾਂ ਨੂੰ ਚਾਹੁੰਦੀ ਹੈ।

G – 'ਗੇਅ': ਉਹ ਮਰਦ ਜੋ ਮਰਦਾਂ ਨੂੰ ਚਾਹੁੰਦੇ ਹਨ।

ਅਕਸਰ 'ਗੇਅ' ਸ਼ਬਦ ਦਾ ਇਸਤੇਮਾਲ ਪੂਰੇ ਸਮਲਿੰਗੀ ਭਾਈਚਾਰੇ ਲਈ ਵੀ ਕੀਤਾ ਜਾਂਦਾ ਹੈ। ਉਦਾਹਰਣ ਦੇ ਤੌਰ 'ਤੇ – 'ਗੇਅ ਕਮਿਊਨਿਟੀ' ਜਾਂ 'ਗੇਅ ਪੀਪਲ।'

B – 'ਬਾਇਸੈਕਸ਼ੁਅਲ': ਉਹ ਇਨਸਾਨ ਜੋ ਮਰਦ ਅਤੇ ਔਰਤ ਦੋਵਾਂ ਨੂੰ ਚਾਹੁੰਦੇ ਹਨ। ਇਹ ਇਨਸਾਨ ਮਰਦ ਵੀ ਹੋ ਸਕਦਾ ਹੈ ਜਾਂ ਔਰਤ ਵੀ।

T - 'ਟ੍ਰਾਂਸਜੈਂਡਰ': ਉਹ ਇਨਸਾਨ ਜਿਨ੍ਹਾਂ ਦੇ ਸਰੀਰ ਦੇ ਗੁਪਤ ਅੰਗਾਂ ਦੀ ਬਨਾਵਟ ਮੁਤਾਬਕ ਪੈਦਾ ਹੋਣ ਸਮੇਂ ਉਨ੍ਹਾਂ ਦਾ ਜੋ ਜੈਂਡਰ ਤੈਅ ਕੀਤਾ ਗਿਆ, ਜਦੋਂ ਉਹ ਵੱਡੇ ਹੋ ਕੇ ਖ਼ੁਦ ਨੂੰ ਸਮਝੇ ਤਾਂ ਉਸ ਤੋਂ ਉਲਟ ਮਹਿਸੂਸ ਕਰਨ ਲੱਗੇ।

'ਟ੍ਰਾਂਸਜੈਂਡਰ ਵੂਮਨ': ਪੈਦਾਇਸ਼ ਸਮੇਂ ਬੱਚੇ ਦੇ ਗੁਪਤ ਅੰਗ ਦੇ ਹਿਸਾਬ ਨਾਲ ਉਸ ਨੂੰ ਮੁੰਡਾ ਮੰਨਿਆ ਗਿਆ ਪਰ ਸਮੇਂ ਦੇ ਨਾਲ ਉਨ੍ਹਾਂ ਨੇ ਸਮਝਿਆ ਕਿ ਉਹ ਕੁੜੀ ਵਾਂਗ ਮਹਿਸੂਸ ਕਰਦੇ ਹਨ।

'ਟ੍ਰਾਂਸਜੈਂਡਰ ਮੈਨֹ': ਪੈਦਾਇਸ਼ ਸਮੇਂ ਬੱਚੇ ਦੇ ਗੁਪਤ ਅੰਗ ਦੇ ਹਿਸਾਬ ਨਾਲ ਉਸ ਨੂੰ ਕੁੜੀ ਮੰਨਿਆ ਗਿਆ ਪਰ ਸਮੇਂ ਦੇ ਨਾਲ ਉਨ੍ਹਾਂ ਨੇ ਸਮਝਿਆ ਕਿ ਉਹ ਮੁੰਡੇ ਵਾਂਗ ਮਹਿਸੂਸ ਕਰਦੇ ਹਨ।

ਆਪਣੀ ਪਸੰਦ ਦੀ ਲਿੰਗਕ ਪਛਾਣ ਲਈ ਦਵਾਈ, 'ਹਾਰਮੋਨ ਰਿਪਲੇਸਮੈਂਟ ਥੈਰੇਪੀ' ਅਤੇ 'ਸੈਕਸ ਰੀਅਸਾਇਨਮੈਂਟ ਸਰਜਰੀ' ਰਾਹੀਂ 'ਟ੍ਰਾਂਸਜੈਂਡਰ' ਆਪਣੇ ਸਰੀਰ ਦੇ ਗੁਪਤ ਅੰਗਾਂ ਦੀ ਬਨਾਵਟ ਬਦਲਵਾਉਂਦੇ ਹਨ ਤਾਂ ਜੋ ਉਹ ਜਿਵੇਂ ਮਹਿਸੂਸ ਕਰਦੇ ਹਨ, ਉਨ੍ਹਾਂ ਦਾ ਸਰੀਰ ਵੀ ਉਸੇ ਤਰ੍ਹਾਂ ਹੀ ਹੋਵੇ।

ਕਿਸੇ ਮਰਦ ਜਾਂ ਔਰਤ ਵਾਂਗ ਹੀ 'ਟ੍ਰਾਂਸਜੈਂਡਰ' ਦੀ ਸਰੀਰਕ ਚਾਹਤ ਮੁਤਾਬਕ ਉਹ 'ਲੈਸਬੀਅਨ ਟ੍ਰਾਂਸਜੈਂਡਰ', 'ਗੇਅ ਟ੍ਰਾਂਸਜੈਂਡਰ' ਜਾਂ 'ਬਾਇਸੈਕਸ਼ੁਅਲ ਟ੍ਰਾਂਸਜੈਂਡਰ' ਹੋ ਸਕਦੇ ਹਨ।

ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਰਹੇ ਟ੍ਰਾਂਸਜੈਂਡਰਜ਼ ਦੇ ਸਥਾਨਕ ਨਾਵਾਂ ਵਿੱਚ ਖੁਸਰਾ, ਹਿਜੜਾ, ਅਰਾਵਨੀ, ਕੋਥੀ, ਸ਼ਿਵ-ਸ਼ਕਤੀ, ਕਿੰਨਰ ਅਤੇ ਜੋਗਤੀ ਹਿਜੜਾ ਆਦਿ ਸ਼ਾਮਲ ਹਨ।

ਐਲਜੀਬੀਟੀਤਸਵੀਰ ਸਰੋਤ,MTREASURE

Q – 'ਕੁਈਰ': ਸਭ ਤੋਂ ਪਹਿਲਾਂ ਇਸ ਸ਼ਬਦ ਦੀ ਵਰਤੋਂ ਸਮਲਿੰਗੀ ਭਾਈਚਾਰੇ ਪ੍ਰਤੀ ਨਫ਼ਰਤ ਦਿਖਾਉਣ ਲਈ ਹੁੰਦੀ ਸੀ।

ਹੁਣ ਭਾਈਚਾਰੇ ਦੇ ਕੁਝ ਲੋਕ ਇਸ ਨੂੰ ਮੁੜ ਅਪਣਾ ਰਹੇ ਹਨ। ਦੂਜੇ ਪਾਸੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਆਪਣੀ ਪਛਾਣ, ਸਿਰਫ਼ ਆਪਣੀ ਸਰੀਰਕ ਚਾਹਤਾਂ ਦੇ 'ਲੇਬਲ' ਤੱਕ ਸੀਮਤ ਨਹੀਂ ਰੱਖਣਾ ਚਾਹੁੰਦੇ।

Q – 'ਕਵੇਸ਼ਚਨਿੰਗ': ਉਹ ਇਨਸਾਨ ਜੋ ਹਾਲੇ ਆਪਣੀ ਲਿੰਗਕ ਪਛਾਣ ਅਤੇ ਸਰੀਰਕ ਚਾਹਤ ਤੈਅ ਨਹੀਂ ਕਰ ਸਕੇ ਹਨ।

I – 'ਇੰਟਰ-ਸੈਕਸ': ਪੈਦਾਇਸ਼ ਸਮੇਂ ਜਿਸ ਇਨਸਾਨ ਦੇ ਗੁਪਤ ਅੰਗਾਂ ਤੋਂ ਇਹ ਸਾਫ਼ ਨਹੀਂ ਹੁੰਦਾ ਕਿ ਉਹ ਮੁੰਡਾ ਹੈ ਜਾਂ ਕੁੜੀ, ਉਨ੍ਹਾਂ ਨੂੰ 'ਇੰਟਰ-ਸੈਕਸ' ਕਿਹਾ ਜਾਂਦਾ ਹੈ।

ਡਾਕਟਰ ਨੂੰ ਉਸ ਵੇਲੇ ਜੋ ਸਹੀ ਲੱਗਦਾ ਹੈ, ਉਸ ਬੱਚੇ ਨੂੰ ਉਸੇ ਲਿੰਗ ਦਾ ਮੰਨ ਲਿਆ ਜਾਂਦਾ ਹੈ ਅਤੇ ਉਸ ਨੂੰ ਉਸੇ ਤਰ੍ਹਾਂ ਪਾਲਿਆ ਪੋਸਿਆ ਜਾਂਦਾ ਹੈ।

ਵੱਡਾ ਹੋਣ ਤੋਂ ਬਾਅਦ ਉਹ ਇਨਸਾਨ ਖ਼ੁਦ ਨੂੰ ਮਰਦ, ਔਰਤ ਜਾਂ 'ਟ੍ਰਾਂਸਜੈਂਡਰ', ਕੁਝ ਵੀ ਮੰਨ ਸਕਦਾ ਹੈ।

ਸਾਲ 2014 ਵਿੱਚ ਸੁਪਰੀਮ ਕੋਰਟ ਨੇ ਇੱਕ ਇਤਿਹਾਸਿਕ ਫ਼ੈਸਲੇ ਵਿੱਚ 'ਟ੍ਰਾਂਸਜੈਂਡਰਜ਼' ਨੂੰ ਤੀਜੇ ਲਿੰਗ ਦੀ ਪਛਾਣ ਦਿੱਤੀ, ਜਿਸ ਤਹਿਤ ਉਨ੍ਹਾਂ ਨੂੰ ਨੌਕਰੀਆਂ, ਸਿੱਖਿਆ ਆਦਿ ਵਿੱਚ ਰਾਖਵਾਂਕਰਨ ਦਿੱਤੇ ਜਾਣ ਦੀ ਸਿਫ਼ਾਰਿਸ਼ ਕੀਤੀ।

A – 'ਏਲਾਇਜ਼': ਉਹ ਲੋਕ ਜੋ ਖ਼ੁਦ ਸਮਲਿੰਗੀ ਨਹੀਂ ਹਨ ਪਰ ਉਸ ਭਾਈਚਾਰੇ ਦਾ ਸਮਰਥਨ ਕਰਦੇ ਹਨ।

A – 'ਅਸੈਕਸ਼ੁਅਲ': ਉਹ ਇਨਸਾਨ ਜਿਸ ਨੂੰ ਕਿਸੇ ਵੀ ਹੋਰ ਇਨਸਾਨ ਪ੍ਰਤੀ ਸਰੀਰਕ ਤੌਰ ਉੱਤੇ ਖਿੱਚ ਨਹੀਂ ਹੈ।

P – 'ਪੈਨਸੈਕਸ਼ੁਅਲ': ਉਹ ਇਨਸਾਨ ਜੋ ਕਿਸੇ ਹੋਰ ਪ੍ਰਤੀ ਸਰੀਰਿਕ ਤੌਰ ਉੱਤੇ ਖਿੱਚ ਰੱਖਦੇ ਹਨ। ਉਨ੍ਹਾਂ ਦੀ ਆਪਣੀ ਲਿੰਗਕ ਅਤੇ ਸੈਕਸ਼ੁਅਲ ਪਛਾਣ ਵੀ ਤੈਅ ਨਹੀਂ ਹੁੰਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)