ਪੰਜਾਬ: 'ਕਮਲ ਕੌਰ ਭਾਬੀ' ਦੇ ਕਤਲ ਤੋਂ ਬਾਅਦ ਕਈ ਹੋਰ ਸੋਸ਼ਲ ਮੀਡੀਆ ਇਨਫਲੂਐਂਸਰਜ਼ ਨਿਸ਼ਾਨੇ ਉੱਤੇ, ਪੁਲਿਸ ਨੇ ਹੁਣ ਕੀ ਕਾਰਵਾਈ ਕੀਤੀ

ਤਸਵੀਰ ਸਰੋਤ, kamalkaurbhabhi/Instagram
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਲੁਧਿਆਣਾ ਦੀ ਕੰਚਨ ਕੁਮਾਰੀ ਉਰਫ਼ 'ਕਮਲ ਕੌਰ ਭਾਬੀ' ਦੇ ਕਤਲ ਤੋਂ ਬਾਅਦ ਸੂਬੇ ਦੇ ਕਈ ਹੋਰ ਸੋਸ਼ਲ ਮੀਡੀਆ ਇਨਫਲੂਐਂਸਰਜ਼ ਨੂੰ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।
'ਕਮਲ ਕੌਰ ਭਾਬੀ' ਸੋਸ਼ਲ ਮੀਡੀਆ ਉੱਤੇ ਜਿਸ ਤਰ੍ਹਾਂ ਦੇ ਵੀਡੀਓਜ਼ ਪਾਉਂਦੀ ਸੀ, ਉਸ ਕਾਰਨ ਉਸ ਨੂੰ ਪਿਛਲੇ ਸਮੇਂ ਦੌਰਾਨ ਧਮਕੀਆਂ ਮਿਲੀਆਂ ਸਨ।
ਉਸ ਦੀ ਲਾਸ਼ ਬਠਿੰਡਾ ਦੇ ਭੁੱਚੋਂ ਕਲਾਂ ਕਸਬੇ ਵਿੱਚ ਪੈਂਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਗੱਡੀ ਵਿੱਚੋਂ 11 ਜੂਨ ਸ਼ਾਮ ਨੂੰ ਬਰਾਮਦ ਹੋਈ ਸੀ।
ਅੰਮ੍ਰਿਤਪਾਲ ਮਹਿਰੋਂ ਨੇ ਕਤਲ ਤੋਂ ਬਾਅਦ ਦੋ ਵੀਡੀਓਜ਼ ਪਾ ਕੇ ਇਸ ਕਤਲ ਨੂੰ ਜਾਇਜ਼ ਠਹਿਰਾਇਆ ਸੀ ਅਤੇ ਕੋਈ ਹੋਰਾਂ ਨੂੰ ਧਮਕੀਆਂ ਦਿੱਤੀਆਂ ਸਨ।
ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਦੋ ਸਾਥੀ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਹੋ ਚੁੱਕੇ ਹਨ, ਜਦਕਿ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਫਰਾਰ ਹੋਣ ਦੀ ਗੱਲ ਆਖੀ ਹੈ।
ਕਮਲ ਕੌਰ ਦੇ ਕਤਲ ਤੋਂ 5 ਦਿਨ ਬਾਅਦ ਹੁਣ ਪੰਜਾਬ ਪੁਲਿਸ ਨੇ ਨਿਹੰਗ ਬਾਣੇ ਵਿੱਚ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਮਹਿਰੋਂ ਖ਼ਿਲਾਫ਼ ਇੱਕ ਹੋਰ ਪਰਚਾ ਦਰਜ ਕੀਤਾ ਹੈ।
ਇਹ ਮਾਮਲਾ ਅੰਮ੍ਰਿਤਸਰ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਕਥਿਤ ਤੌਰ ਉੱਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਕਰ ਕੇ ਦਰਜ ਕੀਤਾ ਗਿਆ ਹੈ।

ਇਸੇ ਦੌਰਾਨ ਸੂਬੇ ਵਿੱਚੋਂ ਕਈ ਹੋਰ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੇ ਕਥਿਤ ਤੌਰ ਉੱਤੇ ਅੰਮ੍ਰਿਤਰਪਾਲ ਮਹਿਰੋਂ ਵਲੋਂ ਧਮਕੀਆਂ ਮਿਲਣ ਦੇ ਵੀਡੀਓ ਪਾਏ ਹਨ। ਕਈ ਆਪਣੀਆਂ ਦੋਹਰੇ ਅਰਥਾਂ ਜਾਂ ਲੱਚਰਤਾ ਵਾਲੀਆਂ ਵੀਡੀਓਜ਼ ਲਈ ਮਾਫੀ ਮੰਗ ਰਹੇ ਹਨ ਅਤੇ ਕੁਝ ਨੇ ਪੰਜਾਬ ਪੁਲਿਸ ਤੱਕ ਸੁਰੱਖਿਆ ਲਈ ਪਹੁੰਚ ਕੀਤੀ ਹੈ।
ਪੁਲਿਸ ਮੁਤਾਬਕ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਕਥਿਤ ਲੱਚਰ, ਦੋਹਰੇ ਅਰਥਾਂ ਵਾਲੀਆਂ ਪੋਸਟਾਂ ਹਟਾਉਣ, ਮੁਆਫ਼ੀ ਮੰਗਣ ਅਤੇ ਦੋਬਾਰਾ ਅਜਿਹੀਆਂ ਪੋਸਟਾਂ ਸਾਂਝੀਆਂ ਨਾ ਲਈ ਧਮਕੀਆਂ ਮਿਲੀਆਂ ਹਨ।
ਪੁਲਿਸ ਨੇ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਮਹਿਰੋਂ ਨੂੰ ਮੁੱਖ ਮੁਲਜ਼ਮ ਮੰਨਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਉਹ ਦੇਸ ਤੋਂ ਬਾਹਰ ਚਲਾ ਗਿਆ ਹੈ। ਜਿਹੜੇ ਹੋਰ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਧਮਕੀਆਂ ਮਿਲਣ ਦੀਆਂ ਰਿਪੋਰਟਾਂ ਹਨ, ਉਨ੍ਹਾਂ ਵਿੱਚ ਦੀਪਿਕਾ ਲੂਥਰਾ ਤੇ ਪ੍ਰੀਤੀ ਜੱਟੀ ਦਾ ਨਾਮ ਵੀ ਹੈ।

ਤਸਵੀਰ ਸਰੋਤ, deep_luthra6/Insta
ਦੀਪਿਕਾ ਲੂਥਰਾ ਕੌਣ ਹੈ ਤੇ ਉਸ ਨੇ ਕੀ ਕਿਹਾ
ਅੰਮ੍ਰਿਤਸਰ ਦੀ ਰਹਿਣ ਵਾਲੀ ਦੀਪਿਕਾ ਲੂਥਰਾ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ। ਫੇਸਬੁੱਕ ਉੱਤੇ ਉਸ ਦੇ 80,000 ਦੇ ਕਰੀਬ ਫੌਲੋਅਰਜ਼ ਹਨ ਜਦਕਿ ਇੰਸਟਾਗ੍ਰਾਮ ਉੱਤੇ 2.50 ਲੱਖ ਦੇ ਕਰੀਬ ਫੌਲੋਅਰਜ਼ ਹਨ।
ਉਹ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਰਾਹੀਂ ਨਿੱਜੀ ਕੰਪਨੀਆਂ ਅਤੇ ਗੀਤਾਂ ਦੀਆਂ ਪ੍ਰਮੋਸ਼ਨਾਂ ਕਰਕੇ ਪੈਸੇ ਕਮਾਉਂਦੀ ਹੈ।
ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਉਸਦੀਆਂ ਪੋਸਟਾਂ ਦੀ ਆਲੋਚਨਾ ਕੀਤੀ ਜਾਂਦੀ ਸੀ ਅਤੇ ਅਕਸਰ ਪੋਸਟਾਂ ਦੇ ਕੰਟੈਂਟ ਨੂੰ ਲੈ ਕੇ ਇਤਰਾਜ਼ ਖੜ੍ਹੇ ਕੀਤਾ ਜਾਂਦੇ ਰਹੇ ਹਨ। ਅੰਮ੍ਰਿਤਪਾਲ ਮਹਿਰੋਂ ਵੱਲੋਂ ਇੱਕ ਵਾਰ ਦੀਪਿਕਾ ਲੂਥਰਾ ਨੂੰ ਮਿਲ ਕੇ ਉਸ ਤੋਂ ਮੁਆਫ਼ੀ ਵੀ ਮੰਗਵਾਈ ਗਈ ਸੀ ਅਤੇ ਵੀਡੀਓ ਵੀ ਡਿਲੀਟ ਕਰਵਾਈਆਂ ਗਈਆਂ ਸਨ।
ਦੀਪਿਕਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ, "ਮੈਨੂੰ ਅਕਸਰ ਨਿਹੰਗ ਸਿੰਘਾਂ ਵੱਲੋਂ ਮੇਰੀਆਂ ਵੀਡੀਓ ਨੂੰ ਡਿਲੀਟ ਕਰਵਾਉਣ ਨੂੰ ਲੈ ਕੇ ਧਮਕੀਆਂ ਆਉਂਦੀਆਂ ਹਨ। ਇੱਕ ਨਿਹੰਗ ਸਿੰਘ ਅੰਮ੍ਰਿਤਪਾਲ ਸਿੰਘ ਮਹਿਰੋਂ ਮੇਰੀਆਂ ਵੀਡੀਓ ਨੂੰ ਡਿਲੀਟ ਕਰਨ ਨੂੰ ਲੈ ਕੇ ਕਾਫੀ ਸਮੇਂ ਤੋਂ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।"
ਉਸ ਨੇ ਪੁਲਿਸ ਨੂੰ ਦੱਸਿਆ ਕਿ 13 ਜੂਨ ਨੂੰ ਇੰਸਟਾਗ੍ਰਾਮ ਉੱਤੇ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਮ ਦੇ ਅਕਾਊਂਟ ਉੱਤੋਂ ਉਸ ਨੂੰ ਟੈਗ ਕਰਕੇ ਇੱਕ ਰੀਲ ਸਾਂਝੀ ਕੀਤੀ ਗਈ ਸੀ। ਇਸ ਰੀਲ ਉੱਤੇ ਉਸਦੀ ਫੋਟੋ ਲਗਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੋਈ ਸੀ। ਇਸ ਤੋਂ ਇਲਾਵਾ ਇੱਕ ਹੋਰ ਪੋਸਟ ਸਾਂਝੀ ਕਰਕੇ ਉਸ ਨੂੰ ਧਮਕੀ ਦਿੱਤੀ ਹੋਈ ਸੀ।
ਉਸ ਨੇ ਅੱਗੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਸ ਦੀਆਂ ਮਿਹਨਤ ਨਾਲ ਬਣਾਈਆਂ ਵੀਡੀਓਜ਼ ਨੂੰ ਅੰਮ੍ਰਿਤਪਾਲ ਵੱਲੋਂ ਡਿਲੀਟ ਕਰਵਾ ਕੇ ਉਸ ਦਾ ਵਿੱਤੀ ਨੁਕਸਾਨ ਕੀਤਾ ਜਾ ਰਿਹਾ ਹੈ ਅਤੇ ਉਹ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਉਸ ਨੂੰ ਅੰਮ੍ਰਿਤਪਾਲ ਤੋਂ ਖ਼ਤਰਾ ਹੈ।

ਪੁਲਿਸ ਨੇ ਕੀ ਕਾਰਵਾਈ ਕੀਤੀ
ਅੰਮ੍ਰਿਤਸਰ ਪੁਲਿਸ ਨੇ ਸਾਈਬਰ ਕਰਾਇਮ ਪੁਲਿਸ ਸਟੇਸ਼ਨ, ਅੰਮ੍ਰਿਤਸਰ ਸਿਟੀ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 308, 79, 351 (3), 324(4) ਅਤੇ ਇਨਫਰਮੇਸ਼ਨ ਟੈਕਨੋਲੋਜੀ ਦੀ ਧਾਰਾ 67 ਤਹਿਤ ਕੇਸ ਦਰਜ ਕੀਤਾ ਹੈ।
ਕੇਸ ਦਰਜ ਕਰਨ ਤੋਂ ਇਲਾਵਾ ਪੁਲਿਸ ਨੇ ਦੀਪਿਕਾ ਨੂੰ ਸੁਰੱਖਿਆ ਵੀ ਪ੍ਰਦਾਨ ਕੀਤੀ ਹੈ।
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ, "ਦੀਪਕਾ ਲੂਥਰਾ ਦੀ ਸ਼ਿਕਾਇਤ ਉੱਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਹੈ।"

ਤਸਵੀਰ ਸਰੋਤ, preetjatti7903/Insta
'ਪ੍ਰੀਤ ਜੱਟੀ' ਨੂੰ ਵੀ ਮਿਲੀ ਧਮਕੀ
ਇੱਕ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਸਿਮਰਪ੍ਰੀਤ ਕੌਰ ਸੋਸ਼ਲ ਮੀਡੀਆ ਉੱਤੇ 'ਪ੍ਰੀਤ ਜੱਟੀ' ਨਾਮ ਨਾਲ ਮਸ਼ਹੂਰ ਹੈ। ਅੰਮ੍ਰਿਤਪਾਲ ਮਹਿਰੋਂ ਨੇ ਉਸ ਨੂੰ ਵੀ ਕਥਿਤ ਤੌਰ ਉੱਤੇ ਧਮਕੀਆਂ ਦਿੱਤੀਆਂ ਹਨ।
ਸਿਮਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਸੋਸ਼ਲ ਮੀਡੀਆ ਉੱਤੇ ਸਧਾਰਨ ਵੀਡੀਓ ਵੀ ਨਾ ਪੋਸਟ ਕਰਨ ਲਈ ਕਿਹਾ ਜਾ ਰਿਹਾ ਹੈ। ਸਿਮਰਪ੍ਰੀਤ ਕੌਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਰੋਂਦੀ ਹੋਈ ਮੁਆਫ਼ੀ ਵੀ ਮੰਗ ਰਹੀ ਹੈ।
ਇਸ ਵੀਡੀਓ ਵਿੱਚ ਉਹ ਕਹਿ ਰਹੀ ਹੈ, "ਮੈਨੂੰ ਜੋਤਸ਼ੀਆਂ ਦੀਆਂ ਵੀਡੀਓ ਸਾਂਝੀਆਂ ਕਰਨ ਤੋਂ ਰੋਕਿਆ ਗਿਆ ਸੀ। ਮੈਂ ਉਹ ਵੀਡੀਓ ਪਾਉਣੀਆਂ ਬੰਦ ਕਰ ਦਿੱਤੀਆਂ। ਹੁਣ ਮੇਰੇ ਸਧਾਰਨ ਕੱਪੜਿਆਂ ਵਿੱਚ ਸਧਾਰਨ ਗਾਣਿਆਂ ਉੱਤੇ ਵੀਡੀਓਜ਼ ਪਾਉਣ ਉੱਤੇ ਇਤਰਾਜ਼ ਖੜ੍ਹੇ ਕੀਤੇ ਜਾ ਰਹੇ ਹਨ। "
ਸਿਮਰਪ੍ਰੀਤ ਕੌਰ ਪੰਜਾਬ ਦੇ ਤਰਨਤਾਰਨ ਦੀ ਰਹਿਣ ਵਾਲੀ ਹੈ। ਇੰਸਟਾਗ੍ਰਾਮ ਉੱਤੇ ਉਸ ਦੇ 5 ਲੱਖ ਫੌਲੋਅਰਜ਼ ਹਨ। ਉਹ ਵਿਆਹੀ ਹੋਈ ਹੈ ਅਤੇ ਉਸ ਦਾ 5 ਮਹੀਨਿਆਂ ਦਾ ਬੱਚਾ ਵੀ ਹੈ।
ਤਰਨਤਾਰਨ ਜ਼ਿਲ੍ਹੇ ਦੇ ਪੁਲਿਸ ਮੁਖੀ, ਐੱਸਐੱਸਪੀ ਦੀਪਕ ਪਰੀਕ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, "ਸਾਨੂੰ ਅਜੇ ਤੱਕ ਸਿਮਰਪ੍ਰੀਤ ਵਲੋਂ ਕੋਈ ਅਧਿਕਾਰਤ ਸ਼ਿਕਾਇਤ ਪ੍ਰਾਪਤ ਨਹੀਂ ਹੋਈ। ਪਰ ਅਸੀਂ ਉਸ ਦੀ ਸੁਰੱਖਿਆ ਪੱਖੋਂ ਸਮੀਖਿਆ ਕਰ ਰਹੇ ਹਾਂ।"
ਪੇਂਡੂ ਜੱਟ ਰਿਕਾਰਡ ਨੇ ਮੁਆਫ਼ੀ ਮੰਗੀ
ਪੇਂਡੂ ਜੱਟ ਰਿਕਾਰਡ ਨਾਮ ਦੇ ਸੋਸ਼ਲ ਮੀਡੀਆ ਅਕਾਊਂਟ ਚਲਾਉਣ ਵਾਲੇ ਤਿੰਨ ਨੌਜਵਾਨਾਂ ਨੇ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਮੁਆਫ਼ੀ ਮੰਗੀ ਹੈ। ਮੁਆਫ਼ੀ ਦੀ ਪੋਸਟ ਉਨ੍ਹਾਂ ਆਪੋ-ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਸਾਂਝੀ ਕੀਤੀ ਹੈ।
ਸੰਗਰੂਰ ਜ਼ਿਲ੍ਹੇ ਦੇ ਵਸਨੀਕ ਗੱਗੀ, ਜੱਸਾ, ਅਮਰੀਕ ਨਾਂ ਦੇ ਨੌਜਵਾਨਾਂ ਇਸ ਅਕਾਊਂਟ ਨੂੰ ਚਲਾਉਂਦੇ ਹਨ।
ਉਨ੍ਹਾਂ ਆਪਣੇ ਇੰਸਟਾ ਅਕਾਊਂਟ ਉੱਤੇ ਵੀਡੀਓ ਪਾ ਕੇ ਕਿਹਾ ਕਿ ਉਹ ਸਵਿਕਾਰ ਸਕਦੇ ਹਨ ਕਿ ਉਨ੍ਹਾਂ ਵਲੋਂ ਪਾਈਆਂ ਗਈਆਂ ਵੀਡੀਓਜ਼ ਵਿੱਚ ਗਾਲ਼ਾ ਵਰਗੀਆਂ ਇਤਰਾਜ਼ਯੋਗ ਅਤੇ ਦੋਹਰੇ ਅਰਥਾਂ ਵਾਲੀਆਂ ਗੱਲਾਂ ਸਨ।
''ਅਸੀਂ ਇਸ ਗੱਲ ਲਈ ਮਾਫੀ ਮੰਗਦੇ ਹਾਂ ਕਿ ਸਾਡੇ ਚੈਨਲ ਉੱਤ ਕੁਝ ਕੂ ਅਜਿਹੀਆਂ ਵੀਡੀਓਜ਼ ਪਾਈਆਂ ਸਨ, ਜੋ ਦੋਹਰੇ ਅਰਥਾਂ ਵਾਲੀਆਂ ਸੀ, ਅਸਲ ਰਸਤਾ ਭਟਕ ਗਏ ਸੀ, ਅਸੀਂ ਉਹ ਸਾਰੀਆਂ ਵੀਡੀਓਜ਼ ਡਿਲੀਟ ਕਰ ਦਿੱਤੀਆਂ ਹਨ।''
ਗੱਗੀ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ, "ਅਸੀਂ ਇਸ ਨੂੰ ਧਮਕੀ ਨਹੀਂ ਮੰਨਦੇ। ਸਾਨੂੰ ਤਾਂ ਸਮਝਾਇਆ ਗਿਆ ਸੀ ਅਤੇ ਅਸੀਂ ਸਮਝ ਗਏ। ਅਸੀਂ ਮੁਆਫ਼ੀ ਮੰਗ ਲਈ ਹੈ। ਅਸੀਂ ਕੋਈ ਵੀ ਅਜਿਹੀ ਪੋਸਟ ਸਾਂਝੀ ਨਹੀਂ ਕਰਾਂਗੇ ਜਿਸ ਵਿੱਚ ਗਾਲ਼ ਹੋਵੇ ਜਾਂ ਦੋਹਰੇ ਅਰਥ ਹੋਣ।"
"ਅਸੀਂ ਕੋਈ ਸ਼ਿਕਾਇਤ ਨਹੀਂ ਕੀਤੀ ਕਿਉਂਕਿ ਅਸੀਂ ਇਸ ਨੂੰ ਧਮਕੀ ਨਹੀਂ ਮੰਨਦੇ। ਇਸ ਲਈ ਅਸੀਂ ਸੁਰੱਖਿਆ ਦੀ ਮੰਗ ਵੀ ਨਹੀਂ ਕੀਤੀ।"

ਤਸਵੀਰ ਸਰੋਤ, kamalkaurbhabhi/Instagram
ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਕੌਣ ਸੀ
30 ਸਾਲਾ ਕੰਚਨ ਕੁਮਾਰੀ ਦਾ ਪਿਛੋਕੜ ਪਰਵਾਸੀ ਪਰਿਵਾਰ ਨਾਲ ਸੀ। ਉਸ ਦਾ ਅਸਲੀ ਨਾਂ ਕੰਚਨ ਕੁਮਾਰੀ ਸੀ ਪਰ ਸੋਸ਼ਲ ਮੀਡੀਆ ਉੱਤੇ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਕਮਲ ਕੌਰ ਭਾਬੀ' ਦੇ ਨਾਂ ਉੱਤੇ ਬਣਾਏ ਹੋਏ ਸਨ।
ਇੰਸਟਾਗ੍ਰਾਮ ਉੱਤੇ ਕਮਲ ਕੌਰ ਦੇ 4 ਲੱਖ ਤੋਂ ਵੱਧ ਫੌਲੋਅਰਜ਼ ਸਨ। ਉਹ ਕਈ ਹੋਰ ਪਲੇਟਫਾਰਮਜ਼ ਉੱਤੇ ਵੀ ਸਰਗਰਮ ਸੀ।
ਕਮਲ ਕੌਰ ਆਪਣੀਆਂ ਅਕਸਰ ਕਥਿਤ 'ਦੋਹਰੇ ਅਰਥਾਂ' ਅਤੇ 'ਲੱਚਰਤਾ' ਵਾਲੇ ਵੀਡੀਓਜ਼ ਕਰਕੇ ਆਲੋਚਨਾ ਦਾ ਕਾਰਨ ਬਣਦੀ ਸੀ। ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਵੀ ਉਸ ਦੀਆਂ ਪੋਸਟਾਂ ਉੱਤੇ ਕਈ ਵਾਰੀ ਇਤਰਾਜ਼ ਜ਼ਾਹਰ ਕੀਤੇ ਸਨ।
ਕਮਲ ਕੌਰ ਲੁਧਿਆਣਾ ਦੇ ਲਕਸ਼ਮਣ ਨਗਰ ਵਿੱਚ ਆਪਣੀ ਮਾਤਾ, ਦੋ ਭਰਾਵਾਂ ਅਤੇ ਦੋ ਭੈਣਾਂ ਨਾਲ ਰਹਿੰਦੀ ਸੀ।
ਪਰਿਵਾਰ ਮੁਤਾਬਕ ਉਹ 9 ਜੂਨ ਨੂੰ ਲੁਧਿਆਣਾ ਤੋਂ ਬਠਿੰਡਾ ਲਈ ਕਿਸੇ ਪ੍ਰਮੋਸ਼ਨਲ ਸਰਗਰਮੀ ਲਈ ਕਹਿ ਕੇ ਗਈ ਸੀ ਅਤੇ ਰਾਤ ਤੱਕ ਉਸ ਦਾ ਫੋਨ ਐਕਟਿਵ ਸੀ।

ਤਸਵੀਰ ਸਰੋਤ, amritpalsinghmehron/instagram
ਪਰਿਵਾਰ ਭਾਵੇਂ ਹੋਰ ਜ਼ਿਆਦਾ ਗੱਲ ਨਹੀਂ ਕਰ ਰਿਹਾ ਪਰ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪਰਿਵਾਰ ਨੇ ਦੱਸਿਆ ਕਿ ਉਹ 9 ਜੂਨ ਦੀ ਰਾਤ ਤੱਕ ਕੰਚਨ ਕੁਮਾਰੀ ਨਾਲ ਸੰਪਰਕ ਵਿੱਚ ਸਨ। ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਨਹੀਂ ਪਤਾ ਕਿ ਉਸ ਨਾਲ ਕੀ ਹੋਇਆ।
ਪੁਲਿਸ ਨੇ ਇਸ ਕੇਸ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਮਹਿਰੋਂ ਦੇ ਰਹਿਣ ਵਾਲੇ 32 ਸਾਲਾ ਜਸਪ੍ਰੀਤ ਸਿੰਘ ਅਤੇ ਤਰਨਤਾਰਨ ਦੇ ਸ਼ਹਿਰ ਹਰੀਕੇ ਦੇ ਵਸਨੀਕ 21 ਸਾਲਾ ਨਿਮਰਤਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਬਠਿੰਡਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਹੀ ਇਸ ਵਾਰਦਾਤ ਦਾ ਮੁੱਖ ਮੁਲਜ਼ਮ ਹੈ। ਵਾਰਦਾਤ ਦੀ ਸਾਜ਼ਿਸ਼ ਤੋਂ ਲੈ ਕੇ ਵਾਰਦਾਤ ਨੂੰ ਅੰਜਾਮ ਦੇਣ ਤੱਕ ਅੰਮ੍ਰਿਤਪਾਲ ਮਹਿਰੋਂ ਦੀ ਸ਼ਮੂਲੀਅਤ ਸੀ। ਮੁਲਜ਼ਮਾਂ ਨੇ ਕਥਿਤ ਤੌਰ ਉੱਤੇ ਗਲ਼ਾ ਘੁੱਟ ਕੇ ਕੰਚਨ ਕੁਮਾਰੀ ਦਾ ਕਤਲ ਕਰ ਦਿੱਤਾ।
ਪੁਲਿਸ ਮੁਤਾਬਕ ਅੰਮ੍ਰਿਤਪਾਲ ਸਿੰਘ ਮਹਿਰੋਂ ਅਜੇ ਫਰਾਰ ਹੈ ਅਤੇ ਉਹ ਵਾਰਦਾਤ ਵਾਲੇ ਦਿਨ ਅੰਮ੍ਰਿਤਸਰ ਏਅਰਪੋਰਟ ਤੋਂ ਯੂਏਈ ਭੱਜ ਗਿਆ ਸੀ।
ਬਠਿੰਡਾ ਪੁਲਿਸ ਦਾ ਕਹਿਣਾ ਹੈ ਕਿ ਕਤਲ ਦਾ ਮਕਸਦ ਮੌਰਲ ਪੁਲਿੰਸਿੰਗ ਸੀ। ਮੁਲਜ਼ਮਾਂ ਨੂੰ ਮ੍ਰਿਤਕ ਕਮਲ ਕੌਰ ਦੀਆਂ ਸੋਸ਼ਲ ਮੀਡੀਆ ਵੀਡੀਓਜ਼ ਉੱਤੇ ਇਤਰਾਜ਼ ਸੀ।

ਅੰਮ੍ਰਿਤਪਾਲ ਸਿੰਘ ਮਹਿਰੋਂ ਕੌਣ ਹੈ
ਮੋਗੇ ਜ਼ਿਲ੍ਹੇ ਦੇ ਪਿੰਡ ਮਹਿਰੋਂ ਦਾ ਰਹਿਣ ਵਾਲਾ ਅੰਮ੍ਰਿਤਪਾਲ ਸਿੰਘ ਮਹਿਰੋਂ ਇੱਕ ਨਿਹੰਗ ਹੈ। ਉਹ ਅਕਸਰ ਸੋਸ਼ਲ ਮੀਡੀਆ ਇਨਫਲੂਐਂਸਰਜ਼ ਨੂੰ ਕਥਿਤ ਤੌਰ ਉੱਤੇ ਲੱਚਰ ਜਾਂ ਦੋਹਰੇ ਮਤਲਬ ਵਾਲੀਆਂ ਪੋਸਟਾਂ ਸਾਂਝੀਆਂ ਨਾ ਕਰਨ ਦਾ ਪਾਠ ਪੜ੍ਹਾਉਂਦਾ ਹੈ।
ਸੋਸ਼ਲ ਮੀਡੀਆ 'ਤੇ ਉਹ ਆਪਣੇ ਆਪ ਨੂੰ ਇੱਕ ਨੈਤਿਕ ਯੋਧਾ ਵਜੋਂ ਪੇਸ਼ ਕਰਦਾ ਹੈ, ਕਥਿਤ ਲੱਚਰ ਜਾਂ ਦੋਹਰੇ ਅਰਥਾਂ ਵਾਲੀਆਂ ਪੋਸਟਾਂ ਪਾਉਣ ਵਾਲਿਆਂ ਨੂੰ ਇਹ ਪੋਸਟਾਂ ਹਟਾਉਣ, ਮੁਆਫ਼ੀ ਮੰਗਣ ਦੀਆਂ ਚੇਤਾਵਨੀਆਂ ਦਿੰਦਾ ਹੈ। ਉਹ ਅਜਿਹਾ ਨਾ ਕਰਨ ਵਾਲਿਆਂ ਨੂੰ ਨਤੀਜੇ ਭੁਗਤਣ ਵਾਸਤੇ ਤਿਆਰ ਰਹਿਣ ਦੀਆਂ ਧਮਕੀਆਂ ਵੀ ਦਿੰਦਾ ਹੈ।
ਇਸ ਤੋਂ ਇਲਾਵਾ ਉਹ ਹੋਰ ਕਈ ਧਾਰਮਿਕ ਮਾਮਲਿਆਂ ਵਿੱਚ ਵੀ ਸਰਗਰਮ ਰਹਿੰਦਾ ਹੈ।
ਅੰਮ੍ਰਿਤਪਾਲ ਸਿੰਘ ਮਹਿਰੋਂ ਉੱਤੇ ਪਹਿਲਾਂ ਤਿੰਨ ਕੇਸ ਦਰਜ ਹਨ। ਇੱਕ ਬਰਨਾਲਾ ਜ਼ਿਲ੍ਹੇ ਦੇ ਥਾਣੇ ਧਨੌਲਾ ਵਿੱਚ, ਦੂਜਾ ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣੇ ਈ-ਡਵੀਜ਼ਨ ਵਿੱਚ ਅਤੇ ਤੀਜਾ ਲੁਧਿਆਣਾ ਦੇ ਡਵੀਜ਼ਨ ਨੰਬਰ 5 ਥਾਣੇ ਵਿੱਚ ਦਰਜ ਹੈ।

ਮਸਲੇ ਉੱਤੇ ਪ੍ਰਤੀਕਰਮ
ਪੰਜਾਬ ਵਿੱਚ ਸਮੁੱਚੇ ਮਸਲੇ ਨੂੰ ਲੈ ਕੇ ਮੁੱਖ ਤੌਰ ਉੱਤੇ ਦੋ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆਏ ਹਨ। ਕੁਝ ਲੋਕ ਸੋਸ਼ਲ ਮੀਡੀਆ ਉੱਤੇ ਲੱਚਰਤਾ ਫੈਲਾਉਣ ਦੇ ਇਲਜ਼ਾਮ ਲਾ ਕੇ 'ਮੌਰਲ ਗਰਾਊਂਡ' ਮੁਤਾਬਕ ਸਟੈਂਡ ਲੈਂਦੇ ਹਨ। ਅਜਿਹੇ ਲੋਕ ʻਕਮਲ ਕੌਰ ਭਾਬੀʼ ਦੇ ਕਤਲ ਨੂੰ ਜਾਇਜ਼ ਦੱਸਦੇ ਹਨ।
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਮਹਿਲ ਇੰਨਫਲੈਂਸਰ ਦਾ ਕਤਲ ਗਲਤ ਕਾਰਵਾਈ ਹੈ। ਉਹ ਲੀਗਲ ਟੀਮ ਨਾਲ ਵਿਚਾਰ ਕਰਨ ਤੋਂ ਬਾਅਦ ਇਸ ਮਾਮਲੇ ਵਿੱਚ ਕਾਰਵਾਈ ਕਰਨਗੇ।
ਰਾਜ ਲਾਲੀ ਗਿੱਲ ਨੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ, ''ਸਮਾਜ ਵਿੱਚ ਸੋਸ਼ਲ ਮੀਡੀਆ ਰਾਹੀ ਫੈਲਾਈ ਜਾ ਰਹੀ ਲੱਚਰਤਾ ਨੂੰ ਸਵਿਕਾਰ ਨਹੀਂ ਕੀਤਾ ਜਾ ਸਕਦਾ। ਅਸ਼ਲੀਲ ਭਾਸ਼ਾ ਦਾ ਬੱਚਿਆਂ ਉੱਤੇ ਬੁਰਾ ਅਸਰ ਪੈਂਦਾ ਹੈ। ਸੋਸ਼ਲ ਮੀਡੀਆ ਤੋਂ ਅਸ਼ਲੀਲ ਸਮੱਗਰੀ ਪੈਸੇ ਕਮਾਏ ਜਾ ਰਹੇ ਹਨ।''
ਸਮਾਜਿਕ ਕਾਰਕੁਨ ਅਤੇ ਵਕੀਲ ਸਿਮਰਨ ਗਿੱਲ ਕਹਿੰਦੇ ਹਨ, "ਜੇਕਰ ਮੈਂ ਵਕੀਲ ਦੇ ਤੌਰ ਉੱਤੇ ਦੇਖਾਂ ਤਾਂ ਕਿਸੇ ਵੀ ਕਤਲ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਪਰ ਸੋਸ਼ਲ ਮੀਡੀਆ ਉੱਤੇ ਪਏ ਗੰਦ ਨੂੰ ਕਿਸੇ ਨੇ ਤਾਂ ਸਾਫ਼ ਕਰਨਾ ਹੀ ਸੀ। ਜਿਸ ਨੇ ਵੀ ਕੀਤਾ, ਉਨ੍ਹਾਂ ਕਰ ਦਿੱਤਾ।"
ਸਿਮਰਨ ਗਿੱਲ ਨੇ ਮੁਲਜ਼ਮਾਂ ਦੀ ਅਦਾਲਤ ਵਿੱਚ ਪੈਰਵੀ ਕਰਨ ਦਾ ਐਲਾਨ ਕੀਤਾ ਹੈ।
ਦੂਜੇ ਪਾਸੇ ਮਨੁੱਖੀ ਅਧਿਕਾਰ ਕਾਰਕੁਨ ਵਕੀਲ ਰਾਜੀਵ ਲੋਹਟਬੱਧੀ ਨੇ ਕਿਹਾ, "ਕੋਈ ਵੀ ਕਤਲ ਕਦੀ ਜਾਇਜ਼ ਨਹੀਂ ਹੋ ਸਕਦਾ। ਕਤਲ ਇੱਕ ਸੰਗੀਨ ਅਪਰਾਧ ਹੈ।"
ਸੋਸ਼ਲ ਮੀਡੀਆ ਉੱਤੇ ਪੋਸਟ ਕਥਿਤ ਲੱਚਰ ਪੋਸਟਾਂ ਬਾਰੇ ਉਨ੍ਹਾਂ ਕਿਹਾ, "ਅਸ਼ਲੀਲਤਾ ' ਦਿ ਇਨਡੀਸੈਂਟ ਰਿਪ੍ਰੈਂਸੈਂਟੇਸ਼ਨ ਐਕਟ ਆਫ ਵੋਮੈਨ (ਪ੍ਰੋਹੀਬੇਸ਼ਨ)ਐਕਟ 1986 (THE INDECENT REPRESENTATION OF WOMEN (PROHIBITION) ACT, 1986) ਅਤੇ ਬੀਐੱਨਐੱਸ ਐਕਟ ਦੀ ਧਾਰਾ 296 ਦੀ ਉਲੰਘਣਾ ਹੈ। ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਜਾਂਦੀਆਂ ਪੋਸਟਾਂ ਉੱਤੇ ਇੰਨਾ ਕਾਨੂੰਨਾਂ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।"
ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਇਸ ਮਾਮਲੇ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਕਿਹਾ, "ਪਾਰਟੀ ਵੱਲੋਂ ਇਸ ਮਸਲੇ ਉੱਤੇ ਅਜੇ ਕੋਈ ਨਿਰਦੇਸ਼ ਨਹੀਂ ਆਇਆ। ਜਦੋਂ ਅਜਿਹਾ ਹੋਵੇਗਾ, ਪ੍ਰਤੀਕਿਰਿਆ ਦਿੱਤੀ ਜਾਵੇਗੀ।"

ਤਸਵੀਰ ਸਰੋਤ, SAD
ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇੱਕ ਸਮਾਗਮ ਵਿੱਚ ਬੋਲਦਿਆਂ ਕਿਹਾ, "ਮੈਂ ਅੱਜ ਦੇ ਦਿਨ ਸਿੱਖ ਜਵਾਨੀ ਨੂੰ ਵਿਸ਼ੇਸ਼ ਅਪੀਲ ਕਰਦਾਂ ਹਾਂ ਕਿ ਅੱਜ ਸਾਡੇ ਸਮਾਜ ਦੇ ਅੰਦਰ ਸਾਨੂੰ ਗੁਰੂ ਨਾਲੋਂ ਤੋੜਨ ਲਈ ਅਸ਼ਲੀਲਤਾ ਫੈਲਾਈ ਜਾ ਰਹੀ ਹੈ। ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜੀਏ। ਲੱਚਰਤਾ ਜਾਂ ਗੁਰਮਤਿ ਦੇ ਉਲਟ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਉਸ ਤੋਂ ਬੱਚਿਆਂ ਨੂੰ ਬਚਾਈਏ।"
ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਕੰਚਨੀ ਕੁਮਾਰੀ ਦੇ ਕਤਲ ਦੀ ਆਲੋਚਨਾ ਕੀਤੀ ਹੈ।
ਉਨ੍ਹਾਂ ਕਿਹਾ, "ਯੋਧੇ ਨਿਹੱਥੇ ਉੱਤੇ ਹੱਥ ਨਹੀਂ ਚੁੱਕਦੇ। ਯੋਧੇ ਔਰਤਾਂ ਉੱਤੇ ਹੱਥ ਨਹੀਂ ਚੁੱਕਦੇ। ਯੋਧੇ ਬੱਚਿਆਂ ਉੱਤੇ ਹੱਥ ਨਹੀਂ ਚੁੱਕਦੇ। ਤੁਸੀਂ ਉਸ ਨੂੰ (ਕੰਚਨ ਕੁਮਾਰੀ) ਨੂੰ ਸਮਝਾਉਣ ਸੀ। ਸ਼ਿਕਾਇਤ ਕਰਨੀ ਸੀ।"
"ਜੇਕਰ ਏਨੀ ਦਲੇਰੀ ਹੈ ਤਾਂ ਦੁਨੀਆਂ ਵਿੱਚ ਹੋਰ ਬਥੇਰੇ ਅੱਤਿਆਚਾਰ ਹੋ ਰਹੇ ਹਨ। ਉਹਨਾਂ ਨੂੰ ਸੰਭਾਲੋ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













