ਸੋਸ਼ਲ ਮੀਡੀਆ ਇਨਫਲੂਐਂਸਰ 'ਕਮਲ ਕੌਰ ਭਾਬੀ' ਦੇ ਕਤਲ ਦੇ ਕਾਰਨਾਂ ਬਾਰੇ ਪੁਲਿਸ ਨੇ ਕੀ ਦੱਸਿਆ, ਹੁਣ ਤੱਕ ਕੀ ਕਾਰਵਾਈ ਹੋਈ

ਤਸਵੀਰ ਸਰੋਤ, kamalkaurbhabhi/Instagram
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ 'ਕਮਲ ਕੌਰ ਭਾਬੀ' ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਦੋ ਸਿੱਖ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਕਮਲ ਕੌਰ ਦੀ ਲਾਸ਼ ਬੁੱਧਵਾਰ ਸ਼ਾਮ ਨੂੰ ਬਠਿੰਡਾ ਦੇ ਭੁੱਚੋ ਹਲਕੇ ਵਿੱਚ ਪੈਂਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਇੱਕ ਕਾਰ ਵਿੱਚੋਂ ਮਿਲੀ ਸੀ।
ਪਾਰਕਿੰਗ ਵਿੱਚ ਖੜ੍ਹੀ ਇੱਕ ਗੱਡੀ ਵਿੱਚੋਂ ਬੁਦਬੂ ਆਉਣ ਤੋਂ ਬਾਅਦ ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਜਦੋਂ ਪੁਲਿਸ ਨੇ ਕਾਰ ਖੋਲ਼੍ਹੀ ਤਾਂ ਇਸ ਦੀ ਪਿਛਲੀ ਸੀਟ ਉੱਤੋਂ 'ਕਮਲ ਕੌਰ' ਦੀ ਲਾਸ਼ ਬਰਾਮਦ ਹੋਈ।
ਪੁਲਿਸ ਨੇ ਇਸ ਮਾਮਲੇ ਵਿੱਚ ਜਿਨ੍ਹਾਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਦੀ ਪਛਾਣ ਮੋਗਾ ਜ਼ਿਲ੍ਹੇ ਦੇ ਪਿੰਡ ਮਹਿਰੋਂ ਦੇ ਰਹਿਣ ਵਾਲੇ 32 ਸਾਲਾ ਜਸਪ੍ਰੀਤ ਸਿੰਘ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਸ਼ਹਿਰ ਹਰੀਕੇ ਦੇ ਵਸਨੀਕ 21 ਸਾਲਾ ਨਿਮਤਰਜੀਤ ਸਿੰਘ ਵਜੋਂ ਦੱਸੀ ਗਈ ਹੈ।
ਪੁਲਿਸ ਨੇ ਇਸ ਕੇਸ ਵਿੱਚ ਇੱਕ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਵੀ ਬਰਾਮਦ ਕੀਤੀ ਹੈ।
ਪੁਲਿਸ ਮੁਤਾਬਕ ਮੁਲਜ਼ਮਾਂ ਨੇ ਕਥਿਤ ਤੌਰ ਉੱਤੇ ਗਲ਼ਾ ਘੁੱਟ ਕੇ ਕੰਚਨ ਕੁਮਾਰੀ ਦਾ ਕਤਲ ਕਰ ਦਿੱਤਾ।
ਬਠਿੰਡਾ ਪੁਲਿਸ ਮੁਖੀ ਮੁਤਾਬਕ ਕਤਲ ਦਾ ਉਦੇਸ਼ 'ਮੌਰਲ ਪੁਲਿੰਸਿੰਗ' ਹੈ।
ਮੁਲਜ਼ਮਾਂ ਨੂੰ ਕੰਚਨ ਕੁਮਾਰੀ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਤੇ 'ਕੌਰ' ਸਰਨੇਮ ਵਰਤਣ ਉੱਤੇ ਇਤਰਾਜ਼ ਸੀ।
ਕੌਣ ਸੀ ਕਮਲ ਕੌਰ
30 ਸਾਲਾ ਕਮਲ ਕੌਰ ਦਾ ਅਸਲੀ ਨਾਮ ਕੰਚਨ ਕੁਮਾਰੀ ਸੀ ਅਤੇ ਉਹ ਸੋਸ਼ਲ ਮੀਡੀਆ ਨਾਮ 'ਕਮਲ ਕੌਰ ਭਾਬੀ' ਨਾਲ ਜਾਣੀ ਜਾਂਦੀ ਹੈ। ਉਸ ਦੇ ਇੰਸਟਾਗ੍ਰਾਮ 'ਤੇ ਮੌਜੂਦਾ ਸਮੇਂ 4 ਲੱਖ ਤੋਂ ਵੱਧ ਫੌਲੋਅਰਜ਼ ਹਨ।
ਉਹ ਆਪਣੇ ਅਕਾਊਂਟ ਤੋਂ ਲਗਾਤਾਰ ਰੀਲਾਂ ਅਤੇ ਪੋਸਟ ਸ਼ੇਅਰ ਕਰਦੀ ਸੀ, ਜਿਹੜੀਆਂ ਅਕਸਰ 'ਦੋਹਰੇ ਅਰਥਾਂ' ਅਤੇ 'ਲੱਚਰਤਾ' ਕਰਕੇ ਆਲੋਚਨਾ ਦਾ ਕਾਰਨ ਬਣਦੀਆਂ ਸਨ।

ਤਸਵੀਰ ਸਰੋਤ, kamalkaurbhabhi/Instagram
ਇੰਸਟਾਗ੍ਰਾਮ ਉੱਤੇ ਉਸ ਨੇ 1,351 ਪੋਸਟਾਂ ਸਾਂਝੀਆਂ ਕੀਤੀਆਂ ਹਨ। ਉਹ ਕਈ ਹੋਰ ਸੋਸ਼ਲ ਮੀਡੀਆ ਸਾਈਟਾਂ 'ਤੇ ਵੀ ਸਰਗਰਮ ਸੀ।
ਉਸ ਨੂੰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਧਮਕੀਆਂ ਵੀ ਮਿਲੀਆਂ ਸਨ।
ਕੁਝ ਮਹੀਨੇ ਪਹਿਲਾਂ ਵਿਦੇਸ਼ ਵਿੱਚ ਸਥਿਤ ਇੱਕ ਗੈਂਗਸਟਰ ਨੇ ਕੰਚਨ ਦੀਆਂ ਪੋਸਟਾਂ ਵਿੱਚ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਕਰਕੇ ਆਲੋਚਨਾ ਵੀ ਕੀਤੀ ਸੀ।
ਪੁਲਿਸ ਮੁਤਾਬਕ ਮ੍ਰਿਤਕਾ ਲੁਧਿਆਣਾ ਦੇ ਲਕਸ਼ਮਣ ਨਗਰ ਵਿੱਚ ਆਪਣੇ ਮਾਤਾ-ਪਿਤਾ, ਦੋ ਭਰਾਵਾਂ ਅਤੇ ਦੋ ਭੈਣਾਂ ਨਾਲ ਰਹਿੰਦੀ ਸੀ।
ਮ੍ਰਿਤਕਾ ਦੀ ਮਾਂ ਨੇ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਗਿਆ, ''ਉਹ 9 ਜੂਨ ਦੀ ਸ਼ਾਮ ਨੂੰ ਆਪਣੇ ਲੁਧਿਆਣਾ ਵਿਚਲੇ ਘਰੋਂ ਨਿਕਲੀ ਸੀ। ਉਸ ਦਾ ਮੋਬਾਈਲ ਫੋਨ ਉਸੇ ਦਿਨ ਦੀ ਰਾਤ ਤੱਕ ਐਕਟਿਵ ਸੀ। ਉਹ ਇੱਕ ਪ੍ਰਚਾਰ ਪ੍ਰੋਗਰਾਮ ਵਾਸਤੇ ਬਠਿੰਡਾ ਗਈ ਸੀ। ਰਾਤ ਦੇ 11 ਵਜੇ ਤੋਂ ਬਾਅਦ ਕੰਚਨ ਕੁਮਾਰੀ ਦਾ ਆਪਣੇ ਪਰਿਵਾਰ ਨਾਲ ਸੰਪਰਕ ਨਹੀਂ ਹੋਇਆ।''
ਪੁਲਿਸ ਨੇ ਕਤਲ ਬਾਰੇ ਕੀ ਦੱਸਿਆ
ਪੁਲਿਸ ਨੇ ਕਤਲ ਦਾ ਮੁਕੱਦਮਾ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਅਜੇ ਫ਼ਰਾਰ ਹੈ।
ਬਠਿੰਡਾ ਦੀ ਐੱਸਐੱਸਪੀ ਅਮਨੀਤ ਕੌਂਡਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ, ''7-8 ਜੂਨ ਨੂੰ ਅੰਮ੍ਰਿਤਪਾਲ ਸਿੰਘ ਮਹਿਰੋਂ ਕੰਚਨ ਦੇ ਘਰ ਗਿਆ ਸੀ। ਪਰ ਕੰਚਨ ਦੇ ਘਰ ਨਾ ਹੋਣ ਕਰਕੇ ਉਹ ਵਾਪਸ ਚਲਾ ਗਿਆ।''
''ਫਿਰ 9 ਜੂਨ ਨੂੰ ਕਾਰ ਪ੍ਰਮੋਸ਼ਨ ਦੇ ਬਹਾਨੇ ਮੁਲਜ਼ਮ ਜਸਪ੍ਰੀਤ ਅਤੇ ਚਰਨਜੀਤ ਸਿੰਘ ਕੰਚਨ ਨੂੰ ਬਠਿੰਡਾ ਲੈ ਗਏ। ਕੰਚਨ ਆਪਣੀ ਕਾਰ ਵਿੱਚ ਗਈ ਅਤੇ ਮੁਲਜ਼ਮ ਆਪਣੀ ਕਾਰ ਵਿੱਚ।''

ਪੁਲਿਸ ਨੇ ਦਾਅਵਾ ਕੀਤਾ ਕਿ ਬਠਿੰਡਾ ਪਹੁੰਚ ਕੇ ਕੰਚਨ ਦੀ ਗੱਡੀ ਨੂੰ ਠੀਕ ਕਰਵਾਉਣ ਲਈ ਇਕ ਗੈਰਾਜ ਵਿੱਚ ਲਗਾ ਦਿੱਤਾ ਗਿਆ। ਗੱਡੀ ਠੀਕ ਹੋਣ ਤੋਂ ਬਾਅਦ ਲਗਭਗ ਇੱਕ ਵਜੇ ਕਿਸੇ ਸੁੰਨਸਾਨ ਜਗ੍ਹਾ ਉੱਤੇ ਲਿਜਾ ਕੇ ਉਸ ਦਾ ਗਲ਼ਾ ਘੁੱਟ ਕੇ ਕਥਿਤ ਤੌਰ ਉੱਤੇ ਕਤਲ ਕਰ ਦਿੱਤਾ ਗਿਆ।
ਐੱਸਐੱਸਪੀ ਮੁਤਾਬਕ ਕਤਲ ਕਰਨ ਮਗਰੋਂ ਮੁਲਜ਼ਮਾਂ ਨੇ ਲਾਸ਼ ਨੂੰ ਗੱਡੀ ਵਿੱਚ ਪਾਇਆ ਅਤੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਕਰ ਦਿੱਤੀ।
ਨਾਮਜ਼ਦ ਕੀਤਾ ਅੰਮ੍ਰਿਤਪਾਲ ਮਹਿਰੋਂ ਕੌਣ ਹੈ
ਪੁਲਿਸ ਮੁਤਾਬਕ ਅੰਮ੍ਰਿਤਪਾਲ ਸਿੰਘ ਮਹਿਰੋਂ ਇੱਕ ਐਕਟਵਿਸਟ ਹੈ, ਜੋ ਅਕਸਰ ਸੋਸ਼ਲ ਮੀਡੀਆ ਉੱਤੇ ਕਥਿਤ ਲੱਚਰ ਜਾਂ ਦੋਹਰੇ ਮਤਲਬ ਵਾਲੀਆਂ ਵੀਡੀਓਜ਼ ਪਾਉਣ ਵਾਲਿਆਂ ਦੀ ਆਲੋਚਨਾ ਕਰਦਾ ਹੈ।
ਉਹ ਅਜਿਹੀਆਂ ਵੀਡੀਓਜ਼ ਪਾਉਣ ਵਾਲਿਆਂ ਨੂੰ ਡਰਾ ਕੇ ਭਵਿੱਖ ਵਿੱਚ ਅਜਿਹਾ ਨਾ ਕਰਨ ਦੀਆਂ ਚੇਤਾਵਨੀਆਂ ਦਿੰਦਾ ਹੈ। ਇਸ ਤੋਂ ਇਲਾਵਾ ਉਹ ਹੋਰ ਕਈ ਧਾਰਮਿਕ ਮਾਮਲਿਆਂ ਵਿੱਚ ਸਰਗਰਮ ਰਹਿੰਦਾ ਹੈ। ਉਹ ਅਕਸਰ ਨਿਹੰਗਾਂ ਦੇ ਪਹਿਰਾਵੇ ਵਿੱਚ ਰਹਿੰਦਾ ਹੈ।
ਬਠਿੰਡਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਉੱਤੇ ਦੋ ਕੇਸ ਦਰਜ ਹਨ। ਇੱਕ ਕੇਸ ਬਰਨਾਲਾ ਜ਼ਿਲ੍ਹੇ ਦੇ ਥਾਣੇ ਧਨੌਲਾ ਵਿੱਚ ਅਤੇ ਦੂਜਾ ਕੇਸ ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣੇ ਈ-ਡਿਵੀਜ਼ਨ ਵਿੱਚ ਦਰਜ ਹੈ।

ਤਸਵੀਰ ਸਰੋਤ, amritpalsinghmehron/instagram
ਵੀਡੀਓ ਵਿੱਚ ਅੰਮ੍ਰਿਤਪਾਲ ਮਹਿਰੋਂ ਨੇ ਕੀ ਕਿਹਾ
ਕਤਲ ਤੋਂ ਬਾਅਦ ਪੁਲਿਸ ਵੱਲੋਂ ਗ੍ਰਿਫ਼ਤਾਰ ਦੋਵਾਂ ਵਿਅਕਤੀਆਂ ਨੂੰ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਆਪਣੇ ਅਹਿਮ ਸਾਥੀ ਕਰਾਰ ਦਿੱਤਾ ਹੈ।
ਮਹਿਰੋਂ ਨੇ ਕਿਹਾ ਮੇਰੇ ਦੋ ਸਾਥੀਆਂ ਨੂੰ ਪੁਲਿਸ ਨੇ ਫੜਿਆ ਹੈ, ਮੇਰੀ ਵੀ ਗ੍ਰਿਫ਼ਤਾਰੀ ਹੋ ਸਕਦੀ ਹੈ।
ਅੰਮ੍ਰਿਤਪਾਲ ਸਿੰਘ ਮਹਿਰੋਂ ਵੀਡੀਓ ਰਾਹੀਂ ਕੰਚਨ ਦੇ ਕਤਲ ਨੂੰ ਜਾਇਜ਼ ਠਹਿਰਾ ਰਹੇ ਹਨ। ਉਹ ਕਥਿਤ ਤੌਰ ਉੱਤੇ ਲੱਚਰ ਵੀਡੀਓ ਬਣਾਉਣ ਵਾਲੇ ਕੁਝ ਹੋਰ ਸੋਸ਼ਲ ਮੀਡੀਆ ਇੰਨਫੂਲੈਸਰਜ਼ ਨੂੰ ਵੀ ਧਮਕਾ ਰਹੇ ਹਨ।
ਅੰਮ੍ਰਿਤਪਾਲ ਮਹਿਰੋਂ ਵਲੋਂ ਕੰਚਨ ਦੇ ਕਤਲ ਨੂੰ ਜਾਇਜ਼ ਠਹਿਰਾਉਣ ਅਤੇ ਹੋਰਾਂ ਨੂੰ ਧਮਕੀਆਂ ਦੇਣ ਲਈ ਦੋ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਪਾਈਆਂ ਗਈਆਂ ਹਨ। ਬਠਿੰਡਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਇਨ੍ਹਾਂ ਵੀਡੀਓਜ਼ ਦੀ ਪੁਸ਼ਟੀ ਕੀਤੀ ਹੈ।
ਮਹਿਰੋਂ ਕਹਿੰਦੇ ਦਿਖ ਰਹੇ ਹਨ, ''ਸਾਡੇ ਦੋ ਸਾਥੀ ਗ੍ਰਿਫ਼ਤਾਰ ਹੋ ਚੁੱਕੇ ਹਨ। ਮੇਰਾ ਖੁਦ ਦਾ ਨਾਮ ਵੀ ਜਾਂਚ ਵਿੱਚ ਸਾਹਮਣੇ ਆ ਰਿਹਾ ਹੈ ਅਤੇ ਉਹ ਨਤੀਜੇ ਭੁਗਤਣ ਵਾਸਤੇ ਤਿਆਰ ਹਨ।''
"ਸਾਡੇ ਦੋ ਸਿੰਘਾਂ ਦੀ ਅਰੈਸਟ ਪਈ ਹੈ। ਭਾਈ ਜਸਪ੍ਰੀਤ ਸਿੰਘ ਮਹਿਰੋਂ ਤੋ ਅਤੇ ਭਾਈ ਨਿਮਰਤਜੀਤ ਸਿੰਘ ਹਰੀਕੇ ਤੋਂ। ਉਨ੍ਹਾਂ ਦੇ ਤਾਰ ਇਸ ਕੇਸ ਨਾਲ ਜੁੜੇ ਹਨ। ਸਾਡੀ ਗੱਡੀ ਵੀ (ਜਾਂਚ) ਵਿੱਚ ਆਈ ਹੈ। ਮੈਨੂੰ ਕੋਈ ਪਰਵਾਹ ਨਹੀਂ ਹੈ ਕਿ ਮੇਰਾ ਨਾਮ ਆਉਂਦਾ ਜਾਂ ਮੇਰੇ ਨਾਲ ਤਾਰਾਂ ਜੁੜਦੀਆਂ ਹਨ। ਮੈਂ ਸ਼ਾਮਲ ਸੀ ਜਾਂ ਨਹੀਂ ਸੀ। ਮੈਨੂੰ ਇਹਦੀ ਕੋਈ ਪਰਵਾਹ ਨਹੀਂ ਹੈ। ਚਾਹੇ ਫਾਹੇ ਲੱਗਣਾ ਪੈ ਜਾਵੇ, ਚਾਹੇ ਸੂਲ਼ੀ ਚੜ੍ਹਨਾ ਪੈ ਜਾਵੇ। ਪੰਜਾਬ ਦੀ ਇੱਜ਼ਤ ਜ਼ਰੂਰ ਬਚਾਉਣੀ ਹੈ। ਨਸਲਾਂ ਬਚਾਉਣੀਆਂ ਹਨ।"
ਵੀਡੀਓ ਵਿੱਚ ਮਹਿਰੋਂ ਦਾਅਵਾ ਕਰਦੇ ਹਨ ਕਿ ਉਨ੍ਹਾਂ ਕੰਚਨ ਨੂੰ ਪਹਿਲਾ ਸਮਝਾਇਆ ਸੀ, ਉਹ ਉਸ ਨੂੰ ਡੇਢ ਲੱਖ ਰੁਪਏ ਦੀ ਆਰਥਿਕ ਮਦਦ ਕਰਨ ਦਾ ਵੀ ਦਾਅਵਾ ਕਰਦੇ ਹਨ।
ਉਹ ਕਹਿੰਦੇ ਹਨ, "ਅਸੀਂ ਪਹਿਲਾਂ ਵੀ ਇਸ ਨੂੰ ਪਿਆਰ ਨਾਲ ਸਮਝਾਇਆ। ਪਰ ਇਹ ਨਹੀਂ ਸਮਝੀ। ਹੁਣ ਵੀ ਸਮਝਾਇਆ ਪਰ ਹੁਣ ਇਹ ਬੋਲ ਨਹੀਂ ਰਹੀ।"
'ਕੌਰ' ਸਰਨੇਮ ਉੱਤੇ ਇਤਰਾਜ਼

ਮਹਿਰੋਂ ਨੇ ਕੰਚਨ ਕੁਮਾਰੀ ਦੇ ਪਰਵਾਸੀ ਹੋਣ ਅਤੇ ਲੱਚਰ ਪੋਸਟਾਂ ਸ਼ੇਅਰ ਕਰਕੇ ਆਪਣੇ ਨਾਮ ਨਾਲ 'ਕੌਰ' ਲਾਉਣ ਦੀ ਆਲੋਚਨਾ ਕੀਤੀ।
ਉਸ ਨੇ ਕਿਹਾ ਕਿ ਕੰਚਨ ਕੁਮਾਰੀ ਨੂੰ ਆਪਣੇ ਨਾਮ ਨਾਲ ਕੌਰ ਲਾਉਣ ਦਾ ਅਧਿਕਾਰ ਨਹੀਂ ਹੈ ਪਰ ਉਹ ਜਾਣੀ ਹੀ ਕਮਲ ਕੌਰ ਦੇ ਨਾਮ ਨਾਲ ਜਾਂਦੀ ਸੀ।
ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਅੰਮ੍ਰਿਤਪਾਲ ਮਹਿਰੋਂ ਨੇ ਕੰਚਨ ਕੁਮਾਰੀ ਦੀਆਂ ਕਈ ਪੋਸਟਾਂ ਵੀ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੀ ਆਲੋਚਨਾ ਕੀਤੀ।
ਕੰਚਨ ਕੁਮਾਰੀ ਦੀਆਂ ਪੋਸਟਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੇ ਕਿਹਾ, "ਕੀ ਇਹ ਸਹੀ ਹੈ? ਇਹ ਪੰਜਾਬ ਵਿੱਚ ਹੋਣਾ ਚਾਹੀਦਾ ਹੈ? ਇਹ ਨਹੀਂ ਹੋਣਾ ਚਾਹੀਦਾ।"
ਮਹਿਰੋਂ ਨੇ ਕਿਹਾ ਕਿ ਕੰਚਨ ਕੁਮਾਰੀ ਦੀਆਂ ਕਈ ਵੀਡੀਓਜ਼ ਸਿਰਫ਼ ਪੈਸੇ ਦੇ ਕੇ ਦੇਖੀਆਂ ਜਾ ਸਕਦੀਆਂ ਸਨ। ਇਸ ਨੇ ਸੋਸ਼ਲ ਮੀਡੀਆ ਉੱਤੇ ਕਈ ਗਰੁੱਪ ਬਣਾਏ ਹੋਏ ਸੀ, ਜਿੱਥੇ ਉਹ ਕਥਿਤ ਤੌਰ ਉੱਤੇ ਅਸ਼ਲੀਲ ਗੱਲਾਂ ਕਰਦੀ ਸੀ।
ਉਨ੍ਹਾਂ ਨੇ ਕਿਹਾ ਕਿ ਕੰਚਨ ਕੁਮਾਰੀ ਦੀਆਂ ਪੋਸਟਾਂ ਪਰਿਵਾਰ ਵਿੱਚ ਨਹੀਂ ਦੇਖੀਆਂ ਜਾ ਸਕਦੀਆਂ।
ਮਹਿਰੋਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਕੰਚਨ ਕੁਮਾਰੀ ਨੂੰ ਚੇਤਾਵਨੀ ਦਿੱਤੀ ਸੀ ਅਤੇ ਉਸ ਨੇ ਮੁਆਫ਼ੀ ਮੰਗ ਲਈ ਸੀ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਕੰਚਨ ਕੁਮਾਰੀ ਦੀ ਵਿੱਤੀ ਮਦਦ ਵੀ ਕੀਤੀ ਸੀ ਅਤੇ ਕਥਿਤ ਲੱਚਰ ਪੋਸਟਾਂ ਸ਼ੇਅਰ ਕਰਨ ਤੋਂ ਮਨ੍ਹਾ ਕੀਤਾ ਸੀ।
"ਕੰਚਨੀ ਕੁਮਾਰੀ ਰੋਂਦੀ ਸੀ ਕਿ ਉਸ ਦੇ ਪਿਓ ਨੂੰ ਕੈਂਸਰ ਹੈ ਅਤੇ ਘਰ ਦਾ ਖ਼ਰਚਾ ਨਹੀਂ ਚੱਲ ਰਿਹਾ। ਅਸੀਂ ਡੇਢ ਲੱਖ ਰੁਪਈਆ ਵੀ ਦਿੱਤਾ ਸੀ ਅਤੇ ਕਿਹਾ ਸੀ ਕਿ ਭੈਣੇ ਇਹ ਕੰਮ ਨਾ ਕਰ।"
ਹੋਰਾਂ ਨੂੰ ਵੀ ਧਮਕਾਇਆ
ਮਹਿਰੋਂ ਨੇ ਧਮਕੀ ਦਿੱਤੀ ਕਿ ਉਹ ਪੰਜਾਬ ਵਿੱਚ ਕਿਸੇ ਨੂੰ ਵੀ ਸੋਸ਼ਲ ਮੀਡੀਆ ਉੱਤੇ ਅਸ਼ਲੀਲ ਪੋਸਟਾਂ ਸ਼ੇਅਰ ਕਰਨ ਨਹੀਂ ਦੇਵੇਗਾ।
ਉਨ੍ਹਾਂ ਨੇ ਧਮਕੀ ਦਿੱਤੀ ਕਿ ਪੰਜਾਬ ਦੇ ਜਿਸ ਵਸਨੀਕ ਦੇ ਨਾਮ ਨਾਲ ਸਿੰਘ ਜਾਂ ਕੌਰ ਲੱਗਦਾ ਹੈ, ਜੇਕਰ ਉਸ ਦੀ ਕਥਿਤ ਲੱਚਰ ਵੀਡੀਓ ਸਾਹਮਣੇ ਆਈ ਤਾਂ ਉਹ ਨਤੀਜੇ ਭੁਗਤਣ ਲਈ ਤਿਆਰ ਰਹੇ। ਉਨ੍ਹਾਂ ਨੇ ਕਈ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਨਾਮ ਲੈ ਕੇ ਵੀ ਧਮਕੀ ਦਿੱਤੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













