ਭਾਰਤ ਵਿੱਚ ਰਹਿੰਦਾ ਇੱਕ ਪਾਕਿਸਤਾਨੀ ਜੋੜਾ ਘਰ ਵਿੱਚ ਮ੍ਰਿਤ ਹਾਲਤ ਵਿੱਚ ਮਿਲਿਆ, ਪੁਲਿਸ ਉਨ੍ਹਾਂ ਦੀ ਮੌਤ ਬਾਰੇ ਕੀ ਦੱਸ ਰਹੀ ਹੈ

- ਲੇਖਕ, ਅਲਪੇਸ਼ ਕਰਕਰੇ
- ਰੋਲ, ਬੀਬੀਸੀ ਮਰਾਠੀ ਲਈ
(ਰਿਪੋਰਟ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ)
ਸੋਮਵਾਰ, 9 ਜੂਨ ਨੂੰ ਨਵੀਂ ਮੁੰਬਈ ਦੇ ਖਾਰਘਰ ਇਲਾਕੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇੱਕ ਜੋੜਾ ਆਪਣੇ ਘਰ ਵਿੱਚ ਮ੍ਰਿਤ ਹਾਲਤ 'ਚ ਮਿਲਿਆ।
ਪੁਲਿਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਅਜਿਹਾ ਜਾਪਦਾ ਹੈ ਕਿ ਪਤੀ ਨੇ ਪਹਿਲਾਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਫਿਰ ਖੁਦਕੁਸ਼ੀ ਕਰ ਲਈ।
ਇਸ ਘਟਨਾ ਨੇ ਖਾਰਘਰ ਅਤੇ ਨਵੀਂ ਮੁੰਬਈ ਵਿੱਚ ਹਲਚਲ ਮਚਾ ਦਿੱਤੀ ਹੈ। ਫਿਲਹਾਲ ਖਾਰਘਰ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਮਾਮਲਾ?

ਮਾਮਲਾ ਲੰਘੇ ਸੋਮਵਾਰ, 9 ਜੂਨ, 2025 ਨੂੰ ਸਾਹਮਣੇ ਆਇਆ ਹੈ। ਮ੍ਰਿਤਕ ਪਤੀ-ਪਤਨੀ ਪਿਛਲੇ 6 ਮਹੀਨਿਆਂ ਤੋਂ ਨਵੀਂ ਮੁੰਬਈ ਦੇ ਖਾਰਘਰ ਦੇ ਸੈਕਟਰ 34 ਵਿੱਚ ਡੌਲਫਿਨ ਪ੍ਰਾਈਡ ਸੋਸਾਇਟੀ ਦੀ ਦੂਜੀ ਮੰਜ਼ਿਲ 'ਤੇ ਆਪਣੇ ਦੋ ਬੱਚਿਆਂ ਨਾਲ ਰਹਿ ਰਹੇ ਸਨ।
ਸੋਮਵਾਰ ਸਵੇਰੇ 10 ਵਜੇ ਦੇ ਕਰੀਬ ਸਪਨਾ ਸਚਦੇਵ (35) ਅਤੇ ਨੂਤਨਦਾਸ ਉਰਫ਼ ਸੰਜੇ ਸਚਦੇਵ (42) ਦੇ ਬੱਚੇ ਕਲਾਸ ਅਤੇ ਸਕੂਲ ਤੋਂ ਘਰ ਵਾਪਸ ਆਏ। ਉਸ ਦਿਨ ਪਤੀ-ਪਤਨੀ ਘਰ ਵਿੱਚ ਹੀ ਮੌਜੂਦ ਸਨ। ਜਦੋਂ ਬੱਚੇ ਘਰ ਪਹੁੰਚੇ ਤਾਂ ਉਨ੍ਹਾਂ ਨੇ ਦਰਵਾਜ਼ੇ ਦੀ ਘੰਟੀ ਵਜਾਈ, ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ।
ਬੱਚਿਆਂ ਵੱਲੋਂ ਵਾਰ-ਵਾਰ ਆਪਣੇ ਮਾਪਿਆਂ ਨੂੰ ਬੁਲਾਉਣ ਤੋਂ ਬਾਅਦ ਵੀ ਦਰਵਾਜ਼ਾ ਨਹੀਂ ਖੁੱਲ੍ਹਿਆ। ਫਿਰ ਬੱਚਿਆਂ ਨੇ ਗੁਆਂਢੀਆਂ ਨੂੰ ਇਸ ਬਾਰੇ ਦੱਸਿਆ ਅਤੇ ਉਨ੍ਹਾਂ ਦੀ ਮਦਦ ਨਾਲ ਇਸ ਬਾਰੇ ਸਪਨਾ ਦੇ ਭੈਣ ਸੰਗੀਤਾ ਸੇਵਕ ਮਖੀਜਾ (46) ਨੂੰ ਫੋਨ 'ਤੇ ਪੂਰੀ ਗੱਲ ਦੱਸੀ।

ਸੰਗੀਤਾ ਮਖੀਜਾ ਵੀ ਖਾਰਘਰ 'ਚ ਹੀ ਸੈਕਟਰ-6 ਵਿੱਚ ਰਹਿੰਦੇ ਹਨ ਜੋ ਕਿ ਬੱਚਿਆਂ ਦੇ ਫੋਨ ਤੋਂ ਬਾਅਦ ਤੁਰੰਤ ਡੌਲਫਿਨ ਪ੍ਰਾਈਡ ਸੋਸਾਇਟੀ ਪਹੁੰਚੇ। ਗੁਆਂਢੀਆਂ ਦੀ ਮਦਦ ਨਾਲ, ਰਿਸ਼ਤੇਦਾਰ ਦੂਜੀ ਖਿੜਕੀ ਰਾਹੀਂ ਘਰ ਵਿੱਚ ਦਾਖਲ ਹੋਏ।
ਘਰ 'ਚ ਦਾਖਲ ਹੋਣ 'ਤੇ ਉਨ੍ਹਾਂ ਦੇਖਿਆ ਕਿ ਸਚਦੇਵ ਜੋੜੇ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਪਈਆਂ ਸਨ।
ਜਿਸ ਮਗਰੋਂ ਆਲੇ-ਦੁਆਲੇ ਦੇ ਇਲਾਕੇ ਰੌਲ਼ਾ ਪੈ ਗਿਆ। ਗੁਆਂਢੀ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ।
ਪੁਲਿਸ ਨੇ ਕੀ ਦੱਸਿਆ
ਜਿਵੇਂ ਹੀ ਖਰਘਰ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਮਿਲੀ, ਉਹ ਮੌਕੇ 'ਤੇ ਪਹੁੰਚ ਗਏ ਅਤੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ।
ਪੁਲਿਸ ਨੇ ਘਟਨਾ ਅਤੇ ਇਨ੍ਹਾਂ ਦੋਵਾਂ ਵਿਅਕਤੀਆਂ ਬਾਰੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਜਾਣਕਾਰੀ ਲਈ। ਉਨ੍ਹਾਂ ਨੇ ਮੌਕੇ ਤੋਂ ਕੁਝ ਸਮੱਗਰੀ ਵੀ ਜ਼ਬਤ ਕੀਤੀ। ਫਿਲਹਾਲ ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੂਤਨਦਾਸ ਦਾ ਆਪਣੀ ਪਤਨੀ ਸਪਨਾ ਨਾਲ ਅਣਜਾਣ ਕਾਰਨਾਂ ਕਰਕੇ ਝਗੜਾ ਹੋਇਆ ਸੀ ਅਤੇ ਬਹਿਸ ਦੌਰਾਨ ਉਸਨੇ ਸਪਨਾ 'ਤੇ ਤੇਜ਼ ਰਸੋਈ ਦੇ ਚਾਕੂ ਨਾਲ ਵਾਰ ਕੀਤੇ, ਜਿਸ ਨਾਲ ਉਸਦੀ ਮੌਤ ਹੋ ਗਈ।
ਪੁਲਿਸ ਮੁਤਾਬਕ, ਫਿਰ ਨੂਤਨਦਾਸ ਨੇ ਉਸੇ ਚਾਕੂ ਨਾਲ ਖੁਦ ਵੀ ਆਤਮ-ਹੱਤਿਆ ਕਰ ਲਈ।
ਪਾਕਿਸਤਾਨ ਤੋਂ 6 ਮਹੀਨੇ ਪਹਿਲਾਂ ਹੀ ਆਏ ਸਨ ਭਾਰਤ

ਨੂਤਨਦਾਸ ਸਚਦੇਵ ਮੂਲ ਰੂਪ ਵਿੱਚ ਪਾਕਿਸਤਾਨ ਦੇ ਰਹਿਣ ਵਾਲੇ ਸਨ। ਉਹ ਅਤੇ ਉਨ੍ਹਾਂ ਦੇ ਪਤਨੀ ਸਪਨਾ ਸਚਦੇਵ ਛੇ ਮਹੀਨੇ ਪਹਿਲਾਂ ਆਪਣੇ ਦੋ ਬੱਚਿਆਂ ਨਾਲ ਭਾਰਤ ਆਏ ਸਨ। ਦੋਵੇਂ ਹਿੰਦੂ ਭਾਈਚਾਰੇ ਨਾਲ ਸਬੰਧਿਤ ਹਨ। ਉਨ੍ਹਾਂ ਦਾ ਇੱਕ 10 ਸਾਲ ਦਾ ਪੁੱਤਰ ਅਤੇ ਇੱਕ 6 ਸਾਲ ਦਾ ਪੁੱਤਰ ਹੈ।
ਨਵੰਬਰ 2024 ਵਿੱਚ ਉਹ ਥੋੜ੍ਹੇ ਸਮੇਂ ਦੇ ਵਿਜ਼ਿਟ ਵੀਜ਼ੇ 'ਤੇ ਭਾਰਤ ਆਏ ਸਨ। ਉਹ ਪਿਛਲੇ 6 ਮਹੀਨਿਆਂ ਤੋਂ ਆਪਣੇ ਦੋ ਬੱਚਿਆਂ ਨਾਲ ਨਵੀਂ ਮੁੰਬਈ ਦੇ ਖਾਰਘਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਕਾਰ ਅਕਸਰ ਕਈ ਕਾਰਨਾਂ ਕਰਕੇ ਬਹਿਸ ਹੁੰਦੀ ਰਹਿੰਦੀ ਸੀ। ਸਪਨਾ ਪਾਕਿਸਤਾਨ ਵਾਪਸ ਜਾਣਾ ਚਾਹੁੰਦੇ ਸਨ, ਜਦਕਿ ਨੂਤਨਦਾਮ ਭਾਰਤ ਵਿੱਚ ਰਹਿਣਾ ਚਾਹੁੰਦੇ ਸਨ। ਦੋਵਾਂ ਵਿਚਕਾਰ ਇਹ ਝਗੜਾ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ।
ਪੁਲਿਸ ਨੂੰ ਸ਼ੱਕ ਹੈ ਕਿ ਨੂਤਨਦਾਸ ਨੇ ਇਸੇ ਝਗੜੇ ਕਾਰਨ ਸੋਮਵਾਰ ਨੂੰ ਸਪਨਾ 'ਤੇ ਚਾਕੂ ਨਾਲ ਕਈ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਵੀ ਇਸ (ਝਗੜੇ) ਬਾਰੇ ਜਾਣਕਾਰੀ ਦਿੱਤੀ ਸੀ।
ਪਿਛਲੀ ਵਾਰ ਝਗੜੇ ਦੌਰਾਨ ਵੀ ਆਈ ਸੀ ਪੁਲਿਸ ਪਰ...

ਡਿਪਟੀ ਕਮਿਸ਼ਨਰ ਪ੍ਰਸ਼ਾਂਤ ਮੋਹਿਤੇ ਨੇ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, "ਇਸ ਮਾਮਲੇ ਵਿੱਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਹਿਲੀ ਨਜ਼ਰੇ ਅਜਿਹਾ ਜਾਪਦਾ ਹੈ ਕਿ ਪਤੀ ਨੇ ਆਪਣੀ ਪਤਨੀ ਨੂੰ ਚਾਕੂ ਨਾਲ ਮਾਰਿਆ ਅਤੇ ਫਿਰ ਚਾਕੂ ਨਾਲ ਖੁਦ ਨੂੰ ਵੀ ਮਾਰ ਕੇ ਖੁਦਕੁਸ਼ੀ ਕਰ ਲਈ। ਦੋਵੇਂ ਹਿੰਦੂ ਨਾਗਰਿਕ ਹਨ। ਉਹ ਥੋੜ੍ਹੇ ਸਮੇਂ ਦੇ ਵੀਜ਼ੇ 'ਤੇ ਭਾਰਤ ਆਏ ਸਨ।"
ਉਨ੍ਹਾਂ ਅੱਗੇ ਦੱਸਿਆ, "ਸਪਨਾ ਸਚਦੇਵ ਦੀਆਂ ਦੋਵੇਂ ਭੈਣਾਂ ਭਾਰਤ ਵਿੱਚ ਰਹਿ ਰਹੀਆਂ ਹਨ। ਰਿਸ਼ਤੇਦਾਰਾਂ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਹੀ ਪਤੀ-ਪਤਨੀ ਵਿਚਕਾਰ ਹਮੇਸ਼ਾ ਝਗੜੇ ਹੁੰਦੇ ਰਹਿੰਦੇ ਸਨ।"
"ਸੰਜੇ ਸਚਦੇਵ ਦਾ ਸੁਭਾਅ ਬਹੁਤ ਗੁੱਸੇ ਵਾਲਾ ਸੀ। ਉਹ ਹਰ ਸਮੇਂ ਆਪਣੀ ਪਤਨੀ ਸਪਨਾ ਨੂੰ ਕੁੱਟਦਾ ਰਹਿੰਦਾ ਸੀ। ਇਸ ਕਾਰਨ ਸਪਨਾ ਪਾਕਿਸਤਾਨ ਵਾਪਸ ਜਾਣਾ ਚਾਹੁੰਦੀ ਸੀ। ਹਾਲਾਂਕਿ, ਸੰਜੇ ਭਾਰਤ ਵਿੱਚ ਰਹਿਣਾ ਚਾਹੁੰਦਾ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇਸ ਕਾਰਨ ਦੋਵਾਂ ਵਿਚਕਾਰ ਪਹਿਲਾਂ ਵੀ ਝਗੜੇ ਹੁੰਦੇ ਰਹਿੰਦੇ ਸਨ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












