ਕੌਣ ਹੈ ਨਕੋਦਰ ਦਾ ਜ਼ੀਸ਼ਾਨ ਅਖ਼ਤਰ ਜਿਸ ਦੀ ਸਲਮਾਨ ਖ਼ਾਨ ਦੇ ਕਰੀਬੀ ਬਾਬਾ ਸਿੱਦੀਕੀ ਦੇ ਕਤਲ ਕੇਸ ਵਿੱਚ ਗ੍ਰਿਫ਼ਤਾਰੀ ਹੋਈ

ਬਾਬਾ ਸਿੱਦੀਕੀ

ਤਸਵੀਰ ਸਰੋਤ, Baba Siddiqui/FB

ਤਸਵੀਰ ਕੈਪਸ਼ਨ, 12 ਅਕਤੂਬਰ, 2024 ਨੂੰ ਬਾਬਾ ਸਿੱਦੀਕੀ ਦਾ ਉਨ੍ਹਾਂ ਦੇ ਪੁੱਤਰ ਜ਼ੀਸ਼ਾਨ ਸਿੱਦੀਕੀ ਦੇ ਦਫ਼ਤਰ ਦੇ ਬਾਹਰ ਰਾਤ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ
    • ਲੇਖਕ, ਅਲਪੇਸ਼ ਕਰਕਰੇ
    • ਰੋਲ, ਬੀਬੀਸੀ ਮਰਾਠੀ ਲਈ

ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐੱਨਸੀਪੀ ਆਗੂ ਬਾਬਾ ਸਿੱਦੀਕੀ ਦੇ ਕਤਲ ਕੇਸ ਦੇ ਮੁਲਜ਼ਮ ਜ਼ੀਸ਼ਾਨ ਅਖ਼ਤਰ ਉਰਫ਼ ਜੱਸੀ ਪੁਰੇਵਾਲ ਨੂੰ ਕੈਨੇਡਾ ਵਿੱਚ ਸਰੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਮਹਾਰਾਸ਼ਟਰ ਦੇ ਗ੍ਰਹਿ ਰਾਜ ਮੰਤਰੀ ਯੋਗੇਸ਼ ਕਦਮ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਮੁੰਬਈ ਪੁਲਿਸ ਨੇ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਮੁਲਜ਼ਮ ਨੂੰ ਹਿਰਾਸਤ ਵਿੱਚ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਚੇਤੇ ਰਹੇ ਕਿ 12 ਅਕਤੂਬਰ, 2024 ਨੂੰ ਬਾਬਾ ਸਿੱਦੀਕੀ ਦਾ ਉਨ੍ਹਾਂ ਦੇ ਪੁੱਤਰ ਜ਼ੀਸ਼ਾਨ ਸਿੱਦੀਕੀ ਦੇ ਦਫ਼ਤਰ ਦੇ ਬਾਹਰ ਰਾਤ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਲਾਰੈਂਸ ਬਿਸ਼ਨੋਈ ਗੈਂਗ ਨੇ ਬਾਬਾ ਸਿੱਦੀਕੀ ਦੇ ਕਤਲ ਦੀ ਕਥਿਤ ਤੌਰ ਉੱਤੇ ਜ਼ਿੰਮੇਵਾਰੀ ਲਈ ਸੀ। ਬਿਸ਼ਨੋਈ ਗੈਂਗ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਬਾਬਾ ਸਿੱਦੀਕੀ 'ਤੇ ਗੋਲੀਬਾਰੀ ਕੀਤੀ ਸੀ ਕਿਉਂਕਿ ਉਹ ਅਦਾਕਾਰ ਸਲਮਾਨ ਖਾਨ ਦੇ ਕਰੀਬੀ ਸਨ।

ਸਿੱਦੀਕੀ ਕਤਲ ਕੇਸ ਵਿੱਚ ਹੁਣ ਤੱਕ 26 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਮੁਲਜ਼ਮ ਜ਼ੀਸ਼ਾਨ ਅਖ਼ਤਰ ਦਾ ਨਾਮ ਵੀ ਸਾਹਮਣੇ ਆਇਆ ਹੈ। ਉਹ ਜਾਅਲੀ ਪਾਸਪੋਰਟ ਦੇ ਆਧਾਰ 'ਤੇ ਕੈਨੇਡਾ ਫਰਾਰ ਹੋ ਗਿਆ ਸੀ।

ਪੰਜਾਬ ਨਾਲ ਕਿਵੇਂ ਜੁੜੇ ਤਾਰ

ਬਾਬਾ ਸਿੱਦੀਕੀ ਆਪਣੇ ਪੁੱਤਰ ਜੀਸ਼ਾਨ ਸਿੱਦੀਕੀ ਦੇ ਨਾਲ

ਤਸਵੀਰ ਸਰੋਤ, Baba Siddique/X

ਤਸਵੀਰ ਕੈਪਸ਼ਨ, ਬਾਬਾ ਸਿੱਦੀਕੀ ਆਪਣੇ ਪੁੱਤਰ ਜੀਸ਼ਾਨ ਸਿੱਦੀਕੀ ਦੇ ਨਾਲ

ਬਾਬਾ ਸਿੱਦੀਕੀ ਕਤਲ ਕੇਸ ਦਾ ਭਗੌੜਾ ਜ਼ੀਸ਼ਾਨ ਅਖ਼ਤਰ ਉਰਫ਼ ਯਾਸੀਨ ਅਖ਼ਤਰ ਜਲੰਧਰ ਨਕੋਦਰ ਦੇ ਸ਼ੰਕਰ ਪਿੰਡ ਦਾ ਰਹਿਣ ਵਾਲਾ ਹੈ। ਜਦੋਂ ਬਾਬਾ ਸਿੱਦੀਕੀ ਨੂੰ ਗੋਲੀ ਮਾਰੀ ਗਈ ਸੀ ਤਾਂ ਉਹ ਮੌਕੇ 'ਤੇ ਮੌਜੂਦ ਸੀ। ਉਸ ਤੋਂ ਬਾਅਦ ਜਾਣਕਾਰੀ ਮਿਲੀ ਸੀ ਕਿ ਉਹ ਭਾਰਤ ਤੋਂ ਫਰਾਰ ਹੋ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਜ਼ੀਸ਼ਾਨ ਅਖਤਰ ਨੇ ਇਸ ਲਈ ਪਾਕਿਸਤਾਨੀ ਅੰਡਰਵਰਲਡ ਦੇ ਸ਼ਹਿਜ਼ਾਦ ਭੱਟੀ ਦੀ ਮਦਦ ਲਈ ਸੀ।

ਜ਼ੀਸ਼ਾਨ ਅਖਤਰ ਨੇ 2025 ਦੇ ਸ਼ੁਰੂ ਵਿੱਚ ਇੱਕ ਵੀਡੀਓ ਜਾਰੀ ਕੀਤਾ ਸੀ। ਇਸ ਵਿੱਚ ਉਸਨੇ ਕਿਹਾ ਸੀ ਕਿ ਉਹ ਬਾਬਾ ਸਿੱਦੀਕੀ ਕਤਲ ਕੇਸ ਅਤੇ ਭਾਰਤ ਵਿੱਚ ਹੋਰ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਸੀ।

ਮੁੰਬਈ ਪੁਲਿਸ ਉਸਦੀ ਭਾਲ ਕਰ ਰਹੀ ਸੀ ਅਤੇ ਉਹ ਜਿੱਥੇ ਵੀ ਗਿਆ ਸੀ, ਮੁੰਬਈ ਪੁਲਿਸ ਉੱਥੋਂ ਦੀ ਸਥਾਨਕ ਪੁਲਿਸ ਦੇ ਸੰਪਰਕ ਵਿੱਚ ਸੀ।

ਜ਼ੀਸ਼ਾਨ ਟਾਰਗੇਟ ਕਿਲਿੰਗ, ਕਤਲ, ਡਕੈਤੀ ਸਮੇਤ 9 ਮਾਮਲਿਆਂ ਵਿੱਚ ਲੋੜੀਂਦਾ ਹੈ। ਉਹ 7 ਜੂਨ, 2024 ਨੂੰ ਜੇਲ੍ਹ ਤੋਂ ਬਾਹਰ ਆਇਆ ਸੀ। ਜੇਲ੍ਹ ਵਿੱਚ ਹੀ ਉਸਦੀ ਮੁਲਾਕਾਤ ਲਾਰੈਂਸ ਗੈਂਗ ਦੇ ਮੁੱਖ ਮੈਂਬਰ ਅਤੇ ਸ਼ੂਟਰ ਵਿਕਰਮ ਬਰਾੜ ਨਾਲ ਹੋਈ ਸੀ, ਜਿਸਦੇ ਰਾਹੀਂ ਉਹ ਲਾਰੈਂਸ ਗੈਂਗ ਨਾਲ ਜੁੜਿਆ ਹੋਇਆ ਸੀ।

ਮੁਹੰਮਦ ਯਾਸੀਨ ਅਖ਼ਤਰ ਦੀ ਤਸਵੀਰ

ਤਸਵੀਰ ਸਰੋਤ, sourced by Pradeep Sharma

ਤਸਵੀਰ ਕੈਪਸ਼ਨ, ਜ਼ੀਸ਼ਾਨ ਅਖਤਰ ਉਰਫ਼ ਮੁਹੰਮਦ ਯਾਸੀਨ ਅਖ਼ਤਰ ਦੀ ਤਸਵੀਰ

ਜਾਣਕਾਰੀ ਮੁਤਾਬਕ ਮੁਲਜ਼ਮ ਜੀਸ਼ਾਨ ਅਖ਼ਤਰ ਨਕੋਦਰ ਦੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਹੈ ਅਤੇ ਉਸ ʼਤੇ ਪਹਿਲਾ ਵੀ ਕਈ ਮਾਮਲੇ ਦਰਜ ਹਨ।

ਇਸ ਕਤਲ ਕਾਂਡ ਸਮੇਂ ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਨੇ ਜਲੰਧਰ ਦੇ ਸ਼ੰਕਰ ਪਿੰਡ ਦਾ ਦੌਰਾ ਕੀਤਾ ਸੀ ਅਤੇ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਸੀ।

ਉਸ ਵੇਲੇ ਪਿੰਡ ਦੇ ਸਰਪੰਚ ਹਿੰਮਤ ਭਾਰਦਵਾਜ ਨੇ ਕਿਹਾ ਸੀ ਕਿ ਜ਼ੀਸ਼ਾਨ ਪਹਿਲਾਂ ਜੇਲ੍ਹ ਵਿੱਚ ਸੀ ਤੇ ਕੁਝ ਮਹੀਨੇ ਪਹਿਲਾਂ ਹੀ ਜ਼ਮਾਨਤ ʼਤੇ ਬਾਹਰ ਆਇਆ ਸੀ। ਜ਼ਮਾਨਤ ਮਿਲਣ ਮਗਰੋਂ ਉਹ ਪਿੰਡ ਨਹੀਂ ਆਇਆ ਸੀ ।

ਡੀਐੱਸਪੀ ਨਕੋਦਰ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ, "ਜ਼ੀਸ਼ਾਨ ਅਖ਼ਤਰ ਉਰਫ਼ ਮੁਹੰਮਦ ਯਾਸੀਨ ਉਰਫ਼ ਜੈਸੀ ਉਰਫ਼ ਸਿਕੰਦਰ ʼਤੇ 2022 ਵਿੱਚ ਪਤਾਰਾ ਥਾਣੇ ਵਿੱਚ ਇੱਕ ਐੱਫਆਈਆਰ ਦਰਜ ਹੋਈ ਸੀ। ਉਸੇ ਦੇ ਤਹਿਤ ਉਸ ਨੂੰ ਜੁਲਾਈ 2022 ਨੂੰ ਜਲੰਧਰ ਦਿਹਾਤੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।"

"ਉਦੋਂ ਤੋਂ ਲੈ ਕੇ ਜੂਨ 2024 ਤੱਕ ਉਹ ਜੇਲ੍ਹ ਵਿੱਚ ਹੀ ਸੀ। ਉੱਥੋਂ ਰਿਹਾਅ ਮਗਰੋਂ ਉਹ ਆਪਣੇ ਪਿੰਡ ਨਹੀਂ ਆਇਆ ਅਤੇ ਉਦੋਂ ਤੋਂ ਹੀ ਇਹ ਫਰਾਰ ਹੈ। ਅਸੀਂ ਇਸ ʼਤੇ ਨਜ਼ਰ ਰੱਖੀ ਸੀ ਪਰ ਉਹ ਫਰਾਰ ਹੈ ਅਤੇ ਆਪਣੇ ਪਿੰਡ ਵੀ ਨਹੀਂ ਗਿਆ।"

ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ "ਮੁੰਬਈ ਤੋਂ ਟੀਮ ਆਈ ਸੀ, ਅਸੀਂ ਉਨ੍ਹਾਂ ਦੇ ਨਾਲ ਰਾਬਤੇ ਵਿੱਚ ਹਾਂ। ਉਹ ਵੱਖ-ਵੱਖ ਜੇਲ੍ਹਾਂ ਵਿੱਚ ਰਿਹਾ ਹੈ। ਉਸ ਉੱਤੇ 9 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਜਬਰੀ ਵਸੂਲੀ ਆਦਿ ਸ਼ਾਮਲ ਹਨ। ਪੰਜਾਬ ਤੋਂ ਇਲਾਵਾ ਹਰਿਆਣਾ ਦੇ ਕੈਥਲ ਵਿੱਚ ਵੀ ਉਸ ʼਤੇ ਕੇਸ ਦਰਜ ਹਨ।"

ਪੁਲਿਸ ਅਧਿਕਾਰੀ ਨੇ ਪਰਿਵਾਰ ਬਾਰੇ ਦੱਸਦਿਆਂ ਕਿਹਾ ਸੀ, "ਯਾਸੀਨ ਦੇ ਪਿਤਾ ਮੁਹੰਮਦ ਜਮੀਲ ਅਖ਼ਤਰ ਅਤੇ ਇਸ ਦਾ ਇੱਕ ਭਰਾ ਮਾਨਸਿਕ ਤੌਰ ʼਤੇ ਠੀਕ ਨਹੀਂ ਹਨ, ਦੋਵੇਂ ਹੀ ਮਾਰਬਲ ਲਗਾਉਣ ਦਾ ਕੰਮ ਕਰਦੇ ਹਨ। ਪਹਿਲਾਂ ਤਾਂ ਉਹ ਇੱਥੇ ਹੀ ਸਨ। ਇਸ ਤੋਂ ਇਲਾਵਾ ਉਸ ਦੀ ਭੈਣ ਅਤੇ ਮਾਤਾ ਦਾ ਦੇਹਾਂਤ ਹੋ ਗਿਆ ਹੈ।"

ਹੁਣ ਤੱਕ ਕੀ-ਕੀ ਹੋਇਆ?

ਬਾਬਾ ਸਿੱਦੀਕੀ

ਤਸਵੀਰ ਸਰੋਤ, GETTY IMAGES/ANI

ਤਸਵੀਰ ਕੈਪਸ਼ਨ, ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਬਾਬਾ ਸਿੱਦੀਕੀ ਦੇ ਮਾਮਲੇ ਵਿੱਚ 6 ਜਨਵਰੀ, 2025 ਨੂੰ ਵਿਸ਼ੇਸ਼ ਮਕੋਕਾ ਅਦਾਲਤ ਵਿੱਚ 4,590 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ

13 ਅਕਤੂਬਰ, 2024 ਦੀ ਸ਼ਾਮ ਨੂੰ, ਮੁੰਬਈ ਦੇ ਬਾਂਦਰਾ ਪੂਰਬੀ ਖੇਤਰ ਵਿੱਚ ਤਿੰਨ ਅਣਪਛਾਤੇ ਲੋਕਾਂ ਨੇ ਬਾਬਾ ਸਿੱਦੀਕੀ 'ਤੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿੱਚ ਸਿੱਦੀਕੀ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ, ਗੰਭੀਰ ਸੱਟਾਂ ਕਾਰਨ ਇਲਾਜ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ।

ਇਸ ਘਟਨਾ ਨੇ ਮਹਾਰਾਸ਼ਟਰ ਦੀ ਸਿਆਸਤ ਅਤੇ ਮੁੰਬਈ ਫਿਲਮ ਇੰਡਸਟਰੀ ਵਿੱਚ ਹਲਚਲ ਮਚਾ ਦਿੱਤੀ। ਸਿੱਦੀਕੀ ਦੇ ਬਾਲੀਵੁੱਡ ਦੇ ਕਈ ਵੱਡੇ ਅਦਾਕਾਰਾਂ ਨਾਲ ਨੇੜਲੇ ਸਬੰਧ ਸਨ।

ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ, ਸਿਆਸੀ ਹਲਕਿਆਂ ਅਤੇ ਕਲਾ ਭਾਈਚਾਰੇ ਵੱਲੋਂ ਉਨ੍ਹਾਂ ਦੇ ਕਤਲ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ।

ਇਸ ਸਬੰਧ ਵਿੱਚ ਮੁੰਬਈ ਪੁਲਿਸ ਨੇ ਜਾਂਚ ਲਈ ਕਈ ਟੀਮਾਂ ਬਣਾਈਆਂ, ਬਹੁਤ ਸਾਰੇ ਸਬੂਤ ਇਕੱਠੇ ਕੀਤੇ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ-

ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਬਾਬਾ ਸਿੱਦੀਕੀ ਦੇ ਮਾਮਲੇ ਵਿੱਚ 6 ਜਨਵਰੀ, 2025 ਨੂੰ ਵਿਸ਼ੇਸ਼ ਮਕੋਕਾ ਅਦਾਲਤ ਵਿੱਚ 4,590 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਚਾਰਜਸ਼ੀਟ ਵਿੱਚ ਪੁਲਿਸ ਨੇ ਬਾਬਾ ਸਿੱਦੀਕੀ ਦੇ ਕਤਲ ਦੇ ਪਿੱਛੇ ਦਾ ਉਦੇਸ਼ ਦੱਸਿਆ ਸੀ।

ਪੁਲਿਸ ਵੱਲੋਂ ਮਕੋਕਾ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਦੇ ਅਨੁਸਾਰ, 'ਬਿਸ਼ਨੋਈ ਗੈਂਗ ਦੇ ਮੁਖੀ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੇ ਆਪਣੇ ਗੈਂਗ ਦੀ ਦਹਿਸ਼ਤ ਅਤੇ ਦਬਦਬਾ ਸਥਾਪਤ ਕਰਨ ਲਈ ਅਜੀਤ ਪਵਾਰ ਸਮੂਹ ਦੇ ਆਗੂ ਬਾਬਾ ਸਿੱਦੀਕੀ ਦੇ ਕਤਲ ਦਾ ਹੁਕਮ ਦਿੱਤਾ ਸੀ।'

ਇਸ ਮਾਮਲੇ ਵਿੱਚ ਹੁਣ ਤੱਕ 26 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧ ਵਿੱਚ, ਪੁਲਿਸ ਨੇ ਮਕੋਕਾ ਅਦਾਲਤ ਵਿੱਚ 4,590 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਪੁਲਿਸ ਨੇ ਇਸ ਚਾਰਜਸ਼ੀਟ ਵਿੱਚ ਕਿਹਾ ਹੈ ਕਿ 29 ਮੁਲਜ਼ਮਾਂ ਵਿਰੁੱਧ ਪੁਖਤਾ ਸਬੂਤ ਹਨ।

ਪੁਲਿਸ ਨੇ ਚਾਰਜਸ਼ੀਟ ਵਿੱਚ ਕੀ ਕਿਹਾ?

ਬਾਬਾ ਸਿੱਦੀਕੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚਾਰਜਸ਼ੀਟ ਵਿੱਚ ਇਹ ਦੁਹਰਾਇਆ ਗਿਆ ਹੈ ਕਿ ਪੁਲਿਸ ਪਹਿਲਾਂ ਹੀ ਅਦਾਲਤ ਨੂੰ ਦੱਸ ਚੁੱਕੀ ਹੈ ਕਿ ਲਾਰੈਂਸ ਬਿਸ਼ਨੋਈ ਨੇ ਵੀ ਇਸ ਅਪਰਾਧ ਵਿੱਚ ਮੁੱਖ ਭੂਮਿਕਾ ਨਿਭਾਈ ਸੀ

ਬਾਬਾ ਸਿੱਦੀਕੀ ਕਤਲ ਕੇਸ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਵਿਰੁੱਧ ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ (MCOCA) ਤਹਿਤ ਕਾਰਵਾਈ ਕੀਤੀ ਗਈ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 88 ਲੋਕਾਂ ਦੇ ਬਿਆਨ ਦਰਜ ਕੀਤੇ ਹਨ, ਜਦਕਿ ਸਾਬਕਾ ਵਿਧਾਇਕ ਅਤੇ ਬਾਬਾ ਸਿੱਦੀਕੀ ਦੇ ਪੁੱਤਰ ਜ਼ੀਸ਼ਾਨ ਸਿੱਦੀਕੀ ਸਮੇਤ 180 ਗਵਾਹਾਂ ਦੀ ਸੂਚੀ ਚਾਰਜਸ਼ੀਟ ਵਿੱਚ ਸ਼ਾਮਲ ਕੀਤੀ ਗਈ ਹੈ।

ਇਸ ਤੋਂ ਇਲਾਵਾ, ਪੁਲਿਸ ਨੇ ਚਾਰਜਸ਼ੀਟ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਨੇ ਪੰਜ ਬੰਦੂਕਾਂ, ਛੇ ਮੈਗਜ਼ੀਨ ਅਤੇ 35 ਮੋਬਾਈਲ ਫੋਨ ਜ਼ਬਤ ਕੀਤੇ ਹਨ।

ਚਾਰਜਸ਼ੀਟ ਵਿੱਚ ਇਹ ਦੁਹਰਾਇਆ ਗਿਆ ਹੈ ਕਿ ਪੁਲਿਸ ਪਹਿਲਾਂ ਹੀ ਅਦਾਲਤ ਨੂੰ ਦੱਸ ਚੁੱਕੀ ਹੈ ਕਿ ਲਾਰੈਂਸ ਬਿਸ਼ਨੋਈ ਨੇ ਵੀ ਇਸ ਅਪਰਾਧ ਵਿੱਚ ਮੁੱਖ ਭੂਮਿਕਾ ਨਿਭਾਈ ਸੀ।

ਚਾਰਜਸ਼ੀਟ ਵਿੱਚ ਕਿਹਾ ਗਿਆ ਹੈ, "ਬਿਸ਼ਨੋਈ ਗੈਂਗ ਦੇ ਮੁਖੀ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੇ ਅਜੀਤ ਪਵਾਰ ਸਮੂਹ ਦੇ ਮੁਖੀ ਬਾਬਾ ਸਿੱਦੀਕੀ ਦੇ ਕਤਲ ਦਾ ਹੁਕਮ ਦਿੱਤਾ ਸੀ ਤਾਂ ਜੋ ਉਸਦੇ ਗੈਂਗ ਦਾ ਦਬਦਬਾ ਅਤੇ ਦਹਿਸ਼ਤ ਕਾਇਮ ਕੀਤਾ ਜਾ ਸਕੇ।"

ਇਹ ਖੁਲਾਸਾ ਹੋਇਆ ਹੈ ਕਿ ਬਾਬਾ ਸਿੱਦੀਕੀ ਦੇ ਕਤਲ ਲਈ ਹਵਾਲਾ ਰਾਹੀਂ ਬਿਸ਼ਨੋਈ ਗੈਂਗ ਵੱਲੋਂ ਮੁਲਜ਼ਮ ਨੂੰ 17 ਲੱਖ ਰੁਪਏ ਦਿੱਤੇ ਗਏ ਸਨ।

ਚਾਰਜਸ਼ੀਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਅਨਮੋਲ ਦੇ ਠਿਕਾਣਿਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ ਅਤੇ ਅਪ੍ਰੈਲ ਵਿੱਚ ਉਸਦੇ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ।

ਬਾਬਾ ਸਿੱਦੀਕੀ ਕੌਣ ਸਨ

ਬਾਬਾ ਸਿੱਦੀਕੀ ਕਤਲ

ਬਾਬਾ ਸਿੱਦੀਕੀ 80ਵਿਆਂ ਤੋਂ ਸਿਆਸਤ ਵਿੱਚ ਸਰਗਰਮ ਸਨ। ਉਨ੍ਹਾਂ ਦਾ ਜਨਮ 13 ਸਤੰਬਰ 1958 ਨੂੰ ਹੋਇਆ।

ਉਹ ਪਿਛਲੇ ਚਾਰ ਦਹਾਕਿਆਂ ਤੋਂ ਕਾਂਗਰਸ ਵਿੱਚ ਸਰਗਰਮ ਸੀ ਪਰ ਉਹ ਇਸ ਸਾਲ ਫਰਵਰੀ ਵਿੱਚ ਅਜੀਤ ਪਵਾਰ ਦੀ ਪਾਰਟੀ ਐੱਨਸੀਪੀ ਵਿੱਚ ਸ਼ਾਮਲ ਹੋ ਗਏ ਸੀ। ਉਹ ਮਹਾਰਾਸ਼ਟਰ ਦੀ ਵਾਂਦਰੇ ਵੈਸਟ ਸੀਟ ਤੋਂ ਲਗਾਤਾਰ ਤਿੰਨ ਵਾਰੀ ਵਿਧਾਇਕ ਰਹੇ ਤੇ ਸਰਕਾਰ ਵਿੱਚ ਮੰਤਰੀ ਵੀ ਰਹੇ।

ਬਾਬਾ ਸਿੱਦੀਕੀ ਦਾ 'ਬਾਲੀਵੁੱਡ ਕਨੈਕਸ਼ਨ' ਹਮੇਸ਼ਾ ਸੁਰਖੀਆਂ 'ਚ ਰਹਿੰਦਾ ਸੀ। ਹਿੰਦੀ ਸਿਨੇਮਾ ਦੇ ਮਸ਼ਹੂਰ ਕਲਾਕਾਰ ਜਿਵੇਂ ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ, ਸੰਜੇ ਦੱਤ ਉਨ੍ਹਾਂ ਦੇ ਨਜ਼ਦੀਕੀ ਮੰਨੇ ਜਾਂਦੇ ਸਨ।

ਬਾਬਾ ਸਿੱਦੀਕੀ ਮੁੰਬਈ ਦੇ ਪਹਿਲੇ ਨੇਤਾ ਸਨ ਜਿਨ੍ਹਾਂ ਨੇ ਇੱਕ ਵੱਡੇ ਜਸ਼ਨ ਵਜੋਂ ਇਫਤਾਰ ਪਾਰਟੀ ਦਾ ਆਯੋਜਨ ਕਰਨਾ ਸ਼ੁਰੂ ਕੀਤਾ।

ਭਾਵੇਂ ਕਈ ਇਫ਼ਤਾਰ ਪਾਰਟੀਆਂ ਹੁੰਦੀਆਂ ਸਨ ਪਰ ਬਾਬਾ ਸਿੱਦੀਕੀ ਦੀ ਇਫ਼ਤਾਰ ਪਾਰਟੀ ਬਹੁਤ ਵੱਡੀ ਹੁੰਦੀ ਸੀ।

ਜਿਸ ਤਰ੍ਹਾਂ ਬਾਲੀਵੁੱਡ ਲਈ ਫਿਲਮਫੇਅਰ ਐਵਾਰਡ ਹਮੇਸ਼ਾ ਅਹਿਮ ਰਿਹਾ ਹੈ, ਉਸੇ ਤਰ੍ਹਾਂ ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ ਵੀ ਉਨ੍ਹਾਂ ਲਈ ਬਹੁਤ ਖਾਸ ਹੁੰਦੀ ਸੀ ।

ਇਸ ਇਫਤਾਰ ਪਾਰਟੀ ਦਾ ਹਿੱਸਾ ਹੋਣਾ ਕਲਾਕਾਰਾਂ ਦੀ ਪਹੁੰਚ ਨੂੰ ਦਰਸਾਉਂਦਾ ਸੀ। ਹਰ ਵੱਡਾ ਕਲਾਕਾਰ ਇਸ ਪਾਰਟੀ ਵਿੱਚ ਸ਼ਾਮਲ ਹੁੰਦਾ ਸੀ। ਇਸ ਇਫਤਾਰ ਪਾਰਟੀ ਦਾ ਹਿੱਸਾ ਸਿਰਫ ਫਿਲਮੀ ਕਲਾਕਾਰ ਹੀ ਨਹੀਂ ਸਨ ਬਲਕਿ ਹਰ ਵੱਡੇ ਕਾਰੋਬਾਰੀ ਅਤੇ ਮੰਤਰੀ ਵੀ ਇਸ ਵਿਚ ਸ਼ਿਰਕਤ ਕਰਦੇ ਸਨ।

ਬਾਬਾ ਸਿੱਦੀਕੀ ਦਾ ਬਾਲੀਵੁੱਡ ਨਾਲ ਰਿਸ਼ਤਾ

ਬਾਬਾ ਸਿੱਦੀਕੀ ਦੇ ਨਾਲ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਾਬਾ ਸਿੱਦੀਕੀ 80ਵਿਆਂ ਤੋਂ ਸਿਆਸਤ ਵਿੱਚ ਸਰਗਰਮ ਸਨ ਅਤੇ ਉਨ੍ਹਾਂ ਦਾ 'ਬਾਲੀਵੁੱਡ ਕਨੈਕਸ਼ਨ' ਹਮੇਸ਼ਾ ਸੁਰਖੀਆਂ 'ਚ ਰਹਿੰਦਾ ਸੀ

ਬਾਬਾ ਸਿੱਦੀਕੀ ਬਾਰੇ ਸਾਲ ਭਰ ਕੋਈ ਖ਼ਬਰ ਆਵੇ ਜਾਂ ਨਾ, ਪਰ ਜਦੋਂ ਰਮਜ਼ਾਨ ਦਾ ਮਹੀਨਾ ਆਉਂਦਾ ਸੀ ਤਾਂ ਉਹ ਸੁਰਖੀਆਂ ਵਿੱਚ ਜ਼ਰੂਰ ਰਹਿੰਦੇ ਸਨ।

ਬਾਬਾ ਸਿੱਦੀਕੀ ਦਾ ਬਾਲੀਵੁੱਡ ਨਾਲ ਕੀ ਸਬੰਧ ਸੀ?

ਇਸ 'ਤੇ ਬੀਬੀਸੀ ਹਿੰਦੀ ਨਾਲ ਗੱਲ ਕਰਦੇ ਹੋਏ ਸੀਨੀਅਰ ਪੱਤਰਕਾਰ ਡਾਕਟਰ ਰਾਮਚੰਦਰਨ ਸ਼੍ਰੀਨਿਵਾਸਨ ਕਹਿੰਦੇ ਹਨ, "ਸ਼ੁਰੂਆਤੀ ਦੌਰ 'ਚ ਬਾਬਾ ਦਾ ਰਾਜਨੀਤਿਕ ਕੰਮ ਦਾ ਸਥਾਨ ਬਾਂਦਰਾ ਸੀ। ਇਹ ਉਹੀ ਜਗ੍ਹਾ ਹੈ ਜਿੱਥੇ ਜ਼ਿਆਦਾਤਰ ਫਿਲਮੀ ਹਸਤੀਆਂ ਦੇ ਘਰ ਹਨ। ਉਸ ਸਮੇਂ, ਉਹ ਆਪਣਾ ਸਿਆਸੀ ਕਰਿਅਰ ਬਣਾ ਰਹੇ ਸਨ। ਉਸੀ ਸਮੇਂ ਉਨ੍ਹਾਂ ਦੀ ਮੁਲਾਕਾਤ ਸੁਨੀਲ ਦੱਤ ਨਾਲ ਹੋਈ।

"ਬਾਬਾ ਸਿੱਦੀਕੀ ਅਤੇ ਸੁਨੀਲ ਦੱਤ ਸਾਹਬ ਵਿਚਕਾਰ ਬਹੁਤ ਨੇੜਤਾ ਸੀ। ਇਹੀ ਸਾਂਝ ਉਨ੍ਹਾਂ ਦੀ ਸੁਨੀਲ ਦੱਤ ਸਾਹਬ ਦੇ ਬੇਟੇ ਸੰਜੇ ਦੱਤ ਨਾਲ ਸੀ। ਸੰਜੇ ਦੱਤ ਅਕਸਰ ਬਾਲੀਵੁੱਡ ਪਾਰਟੀਆਂ ਤੋਂ ਗਾਇਬ ਰਹਿੰਦੇ ਹਨ ਪਰ ਅਜਿਹਾ ਕਦੇ ਨਹੀਂ ਹੋਇਆ ਕਿ ਉਹ ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ 'ਚ ਗ਼ੈਰ-ਹਾਜ਼ਿਰ ਰਹੇ ਹੋਣ।

ਸ਼੍ਰੀਨਿਵਾਸਨ ਕਹਿੰਦੇ ਹਨ, "ਜਦੋਂ ਸੰਜੇ ਦੱਤ ਜੇਲ੍ਹ ਤੋਂ ਬਾਹਰ ਆਏ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜੀ ਪਾਰਟੀ 'ਚ ਸ਼ਿਰਕਤ ਕੀਤੀ ਉਹ ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ ਹੀ ਸੀ।"

ਸਲਮਾਨ ਖਾਨ ਅਤੇ ਬਾਬਾ ਸਿੱਦੀਕੀ ਦੀ ਦੋਸਤੀ

ਸਲਮਾਨ-ਬਾਬਾ ਸਿੱਦੀਕੀ

ਤਸਵੀਰ ਸਰੋਤ, Baba Siddique/X

ਤਸਵੀਰ ਕੈਪਸ਼ਨ, ਜਦੋਂ ਸਲਮਾਨ ਹਿੱਟ ਐਂਡ ਰਨ ਕੇਸ ਅਤੇ ਕਾਲੇ ਹਿਰਨ ਮਾਮਲੇ ਨੂੰ ਲੈ ਕੇ ਮੁਸ਼ਕਲ ਵਿੱਚ ਸਨ ਤਾਂ ਬਾਬਾ ਸਿੱਦੀਕੀ ਉਨ੍ਹਾਂ ਦੇ ਨਾਲ ਖੜ੍ਹੇ ਸਨ

ਸਲਮਾਨ ਅਤੇ ਬਾਬਾ ਦੀ ਦੋਸਤੀ ਬਹੁਤ ਪੁਰਾਣੀ ਹੈ। ਇਹੀ ਕਾਰਨ ਹੈ ਕਿ ਦੋਵੇਂ ਸਮਾਜਿਕ ਸਰੋਕਾਰਾਂ ਦੇ ਕਈ ਮੁੱਦਿਆਂ ਦੌਰਾਨ ਇਕੱਠੇ ਹੋਏ।

2020 ਅਤੇ 2021 ਵਿਚ ਕੋਰੋਨਾ ਲੌਕਡਾਊਨ ਦੌਰਾਨ ਵੀ, ਸਲਮਾਨ ਦੀ ਟੀਮ ਨੇ ਬਾਬਾ ਦੇ ਪੁੱਤਰ ਜ਼ੀਸ਼ਾਨ ਸਿੱਦੀਕੀ ਨਾਲ ਮਿਲ ਕੇ ਲੋੜਵੰਦ ਲੋਕਾਂ ਦੀ ਮਦਦ ਲਈ ਪ੍ਰਬੰਧ ਕੀਤੇ ਸਨ।

ਇੰਨਾ ਹੀ ਨਹੀਂ, ਇਸ ਦੌਰਾਨ ਉਨ੍ਹਾਂ ਨੇ ਸਿੱਦੀਕੀ ਨਾਲ ਮਿਲ ਕੇ ਆਕਸੀਜਨ ਦੀ ਘਾਟ ਨਾਲ ਜੂਝ ਰਹੇ ਲੋਕਾਂ ਦੀ ਮਦਦ ਵੀ ਕੀਤੀ ਸੀ।

ਬਾਬਾ ਨੇ ਸਲਮਾਨ ਦੇ ਮਾੜੇ ਸਮੇਂ ਵਿੱਚ ਵੀ ਉਨ੍ਹਾਂ ਦਾ ਸਾਥ ਦਿੱਤਾ। ਜਦੋਂ ਸਲਮਾਨ ਹਿੱਟ ਐਂਡ ਰਨ ਕੇਸ ਅਤੇ ਕਾਲੇ ਹਿਰਨ ਮਾਮਲੇ ਨੂੰ ਲੈ ਕੇ ਮੁਸ਼ਕਲ ਵਿੱਚ ਸਨ ਤਾਂ ਬਾਬਾ ਸਿੱਦੀਕੀ ਉਨ੍ਹਾਂ ਦੇ ਨਾਲ ਖੜ੍ਹੇ ਸਨ।

ਜਦੋਂ ਵੀ ਸਲਮਾਨ ਖਾਨ ਦੇ ਕੇਸ ਦੀ ਸੁਣਵਾਈ ਹੁੰਦੀ ਸੀ ਤਾਂ ਬਾਬਾ ਸਿੱਦੀਕੀ ਜਾਂ ਤਾਂ ਕੋਰਟ ਰੂਮ ਵਿੱਚ ਉਨ੍ਹਾਂ ਦੇ ਕੋਲ ਹੁੰਦੇ ਸਨ ਜਾਂ ਫਿਰ ਖਾਨ ਦੇ ਪਰਿਵਾਰ ਨਾਲ ਖੜੇ ਹੁੰਦੇ ਸਨ।

ਹਾਲ ਹੀ 'ਚ ਜਦੋਂ ਲਾਰੇਂਸ ਬਿਸ਼ਨੋਈ ਗੈਂਗ ਨੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਤਾਂ ਬਾਬਾ ਨੇ ਇਸ 'ਤੇ ਅਫਸੋਸ ਜ਼ਾਹਰ ਕੀਤਾ ਸੀ।

ਉਨ੍ਹਾਂ ਨੇ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ।

ਸਲਮਾਨ ਅਤੇ ਸ਼ਾਹਰੁਖ ਦੀ ਪੰਜ ਸਾਲ ਪੁਰਾਣੀ ਦੁਸ਼ਮਣੀ ਨੂੰ ਬਾਬਾ ਸਿੱਦੀਕੀ ਨੇ 2013 ਦੀ ਇਫਤਾਰ ਪਾਰਟੀ 'ਚ ਦੋਵਾਂ ਨੂੰ ਜੱਫੀ ਪਵਾ ਕੇ ਖਤਮ ਕਰ ਦਿੱਤਾ ਸੀ।

ਸੀਨੀਅਰ ਪੱਤਰਕਾਰ ਨਿਸ਼ਾਂਤ ਭੂਸੇ ਨੇ ਕਿਹਾ, "ਇਹ ਬਾਬਾ ਸਿੱਦੀਕੀ ਹੀ ਸਨ ਜਿਨ੍ਹਾਂ ਨੇ ਹਿੱਟ ਐਂਡ ਰਨ ਮਾਮਲੇ 'ਚ ਸਲਮਾਨ ਖਾਨ ਦੀ ਪੂਰੀ ਮਦਦ ਕੀਤੀ ਸੀ। ਜਦੋਂ ਵੀ ਸਲਮਾਨ ਨੂੰ ਕੋਈ ਖ਼ਤਰਾ ਹੁੰਦਾ ਸੀ ਤਾਂ ਬਾਬਾ ਨੇ ਉਨ੍ਹਾਂ ਦੀ ਸੁਰੱਖਿਆ ਦੇ ਵੀ ਇੰਤਜ਼ਾਮ ਕੀਤੇ ਸਨ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)