ਬਾਬਾ ਸਿਦੀਕੀ ਨੇ ਕਿਵੇਂ ਸ਼ਾਹਰੁਖ ਅਤੇ ਸਲਮਾਨ ਖਾਨ ਵਿਚਕਾਰ ਸੁਲਾਹ ਕਰਵਾਈ ਸੀ, ਸੁਨੀਲ ਦੱਤ ਨਾਲ ਉਨ੍ਹਾਂ ਦਾ ਕੀ ਰਿਸ਼ਤਾ ਸੀ

ਬਾਬਾ ਸਿਦੀਕੀ ਨੇ 2013 'ਚ ਹੋਈ ਇਫਤਾਰ ਪਾਰਟੀ 'ਚ ਸਲਮਾਨ ਅਤੇ ਸ਼ਾਹਰੁਖ ਦੋਵਾਂ ਨੂੰ ਬੁਲਾਇਆ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਾਬਾ ਸਿਦੀਕੀ ਨੇ 2013 'ਚ ਹੋਈ ਇਫਤਾਰ ਪਾਰਟੀ 'ਚ ਸਲਮਾਨ ਅਤੇ ਸ਼ਾਹਰੁਖ ਦੋਵਾਂ ਨੂੰ ਬੁਲਾਇਆ ਸੀ।
    • ਲੇਖਕ, ਮਧੂ ਪਾਲ
    • ਰੋਲ, ਬੀਬੀਸੀ ਹਿੰਦੀ
    • ...ਤੋਂ, ਮੁੰਬਈ

ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐਨਸੀਪੀ ਦੇ ਦਿੱਗਜ ਨੇਤਾ ਬਾਬਾ ਸਿਦੀਕੀ ਦੀ ਮੁੰਬਈ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।

ਸ਼ਨੀਵਾਰ ਸ਼ਾਮ ਮੁੰਬਈ ਦੇ ਬਾਂਦਰਾ ਇਲਾਕੇ 'ਚ ਉਨ੍ਹਾਂ 'ਤੇ ਹਮਲਾ ਹੋਇਆ, ਜਿਸ ਤੋਂ ਬਾਅਦ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

ਲੀਲਾਵਤੀ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਇਸ ਘਟਨਾ ਤੋਂ ਬਾਅਦ ਮਹਾਰਾਸ਼ਟਰ ਦੀ ਸਿਆਸਤ ਅਤੇ ਬਾਲੀਵੁੱਡ ਫਿਲਮ ਸਿਟੀ 'ਚ ਹੜਕੰਪ ਮਚ ਗਿਆ।

ਬਾਬਾ ਸਿਦੀਕੀ ਦਾ ਬਾਲੀਵੁੱਡ ਫਿਲਮਾਂ ਦੇ ਕਲਾਕਾਰਾਂ ਨਾਲ ਬਹੁਤ ਡੂੰਘਾ ਰਿਸ਼ਤਾ ਸੀ। ਉਨ੍ਹਾਂ ਦੇ ਦੇਹਾਂਤ 'ਤੇ ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਦੁੱਖ ਪ੍ਰਗਟ ਕੀਤਾ ਹੈ।

BBC social media page
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅਭਿਨੇਤਾ ਸਲਮਾਨ ਖਾਨ ਬਿੱਗ ਬੌਸ ਸੀਜ਼ਨ 18 ਦੀ ਸ਼ੂਟਿੰਗ ਕਰ ਰਹੇ ਸਨ।

ਇਹ ਖ਼ਬਰ ਮਿਲਦੇ ਹੀ ਉਨ੍ਹਾਂ ਨੇ ਸ਼ੂਟਿੰਗ ਅੱਧ ਵਿਚਾਲੇ ਹੀ ਰੋਕ ਦਿੱਤੀ ਅਤੇ ਸਿਦੀਕੀ ਪਰਿਵਾਰ ਨੂੰ ਮਿਲਣ ਲਈ ਲੀਲਾਵਤੀ ਹਸਪਤਾਲ ਪਹੁੰਚ ਗਏ।

ਉੱਥੇ ਹੀ ਅਦਾਕਾਰ ਸੰਜੇ ਦੱਤ ਅਤੇ ਸ਼ਿਲਪਾ ਸ਼ੈੱਟੀ ਵੀ ਪਰਿਵਾਰ ਨੂੰ ਮਿਲਣ ਹਸਪਤਾਲ ਪਹੁੰਚੇ।

ਬਾਲੀਵੁੱਡ ਵਿੱਚ ਡੂੰਘੀ ਪਛਾਣ ਸੀ

ਬਾਬਾ ਸਿਦੀਕੀ ਅਤੇ ਸੁਨੀਲ ਦੱਤ ਸਾਹਬ ਵਿਚਕਾਰ ਬਹੁਤ ਨੇੜਤਾ ਸੀ।

ਤਸਵੀਰ ਸਰੋਤ, Baba Siddique

ਤਸਵੀਰ ਕੈਪਸ਼ਨ, ਬਾਬਾ ਸਿਦੀਕੀ ਅਤੇ ਸੁਨੀਲ ਦੱਤ ਵਿਚਕਾਰ ਬਹੁਤ ਨੇੜਤਾ ਸੀ।

ਬਾਬਾ ਸਿਦੀਕੀ ਦਾ ਨਾਂ ਸਿਆਸੀ ਗਲਿਆਰਿਆਂ 'ਚ ਤਾਂ ਮਸ਼ਹੂਰ ਸੀ ਹੀ ਸਗੋਂ ਬਾਲੀਵੁੱਡ 'ਚ ਵੀ ਉਨ੍ਹਾਂ ਦੀ ਪਛਾਣ ਕਾਫੀ ਡੂੰਘੀ ਸੀ।

ਬਾਬਾ ਸਿਦੀਕੀ ਮੁੰਬਈ ਦੇ ਪਹਿਲੇ ਨੇਤਾ ਸਨ ਜਿਨ੍ਹਾਂ ਨੇ ਇੱਕ ਵੱਡੇ ਜਸ਼ਨ ਵਜੋਂ ਇਫਤਾਰ ਪਾਰਟੀ ਦਾ ਆਯੋਜਨ ਕਰਨਾ ਸ਼ੁਰੂ ਕੀਤਾ।

ਭਾਵੇਂ ਕਈ ਇਫ਼ਤਾਰ ਪਾਰਟੀਆਂ ਹੁੰਦੀਆਂ ਸਨ ਪਰ ਬਾਬਾ ਸਿਦੀਕੀ ਦੀ ਇਫ਼ਤਾਰ ਪਾਰਟੀ ਬਹੁਤ ਵੱਡੀ ਹੁੰਦੀ ਸੀ।

ਜਿਸ ਤਰ੍ਹਾਂ ਬਾਲੀਵੁੱਡ ਲਈ ਫਿਲਮਫੇਅਰ ਐਵਾਰਡ ਹਮੇਸ਼ਾ ਅਹਿਮ ਰਿਹਾ ਹੈ, ਉਸੇ ਤਰ੍ਹਾਂ ਬਾਬਾ ਸਿਦੀਕੀ ਦੀ ਇਫਤਾਰ ਪਾਰਟੀ ਵੀ ਉਨ੍ਹਾਂ ਲਈ ਬਹੁਤ ਖਾਸ ਹੁੰਦੀ ਸੀ ।

ਇਸ ਇਫਤਾਰ ਪਾਰਟੀ ਦਾ ਹਿੱਸਾ ਹੋਣਾ ਕਲਾਕਾਰਾਂ ਦੀ ਪਹੁੰਚ ਨੂੰ ਦਰਸਾਉਂਦਾ ਸੀ। ਹਰ ਵੱਡਾ ਕਲਾਕਾਰ ਇਸ ਪਾਰਟੀ ਵਿੱਚ ਸ਼ਾਮਲ ਹੁੰਦਾ ਸੀ। ਇਸ ਇਫਤਾਰ ਪਾਰਟੀ ਦਾ ਹਿੱਸਾ ਸਿਰਫ ਫਿਲਮੀ ਕਲਾਕਾਰ ਹੀ ਨਹੀਂ ਸਨ ਬਲਕਿ ਹਰ ਵੱਡੇ ਕਾਰੋਬਾਰੀ ਅਤੇ ਮੰਤਰੀ ਵੀ ਇਸ ਵਿਚ ਸ਼ਿਰਕਤ ਕਰਦੇ ਸਨ।

ਬਾਬਾ ਸਿਦੀਕੀ ਦਾ ਬਾਲੀਵੁੱਡ ਨਾਲ ਰਿਸ਼ਤਾ


ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਲ ਬਾਬਾ ਸਿਦੀਕੀ

ਤਸਵੀਰ ਸਰੋਤ, Baba Siddique

ਤਸਵੀਰ ਕੈਪਸ਼ਨ, ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਲ ਬਾਬਾ ਸਿਦੀਕੀ

ਬਾਬਾ ਸਿਦੀਕੀ ਬਾਰੇ ਸਾਲ ਭਰ ਕੋਈ ਖ਼ਬਰ ਆਵੇ ਜਾਂ ਨਾ, ਪਰ ਜਦੋਂ ਰਮਜ਼ਾਨ ਦਾ ਮਹੀਨਾ ਆਉਂਦਾ ਸੀ ਤਾਂ ਉਹ ਸੁਰਖੀਆਂ ਵਿੱਚ ਜ਼ਰੂਰ ਰਹਿੰਦੇ ਸਨ।

ਬਾਬਾ ਸਿਦੀਕੀ ਦਾ ਬਾਲੀਵੁੱਡ ਨਾਲ ਕੀ ਸਬੰਧ ਸੀ?

ਇਸ 'ਤੇ ਬੀਬੀਸੀ ਹਿੰਦੀ ਨਾਲ ਗੱਲ ਕਰਦੇ ਹੋਏ ਸੀਨੀਅਰ ਪੱਤਰਕਾਰ ਡਾਕਟਰ ਰਾਮਚੰਦਰਨ ਸ਼੍ਰੀਨਿਵਾਸਨ ਕਹਿੰਦੇ ਹਨ, "ਸ਼ੁਰੂਆਤੀ ਦੌਰ 'ਚ ਬਾਬਾ ਦਾ ਰਾਜਨੀਤਿਕ ਕੰਮ ਦਾ ਸਥਾਨ ਬਾਂਦਰਾ ਸੀ। ਇਹ ਉਹੀ ਜਗ੍ਹਾ ਹੈ ਜਿੱਥੇ ਜ਼ਿਆਦਾਤਰ ਫਿਲਮੀ ਹਸਤੀਆਂ ਦੇ ਘਰ ਹਨ। ਉਸ ਸਮੇਂ, ਉਹ ਆਪਣਾ ਸਿਆਸੀ ਕਰਿਅਰ ਬਣਾ ਰਹੇ ਸਨ। ਉਸੀ ਸਮੇਂ ਉਨ੍ਹਾਂ ਦੀ ਮੁਲਾਕਾਤ ਸੁਨੀਲ ਦੱਤ ਨਾਲ ਹੋਈ।

“ਬਾਬਾ ਸਿਦੀਕੀ ਅਤੇ ਸੁਨੀਲ ਦੱਤ ਸਾਹਬ ਵਿਚਕਾਰ ਬਹੁਤ ਨੇੜਤਾ ਸੀ। ਇਹੀ ਸਾਂਝ ਉਨ੍ਹਾਂ ਦੀ ਸੁਨੀਲ ਦੱਤ ਸਾਹਬ ਦੇ ਬੇਟੇ ਸੰਜੇ ਦੱਤ ਨਾਲ ਸੀ। ਸੰਜੇ ਦੱਤ ਅਕਸਰ ਬਾਲੀਵੁੱਡ ਪਾਰਟੀਆਂ ਤੋਂ ਗਾਇਬ ਰਹਿੰਦੇ ਹਨ ਪਰ ਅਜਿਹਾ ਕਦੇ ਨਹੀਂ ਹੋਇਆ ਕਿ ਉਹ ਬਾਬਾ ਸਿਦੀਕੀ ਦੀ ਇਫਤਾਰ ਪਾਰਟੀ 'ਚ ਗ਼ੈਰ-ਹਾਜ਼ਿਰ ਰਹੇ ਹੋਣ।

ਸ਼੍ਰੀਨਿਵਾਸਨ ਕਹਿੰਦੇ ਹਨ, "ਜਦੋਂ ਸੰਜੇ ਦੱਤ ਜੇਲ ਤੋਂ ਬਾਹਰ ਆਏ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜੀ ਪਾਰਟੀ 'ਚ ਸ਼ਿਰਕਤ ਕੀਤੀ ਉਹ ਬਾਬਾ ਸਿਦੀਕੀ ਦੀ ਇਫਤਾਰ ਪਾਰਟੀ ਹੀ ਸੀ।"

ਸਲਮਾਨ ਖਾਨ ਅਤੇ ਬਾਬਾ ਸਿਦੀਕੀ ਦੀ ਦੋਸਤੀ

ਬਾਬਾ ਸਿਦੀਕੀ ਆਪਣੀ ਇਫਤਾਰ ਪਾਰਟੀਆਂ ਲਈ ਮਸ਼ਹੂਰ ਰਹੇ ਹਨ।

ਤਸਵੀਰ ਸਰੋਤ, Baba Siddique

ਤਸਵੀਰ ਕੈਪਸ਼ਨ, ਬਾਬਾ ਸਿਦੀਕੀ ਆਪਣੀ ਇਫਤਾਰ ਪਾਰਟੀਆਂ ਲਈ ਮਸ਼ਹੂਰ ਰਹੇ ਹਨ।

ਸਲਮਾਨ ਅਤੇ ਬਾਬਾ ਦੀ ਦੋਸਤੀ ਬਹੁਤ ਪੁਰਾਣੀ ਹੈ। ਇਹੀ ਕਾਰਨ ਹੈ ਕਿ ਦੋਵੇਂ ਸਮਾਜਿਕ ਸਰੋਕਾਰਾਂ ਦੇ ਕਈ ਮੁੱਦਿਆਂ ਦੌਰਾਨ ਇਕੱਠੇ ਹੋਏ।

2020 ਅਤੇ 2021 ਵਿਚ ਕੋਰੋਨਾ ਲੌਕਡਾਊਨ ਦੌਰਾਨ ਵੀ, ਸਲਮਾਨ ਦੀ ਟੀਮ ਨੇ ਬਾਬਾ ਦੇ ਪੁੱਤਰ ਜ਼ੀਸ਼ਾਨ ਸਿਦੀਕੀ ਨਾਲ ਮਿਲ ਕੇ ਲੋੜਵੰਦ ਲੋਕਾਂ ਦੀ ਮਦਦ ਲਈ ਪ੍ਰਬੰਧ ਕੀਤੇ ਸਨ।

ਇੰਨਾ ਹੀ ਨਹੀਂ, ਇਸ ਦੌਰਾਨ ਉਨ੍ਹਾਂ ਨੇ ਸਿਦੀਕੀ ਨਾਲ ਮਿਲ ਕੇ ਆਕਸੀਜਨ ਦੀ ਘਾਟ ਨਾਲ ਜੂਝ ਰਹੇ ਲੋਕਾਂ ਦੀ ਮਦਦ ਵੀ ਕੀਤੀ ਸੀ।

ਬਾਬਾ ਨੇ ਸਲਮਾਨ ਦੇ ਮਾੜੇ ਸਮੇਂ ਵਿੱਚ ਵੀ ਉਨ੍ਹਾਂ ਦਾ ਸਾਥ ਦਿੱਤਾ। ਜਦੋਂ ਸਲਮਾਨ ਹਿੱਟ ਐਂਡ ਰਨ ਕੇਸ ਅਤੇ ਕਾਲੇ ਹਿਰਨ ਮਾਮਲੇ ਨੂੰ ਲੈ ਕੇ ਮੁਸ਼ਕਲ ਵਿੱਚ ਸਨ ਤਾਂ ਬਾਬਾ ਸਿਦੀਕੀ ਉਨ੍ਹਾਂ ਦੇ ਨਾਲ ਖੜ੍ਹੇ ਸਨ।

ਜਦੋਂ ਵੀ ਸਲਮਾਨ ਖਾਨ ਦੇ ਕੇਸ ਦੀ ਸੁਣਵਾਈ ਹੁੰਦੀ ਸੀ ਤਾਂ ਬਾਬਾ ਸਿਦੀਕੀ ਜਾਂ ਤਾਂ ਕੋਰਟ ਰੂਮ ਵਿੱਚ ਉਨ੍ਹਾਂ ਦੇ ਕੋਲ ਹੁੰਦੇ ਸਨ ਜਾਂ ਫਿਰ ਖਾਨ ਦੇ ਪਰਿਵਾਰ ਨਾਲ ਖੜੇ ਹੁੰਦੇ ਸਨ।

ਹਾਲ ਹੀ 'ਚ ਜਦੋਂ ਲਾਰੇਂਸ ਬਿਸ਼ਨੋਈ ਗੈਂਗ ਨੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਤਾਂ ਬਾਬਾ ਨੇ ਇਸ 'ਤੇ ਅਫਸੋਸ ਜ਼ਾਹਰ ਕੀਤਾ ਸੀ।

ਉਨ੍ਹਾਂ ਨੇ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ।

ਸਲਮਾਨ ਅਤੇ ਸ਼ਾਹਰੁਖ ਵਿਚਾਲੇ ਕਰਵਾਈ ਸੁਲਾਹ

ਬਾਬਾ ਸਿਦੀਕੀ ਨੇ 2013 'ਚ ਹੋਈ ਇਫਤਾਰ ਪਾਰਟੀ 'ਚ ਸਲਮਾਨ ਅਤੇ ਸ਼ਾਹਰੁਖ ਦੋਵਾਂ ਨੂੰ ਬੁਲਾਇਆ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਾਬਾ ਸਿਦੀਕੀ ਨੇ 2013 'ਚ ਹੋਈ ਇਫਤਾਰ ਪਾਰਟੀ 'ਚ ਸਲਮਾਨ ਅਤੇ ਸ਼ਾਹਰੁਖ ਦੋਵਾਂ ਨੂੰ ਬੁਲਾਇਆ ਸੀ।

ਅੱਜ ਜਦੋਂ ਸਲਮਾਨ ਅਤੇ ਸ਼ਾਹਰੁਖ ਨੂੰ ਇਕੱਠੇ ਦੇਖਿਆ ਜਾਂਦਾ ਹੈ ਤਾਂ ਹੈਰਾਨੀ ਵਾਲੀ ਕੋਈ ਗੱਲ ਨਹੀਂ ਲੱਗਦੀ ਪਰ ਇੱਕ ਸਮਾਂ ਸੀ ਜਦੋਂ ਦੋਵੇਂ ਇੱਕ ਦੂਜੇ ਨੂੰ ਮਿਲਣਾ ਵੀ ਪਸੰਦ ਨਹੀਂ ਕਰਦੇ ਸਨ।

ਬਾਬਾ ਸਿਦੀਕੀ ਨੇ 2013 'ਚ ਹੋਈ ਇਫਤਾਰ ਪਾਰਟੀ 'ਚ ਸਲਮਾਨ ਅਤੇ ਸ਼ਾਹਰੁਖ ਦੋਵਾਂ ਨੂੰ ਬੁਲਾਇਆ ਸੀ।

ਉਸ ਵੇਲੇ ਕਰੀਬ ਪੰਜ ਸਾਲਾਂ ਤੋਂ ਉਨ੍ਹਾਂ ਵਿਚਕਾਰ ਕੋਈ ਆਪਸੀ ਗੱਲਬਾਤ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੇ ਇਕੱਠੇ ਕੋਈ ਕੰਮ ਕੀਤਾ ਸੀ।

ਪਰ ਸਲਮਾਨ ਅਤੇ ਸ਼ਾਹਰੁਖ ਦੀ ਪੰਜ ਸਾਲ ਪੁਰਾਣੀ ਦੁਸ਼ਮਣੀ ਨੂੰ ਬਾਬਾ ਸਿਦੀਕੀ ਨੇ 2013 ਦੀ ਇਫਤਾਰ ਪਾਰਟੀ 'ਚ ਦੋਵਾਂ ਨੂੰ ਜੱਫੀ ਪਵਾ ਕੇ ਖਤਮ ਕਰ ਦਿੱਤਾ ਸੀ।

ਸੀਨੀਅਰ ਪੱਤਰਕਾਰ ਨਿਸ਼ਾਂਤ ਭੂਸੇ ਨੇ ਕਿਹਾ, "ਇਹ ਬਾਬਾ ਸਿਦੀਕੀ ਹੀ ਸਨ ਜਿਨ੍ਹਾਂ ਨੇ ਹਿੱਟ ਐਂਡ ਰਨ ਮਾਮਲੇ 'ਚ ਸਲਮਾਨ ਖਾਨ ਦੀ ਪੂਰੀ ਮਦਦ ਕੀਤੀ ਸੀ। ਜਦੋਂ ਵੀ ਸਲਮਾਨ ਨੂੰ ਕੋਈ ਖ਼ਤਰਾ ਹੁੰਦਾ ਸੀ ਤਾਂ ਬਾਬਾ ਨੇ ਉਨ੍ਹਾਂ ਦੀ ਸੁਰੱਖਿਆ ਦੇ ਵੀ ਇੰਤਜ਼ਾਮ ਕੀਤੇ ਸਨ।"

"ਜਦੋਂ ਸਲਮਾਨ ਖਾਨ ਹਸਪਤਾਲ ਗਏ ਅਤੇ ਬਾਬਾ ਦੀ ਲਾਸ਼ ਦੇਖੀ ਤਾਂ ਉਹ ਫੁੱਟ-ਫੁੱਟ ਕੇ ਰੋਣ ਲੱਗ ਪਏ। ਉਨ੍ਹਾਂ ਨੇ ਬਾਬਾ ਦੀ ਧੀ ਅਤੇ ਪਤਨੀ ਨੂੰ ਵੀ ਸਾਂਭਿਆ।"

ਨਿਸ਼ਾਂਤ ਭੂਸੇ ਨੇ ਅੱਗੇ ਕਿਹਾ, "ਬਾਬਾ ਨਾਲ ਜੋ ਹੋਇਆ, ਉਸ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਹੋਰ ਵਧਾ ਦਿੱਤੀ ਜਾਵੇਗੀ।"

ਇਹ ਵੀ ਪੜ੍ਹੋ:

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)