ਬਾਬਾ ਸਿਦੀਕੀ ਦੀ ਗੋਲੀ ਮਾਰ ਕੇ ਹੱਤਿਆ: ਸਿਆਸਤ ਤੇ ਬਾਲੀਵੁੱਡ ’ਚ ਰਸੂਖ ਰੱਖਣ ਵਾਲੇ ਨੇਤਾ ਬਾਰੇ ਜਾਣੋ

ਤਸਵੀਰ ਸਰੋਤ, Getty Images
ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਆਗੂ ਬਾਬਾ ਸਿਦੀਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
ਸ਼ਨੀਵਾਰ ਦੀ ਦੇਰ ਰਾਤ ਮੁੰਬਈ ਦੇ ਬਾਂਦਰਾ ਈਸਟ ਵਿੱਚ ਉਨ੍ਹਾਂ ਉੱਤੇ ਕਈ ਰਾਊਂਡ ਫਾਇਰਿੰਗ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਲੀਲਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਇਸ ਘਟਨਾ ਦੇ ਕੁਝ ਦੇਰ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਛਿੰਦੇ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਬਾਬਾ ਸਿਦੀਕੀ ਦੇ ਦੇਹਾਂਤ ਦੀ ਪੁਸ਼ਟੀ ਕਰ ਦਿੱਤੀ।
ਕਰੀਬ 48 ਸਾਲ ਤੋਂ ਕਾਂਗਰਸ ਵਿੱਚ ਰਹੇ ਬਾਬਾ ਸਿਦੀਕੀ ਇਸ ਸਾਲ ਫਰਵਰੀ ਵਿੱਚ ਐੱਨਸੀਪੀ (ਅਜੀਤ ਪਵਾਰ ਗੁੱਟ) ਵਿੱਚ ਸ਼ਾਮਲ ਹੋਏ ਸਨ।
ਮੁੱਖ ਮੰਤਰੀ ਏਕਨਾਥ ਛਿੰਦੇ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ, “ਸਾਬਕਾ ਮੰਤਰੀ ਬਾਬਾ ਸਿਦੀਕੀ ਉੱਤੇ ਜਾਨਲੇਵਾ ਹਮਲਾ ਹੋਇਆ ਸੀ। ਬਦਕਿਸਮਤੀ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੈ। ਇਹ ਬਹੁਤ ਬਦਕਿਸਮਤੀ ਪੂਰਨ ਅਤੇ ਦੁਖੀ ਕਰਨ ਵਾਲੀ ਘਟਨਾ ਹੈ।''
ਉਹਨਾਂ ਕਿਹਾ, ''ਇਸ ਮਾਮਲੇ ਵਿੱਚ ਦੋ ਮੁਲਜ਼ਮ ਗ੍ਰਿਫ਼਼ਤਾਰ ਹੋਏ ਹਨ। ਅਜਿਹਾ ਮੈਨੂੰ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ। ਇੱਕ ਮੁਲਜ਼ਮ ਫ਼ਰਾਰ ਹੈ। ਗ੍ਰਿਫ਼ਤਾਰ ਮੁਲਜ਼ਮ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਹਨ। ਤੀਜੇ ਮੁਲਜ਼ਮ ਨੂੰ ਫੜਨ ਲਈ ਪੁਲਿਸ ਦੀ ਟੀਮ ਲੱਗੀ ਹੋਈ ਹੈ। ਤਿੰਨਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।”
ਸੂਬੇ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਵੀ ਐਕਸ ਅਕਾਊਂਟ ਉੱਤੇ ਇੱਕ ਪੋਸਟ ਦੇ ਜ਼ਰੀਏ ਬਾਬਾ ਸਿਦੀਕੀ ਨੂੰ ਸ਼ਰਧਾਂਜਲੀ ਦਿੱਤੀ ਹੈ।
ਉਨ੍ਹਾਂ ਨੇ ਕਿਹਾ, ਮੈਂ ਆਪਣਾ ਇੱਕ ਚੰਗਾ ਸਹਿਯੋਗੀ ਅਤੇ ਦੋਸਤ ਗੁਆ ਦਿੱਤਾ ਹੈ। ਇਸ ਕਾਇਰਾਨਾ ਹਮਲੇ ਦੀ ਸਖ਼ਤ ਨਿਖੇਧੀ ਕਰਦਾ ਹਾਂ। ਬਾਬਾ ਸਿਦੀਕੀ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕਰਦਾ ਹਾਂ।''

ਸਿਆਸਤ ਅਤੇ ਬਾਲੀਵੁੱਡ ਦੋਵਾਂ ਵਿੱਚ ਬਰਾਬਰ ਰਸੂਖ
ਬਾਬਾ ਸਿਦੀਕੀ ਦਾ ਜਿੰਨਾ ਪ੍ਰਭਾਵ ਸਿਆਸਤ ਵਿੱਚ ਸੀ, ਉਨਾ ਹੀ ਬਾਲੀਵੁੱਡ ਵਿੱਚ ਦੱਸਿਆ ਜਾਂਦਾ ਹੈ।
ਸਿਆਸੀ ਜੀਵਨ ਦੀ ਗੱਲ ਕਰੀਏ ਤਾਂ ਮਹਿਜ਼ 16-17 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਕਾਂਗਰਸ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਸਾਲ 1992 ਅਤੇ 1997 ਵਿੱਚ ਬਾਬਾ ਸਿਦੀਕੀ ਕਾਂਗਰਸ ਦੇ ਟਿਕਟ ਉੱਤੇ ਮੁੰਬਈ ਸਿਵਕ ਬਾਡੀ ਲਈ ਕਾਰਪੋਰੇਟਰ ਚੁਣੇ ਗਏ ਸਨ।
ਬਾਬਾ ਸਿਦੀਕੀ 1999 ਵਿੱਚ ਬਾਂਦਰਾ (ਪੱਛਮੀ) ਤੋਂ ਵਿਧਾਇਕ ਚੁਣੇ ਗਏ ਸਨ।
ਸਾਲ 2004 ਅਤੇ 2009 ਵਿੱਚ ਵੀ ਇਸ ਸੀਟ ਤੋਂ ਬਾਬਾ ਸਿਦੀਕੀ ਕਾਂਗਰਸ ਦੇ ਟਿਕਟ ਉੱਤੇ ਚੋਣਾਂ ਜਿੱਤੇ ਸਨ।

ਤਸਵੀਰ ਸਰੋਤ, Getty Images
2004 ਤੋਂ ਬਾਬਾ ਸਿਦੀਕੀ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਸਨ।
ਸਿਦੀਕੀ 2000-04 ਤੱਕ ਮਹਾਰਾਸ਼ਟਰ ਹਾਊਸਿੰਗ ਏਂਡ ਏਰੀਆ ਡਿਵੈਲਪਮੈਂਟ ਅਥਾਰਿਟੀ ਦੇ ਪ੍ਰਧਾਨ ਵੀ ਰਹੇ ਸਨ।
2017 ਵਿੱਚ ਈਡੀ ਨੇ ਬਾਂਦਰਾ ਵਿੱਚ ਬਾਬਾ ਸਿਦੀਕੀ ਨਾਲ ਜੁੜੇ ਟਿਕਾਣਿਆਂ ਉੱਤੇ ਹਵਾਲਾ ਮਾਮਲੇ ਵਿੱਚ ਛਾਪੇ ਮਾਰੇ ਸਨ। ਇਸ ਤੋਂ ਉਹ ਉਹ ਸਿਆਸੀ ਰੂਪ ਵਿੱਚ ਜ਼ਿਆਦਾ ਸਰਗਰਮ ਨਹੀਂ ਰਹੇ ਸਨ। ਉਨ੍ਹਾਂ ਦੇ ਬੇਟੇ ਜੀਸ਼ਾਨ ਹੀ ਜ਼ਿਆਦਾ ਸਰਗਰਮ ਸਨ।
2014 ਵਿੱਚ ਬਾਬਾ ਸਿਦੀਕੀ ਬਾਂਦਰਾ ਈਸਟ ਤੋਂ ਭਾਜਪਾ ਤੋਂ ਹਾਰ ਗਏ ਸਨ ਪਰ 2019 ਵਿੱਚ ਉਨ੍ਹਾਂ ਦੇ ਬੇਟੇ ਜੀਸ਼ਾਨ ਸਿਦੀਕੀ ਜਿੱਤ ਗਏ ਸਨ।
ਬਾਬਾ ਸਿਦੀਕੀ ਦੀ ਇਫ਼ਤਾਰ ਪਾਰਟੀ

ਤਸਵੀਰ ਸਰੋਤ, Facebook/Baba Siddique
ਬਾਬਾ ਸਿਦੀਕੀ ਬਾਲੀਵੁੱਡ ਵਿੱਚ ਆਪਣੀ ਨਜ਼ਦੀਕੀ ਕਰਕੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਸਨ।
ਉਹ 15 ਸਾਲ ਤੱਕ ਬਾਂਦਰਾ ਵੈਸਟ ਦੇ ਵਿਧਾਇਕ ਰਹੇ। ਇਸੇ ਇਲਾਕੇ ਵਿੱਚ ਕਈ ਬਾਲੀਵੁੱਡ ਹਸਤੀਆਂ ਰਹਿੰਦੀਆਂ ਹਨ।
ਹਰ ਸਾਲ ਰਮਜ਼ਾਨ ਦੇ ਮਹੀਨੇ ਵਿੱਚ ਬਾਬਾ ਸਿਦੀਕੀ ਦੀ ਇਫ਼ਤਾਰ ਪਾਰਟੀ ਚਰਚਾ ਵਿੱਚ ਰਹਿੰਦੀ ਸੀ।
ਉਨ੍ਹਾਂ ਦੀ ਇਫ਼ਤਾਰ ਪਾਰਟੀ ਵਿੱਚ ਸਿਆਸੀ ਆਗੂਆਂ ਤੋਂ ਇਲਾਵਾ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਸ਼ਾਹਰੁਖ਼ ਖਾਨ, ਆਮਿਰ ਖ਼ਾਨ, ਸਲਮਾਨ ਖ਼ਾਨ ਤੋਂ ਲੈ ਕੇ ਸੰਜੇ ਦੱਤ ਤੱਕ ਪਹੁੰਚਦੇ ਸਨ।
ਅਜਿਹਾ ਮੰਨਿਆ ਜਾਂਦਾ ਹੈ ਕਿ ਜਦੋਂ ਸ਼ਾਹਰੁਖ਼ ਖਾਨ ਅਤੇ ਸਲਮਾਨ ਖ਼ਾਨ ਦੇ ਵਿਚਕਾਰ ਖਟਾਸ ਦਾ ਦੌਰ ਚੱਲ ਰਿਹਾ ਸੀ ਤਾਂ ਉਸ ਨੂੰ ਖ਼ਤਮ ਕਰਨ ਵਿੱਚ ਵੀ ਬਾਬਾ ਸਿਦੀਕੀ ਦੀ ਅਹਿਮ ਭੂਮਿਕਾ ਰਹੀ ਹੈ।
ਕਾਂਗਰਸ ਦੇ ਵੱਡੇ ਆਗੂ ਰਹੇ ਅਜੇ ਪ੍ਰਸਿੱਧ ਅਦਾਕਾਰ ਸੁਨੀਲ ਦੱਤ ਵੀ ਬਾਬਾ ਸਿਦੀਕੀ ਦੇ ਨਜ਼ਦੀਕੀ ਰਹੇ ਸਨ।
ਸੰਜੇ ਦੱਤ ਅਤੇ ਪ੍ਰਿਆ ਦੱਤ ਨਾਲ ਵੀ ਸਿਦੀਕੀ ਪਰਿਵਾਰ ਦੇ ਭਰੋਸੇ ਵਾਲੇ ਸੰਬੰਧ ਰਹੇ ਹਨ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












