ਇਹ ਜੋਤਹੀਣ ਲੋਕ ਅੱਖਾਂ ਦੀ ਜੋਤ ਨਾ ਹੋਣ ਨੂੰ ਆਪਣੀ ਤਾਕਤ ਕਿਉਂ ਸਮਝਦੇ ਹਨ

ਮੂਜ਼ਸ ਮੁਗਾਬੇ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਆਪਣੇ ਘਰ ਦੇ ਬਾਹਰ ਬੈਠੇ ਹੋਏ
ਤਸਵੀਰ ਕੈਪਸ਼ਨ, ਮੂਜ਼ਸ ਮੁਗਾਬੇ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਆਪਣੇ ਘਰ ਦੇ ਬਾਹਰ ਬੈਠੇ ਹੋਏ
    • ਲੇਖਕ, ਐਗਨਿਸ ਪੇਂਡਾ ਅਤੇ ਜੇਮ ਓ’ਰੀਲੀ
    • ਰੋਲ, ਬੀਬੀਸੀ ਨਿਊਜ਼

ਪੂਰਬੀ ਯੁਗਾਂਡਾ ਦੇ ਮੂਜ਼ਸ ਮੁਗਾਬੇ (53) ਨੂੰ ਯਾਦ ਨਹੀਂ ਕਿ ਉਨ੍ਹਾਂ ਦੀ ਨਜ਼ਰ ਕਿਉਂ ਚਲੀ ਗਈ। ਲੇਕਿਨ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੀ ਇੱਕ ਸਵੇਰ ਅਜੇ ਤੱਕ ਯਾਦ ਹੈ।

ਉਹ ਦੱਸਦੇ ਹਨ, “ਇਹ ਸੁਣਨ ਤੋਂ ਬਾਅਦ ਕਿ ਮੇਰੀ ਨਜ਼ਰ ਪੂਰੀ ਤਰ੍ਹਾਂ ਚਲੀ ਗਈ ਹੈ ਤੇ ਮੈਂ ਹੁਣ ਸਾਰੀ ਉਮਰ ਦੇਖ ਨਹੀਂ ਸਕਾਂਗਾ ਮੈਂ ਬਹੁਤ ਤਰਸਯੋਗ ਜ਼ਿੰਦਗੀ ਜੀਵੀ ਹੈ।”

ਮੂਜ਼ਸ ਵਾਂਗ ਹੀ 30 ਲੱਖ ਤੋਂ ਜ਼ਿਆਦਾ ਯੁਗਾਂਡਾ ਵਾਸੀ ਆਂਸ਼ਿਕ ਅੰਨ੍ਹੇਪਣ ਨਾਲ ਜਿਉਂ ਰਹੇ ਹਨ। ਦੇਸ ਦੇ ਜ਼ਿਆਦਾਤਰ ਹਿੱਸੇ ਵਿੱਚ ਸਿਹਤ ਸਹੂਲਤਾਂ ਦੀ ਪਹੁੰਚ ਹੈ ਪਰ ਪੇਂਡੂ ਖੇਤਰ ਅਜੇ ਵੀ ਅੱਖਾਂ ਦੀ ਸੰਭਾਲ ਦੀਆਂ ਸਹੂਲਤਾਂ ਤੋਂ ਵਿਰਵੇ ਹਨ।

ਦੇਸ ਵਿੱਚ ਅੱਖਾਂ ਦੇ ਡਾਕਟਰਾਂ ਦੀ ਕਮੀ ਹੈ।

ਇਲਾਜ ਤੋਂ ਬਿਨਾਂ ਮੂਜ਼ਸ ਵਰਗੇ ਅਨੇਕਾਂ ਲੋਕਾਂ ਨੂੰ ਆਪਣੀ ਹਨੇਰੀ ਜ਼ਿੰਦਗੀ ਜਿਉਣ ਲਈ ਨਵੇਂ ਰਾਹ ਖੋਜਣੇ ਪੈਂਦੇ ਹਨ।

ਮੂਜ਼ਸ ਅਤੇ ਉਨ੍ਹਾਂ ਦਾ ਪਰਿਵਾਰ ਜਿਸ ਵਿੱਚ ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚੇ ਹਨ, ਲੇਕ ਵਿਕਟੋਰੀਆ ਦੇ ਉੱਤਰੀ ਕਿਨਾਰੇ ਉੱਤੇ ਵਸੇ ਲੂਬੂ ਪਿੰਡ ਵਿੱਚ ਰਹਿੰਦੇ ਹਨ।

2000 ਵਿਆਂ ਵਿੱਚ ਉਨ੍ਹਾਂ ਨੇ ਜੋਤਹੀਣਾਂ ਦਾ ਇੱਕ ਸਮੁਦਾਇ ਬਣਾਇਆ ਜਿਸ ਨੂੰ ਲੂਬੂ ਗਰੁੱਪ ਆਫ ਬਲਾਈਂਡ ਕਿਹਾ ਜਾਂਦਾ ਹੈ। 25 ਮੈਂਬਰੀ ਇਸ ਸਮੁਦਾਇ ਦੇ ਲਗਭਗ ਸਾਰੇ ਮੈਂਬਰ ਸਮਾਨ ਪੱਧਰ ਦੇ ਅੰਧਰਾਤੇ ਨਾਲ ਜਿਉਂ ਰਹੇ ਹਨ।

ਇਹ ਸਮੁਦਾਇ ਦਸ ਘਰਾਂ ਦੇ ਸਾਂਝੇ ਵਿਹੜੇ ਵਿੱਚ ਵਸਦਾ ਹੈ, ਜਿੱਥੇ ਦੋ ਸਾਂਝੇ ਪਾਖ਼ਾਨੇ ਵੀ ਹਨ।

ਕਟਹਲ ਦੇ ਰੁੱਖ ਦੀ ਛਾਂ ਹੇਠ ਸਮੁਦਾਇ ਦੇ ਮੈਂਬਰ ਹਰ ਸੋਮਵਾਰ ਮਿਲਦੇ ਹਨ ਅਤੇ ਜ਼ਿੰਦਗੀ ਦੀਆਂ ਚੁਣੌਤੀਆਂ ਦੀ ਚਰਚਾ ਕਰਦੇ ਹਨ।

ਮੂਜ਼ਸ ਇਸ ਸਮੁਦਾਇ ਦੇ ਚੇਅਰਮੈਨ ਵਜੋਂ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਇਸ ਬੈਠਕ ਦੀ ਅਗਵਾਈ ਕਰਦੇ ਹਨ।

ਸਮੂਹ ਦੇ ਇੱਕ ਮੈਂਬਰ ਨੇ ਕਿਹਾ, “ਸੁਣਨ ਸ਼ਕਤੀ ਵਧਾਉਣ ਲਈ ਅਸੀਂ ਸੁਣਨ ਦੀਆਂ ਮਸ਼ੀਨਾਂ ਦੀ ਮੰਗ ਕਰਦੇ ਹਾਂ।”

ਇੱਕ ਹੋਰ ਮੈਂਬਰ ਨੇ ਉਨ੍ਹਾਂ ਦੇ ਬੱਚਿਆਂ ਦੇ ਸਕੂਲਾਂ ਵਿੱਚ ਵਧਦੀ ਟਿਊਸ਼ਨ ਫੀਸ ਦਾ ਫਿਕਰ ਜ਼ਾਹਰ ਕੀਤਾ। ਮੋਸਜ਼ ਨੇ ਦ੍ਰਿੜ ਪਰੰਤੂ ਨਰਮ ਸੁਰ ਵਿੱਚ ਇਸਦਾ ਜਵਾਬ ਦਿੱਤਾ।

“ਤੁਸੀਂ ਅੰਨ੍ਹੇ ਹੋ ਇਸ ਲਈ ਲੋਕਾਂ ਨੂੰ ਆਪਣੇ ਹੱਕਾਂ ਦੀ ਉਲੰਘਣਾ ਨਾ ਕਰਨ ਦਿਓ, ਸਾਨੂੰ ਬੋਲਣਾ ਚਾਹੀਦਾ ਹੈ ਤਾਂ ਜੋ ਹਰ ਕਿਸੇ ਨੂੰ ਸਾਡੀ ਵੁੱਕਤ ਬਾਰੇ ਪਤਾ ਲਗ ਸਕੇ।”

ਮੂਜ਼ਸ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਬੈਠਕਾਂ ਬਹੁਤ ਮਹੱਤਵਪੂਰਨ ਕੰਮ ਕਰਦੀਆਂ ਹਨ।

“ਅਸੀਂ ਆਪਣਾ ਜੀਵਨ ਕਿਵੇਂ ਚਲਾਉਣ ਬਾਰੇ ਤੇ ਬੱਚਿਆਂ ਨੂੰ ਸਕੂਲ ਭੇਜਣ ਬਾਰੇ ਚਰਚਾ ਕਰਦੇ ਹਾਂ। ਅਸੀਂ ਆਪਣੇ ਬੱਚਿਆਂ ਨੂੰ ਰੋਟੀ, ਕੱਪੜੇ ਕਿਵੇਂ ਪਵਾਈਏ, ਅਤੇ ਚੰਗੀ ਗੁਣਵੱਤਾ ਵਾਲੀ ਸਿਹਤ ਸੇਵਾ ਤੱਕ ਪਹੁੰਚ ਕਿਵੇਂ ਕਰ ਸਕਦੇ ਹਾਂ।”

ਮੂਜ਼ਸ ਮੁਗਾਬੇ ਕਟਹਾਲ ਦੇ ਰੁੱਖ ਦੀ ਛਾਵੇਂ ਹੋਣ ਵਾਲੀ ਹਫ਼ਤਾਵਾਰੀ ਬੈਠਕ ਦੀ ਅਗਵਾਈ ਕਰਦੇ ਹੋਏ
ਤਸਵੀਰ ਕੈਪਸ਼ਨ, ਮੂਜ਼ਸ ਮੁਗਾਬੇ ਕਟਹਾਲ ਦੇ ਰੁੱਖ ਦੀ ਛਾਵੇਂ ਹੋਣ ਵਾਲੀ ਹਫ਼ਤਾਵਾਰੀ ਬੈਠਕ ਦੀ ਅਗਵਾਈ ਕਰਦੇ ਹਨ

ਯੁਗਾਂਡਾ ਵਿੱਚ ਇੱਕ ਜੋਤਹੀਣ ਵਿਅਕਤੀ ਦੀ ਜ਼ਿੰਦਗੀ

ਲੂਬੂ ਦੇ ਵਸਨੀਕਾਂ ਦੀ ਅੱਖਾਂ ਦੀ ਜੋਤ ਜਾਣ ਦੇ ਡਾਇਬਿਟੀਜ਼, ਮੀਜ਼ਲਸ, ਮੋਤੀਆ ਅਤੇ ਕੁੱਕਰੇ ਸਮੇਤ ਕਈ ਕਾਰਨ ਹੋ ਸਕਦੇ ਹਨ।

ਲੇਕਿਨ ਮੋਜ਼ਸ ਵਾਂਗ ਕਈਆਂ ਦੀ ਕਦੇ ਵੀ ਡਾਕਟਰੀ ਜਾਂਚ ਨਹੀਂ ਕੀਤੀ ਗਈ।

ਸਾਲ 1990 ਅਤੇ 2000 ਵਿਆਂ ਦੇ ਦੌਰਾਨ, ਰਿਵਰ ਬਲਾਈਂਡਨੈਸ ਪੂਰਬੀ ਯੂਗਾਂਡਾ ਦੇ ਮੇਗ ਜ਼ਿਲ੍ਹੇ ਵਿੱਚ ਆਮ ਸੀ। ਇਹ ਇੱਕ ਲਾਗ ਵਾਲੀ ਕਾਲੀ ਮੱਖੀ ਦੇ ਵਾਰ-ਵਾਰ ਕੱਟਣ ਕਾਰਨ ਮਨੁੱਖਾਂ ਵਿੱਚ ਫੈਲਦਾ ਹੈ।

ਹਾਲਾਂਕਿ ਸਾਲ 2017 ਦੇ ਆਸ-ਪਾਸ ਇਸ ਪਰਜੀਵੀ ਦੀ ਰੋਕਥਾਮ ਲਈ ਕਈ ਸਿਹਤ ਪ੍ਰੋਜੈਕਟ ਚਲਾਏ ਗਏ। ਨਤੀਜੇ ਵਜੋਂ ਮੇਗ ਜ਼ਿਲ੍ਹੇ ਵਿੱਚੋਂ ਰਿਵਰ ਬਲਾਈਂਡਨੈਸ ਦਾ ਖ਼ਾਤਮਾ ਹੋ ਗਿਆ।

ਬੀਮਾਰੀ ਭਾਵੇਂ ਖ਼ਤਮ ਹੋ ਗਈ ਹੋਵੇ ਲੇਕਿਨ ਲੂਬੂ ਵਰਗੇ ਪਿੰਡ ਉਸਦੀ ਨਿਸ਼ਾਨੀ ਵਜੋਂ ਕਾਇਮ ਹਨ।

ਮੂਜ਼ਸ ਦੱਸਦੇ ਹਨ, “ਫ਼ੌਜ ਦੀਆਂ ਟੁਕੜੀਆਂ ਵਾਂਗ ਅਸੀਂ ਸੁਖਾਲੇ ਤੋਰੇ-ਫੇਰੇ ਲਈ ਇਕੱਠੇ ਰਹਿੰਦੇ ਹਾਂ। ਇਸ ਲਈ ਜਦੋਂ ਵੀ ਕੁਝ ਹੁੰਦਾ ਹੈ ਤਾਂ ਸਾਡੇ ਲਈ ਤਾਲਮੇਲ ਕਰਨਾ ਸੌਖਾ ਹੋ ਜਾਂਦਾ ਹੈ।”

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅੱਖਾਂ ਦੇ ਇਲਾਜ ਦੀਆਂ ਸਹੂਲਤਾਂ ਦੀ ਕਮੀ

ਡਾ਼ ਵਾਇਸਵਾ ਜੁਲੂਇਸ ਬੁਕਤੇਬੇ ਕਾਊਂਟੀ ਦੇ ਇੱਕਲੌਤੇ ਡਾਕਟਰ ਹਨ ਜਿਸ ਵਿੱਚ ਲੂਬੂ ਪਿੰਡ ਵੀ ਸਥਿਤ ਹੈ।

ਉਹ ਮੇਗ ਜ਼ਿਲ੍ਹੇ ਵਿੱਚ ਹਫ਼ਤੇ ਦੇ ਦੋ ਦਿਨ ਕੰਮ ਕਰਦੇ ਹਨ ਅਤੇ ਲੂਬੂ ਦੇ ਲੋਕਾਂ ਦਾ ਨਿਯਮਤ ਇਲਾਜ ਕਰਦੇ ਹਨ।

ਬਾਹਰ ਧੁੱਪ ਵਿੱਚ ਦੋ ਔਰਤਾਂ ਹੱਥ ਫੜ ਕੇ ਚੱਲ ਰਹੀਆਂ ਹਨ ਜਦਕਿ ਇੱਕ ਪਿਤਾ ਆਪਣੇ ਦੋ ਬੱਚਿਆਂ ਨੁੂ੍ੰ ਲੈ ਕੇ ਚੱਲ ਰਿਹਾ ਹੈ
ਤਸਵੀਰ ਕੈਪਸ਼ਨ, ਯੂਗਾਂਡਾ ਵਿੱਚ ਕਰੀਬ 30 ਲੱਖ ਲੋਕ ਆਂਸ਼ਿਕ ਅੰਧਰਾਤੇ ਨਾਲ ਜਿਉਂ ਰਹੇ ਹਨ

ਉਹ ਕਹਿੰਦੇ ਹਨ ਕਿ ਗ਼ਰੀਬੀ ਅਤੇ ਸਾਫ਼-ਸਫਾਈ ਦੀਆਂ ਖ਼ਰਾਬ ਹਾਲਾਤ ਇਸ ਇਲਾਕੇ ਦੇ ਲੋਕਾਂ ਵਿੱਚ ਅੱਖਾਂ ਦੀ ਜੋਤ ਜਾਣ ਦੇ ਅਹਿਮ ਕਾਰਨ ਹਨ।

ਲੇਕਿਨ ਸੱਭਿਆਚਾਰਕ ਰੂੜ੍ਹੀਆਂ ਦੀ ਵੀ ਭੂਮਿਕਾ ਹੈ ਜਿਨ੍ਹਾਂ ਕਾਰਨ ਲੋਕ ਡਾਕਟਰੀ ਇਲਾਜ ਨਾਲੋਂ ਰਵਾਇਤੀ ਇਲਾਜ ਕਰਵਾਉਣ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ।

ਡਾ਼ ਵਾਇਸਵਾ ਜੁਲੂਇਸ ਕਹਿੰਦੇ ਹਨ ਕਿ ਇਹ ਰੂੜ੍ਹੀਆਂ ਲੋਕਾਂ ਨੂੰ ਲੋੜ ਪੈਣ ਉੱਤੇ ਇਲਾਜ ਨਾ ਲੈਣ ਦਾ ਵੀ ਕਾਰਨ ਹੋ ਸਕਦੀਆਂ ਹਨ। ਜਦੋਂ ਤੱਕ ਉਹ ਕਿਸੇ ਡਾਕਟਰ ਨੂੰ ਮਿਲਦੇ ਹਨ, ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।

ਉਹ ਕਹਿੰਦੇ ਹਨ,“ਜੇ ਸਰਕਾਰ ਹਰ ਜ਼ਿਲ੍ਹੇ ਵਿੱਚ ਅੱਖਾਂ ਦੇ ਡਾਕਟਰ ਵਧਾਵੇ, ਤਾਂ ਸ਼ਾਇਦ ਸਥਿਤੀ ਬਿਹਤਰ ਹੋ ਸਕਦੀ ਹੈ।”

ਡਾ਼ ਅਲਫਰੈਡ ਮੁਬਂਗਿਜ਼ੀ ਯੁਗਾਂਡਾ ਦੇ ਸਿਹਤ ਮੰਤਰਾਲੇ ਵਿੱਚ ਟਰੌਪੀਕਲ ਬੀਮਾਰੀਆਂ ਦੇ ਇੱਕ ਮਾਹਰ ਹਨ। ਉਨ੍ਹਾਂ ਮੁਤਾਬਕ ਕਿ ਸਰਕਾਰ ਸਿਖਲਾਈ ਲੈ ਰਹੇ ਡਾਕਟਰਾਂ ਨੂੰ ਅੱਖਾਂ ਦੇ ਡਾਕਟਰ ਬਣਨ ਲਈ ਉਤਸ਼ਾਹਿਤ ਕਰ ਰਹੀ ਹੈ।

“ਅਸੀਂ ਡਾਕਟਰਾਂ ਨੂੰ ਟਰੇਨ ਕਰ ਰਹੇ ਹਾਂ। ਸਰਕਾਰ ਉਨ੍ਹਾਂ ਨੂੰ ਨੇਤਰ ਰੋਗ ਵਿਗਿਆਨ ਵਿੱਚ ਅਗਲੇਰੀ ਪੜ੍ਹਾਈ ਲਈ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ ਉਹ ਅੱਖਾਂ ਦੀ ਸੰਭਾਲ ਦੇ ਮਾਹਰ ਬਣ ਜਾਣ।”

ਮੂਜ਼ਸ ਆਪਣੇ ਪੁੱਤਰ ਦੇ ਨਾਲ ਘਰ ਦੇ ਬਾਹਰ ਬਰੇਲ ਪੜ੍ਹਦੇ ਹੋਏ
ਤਸਵੀਰ ਕੈਪਸ਼ਨ, ਮੂਜ਼ਸ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਪੜ੍ਹਨ ਤਾਂ ਜੋ ਲੋਕ ਉਨ੍ਹਾਂ ਦੇ ਜੋਤ ਹੀਣ ਹੋਣ ਨੂੰ ਨਹੀਂ ਸਗੋਂ ਉਨ੍ਹਾਂ ਦੀਆਂ ਪ੍ਰਪਤੀ ਨੂੰ ਦੇਖਣ

‘ਸਾਡੀ ਡਿਸਏਬਲਿਟੀ ਸਾਡੀ ਸ਼ਕਤੀ ਹੈ’

ਜਦੋਂ ਤੱਕ ਯੂਗਾਂਡਾਂ ਦੇ ਪੇਂਡੂ ਖੇਤਰਾਂ ਵਿੱਚ ਅੱਖਾਂ ਦੇ ਡਾਕਟਰਾਂ ਦੀ ਸੰਖਿਆ ਵੱਧ ਨਹੀਂ ਜਾਂਦੀ। ਮੂਸਜ਼ ਅਤੇ ਉਨ੍ਹਾਂ ਦੇ ਸਮੁਦਾਇ ਨੂੰ ਆਪਸੀ ਸਹਿਯੋਗ ਲਈ ਇੱਕ ਦੂਜੇ ਉੱਤੇ ਨਿਰਭਰ ਰਹਿਣਾ ਪਵੇਗਾ।

ਉਹ ਕਹਿੰਦੇ ਹਨ, “ਜੋ ਅਸੀਂ ਸਭ ਤੋਂ ਪਹਿਲਾਂ ਆਪਣੇ-ਆਪ ਨੂੰ ਏਕੇ ਦਾ ਸਬਕ ਪੜ੍ਹਾਇਆ। ਹਰ ਕਿਸੇ ਨੂੰ ਹਰ ਕਿਸੇ ਦੀ ਮਦਦ ਦੀ ਲੋੜ ਹੈ ਅਤੇ ਇੱਥੇ ਸਾਡੀ ਡਿਸਏਬਲਿਟੀ ਹੀ ਸਾਡੀ ਤਾਕਤ ਹੈ।”

ਉਹ ਦੱਸਦੇ ਹਨ ਕਿ ਜੋਤ ਹੀਣ ਲੋਕਾਂ ਨੂੰ ਜੀਵਨ ਵਿੱਚ ਤਿੰਨ ਮੁੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ- ਸਮਾਜਿਕ ਨਜ਼ਰੀਏ ਨਾਲ ਲੜਾਈ, ਆਪਣੀ ਪਰਿਵਾਰਕ ਜਾਇਦਾਦ ਹਾਸਲ ਕਰਨਾ ਅਤੇ ਰੁਮਾਨੀ ਸਾਂਝੇਦਾਰ ਹਾਸਲ ਕਰਨਾ।

ਉਨ੍ਹਾਂ ਦਾ ਸਮੁਦਾਇ ਆਪਣੇ ਜੋਤ ਹੀਣ ਜਾਂ ਸਧਾਰਨ ਬੱਚਿਆਂ ਦੇ ਬਚਾਅ ਲਈ ਸਖ਼ਤ ਮਿਹਨਤ ਕਰਦਾ ਹੈ। ਭਲੇ ਹੀ ਉਨ੍ਹਾਂ ਨੂੰ ਘਰ ਤੋਂ ਦੂਰ ਵਿਸ਼ੇਸ਼ ਬੋਰਡਿੰਗ ਸਕੂਲਾਂ ਵਿੱਚ ਹੀ ਭੇਜਣਾ ਪਵੇ।

ਮੂਸਜ਼ ਉਮੀਦ ਕਰਦੇ ਹਨ ਕਿ ਉਨ੍ਹਾਂ ਦੇ ਆਪਣੇ ਬੱਚੇ ਯੂਨੀਵਰਸਿਟੀ ਸਿੱਖਿਆ – ਮਾਸਟਰਜ਼, ਪੀਐੱਚਡੀ ਕਰਨਗੇ। ਅਜਿਹਾ ਕਰਦੇ ਹੋਏ ਉਹ ਸ਼ਾਇਦ ਧਾਰਨਾਵਾਂ ਨੂੰ ਤੋੜਨਗੇ ਅਤੇ ਸਮਾਜ ਨੂੰ ਇੱਕ ਹਾਂ-ਮੁਖੀ ਨਜ਼ਰੀਆ ਦੇਣਗੇ।

ਜਦੋਂ ਉਹ ਢੁੱਕਵੇਂ ਤਰੀਕੇ ਨਾਲ ਸਿੱਖਿਅਤ ਹੋ ਗਏ ਤਾਂ, ਕੋਈ ਉਨ੍ਹਾਂ ਦੇ ਜੋਤ ਹੀਣ ਹੋਣ ਵੱਲ ਧਿਆਨ ਨਹੀਂ ਦੇਵੇਗਾ ਸਗੋਂ ਲੋਕ ਉਨ੍ਹਾਂ ਬਾਰੇ ਰਾਇ ਬਣਾਉਣ ਦੀ ਥਾਂ ਉਨ੍ਹਾਂ ਦੀਆਂ ਪ੍ਰਾਪਤੀਆਂ ਵੱਲ ਦੇਖਣਗੇ।

“ਕੁਝ ਵੀ ਹੋਵੇ ਸਾਨੂੰ ਆਪਣੇ ਹੱਕਾਂ ਲਈ ਹਰ ਇੱਕ ਮੰਚ ਉੱਤੇ ਬੋਲਣਾ ਚਾਹੀਦਾ ਹੈ, ਸਾਡੀ ਅਵਾਜ਼ ਸੁਣੀ ਜਾਣੀ ਚਾਹੀਦੀ ਹੈ ਤੇ ਜਵਾਬ ਮਿਲਣਾ ਚਾਹੀਦਾ ਹੈ।”

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)