ਜਦੋਂ ਰਾਮ ਉਰਦੂ ’ਚ ਸੰਵਾਦ ਕਰਦੇ ਹਨ...ਲਾਹੌਰ ਤੋਂ ਚੰਡੀਗੜ੍ਹ ਕਿਵੇਂ ਪਹੁੰਚੀ ਉਰਦੂ ਵਾਲੀ ਰਾਮਲੀਲ੍ਹਾ

ਤਸਵੀਰ ਸਰੋਤ, Mayank Mongia/BBC
- ਲੇਖਕ, ਮਯੰਕ ਮੌਂਗੀਆ
- ਰੋਲ, ਬੀਬੀਸੀ ਸਹਿਯੋਗੀ
ਸਟੇਜ ਤੋਂ ਬੋਲ ਸੁਣੇ, “ਲੇਕਿਨ ਅਭ ਤੋਂ ਅਰਸੇ ਸੇ, ਦਰ ਪੇ ਅਜ਼ਾਰ ਜ਼ਮਾਨਾ ਹੈ, ਬੇ-ਪਰ, ਬੇ-ਜ਼ਰ, ਬੇ-ਦਰ, ਬੇ-ਘਰ ਨਾ ਕੋਈ ਖ਼ਾਸ ਠਿਕਾਣਾ ਹੈ।”
ਰਾਮਲੀਲ੍ਹਾ ਦੌਰਾਨ ਰਾਮ ਦੇ ਮੂੰਹੋਂ ਉਰਦੂ ਦੇ ਇਹ ਬੋਲ ਸੁਣਨਾ ਜਿੱਥੇ ਦਰਸ਼ਕਾਂ ਨੂੰ ਹੈਰਾਨ ਕਰ ਦਿੰਦਾ ਹੈ ਅਤੇ ਉੱਥੇ ਹੀ ਇਹ ਸੰਵਾਦ ਇਸ ਰਾਮਲੀਲ੍ਹਾ ਨੂੰ ਕਾਫੀ ਵੱਖਰਾ ਵੀ ਬਣਾ ਰਿਹਾ ਹੈ।
ਦਰਅਸਲ ਅਕਸਰ ਰਾਮਲੀਲ੍ਹਾ ਦੇ ਸੰਵਾਦ ਸੰਸਕ੍ਰਿਤ ਜਾਂ ਖੇਤਰੀ ਭਾਸ਼ਾ ਵਿੱਚ ਹੁੰਦੇ ਹਨ ਪਰ ਇਥੇ ਉਰਦੂ ਵਿੱਚ ਸੰਵਾਦ ਰਚਾਏ ਜਾਂਦੇ ਹਨ। ਇਸ ਰਾਮਲੀਲ੍ਹਾ ਦਾ ਮੰਚਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਕੀਤਾ ਜਾਂਦਾ ਹੈ।
ਦਸਹਿਰੇ ਤੋਂ ਪਹਿਲਾਂ ਰਾਮਲੀਲ੍ਹਾ ’ਚ ਨਾਟ-ਪਰੰਪਰਾ ਰਾਹੀਂ ਕਲਾਕਾਰ ਸੀਤਾ ਹਰਨ ਤੋਂ ਲੈ ਕੇ ਲੰਕਾ ਦਹਿਨ ਤੱਕ ਦੀ ਕਹਾਣੀ ਪੇਸ਼ ਕਰਦੇ ਹਨ।
ਉੱਤਰੀ ਭਾਰਤ ਵਿੱਚ ਰਾਮਲੀਲ੍ਹਾ ਦੀ ਪ੍ਰਸਿੱਧੀ ਕੁਝ ਵਧੇਰੇ ਹੈ।

ਤਸਵੀਰ ਸਰੋਤ, Mayank Mongia/BBC
ਬਦਲਦੇ ਸਮੇਂ ਦੇ ਨਾਲ-ਨਾਲ ਜਿਥੇ ਹਰ ਭਾਈਚਾਰੇ ਦੇ ਰੀਤੀ-ਰਿਵਾਜ਼ ਬਦਲੇ ਹਨ, ਉੱਥੇ ਹੀ ਰਵਾਇਤੀ ਪਰੰਪਰਾਵਾਂ ਵਿੱਚ ਵੀ ਤਬਦੀਲੀਆਂ ਆਈਆਂ ਹਨ।
ਬਦਲਦੇ ਜ਼ਮਾਨੇ ਦੇ ਨਾਲ-ਨਾਲ ਰਾਮਲੀਲ੍ਹਾ ਵਿੱਚ ਵੀ ਕਲਾਕਾਰ ਕਾਫ਼ੀ ਕੁਝ ਨਵਾਂ ਸ਼ਾਮਲ ਕਰਦੇ ਰਹੇ ਹਨ।
ਪੰਜਾਬ ਭਰ ਵਿੱਚ ਰਾਮਲੀਲ੍ਹਾ ਦਾ ਮੰਚਨ ਪੰਜਾਬੀ ਤੇ ਹਿੰਦੀ ਵਿੱਚ ਕੀਤਾ ਜਾਂਦਾ ਰਿਹਾ ਹੈ ਪਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਰਾਮਲੀਲ੍ਹਾ ਨੂੰ ਉਰਦੂ ਵਿੱਚ ਖੇਡਿਆ ਜਾਂਦਾ ਹੈ।
ਉਹ ਕਿਹੜੇ ਕਲਾਕਾਰ ਹਨ ਜੋ ਉਰਦੂ ਵਿੱਚ ਰਾਮਲੀਲ੍ਹਾ ਕਰਦੇ ਹਨ। ਇਸ ਰਿਪੋਰਟ ਵਿੱਚ ਅਸੀਂ ਰਾਮਲੀਲ੍ਹਾ ਨਾਲ ਜੁੜੇ ਉਰਦੂ ਦੇ ਕਿੱਸੇ ਨੂੰ ਜਾਣਾਂਗਾ।

ਤਸਵੀਰ ਸਰੋਤ, Mayank Mongia/BBC
‘ਲਾਹੌਰ ਦੀ ਰਾਮਲੀਲ੍ਹਾ’
ਕਲਾਕਾਰਾਂ ਦੀਆਂ ਮੰਡਲੀਆਂ ਸਦੀਆਂ ਤੋਂ ਲੋਕ ਨਾਟਕ ਰਾਮਲੀਲ੍ਹਾ ਦਾ ਪ੍ਰਦਰਸ਼ਨ ਕਰਦੀਆਂ ਆ ਰਹੀਆਂ ਹਨ।
ਇਸ ਕਹਾਣੀ ਨੂੰ ਟੈਲੀਵਿਜ਼ਨ ਦੇ ਨਾਲ-ਨਾਲ ਵੱਡੇ ਪਰਦੇ ’ਤੇ ਫਿਲਮਾਂ ਰਾਹੀਂ ਵੀ ਫਿਲਮਾਇਆ ਗਿਆ ਹੈ।
ਦਰਸ਼ਕਾਂ ਵਿੱਚ ਇਸ ਨੂੰ ਲੈ ਕੇ ਖਾਸਾ ਉਤਸ਼ਾਹ ਦਿਖਾਈ ਦਿੰਦਾ ਹੈ।
ਪੰਜਾਬ ਵਿੱਚ ਰਾਮਲੀਲ੍ਹਾ ਦੇ ਪ੍ਰਦਰਸ਼ਨ ਲਈ ਕਸਬੇ ਤੇ ਸ਼ਹਿਰ ਪੱਧਰ ਉੱਤੇ ਰਾਮਲੀਲ੍ਹਾ ਕਮੇਟੀਆਂ ਜਾਂ ਕਲੱਬ ਬਣੇ ਹੋਏ ਹਨ।
ਇਨ੍ਹਾਂ ਕਲੱਬਾਂ ਜਾਂ ਕਮੇਟੀਆਂ ਵੱਲੋਂ ਨਰਾਤਿਆਂ ਦੌਰਾਨ ਰਾਮਲੀਲ੍ਹਾ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸੇਵਾਮੁਕਤ ਸਹਾਇਕ ਰਜਿਸਟਰਾਰ ਰਾਜਨ ਸ਼ਰਮਾ ਦੱਸਦੇ ਹਨ ਕਿ ਉਨ੍ਹਾਂ ਦੇ ਬਜ਼ੁਰਗਾਂ ਮੁਤਾਬਕ 1935ਵਿਆਂ ਦੇ ਸਮਿਆਂ ਦੌਰਾਨ ਲਾਹੌਰ ਵਿੱਚ ਹਰੀ ਨਾਮ ਸੰਗੀਤਕ ਪ੍ਰਚਾਰ ਮੰਡਲ ਸੰਸਥਾ ਗਠਿਤ ਕੀਤੀ ਗਈ ਸੀ।

ਤਸਵੀਰ ਸਰੋਤ, Mayank Mongia/BBC
ਇਹ ਸੰਸਥਾ ਲਾਹੌਰ ਦੇ ਇਲਾਕਿਆਂ ਵਿੱਚ ਜਾ ਕੇ ਵੱਖ-ਵੱਖ ਡਰਾਮੇ ਜਿਵੇਂ, ਵੀਰ ਅਭਿਮੰਨਿਊ, ਦਾਨਵੀਰ ਕਰਨ, ਸ਼ਰਵਨ ਕੁਮਾਰ, ਹਰੀਸ਼ ਚੰਦਰ ਆਦਿ ਖੇਡਦੀ ਸੀ।
ਉਨ੍ਹਾਂ ਦੱਸਿਆ, “ਇਸ ਤੋਂ ਬਾਅਦ ਜਦੋਂ ਪੰਜਾਬ ਯੂਨੀਵਰਸਿਟੀ 1948 ਵਿੱਚ ਸੋਲਨ ’ਚ ਆਈ ਤਾਂ ਇਥੇ ਰਾਮਲੀਲ੍ਹਾ ਸ਼ੁਰੂ ਕੀਤੀ ਗਈ। ਉਸ ਤੋਂ ਬਾਅਦ ਯੂਨੀਵਰਸਿਟੀ ਨੂੰ ਚੰਡੀਗੜ੍ਹ ਵਿੱਚ ਤਬਦੀਲ ਕੀਤਾ ਗਿਆ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਰਾਮਲੀਲ੍ਹਾ ਕਰਵਾਈ ਜਾ ਰਹੀ ਹੈ।”
“ਮੈਂ 1969 ਵਿੱਚ ਇਸ ਮੰਡਲੀ ਨਾਲ ਬਤੌਰ ਬਾਲ ਕਲਾਕਾਰ ਜੁੜਿਆ ਸੀ। ਸਾਨੂੰ ਵੱਖ-ਵੱਖ ਕਿਰਦਾਰ ਕਰਨ ਨੂੰ ਦਿੱਤੇ ਜਾਂਦੇ ਸਨ। 1974 ਤੋਂ ਲੈ ਕੇ 2023 ਤੱਕ ਮੈਂ ਰਾਮਲੀਲ੍ਹਾ ਵਿੱਚ ਰਾਮ ਚੰਦਰ ਦੀ ਭੂਮਿਕਾ ਨਿਭਾਉਂਦਾ ਆਇਆ ਹਾਂ।”

ਉਰਦੂ ਰਾਮਲੀਲ੍ਹਾ ਵਿੱਚ
ਰਾਜਨ ਸ਼ਰਮਾ ਦੱਸਦੇ ਹਨ ਕਿ ਉਨ੍ਹਾਂ ਵੱਲੋਂ ਰਚਾਈ ਜਾਂਦੀ ਰਾਮਲੀਲ੍ਹਾ ਵਿੱਚ ਕਈ ਸੰਵਾਦ ਉਰਦੂ ਵਿੱਚ ਹਨ।
ਉਹ ਕਹਿੰਦੇ ਹਨ ਕਿ ਲਾਹੌਰ ਵਿੱਚ ਖੇਡੀ ਜਾਂਦੀ ਰਾਮਲੀਲ੍ਹਾ ਦੀ ਲਿਖਤ ਦਾ ਭਾਰਤ ਵਿੱਚ ਹਿੰਦੀ ਤਰਜਮਾ ਕੀਤਾ ਗਿਆ ਸੀ।
ਰਾਜਨ ਉਰਦੂ ਦਾ ਉਹ ਸੰਵਾਦ ਸੁਣਾਉਂਦੇ ਹਨ ਜਦੋਂ ਰਾਮਲੀਲ੍ਹਾ ਵਿੱਚ ਰਾਮ ਚੰਦਰ ਸੀਤਾ ਨੂੰ ਜੰਗਲਾਂ ਵਿੱਚ ਲੱਭ ਰਹੇ ਹੁੰਦੇ ਹਨ ਤੇ ਉਨ੍ਹਾਂ ਦੀ ਮੁਲਾਕਾਤ ਮਹਾਰਾਜਾ ਸੁਗਰੀਵ ਨਾਲ ਹੁੰਦੀ ਹੈ।
ਰਾਜਨ 1935 ਵਿੱਚ ਲਿਖੀ ਹੋਈ ਉਰਦੂ ਦੀ ਲਿਖਤ ਦਿਖਾਉਂਦੇ ਹੋਏ ਦੱਸਦੇ ਹਨ ਕਿ ਇਸ ਲਿਖਤ ਨੂੰ ਉਨ੍ਹਾਂ ਦੇ ਪਿਤਾ ਨੇ ਲਿਖਿਆ ਸੀ।
ਉਹ ਕਹਿੰਦੇ ਹਨ ਕਿ ਬਾਅਦ ਵਿੱਚ ਇਸ ਉਰਦੂ ਲਿਖਤ ਦਾ ਹਿੰਦੀ ਵਿੱਚ ਤਰਜਮਾ ਕੀਤਾ ਗਿਆ।
ਰਾਜਨ ਮੁਤਾਬਕ ਇਹ ਲਿਖਤਾਂ ਲਾਹੌਰ ਤੋਂ ਹੀ ਚੱਲਦੀਆਂ ਆ ਰਹੀਆਂ ਹਨ।

ਤਸਵੀਰ ਸਰੋਤ, Mayank Mongia/BBC
ਰਾਮਲੀਲ੍ਹਾ ਦੇ ਮੰਚਨ ਲਈ ਉਗਰਾਹੀ
ਰਾਜਨ ਸ਼ਰਮਾ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਸ਼ੁਰੂਆਤੀ ਦੌਰ ਵਿੱਚ ਇਨ੍ਹਾਂ ਸਮਾਗਮਾਂ ਲਈ ਕਈ ਔਕੜਾਂ ਦਾ ਸਾਹਮਣਾ ਕੀਤਾ ਹੈ।
ਉਹ ਕਹਿੰਦੇ ਹਨ, “ਮੇਰੇ ਪਿਤਾ ਨੇ ਇਸ ਰਾਮਲੀਲ੍ਹਾ ਨੂੰ ਸ਼ੁਰੂ ਕਰਨ ਵਾਸਤੇ ਵਿੱਤੀ ਸੰਕਟ ਦਾ ਕਾਫੀ ਸਾਹਮਣਾ ਕੀਤਾ ਹੈ। ਉਨ੍ਹਾਂ ਨੇ ਇਸ ਦਾ ਸਹੀ ਸੰਚਾਲਨ ਕਰਨ ਲਈ ਪੰਜ ਜਣਿਆਂ ਦਾ ਇੱਕ ਗਰੁੱਪ ਬਣਾਇਆ ਸੀ।"
"ਉਨ੍ਹਾਂ ਦਾ ਕੰਮ ਇਹ ਹੁੰਦਾ ਸੀ ਕਿ ਉਹ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਵਿੱਚ ਰਹਿੰਦੇ ਲੋਕਾਂ ਦੇ ਘਰ-ਘਰ ਜਾ ਕੇ ਉਗਰਾਹੀ ਕਰਨਾ।”
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਪਹਿਲਾਂ ਕਲਾਕਾਰਾਂ ਨੂੰ ਲੈ ਕੇ ਵੀ ਕਈ ਮੁਸ਼ਕਲਾਂ ਆਈਆਂ।
ਉਹ ਕਹਿੰਦੇ ਹਨ ਕਿ ਵਿੱਤੀ ਸੰਕਟ ਦੇ ਨਾਲ-ਨਾਲ ਕਲਾਕਾਰਾਂ ਦੀ ਚੋਣ ਕਰਨੀ, ਉਨ੍ਹਾਂ ਦੀ ਡਰੈੱਸ ਤੇ ਉਨ੍ਹਾਂ ਨੂੰ ਅਭਿਆਸ ਕਰਵਾਉਣਾ ਵੀ ਵੱਡੀ ਚੁਣੌਤੀ ਸੀ।
ਉਹਨਾਂ ਮੁਤਾਕਬਕ ਰਾਮਲੀਲ੍ਹਾ ਦੇ ਦਿਨਾਂ ਵਿੱਚ ਕਲਾਕਾਰਾਂ ’ਤੇ ਖ਼ਾਸ ਪਾਬੰਦੀਆਂ ਲਾਈਆਂ ਜਾਂਦੀਆਂ ਸਨ।
ਰਾਜਨ ਦੱਸਦੇ ਹਨ ,“ਸਾਡੇ ਪਿਤਾ ਰਾਮਲੀਲ੍ਹਾ ਦੌਰਾਨ ਕਲਾਕਾਰਾਂ ਨੂੰ ਖ਼ਾਸ ਹਦਾਇਤ ਦਿੰਦੇ ਸਨ। ਉਹ ਕਹਿੰਦੇ ਸੀ ਕਿ ਕੋਈ ਵਾਹਨ ਨਹੀਂ ਚਲਾਉਣਾ, ਨਾ ਠੰਢੀ ਚੀਜ਼ ਖਾਣੀ ਹੈ ਤੇ ਤੀਜੀ ਸਭ ਤੋਂ ਜ਼ਰੂਰੀ ਜਦੋਂ ਤੱਕ ਰਾਮਲੀਲ੍ਹਾ ਹੈ, ਉਦੋਂ ਤੱਕ ਥੱਲੇ ਹੀ ਸੌਣਾ ਹੈ।”

ਤਸਵੀਰ ਸਰੋਤ, Mayank Mongia/BBC
ਉਰਦੂ ਲਈ ਕਲਾਕਾਰਾਂ ਦਾ ਅਭਿਆਸ
ਵਿਨੀਤ ਮਲਹੋਤਰਾ ਇਕ ਮੈਕਅੱਪ ਆਰਟਿਸਟ ਹਨ ਤੇ ਉਨ੍ਹਾਂ ਨੂੰ ਰਾਮਲੀਲ੍ਹਾ ਨਾਲ ਜੁੜਿਆਂ ਨੂੰ ਕਰੀਬ 41 ਸਾਲ ਹੋ ਚੁੱਕੇ ਹਨ। ਉਹ ਰਾਮਲੀਲ੍ਹਾ ਦੌਰਾਨ ਰਾਮ ਦੀ ਭੂਮਿਕਾ ਨਿਭਾਉਂਦੇ ਹਨ।
ਵਿਨੀਤ ਕਹਿੰਦੇ ਹਨ, “ਸਾਡੀ ਰਾਮਲੀਲ੍ਹਾ ਉਰਦੂ ਵਿੱਚ ਹੋਣ ਕਰ ਕੇ ਵੱਖਰੀ ਹੈ। ਸਾਡੇ ਬਹੁਤ ਸਾਰੇ ਸੰਵਾਦ ਉਰਦੂ ਵਿੱਚ ਹਨ, ਜੋ ਸਾਨੂੰ ਹੋਰਾਂ ਨਾਲੋਂ ਵੱਖਰਾ ਬਣਾਉਂਦੇ ਹਨ। ਇਨ੍ਹਾਂ ਨੂੰ ਬਹੁਤ ਸਰਲ ਭਾਸ਼ਾ ਵਿੱਚ ਲਿਖਿਆ ਹੋਇਆ, ਜਿਸ ਨੂੰ ਹਰ ਕੋਈ ਆਰਾਮ ਨਾਲ ਸਮਝ ਲੈਂਦਾ।”
ਰਾਜਨ ਸ਼ਰਮਾ ਦਾ ਕਹਿਣਾ ਹੈ ਕਿ ਉਰਦੂ ਦੀ ਖ਼ਾਸੀਅਤ ਕਾਰਨ ਹੀ ਵੱਡੀ ਗਿਣਤੀ ਲੋਕ ਉਨ੍ਹਾਂ ਦੀ ਰਾਮਲੀਲ੍ਹਾ ਦੇਖਣ ਆਉਂਦੇ ਹਨ।

ਤਸਵੀਰ ਸਰੋਤ, Mayank Mongia/BBC
ਇੱਕ ਪ੍ਰਾਇਵੇਟ ਬੈਂਕ ਵਿੱਚ ਕੰਮ ਕਰਦੇ ਵਿਕਾਸ ਸ਼ਰਮਾ ਪਿਛਲੇ 25 ਸਾਲਾਂ ਤੋਂ ਇਸ ਰਾਮਲੀਲ੍ਹਾ ਦਾ ਹਿੱਸਾ ਹਨ।
ਉਹ ਅੱਠ-ਨੌਂ ਸਾਲਾਂ ਤੋਂ ਲਕਛਮਣ ਦਾ ਕਿਰਦਾਰ ਨਿਭਾ ਆ ਰਹੇ ਹਨ।
ਵਿਕਾਸ ਦੱਸਦੇ ਹਨ ਕਿ ਨਾਟਕ ਦੀ ਲਿਖਤ ਦਾ ਤਰਜਮਾ ਕਰ ਕੇ ਹੀ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ ਪਰ ਪਹਿਲਾਂ-ਪਹਿਲਾਂ ਥੋੜ੍ਹਾ ਮੁਸ਼ਕਲ ਲੱਗਿਆ ਸੀ।
ਉਹ ਕਹਿੰਦੇ ਹਨ ਕਿ ਇਨ੍ਹਾਂ ਸੰਵਾਦ ਲਈ ਉਨ੍ਹਾਂ ਦਾ ਖ਼ਾਸ ਅਭਿਆਸ ਕਰਵਾਇਆ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਰੀਬ ਡੇਢ ਮਹੀਨਾ ਪਹਿਲਾਂ ਅਭਿਆਸ ਕਰਦੇ ਹਨ ਤੇ ਹੁਣ ਉਨ੍ਹਾਂ ਨੂੰ ਉਰਦੂ ਬੋਲਣ ਵਿੱਚ ਕੋਈ ਖ਼ਾਸ ਪਰੇਸ਼ਾਨੀ ਨਹੀਂ ਆਉਂਦੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












