ਐੱਸਬੀਆਈ ਦੀ ਫਰਜ਼ੀ ਬ੍ਰਾਂਚ ਖੋਲ੍ਹ ਕੇ ਨੌਕਰੀਆਂ ਦਿੱਤੀਆਂ ਗਈਆਂ ਪਰ ਸੱਚ ਕਿਵੇਂ ਸਾਹਮਣੇ ਆਇਆ

ਸਟੇਟ ਬੈਂਕ ਆਫ਼ ਇੰਡੀਆ ਦੇ ਨਾਮ ਉੱਤੇ ਖੋਲ੍ਹੀ ਗਈ ਫਰਜ਼ੀ ਬਰਾਂਚ
ਤਸਵੀਰ ਕੈਪਸ਼ਨ, ਸਟੇਟ ਬੈਂਕ ਆਫ਼ ਇੰਡੀਆ ਦੇ ਨਾਮ ਉੱਤੇ ਖੋਲ੍ਹੀ ਗਈ ਫਰਜ਼ੀ ਬਰਾਂਚ
    • ਲੇਖਕ, ਆਲੋਕ ਪ੍ਰਕਾਸ਼ ਪੁਤੁਲ
    • ਰੋਲ, ਰਾਇਪੁਰ ਤੋਂ ਬੀਬੀਸੀ ਹਿੰਦੀ ਲਈ

ਛੱਤੀਸਗੜ੍ਹ ਦੇ ਬਨਬਰਸ ਪਿੰਡ ਦੀ ਜੋਤੀ ਯਾਦਵ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਪਿਛਲੇ ਇੱਕ ਹਫ਼ਤੇ ਤੋਂ ਉਹ ਜਿਸ ਕਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਛਪੋਰਾ ਸ਼ਾਖਾ ਵਿੱਚ ਨੌਕਰੀ ਕਰ ਰਹੇ ਸਨ, ਉਹ ਕੋਈ ਬੈਂਕ ਨਹੀਂ ਸੀ।

ਸਟੇਟ ਬੈਂਕ ਆਫ਼ ਇੰਡੀਆ ਦੇ ਕੁਝ ਅਧਿਕਾਰੀ ਜਦੋਂ ਪੁਲਿਸ ਨਾਲ ਇਸ ਕਥਿਤ ਬੈਂਕ ਵਿੱਚ ਪਹੁੰਚੇ ਤਾਂ ਜੋਤੀ ਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਅਸਲ ਵਿੱਚ ਇਹ ਕੋਈ ਬੈਂਕ ਹੀ ਨਹੀਂ ਸੀ।

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਲਗਭਗ 200 ਕਿਲੋਮੀਟਰ ਦੂਰ ਸਕਤਿ ਜ਼ਿਲ੍ਹੇ ਵਿੱਚ ਸਥਿਤ ਹੈ ਛਪੋਰਾ ਪਿੰਡ। ਹੁਣ ਪਿੰਡ ਵਾਸੀ ਇਸ ਘਟਨਾ ਤੋਂ ਹੈਰਾਨ ਹਨ।

ਇਸ ਮਾਮਲੇ ਵਿੱਚ ਪੁਲਿਸ ਨੇ ਅਨਿਲ ਭਾਸਕਰ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਨਿਲ ਦੇ ਅੱਠ ਸਹਿਯੋਗੀਆਂ ਦੀ ਤਲਾਸ਼ ਜਾਰੀ ਹੈ।

ਸਤੰਬਰ ਵਿੱਚ ਖੋਲ੍ਹੀ ਗਈ ਐੱਸਬੀਆਈ ਦੀ ਨਕਲੀ ਬ੍ਰਾਂਚ

ਅਜੇ ਅਗਰਵਾਲ
ਤਸਵੀਰ ਕੈਪਸ਼ਨ, ਪਿੰਡ ਵਾਸੀ ਅਜੇ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਬੈਂਕ ਦਾ ਕਿਓਸਕ ਲੈਣ ਲਈ ਅਰਜ਼ੀ ਦਿੱਤੀ ਸੀ

ਪਿਛਲੇ ਪੰਦਰਵਾੜੇ ਦੌਰਾਨ, ਜਦੋਂ ਛਪੋਰਾ ਪਿੰਡ ਵਿੱਚ ਸਟੇਟ ਬੈਂਕ ਆਫ਼ ਇੰਡੀਆ ਦੇ ਨਾਮ ਨਾਲ ਇੱਕ ਨਵੀਂ ਸ਼ਾਖਾ ਖੁੱਲ੍ਹੀ ਤਾਂ ਪਿੰਡ ਵਾਸੀ ਬੜੇ ਖੁਸ਼ ਹੋਏ ਸਨ। ਲੋਕਾਂ ਨੂੰ ਲੱਗਿਆ ਕਿ ਹੁਣ ਬੈਂਕ ਨਾਲ ਜੁੜੇ ਕੰਮ ਕਰਨ ਲਈ ਉਨ੍ਹਾਂ ਨੂੰ ਕਿਤੇ ਹੋਰ ਨਹੀਂ ਜਾਣਾ ਪਵੇਗਾ।

ਲੇਕਿਨ ਇਹ ਖੁਸ਼ੀ ਜ਼ਿਆਦਾ ਦਿਨ ਨਹੀਂ ਟਿਕੀ।

ਪਿਛਲੇ ਹਫ਼ਤੇ ਜਦੋਂ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਪੁਲਿਸ ਦੇ ਨਾਲ ਇਸ ਕਥਿਤ ਬ੍ਰਾਂਚ ਉੱਤੇ ਛਾਪਾ ਮਾਰਿਆ ਤਾਂ ਸਾਰਾ ਭੇਤ ਖੁੱਲ੍ਹਿਆ ਕਿ ਇਹ ਬੈਂਕ ਪੂਰੀ ਤਰ੍ਹਾਂ ਨਕਲੀ ਹੈ। ਇਸਦਾ ਸਟੇਟ ਬੈਂਕ ਤਾਂ ਕੀ, ਕਿਸੇ ਵੀ ਬੈਂਕ ਨਾਲ ਕੋਈ ਲੈਣ-ਦੇਣ ਨਹੀਂ ਹੈ।

ਪਿੰਡ ਵਾਸੀ ਅਜੇ ਅਗਰਵਾਲ ਦੱਸਦੇ ਹਨ ਕਿ ਉਨ੍ਹਾਂ ਨੇ ਸਟੇਟ ਬੈਂਕ ਆਫ਼ ਇੰਡੀਆ ਦੇ ਕਿਓਸਕ ਲਈ ਅਰਜ਼ੀ ਦਿੱਤੀ ਸੀ।

ਸਟੇਟ ਬੈਂਕ ਕਿਓਸਕ, ਕਿਸੇ ਵਿਅਕਤੀ ਜਾਂ ਨਿੱਜੀ ਸੰਸਥਾ ਨੂੰ ਥੋੜ੍ਹੀ ਆਮਦਨੀ ਵਾਲੇ ਵਰਗਾਂ ਨੂੰ ਸੀਮਤ ਬੈਂਕਿੰਗ ਸਹੂਲਤਾਂ ਦੇਣ ਦੀ ਆਗਿਆ ਦਿੰਦਾ ਹੈ।

ਆਮ ਤੌਰ ਉੱਤੇ ਇਹ ਕਿਓਸਕ ਛੋਟੇ ਪਿੰਡ-ਕਸਬੇ ਵਿੱਚ ਖੋਲ੍ਹੇ ਜਾਂਦੇ ਹਨ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕਿਵੇਂ ਹੋਇਆ ਸ਼ੱਕ

ਅਜੇ ਦੱਸਦੇ ਹਨ ਕਿ ਇੱਕ ਦਿਨ ਜਦੋਂ ਉਹਨਾਂ ਨੇ ਪਿੰਡ ਵਿੱਚ ਦੇਖਿਆ ਕਿ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖਾ ਖੁੱਲ੍ਹ ਗਈ ਹੈ ਉਹ ਹੈਰਾਨ ਰਹਿ ਗਏ

ਉਹਨਾਂ ਕਿਹਾ, ''ਮੈਨੂੰ ਲੱਗਿਆ ਕਿ ਭਲਾ ਮੇਰੇ ਪਿੰਡ ਵਿੱਚ ਸਟੇਟ ਬੈਂਕ ਦੀ ਸ਼ਾਖਾ ਖੋਲ੍ਹਣ ਦੀ ਕੀ ਲੋੜ ਪੈ ਗਈ?''

ਪਿੰਡ ਵਾਸੀ ਜਦੋਂ ਸ਼ਾਖਾ ਵਿੱਚ ਗਏ ਤਾਂ ਉੱਥੇ ਉਨ੍ਹਾਂ ਨੂੰ ਕਈ ਕਰਮਚਾਰੀ ਕੰਮ ਕਰਦੇ ਮਿਲੇ।

ਆਧੁਨਿਕ ਸਹੂਲਤਾਂ ਦੇ ਨਾਲ ਅੰਦਰ ਕਈ ਡੈਸਕ ਬਣੇ ਹੋਏ ਸਨ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਇਸ ਬੈਂਕ ਵਿੱਚ ਖਾਤੇ ਖੁਲ੍ਹਵਾਉਣ ਦੀ ਗੱਲ ਆਈ ਤਾਂ ਕਰਮਚਾਰੀਆਂ ਨੇ ਕਿਹਾ ਕਿ ਅਜੇ ਸਰਵਰ ਦਾ ਕੰਮ ਚੱਲ ਰਿਹਾ ਹੈ, ਜਲਦੀ ਹੀ ਖਾਤੇ ਵੀ ਖੋਲ੍ਹੇ ਜਾਣਗੇ।

ਸਟੇਟ ਬੈਂਕ ਆਫ਼ ਇੰਡੀਆ ਦੇ ਨਾਮ ਉੱਤੇ ਖੋਲ੍ਹੀ ਗਈ ਫਰਜ਼ੀ ਬਰਾਂਚ
ਤਸਵੀਰ ਕੈਪਸ਼ਨ, ਸਟੇਟ ਬੈਂਕ ਆਫ਼ ਇੰਡੀਆ ਦੇ ਨਾਮ ਉੱਤੇ ਖੋਲ੍ਹੀ ਗਈ ਫਰਜ਼ੀ ਬਰਾਂਚ

ਇਸੇ ਦੌਰਾਨ ਸਟੇਟ ਬੈਂਕ ਆਫ਼ ਇੰਡੀਆ ਦੇ ਇੱਕ ਫੀਲਡ ਅਫ਼ਸਰ ਚੰਦਰਸ਼ੇਖਰ ਬੋਦਰਾ ਅਤੇ ਅਜੇ ਅਗਰਵਾਲ ਨੇ ਇਸ ਬੈਂਕ ਵਿੱਚ ਕਰਮਚਾਰੀਆਂ ਤੋਂ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਨੂੰ ਕੁਝ ਸ਼ੱਕ ਹੋਇਆ।

ਉਨ੍ਹਾਂ ਨੇ ਜ਼ਿਲ੍ਹੇ ਵਿੱਚ ਸਟੇਟ ਬੈਂਕ ਆਫ਼ ਇੰਡੀਆ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹ ਹੈਰਾਨ ਰਹਿ ਗਏ।

ਅਗਲੇ ਦਿਨ ਜਦੋਂ ਬੈਂਕ ਦੇ ਅਫ਼ਸਰ ਸਥਾਨਕ ਪੁਲਿਸ ਦੇ ਨਾਲ ਇਸ ਕਥਿਤ ਬੈਂਕ ਆਏ ਤਾਂ ਸਾਰੀ ਪੋਲ ਖੁੱਲ੍ਹੀ।

ਲੇਕਿਨ ਉਦੋਂ ਤੱਕ ਬੈਂਕ ਦੇ ਕਥਿਤ ਮੈਨੇਜਰ ਪੰਕਜ ਸਾਹੂ ਫਰਾਰ ਹੋ ਚੁੱਕੇ ਸਨ।

ਸਟੇਟ ਬੈਂਕ ਆਫ਼ ਇੰਡੀਆ
ਤਸਵੀਰ ਕੈਪਸ਼ਨ, ਸ਼ਿਕਾਇਤ ਦੇ ਮੁਤਾਬਕ, ਇਹ ਸ਼ਾਖਾ 18 ਸਤੰਬਰ ਨੂੰ ਖੁੱਲ੍ਹੀ ਹੋਈ ਸੀ, ਇੱਥੇ ਛੇ ਜਣੇ ਕੰਮ ਕਰ ਰਹੇ ਸਨ।

ਬੈਂਕ ਅਧਿਕਾਰੀ ਨੇ ਮਾਮਲਾ ਦਰਜ ਕਰਵਾਇਆ

ਸਟੇਟ ਬੈਂਕ ਆਫ਼ ਇੰਡੀਆ ਦੇ ਕੋਰਬਾ ਦੇ ਖੇਤਰੀ ਦਫ਼ਤਰ ਦੇ ਮੁੱਖ ਪ੍ਰਬੰਧਕ ਜੀਵਾਰਾਮ ਕਾਵੜੇ ਨੇ 27 ਸਤੰਬਰ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ।

ਸ਼ਿਕਾਇਤ ਦੇ ਮੁਤਾਬਕ, ਇਹ ਸ਼ਾਖਾ 18 ਸਤੰਬਰ ਨੂੰ ਖੁੱਲ੍ਹੀ ਹੋਈ ਸੀ, ਇੱਥੇ ਛੇ ਜਣੇ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਨਕਲੀ ਜੁਆਇਨਿੰਗ ਲੈਟਰ ਵੀ ਦਿੱਤੇ ਗਏ ਸਨ।

ਇਸ ਮਾਮਲੇ ਵਿੱਚ ਪੁਲਿਸ ਨੇ ਅਨਿਲ ਭਾਸਕਰ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਮੁਤਾਬਕ ਅਨਿਲ ਭਾਸਕਰ ਨੇ ਬੈਂਕ ਵਿੱਚ ਨੌਕਰੀ ਦੇਣ ਦੇ ਕੁੱਲ 6,60,000 ਰੁਪਏ ਵੱਖ-ਵੱਖ ਯੂਪੀਆਈ ਆਈਡੀ ਨਾਲ ਲਏ।

ਅਨਿਲ ਭਾਸਕਰ ਦੇ ਖਿਲਾਫ਼ ਪਹਿਲਾਂ ਵੀ ਧੋਖਾਧੜੀ ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ।

ਰੇਲਵੇ ਵਿੱਚ ਨੌਕਰੀ ਦੇ ਨਾਮ ਉੱਤੇ ਸਾਢੇ ਸੱਤ ਲੱਖ ਰੁਪਏ ਦੀ ਠੱਗੀ ਦਾ ਮਾਮਲਾ ਬਿਲਾਸਪੁਰ ਜ਼ਿਲ੍ਹੇ ਵਿੱਚ ਮੁਲਜ਼ਮ ਦੇ ਖਿਲਾਫ਼ ਚੱਲ ਰਿਹਾ ਹੈ।

'ਫਰਜ਼ੀ ਬੈਂਕ ਵਿੱਚ ਨੌਕਰੀ ਦੇਣ ਲਈ ਰਿਸ਼ਵਤ ਵੀ ਲਈ ਗਈ'

ਇਸ ਤੋਂ ਇਲਾਵਾ ਨਕਲੀ ਬੈਂਕ ਵਿੱਚ ਨੌਕਰੀ ਕਰਨ ਵਾਲੇ ਕੁਝ ਲੋਕਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਜਿਨ੍ਹਾਂ ਲੋਕਾਂ ਨੂੰ ਇਸ ਕਥਿਤ ਬੈਂਕ ਵਿੱਚ ਨੌਕਰੀ ਦਿੱਤੀ ਗਈ ਸੀ, ਉਨ੍ਹਾਂ ਵਿੱਚੋਂ ਸਾਰੇ ਲੋਕ ਅਜਿਹੇ ਘਰਾਂ ਵਿੱਚੋਂ ਹਨ ਜੋ ਆਰਥਿਕ ਪੱਖੋਂ ਕਮਜ਼ੋਰ ਹਨ। ਇਨ੍ਹਾਂ ਵਿੱਚੋਂ ਕੁਝ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਇਸ ਕਥਿਤ ਨੌਕਰੀ ਦੇ ਬਦਲੇ ਰਿਸ਼ਵਤ ਵੀ ਲਈ ਗਈ ਸੀ।

ਪੁਲਿਸ ਅਧਿਕਾਰੀ
ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ ਇਸ ਕੇਸ ਵਿੱਚ ਅਨਿਲ ਭਾਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ

ਇਸ ਕਥਿਤ ਬੈਂਕ ਵਿੱਚ ਕੰਮ ਕਰਨ ਵਾਲੀ ਜੋਤੀ ਯਾਦਵ ਦੱਸਦੇ ਹਨ ਕਿ ਉਨ੍ਹਾਂ ਦੇ ਇੱਕ ਜਾਨਣ ਵਾਲੇ ਨੇ ਇਸ ਬੈਂਕ ਬਾਰੇ ਜਾਣਕਾਰੀ ਦਿੱਤੀ ਸੀ। ਉਹ ਜਦੋਂ ਇਸ ਬੈਂਕ ਵਿੱਚ ਪਹੁੰਚੇ ਤਾਂ ਉਨ੍ਹਾਂ ਤੋਂ ਆਨ-ਲਾਈਨ ਫਾਰਮ ਭਰਵਾਇਆ ਗਿਆ, ਵਿਦਿਅਕ ਯੋਗਦਾ ਦੇ ਸਰਟੀਫਿਕੇਟ ਅਪਲੋਡ ਕਰਵਾਏ ਗਏ, ਉਂਗਲੀਆਂ ਦੇ ਨਿਸ਼ਾਨ ਲਏ ਗਏ।

ਜੋਤੀ ਮੁਤਾਬਕ, “ਮੈਥੋਂ ਇਸ ਨੌਕਰੀ ਦੇ ਬਦਲੇ ਢਾਈ ਲੱਖ ਰੁਪਏ ਲਏ ਗਏ ਸਨ। ਮੈਨੂੰ ਆਫ਼ਰ ਲੈਟਰ ਵੀ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਨਿਯੁਕਤੀ ਪੱਤਰ ਵੀ। ਮੈਨੂੰ ਕਿਹਾ ਗਿਆ ਸੀ ਕਿ ਛਪੋਰਾ ਸ਼ਾਖਾ ਵਿੱਚ ਨਿਯੁਕਤੀ ਕੀਤੀ ਜਾ ਰਹੀ ਹੈ, ਜਿੱਥੇ ਸਿਖਲਾਈ ਦਿੱਤੀ ਜਾਵੇਗੀ। ਮੈਨੂੰ ਇੱਕ ਵਾਰ ਵੀ ਨਹੀਂ ਲੱਗਿਆ ਕਿ ਮੈਂ ਕਿਸੇ ਫਰਜ਼ੀਵਾੜੇ ਵਿੱਚ ਫਸ ਗਈ ਹਾਂ। ਲੇਕਿਨ ਹੁਣ ਤਾਂ ਸਬ ਬਰਬਾਦ ਹੋ ਗਿਆ।”

ਜੋਤੀ ਯਾਦਵ
ਤਸਵੀਰ ਕੈਪਸ਼ਨ, ਜੋਤੀ ਯਾਦਵ ਨੇ ਕਿਹਾ ਕਿ ਇੱਥੇ ਨੌਕਰੀ ਦੇਣ ਲਈ ਰਿਸ਼ਵਤ ਵੀ ਲਈ ਗਈ ਸੀ

ਕੋਰਬਾ ਜ਼ਿਲ੍ਹੇ ਦੇ ਭਵਰਖੋਲਾ ਪਿੰਡ ਤੋਂ ਸੰਗੀਤਾ ਕੰਵਰ ਨੇ ਦੱਸਿਆ ਕਿ ਉਨ੍ਹਾਂ ਦੇ ਜਾਣਕਾਰ ਨੇ ਸਕਤਿ ਜ਼ਿਲ੍ਹੇ ਦੇ ਛਪੋਰਾ ਵਿੱਚ ਸਟੇਟ ਬੈਂਕ ਆਫ਼ ਇੰਡੀਆ ਵਿੱਚ ਨੌਕਰੀ ਦੀ ਗੱਲ ਕਹੀ ਸੀ। ਉਹ ਜਦੋਂ ਇੱਥੇ ਪਹੁੰਚੇ ਤਾਂ ਉਨ੍ਹਾਂ ਤੋਂ ਪੰਜ ਲੱਖ ਰੁਪਏ ਦੀ ਮੰਗ ਕੀਤੀ ਗਈ।

ਉਨ੍ਹਾਂ ਨੇ ਆਪਣੇ ਗਹਿਣੇ, ਗਹਿਣੇ ਰੱਖ ਕੇ ਇੱਕ ਲੱਖ ਰੁਪਏ ਦਾ ਇੰਤਜ਼ਾਮ ਕੀਤਾ। ਹਰ ਮਹੀਨੇ ਪੰਜ ਫੀਸਦੀ ਦੇ ਵਿਆਜ ਉੱਤੇ ਇੱਕ ਲੱਖ ਰੁਪਏ ਲਏ। ਰਿਸ਼ਤੇਦਾਰਾਂ ਤੋਂ 50 ਹਜ਼ਾਰ ਫੜਿਆ। ਇਸ ਤਰ੍ਹਾਂ ਉਨ੍ਹਾਂ ਨੂੰ ਵੀ ਢਾਈ ਲੱਖ ਰੁਪਏ ਦੇਣ ਤੋਂ ਬਾਅਦ ਕਥਿਤ ਬੈਂਕ ਵਿੱਚ ਨੌਕਰੀ ਮਿਲੀ।

ਇਸ ਨੌਕਰੀ ਲਈ ਉਨ੍ਹਾਂ ਨੂੰ ਪੁਲਿਸ ਵੈਰੀਫਿਕੇਸ਼ਨ ਲਈ ਉਰਗਾ ਥਾਣੇ ਵੀ ਭੇਜਿਆ ਗਿਆ। ਜਿੱਥੇ ਉਨ੍ਹਾਂ ਨੇ ਵੈਰੀਫਿਕੇਸ਼ਨ ਵੀ ਕਰਵਾਈ ਪਰ ਕਿਸੇ ਨੂੰ ਸ਼ੱਕ ਨਹੀਂ ਹੋਇਆ।

ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਿਰਫ਼ ਨੌਕਰੀ ਦੇਣ ਦੇ ਨਾਮ ਉੱਤੇ, ਲੋਕਾਂ ਤੋਂ ਪੈਸੇ ਵਸੂਲਣ ਲਈ, ਇਹ ਬੈਂਕ ਖੋਲ੍ਹਿਆ ਗਿਆ, ਅਜਿਹਾ ਨਹੀਂ ਲਗਦਾ। ਲੇਕਿਨ ਬੈਂਕ ਖੋਲ੍ਹਣ ਦਾ ਅਸਲੀ ਉਦੇਸ਼ ਕੀ ਰਿਹਾ ਹੋਵੇਗਾ, ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)