ਮਹਿਲਾ ਟੀ-20 ਵਿਸ਼ਵ ਕੱਪ: ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾਇਆ, ਪਰ ਫਿਰ ਵੀ ਕਿਸ ਗੱਲੋਂ ਹੋ ਰਹੀ ਅਲੋਚਨਾ

ਪਾਕਿਸਤਾਨ ਦੇ ਫਾਤਿਮਾ ਖ਼ਾਨ ਤੇ ਭਾਰਤ ਵੱਲੋਂ ਹਰਮਨਪ੍ਰਤੀ ਕੌਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਫਾਤਿਮਾ ਖ਼ਾਨ ਤੇ ਭਾਰਤ ਵੱਲੋਂ ਹਰਮਨਪ੍ਰਤੀ ਕੌਰ
    • ਲੇਖਕ, ਮਨੋਜ ਚਤੁਰਵੇਦੀ
    • ਰੋਲ, ਖੇਡ ਪੱਤਰਕਾਰ, ਬੀਬੀਸੀ ਹਿੰਦੀ

ਭਾਰਤ ਨੇ ਆਖਿਰਕਾਰ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਆਪਣੀ ਪਹਿਲੀ ਜਿੱਤ ਹਾਸਲ ਕਰ ਲਈ ਹੈ।

6 ਅਕਤੂਬਰ ਨੂੰ ਦੁਬਈ 'ਚ ਖੇਡੇ ਗਏ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਭਾਰਤ ਦੇ ਗਰੁੱਪ-ਏ ਵਿੱਚ ਦੋ ਅੰਕ ਹੋ ਗਏ ਹਨ ਅਤੇ ਉਹ ਚੌਥੇ ਸਥਾਨ 'ਤੇ ਹੈ।

ਨਿਊਜ਼ੀਲੈਂਡ ਤੋਂ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਰਨ ਰੇਟ -2.90 ਹੋ ਗਿਆ ਸੀ। ਭਾਰਤ ਕੋਲ ਇਸ ਮੈਚ ਵਿੱਚ ਆਪਣੀ ਰਨ ਰੇਟ ਵਿੱਚ ਸੁਧਾਰ ਕਰਨ ਦਾ ਮੌਕਾ ਸੀ।

ਰਨ ਰੇਟ ਨੂੰ ਸਕਾਰਾਤਮਕ ਬਣਾਉਣ ਲਈ ਭਾਰਤ ਨੂੰ 11.2 ਓਵਰਾਂ ਵਿੱਚ 106 ਦੌੜਾਂ ਦਾ ਟੀਚਾ ਹਾਸਲ ਕਰਨ ਦੀ ਲੋੜ ਸੀ।

ਪਰ ਭਾਰਤ ਦੀ ਧੀਮੀ ਖੇਡ ਤੋਂ ਬਾਅਦ ਮਿਲੀ ਜਿੱਤ ਕਾਰਨ ਰਨ ਰੇਟ ਸਿਰਫ -1.217 ਤੱਕ ਪਹੁੰਚ ਸਕਿਆ ਹੈ। ਹੁਣ ਜੇਕਰ ਅੱਗੇ ਜਾ ਕੇ ਰਨ ਰੇਟ ਦੇ ਆਧਾਰ 'ਤੇ ਫੈਸਲਾ ਲਿਆ ਜਾਂਦਾ ਹੈ ਤਾਂ ਭਾਰਤੀ ਟੀਮ ਮੁਸ਼ਕਿਲ ਵਿੱਚ ਪੈ ਸਕਦੀ ਹੈ।

ਹਰਮਨਪ੍ਰੀਤ ਕੌਰ ਨੇ ਖੇਡੀ ਕਪਤਾਨੀ ਪਾਰੀ

ਹਰਮਨਪ੍ਰੀਤ ਕੌਰ ਪਹਿਲੇ ਮੈਚ ਵਾਂਗ ਤੀਜੇ ਨੰਬਰ 'ਤੇ ਖੇਡਣ ਦੀ ਬਜਾਏ ਇਸ ਮੈਚ 'ਚ ਚੌਥੇ ਨੰਬਰ 'ਤੇ ਖੇਡਣ ਆਏ।

ਫਾਤਿਮਾ ਸਨਾ ਵਲੋਂ ਕੀਤੀਆਂ ਗਈਆਂ ਲਗਾਤਾਰ ਦੋ ਗੇਂਦਾਂ 'ਤੇ ਜੇਮਿਮਾ ਰੌਡਰਿਗਜ਼ ਅਤੇ ਰਿਚਾ ਘੋਸ਼ ਦੀਆਂ ਵਿਕਟਾਂ ਜਾਣ ਤੋਂ ਬਾਅਦ, ਹਰਮਨਪ੍ਰੀਤ ਨੇ ਇਕੱਲੇ ਆਪਣੇ ਬੂਤੇ ਉੱਤੇ ਜ਼ਿੰਮੇਵਾਰੀ ਸਾਂਭੀ ਅਤੇ ਟੀਮ ਨੂੰ ਜਿੱਤ ਵੱਲ ਲੈ ਗਏ।

ਹਰਮਨਪ੍ਰੀਤ ਇਕਲੌਤੀ ਭਾਰਤੀ ਬੱਲੇਬਾਜ਼ ਸਨ ਜਿਨ੍ਹਾਂ ਨੇ 100 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ।

ਉਨ੍ਹਾਂ ਨੇ 120.83 ਦੀ ਸਟ੍ਰਾਈਕ ਰੇਟ ਨਾਲ ਖੇਡਦੇ ਹੋਏ 24 ਗੇਂਦਾਂ ਵਿੱਚ 29 ਦੌੜਾਂ ਬਣਾਈਆਂ। ਲੇਕਿਨ ਬਦਕਿਸਮਤੀ ਨਾਲ ਉਹ ਜੇਤੂ ਦੌੜਾਂ ਨਹੀਂ ਬਣਾ ਸਕੇ।

ਜਿੱਤ ਲਈ ਦੋ ਦੌੜਾਂ ਰਹਿੰਦੀਆਂ ਸਨ, ਜਦੋ ਉਹ ਆਫ-ਸਟੰਪ ਦੇ ਬਾਹਰ ਗੇਂਦ ਖੇਡਣ ਦੀ ਕੋਸ਼ਿਸ਼ ਕਰਦੇ ਹੋਏ ਡਿੱਗ ਪਏ ਅਤੇ ਧੌਣ ਦੀ ਸੱਟ ਕਰਕੇ ਉਨ੍ਹਾਂ ਨੂੰ ਬਾਹਰ ਜਾਣਾ ਪਿਆ।

ਉਨ੍ਹਾਂ ਦੀ ਜਗ੍ਹਾ ਸੰਜਨਾ ਆਏ ਤੇ ਚੌਕਾ ਮਾਰ ਕੇ ਜਿੱਤ ਦਵਾ ਦਿੱਤੀ।

ਸ਼੍ਰੇਅੰਕਾ ਤੇ ਅਰੁੰਧਤੀ ਨੇ ਸਲਾਮੀ ਬੱਲੇਬਾਜ਼ ਮੁਨੀਬਾ ਨੂੰ ਸਟੰਪ ਕਰਵਾਇਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼੍ਰੇਅੰਕਾ ਤੇ ਅਰੁੰਧਤੀ ਨੇ ਸਲਾਮੀ ਬੱਲੇਬਾਜ਼ ਮੁਨੀਬਾ ਨੂੰ ਸਟੰਪ ਕਰਵਾਇਆ

ਸ਼੍ਰੇਅੰਕਾ ਅਤੇ ਅਰੁੰਧਤੀ ਨੇ ਪਾਇਆ ਅਸਰ

ਸ਼੍ਰੇਅੰਕਾ ਅਤੇ ਅਰੁੰਧਤੀ ਨੇ ਕ੍ਰਮਵਾਰ ਦੋ ਅਤੇ ਤਿੰਨ ਵਿਕਟਾਂ ਲੈ ਕੇ ਪਾਕਿਸਤਾਨ ਦੀ ਪਾਰੀ ਨੂੰ 105 ਦੌੜਾਂ ਤੱਕ ਸੀਮਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਲੰਬੇ ਕੱਦ ਦੇ ਨਾਲ-ਨਾਲ ਸ਼੍ਰੇਅੰਕਾ ਨੂੰ ਆਪਣੀ ਉੱਚੀ ਬਾਂਹ ਦੇ ਐਕਸ਼ਨ ਕਾਰਨ ਚੰਗਾ ਉਛਾਲ ਮਿਲਦਾ ਹੈ।

ਇਸ ਤੋਂ ਇਲਾਵਾ ਉਹ ਕ੍ਰੀਜ਼ ਦਾ ਵੀ ਬਹੁਤ ਵਧੀਆ ਇਸਤੇਮਾਲ ਕਰਦੇ ਹਨ।

ਉਨ੍ਹਾਂ ਨੇ ਕ੍ਰੀਜ਼ ਦੀ ਚੰਗੀ ਵਰਤੋਂ ਕੀਤੀ ਅਤੇ ਸਲਾਮੀ ਬੱਲੇਬਾਜ਼ ਮੁਨੀਬਾ ਨੂੰ ਸਟੰਪ ਕਰਾਇਆ।

ਉਨ੍ਹਾਂ ਨੇ ਗੇਂਦ ਨੂੰ ਥੋੜ੍ਹਾ ਪਿੱਛੋਂ ਸੁਟਿਆ, ਜਿਸ ਕਾਰਨ ਮੁਨੀਬਾ ਦਾ ਬੱਲਾ ਤੇਜ਼ੀ ਨਾਲ ਚੱਲਿਆ ਅਤੇ ਗੇਂਦ ਵਿਕਟਾਂ ਦੇ ਪਿੱਛੋਂ ਕੈਚ ਹੋ ਗਈ।

ਇਸਨੂੰ ਰਿਚਾ ਘੋਸ਼ ਨੇ ਸ਼ਾਨਦਾਰ ਤਰੀਕੇ ਨਾਲ ਕੈਚ ਕਰ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸ਼੍ਰੇਅੰਕਾ ਨੇ ਚਾਰ ਓਵਰਾਂ ਵਿੱਚ 12 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

ਅਰੁੰਧਤੀ ਰੈੱਡੀ ਨੂੰ ਪਿਛਲੇ ਸਾਲ ਡਬਲਯੂ.ਪੀ.ਐੱਲ. ਵਿੱਚ ਹਾਸਲ ਕੀਤੇ ਤਜ਼ਰਬੇ ਦੀ ਚੰਗੀ ਵਰਤੋਂ ਕਰਦਿਆਂ ਦੇਖਿਆ ਗਿਆ। ਉਨ੍ਹਾਂ ਨੇ ਰੇਣੂਕਾ ਵੱਲੋਂ ਬਣਾਏ ਮਾਹੌਲ ਦਾ ਭਰਭੂਰ ਲਾਹਾ ਚੁੱਕਿਆ।

ਅਰੁੰਧਤੀ ਰੈੱਡੀ ਨੇ ਗੇਂਦਬਾਜ਼ੀ ਕਰਕੇ ਵਿਕਟ 'ਤੇ ਆਪਣਾ ਹਮਲਾ ਜਾਰੀ ਰੱਖਿਆ ਅਤੇ 19 ਦੌੜਾਂ ਬਦਲੇ ਤਿੰਨ ਵਿਕਟਾਂ ਲੈ ਕੇ ਮੈਚ ਵਿੱਚ ਭਾਰਤ ਲਈ ਸਭ ਤੋਂ ਸਫਲ ਗੇਂਦਬਾਜ਼ ਰਹੇ।

ਇਸ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ।

ਸਮ੍ਰਿਤੀ ਮੰਧਾਨਾ ਤੇ ਸ਼ੇਫਾਲੀ ਵਰਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਮ੍ਰਿਤੀ ਮੰਧਾਨਾ ਤੇ ਸ਼ੇਫਾਲੀ ਵਰਮਾ ਨੇ ਓਪਨਿੰਗ ਕੀਤੀ

ਸਮ੍ਰਿਤੀ ਅਤੇ ਸ਼ੈਫਾਲੀ ਵੀ ਰੰਗ 'ਚ ਨਹੀਂ ਸਨ

ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਦੀ ਓਪਨਿੰਗ ਸਾਂਝੇਦਾਰੀ ਨੇ ਭਾਰਤ ਦੀਆਂ ਜ਼ਿਆਦਾਤਰ ਜਿੱਤਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਲੇਕਿਨ ਦੋਵਾਂ ਦੇ ਖੇਡਣ ਦੇ ਅੰਦਾਜ਼ ਤੋਂ ਲੱਗਦਾ ਸੀ ਕਿ ਦੋਵੇਂ ਲੈਅ 'ਚ ਨਹੀਂ ਹਨ। ਹੌਲੀ ਵਿਕਟ ਅਤੇ ਹੌਲੀ ਮੈਦਾਨ ਦੀ ਭੂਮਿਕਾ ਦਾ ਵੀ ਇਸ ਵਿੱਚ ਯੋਗਦਾਨ ਰਿਹਾ।

ਸਮ੍ਰਿਤੀ ਮੰਧਾਨਾ ਤੇਜ਼ ਗੇਂਦਬਾਜ਼ੀ ਦੇ ਖਿਲਾਫ ਵਧੀਆ ਖੇਡਣ ਲਈ ਜਾਣੇ ਜਾਂਦੇ ਹਨ ਪਰ ਉਨ੍ਹਾਂ ਨੂੰ ਹੌਲੀ ਵਿਕਟਾਂ 'ਤੇ ਸਪਿਨਰਾਂ ਦੇ ਖਿਲਾਫ ਖੇਡਣ 'ਚ ਕੁਝ ਮੁਸ਼ਕਿਲਾਂ ਹੁੰਦੀ ਹੈ।

ਪਹਿਲੇ ਮੈਚ ਵਾਂਗ ਇਸ ਮੈਚ ਵਿੱਚ ਵੀ ਉਹ ਸਪਿਨਰ ਦਾ ਸ਼ਿਕਾਰ ਬਣੇ। ਉਹ 16 ਗੇਂਦਾਂ ਵਿੱਚ ਸਿਰਫ਼ ਸੱਤ ਦੌੜਾਂ ਹੀ ਬਣਾ ਸਕੇ।

ਜਿੱਥੋਂ ਤੱਕ ਸ਼ੈਫਾਲੀ ਦਾ ਸਵਾਲ ਹੈ, ਉਹ ਚੌਕੇ ਅਤੇ ਛੱਕੇ ਮਾਰਨ ਲਈ ਮਸ਼ਹੂਰ ਹਨ। ਲੇਕਿਨ ਹੌਲੀ ਵਿਕਟ ਕਾਰਨ ਉਹ ਵੀ ਚੌਕੇ-ਛੱਕੇ ਮਾਰਨ ਲਈ ਸੰਘਰਸ਼ ਕਰ ਰਹੇ ਸਨ।

ਇਸ ਕਾਰਨ ਉਨ੍ਹਾਂ ਦੀ ਪਾਰੀ ਉਮੀਦਾਂ ਮੁਤਾਬਕ ਨਹੀਂ ਚੱਲ ਸਕੀ। ਉਨ੍ਹਾਂ ਨੇ 32 ਦੌੜਾਂ ਦੀ ਪਾਰੀ ਜ਼ਰੂਰ ਖੇਡੀ ਪਰ ਇਸ ਦੇ ਲਈ ਉਨ੍ਹਾਂ ਨੇ 35 ਗੇਂਦਾਂ ਖੇਡੀਆਂ।

ਸੰਜੇ ਮਾਂਜਰੇਕਰ ਦਾ ਕਹਿਣਾ ਹੈ ਕਿ ਭਾਰਤੀ ਟੀਮ ਨੂੰ ਚੌਕੇ-ਛੱਕਿਆਂ 'ਤੇ ਭਰੋਸਾ ਕਰਨ ਦੀ ਬਜਾਏ ਇਕ ਜਾਂ ਦੋ ਦੌੜਾਂ ਲੈ ਕੇ ਸਕੋਰ ਬੋਰਡ ਨੂੰ ਅੱਗੇ ਵਧਾਉਂਦੇ ਰਹਿਣਾ ਸਿੱਖਣਾ ਪਵੇਗਾ।

ਇਸ ਦੇ ਲਈ ਖਿਡਾਰੀਆਂ ਦੀ ਫਿਟਨੈੱਸ ਬਹੁਤ ਮਾਇਨੇ ਰੱਖਦੀ ਹੈ।

ਸ਼ੈਫਾਲੀ ਇਸ ਮਾਮਲੇ 'ਚ ਕਾਫੀ ਨਿਰਾਸ਼ ਕਰਦੇ ਹਨ।

ਰੇਣੁਕਾ ਸਿੰਘ ਵਿਕਟ ਲੈ ਤੋਂ ਬਾਅਦ ਹਵਾ ਵਿੱਚ ਛਲਾਂਗ ਲਾਉਂਦੇ ਹੋਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੇਣੁਕਾ ਸਿੰਘ ਨੇ ਮੈਚ ਵਿੱਚ ਬਿਹਤਰੀਨ ਗੇਂਦਬਾਜ਼ੀ ਕੀਤੀ

ਭਾਰਤ ਨੇ ਪਾਵਰਪਲੇ 'ਚ ਬਿਹਤਰ ਗੇਂਦਬਾਜ਼ੀ ਕੀਤੀ

ਦਰਅਸਲ, ਰੇਣੂਕਾ ਦੀ ਤਾਕਤ ਗੇਂਦ ਨੂੰ ਸਵਿੰਗ ਕਰਨਾ ਹੈ, ਪਰ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ਾਂ ਦੀ ਅੱਗੇ ਖੇਡਣ ਦੀ ਰਣਨੀਤੀ ਕਾਰਨ ਉਸ ਨੂੰ ਗੇਂਦ ਨੂੰ ਸਵਿੰਗ ਕਰਨ ਦਾ ਮੌਕਾ ਨਹੀਂ ਮਿਲਿਆ ।

ਲੇਕਿਨ ਰੇਣੂਕਾ ਨੇ ਪਾਕਿਸਤਾਨ ਦੇ ਖਿਲਾਫ ਚੰਗੀ ਗੇਂਦਬਾਜ਼ੀ ਕੀਤੀ ਅਤੇ ਪਹਿਲੇ ਹੀ ਓਵਰ ਵਿੱਚ ਗੁਲ ਫਿਰੋਜ਼ਾ ਦੀ ਵਿਕਟ ਦੇ ਰੂਪ 'ਚ ਭਾਰਤ ਨੂੰ ਸਫਲਤਾ ਦਿਵਾਈ।

ਰੇਣੁਕਾ ਦੇ ਨਾਲ-ਨਾਲ ਦੀਪਤੀ ਅਤੇ ਅਰੁੰਧਤੀ ਰੈੱਡੀ ਨੇ ਵੀ ਸਖਤ ਗੇਂਦਬਾਜ਼ੀ ਕਰ ਕੇ ਪਾਕਿਸਤਾਨ ਦੇ ਬੱਲੇਬਾਜ਼ਾਂ 'ਤੇ ਦਬਾਅ ਕਾਇਮ ਰੱਖਿਆ।

ਇਸ ਕਾਰਨ ਪਾਕਿਸਤਾਨ ਤੋਂ ਪਾਵਰਪਲੇ ਦੇ ਪਹਿਲੇ ਛੇ ਓਵਰਾਂ ਵਿੱਚ ਦੋ ਵਿਕਟਾਂ ’ਤੇ 29 ਦੌੜਾਂ ਹੀ ਬਣਾ ਹੋਈਆਂ।

ਪਾਕਿਸਤਾਨ ਨੂੰ ਰੋਕਣ ਲਈ ਦੀਪਤੀ ਦੇ ਵਿਕਟ 'ਤੇ ਲਗਾਤਾਰ ਹਮਲਿਆਂ ਨੇ ਵੀ ਦੌੜਾਂ ਬਣਾਉਣੀਆਂ ਮੁਸ਼ਕਿਲ ਕਰ ਦਿੱਤੀਆਂ।

ਓਮੇਮਾ ਸੋਹੇਲ ਲਗਾਤਾਰ ਸਵੀਪ ਸ਼ਾਟ ਖੇਡਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਜਦੋਂ ਗੇਂਦ ਸਿੱਧੀ ਪਈ ਅਤੇ ਉਹ ਐੱਲਬੀਡਬਲਯੂ ਹੋ ਕੇ ਪਵੀਲੀਅਨ ਵਾਪਸ ਚਲੇ ਗਏ।

ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ ਗੇਂਦਬਾਜ਼ੀ ਕਰਦੇ ਹੋਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ

ਫਾਤਿਮਾ ਸਨਾ ਤੋਂ ਮੌਕੇ ਦਾ ਲਾਹਾ ਨਹੀਂ ਲਿਆ ਗਿਆ

ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ ਨੂੰ ਹਮਲਾਵਰ ਕ੍ਰਿਕਟਰ ਵਜੋਂ ਜਾਣਿਆ ਜਾਂਦਾ ਹੈ। ਉਹ ਸ਼੍ਰੀਲੰਕਾ ਦੇ ਖਿਲਾਫ 20 ਗੇਂਦਾਂ ਵਿੱਚ 30 ਦੌੜਾਂ ਦੀ ਪਾਰੀ ਖੇਡ ਕੇ ਆਏ ਸਨ।

ਭਾਰਤ ਦੇ ਖਿਲਾਫ਼ ਉਨ੍ਹਾਂ ਨੂੰ ਪਾਰੀ ਦੀ ਸ਼ੁਰੂਆਤ ਵਿੱਚ ਹੀ ਜੀਵਨ ਦਾਨ ਮਿਲ ਗਿਆ। ਅਰੁੰਧਤੀ ਰੈੱਡੀ ਦੇ ਗੇਂਦ ਉੱਤੇ ਗਲੀ ਵਿੱਚ ਖੜੀ ਆਸ਼ਾ ਸ਼ੋਭਨਾ ਨੇ ਸੌਖਾ ਕੈਚ ਗੁਆ ਦਿੱਤਾ।

ਫਾਤਿਮਾ ਸਨਾ ਨੇ ਇਸ ਜੀਵਨ ਦਾਨ ਦਾ ਜਸ਼ਨ ਅਗਲੇ ਹੀ ਓਵਰ ਦੀਆਂ ਪਹਿਲੀਂ ਪੰਜ ਗੇਂਦਾਂ ਉੱਤੇ ਦੋ ਚੌਕਿਆਂ ਨਾਲ 12 ਦੌੜਾਂ ਬਣਾ ਕੇ ਮਨਾਇਆ।

ਇਹ ਉਹ ਸਮਾਂ ਸੀ ਜਦੋਂ ਸਨਾ ਆਪਣੇ ਹਮਲਾਵਰ ਅੰਦਾਜ਼ ਨਾਲ ਭਾਰਤੀ ਗੇਂਦਬਾਜ਼ਾਂ ਉੱਤੇ ਹਾਵੀ ਹੁੰਦੇ ਨਜ਼ਰ ਆ ਰਹੇ ਸਨ।

ਲੇਕਿਨ ਆਸ਼ਾ ਨੇ ਇਸ ਮੁਸ਼ਕਿਲ ਮੌਕੇ ਉੱਤੇ ਆਪਣੀਆਂ ਧੜਕਣਾਂ ਨੂੰ ਕਾਬੂ ਵਿੱਚ ਰੱਖਿਆ ਅਤੇ ਗੇਂਦ ਨੂੰ ਤੇਜ਼ੀ ਨਾਲ ਲੈੱਗ ਸਪਿੰਨ ਕਰਵਾਇਆ ਅਤੇ ਗੇਂਦ ਬੱਲੇ ਦਾ ਕਿਨਾਰਾ ਲੈ ਕੇ ਪਿੱਛੇ ਗਈ। ਜਿੱਥੇ ਰਿਚਾ ਘੋਸ਼ ਨੇ ਸ਼ਾਨਦਾਰ ਕੈਚ ਫੜ ਕੇ ਸਨਾ ਦੇ ਖ਼ਤਰਾ ਬਣਨ ਦੇ ਇਰਾਦਿਆਂ ਉੱਤੇ ਪਾਣੀ ਫੇਰ ਦਿੱਤਾ।

ਆਸ਼ਾ ਨੇ ਭਾਵੇਂ ਹੀ ਸਨਾ ਨੂੰ ਖ਼ਤਰਾ ਨਾ ਬਣਨ ਦਿੱਤਾ ਪਰ ਇਸ ਤੋਂ ਪਹਿਲਾਂ ਉਹ ਮੁਨੀਬਾ ਦਾ ਵੀ ਬੜਾ ਸੌਖਾ ਕੈਚ ਗੁਆ ਚੁੱਕੇ ਸਨ।

ਕਿਸੇ ਮੈਚ ਵਿੱਚ ਕਿਸੇ ਖਿਡਾਰੀ ਤੋਂ ਦੋ ਕੈਚ ਛੁੱਟ ਜਾਣ ਨੂੰ ਸਹਿਜਤਾ ਨਾਲ ਨਹੀਂ ਲਿਆ ਜਾ ਸਕਦਾ। ਕਈ ਵਾਰ ਗੇਂਦ ਨਾਲ ਚੰਗੀ ਖੇਡ ਦਿਖਾਉਣ ਦਾ ਅਸਰ ਖ਼ਰਾਬ ਕੈਚਿੰਗ ਨਾਲ ਖ਼ਤਮ ਹੋ ਜਾਂਦਾ ਹੈ।

ਕ੍ਰਿਕਟ

ਤਸਵੀਰ ਸਰੋਤ, Getty Images

ਭਾਰਤ ਨੂੰ ਓਵਰ ਰੇਟ ਉੱਤੇ ਧਿਆਨ ਦੇਣ ਦੀ ਲੋੜ

ਭਾਰਤੀ ਟੀਮ ਪ੍ਰੰਬਧਨ ਨੂੰ ਓਵਰ ਰੇਟ ਉੱਤੇ ਕੰਮ ਕਰਨ ਦੀ ਲੋੜ ਹੈ।

ਭਾਰਤ ਨੇ ਲਗਾਤਾਰ ਦੂਜੇ ਮੈਚ ਵਿੱਚ ਤੈਅ ਸਮੇਂ ਤੋਂ ਜ਼ਿਆਦਾ ਸਮਾਂ ਲੈਣ ਕਾਰਨ ਆਖਰੀ ਓਵਰ ਵਿੱਚ ਛੇ ਫੀਲਡਰ ਸਰਕਲ ਦੇ ਅੰਦਰ ਖੜ੍ਹੇ ਕਰਨੇ ਪਏ।

ਇਹ ਸਥਿਤੀ ਉਸ ਸਮੇਂ ਅਜੀਬ ਲਗਦਾ ਹੈ, ਜਦੋਂ ਤੁਹਾਡੇ ਪੰਜ ਗੇਂਦਬਾਜ਼ਾਂ ਵਿੱਚੋਂ ਤਿੰਨ ਸਪਿੰਨਰ ਹਨ। ਇਹ ਸਹੀ ਹੈ ਕਿ ਪਾਕਿਸਤਨ ਦੀ ਟੀਮ ਇਸ ਸਥਿਤੀ ਦਾ ਨਿਊਜ਼ੀਲੈਂਡ ਵਾਂਗ ਫਾਇਦਾ ਨਹੀਂ ਲੈ ਸਕੀ। ਨਿਊਜ਼ੀਲੈਂਡ ਨੇ ਆਖਰੀ ਓਵਰ ਵਿੱਚ 11 ਦੌੜਾਂ ਬਣਈਆਂ ਸਨ। ਪਾਕਿਸਤਾਨ ਨੇ ਆਖਰੀ ਓਵਰ ਵਿੱਚ ਅੱਠ ਰਨ ਹੀ ਬਣਾਏ।

ਭਾਰਤ ਦੇ ਜੇ ਚਾਰ ਫੀਲਡਰ ਆਖਰੀ ਓਵਰ ਵਿੱਚ ਹੁੰਦੇ ਤਾਂ ਆਖਰੀ ਗੇਂਦ ਉੱਤੇ ਲੱਗੇ ਚੌਕੇ ਨੂੰ ਰੋਕਿਆ ਜਾ ਸਕਦਾ ਸੀ।

ਕਈ ਵਾਰ ਕੁਝ ਦੌੜਾਂ ਹੀ ਮੁਸ਼ਕਿਲ ਬਣ ਜਾਂਦੀਆਂ ਹਨ। ਇਸ ਲਈ ਇਸ ਬਾਰੇ ਵਿੱਚ ਸੁਧਾਰ ਕਰਨਾ ਬੇਹੱਦ ਜ਼ਰੂਰੀ ਹੈ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)