ਮਹਿਲਾ ਟੀ-20 ਵਿਸ਼ਵ ਕੱਪ: ਹਰਮਨਪ੍ਰੀਤ ਕੌਰ ਧੋਨੀ ਦਾ ਕਿਹੜਾ ਇਤਿਹਾਸ ਦੁਹਰਾਉਣਾ ਚਾਹੁੰਦੇ ਹਨ, ਅੱਜ ਭਾਰਤ-ਪਾਕਿਸਤਾਨ ਦਾ ਮੁਕਾਬਲਾ

ਮਹਿਲਾ ਟੀ-20 ਵਿਸ਼ਵ ਕੱਪ

ਤਸਵੀਰ ਸਰੋਤ, ANI

ਕ੍ਰਿਕਟ ਵਿੱਚ ਹਮੇਸ਼ਾ ਰੌਚਕ ਮੁਕਾਬਲਿਆਂ ਦਾ ਗਵਾਹ ਬਣਨ ਵਾਲੇ ਭਾਰਤ ਅਤੇ ਪਾਕਿਸਤਾਨ ਦੀਆਂ ਮਹਿਲਾ ਟੀਮਾਂ ਅੱਜ ਟੀ-20 ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਆਹਮੋ-ਸਾਹਮਣੇ ਹੋਈਆਂ।

ਹਰਮਨਪ੍ਰੀਤ ਕੌਰ ਦੀ ਅਗਵਾਈ 'ਚ ਭਾਰਤੀ ਟੀਮ ਨੂੰ ਸ਼ੁੱਕਰਵਾਰ ਤੋਂ ਦੱਖਣੀ ਅਫਰੀਕਾ 'ਚ ਸ਼ੁਰੂ ਹੋਏ ਮਹਿਲਾ ਟੀ-20 ਵਿਸ਼ਵ ਕੱਪ 'ਚ ਟਰਾਫੀ ਜਿੱਤਣ ਦੀ ਉਮੀਦ ਹੈ।

ਜਿੱਥੇ ਇੰਗਲੈਂਡ ਅਤੇ ਆਸਟਰੇਲੀਆ ਇਸ ਟਰਾਫੀ ਦੇ ਵੱਡੇ ਦਾਅਵੇਦਾਰ ਹਨ, ਉਥੇ ਭਾਰਤੀ ਮਹਿਲਾ ਟੀਮ ਵੀ ਇਸ ਦੌੜ ਵਿੱਚ ਮੌਜੂਦ ਹੈ।

ਟੂਰਨਾਮੈਂਟ ਦਾ ਫਾਈਨਲ 26 ਨੂੰ ਕੇਪਟਾਊਨ ਵਿੱਚ ਖੇਡਿਆ ਜਾਣਾ ਹੈ।

ਭਾਰਤ ਅਤੇ ਪਾਕਿਸਤਾਨ ਵਿਚਕਾਰ ਪਿਛਲੇ 14 ਸਾਲਾਂ ਵਿੱਚ 13 ਮਹਿਲਾ ਟੀ-20 ਅੰਤਰਰਾਸ਼ਟਰੀ ਮੈਚ ਹੋਏ ਹਨ।

ਇਹਨਾਂ ਵਿੱਚ ਭਾਰਤ ਨੇ 10-3 ਨਾਲ ਜਿੱਤ ਦਰਜ ਕੀਤੀ ਹੈ।

ਔਰਤਾਂ ਦਾ ਟੀ-20 ਵਿਸ਼ਵ ਕੱਪ ਕਿੱਥੇ ਹੋ ਰਿਹਾ ਹੈ

ਮਹਿਲਾ ਟੀ-20 ਵਿਸ਼ਵ ਕੱਪ

ਤਸਵੀਰ ਸਰੋਤ, JAN KRUGER-ICC

ਤਸਵੀਰ ਕੈਪਸ਼ਨ, ਅੰਡਰ - 19 ਵਿਸ਼ਵ ਕੱਪ ਨੂੰ ਆਪਣੀ ਕਪਤਾਨੀ ਵਿੱਚ ਭਾਰਤ ਨੂੰ ਜਿਤਾਉਣ ਵਾਲੀ ਸ਼ਿਫਾਲੀ ਵਰਮਾ ਸੀਨੀਅਰਜ਼ ਦੀ ਟੀਮ ਦਾ ਵੀ ਹਿੱਸਾ ਹਨ

ਔਰਤਾਂ ਦਾ ਟੀ-20 ਵਿਸ਼ਵ ਕੱਪ ਦੱਖਣੀ ਅਫ਼ਰੀਕਾ ਵਿੱਚ ਹੋ ਰਿਹਾ ਹੈ।

ਵਿਸ਼ਵ ਕੱਪ ਦੇ ਜ਼ਿਆਦਾਤਰ ਮੈਚ, ਸੈਮੀ ਫਾਈਨਲ ਤੇ ਫਾਈਨਲ ਕੈਪਟਾਊਨ ਦੇ ਨਿਊਲੈਂਡਜ਼ ਕ੍ਰਿਕਟ ਗਰਾਊਂਡ ਵਿੱਚ ਖੇਡੇ ਜਾਣਗੇ।

ਪਾਲ ਸ਼ਹਿਰ ਵਿੱਚ ਵੀ ਕੁਝ ਮੈਚ ਖੇਡੇ ਜਾਣਗੇ।

ਇਸ ਦੇ ਨਾਲ ਹੀ ਪਹਿਲਾਂ ਪੋਰਟ ਆਫ ਐਲਿਜ਼ਾਬੈਥ ਦੇ ਨਾਂ ਨਾਲ ਜਾਣੇ ਜਾਂਦੇ ਗੇਅਬੇਹਾ ਵਿੱਚ ਵੀ ਮੈਚ ਹੋਣਗੇ।

ਅਹਿਮ ਮੁਕਾਬਲੇ ਕਦੋਂ

ਮਹਿਲਾ ਟੀ-20 ਵਿਸ਼ਵ ਕੱਪ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਭਾਰਤ ਦੇ ਨਾਲ ਗਰੁੱਪ ਬੀ ਵਿੱਚ ਪਾਕਿਸਤਾਨ, ਵੈਸਟ ਇੰਡੀਜ਼, ਇੰਗਲੈਂਡ ਤੇ ਆਇਰਲੈਂਡ ਹਨ।

ਇਸ ਵਿਸ਼ਵ ਕੱਪ ਵਿੱਚ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ।

ਗਰੁੱਪ ਏ ਵਿੱਚ ਆਸਟਰੇਲੀਆ, ਨਿਊਜ਼ੀਲੈਂਡ, ਦੱਖਣੀ ਅਫ਼ਰੀਕਾ, ਸ਼੍ਰੀਲੰਕਾ, ਬੰਗਲਾਦੇਸ਼ ਹਨ। ਭਾਰਤ ਗਰੁੱਪ ਬੀ ਵਿੱਚ ਹੈ।

ਭਾਰਤ ਦੇ ਨਾਲ ਗਰੁੱਪ ਬੀ ਵਿੱਚ ਪਾਕਿਸਤਾਨ, ਵੈਸਟ ਇੰਡੀਜ਼, ਇੰਗਲੈਂਡ ਤੇ ਆਇਰਲੈਂਡ ਹਨ। ਹਰ ਟੀਮ ਗਰੁੱਪ ਦੀਆਂ ਬਾਕੀਆਂ ਚਾਰ ਟੀਮਾਂ ਨਾਲ ਇੱਕ-ਇੱਕ ਮੈਚ ਖੇਡੇਗੀ।

ਬੀਬੀਸੀ

ਟੀ-20 ਵਿਸ਼ਵ ਕੱਪ ਬਾਰੇ ਖ਼ਾਸ ਗੱਲਾਂ

  • ਦੱਖਣੀ ਅਫ਼ਰੀਕਾ ਵਿੱਚ 10 ਫਰਵਰੀ ਤੋਂ ਟੀ-20 ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ।
  • ਭਾਰਤ ਦੀ ਕਪਤਾਨੀ ਹਰਮਨਪ੍ਰੀਤ ਕੌਰ ਕਰ ਰਹੇ ਹਨ।
  • ਟੀ-20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਫਰਵਰੀ 26 ਨੂੰ ਖੇਡਿਆ ਜਾਵੇਗਾ।
  • ਟੀ-20 ਵਿਸ਼ਵ ਕੱਪ ਵਿੱਚ 10 ਟੀਮਾਂ ਹਿੱਸਾ ਲੈ ਰਹੀਆਂ ਹਨ।
ਬੀਬੀਸੀ

ਦੋਵੇਂ ਗਰੁੱਪਾਂ ਤੋਂ ਦੋ-ਦੋ ਟਾਪ ਟੀਮਾਂ ਅੱਗੇ ਸੈਮੀਫਾਇਨਲ ਲਈ ਜਾਣਗੀਆਂ। ਸੈਮੀਫਾਈਨਲ ਮੈਚ 23 ਤੇ 24 ਫਰਵਰੀ ਨੂੰ ਖੇਡੇ ਜਾਣਗੇ। ਫਾਇਨਲ ਮੈਚ 26 ਫਰਵਰੀ ਨੂੰ ਖੇਡਿਆ ਜਾਵੇਗਾ।

27 ਫਰਵਰੀ ਨੂੰ ਫਾਈਨਲ ਲਈ ਰਿਜ਼ਰਵ ਰੱਖਿਆ ਗਿਆ ਹੈ। ਦੱਖਣੀ ਅਫ਼ਰੀਕਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ ਇਸ ਲਈ ਉਹ ਤਾਂ ਵਿਸ਼ਵ ਕੱਪ ਲਈ ਟਾਪ 7 ਟੀਮਾਂ ਦੇ ਨਾਲ ਸਿੱਧਾ ਕੁਆਲੀਫਾਈ ਹੋ ਗਿਆ ਸੀ।

ਬਾਕੀ ਦੋ ਥਾਵਾਂ ਲਈ 37 ਟੀਮਾਂ ਨੇ ਕੁਆਲੀਫਾਈਂਗ ਮੁਕਾਬਲੇ ਖੇਡੇ ਸੀ। ਇਨ੍ਹਾਂ ਵਿੱਚੋਂ ਬੰਗਲਾਦੇਸ਼ ਤੇ ਆਇਰਲੈਂਡ ਵਿਸ਼ਵ ਕੱਪ ਵਿੱਚ ਆਪਣੀ ਥਾਂ ਬਣਾਉਣ ਵਿੱਚ ਸਫ਼ਲ ਹੋਏ।

ਭਾਰਤ ਦੇ ਮੈਚ ਕਦੋਂ-ਕਦੋਂ ਹਨ

ਭਾਰਤ ਦਾ ਪਹਿਲਾ ਮੁਕਾਬਲਾ ਪਾਕਿਸਤਾਨ ਦੇ ਨਾਲ 12 ਫਰਵਰੀ ਨੂੰ ਹੋਇਆ। ਭਾਰਤ ਦਾ ਦੂਜਾ ਮੁਕਾਬਲਾ 15 ਫਰਵਰੀ ਨੂੰ ਵੈਸਟ ਇੰਡੀਜ਼ ਨਾਲ ਹੈ।

18 ਫਰਵਰੀ ਨੂੰ ਭਾਰਤ ਦਾ ਤੀਜਾ ਮੁਕਾਬਲਾ ਇੰਗਲੈਂਡ ਦੇ ਨਾਲ ਹੈ। ਗੁਰੱਪ ਸਟੇਜ ਵਿੱਚ ਭਾਰਤ ਦਾ ਚੌਥਾ ਤੇ ਆਖਰੀ ਮੁਕਾਬਲਾ ਆਇਰਲੈਂਡ ਨਾਲ ਹੈ।

ਮਹਿਲਾ ਟੀ-20 ਵਿਸ਼ਵ ਕੱਪ

ਤਸਵੀਰ ਸਰੋਤ, ANI

ਹਰਮਨਪ੍ਰੀਤ ਭਾਰਤ ਦੀ ਜਿੱਤ ਦੀ ਉਮੀਦਾਂ ਬਾਰੇ ਕੀ ਕਹਿੰਦੇ

ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੱਖਣੀ ਅਫ਼ਰੀਕਾ ਵਿੱਚ ਮਹਿੰਦਰ ਸਿੰਘ ਧੋਨੀ ਵਰਗੀ ਕਾਮਯਾਬੀ ਹਾਸਲ ਕਰਨ ਦਾ ਇਰਾਦਾ ਰੱਖਦੇ ਹਨ।

ਆਈਸੀਸੀ ਨਾਲ ਗੱਲਬਾਤ ਕਰਦਿਆਂ ਹਰਮਨਪ੍ਰੀਤ ਨੇ ਕਿਹਾ, "ਦੱਖਣੀ ਅਫ਼ਰੀਕਾ ਵਿੱਚ ਭਾਰਤੀ ਫੈਨਜ਼ ਲਈ ਕਈ ਚੰਗੀਆਂ ਯਾਦਾਂ ਹਨ। ਮੈਨੂੰ ਉਮੀਦ ਹੈ ਕਿ ਅਸੀਂ ਉਨ੍ਹਾਂ ਲਈ ਹੋਰ ਖੁਸ਼ੀ ਲੈ ਕੇ ਆਵਾਂਗੇ।"

"ਸਾਲ 2003 ਵਿੱਚ ਸਾਡੀ ਮਰਦਾਂ ਦੀ ਟੀਮ 2003 ਦੇ 50 ਓਵਰਾਂ ਦੇ ਵਿਸ਼ਵ ਕੱਪ ਦੇ ਫਾਇਨਲ ਤੱਕ ਪਹੁੰਚੀ ਸੀ। 2005 ਵਿੱਚ ਔਰਤਾਂ ਦੀ ਟੀਮ ਵੀ ਫਾਈਨਲ ਵਿੱਚ ਪਹੁੰਚੀ ਸੀ।"

"ਮਹਿੰਦਰ ਸਿੰਘ ਧੋਨੀ ਨੇ ਇੱਕ ਕਦਮ ਅੱਗੇ ਜਾਂਦੇ ਹੋਏ ਦੱਖਣੀ ਅਫਰੀਕਾ ਦੀ ਧਰਤੀ ਉੱਤੇ 2007 ਵਿੱਚ ਟੀ-20 ਵਿਸ਼ਵ ਕੱਪ ਜਿੱਤਿਆ ਸੀ।"

"ਇਹ ਤਾਂ ਵਕਤ ਦੱਸੇਗਾ ਕਿ ਕੀ ਅਸੀਂ ਇਤਿਹਾਸ ਨੂੰ ਦੋਹਰਾਉਣ ਵਿੱਚ ਕਾਮਯਾਬ ਹੋ ਸਕਾਂਗੇ ਪਰ ਹਾਂ ਸਾਡਾ ਟੀਚਾ ਵਿਸ਼ਵ ਕੱਪ ਜਿੱਤਣਾ ਹੀ ਹੈ।"

ਪਾਕਿਸਤਾਨ ਅਤੇ ਭਾਰਤ ਦੀਆਂ ਟੀਮਾਂ ਵਿੱਚ ਪੰਜਾਬਣਾ ਬਾਰੇ ਜਾਣੋ

ਬਿਸਮਾ ਮਾਰੂਫ਼

ਪਾਕਿਸਤਾਨ ਦੀ ਕਪਤਾਨ ਬਿਸਮਾ ਟੀਮ ਦੀ ਸਭ ਤੋਂ ਤਜਰਬੇਗਾਰ ਖਿਡਾਰਨ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਦੀ ਕਪਤਾਨ ਬਿਸਮਾ ਟੀਮ ਦੀ ਸਭ ਤੋਂ ਤਜਰਬੇਗਾਰ ਖਿਡਾਰਨ ਹਨ

ਪਾਕਿਸਤਾਨ ਦੀ 16 ਮੈਂਬਰੀ ਟੀਮ ਵਿੱਚ ਅੱਧੀਆਂ ਖਿਡਾਰਨਾਂ ਪੰਜਾਬ ਤੋਂ ਹਨ। ਪਾਕਿਸਤਾਨ ਦੀ ਕਪਤਾਨ ਬਿਸਮਾ ਮਾਰੂਫ ਵੀ ਪਾਕਿਸਤਾਨੀ ਪੰਜਾਬ ਤੋਂ ਸਬੰਧ ਰੱਖਦੇ ਹਨ।

ਬਿਸਮਾ ਪੂਰੀ ਟੀਮ ਵਿੱਚ ਸਭ ਤੋਂ ਤਜਰਬੇ ਵਾਲੀ ਖਿਡਾਰਨ ਹਨ। ਉਹ ਲਾਹੌਰ ਤੋਂ ਸਬੰਧ ਰੱਖਦੇ ਹਨ। ਉਨ੍ਹਾਂ ਨੇ ਆਪਣਾ ਪਹਿਲਾ ਮੈਚ ਸਾਲ 2006 ਵਿੱਚ ਭਾਰਤ ਖਿਲਾਫ਼ ਜੈਪੁਰ ਵਿੱਚ ਖੇਡਿਆ ਸੀ।

ਉਹ ਇੱਕ ਆਲਰਾਊਂਡਰ ਹਨ ਤੇ ਤੀਜੇ ਨੰਬਰ ਉੱਤੇ ਬੱਲੇਬਾਜ਼ੀ ਕਰਦੇ ਹਨ। ਉਹ ਪਾਰੀ ਨੂੰ ਸਾਂਭਣ ਲਈ ਜਾਣੇ ਜਾਂਦੇ ਹਨ।

ਪਿਛਲੇ ਸਾਲ ਬਿਸਮਾ ਉਸ ਵੇਲੇ ਚਰਚਾ ਵਿੱਚ ਆਏ ਸਨ ਜਦੋਂ ਉਹ ਆਪਣੀ ਮੈਟਰਨਿਟੀ ਲੀਵ ਤੋਂ ਫੌਰਨ ਬਾਅਦ ਵਨਡੇਅ ਵਰਲਡ ਕੱਪ ਖੇਡਣ ਆਏ ਸਨ।

ਉਹ ਆਪਣੀ ਨਵਜੰਮੀ ਬੱਚੀ ਨਾਲ ਵਿਸ਼ਵ ਕੱਪ ਖੇਡਣ ਆਏ ਸੀ। ਵਿਸ਼ਵ ਕੱਪ ਵਿੱਚ ਉਨ੍ਹਾਂ ਵੱਲੋਂ ਇੱਕ ਮਾਂ ਤੇ ਇੱਕ ਕ੍ਰਿਕਟਰ ਵਜੋਂ ਰੋਲ ਨਿਭਾਉਣ ਦੀ ਮੀਡੀਆ ਵਿੱਚ ਕਾਫ਼ੀ ਚਰਚਾ ਹੋਈ ਸੀ।

ਪਾਕਿਸਤਾਨ ਵਿੱਚ ਵੀ ਬਿਸਮਾ ਦੀ ਕਾਫੀ ਤਾਰੀਫ਼ ਹੋਈ ਸੀ ਕਿ ਉਨ੍ਹਾਂ ਨੇ ਕਿਵੇਂ ਖਿਡਾਰਨਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ।

ਨਿਦਾ ਡਾਰ

ਨਿਦਾ ਡਾਰ

ਤਸਵੀਰ ਸਰੋਤ, Getty Images

ਨਿਦਾ ਡਾਰ ਪਾਕਿਸਤਾਨ ਟੀਮ ਦੀ ਇੱਕ ਹੋਰ ਸੀਨੀਅਰ ਖਿਡਾਰਨ ਹਨ। ਉਨ੍ਹਾਂ ਨੇ ਆਪਣਾ ਪਹਿਲਾ ਮੈਚ ਸਾਲ 2010 ਵਿੱਚ ਖੇਡਿਆ ਸੀ।

ਉਹ ਗੁੱਜਰਾਂਵਾਲਾ ਤੋਂ ਸਬੰਧ ਰੱਖਦੇ ਹਨ। ਟੀਮ ਵਿੱਚ ਉਹ ਇੱਕ ਬੌਲਿੰਗ ਆਲਰਾਊਂਡਰ ਦੀ ਭੂਮਿਕਾ ਵਿੱਚ ਹਨ।

ਉਹ ਦੁਨੀਆਂ ਵਿੱਚ ਟੀ20ਆਈ ਵਿੱਚ ਵਿਕਟਾਂ ਲੈਣ ਵਿੱਚ ਦੂਜੇ ਨੰਬਰ ਉੱਤੇ ਹਨ।

ਉਨ੍ਹਾਂ ਨੂੰ ਪੰਜ ਵਿਕਟਾਂ ਹੋਰ ਚਾਹੀਦੀਆਂ ਹਨ ਜਿਸ ਨਾਲ ਉਹ ਦੁਨੀਆਂ ਵਿੱਚ ਟੀ-20 ਦੇ ਕੌਮਾਂਤਰੀ ਮੈਚਾਂ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਖਿਡਾਰਨ ਬਣ ਜਾਣਗੇ।

ਨਿਦਾ ਡਾਰ ਨੇ ਹਾਲ ਹੀ ਵਿੱਚ ਆਸਟਰੇਲੀਆ ਵਿੱਚ ਪਾਕਿਸਤਾਨੀ ਟੀਮ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਕਿਹਾ ਸੀ ਕਿ ਟੀਮ ਨੂੰ ਜ਼ਿਆਦਾ ਕੌਮਾਂਤਰੀ ਮੈਚ ਖੇਡਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਸੀ ਕਿ ਜੇ ਟੀਮ ਦੂਜੀਆਂ ਮਜ਼ਬੂਤ ਟੀਮਾਂ ਨਾਲ ਜ਼ਿਆਦਾ ਮੈਚ ਖੇਡੇਗੀ ਤਾਂ ਹੀ ਉਹ ਉਨ੍ਹਾਂ ਨੂੰ ਟੱਕਰ ਦੇ ਸਕਦੀ ਹੈ।

ਆਲੀਆ ਰਿਆਜ਼

ਆਲੀਆ ਰਿਆਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਲੀਆ ਰਿਆਜ਼

ਆਲੀਆ ਰਿਆਜ਼ ਇੱਕ ਬੈਟਿੰਗ ਆਲਰਾਊਂਡਰ ਹਨ ਤੇ ਉਨ੍ਹਾਂ ਦਾ ਜਨਮ ਰਾਵਲਪਿੰਡੀ ਵਿੱਚ ਹੋਇਆ ਹੈ। ਟੀ-20 ਵਿਸ਼ਵ ਕੱਪ ਦੇ ਪ੍ਰੈਕਟਿਸ ਮੈਚ ਵਿੱਚ ਉਨ੍ਹਾਂ ਨੇ ਦੱਖਣੀ ਅਫ਼ਰੀਕਾ ਦੇ ਖਿਲਾਫ਼ 48 ਦੌੜਾਂ ਬਣਾਈਆਂ ਸਨ।

ਏਸ਼ੀਆ ਕੱਪ ਵਿੱਚ ਵੀ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਸੀ ਜਿੱਥੇ ਪਾਕਿਸਤਾਨ ਸੈਮੀ ਫਾਈਨਲਜ਼ ਤੱਕ ਪਹੁੰਚਿਆ ਸੀ। ਏਸ਼ੀਆ ਕੱਪ ਦੀ ਜੇਤੂ ਭਾਰਤੀ ਟੀਮ ਰਹੀ ਸੀ।

ਭਾਵੇਂ ਉਹ ਇੱਕ ਹਰਫ਼ਨਮੌਲਾ ਖਿਡਾਰੀ ਦੇ ਰੂਪ ਵਿੱਚ ਹਨ ਪਰ ਸਾਲ 2022 ਵਿੱਚ ਉਨ੍ਹਾਂ ਨੇ ਪਾਕਿਸਤਾਨ ਲਈ ਗੇਂਦਬਾਜ਼ੀ ਨਹੀਂ ਕੀਤੀ ਹੈ।

ਇਸ ਗੱਲ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਵਿਸ਼ਵ ਕੱਪ ਵਿੱਚ ਉਹ ਪਾਕਿਸਤਾਨ ਦੀ ਜਿੱਤ ਵਿੱਚ ਗੇਂਦਬਾਜ਼ੀ ਰਾਹੀਂ ਵੀ ਯੋਗਦਾਨ ਪਾਉਣਗੇ।

ਸਿਦਰਾ ਅਮੀਨ

ਸਿਦਰਾ ਅਮੀਨ

ਤਸਵੀਰ ਸਰੋਤ, Getty Images

ਲਾਹੌਰ ਤੋਂ ਇੱਕ ਹੋਰ ਖਿਡਾਰਨ ਇਸ ਵੇਲੇ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਦਾ ਹਿੱਸਾ ਹਨ। ਉਨ੍ਹਾਂ ਦਾ ਨਾਂ ਹੈ ਸਿਦਰਾ ਅਮੀਨ। ਬੀਤੇ ਕੁਝ ਵਕਤ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਕੁਝ ਖ਼ਾਸ ਨਹੀਂ ਰਿਹਾ ਹੈ।

ਉਨ੍ਹਾਂ ਦੀਆਂ ਪਿਛਲੀਆਂ 8 ਪਾਰੀਆਂ ਵਿੱਚ ਉਨ੍ਹਾਂ ਦਾ ਔਸਤ ਕੇਵਲ 23 ਰਿਹਾ ਹੈ। ਹੁਣ ਇਹ ਵੇਖਣਾ ਹੋਵੇਗਾ ਕਿ ਉਹ ਦੱਖਣੀ ਅਫ਼ਰੀਕਾ ਦੀਆਂ ਤੇਜ਼ ਪਿੱਚਾਂ ਉੱਤੇ ਦੁਨੀਆ ਦੇ ਤੇਜ਼ ਮਹਿਲਾ ਗੇਂਦਬਾਜ਼ਾਂ ਦਾ ਸਾਹਮਣਾ ਕਿਵੇਂ ਕਰਦੇ ਹਨ।

ਉਹ ਟੀ20 ਦੇ ਫਾਰਮੈਟ ਵਿੱਚ ਸੰਘਰਸ਼ ਕਰ ਰਹੇ ਹਨ। ਜੇ ਭਾਰਤ ਖਿਲਾਫ਼ ਸਖ਼ਤ ਤੇ ਦਬਾਅ ਨਾਲ ਭਰੇ ਮੁਕਾਬਲੇ ਵਿੱਚ ਚੰਗਾ ਪ੍ਰਦਸ਼ਨ ਦਿਖਾਉਣਾ ਹੈ ਤਾਂ ਉਨ੍ਹਾਂ ਨੂੰ ਇੱਕ ਜ਼ਬਰਦਸਤ ਪ੍ਰਦਰਸ਼ਨ ਦਿਖਾਉਣ ਦੀ ਲੋੜ ਹੈ।

ਸਾਦੀਆ ਇਕਬਾਲ

ਸਾਦੀਆ ਇਕਬਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਦੀਆ ਇਕਬਾਲ

ਸਾਦੀਆ ਇਕਬਾਲ ਖੱਬੇ ਹੱਥੇ ਦੀ ਫਿਰਕੀ ਗੇਂਦਬਾਜ਼ ਹਨ। ਉਨ੍ਹਾਂ ਨੇ ਸਾਲ 2019 ਵਿੱਚ ਪਾਕਿਸਤਾਨ ਲਈ ਖੇਡਣਾ ਸ਼ੁਰੂ ਕੀਤਾ ਸੀ।

ਸਾਦੀਆ ਪਾਕਿਸਤਾਨ ਦੇ ਪੰਜਾਬ ਸੂਬੇ ਮੁਹੰਮਦਾਬਾਦ ਤੋਂ ਆਉਂਦੇ ਹਨ।

ਸਾਲ 2022 ਵਿੱਚ ਪਾਕਿਸਤਾਨੀ ਗੇਂਦਬਾਜ਼ਾਂ ਵਿੱਚੋਂ ਸਾਦੀਆ ਇਕਬਾਲ ਸਭ ਤੋਂ ਵੱਧ ਕਫਾਇਤੀ ਸਾਬਿਤ ਹੋਏ ਹਨ, ਖ਼ਾਸਕਰ ਪਾਵਰਪਲੇਜ਼ ਵਿੱਚ। ਬੀਤੀਆਂ 13 ਪਾਰੀਆਂ ਵਿੱਚ ਉਨ੍ਹਾਂ ਨੇ 12 ਵਿਕਟ ਹਾਸਲ ਕੀਤੇ ਹਨ।

ਇਹ ਉਮੀਦ ਜਤਾਈ ਜਾ ਰਹੀ ਹੈ ਕਿ ਉਹ ਵਿਕਟਾਂ ਦੇ ਅੰਕੜਿਆਂ ਵਿੱਚ ਵਾਧਾ ਕਰਨਗੇ ਤੇ ਮਜ਼ਬੂਤ ਟੀਮਾਂ ਖਿਲਾਫ਼ ਇੱਕ ਕਫਾਇਤੀ ਗੇਂਦਬਾਜ਼ ਵਜੋਂ ਸਫ਼ਲ ਭੂਮਿਕਾ ਨਿਭਾਉਣਗੇ।

ਸਿਦਰਾ ਨਵਾਜ਼

ਸਿਦਰਾ ਨਵਾਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿਦਰਾ ਨਵਾਜ਼

ਪਾਕਿਸਤਾਨੀ ਟੀਮ ਦੀ ਇੱਕ ਵਿਕਟ ਕੀਪਰ ਵੀ ਲਾਹੌਰ ਤੋਂ ਹੈ ਜਿਨ੍ਹਾਂ ਦਾ ਨਾਮ ਹੈ ਸਿਦਰਾ ਨਵਾਜ਼।

ਲਾਹੌਰ ਦੀ ਸਿਦਰਾ ਨੇ ਕੇਵਲ ਤਿੰਨ ਟੀ-20 ਮੈਚ ਖੇਡੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੀ ਔਸਤ ਕੇਵਲ 17 ਰਹੀ।

ਦੱਖਣੀ ਅਫ਼ਰੀਕਾ ਖਿਲਾਫ਼ ਵਾਰਮਅਪ ਮੈਚ ਵਿੱਚ ਵੀ ਉਨ੍ਹਾਂ ਨੂੰ ਨਹੀਂ ਖਿਡਾਇਆ ਗਿਆ ਹੈ।

ਸਦਫ਼ ਸ਼ਮਸ

ਸਦਫ਼ ਹਮਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਦਫ਼ ਹਮਸ

ਲਾਹੌਰ ਦੀ ਹੀ ਸਦਫ ਸ਼ਮਸ ਨੂੰ ਪਾਕਿਸਤਾਨ ਦੀ ਮਸ਼ਹੂਰ ਗੇਂਦਬਾਜ਼ ਦਿਆਨਾ ਬੇਗ ਦੇ ਜ਼ਖਮੀ ਹੋਣ ਕਾਰਨ ਟੀਮ ਵਿੱਚ ਥਾਂ ਮਿਲੀ ਹੈ।

ਉਨ੍ਹਾਂ ਨੇ ਅਜੇ ਤੱਕ ਕੇਵਲ ਇੱਕ ਟੀ-20 ਮੈਚ ਖੇਡਿਆ ਹੈ। ਉਨ੍ਹਾਂ ਨੂੰ ਇੱਕ ਗੇਂਦਬਾਜ਼ ਦੀ ਥਾਂ ਬੱਲੇਬਾਜ਼ ਵਜੋਂ ਖਿਡਾਇਆ ਜਾ ਰਿਹਾ ਹੈ।

ਇਸ ਨਾਲ ਇਹ ਸਾਬਿਤ ਹੋ ਰਿਹਾ ਹੈ ਕਿ ਟੀਮ ਨੂੰ ਉਨ੍ਹਾਂ ਦੀ ਬੈਟਿੰਗ ਉੱਤੇ ਭਰੋਸਾ ਹੈ। ਹਾਲ ਹੀ ਵਿੱਚ ਸਦਫ਼ ਨੇ ਆਇਰਲੈਂਡ ਤੇ ਆਸਟਰੇਲੀਆ ਖਿਲਾਫ਼ ਵਨਡੇਅ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

ਇਹ ਤਾਂ ਅਸੀਂ ਪਾਕਿਸਤਾਨ ਟੀਮ ਦੀ ਗੱਲ ਕੀਤੀ ਭਾਰਤੀ ਟੀਮ ਵਿੱਚ ਦੋ ਪੰਜਾਬੀ ਖਿਡਾਰਨਾਂ ਹਨ ਜਿਨ੍ਹਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ।

ਹਰਮਨਪ੍ਰੀਤ ਕੌਰ

ਹਰਮਨਪ੍ਰੀਤ ਕੌਰ

ਤਸਵੀਰ ਸਰੋਤ, Getty Images

ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਵੀ ਪੰਜਾਬ ਤੋਂ ਸਬੰਧ ਰੱਖਦੇ ਹਨ। ਉਨ੍ਹਾਂ ਦਾ ਜਨਮ ਪੰਜਾਬ ਦੇ ਮੋਗਾ ਵਿੱਚ ਹੋਇਆ ਸੀ।

ਅੱਜ ਭਾਵੇਂ ਲੋਕ ਹਰਮਨ ਨੂੰ ਉਸ ਦੀ ਧਾਕੜ ਬੱਲੇਬਾਜ਼ੀ ਲਈ ਜਾਣਦੇ ਹਨ ਪਰ ਜਦੋਂ ਉਹ ਟੀਮ ਵਿੱਚ ਆਈ ਸੀ ਤਾਂ ਪਤਲੀ ਜਿਹੀ ਹਰਮਨਪ੍ਰੀਤ ਨੂੰ ਮੱਧਮ ਤੇਜ਼ ਗੇਂਦਬਾਜ਼ੀ ਲਈ ਟੀਮ ਵਿੱਚ ਜਗ੍ਹਾ ਮਿਲੀ ਸੀ।

ਉਨ੍ਹਾਂ ਦੇ ਨਾਮ ਕਈ ਰਿਕਾਰਡ ਬੋਲਦੇ ਹਨ। ਟੀ-20 ਵਿਸ਼ਵ ਕੱਪ ਵਿੱਚ ਭਾਰਤ ਦੇ ਪ੍ਰਦਰਸ਼ਨ ਲਈ ਹਰਮਨਪ੍ਰੀਤ ਤੋਂ ਕਾਫੀ ਉਮੀਦਾਂ ਕੀਤੀਆਂ ਜਾ ਰਹੀਆਂ ਹਨ।

ਇੱਕ ਕਪਤਾਨ ਵਜੋਂ ਵੀ ਉਹ ਨਿਰਭੈ ਹੋ ਕੇ ਖੇਡਣ ਲਈ ਜਾਣੇ ਜਾਂਦੇ ਹਨ। ਟੀਮ ਨੂੰ ਕਈ ਵਾਰ ਹਰਮਨ ਨੇ ਮੁਸ਼ਕਿਲਾਂ ਚੋਂ ਉਭਾਰਿਆ ਹੈ।

ਹਰਲੀਨ ਦਿਓਲ

ਹਰਲੀਨ ਦਿਓਲ ਆਪਣੀ ਫਿਰਕੀ ਗੇਂਦਬਾਜ਼ੀ ਤੇ ਫੀਲਡਿੰਗ ਲਈ ਜਾਣੇ ਜਾਂਦੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਲੀਨ ਦਿਓਲ ਆਪਣੀ ਫਿਰਕੀ ਗੇਂਦਬਾਜ਼ੀ ਤੇ ਫੀਲਡਿੰਗ ਲਈ ਜਾਣੇ ਜਾਂਦੇ ਹਨ

ਇੱਕ ਸਾਲ ਪਹਿਲਾਂ ਇੰਗਲੈਂਡ ਖਿਲਾਫ਼ ਭਾਰਤੀ ਟੀਮ ਵਿੱਚ ਬਾਊਂਡਰੀ ਉੱਤੇ ਫੀਲਡਿੰਗ ਕਰਦੀ ਇੱਕ ਕੁੜੀ ਨੇ ਛਿੱਕੇ ਲਈ ਜਾਂਦੀ ਗੇਂਦ ਨੂੰ ਪਲਟੀਆਂ ਮਾਰਦੇ ਹੋਏ ਕੈਚ ਕੀਤਾ ਜੋ ਤਕਰੀਬਨ ਨਾਮੁਮਕਿਨ ਲਗ ਰਿਹਾ ਸੀ।

ਉਹ ਕੁੜੀ ਸੀ ਵਾਈਪੀਐੱਸ ਮੁਹਾਲੀ ਤੋਂ ਪੜ੍ਹੀ ਹੋਈ ਕੁੜੀ ਹਰਲੀਨ ਦਿਓਲ। ਹਰਲੀਨ ਇਸ ਵੇਲੇ ਭਾਰਤੀ ਟੀਮ ਵਿੱਚ ਇੱਕ ਆਲ ਰਾਊਂਡਰ ਵਜੋਂ ਸ਼ਾਮਿਲ ਹਨ।

ਉਹ ਪਹਿਲਾਂ ਪੰਜਾਬ ਵੱਲੋਂ ਖੇਡਦੇ ਸਨ। ਫਿਰ ਉਨ੍ਹਾਂ ਦੇ ਪਿਤਾ ਦਾ ਤਬਾਦਲਾ ਕਾਂਗੜਾ ਵਿੱਚ ਹੋ ਗਿਆ।

ਹਰਲੀਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਪੰਜਾਬ ਦੇ ਮੁਕਾਬਲੇ ਹਿਮਾਚਲ ਵਿੱਚ ਖੇਡਣ ਲਈ ਸਹੂਲਤਾਂ ਵਧ ਨਜ਼ਰ ਆਈਆਂ।

ਇਹੀ ਵਜ੍ਹਾ ਸੀ ਕਿ ਉਹ ਹਿਮਾਚਲ ਪ੍ਰਦੇਸ਼ ਤੋਂ ਖੇਡਣਾ ਸ਼ੁਰੂ ਹੋ ਗਏ ਸਨ।

ਹਰਲੀਨ ਨੇ ਆਪਣਾ ਕਰੀਅਰ ਆਫ ਸਪਿਨਰ ਵਜੋਂ ਸ਼ੁਰੂ ਕੀਤਾ ਸੀ ਪਰ ਇੱਕ ਕੋਚ ਦੀ ਸਲਾਹ ਉੱਤੇ ਉਹ ਲੈਗ ਸਪਿਨਰ ਬਣ ਗਏ।

ਇਹ ਵੀ ਪੜ੍ਹੋ:

ਮਰਦਾਂ ਤੋਂ ਪਹਿਲਾਂ ਹੋਇਆ ਸੀ ਔਰਤਾਂ ਦਾ ਵਿਸ਼ਵ ਕੱਪ

1973 ਵਿੱਚ ਇੰਗਲੈਂਡ ਟੀਮ ਦੀ ਕਪਤਾਨ ਹੇਅਹੋਏ ਫਲਿੰਟ ਇੰਗਲੈਂਡ ਦੀਆਂ ਖਿਡਾਰਨਾਂ ਦੇ ਨਾਲ

ਤਸਵੀਰ ਸਰੋਤ, STEVE WOOD

ਮਰਦਾਂ ਦਾ ਪਹਿਲਾ ਵਿਸ਼ਵ ਕੱਪ 1975 ਵਿੱਚ ਹੋਇਆ ਸੀ। ਪਹਿਲਾ ਵਿਸ਼ਵ ਕੱਪ ਇੰਗਲੈਂਡ ਵਿੱਚ ਰੱਖਿਆ ਗਿਆ ਸੀ। ਉਸ ਵਿਸ਼ਵ ਕੱਪ ਵਿੱਚ ਵਨਡੇਅ ਮੈਚਾਂ ਵਿੱਚ 60 ਓਵਰ ਪ੍ਰਤੀ ਪਾਰੀ ਹੋਇਆ ਕਰਦੇ ਸੀ।

ਪਹਿਲੇ ਵਿਸ਼ਵ ਕੱਪ ਦੇ ਮਾਮਲੇ ਵਿੱਚ ਮਰਦ ਔਰਤਾਂ ਤੋਂ ਦੋ ਸਾਲ ਪਿੱਛੇ ਸਨ। ਔਰਤਾਂ ਦਾ ਪਹਿਲਾ ਵਿਸ਼ਵ ਕੱਪ 1973 ਵਿੱਚ ਹੋਇਆ ਸੀ।

ਇਸ ਵਿਸ਼ਵ ਕੱਪ ਦੀ ਚੈਂਪੀਅਨ ਵੈਸਟ ਇੰਡੀਜ਼ ਨਹੀਂ ਸਗੋਂ ਇੰਗਲੈਂਡ ਸੀ। ਆਈਸੀਸੀ ਦੀ ਵੈਬਸਾਈਟ ਅਨੁਸਾਰ ਇਸ ਵਿਸ਼ਵ ਕੱਪ ਵਿੱਚ 7 ਟੀਮਾਂ ਸਨ।

ਇਨ੍ਹਾਂ ਵਿੱਚ ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਜਮਾਇਕਾ, ਤ੍ਰਿਨੀਦਾਦ ਟੋਬਾਗੋ, ਇੰਟਰਨੈਸ਼ਨਲ ਇਲੈਵਨ ਤੇ ਯੰਗ ਇੰਗਲੈਂਡ ਨਾਂ ਦੀਆਂ ਟੀਮਾਂ ਸਨ।

ਇਸ ਵਿੱਚ ਰਾਊਂਡ ਰੋਬਿਨ ਤਰੀਕਾ ਅਪਣਾਇਆ ਗਿਆ ਸੀ। ਵਿਸ਼ਵ ਕੱਪ ਵਿੱਚ ਅੰਕਾਂ ਦੇ ਅਧਾਰ ਉੱਤੇ ਟੀਮ ਨੂੰ ਜੇਤੂ ਬਣਾਇਆ ਗਿਆ ਸੀ।

ਇੰਗਲੈਂਡ ਸਭ ਤੋਂ ਵੱਧ ਮੈਚ ਜਿੱਤ ਕੇ ਵਿਸ਼ਵ ਕੱਪ ਦਾ ਜੇਤੂ ਬਣਿਆ ਸੀ। ਇਸ ਪਹਿਲੇ ਵਿਸ਼ਵ ਕੱਪ ਵਿੱਚ ਭਾਰਤ ਨਹੀਂ ਸੀ। ਭਾਰਤ ਨੇ ਆਪਣਾ ਪਹਿਲਾ ਵਿਸ਼ਵ ਕੱਪ 1978 ਵਿੱਚ ਖੇਡਿਆ ਸੀ।

ਬੀਬੀਸੀ

ਇਹ ਵੀ ਪੜ੍ਹੋ:

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)