ਇਮਿਊਨੋਥੈਰਿਪੀ: ਕੈਂਸਰ ਖ਼ਤਮ ਕਰਨ ਦੀ ਉਹ ਤਕਨੀਕ ਜਿਸ ਵਿੱਚ ਇਮਿਊਨ ਸਿਸਟਮ ਨੂੰ ਕੈਂਸਰ ਦੇ ਸੈੱਲਾਂ ਨਾਲ ਲੜਾਇਆ ਜਾਂਦਾ ਹੈ

- ਲੇਖਕ, ਡੋਮੀਨਿਕ ਹਊਜ਼ੇਸ
- ਰੋਲ, ਸਿਹਤ ਪੱਤਰਕਾਰ, ਬੀਬੀਸੀ ਨਿਊਜ਼
ਐਲਕਸ ਗਰੀਨ ਇਸ ਬਾਰੇ ਪੂਰੇ ਸਪਸ਼ਟ ਹਨ ਕਿ ਇਮਿਊਨੋਥੈਰਿਪੀ ਤੋਂ ਬਿਨ੍ਹਾਂ ਉਹ ਸ਼ਾਇਦ 2019 ਵਿੱਚ ਹੀ ਮਰ ਗਏ ਹੁੰਦੇ।
ਉਨ੍ਹਾਂ ਦਾ ਵਧ ਚੁੱਕਿਆ ਚਮੜੀ ਦਾ ਮੈਲਾਨੋਮਾ ਕੈਂਸਰ ਸਿਰਫ਼ ਇਸੇ ਕ੍ਰਾਂਤੀਕਾਰੀ ਇਲਾਜ ਨਾਲ ਕਾਬੂ ਕੀਤਾ ਜਾ ਸਕਿਆ।
ਇਸ ਵਿੱਚ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਹੀ ਕੈਂਸਰ ਨਾਲ ਲੜਾਇਆ ਜਾਂਦਾ ਹੈ।
ਇਹ ਇੱਕ ਅਜਿਹਾ ਇਲਾਜ ਹੈ ਜੋ ਕੈਂਸਰ ਦੇ ਸੈੱਲਾਂ ਨੂੰ ਆਪਣੇ ਆਪ ਨਹੀਂ ਮਾਰਦਾ, ਸਗੋਂ ਸਰੀਰ ਦੇ ਇਮਿਊਨ ਸਿਸਟਮ ਨੂੰ ਉਹਨਾਂ 'ਤੇ ਹਮਲਾ ਕਰਨ ਲਈ ਉਤਸ਼ਾਹਿਤ ਕਰਦਾ ਹੈ।
ਲੇਕਿਨ ਫ਼ਿਲਹਾਲ ਦੀ ਘੜੀ ਕੈਂਸਰ ਦੇ ਜ਼ਿਆਦਾਤਰ ਮਰੀਜ਼ਾਂ ਨੂੰ ਇਸ ਇਲਾਜ ਪ੍ਰਣਾਲੀ ਤੋਂ ਕੋਈ ਉਮੀਦ ਨਜ਼ਰ ਨਹੀਂ ਆਉਂਦੀ।
ਬਹੁਤ ਸਾਰੇ ਲੋਕਾਂ ਵਿੱਚ ਜਾਂ ਤਾਂ ਰੋਗ ਮੁੜ ਨਮੂਦਾਰ ਹੋ ਜਾਂਦਾ ਹੈ ਜਾਂ ਗੰਭੀਰ ਦੁਸ਼-ਪਰਿਣਾਮ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਦੁਸ਼-ਪਰਿਣਾਮਾਂ ਵਿੱਚ ਚਮੜੀ, ਫੇਫੜੇ ਅਤੇ ਗੁਦਾ ਦੀ ਸੋਜਿਸ਼ ਸ਼ਾਮਲ ਹੈ।
ਇਸ ਲਈ ਹੁਣ ਲੱਖਾਂ ਪੌਂਡ ਦਾ ਖੋਜ ਪ੍ਰੋਗਰਾਮ ਇਹ ਜਾਨਣ ਲਈ ਸ਼ੁਰੂ ਕੀਤਾ ਜਾ ਰਿਹਾ ਹੈ ਲਗਭਗ ਅੱਧੇ ਮਰੀਜ਼ ਇਮਿਊਨੋਥੈਰਿਪੀ ਨੂੰ ਹੁੰਗਾਰਾ ਕਿਉਂ ਨਹੀਂ ਦਿੰਦੇ। ਜਾਂ ਫਿਰ ਉਨ੍ਹਾਂ ਨੂੰ ਇਹ ਕਮਜ਼ੋਰ ਕਰਨ ਵਾਲੇ ਦੁਸ਼ ਪਰਿਣਾਮ ਕਿਉਂ ਸਹਿਣ ਕਰਨੇ ਪੈਂਦੇ ਹਨ।
ਐਲਿਕਸ ਹੁਣ 42 ਸਾਲ ਦੇ ਹਨ ਅਤੇ ਸਾਲ 2012 ਵਿੱਚ ਉਨ੍ਹਾਂ ਨੂੰ ਇਹ ਨਾਮੁਰਾਦ ਬੀਮਾਰੀ ਦੇ ਹੋਣ ਦਾ ਪਤਾ ਲਗਿਆ ਸੀ।

ਉਨ੍ਹਾਂ ਦਾ ਅਪਰੇਸ਼ਨ ਕੀਤਾ ਗਿਆ ਪਰ ਤਿੰਨ ਸਾਲ ਬਾਅਦ ਉਨ੍ਹਾਂ ਦੀ ਬੀਮਾਰੀ ਲਿੰਫ ਗਰੰਥੀਆਂ ਵਿੱਚ ਫੈਲ ਗਈ।
ਰਸੌਲੀਆਂ ਕੱਢਣ ਲਈ ਐਲਕਸ ਦੇ ਕਈ ਅਪਰੇਸ਼ਨ ਹੋਏ, ਫਿਰ ਰੇਡੀਓਥੈਰਿਪੀ ਅਤੇ ਮਗਰੋਂ ਇਮਿਊਨੋਥੈਰਿਪੀ ਕੀਤੀ ਗਈ।
“ਮੈਂ ਰੇਡੀਓਥੈਰਿਪੀ ਖ਼ਤਮ ਕੀਤੀ ਅਤੇ ਮੇਰੇ ਸਕੈਨ ਸਹੀ ਸਨ। ਹਾਲਾਂਕਿ ਦੋ ਸਾਲਾਂ ਦੇ ਅੰਦਰ ਹੀ ਮੇਰਾ ਕੈਂਸਰ ਵਾਪਸ ਆ ਗਿਆ।”
“ਮੈਨੂੰ ਇਮਿਊਨੋਥੈਰਿਪੀ ਲਈ ਕਿਹਾ ਗਿਆ ਅਤੇ ਇਸ ਨੇ ਪੂਰੀ ਤਰ੍ਹਾਂ ਮੇਰੀ ਜ਼ਿੰਦਗੀ ਬਚਾ ਲਈ। ਇਸ ਤੋਂ ਬਿਨਾਂ ਮੇਰੇ 2019 ਵਿੱਚ ਪਿੱਛੇ ਪਤਨੀ ਅਤੇ ਉਦੋਂ ਚਾਰ ਅਤੇ ਸੱਤ ਸਾਲ ਦੇ ਦੋ ਬੱਚੇ ਛੱਡ ਕੇ ਮਰ ਜਾਣ ਦੀ ਉਮੀਦ ਸੀ।”
“ਇਹ ਮੇਰੇ ਲਈ ਜੀਵਨ ਬਦਲ ਦੇਣ ਵਾਲਾ ਇਲਾਜ ਸੀ ਅਤੇ ਹੁਣ ਇਹ ਮੇਰਾ ਅੱਠਵਾਂ ਸਾਲ ਹੈ ਤੇ ਮੈਂ ਇੱਕ ਆਮ ਜ਼ਿੰਦਗੀ ਜਿਉਂ ਸਕਦਾ ਹਾਂ।”
ਹਾਲਾਂਕਿ ਐਲਿਕਸ ਜੋ ਕਿ ਪੇਸ਼ੇ ਵਜੋਂ ਸਰ੍ਹੀ ਵਿੱਚ ਇੱਕ ਵਕੀਲ ਹਨ ਅਗਾਹ ਕਰਦੇ ਹਨ ਕਿ ਇਲਾਜ ਸਿੱਧ-ਪੱਧਰਾ ਨਹੀਂ ਹੈ।
ਭਾਵੇਂ ਕਿ ਇਲਾਜ ਦੇ ਨਤੀਜੇ ਹੈਰਾਨੀਜਨਕ ਸਨ ਲੇਕਿਨ ਇਸ ਨਾਲ ਕੁਝ ਚੁਣੌਤੀਆਂ ਵੀ ਸਨ।
"ਮੈਂ ਕਈ ਅਹਿਮ ਦੁਸ਼-ਪਰਿਣਾਮ ਮਹਿਸੂਸ ਕੀਤੇ, ਜਿਨ੍ਹਾਂ ਕਰਕੇ ਮੈਨੂੰ ਦੋ ਹਫ਼ਤੇ ਤੱਕ ਹਸਪਤਾਲ ਵਿੱਚ ਰਹਿਣਾ ਪਿਆ। ਮੈਂ ਇਮਿਊਨੋਥੈਰਿਪੀ ਦੇ ਮਹੱਤਵ ਬਾਰੇ ਖੋਜ ਕਰਨ ਅਤੇ ਇਸਦੇ ਦੁਸ਼-ਪਰਿਣਾਮਾਂ ਨੂੰ ਸਮਝਣ ਬਾਰੇ ਬਹੁਤ ਸਪਸ਼ਟ ਹਾਂ, ਤਾਂ ਜੋ ਇਲਾਜ ਨੂੰ ਜਿੰਨਾ ਹੋ ਸਕੇ ਕਾਰਗਰ ਬਣਾਇਆ ਜਾ ਸਕੇ।"

ਕੀ ਖੋਜ ਹੋ ਰਹੀ ਹੈ ?
ਇਸ ਖੋਜ ਵਿੱਚ 15 ਅਕਾਦਮਿਕ ਅਦਾਰੇ, ਬ੍ਰਿਟੇਨ ਦੀ ਐੱਨਐੱਚਐੱਸ ਦੇ ਟਰਸਟ ਅਤੇ ਪੂਰੇ ਬ੍ਰਿਟੇਨ ਦੇ ਹੈਲਥ ਬੋਰਡ ਸ਼ਾਮਲ ਹਨ ਜੋ ਕਿ 12 ਬਾਇਓਸਇੰਸ ਅਤੇ ਟੈਕਨਾਲੋਜੀ ਕੰਪਨੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਸਾਇੰਸਦਾਨਾਂ ਦੇ ਸਨਮੁੱਖ ਵਿਚਾਰ ਅਧੀਨ ਇੱਕ ਮੁੱਦਾ ਪਰਖਣਯੋਗ ਤੇ ਵਰਤਨਯੋਗ ‘ਬਾਇਓਮਾਰਕਰਜ਼’ ਹਨ। ਇਹ ਸੂਖਮ ਮੌਲੀਕਿਊਲ ਹੁੰਦੇ ਹਨ ਜੋ ਡਾਕਟਰਾਂ ਨੂੰ ਦੱਸ ਸਕਦੇ ਕਿ ਕਿਸੇ ਨੂੰ ਇਸ ਦਵਾਈ ਨਾਲ ਫਾਇਦਾ ਪਹੁੰਚ ਰਿਹਾ ਹੈ ਜਾਂ ਨਹੀਂ।
ਸੰਭਾਵਨਾ ਹੈ ਇਸ ਨਾਲ ਨਵੇਂ ਇਲਾਜ ਅਤੇ ਸੈਲ ਥੈਰਿਪੀਆਂ ਇਜਾਦ ਹੋਣਗੀਆਂ।
ਇਸ ਪ੍ਰੋਜੈਕਟ ਵਿੱਚ 3000 ਮਰੀਜ਼ ਸ਼ਾਮਲ ਹੋਣਗੇ, ਜਿਨ੍ਹਾਂ ਨੇ ਪਹਿਲਾਂ ਹੀ ਆਪਣਾ ਇਲਾਜ ਪੂਰਾ ਕਰ ਲਿਆ ਹੈ ਅਤੇ ਫਿਰ 3000 ਉਹ ਮਰੀਜ਼ ਹੋਣਗੇ ਜੋ ਪੂਰੇ ਬ੍ਰਿਟੇਨ ਵਿੱਚ ਛਾਤੀ, ਬਲੈਡਰ, ਗੁਰਦੇ ਅਤੇ ਚਮੜੀ ਦੇ ਕੈਂਸਰ ਲਈ ਆਪਣਾ ਇਲਾਜ ਸ਼ੁਰੂ ਕਰਨ ਜਾ ਰਹੇ ਹਨ।
ਜਿਵੇਂ-ਜਿਵੇਂ ਖੋਜ ਅੱਗੇ ਵਧੇਗੀ ਨਵੇਂ ਤਰ੍ਹਾਂ ਦੇ ਕੈਂਸਰ ਇਸ ਵਿੱਚ ਸ਼ਾਮਲ ਕੀਤੇ ਜਾ ਸਕਣਗੇ
ਪ੍ਰੋਫੈਸਰ ਸਮਰਾ ਤੂਰਾਜਲਿਕ ਜੋ ਕਿ ਰੌਇਲ ਮਾਰਸਡੇਨ ਹਾਸਪਤਾਲ ਵਿੱਚ ਕੈਂਸਰ ਦੇ ਮਾਹਰ ਹਨ, ਉਹ ਦਿ ਫ੍ਰਾਂਸਿਸ ਸਿਰਿਕ ਇੰਸਟੀਚਿਊਟ, ਲੰਡਨ ਵਿੱਚ ਇਸ ਪ੍ਰੋਜੈਕਟ ਦੀ ਅਗਵਾਈ ਕਰਨਗੇ।
ਪ੍ਰੋਫੈਸਰ ਸਮਰਾ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੌਰਾਨ ਇਮਿਊਨੋਥੈਰਿਪੀ ਦੀ ਵਰਤੋਂ ਕਰਦੇ ਹੋਏ ਕੈਂਸਰ ਦੇ ਇਲਾਜ ਵਿੱਚ ਕਾਫ਼ੀ ਤਰੱਕੀ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਇਲਾਜ ਦੀ ਅਸਫਲਤਾ ਅਤੇ ਦੁਸ਼-ਪਰਿਣਾਮਾਂ ਦੇ ਕਾਰਨ ਅਸੀਂ ਕਈ ਮਰੀਜ਼ਾਂ ਦੀ ਸੇਵਾ ਨਹੀਂ ਕਰ ਸਕਾਂਗੇ।
ਬ੍ਰਿਟੇਨ ਵਿੱਚ ਖਾਸ ਕਰ ਐੱਨਐੱਚਐੱਸ ਹੋਣ ਕਰਕੇ ਇਸ ਚੁਣੌਤੀ ਨੂੰ ਮੁਖਾਤਿਬ ਹੋਣ ਦਾ ਸਾਡੇ ਕੋਲ ਅਨੋਖਾ ਮੌਕਾ ਹੈ।
ਇਸ ਪੱਧਰ ਦੀ ਖੋਜ ਸਾਨੂੰ ਨਾ ਸਿਰਫ ਕਲੀਨਿਕ ਵਿੱਚ ਬਿਹਤਰ ਪਰੀਖਣਾਂ ਦੇ ਸਗੋਂ ਹੋਰ ਇਲਾਜਾਂ ਅਤੇ ਇਮਿਊਨੋਥੈਰਿਪੀ ਦੇ ਨਾਲ ਕੈਂਸਰ ਦੇ ਇਲਾਜੇ ਦੇ ਇੱਕ ਕਦਮ ਹੋਰ ਕਰੀਬ ਲੈ ਜਾਵੇਗੀ।।
‘ਇੱਕ ਪੁੰਨ ਦਾ ਚੱਕਰ’
“ਇਸ ਖੋਜ ਲਈ ਪੈਸਾ ਕਈ ਸਰੋਤਾਂ ਤੋਂ ਆ ਰਿਹਾ ਹੈ। ਇਸ ਲਈ 90 ਲੱਖ ਪੌਂਡ ਤਾਂ ਸਰਕਾਰ ਦੇ ਆਫਿਸ ਆਫ ਲਾਈਫ ਸਾਇੰਸਜ਼ ਅਤੇ ਮੈਡੀਕਲ ਰਿਸਰਚ ਕਾਊਂਸਲ ਤੋਂ ਆ ਰਿਹਾ ਹੈ। ਜਦਕਿ ਹੋਰ 12.9 ਮਿਲੀਅਨ ਪੌਂਡ ਇੰਡਸਟਰੀ ਵੱਲੋਂ ਖਰਚ ਕੀਤਾ ਜਾ ਰਿਹਾ ਹੈ।”
“ਇਹ ਖੋਜ ਬ੍ਰਿਟੇਨ ਦੇ ਡਿਪਾਰਟਮੈਂਟ ਆਫ ਸਾਇੰਸ, ਇਨੋਵੇਸ਼ਨ ਅਤੇ ਟੈਕਨੋਲੋਜੀ ਦੇ ਕੈਂਸਰ ਦੇ ਇਲਾਜ ਨੂੰ ਬਿਹਤਰ ਬਣਾਉਣ ਲਈ 145 ਮਿਲੀਅਨ ਪੌਂਡ ਦੀ ਵੱਡੀ ਯੋਜਨਾ ਦਾ ਹਿੱਸਾ ਹੈ। ਇਸ ਨਾਲ ਸਿਹਤ ਅਤੇ ਖੋਜ ਦੇ ਖੇਤਰ ਵਿੱਚ ਨਿਵੇਸ਼ ਦਾ ਇੱਕ ਪੁੰਨ ਦਾ ਚੱਕਰ ਬਣਾਉਣ ਵਿੱਚ ਮਦਦ ਮਿਲੇਗੀ। ਜਿਸ ਨਾਲ ਆਖਰ ਕਾਰ ਜੀਵਨ ਪੱਧਰ ਉੱਪਰ ਉੱਠਣਗੇ।”
ਸਾਇੰਸ ਅਤੇ ਤਕਨੌਲੋਜੀ ਮੰਤਰੀ ਪੀਟਰ ਕੀਲ ਨੇ ਕਿਹਾ ਹੈ, “ਕੈਂਸਰ ਇੱਕ ਅਜਿਹੀ ਬੀਮਾਰੀ ਹੈ ਜੋ ਮੇਰੇ ਪਰਿਵਾਰ ਸਮੇਤ ਦੇਸ ਵਿੱਚ ਹਰ ਪਰਿਵਾਰ ਲਈ ਦੁੱਖ ਲਿਆਈ ਹੈ।”
“ਲੇਕਿਨ ਕਿਉਂਕਿ ਸਰਕਾਰ ਐੱਨਐੱਚਐੱਸ, ਖੋਜੀਆਂ ਅਤੇ ਕਾਰੋਬਾਰ ਨਾਲ ਮਿਲ ਕੇ ਕੰਮ ਕਰ ਰਹੀ। ਅਸੀਂ ਇਸ ਬੀਮਾਰੀ ਦਾ ਪਤਾ ਲਾਉਣ ਅਤੇ ਇਲਾਜ ਵਿੱਚ ਸਾਇੰਸ ਅਤੇ ਤਕਨੀਕ ਦਾ ਲਾਹਾ ਲੈ ਸਕਦੇ ਹਾਂ ਤੇ ਪਰਿਵਾਰਾਂ ਨੂੰ ਹੋਰ ਲੰਬੇ ਸਮੇਂ ਲਈ ਇਕੱਠੇ ਰੱਖ ਸਕਦੇ ਹਾਂ।”
ਬ੍ਰਿਟੇਨ ਦੇ ਸਾਇੰਸਦਾਨ ਅਤੇ ਇੰਡਸਟਰੀ ਦੇ ਕਪਤਾਨਾਂ ਕੋਲ ਅਜਿਹੇ ਵਿਚਾਰ ਹਨ ਜੋ ਨਾ ਸਿਰਫ ਸਾਡੀ ਸਿਹਤ ਨੂੰ ਵਧੀਆ ਬਣਾਉਣ ਜਾ ਰਹੇ ਹਨ— ਸਗੋਂ ਉਹ ਸਾਡੀ ਆਰਥਿਕਤਾ ਨੂੰ ਵੀ ਹੁਲਾਰਾ ਦੇਣਗੇ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












